ਜਦੋਂ ਮੈਂ ਦਸਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਉਮਰ 16 ਸਾਲ ਦੀ ਸੀ। ਮੇਰਾ ਮਨ ਬਹੁਤ ਖ਼ੁਸ਼ ਸੀ, ਕਿ ਹੁਣ ਮੈਂ ਕਾਲਜ ਜਾਵਾਂਗੀ। ਸੁਣਿਆਂ ਸੀ ਕਿ ਕਾਲਜ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਆਮ ਹੀ ਅਖਾਣ ਸੁਣੀਦਾ ਸੀ, ‘ਨੋ ਲਾਈਫ ਵਿਦਆਊਟ ਵਾਈਫ, ਨੋ ਨੌਲਜ਼ ਵਿਦਆਊਟ ਕੌਲਜ’। ਸੋ ਜਦੋਂ ਮੈਂ ਕਾਲਜ ਗਈ ਮੈਨੂੰ ਬਹੁਤ ਹੀ ਵਧੀਆ ਲੱਗਿਆ। ਸਾਡਾ ਪਿੰਡ ਜੈਤੋ ਇੱਕ ਮੰਡੀ ਅਤੇ ਪਿੰਡ ਦਾ ਸੁਮੇਲ ਸੀ। ਪਿੰਡ ਦਾ ਕੁੱਝ ਹਿੱਸਾ ਗੁਰਦੁਆਰੇ ਦੇ ਇੱਕ ਪਾਸੇ ਤੇ ਮੰਡੀ ਗੁਰਦੁਆਰੇ ਦੇ ਦੂਜੇ ਪਾਸੇ। ਸਾਡੇ ਸ਼ਹਿਰ ਨੂੰ ਜੈਤੋ ਮੰਡੀ ਕਿਹਾ ਜਾਂਦਾ ਹੈ। ਇੱਥੇ ਸਾਡਾ ਲੜਕੀਆਂ ਦਾ ਕਾਲਜ ਬੀ.ਏ ਤੱਕ ਸੀ। ਕਿਉਂਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਲੜਕੀਆਂ ਨੂੰ ਕੇਵਲ ਲੜਕੀਆਂ ਦੇ ਕਾਲਜ ਵਿੱਚ ਹੀ ਪੜ੍ਹਾਉਣਾ ਹੈ। ਸੋ ਅਸੀਂ ਸਾਰੀਆਂ ਭੈਣਾਂ ਉਸੇ ਕਾਲਜ ਵਿੱਚ ਹੀ ਪੜ੍ਹੀਆਂ ਹਾਂ। ਅਸੀਂ ਪਿੰਡ ਵਿੱਚੋਂ ਸੱਤ ਅੱਠ ਕੁੜੀਆਂ ਹੁੰਦੀਆਂ ਸੀ ਜੋ ਕਾਲਜ ਪੜ੍ਹਨ ਜਾਂਦੀਆਂ ਸੀ। ਮੇਰੀ ਛੋਟੀ ਭੈਣ ਤੇ ਤਾਇਆ ਜੀ ਦੀ ਲੜਕੀ ਤੇ ਮੈਂ ਇੱਕ ਗਲ਼ੀ ਵਿੱਚੋਂ ਜਾਂਦੀਆਂ ਜਦੋਂ ਕਿ ਪਿੰਡ ਦੀ ਦੂਜੀ ਪੱਤੀ ਵਿੱਚੋਂ ਚਾਰ ਲੜਕੀਆਂ ਹੋਰ ਸੀ। ਪਰ ਉਹ ਚਾਰੋਂ ਹੀ ਮੇਰੀਆਂ ਜਮਾਤੀ ਸਨ। ਜਿਨ੍ਹਾਂ ਵਿੱਚੋਂ ਇੱਕ ਬਹੁਤ ਸ਼ਰਾਰਤੀ ਸੀ। ਪਰ ਸਾਡਾ ਛੁੱਟੀ ਪਿੱਛੋਂ ਘਰ ਨੂੰ ਜਾਣ ਦਾ ਇੱਕੋ ਹੀ ਸਮਾਂ ਹੁੰਦਾ ਸੀ।
ਜਦੋਂ ਮੈਂ ਬੀ.ਏ ਫਸਟ ਈਅਰ ਵਿੱਚੋਂ ਪਾਸ ਹੋਈ ਤਾਂ ਮੈਨੂੰ ਕਲਾਸ ਦੀ ਮਨੀਟਰ (C.R) ਬਣਾ ਦਿੱਤਾ ਗਿਆ। ਮੇਰੀਆਂ ਸ਼ਰਾਰਤਾਂ ਘਟ ਗਈਆਂ ਤੇ ਜੁੱਮੇਵਾਰੀਆਂ ਵਧ ਗਈਆਂ। ਸਮਾਂ ਲੰਘਦਾ ਗਿਆ ਜੋ ਕਿ ਬਹੁਤ ਵਧੀਆ ਲੱਗਦਾ ਸੀ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੀ.ਏ ਪਾਸ ਕਰ ਲਈ ਤੇ ਸਹੇਲੀਆਂ ਨਾਲ਼ੋਂ ਵਿਛੜਣ ਦ ਸਮਾਂ ਆ ਗਿਆ। ਇੰਜ ਲੱਗ ਰਿਹਾ ਸੀ ਇਹ ਸਮਾਂ ਹੋਰ ਵਧ ਜਾਂਦਾ। ਮੈਂ ਬੀ.ਏ ਕਰਨ ਤੋਂ ਬਾਅਦ, ਬੀ.ਐਡ ਦੇ ਦਾਖਲੇ ਲਈ ਸਿਰਫ ਦੋ ਕਾਲਜਾਂ ਵਿੱਚ ਹੀ ਫਾਰਮ ਭਰ ਦਿੱਤ,। ਇੱਕ ਸਿੱਧਵਾਂ ਕਾਲਜ ਅਤੇ ਦੂਜਾ ਲੋਪੋਂ ਕਾਲਜ। ਮੈਨੂੰ ਦੋਹਾਂ ਕਾਲਜਾਂ ਵਿੱਚ ਦਾਖਲਾ ਮਿਲ਼ ਗਿਆ। ਪਰ ਮੈਂ ਸਿੱਧਵਾਂ ਕਾਲਜ ਵਿੱਚ ਦਾਖਲਾ ਲੈ ਲਿਆ। ਇੱਥੇ ਹੋਸਟਲ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ। ਪਹਿਲੇ ਦਿਨ ਜਦੋਂ ਮੈਨੂੰ ਮੇਰੀ ਮੰਮੀ ਹੋਸਟਲ ਵਿੱਚ ਛੱਡ ਕੇ ਆਏ ਤਾਂ ਮੇਰਾ ਬਿਲਕੁਲ ਦਿਲ ਨਾ ਲੱਗਾ। ਮੈਂ ਸੋਚ ਰਹੀ ਸੀ ਕਿ ਕਿੱਥੇ ਫਸ ਗਈ। ਕੀ ਲੈਣਾ ਸੀ ਏਥੇ ਆ ਕੇ। ਪਰ ਮੇਰੀ ਤੀਬਰ ਇੱਛਾ ਸੀ ਕਿ ਮੈਂ ਹੋਰ ਪੜ੍ਹਨਾ ਹੈ।
