You are here:ਮੁਖ ਪੰਨਾ»ਵਿਚਾਰਨਾਮਾ»ਉੱਡਦੀ ਧੂੜ ਦਿਸੇ

ਲੇਖ਼ਕ

Sunday, 09 February 2025 15:00

ਉੱਡਦੀ ਧੂੜ ਦਿਸੇ

Written by
Rate this item
(0 votes)

ਪੰਜਾਬ ਦੇ ਸਿਆਸੀ ਵਾਯੂਮੰਡਲ ’ਤੇ ਕਾਰਪੋਰੇਟੀ ਪ੍ਰਿੰਟ, ਇਲੈਕਟਰਾਨਿਕ ਅਤੇ ਸੋਸ਼ਲ ਮੀਡੀਏ ਨੇ ਇੱਕ ਵੱਡਾ ਧੂੜ-ਗੁਬਾਰ ਚਾੜ੍ਹਿਆ ਹੋਇਆ ਹੈ। ਇਸ ਚਾੜ੍ਹੀ ਜਾ ਰਹੀ ਧੂੜ ਕਰਕੇ ਪੰਜਾਬੀ ਬੋਲੀ ‘ਉੱਡਦੀ ਧੂੜ ਦਿਸੇ ਬੋਤਾ ਜਾਨੀ ਦਾ ਨਜ਼ਰ ਨਾ ਆਵੇ’ ਨਾਲ ਸੋਚ ਜਾ ਜੁੜਦੀ ਏ। ਇੱਥੇ ਵਗਦੇ ਬਲੌਰੀ ਪਾਣੀਆਂ ਵਾਂਗ ਹੀ ਪੰਜਾਬੀਆਂ ਦੇ ਮਨ ਨਿਰਮਲ ਹਨ। ਵਿਸ਼ਵਾਸ਼ ਕਰਦੇ ਹਨ, ਅਜ਼ਮਾਉਂਦੇ ਹਨ। ਪਰ ਜੇ ਕੋਈ ਖ਼ਰਾ ਨਾ ਉੱਤਰੇ, ਫਿਰ ਬਖ਼ਸ਼ਦੇ ਵੀ ਨਹੀਂ। ਸਿਆਸੀ ਨੇਤਾਵਾਂ ਦੀਆਂ ਦੋਗਲੀ ਨੀਤੀਆਂ ਅਤੇ ਨੀਅਤਾਂ ਤੋਂ ਹੁਣ ਇਹ ਪੂਰੇ ਸਤੇ, ਅੱਕੇ ਹੋਏ ਅਤੇ ਦੁਖੀ ਹਨ। ਹੋਰ ਕਿੰਨਾ ਕੁ ਚਿਰ ਇਨ੍ਹਾਂ ਪਰਖ਼ਿਆਂ ਨੂੰ ਮੁੜ ਮੁੜ ਪਰਖ਼ੀ ਜਾਣ। ਹਰ ਚੀਜ਼ ਦੀ ਹੱਦ ਵੀ ਹੁੰਦੀ ਹੈ।

ਨੌਜਵਾਨ ਪੀੜ੍ਹੀ ਨੇ ਹੁਣ ਆਪਣੇ ਦਿਲ ਜਾਨੀ ਸਿਆਸੀ ਪਾਰਟੀ ਦੀ ਪਛਾਣ ਕਰ ਲਈ ਹੈ। ਜਿਹੜੀ ਧੂੜ ਸਰਮਾਏਦਾਰ ਕਾਰਪੋਰੇਟੀ ਮੀਡੀਏ ਨੇ ਨਵੀਂ ਪਾਰਟੀ ਬਾਰੇ ਉਡਾਈ ਹੋਈ ਹੈ, ਉਹ ਹੁਣ ਮਾਈ ਬੁੱਢੀ ਦੇ ਝਾਟੇ ਵਾਂਗ ਉੱਡੀ ਜਾ ਰਹੀ ਹੈ। ਸੋਸ਼ਲ ਮੀਡੀਆ ਵਿਚ ਰਾਜਕੀ ਪਾਰਟੀਆਂ ਦੇ ਕਈ ਲੀਡਰਾਂ ਦੇ ਹਿੰਸਕ ਅਤੇ ਅਸਭਿਅਕ ਬੋਲ ‘ਮੂੰਹ ਕੰਨਾਂ ਤੱਕ ਪਾਟਿਆਂ’ ’ਚੋਂ ਨਿਕਲਦੇ ਜਾਪਦੇ ਨੇ। ਜਿਸ ਕਰਕੇ ਇਨ੍ਹਾਂ ਪ੍ਰਤੀ ਲੋਕ ਵਿਦਰੋਹ ਪ੍ਰਚੰਡ ਹੋਈ ਜਾ ਰਿਹਾ ਹੈ। ਜਿੰਨੀਆਂ ਕੇਂਦਰੀ ਸਰਕਾਰ ਆਪਣੇ ਥਾਪੇ ਦਿੱਲੀ ਦੇ ਲਫਟੈਨ ਗਵਰਨਰ ਦੁਆਰਾ ‘ਆਪ’ ਦੇ ਨੁਮਾਇੰਦਿਆਂ ਵਿਰੁੱਧ ਜਾਣਬੁੱਝ ਕੇ ਵਧੀਕੀਆਂ ਅਤੇ ਜ਼ਿਆਦਤੀਆਂ ਕਰਦੀ ਹੈ, ਉੰਨੀ ਹੀ ਵਧੇਰੇ ਲੋਕ ਹਮਦਰਦੀ ‘ਆਪ’ ਪ੍ਰਤੀ ਵਧਦੀ ਜਾ ਰਹੀ ਹੈ। ਮੋਦੀ ਅਤੇ ਉਹਦੀ ਸਰਕਾਰ ਵਿਰੁੱਧ ਗੁੱਡਾ ਆਪੇ ਹੀ ਬੱਝੀ ਜਾ ਰਿਹਾ ਹੈ। ਨਿਰਾ ਦਿੱਲੀ ਵਿੱਚ ਹੀ ਨਹੀਂ, ਹੋਰ ਸੂਬਿਆਂ ਵਿੱਚ ਵੀ ‘ਆਪ’ ਹਰਮਨ ਪਿਆਰੀ ਬਣਦੀ ਜਾ ਰਹੀ ਹੈ। ਉਹ ਨਿਡਰ ਹੋ ਕੰਮ ਕਰੀ ਜਾ ਰਹੀ ਹੈ। ਜੇਲ੍ਹਾਂ ਕੀ, ਫਾਂਸੀ ਲੱਗਣ ਲਈ ਵੀ ਤਿਆਰ ਹਨ। ਦੁਸ਼ਮਣ ਨੇ ਤਾਂ ਅਨਹੋਣੀਆਂ ਬਾਤਾਂ ਕਰਨੋਂ ਬਾਜ਼ ਨਹੀਂ ਆਉਣਾ।

ਏਧਰ ਪੰਜਾਬ ਵਿਚ ਬਕੌਲ ਸ਼ਾਹਮੁਹੰਮਦ: ‘ਤੇਜਾ ਸਿੰਘ ਦੀ ਬੜੀ ਉਡੀਕ ਸਾਨੂੰ ਉਹਦੇ ਆਏ ਬਿਨਾਂ ਲੜਾਂਗੇ ਨਈਂ ਜੀ।’ ‘ਆਵਾਜ਼-ਏ-ਪੰਜਾਬ’ ਫਰੰਟ ਦੇ ਮੋਹਰੀ ਆਗੂ ਨਵਜੋਤ ਸਿੰਘ ਸਿੱਧੂ ਦੀ ਤੇਜਾ ਸਿੰਘ ਵਾਂਗ ਬੜੀ ਉਡੀਕ ਸੀ। ਉਸਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਸੁਰ ਮਿਲਾ ਬਿਆਨ ਦਾਗ ਦਿੱਤਾ, “ਅਸੀਂ ਇੰਨੇ ਥੋੜ੍ਹੇ ਸਮੇਂ ਵਿਚ ਬਦਲਵੀਂ ਪਾਰਟੀ ਸੰਗਠਤ ਨਹੀਂ ਕਰ ਸਕਦੇ। ਅਸੀਂ ਪੰਜਾਬ, ਪੰਜਾਬੀਆਂ, ਪੰਜਾਬੀਅਤ ਦੇ ਹਿਤਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਉੱਠੀ ਐਂਟੀ-ਇਨਕਮਬੈਨਸੀ ਲਹਿਰ ਵਿੱਚ ਵੰਡੀਆਂ ਨਹੀਂ ਪਾਉਣਾ ਚਾਹੁੰਦੇ।” ਸ਼ਾਇਦ ਮਲਵੈਣ ਬੀਬੀ ਨਵਜੋਤ ਕੌਰ ਸਿੱਧੂ ਨੇ ਪਤੀ ਨੂੰ ‘ਉਹ ਗੱਲ ਕਰੀਂ ਮਿੱਤਰਾ ਜਿਹੜੀ ਬਚਨਾਂ ਤੋਂ ਝੂਠਾ ਨਾ ਪਾਵੇ’ ਬੋਲੀ ਮਾਰ ਦਿੱਤੀ ਹੋਵੇ। ਇਹੋ ਗੱਲ ਉਸ ਥੋੜ੍ਹੇ ਦਿਨ ਪਹਿਲਾਂ ਇੱਕ ਪਰੈੱਸ ਮਿਲਣੀ ਵਿੱਚ ਬੜੇ ਸਪਸ਼ਟ ਲਹਿਜੇ ਨਾਲ ਕਹੀ ਸੀ। ਇਉਂ ਲੱਗਦਾ ਹੈ ਜਿਵੇਂ ਪੰਜਾਬ ਦੇ ਭਲੇ ਵਾਸਤੇ ਸਿੱਧੂ ਬਾਈ ਬਿਨਾਂ ਚੌਕਾ ਛਿੱਕਾ ਮਾਰੇ ਪੈਵਿਲੀਅਨ ਪਰਤ ਆਇਆ ਹੋਵੇ।

ਅੱਗੇ ਸਪਸ਼ਟ ਕੀਤਾ ਹੈ ਕਿ ਉਹ ਇਸ ਮਰਹਲੇ ’ਤੇ ਬਣੇ ਸਮੀਕਰਨ ਬਦਲਕੇ ਲੋਕਾਂ ਨੂੰ ਕਿਸੇ ਕਿਸਮ ਦੇ ਭੰਬਲ਼ਭੂਸੇ ਵਿਚ ਨਹੀਂ ਪਾਉਣਾ ਚਾਹੁੰਦੇ। ਅਕਾਲੀ-ਭਾਜਪ ਅਤੇ ਕਾਂਗਰਸ ਜੋ ਆਪਸ ਵਿੱਚ ਸਮਰਥਕ ਅਤੇ ਸਾਜਿਸ਼ੀ ਪਾਰਟੀਆਂ ਹਨ, ਕਿਤੇ ਲਾਭ ਨਾ ਲੈ ਜਾਣ। ਇਨ੍ਹਾਂ ਨੇ ਹੀ ਵਾਰੋ ਵਾਰੀ ਪੰਜਾਬੀਆਂ ਨੂੰ ਕੁੱਟਿਆ, ਲੁੱਟਿਆ ਤੇ ਪੁੱਟਿਆ ਹੈ। ਅਸੀਂ ਇਨ੍ਹਾਂ ਸਥਾਪਤ ਪਾਰਟੀਆਂ ਨੂੰ ਹਰਾਉਣ ਲਈ ਨਵੇਂ ਸਮੀਕਰਨ ਨਾਲ ਤਾਲਮੇਲ ਕਰਾਂਗੇ। ਪਰਖ਼ੀਆ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਵਾਲੀ ਕੋਈ ਕਾਰਵਾਈ ਨਹੀਂ ਕਰਾਂਗੇ।

