“ਮੁਆਫ਼ੀ ਮੰਗਦਾ ਹੋਇਆ ਸੂਚਨਾ ਦੇਣੀ ਚਾਹੁੰਦਾ ਹਾਂ ਕਿ ਸਮੇਂ ਦੀ ਕਮੀ ਕਾਰਨ ਇਸ ਵੇਰ ਅਸੀਂ ਕਵਿਤਾਵਾਂ ਅਤੇ ਗੀਤ ਨਹੀਂ ਮਾਣ ਸਕਾਂਗੇ।” ਮਈ 19 ਦੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਸਭਾ ਦੇ ਸਟੇਜ ਸਕੱਤਰ ਤਲਵਿੰਦਰ ਮੰਡ ਨੇ ਮਾਈਕ ਤੋਂ ਖਬਰ ਦਿੱਤੀ। ਮੈਂ ਅਚਾਨਕ ਆਪਣੀ ਕੁਰਸੀ ਤੋਂ ਉੱਠਿਆ ਅਤੇ ਜਾ ਕੇ ਮੰਡ ਦੇ ਕੰਨ ਵਿੱਚ ਕਿਹਾ, “ਇਹ ਸਮੇਂ ਦੀ ਘਾਟ ਦਾ ਘਾਟਾ ਹਰ ਵੇਰ ਹੀ ਕਵੀਆਂ ਦੇ ਵਲਵਲਿਆਂ ਦਾ ਘਾਣ ਕਰ ਜਾਂਦਾ ਹੈ। ਕਿਧਰੇ ਇਹ ਸਭਾ ਨੂੰ ਮਹਿੰਗਾ ਨਾ ਪੈ ਜਾਵੇ।”
ਤੇ ਅਗਲੇ ਹੀ ਪਲ ਇਹ ਵਿਚਾਰ ਸਟੇਜ ਸਕੱਤਰ ਨੇ ਜੁੜੀ ਸਭਾ ਦੀਆਂ ਸੋਚਾਂ ਵਿਹੜੇ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਮੇਂ ਦੀ ਮਜਬੂਰੀ ਅਤੇ ਮੰਚ ਦੀ ਦਸਤੂਰੀ ਦਾ ਹਵਾਲਾ ਦਿੰਦਿਆਂ ਖਿਮਾ ਇੱਕ ਵੇਰ ਫਿਰ ਮੰਗ ਲਈ।
ਵਿਹਲਿਆਂ ਅਤੇ ਇਕਾਂਤ ਪਲਾਂ ਵਿੱਚ ਇਸ ਸਾਰੀ ਸਥਿਤੀ ਨੂੰ ਮੈਂ ਗੰਭੀਰਤਾ ਨਾਲ ਵਿਚਾਰਿਆ। ਦੇਖ ਰਹੇ ਹਾਂ ਕਿ ਹਰ ਸਭਾ ਵਿੱਚ ਹੀ ਵਿਅਕਤੀ ਵਿਸ਼ੇਸ਼ ਦੀ ਉਡੀਕ ਕਰਦਿਆਂ-ਕਰਦਿਆਂ ਸਮਾਗਮ ਹਰ ਵੇਰ ਹੀ ਦੇਰੀ ਨਾਲ ਆਰੰਭ ਕੀਤੇ ਜਾਂਦੇ ਹਨ। ਅੰਤ ਉੱਤੇ ਸਮੇਂ ਦੀ ਘਾਟ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਉਸਦੇ ਨਾਲ-ਨਾਲ ਅੱਗੇ ਨੂੰ ਪ੍ਰੋਗਰਾਮ ਸਮੇਂ ਸਿਰ ਆਰੰਭ ਕਰਨ ਦਾ ਇਕਰਾਰ ਵੀ ਕੀਤਾ ਜਾਂਦਾ ਹੈ। ਪਰ ਹਰ ਵੇਰ ਹੁੰਦਾ ਹੈ ਉਹੋ ਹੀ ਹੈ ਜੋ ਮਨਜ਼ੂਰੇ ਖੁਦਾ (ਵਿਅਕਤੀ ਵਿਸ਼ੇਸ਼ ਨੂੰ) ਹੁੰਦਾ ਹੈ। ਇੱਥੇ ‘ਓਹੀ ਖੋਤੀ, ਓਹੀ ਰਾਮ ਦਿਆਲ ਜਾਂ ਮੁੜਘਿੜ ਖੋਤੀ ਬੋਹੜ ਥੱਲੇ’ ਦੇ ਅਖਾਣ ਆਪਣੇ ਆਪ ਹੀ ਸਿਮਰਤੀ ਵਿੱਚ ਖਲਲ ਆ ਪਾਉਂਦੇ ਹਨ। ਲਗਭਗ ਹਰ ਸਭਾ ਵਿੱਚ ਹੀ ਉਪ੍ਰੋਕਤ ਵਰਤਾਰਾ ਦੁਹਰਾਇਆ ਜਾਂਦਾ ਹੈ ਤੇ ਹਰ ਵੇਰ ਹੀ ਕਲਾ ਅਤੇ ਕਲਾਕਾਰਾਂ ਦਾ ਥੋੜ੍ਹਾ ਬਹੁਤਾ ਕਲਿਆਣ ਕਰ ਦਿੱਤਾ ਜਾਂਦਾ ਹੈ।
ਗੰਭੀਰਤਾ ਨਾਲ ਸੋਚ ਰਿਹਾ ਸਾਂ ਕਿ ਮੈਂ ਸਟੇਜ ਸਕੱਤਰ ਕੋਲ਼ ਗਿਆ ਹੀ ਕਿਓਂ? ਜਦੋਂ ਕਿ ਮੈਂ ਹਰ ਵੇਰ ਇਹੋ ਹੀ ਨਿਰਨਾ ਕਰਕੇ ਸਾਹਿਤਕ ਸਭਾਵਾਂ ਵਿੱਚ ਜਾਂਦਾ ਹਾਂ ਕਿ ਕੇਵਲ ਸਾਹਿਤਕਾਰਾਂ ਨੂੰ ਸੁਣਨਾ ਹੈ ਅਤੇ ਮਾਨਣਾ ਹੈ ਪਰ ਆਪ ਕੁਝ ਨਹੀਂ ਬੋਲਣਾ। ਇਸ ਵੇਰ ਤਾਂ ਪ੍ਰਿੰਸੀਪਲ ਸਰਵਣ ਸਿੰਘ ਅਤੇ ਪੂਰਨ ਸਿੰਘ ਪਾਂਧੀ ਨੂੰ ਦਰਸ਼ਣ-ਪਰਸ਼ਣ ਦੇਣ ਲਈ ਮੈਂ ਆਪ ਵੀ ਬੇਨਤੀ ਕਰਕੇ ਬੁਲਾਇਆ ਸੀ। ਉਹ ਵੀ ਅੱਧੋ ਅੱਧ ਸੁਆਹਾ ਹੀ ਰਿਹਾ। ਇਨ੍ਹਾਂ ਵਿੱਚੋਂ ਕੇਵਲ ਪ੍ਰਿੰਸੀਪਲ ਸਾਹਿਬ ਨਾਲ ਹੀ ਨਿੱਠ ਕੇ ਵਿਚਾਰ ਵਟਾਂਦਰਾ ਹੋ ਸਕਿਆ, ਪੂਰਨ ਸਿੰਘ ਪਾਂਧੀ ਤਾਂ, ਅਖੇ ਸ਼ੇਰਾਂ ਦੇ ਲੂੰ ਦੀ ਲੋੜ ਪਈ, ਕਹਿੰਦੇ ਯਾਰ ਤਾਂ ਜੰਗਲ਼ਾਂ ਵਿੱਚ ਰਹਿੰਦੇ ਹਨ। ਪਾਂਧੀ ਸਾਹਿਬ ਸਾਰਿਆਂ ਤੋਂ ਪਿੱਛੋਂ ਆਏ ਤੇ ਸਾਰਿਆਂ ਤੋਂ ਪਹਿਲੋਂ ‘ਅਹੁ ਗਏ ਅਹੁ ਗਏ’ ਹੋ ਗਏ। ਪੰਛੀ ਦੇ ਪਰਛਾਵੇਂ ਵਾਂਗੂੰ ਉਨ੍ਹਾਂ ਦੀ ਪੈੜ ਦੀ ਮਿੱਟੀ ਵੀ ਨਾ ਪਾਈ। ਉਨ੍ਹਾਂ ਦੇ ਸੰਘਰਸ਼ ਪੂਰਨ ਜੀਵਨ ਸਫਰ ਵਿੱਚੋਂ ਚੋਣਵੇਂ ਮੋਤੀ ਸੁਣ ਅਤੇ ਚੁਣ ਲੈਣ ਦੀ ਸਦਾ ਹੀ ਅਭਿਲਾਸ਼ਾ ਬਣੀ ਰਹਿੰਦੀ ਹੈ। ਵੱਖਰੀ ਹੈ ਗੱਲ! ਉਹ ਨਸੀਬ ਹੋਣ ਜਾਂ ਨਾ ਹੋਣ।