ਇੱਕ ਹਫਤਾ ਬਿਤਾਉਣ ਦੇ ਬਾਅਦ ਮੇਰਾ ਦਿਲ ਲੱਗਣਾ ਸ਼ੁਰੂ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ ਤੇ ਪੜ੍ਹਨਾ ਵੀ ਦਿਲ ਲਾ ਕੇ ਜ਼ਰੂਰੀ ਸੀ। ਰੁਝੇਵੇਂ ਅਸਲ ਵਿੱਚ ਬੁੱਲੇ ਅਤੇ ਹੁਲਾਰੇ ਹੁੰਦੇ ਹਨ। ਦਿਨ ਲੰਘਦੇ ਗਏ ਮੈ ਗਿੱਧੇ ਦੀ ਟੀਮ ਵੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਹੋਰ ਵੀ ਜੋ ਕਾਲਜ ਵਿੱਚ ਫੰਕਸ਼ਨ ਹੁੰਦਾ ਮੈ ਉਸ ਵਿੱਚ ਜ਼ਰੂਰ ਹਿੱਸਾ ਲੈਂਦੀ। ਜਿਸ ਨਾਲ਼ ਮੇਰੀ ਟੀਚਰਾਂ ਨਾਲ਼ ਚੰਗੀ ਜਾਣ ਪਹਿਚਾਣ ਬਣ ਗਈ। ਹੁਣ ਮੈਨੂੰ ਇਹ ਕਾਲਜ ਆਪਣੇ ਘਰ ਵਾਂਗ ਲੱਗਣ ਲੱਗ ਪਿਆ। ਦਿਲ ਕਰਨਾ ਕਿ ਛੁੱਟੀਆਂ ਹੋਣ ਹੀ ਨਾਂ ਬੱਸ ਕਾਲਜ ਵਿੱਚ ਹੀ ਰਹੀਏ। ਅਸੀਂ ਛੇ ਕੁੜੀਆਂ ਇੱਕੋ ਕਮਰੇ ਵਿੱਚ ਰਹਿੰਦੀਆਂ ਸੀ।
ਇੱਕ ਦਿਨ ਮੇਰੀ ਰੂਮਮੇਟ ਬੇਅੰਤ ਜਗਰਾਓਂ ਤੋਂ ਫੋਟੋ ਕਰਵਾ ਕੇ ਆਈ ਤੇ ਉਸ ਨੇ ਆ ਕੇ ਸਾਨੂੰ ਸਾਰੀਆਂ ਨੂੰ ਚਾਅ ਨਾਲ਼ ਆਪਣੀ ਫੋਟੋ ਦਿਖਾਈ। ਮੈਂ ਉਸਨੂੰ ਕਿਹਾ ਬੇਅੰਤ ਜੇਕਰ ਤੇਰੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੁੰਦਾ ਤਾਂ ਬਹੁਤ ਸੋਹਣਾ ਲੱਗਣਾ ਸੀ। ਤੇ ਆਪਸ ਵਿੱਚੀਂ ਠੱਠਾ ਮਖੌਲ ਚੱਲ ਪਿਆ। ਇਸੇ ਰੌਲ਼ੇ ਵਿੱਚ ਤੇ ਗੱਲਾਂ ਕਰਦੀਆਂ ਨੂੰ ਸਾਨੂੰ ਪੜ੍ਹਾਈ ਸ਼ੁਰੂ ਹੋਣ ਦੀ ਘੰਟੀ ਨਹੀਂ ਸੁਣੀ। ਜਦੋਂ ਕਿ ਪ੍ਰਿੰਸੀਪਲ ਸਰ ਰਾਊਂਡ ਦੇ ਆਏ ਉਹ ਸਭ ਤੋਂ ਪਹਿਲਾਂ ਸਾਡੇ ਕਮਰੇ ਵੱਲ ਆਏ ਕਿਉਂਕਿ ਸਾਡੇ ਕਮਰੇ ਵਿੱਚ ਹੀ ਰੌਲ਼ਾ ਵੱਧ ਪੈ ਰਿਹਾ ਸੀ। ਸਾਨੂੰ ਇਹ ਸਮਝ ਨਾ ਆਵੇ ਕਿ ਅਸੀਂ ਹੁਣ ਕੀ ਕਰੀਏ। ਮੇਰੇ ਨਾਲ਼ ਦੀ ਮੇਰੀ ਸਹੇਲੀ ਸਰ ਨੂੰ ਦੇਖ ਕੇ ਮੰਜੇ ਤੇ ਚੜ੍ਹ ਗਈ ਤੇ ਫੇਰ ਦੂਜੇ ਪਾਸੇ ਉਤਰ ਗਈ। ਜਦੋਂ ਕਿ ਸਰ ਸਾਡੇ ਸਿਰ ਤੇ ਖੜ੍ਹੇ ਸਨ। ਸਾਨੂੰ ਕਾਫੀ ਝਿੜਕਾਂ ਪਈਆਂ ਤੇ ਸਰ ਨੇ ਕਿਹਾ ਕੱਲ੍ਹ ਨੂੰ ਛੇ ਹੀ ਜਾਣੀਆਂ ਮੇਰੇ ਦਫਤਰ ਵਿੱਚ ਆਉਣੀਆਂ ਚਾਹੀਦੀਆਂ ਹਨ। ਨੋਟਿਸ ਬੋਰਡ ਤੇ ਸਾਡੇ ਰੂਮ ਦਾ ਨਾਂ ਲਿਖ ਕੇ ਲਾਇਆ ਗਿਆ ਕਿ ਇਨ੍ਹਾਂ ਨੂੰ ਦਫਤਰ ਵਿੱਚ ਬੁਲਾਇਆ ਗਿਆ ਹੈ।
ਅਸੀਂ ਬਹੁਤ ਡਰ ਗਈਆਂ। ਪਰ ਉਦੋਂ ਉਮਰ ਹੀ ਇਹੋ ਜਿਹੀ ਸੀ ਤੇ ਗਰੁੱਪ ਵਿੱਚ ਡਰ ਵੀ ਘਟ ਜਾਂਦਾ ਹੈ। । ਦੂਜੇ ਦਿਨ ਅਸੀਂ ਦੇਖਿਆ ਕਿ ਪ੍ਰਿੰਸੀਪਲ ਸਰ ਦਫਤਰ ਵਿੱਚ ਹੈ ਨਹੀਂ। ਸਾਨੂੰ ਵੀ ਸ਼ਰਾਰਤ ਸੁੱਝੀ। ਅਸੀਂ ਸਾਰੀਆਂ ਜਾ ਕੇ ਦਫਤਰ ਅੱਗੇ ਖੜ੍ਹ ਗਈਆਂ। ਥੋੜਾ ਚਿਰ ਖੜ੍ਹਨ ਤੋਂ ਬਾਅਦ ਵਾਰਡਨ ਮੈਡਮ ਨੂੰ ਕਿਹਾ ਮੈਡਮ ਅਸੀਂ ਕਿੰਨਾਂ ਚਿਰ ਹੋਰ ਖੜ੍ਹੀਏ? ਮੈਡਮ ਕਹਿੰਦੇ ਤੁਸੀਂ ਜਾਓ ਮੈਂ ਕਹਿ ਦੇਵਾਂਗੀ ਕਿ ਲੜਕੀਆਂ ਆਈਆਂ ਸਨ। ਬੱਸ ਸ਼ਾਮ ਦੀ ਅਸੈਂਬਲੀ ਵਿੱਚ ਫੇਰ ਪ੍ਰਿੰਸੀਪਲ ਸਰ ਆ ਗਏ ਤੇ ਸਾਨੂੰ ਪੁੱਛਿਆ ਤੁਸੀਂ ਸਾਰੀਆਂ ਮੇਰੇ ਦਫਤਰ ਕਿਉਂ ਨਹੀਂ ਆਈਆਂ? ਵਾਰਡਨ ਮੈਡਮ ਨੇ ਸਾਡੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ ਸਰ ਤੁਸੀਂ ਹੀ ਦਫਤਰ ਨਹੀਂ ਸੀ ਆਏ ਇਹ ਤਾਂ ਸਾਰੀਆਂ ਆਈਆਂ ਸਨ। ਬਸ ਫੇਰ ਸਾਡਾ ਖਹਿੜਾ ਛੁੱਟਿਆ। ਉਸ ਦਿਨ ਤੋਂ ਬਾਅਦ ਗੁੱਸੇ ਹੋਣ ਦਾ ਅਸੀਂ ਕੋਈ ਮੌਕਾ ਨਹੀਂ ਦਿੱਤਾ।
ਮੇਰੀ ਬੀ.ਐਡ ਵਿੱਚ ਫਸਟ ਡਿਵੀਜਨ ਸੀ। ਮੈਨੂੰ ਵਜੀਫ਼ਾ ਲੱਗ ਗਿਆ। ਬੀ.ਐਡ ਕਰਨ ਤੋਂ ਬਾਅਦ ਮੈਂ ਸਿੱਧਵਾਂ ਹੀ ਐੱਮ.ਏ ਵਿੱਚ ਦਾਖਲਾ ਲੈ ਲਿਆ। ਕੁੱਝ ਕੁ ਸਹੇਲੀਆਂ ਬੀ.ਐਡ ਵਾਲ਼ੀਆਂ ਹੀ ਐਮ.ਏ ਵਿੱਚ ਮੇਰੇ ਨਾਲ਼ ਆ ਗਈਆਂ ਬਾਕੀ ਹੋਰ ਨਾਲ਼ ਵਾਲ਼ੇ ਪਿੰਡਾਂ ਜਾਂ ਸ਼ਹਿਰ ਤੋਂ ਆਉਂਦੀਆਂ ਸਨ। ਸਾਡੀ ਕਲਾਸ ਵਿੱਚ 25/30 ਲੜਕੀਆਂ ਸਨ। ਸਾਡੇ ਚਾਰ ਵਿਸ਼ੇ ਸਨ ਤੇ ਚਾਰੋਂ ਲੈਕਚਰਾਰ ਅਲੱਗ-ਅਲੱਗ। ਇੱਕ ਸਬਜੈਕਟ ਜੋ ਪਾਂਗਲੀ ਸਰ ਪੜ੍ਹਾਉਂਦੇ ਸਨ ਬਹੁਤਾ ਚੰਗਾ ਲੱਗਦਾ ਸੀ। ਕਿਉਂਕਿ ਸਰ ਵੀ ਕੁੱਝ ਮਖੌਲੀਆ ਸੁਭਾਅ ਦੇ ਸਨ। ਉਨ੍ਹਾਂ ਲਈ ਅਸੀਂ ਉਨ੍ਹਾਂ ਦੀਆਂ ਬੱਚੀਆਂ ਸੀ।
ਇੱਕ ਵਾਰ ਸਰਦੀ ਦੇ ਦਿਨ ਸਨ। ਕਮਰੇ ਵਿੱਚ ਬਹੁਤ ਜ਼ਿਆਦਾ ਠੰਡ ਸੀ। ਸਾਰੀਆਂ ਕੁੜੀਆਂ ਕਹਿਣ ਲੱਗੀਆਂ ਕਿ ਸਰ ਸਾਨੂੰ ਧੁੱਪੇ ਲੈ ਚੱਲੋ। ਸਰ ਸਾਨੂੰ ਹਾਕੀ ਦੀ ਗਰਾਊਂਡ ਵਿੱਚ ਧੁੱਪੇ ਲੈ ਗਏ। ਪਰ ਹਵਾ ਬਹੁਤ ਠੰਡੀ ਚੱਲ ਰਹੀ ਸੀ। ਉੱਥੇ ਹਵਾ ਤੋਂ ਓਟ ਵੀ ਕੋਈ ਨਹੀਂ ਸੀ। ਜਿਸ ਕਰਕੇ ਠੰਡ ਵੀ ਬਹੁਤ ਲੱਗ ਰਹੀ ਸੀ। ਜਦੋਂ ਸਰ ਨੇ ਲੈਕਚਰ ਪੂਰਾ ਕਰ ਲਿਆ ਤੇ ਕਹਿਣ ਲੱਗੇ ਹੁਣ ਠੀਕ ਹੈ ਇੱਥੇ ਧੁੱਪ ਵਿੱਚ ਆਕੇ। ਅਸੀਂ ਕਿਹਾ ਜੀ ਸਰ ਠੰਡ ਬਹੁਤ ਲੱਗ ਰਹੀ ਹੈ। ਫੇਰ ਕਹਿੰਦੇ ਹੁਣ ਕੀ ਕਰੀਏ। ਮੈਂ ਕਿਹਾ ਸਰ ਤੁਹਾਡਾ ਕੋਟ ਚਾਹੀਦਾ ਹੈ। ਸਰ ਕਹਿੰਦੇ ਭਾਈ ਇਹ ਕੁੜੀ ਬਹੁਤ ਸ਼ਰਾਰਤੀ ਹੈ ਇਸ ਨੇ ਤਾਂ ਆਪਣੇ ਵਿਆਹ ਵਿੱਚ ਵੀ ਨਹੀਂ ਚੁੱਪ ਰਹਿਣਾ। ਬੱਸ ਇਸ ਤਰ੍ਹਾਂ ਦੀਆਂ ਕਈ ਯਾਦਾਂ ਕਾਲਜ ਜੀਵਨ ਵਿੱਚ ਅਮਿੱਟ ਛਾਪ ਛੱਡ ਗਈਆਂ।