ਦੂਜੇ ਪਾਸੇ ਇਉਂ ਲੱਗਣ ਲੱਗ ਪਿਆ ਕਿ ਛੋਟੇਪੁਰ ਦੀ ‘ਆਮ ਲੋਕ ਪਾਰਟੀ’ ‘ਮਾਵਾਂ ਧੀਆਂ ਮੇਲਣਾਂ ਪਿਉ ਪੁੱਤ ਜਨੇਤੀ’ ਬਣਦੀ ਜਾ ਰਹੀ ਹੈ। ਉਹਦੀ ਆਸ ਹੁਣ ਐੱਮ ਪੀ ਧਰਮਵੀਰ ਗਾਂਧੀ ਵਾਲੇ ਚੌਥੇ ਫਰੰਟ ’ਤੇ ਹੈ। ਧਰਮਵੀਰ ਜੀ ਵਰਗੇ ਨਿਸ਼ਕਾਮ ਧਰਮਰਾਜ ਹੋਰਾਂ ਨੂੰ ਤਾਂ ਸਿਆਸਤ ਵੱਲ ਆਉਣਾ ਹੀ ਨਹੀਂ ਚਾਹੀਦਾ ਸੀ। ਜੇ ਆ ਹੀ ਗਏ ਤਾਂ ਥੋੜ੍ਹਾ ਸਮਾਂ ਦੇਖਦੇ, ਸਮੇਂ ਦੀ ਧਾਰ ਦੇਖਦੇ, ਫਿਰ ਬਾਗੀ ਹੁੰਦੇ। ਇੰਨੇ ਮਹੀਨਿਆਂ ਤੋਂ ‘ਆਪ’ ਤੋਂ ਬਾਗੀ ਹੋਏ ਫਿਰਦੇ ਨੇ। ਹੁਣ ਤੱਕ ਕੀਤਾ ਕੀ ਹੈ? ‘ਆਪ’ ਦੇ ਰੁੱਸਿਆਂ ਵਾਸਤੇ ਇੱਕ ਛੱਤਰੀ ਜ਼ਰੂਰ ਗੱਡੀ ਹੈ। ‘ਆਪ’ ਵਿਰੁੱਧ ਅਖ਼ਬਾਰੀ ਬਿਆਨਾਂ ਨਾਲ ਉੱਭਰੇ ਨੇਤਾ ਇਸ ਛਤਰੀ ’ਤੇ ਆ ਬੈਠੇ ਹਨ। ਉਨ੍ਹਾਂ ਦਾ ਲੋਕਾਂ ਵਿੱਚ ਕੋਈ ਅਧਾਰ ਨਹੀਂ। ਦੂਜੇ ਪਾਸੇ ਨਾ ਗਾਂਧੀ ‘ਆਪ’ ਨੂੰ ਛੱਡਦਾ ਹੈ ਅਤੇ ਨਾ ਹੀ ਆਪਣੀ ਪਾਰਲੀਮਾਨੀ ਸੀਟ। ਛੋਟੇਪੁਰ ਦਾ ਨਾਂ ‘ਆਪ’ ਨਾਲ ਹੀ ਉੱਭਰਿਆ ਸੀ ਜੋ ਹੁਣ ਖਿੰਡ-ਪੁੰਡ ਗਿਆ ਹੈ। ਇਹ ਚੌਥਾ ਫਰੰਟ ਤਾਂ ‘ਅੜੇ ਥੁੜੇ ਦਾ ਮੀਤ ਮੁਕੰਦਾ’ ਅਖਾਣ ਵਾਲਾ ਸਿੱਧ ਹੋ ਰਿਹਾ ਹੈ। ਇਹ ਦੁੱਧ ਦੇ ਉਬਾਲੇ ਵਾਲਾ ਸਮੀਕਰਨ ਏ। ਸਿਰ ਈ ਸਿਰ ਨੇ, ਧਿਰ ਕੋਈ ਨਈਂ। ਨਿਰਾ ਖਿੱਚੜ ਭੱਪਾ। ‘ਆਵਾਜ਼-ਏ-ਪੰਜਾਬ’ ਵਾਲੇ ‘ਭਲਾ ਹੋਇਆ ਖਹਿੜਾ ਨੇੜਿਓਂ ਛੁੱਟਿਆ ਉਮਰ ਪਈ ਸੀ ਸਾਰੀ’ ਗੁਣਗਣਾਉਂਦੇ ਲੱਗਦੇ ਨੇ।

ਦੂਰ ਦੀ ਸੋਚਕੇ ਜਗਮੀਤ ਬਰਾੜ, ਚਰਨਜੀਤ ਸਿੰਘ ਚੰਨੀ ਵਰਗੇ ਪੁਰਾਣੇ ਸਿਆਸੀ ਨੇਤਾਵਾਂ ਨੂੰ ਵੇਲੇ ਸਿਰ ਸੁੱਝ ਗਈ। ‘ਆਪ’ ਦਾ ਸਿਤਾਰਾ ਚੜ੍ਹ ਰਿਹਾ ਹੈ। ‘ਆਵਾਜ਼-ਏ-ਪੰਜਾਬ’ ਨੇ ਚੰਡੀਗੜ੍ਹ ਵਾਲੀ ਪਹਿਲੀ ਪਰੈੱਸ ਮਿਲਣੀ ਮੌਕੇ ਜੋਸ਼ ਅਤੇ ਲਹਿਰੇ ਦੇ ਹੁਲਾਰੇ ਵਿਚ ਐਲਾਨ ਤਾਂ ਕਰ ਦਿੱਤੇ, ਪਰ ਜਿਵੇਂ ਜਿਵੇਂ ਗੱਲ ਰਾਹੇ ਪਈ, ਸੋਝੀ ਵੀ ਨਾਲ ਆ ਰਲ਼ੀ। ਲਾਹੌਰ ਦਿਸਣ ਲੱਗ ਪਿਆ। ਦਿੱਲੀ ਦੂਰ ਲੱਗੀ। ਏਧਰ ‘ਆਪ’ ਦਾ ਭਵਿੱਖ ਪੂਰੇ ਭਾਰਤ ਵਿਚ ਫੈਲਣ ਦੀਆਂ ਅੰਗੜਾਈਆਂ ਲੈ ਰਿਹਾ ਹੈ। ਸੰਭਲਣ ਤੇ ਵੇਲਾ ਸੰਭਾਲਣ ਦੀ ਲੋੜ ਹੈ। ਘੜੀ ਦਾ ਘੁੱਸਿਆ ਸਾਲਾਂ ’ਤੇ ਨਹੀਂ, ਦਹਾਕਿਆਂ ’ਤੇ ਨਹੀਂ, ਸਦੀਆਂ ’ਤੇ ਜਾ ਡਿੱਗਦਾ ਹੈ। ਇਤਹਾਸ ਗਵਾਹ ਹੈ। ਅਜੋਕੇ ਧੁੰਦਲਕੇ ਵਿਚ ਨਿੱਤਰ ਕੇ ਅੱਗੇ ਲੱਗਣਾ ਹੀ ਸੂਰਮਗਤੀ ਅਤੇ ਦਿੱਬ ਦ੍ਰਿਸ਼ਟੀ ਹੈ। ਨਵੀਂ ਸੂਹੀ ਸਵੇਰ ਦਾ ਸਵਾਗਤ ਕਰਨ ਵਿੱਚ ਹੀ ਪੰਜਾਬ ਦਾ ਭਲਾ ਹੈ। ਖੱਬੀਆਂ ਪਾਰਟੀਆਂ ਤਾਂ ਪਹਿਲਾਂ ਹੀ ਸਿਆਸਤ ਦਾ ‘ਲੈਫਟ ਓਵਰ’ ਬਣ ਚੁੱਕੀਆਂ ਹਨ। (ਲੈਫਟ ਓਵਰ ਦੀ ਗੱਲ ਕਿਤੇ ਫੇਰ ਕਰਾਂਗਾ)।

‘ਆਪ’ ਆਪਣਾ ਪੂਰਾ ਸਿਸਟਮ ਸੈੱਟ ਕਰ ਪੂਰੀ ਗਤੀਸ਼ੀਲ ਹੈ। ਕਹਿ ਰਹੀ ਹੈ: ਲੋਕੋ ਆਪਣੀ ਹੋਣੀ ਦੀ ਕੁੰਜੀ ਸਾਡੇ ਹੱਥ ਫੜਾਓ! ਇਹ ਜਗੀਰਦਾਰ, ਪਰਿਵਾਰਵਾਦੀ ਅਤੇ ਕਾਰਪੋਰੇਟਾਂ ਦੀਆਂ ਦਾਸੀਆਂ ਸਿਆਸੀ ਪਾਰਟੀਆਂ ਤੁਹਾਡੇ ਸਮੁੱਚੇ ਵਿਕਾਸ ਦਾ ਬੂਹਾ ਬੰਦ ਕਰੀ ਬੈਠੀਆਂ ਨੇ। ਜਿੱਦਾਂ ਅੱਗੇ ਦਿੱਲੀ ਦੀ ਵਾਗਡੋਰ (ਪੂਰੀ ਨਾ ਸਹੀ ਚਲੋ ਅੱਧ-ਪਚੱਧੀ ਹੀ ਸੀ) ਸੌਂਪੀ ਹੈ, ਏਦਾਂ ਇੱਥੇ ਪੰਜਾਬ ਵਿਚ ਹੁਣ ਮੌਕਾ ‘ਆਪ’ ਨੂੰ ਦਿਓ। ਇਹ ਪੂਰਾ ਰਾਜ ਹੈ। ਇੱਥੇ ਅਸੀਂ ਲੋਕਾਂ ਦਾ ਸਰਬਪੱਖੀ ਵਿਕਾਸ ਕਰਾਂਗੇ। ਭੁੱਖਮਰੀ, ਬਿਮਾਰੀ, ਅਨਪੜ੍ਹਤਾ, ਅਗਿਆਨਤਾ, ਬੇਰੁਜ਼ਗਾਰੀ, ਆਦਿ ਤੋਂ ਮੁਕਤੀ ਦਿਵਾਵਾਂਗੇ ਤਾਂ ਜੋ ਪੰਜਾਬ ਮੁੜ ਬਲੌਰੀ ਪਾਣੀਆਂ ਦੀ ਧਰਤੀ ਬਣ ਸਕੇ। ਹੱਸਦਾ, ਗਾਉਂਦਾ, ਭੰਗੜੇ ਪਾਉਂਦਾ ਪੰਜਾਬ। ਮੁੜ ਪਿੰਡਾਂ ਦੀਆਂ ਸੱਥਾਂ, ਤੇ ਘਰਾਂ ਵਿਚ ਬਹਾਰਾਂ ਪਰਤ ਆਉਣ।

ਇਸ ਸਮੁੱਚੇ ਖਿੰਡ ਖਿੰਡਾਰੇ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਵਾਲਿਆਂ ਦੇ ਘਰੀਂ ਕੇਰਾਂ ਤਾਂ ਦੀਪ ਜਗਣ ਲਾ ਦਿੱਤੇ ਸਨ। ਪਰ ਹੁਣ ਸਥਾਪਤੀ ਵਿਰੁੱਧ ਚੱਲੀ ਹਵਾ ਵਿਚ ਬੁੱਝਣੇ ਸ਼ੁਰੂ ਹੋ ਗਏ ਹਨ। ਮੋਦੀ ਸਰਕਾਰ ਦਾ ਦੂਜੇ ਦਰਜੇ ਵਾਲੇ ਸ਼ਕਤੀਸ਼ਾਲੀ ਮੰਤਰੀ, ਸ਼੍ਰੀਮਾਨ ਜੇਤਲੀ ਸਾਹਿਬ ਹੁਣੇ ਹੁਣੇ ਪੰਜਾਬ ਵਿੱਚ ਇੱਕ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਨ ਪਿੱਛੋਂ ਪਰੈੱਸ ਵਾਲਿਆਂ ਨਾਲ ਗੱਲਾਂ ਕਰਦੇ ਕਹਿੰਦੇ: ਭਾਵੇਂ ਕੁਝ ਹੋਵੇ, ਤੀਜੀ ਵਾਰ ਵੀ ਸਰਕਾਰ ਅਕਾਲੀ-ਭਾਜਪਾ ਦੀ ਹੀ ਬਣੇਗੀ। ਪਰੈੱਸ ਵਾਲਿਆਂ ਨੇ ਜ਼ਰਾ ਘਰੋੜ ਖਰੋਚ ਕੇ ਪੁੱਛਿਆ ਕਿ ਤੁਹਾਡੀਆਂ ਕਿਹੜੀਆਂ ਪ੍ਰਾਪਤੀਆਂ ਜਾਂ ਨੀਤੀਆਂ ਹਨ ਜਿਹਨਾਂ ਕਰਕੇ ਫਿਰ ਸਰਕਾਰ ਅਕਾਲੀ-ਭਾਜਪਾ ਦੀ ਹੀ ਬਣੇਗੀ। ਕਹਿੰਦੇ ਵਿਰੋਧੀ ਪਾਰਟੀਆਂ ਆਪਸ ਵਿੱਚ ਹੀ ਪਾਟੀਆਂ ਹੋਈਆਂ ਹਨ। ਇਸ ਲਈ ਜਿੱਤਣਾ ਅਸਾਂ ਹੀ ਹੈ। ਕਿੰਨੀ ਕਮਾਲ ਦੀ ਦਲੀਲ ਹੈ!