ਇਸ ਵੇਰ ਸਭਾ ਦੀ ਵੱਡੀ ਖਿੱਚ ਪ੍ਰੋਫੈੱਸਰ ਵਰਿਆਮ ਸਿੰਘ ਸੰਧੂ ਸਨ, ਜਿਨ੍ਹਾਂ ਨੇ ਡਾ. ਸੁਖਦੇਵ ਸਿੰਘ ਝੰਡ ਦੀ ਸਵੈਜੀਵਨੀ ‘ਪੱਤੇ ਤੇ ਪਰਛਾਵੇਂ’ ਉੱਤੇ ਆਪਣੇ ਵਿਚਾਰ ਪਰਗਟ ਕਰਨੇ ਸਨ। ਸੰਧੂ ਨੂੰ ਸੁਣਨ ਅਤੇ ਪੜ੍ਹਨ ਦਾ ਆਪਣਾ ਹੀ ਆਨੰਦ ਹੁੰਦਾ ਹੈ। ਉਸਨੂੰ ਮਾਣਦਿਆਂ ਸੁੱਧ ਅਤੇ ਬੁੱਧ ਦੋਵੇਂ ਸਰਸ਼ਾਰ ਹੋ ਜਾਂਦੀਆਂ ਹਨ। ਇਹ ਮੈਂ ਇਕੱਲਾ ਨਹੀਂ ਕਹਿੰਦਾ, ਸਗੋਂ ਲੋਕ ਕਹਿੰਦੇ ਨੇ। ਪ੍ਰੋਫੈੱਸਰ ਰਾਮ ਸਿੰਘ ਦੇ ਬੋਲ ਵੀ ਰੂਹ ਨੂੰ ਅੱਲੋਕਾਰੀ ਮੰਡਲਾਂ ਵਿੱਚ ਲੈ ਜਾਂਦੇ ਹਨ।
ਅਸਲ ਮੁੱਦਾ ਤਾਂ ਮੇਰਾ ਸਟੇਜ ਸਕੱਤਰ ਕੋਲ ਜਾਣ ਦਾ ਹੈ! ਮੈਂ ਕਿਓਂ ਗਿਆ? ਮੈਂ ਕਵੀਆਂ ਦਾ ਮੁਦਈ ਕਿਓਂ ਬਣਿਆ? ਚਾਰੇ ਕੂਟਾਂ ਫੋਲਣ ਪਿੱਛੋਂ ਸੱਚ ਨੇ ਸਿੱਟਾ ਇਹ ਕੱਢਿਆ ਕਿ ਮੈਂ ਤਾਂ ਆਪਣੀ ਇੱਛਾ ਨਾਲ ਗਿਆ ਹੀ ਨਹੀਂ ਸਗੋਂ ਮੈਂਨੂੰ ਬਾਹੋਂ ਪਕੜ ਲੈ ਜਾਇਆ ਗਿਆ। ਲੈ ਜਾਣ ਵਾਲ਼ਾ ਕੌਣ ਸੀ? ਇਹ ਮੈਂਨੂੰ ਦੱਸਿਆ ਮੇਰੀ ਸੋਚ ਨੇ, ਸੋਚਦਿਆਂ ਕਿ ਮੈਂ ਸਾਹਿਤਕ ਸਭਾਵਾਂ ਵਿੱਚ ਕਿਓਂ ਜਾਂਦਾ ਹਾਂ? ਕਵੀਆਂ, ਗੀਤਕਾਰਾਂ ਵਿੱਚੋਂ ਕੁਝ ਐਸੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਦੇ ਦਰਸ਼ਣ ਕਰਕੇ ਹੀ ਧੰਨ-ਧੰਨ ਹੋ ਜਾਈਦਾ ਹੈ। ਉਨ੍ਹਾਂ ਵੱਲੋਂ ਕੀਤੀ ਗਈ ਨਵੇਕਲੀ ਪੇਸ਼ਕਾਰੀ ਕਈ-ਕਈ ਦਿਨ ਰੂਹ ਨੂੰ ਉੱਚਿਆਂ ਮੰਡਲਾਂ ਵਿੱਚ ਉਡਾਈ ਰੱਖਦੀ ਹੈ। ਆਪਣਾ ਆਪ ਚੰਗਾ ਚੰਗਾ ਲੱਗਦਾ ਰਹਿੰਦਾ ਹੈ, ਸਾਰਾ ਸੰਸਾਰ ਹੀ ਆਪਣਾ ਆਪਣਾ ਲੱਗਣ ਲੱਗ ਜਾਂਦਾ ਹੈ।