ਇੱਕ ਵਾਰੀ ਮੇਰੀ ਸਹੇਲੀ ਰਣਧੀਰ ਕਹਿਣ ਲੱਗੀ ਅੜ੍ਹੀਏ ਚਾਹ ਪੀਣੀ ਹੈ ਤੇ ਪੀਣੀ ਵੀ ਆਪਣੇ ਰੂਮ ਵਿੱਚ ਹੈ। ਕਿਉਂਕਿ ਸਾਨੂੰ ਰੂਮ ਵਿੱਚ ਚਾਹ ਪੀਣ ਦੀ ਆਗਿਆ ਨਹੀਂ ਸੀ। ਮੈਂ ਕਿਹਾ ਇਹ ਕਿਹੜੀ ਵੱਡੀ ਗੱਲ ਹੈ। ਜਾਓ ਤੁਸੀਂ ਇੱਕ ਜਾਣੀ ਜਾ ਕੇ ਦੁਕਾਨ ਤੇ ਚਾਹ ਦਾ ਆਰਡਰ ਦੇ ਆਓ ਜਿੰਨੇ ਕੱਪ ਚਾਹੀਦੇ ਹਨ ਤੇ ਕਹਿਣਾ ਵਾਰਡਨ ਮੈਡਮ ਨੇ ਰੂਮ ਵਿੱਚ ਚਾਹ ਮੰਗਵਾਈ ਹੈ। ਕਿਉਂਕਿ ਵਾਰਡਨ ਮੈਡਮ ਦਾ ਰੂਮ ਸਾਡੇ ਰੂਮ ਦੇ ਬਿਲਕੁਲ ਨਾਲ਼ ਲਗਦਾ ਸੀ। ਰਣਧੀਰ ਕਹਿੰਦੀ ਫੇਰ ਕੀ ਕਰੇਂਗੀ ਜਦੋਂ ਮੁੰਡਾ ਚਾਹ ਲੈ ਕੇ ਆ ਗਿਆ। ਮੈਂ ਕਿਹਾ ਦੇਖ ਲੈਣਾ ਜਦ ਚਾਹ ਲੈ ਕੇ ਆਵੇਗਾ। ਮੈਨੂੰ ਦੂਰੋਂ ਦੱਸ ਦੇਣਾ। ਬੱਸ ਫੇਰ ਕੀ ਸੀ ਮੈਂ ਚਾਦਰ ਲੈ ਕੇ ਪੈ ਗਈ ਤੇ ਛੋਟੂ ਚਾਹ ਲੈ ਕੇ ਆਇਆ ਕਹਿੰਦਾ ਮੈਡਮ ਜੀ ਚਾਹ। ਮੈਂ ਚਾਦਰ ਦੇ ਅੰਦਰੋਂ ਬੋਲੀ ਬੇਟਾ ਐਥੇ ਰੱਖ ਦੇ। ਉਸਤੋਂ ਬਾਅਦ ਜਦੋਂ ਉਹ ਚਲਾ ਗਿਆ। ਅਸੀਂ ਸਾਰੀਆਂ ਨੇ ਚਾਹ ਦੀਆਂ ਚੁਸਕੀਆਂ ਲੈਂਦੀਆਂ ਰਹੀਆਂ ਤੇ ਨਾਲ਼-ਨਾਲ਼ ਹੱਸਦੀਆਂ ਰਹੀਆਂ, ਕਿ ਅੱਜ ਤਾਂ ਮੁਫਤ ਵਿੱਚ ਹੀ ਚਾਹ ਪੀਤੀ ਹੈ। ਉਹ ਵੀ ਕਮਰੇ ਵਿੱਚ। ਚੜ੍ਹਦੀ ਉਮਰ ਵਿੱਚ ਮਸਤੀ ਕਰਨ ਦਾ ਵੀ ਆਪਣਾ ਹੀ ਚਾਅ ਹੁੰਦਾ ਹੈ।