ਖੈਰ! ਗੱਲ ਦੀ ਰਹਿਲ਼ ਕੁਝ ਜ਼ਿਆਦਾ ਹੀ ਵੱਡੀ ਹੋ ਗਈ ਏ, ਪਰ ਇਸ ਬਿਨਾਂ ਗੱਲ ਬਣਨੀ ਨਹੀਂ ਸੀ। ਸੋ ਵੀਰਨੋ! ਬਹਾਦਰ ਪੰਜਾਬੀਓ! ਭਾਵੇਂ ਸਿਆਸੀ ਮਹੌਲ ਵਿੱਚ ਧੁੰਦ-ਗੁਬਾਰ ਅਤੇ ਮਿੱਟੀ ਭਰੀਆਂ ਹਨੇਰੀਆਂ ਜ਼ਰੂਰ ਉਡਾਈਆਂ ਜਾ ਰਹੀਆਂ ਹਨ ਪਰ ਮੌਸਮੀ ਅਸੂਲਾਂ ਵਾਂਗ ਇਨ੍ਹਾਂ ਪਿੱਛੋਂ ਮੀਂਹ ਜ਼ਰੂਰ ਪੈਣਾ ਹੈ। ਉਸ ਨੇ ਸਭ ਨਿਤਾਰੇ, ਨਿਸਤਾਰੇ ਕਰ ਦੇਣੇ ਹਨ। ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕੇਜਰੀਵਾਲ ਅਤੇ ‘ਆਪ’ ਦਾ ਦਿੱਲੀ ਵਾਲਾ ਕ੍ਰਿਸ਼ਮਾ ਵੱਸ ਚੁੱਕਿਆ ਹੈ। ਨਾਲ ਹੀ ਖਲਨਾਇਕਾਂ ਵੱਲੋਂ ਸਿਰਜੇ ਮਹੌਲ ਵਿੱਚੋਂ ਉੱਪਰਲੀ ਬੋਲੀ ‘ਦਿਲਾਂ ਦੇ ਜਾਨੀ ਮਿਲਣਗੇ ਆਪੇ ਮਨ ਨੂੰ ਟਿਕਾਣੇ ਰੱਖੀਏ’ ਦੀ ਗੂੰਜ ਵੀ ਪੈ ਰਹੀ ਐ। ‘ਆਪ’ ਦੇ ਰਹਿਬਰਾਂ ਨੇ ਬੋਤੇ ਸ਼ਿੰਗਾਰ ਲਏ ਹੋਏ ਨੇ। ਤਿਆਰੀਆਂ ਹੋਈ ਜਾ ਰਹੀਆਂ ਨੇ। ਪੰਜਾਬ ਦੇ ਵਾਸੀ ਆਪਣੇ ਦਿਲ ਜਾਨੀਆਂ ਦਾ ਪੱਲਾ ਕਦੀ ਨਹੀਂ ਛੱਡਦੇ। ‘ਆਪ’ ਪੰਜਾਬੀਆਂ ਦੀ ਦਿਲ ਜਾਨੀ, ਚਹੇਤੀ, ਹਮਦਰਦ, ਹਿਤੂ ਅਕਸ ਧਾਰ ਚੁੱਕੀ ਹੈ। ਉਹ ਪੰਜਾਬ, ਪੰਜਾਬੀਅਤ, ਪੰਜਾਬੀ ਦੀ ਇੱਕ ਭਰੋਸੇਯੋਗ ਪਾਰਟੀ ਬਣਦੀ ਜਾ ਰਹੀ ਹੈ। ਹੁਣ ਕੇਵਲ ਤੁਹਾਡੇ ਭਰਪੂਰ ਹੁੰਗਾਰੇ ਦੀ ਲੋੜ ਹੈ। (ਇਹ ਵਿਸ਼ਲੇਸ਼ਣ ਮੌਜੂਦਾ ਸਿਆਸੀ ਦ੍ਰਿਸ਼ ਦਾ ਹੈ। ਫੇਰ ਦੀ ਗੱਲ ਫਿਰ ਹੋਵੇਗੀ।)

Read 251 times
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਜਨਮ ਸਥਾਨ: ਗੁੰਨਾਂ ਕਲਾਂ, ਤਹਿਸੀਲ ਤੇ ਜ਼ਿਲਾ ਸਿਆਲਕੋਟ, ਪਛਮੀ ਪਾਕਿਸਤਾਨ
ਜਨਮ ਮਿਤੀ: ਅਕਤੂਬਰ ਦਾ ਆਖਰੀ ਦਿਨ, 1935.
