ਮੇਰਾ ਪਿਉ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਬੇਹੋਸ਼ ਪਿਆ ਸੀ। ਆਕਸੀਜਨ ਲੱਗੀ ਹੋਈ। ਮੇਰੀ ਮਾਂ ਉਸਦੇ ਸਿਰਹਾਣੇ ਬੈਠੀ ਹੋਈ। ਮੈਂ ਤੇ ਮੇਰਾ ਦੋਸਤ ਬੜਾ ਚਿਰ ਖੱਜਲ-ਖ਼ਰਾਬ ਹੋਣ ਤੋਂ ਪਿਛੋਂ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਉਂਦਾ ਵੇਖ ਕੇ ਮਾਂ ਦਰਵਾਜ਼ੇ ਵਿਚ ਅੱਗਲਵਾਂਢੀ ਆ ਖੜੋਤੀ ਤੇ ਕਹਿਣ ਲੱਗੀ :
‘‘ਜਾਓ ਮੇਰੇ ਪੁੱਤ! ਪਹਿਲਾਂ ਰੋਟੀ ਖਾ ਆਓ। ਸਵੇਰ ਦਾ ਚਾਹ ਦਾ ਘੁੱਟ ਪੀ ਕੇ ਈ ਭੱਜੇ ਫਿਰਦੇ ਜੇ। ਉਤੋਂ ਦੁਪਹਿਰਾਂ ਚੜ੍ਹ ਆਈਆਂ।…ਮੈਂ ਬੈਠੀ ਆਂ ਤੁਹਾਡੇ ਪਿਉ ਕੋਲ…ਫ਼ਿਕਰ ਨਾ ਕਰੋ…’’ਉਸਦੇ ਜ਼ੋਰ ਦੇਣ ‘ਤੇ ਅਸੀਂ ਉਥੋਂ ਹੀ ਮੁੜ ਗਏ। ਢਾਬੇ ਤੋਂ ਰੋਟੀ ਖਾ ਕੇ ਪਰਤੇ ਤਾਂ ਮਾਂ ਨੇ ਕਿਹਾ, ‘‘ਪੁੱਤ! ਟੈਕਸੀ ਲੈ ਆਓ। ਤੁਹਾਡਾ ਪਿਉ ਪੂਰਾ ਹੋ ਗਿਐ। ਪੂਰਾ ਤਾਂ ਇਹ ਉਦੋਂ ਈ ਹੋ ਚੁੱਕਾ ਸੀ ਜਦੋਂ ਤੁਸੀਂ ਰਪੋਟ ਲੈ ਕੇ ਆਏ ਸੋ। ਮੈਂ ਈ ਸੋਚਿਆ, ਸਵੇਰ ਦੇ ਭੁੱਖਣ-ਭਾਣੇ ਫਿਰਦੇ ਨੇ। ਜੇ ਦੱਸ ਦਿੱਤਾ ਫਿਰ ਪਤਾ ਨਹੀਂ ਰੋਣ-ਕੁਰਲਾਉਣ ਵਿਚ ਮੇਰੇ ਪੁੱਤਾਂ ਨੂੰ ਰੋਟੀ ਖਾਣੀ ਕਦੋਂ ਨਸੀਬ ਹੋਵੇ’’ ਖ਼ੁਦ ਢਿੱਡੋਂ ਭੁੱਖੀ ਮਾਂ ਦਾ ਗੱਚ ਭਰ ਆਇਆ।ਆਪਣੀ ਮਾਂ ਦੇ ਉਸ ਜਿਗਰੇ ਤੇ ਮੁਹੱਬਤ ਨੂੰ ਨਮਸਕਾਰ