ਜਾਣਦਾ ਹਾਂ! ਕਿ ਜੇ ਵਰਣਨ ਵਿੱਚ ਕੁਝ ਨਾਵਾਂ ਦਾ ਵਰਣਨ ਰਹਿ ਗਿਆ, ਤਾਂ ਰਹਿ ਗਿਆਂ ਨਾਵਾਂ ਨਾਲ ਬੇਰੁਖ਼ੀ ਹੋਵੇਗੀ। ਹਰ ਇੱਕ ਵਿਅਕਤੀ ਹੀ ਵਿਲੱਖਣ ਹੁੰਦਾ ਹੈ, ਇਹ ਸੱਚ ਹੈ। ਫਿਰ ਵੀ ਕੁਝ ਕੁ ਦਾ ਪਰਭਾਵ ਉਜਾਗਰ ਕਰਨਾ ਬੇਬਸੀ ਬਣ ਗਈ ਹੈ। ਕੁਝ ਐਸੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੀ ਹਾਜ਼ਰੀ ਨਾਲ ਸਭਾ ਵਿੱਚ ਚਾਨਣ-ਚਾਨਣ ਅਨੁਭਵ ਹੁੰਦਾ ਹੈ। ਅਖੇ, ‘ਮਾਂ ਦਿਆ ਚਿੱਤ ਚਾਨਣਾ, ਸਾਰੇ ਜੱਗ ਤੇ ਚਾਨਣਾ ਤੇਰਾ।’ ਸਾਰੇ ਬਾਗ ਦੀ ਖੁਸ਼ਬੋਈ ਤੇ ਸੁਹੱਪਣ ਉਸ ਇੱਕੋ ਫੁੱਲ ਵਿੱਚ ਪਰਗਟ ਹੋਇਆ ਪਰਤੀਤ ਹੁੰਦਾ ਹੈ। ਬੋਲਾਂ ਵਿੱਚੋਂ ਸੰਗੀਤ ਦੀਆਂ ਸੱਭੇ ਸੁਰਾਂ ਰਸ ਘੋਲਦੀਆਂ ਅਨੁਭਵ ਹੁੰਦੀਆਂ ਹਨ। ਅਜਿਹੇ ਖ਼ੁਸ਼ਗਵਾਰ ਵਾਤਾਵਰਨ ਵਿੱਚ ਸਾਰਾ ਜੀਵਨ ਗੁਜ਼ਾਰ ਦੇਣ ਲਈ ਲੋਚਾ ਤਾਂਘਦੀ ਹੈ। ਸੱਚ ਬਿਆਨਣ ਲਈ ਸ਼ਬਦ ਨਹੀਂ ਲੱਭਦੇ।
ਇਕਬਾਲ ਬਰਾੜ ਦੇ ਗੀਤਾਂ ਦੀ ਸਮੇਂ ਅਨੁਸਾਰ ਚੋਣ, ਉਸਦੀ ਮਧੁਰ ਆਵਾਜ਼ ਅਤੇ ਸੁਹਾਵਣੇ ਨੈਣ-ਨਕਸ਼ਾਂ ਵਾਲ਼ੀ ਪੇਸ਼ਕਾਰੀ ਰੂਹ ਦੀ ਖੁਰਾਕ ਵੀ ਹੈ ਤੇ ਭੁੱਖ ਵੀ। ਖੁਰਾਕ ਵੀ ਐਸੀ ਜਿਸ ਨਾਲ ਮਨ ਮੌਲਦਾ ਹੈ ਅਤੇ ਰੂਹ ਰੁਹਾਨੀ ਉੱਚੀਆਂ ਉਡਾਰੀਆਂ ਭਰਨ ਲਈ ਪਰ ਤੋਲਦੀ ਹੈ। ਸੁਖਮਿੰਦਰ ਰਾਮਪੁਰੀ ਦੇ ਸਮੇਂ ਦੇ ਹਾਣੀ ਅਤੇ ਵਿਵੇਕ ਪੂਰਨ ਬਲਬਲੇ ਜਦੋਂ ਤਰੰਨਮ ਦੀਆਂ ਲਹਿਰਾਂ ਉੱਤੇ ਤੈਰਦੇ ਸੰਦਲੀ ਯਾਦਾਂ ਦੇ ਸੁਨੇਹੇ ਲੈ ਕੇ ਸੋਚਾਂ ਦੇ ਵਿਹੜੇ ਪੋਲੇ-ਪੋਲੇ ਪੱਬ ਟਿਕਾਉਂਦੇ ਹਨ ਤਾਂ ਮਨ ਦਾ ਮੋਰ ਪਾਇਲਾਂ ਪਾਉਣ ਲੱਗ ਜਾਂਦਾ ਹੈ ਅਤੇ ਮਾਨਵ ਹੋਰ ਦਾ ਹੋਰ ਹੋ ਜਾਂਦਾ ਹੈ। ਰਿੰਕੂ ਭਾਟੀਆ ਦੇ ਪੇਸ਼ ਕੀਤੇ ਗਏ ਗੀਤਾਂ ਵਿੱਚ ਸਾਹਿਤਕ-ਰਸ ਤੇ ਸਰੋਦੀ ਲੈਅ ਵਿੱਚੋਂ ਚੈਨ ਮਿਲਦਾ ਹੈ ਤੇ ਸੁਪਨਿਆਂ ਦਾ ਝੁਰਮਟ ਆਸਾਂ ਦੇ ਆਲ੍ਹਣਿਆਂ ਵਿੱਚ ਉਡਾਰੀਆਂ ਭਰਨ ਲਈ ਬੇਚੈਨ ਹੋ ਜਾਂਦਾ ਹੈ। ਅਵਤਾਰ ਅਰਸ਼ੀ ਆਪਣੀ ਮਿਸਾਲ ਆਪ ਹੈ। ਹਰ ਵੇਰ ਆਪਣੀ ਪਛਾਣ ਦੀ ਸਿਮਰਤੀ ਵਿੱਚ ਡੂੰਘੀ ਛਾਪ ਛੱਡ ਜਾਂਦਾ ਹੈ। ਪਰਮਜੀਤ ਢਿੱਲੋਂ ਦੇ ਤਰੰਨਮ ਨਾਲ ਤ੍ਰਿਪਤੇ ਬੋਲ ਮਨ ਮੋਹ ਲੈਂਦੇ ਹਨ। ਪਰ ਅੱਜ ਕੱਲ੍ਹ ਉਹ ਕੁਝ ਮਹਿੰਗਾ ਹੋ ਗਿਆ ਹੈ।
ਕਵੀ ਜਾਂ ਸਾਹਿਤਕਾਰ ਅਣਗੌਲਿਆਂ ਕਰਨ ਵਾਲ਼ੇ ਨਹੀਂ ਹੁੰਦੇ। ਇਹ ਤਾਂ ਸਾਡੇ ਅਤੇ ਸਮਾਜ ਦੇ ਕੀਮਤੀ ਗਹਿਣੇ ਹਨ। ਇਹ ਜੀਵਨ ਦੇ ਉਹ ਪਰਮ ਹੰਸ ਹਨ ਜੋ ਗਹਿਰ ਗੰਭੀਰ ਸੋਚਾਂ ਵਿੱਚੋਂ ਚੁਣ ਚੁਣਕੇ ਅਮੁੱਲੇ ਮੋਤੀ ਮਾਨਵਤਾ ਦੇ ਪੱਲੇ ਪਾਈ ਜਾਂਦੇ ਹਨ। ਜੀਵਨ ਨੂੰ ਹੋਰ ਜਿਉਣ ਅਤੇ ਮਾਨਣ ਯੋਗ ਬਣਾਈ ਜਾਂਦੇ ਹਨ। ਹਰ ਵਿਅਕਤੀ ਦਾ ਕਲਾਤਮਕ ਪੱਧਰ ਆਪੋ ਆਪਣੀ ਘਾਲਣਾ ਅਤੇ ਪਰਸਥਿਤੀਆਂ ਅਨੁਸਾਰ ਆਪੋ ਆਪਣਾ ਹੁੰਦਾ ਹੈ ਪਰ ਹੁੰਦੇ ਨੇ ਸਾਰੇ ਹੀ ਸਤਿਕਾਰ ਯੋਗ ਅਤੇ ਸੰਭਾਲਣ ਯੋਗ। ਬੱਸ ਉਨ੍ਹਾਂ ਨੂੰ ਮਾਨਣ ਦਾ ਇਹੋ ਵਲਵਲਾ ਮੈਂਨੂੰ ਬਾਹੋਂ ਪਕੜ ਸਟੇਜ ਸਕੱਤਰ ਤਲਵਿੰਦਰ ਮੰਡ ਕੋਲ਼ ਲੈ ਗਿਆ। ਮੁਆਫ਼ ਕਰਨਾ! ਉੱਥੇ ਮੈਂ ਆਪਣੇ ਆਪ ਨਹੀਂ ਸੀ ਗਿਆ।