ਪ੍ਰਾਇਮਰੀ ਐਜੂਕੇਸ਼ਨ: ਨਾਨਕੇ ਪਿੰਡ ਨਿੰਦੋਕੇ ਮਿਸ਼ਰਾਂ, ਤਹਿਸੀਲ ਨਾਰੋਵਾਲ, ਸਿਆਲਕੋਟ
ਮੈਟਿਰਕ ਤੋਂ ਬੀ.ਏ. : ਰਣਧੀਰ ਸਕੂਲ/ਕਾਲਜ ਕਪੂਰਥਲਾ
ਪੋਸਟਗਰੈਜੂਏਸ਼ਨ: ਖਾਲਸਾ ਕਾਲਜ ਅੰਮ੍ਰਿਤਸਰ
ਕੁਆਲੀਫੀਕੇਸ਼ਨ: ਐੱਮ.ਏ., ਐੱਮ.ਐੱਡ.
ਸਰਵਿਸ: ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ – ਪਹਿਲਾਂ ਪ੍ਰੋਫੈਸਰ (13 ਸਾਲ) ਤੇ ਫਿਰ ਪ੍ਰਿੰਸੀਪਲ (21 ਸਾਲ)
ਯੂਨੀਵਰਸਟੀ ਪੁਜ਼ੀਸ਼ਨਾਂ: ਸੈਨੇਟਰ, ਸਿੰਡਕ ਤੇ ਡੀਨ ਐਜੂਕੇਸ਼ਨ ਫੈਕਲਟੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ
ਸਪੋਰਟਸ: ਰੋਲ ਆਫ ਆਨਰਜ਼ ਡੀ ਏ ਵੀ ਕਾਲਜ ਜਾਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ। ਯੂਨੀਵਰਸਟੀ ਚੈਂਪੀਅਨ ਇਨ ਹੈਮਰ ਥਰੋ 1957। ਮੈਂਬਰ ਆਫ ਦਾ ਯੂਨੀਵਰਸਟੀ ਐਥਲੈਟਿਕਸ ਟੀਮ 1957, 1958.
ਸ਼ੌਂਕ: ਲਿੱਖਣਾ ਪੜ੍ਹਨਾ ਤੇ ਖੇਡਾਂ - ਕਿਤਾਬਾਂ: ਸਿੱਖਿਆ ਸਭਿਆਚਾਰ-ਵਿਰਸਾ ਤੇ ਵਰਤਮਾਣ, ਮੇਰੇ ਰਾਹਾਂ ਦੇ ਰੁੱਖ, ਰੰਗ ਕਨੇਡਾ ਦੇ, ਸੁਧਾਰ ਦੇ ਹਾਕੀ ਖਿਡਾਰੀ (ਰੀਲੀਜ਼ਿੰਗ), ਅਤੇ ‘ਕਿੱਸੇ ਕਨੇਡੀਅਨ ਪੰਜਾਬੀ ਬਾਬਿਆਂ ਦੇ’  ਅਤੇ ‘ਖਬਲ਼ ਦੀ ਪੰਡ’(ਤਿਆਰੀ ਅਧੀਨ)
ਵਰਤਮਾਨ ਕਾਰਜ: ਸਰਟੀਫਾਈਡ ਟਰਾਂਸਲੇਟਰ – ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਤੇ ਮੀਡੀਆ ਡਾਇਰੈਕਟਰ ਉਲਡ ਏਜ ਬੈਨੀਫਿਟ ਫੋਰਮ, ਕਨੇਡਾ (ਰਜਿਸਟਰਡ)
ਪਤਾ: ਕਨੇਡਾ – 33 ਈਗਲਸਪਰਿੰਗਜ਼ ਕਰੈਜ਼ੰਟ, ਬਰੈਂਪਟਨ, ਉਨਟਾਰੀਓ, L6P 2V8, ਕਨੇਡਾ
ਫੋਨ ਨੰ:
(905) – 450 – 6468 ਐਂਡ 647 – 402 - 2170.