ਓਲੰਪਿਕ ਰਤਨ ਬਲਬੀਰ ਸਿੰਘ ਤਿੰਨ ਮਹੀਨਿਆਂ ਤੋਂ ਪੀ ਜੀ ਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਇਹ ਕਹਿ ਲਓ ਕਿ ਤਿੰਨ ਮਹੀਨਿਆਂ ਤੋਂ ਉਹਦਾ ਜ਼ਿੰਦਗੀ-ਮੌਤ ਦਾ ਮੈਚ ਚੱਲ ਰਿਹਾ ਹੈ। ਉਹਦੀ ਜੀਵਨੀ ਦਾ ਨਾਂ ਮੈਂ ‘ਗੋਲਡਨ ਗੋਲ’ ਰੱਖਿਆ ਸੀ। ਉਸਦੀਆਂ ਅੰਤਲੀਆਂ ਸਤਰਾਂ ਸਨ: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦਾ ਹੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦਾ ਹੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉੱਪਰਲੇ ਨਾਲ ਹੈ। ਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।”
ਪੁਸਤਕ ਦੇ ਸਮਾਪਤੀ ਸ਼ਬਦ ਸਨ, “ਕੀ ਸਰਕਾਰ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ?”
ਅੱਜ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਬਲਬੀਰ ਸਿੰਘ ਪੀ ਜੀ ਆਈ ਚੰਡੀਗੜ੍ਹ ਵਿਚ ਮਸ਼ੀਨਾਂ ਦੇ ਸਹਾਰੇ ਸਾਹ ਲੈ ਰਿਹਾ ਹੈ। ਉਸਦੀ ਧੀ ਸੁਸ਼ਬੀਰ ਕੌਰ ਦੇ ਦੱਸਣ ਮੂਜਬ ਉਸਦੇ ਪਿਤਾ ਜੀ ਨੂੰ ਆਕਸੀਜ਼ਨ ਤੇ ਦਵਾਈਆਂ ਦੀਆਂ ਨਲਕੀਆਂ ਲੱਗਦੀਆਂ ਰਹਿੰਦੀਆਂ ਹਨ। ਡੇਢ ਮਹੀਨਾ ਆਈ ਸੀ ਯੂ ਵਿਚ ਰਹਿਣ ਪਿੱਛੋਂ 21 ਦਸੰਬਰ ਨੂੰ ਫਿਰ ਆਈ ਸੀ ਯੂ ਵਿਚ ਜਾਣਾ ਪਿਆ। ਹਾਲਤ ਸਥਿਰ ਹੈ। ਹਾਲੇ ਉਹ ਬੋਲਣ ਦੀ ਸਥਿਤੀ ਵਿਚ ਨਹੀਂ ਪਰ ਹੋਸ਼ ਵਿਚ ਹਨ। ਚਿਹਰੇ ਤੋਂ ਭਾਵ ਪਰਗਟ ਕਰਦੇ ਹਨ। ਪਰਿਵਾਰ ਨੂੰ ਆਸ ਸੀ ਕਿ ਉਨ੍ਹਾਂ ਦਾ 96ਵਾਂ ਜਨਮ ਦਿਨ ਮਨਾਉਣ ਤਕ ਉਹ ਘਰ ਆ ਜਾਣਗੇ। ਪਰ ਲੱਗਦਾ ਹੈ ਉਨ੍ਹਾਂ ਦਾ ਜਨਮ ਦਿਨ ਇਸ ਵਾਰ ਹਸਪਤਾਲ ਵਿਚ ਹੀ ਮਨਾਇਆ ਜਾਵੇਗਾ।