ਬੱਸ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਦੇ ਦਿਨ ਬੀਤ ਗਏ। ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਫਾਈਨਲ ਪੇਪਰ ਦੇ ਕੇ ਆਪੋ ਆਪਣੇ ਘਰ ਜਾਣਾ ਸੀ। ਕਿਸੇ ਦਾ ਦਿਲ ਨਹੀਂ ਸੀ ਕਰਦ ਘਰ ਜਾਣ ਲਈ। ਪਰ ਜਾਣਾ ਤਾਂ ਜ਼ਰੂਰ ਪੈਣਾ ਸੀ। ਸਿੱਧਵਾਂ ਰਹਿਕੇ ਪਾਈਆਂ ਉਹ ਗਿੱਧੇ ਦੀਆਂ ਧੁੰਮਾਂ, ਉਹ ਫੰਕਸ਼ਨਾਂ ਦੀਆਂ ਰੀਹਰਸਲਾਂ ਅੱਜ ਵੀ ਬਹੁਤ ਯਾਦ ਆਉਂਦੀਆਂ ਹਨ।
ਇੱਕ ਵਾਰ ਮੈਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਜਦੋਂ ਮੈਂ ਦੇਖਿਆ ਸਾਡੇ ਪਾਗਲੀ ਸਰ ਇੱਕ ਖੂੰਡੀ ਦੇ ਸਹਾਰੇ ਤੁਰੇ ਆ ਰਹੇ ਹਨ। ਮੈਂ ਉਨ੍ਹਾਂ ਨੂੰ ਦੂਰੋਂ ਦੇਖ ਕੇ ਖੜ੍ਹੀ ਹੋ ਗਈ ਤੇ ਨੇੜੇ ਆਉਣ ਉੱਤੇ ਸੱਤਿ ਸ੍ਰੀ ਅਕਾਲ ਬੁਲਾਈ। ਫੇਰ ਮੈਂ ਪੁੱਛਿਆ ਸਰ ਤੁਸੀਂ ਮੈਨੂੰ ਪਛਾਣਿਆ? ਕਹਿੰਦੇ ਕਿਉਂ ਨਹੀਂ ਤੂੰ ਹਰਜੋਗਿੰਦਰ ਹੈਂ। ਮੈਂ ਕਿਹਾ ਸਰ ਪੈਂਤੀ ਸਾਲ ਹੋ ਗਏ ਸਾਨੂੰ ਤੁਹਾਡੇ ਕੋਲ਼ੋਂ ਪੜ੍ਹ ਕੇ ਆਇਆਂ ਨੂੰ। ਕਹਿੰਦੇ ਅੱਛੇ ਸਟੂਡੈਂਟ ਕਦੀ ਨਹੀਂ ਭੁੱਲਦੇ। ਸੋ ਮਨ ਬੜਾ ਖ਼ੁਸ਼ ਹੋਇਆ। ਅੱਗੇ ਜੋ ਇੱਜ਼ਤ ਮਾਣ ਮੈਨੂੰ ਮਿਲਿਆ ਉਸ ਸਮੇਂ ਪੜ੍ਹਾਈ ਦਿੱਤੀ, ਇੱਜ਼ਤ ਦਿੱਤੀ, ਟੀਚਰ ਵੱਲੋਂ ਮਾਣ ਇੱਜ਼ਤ ਦਿੱਤੀ ਇਹ ਸਭ ਨੂੰ ਮਿਲੇ!
ਕਹਿੰਦੇ ਹਨ ਇਤਹਾਸ ਦੁਹਰਾਇਆ ਜਾਂਦਾ ਹੈ। ਸੁਆਦ ਤਾਂ, ਤਾਂ ਹੈ, ਜੇ ਸਾਡੇ ਕਾਲਜ ਦਾ ਜੀਵਨ ਦੀ ਵੀ ਕਿਧਰੇ ਮੁੜਕੇ ਆ ਜਾਵੇ!