ਸੁਸ਼ਬੀਰ ਕੌਰ ਤੇ ਉਸ ਦਾ ਪੁੱਤਰ ਕਬੀਰ ਸਿੰਘ ਬਲਬੀਰ ਸਿੰਘ ਦੀ ਸੇਵਾ ਵਿਚ ਹਨ। ਦੋਹਤੇ ਕਬੀਰ ਦਾ ਕਹਿਣਾ ਹੈ ਕਿ ਉਸ ਦਾ ਤਾਂ ਜਨਮ ਹੀ ਨਾਨਾ ਜੀ ਦੀ ਸੇਵਾ ਸੰਭਾਲ ਲਈ ਹੋਇਆ ਸੀ। ਬਲਬੀਰ ਸਿੰਘ ਦੀ ਇਕ ਧੀ ਤੇ ਤਿੰਨ ਪੁੱਤਰ ਹਨ। ਪੁੱਤਰਾਂ ਦੇ ਪਰਿਵਾਰ ਕੈਨੇਡਾ ਵਿਚ ਰਹਿੰਦੇ ਹਨ। ਉਸਦੀ ਪਤਨੀ ਸੁਸ਼ੀਲ ਕੌਰ 1983 ਵਿੱਚ ਪਰਲੋਕ ਸਿਧਾਰੀ ਤਾਂ ਉਹ ਚੰਡੀਗੜ੍ਹ ਵਾਲੀ ‘ਓਲੰਪੀਆ’ ਨਾਂ ਦੀ ਕੋਠੀ ਵੇਚ ਕੇ ਵੈਨਕੂਵਰ ਆਪਣੇ ਪੁੱਤਰਾਂ ਪਾਸ ਚਲਾ ਗਿਆ ਸੀ। ਧੀ ਦਿੱਲੀ ਵਿਖੇ ਆਪਣੇ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਨਾਲ ਰਹਿੰਦੀ ਸੀ। ਰਿਟਾਇਰ ਹੋਣ ਪਿੱਛੋਂ ਉਹ ਚੰਡੀਗੜ੍ਹ ਆ ਵਸੇ ਸਨ ਜਿੱਥੇ 2012 ਵਿੱਚ ਮਲਵਿੰਦਰ ਸਿੰਘ ਭੋਮੀਆ ਦਾ ਦੇਹਾਂਤ ਹੋ ਗਿਆ। ਉਦੋਂ ਤੋਂ ਬਲਬੀਰ ਸਿੰਘ ਆਪਣੀ ਧੀ ਕੋਲ ਆ ਗਏ ਸਨ। 2014-15 ਵਿਚ ਮੈਂ ਚੰਡੀਗੜ੍ਹ ਵਿਖੇ ਮਿਲਦਿਆਂ ਗਿਲਦਿਆਂ ਹੀ ਮੈਂ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲਿਖੀ ਸੀ।
ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਹੈ। ਉਸ ਨੇ ਸੈਂਕੜੇ ਮੈਦਾਨਾਂ ਵਿਚ ਹਜ਼ਾਰਾਂ ਗੋਲ ਕੀਤੇ। ਉਸ ਨੂੰ ਹਾਕੀ ਦਾ ‘ਗੋਲ ਕਿੰਗ’ ਕਿਹਾ ਜਾਂਦਾ ਸੀ। ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਓਲੰਪਿਕ ਰਿਕਾਰਡ 66 ਸਾਲ ਬਾਅਦ ਵੀ ਉਹਦੇ ਨਾਂ ਖੜ੍ਹਾ ਹੈ! 2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਓਲੰਪਿਕ ਖੇਡਾਂ ਦੇ ਸਫ਼ਰ ਵਿੱਚੋਂ ਜਿਹੜੇ 16 ‘ਆਈਕੌਨਿਕ ਓਲੰਪੀਅਨ’ ਚੁਣੇ ਗਏ ਸਨ ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਤੇ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ। ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਕਿਸੇ ਸਰਕਾਰ ਨੇ ਕੋਈ ਵਿਸ਼ੇਸ਼ ਮਾਣ/ਸਨਮਾਨ ਤਾਂ ਕੀ ਦੇਣਾ ਸੀ, ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਹਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ ‘ਗੁਆ’ ਦਿੱਤੀਆਂ ਹਨ। ਮੀਡੀਏ ਨੇ ਇਸ ਦੀ ਦੁਹਾਈ ਵੀ ਪਾਈ। ਇਹ ਹਾਲ ਹੈ ਓਲੰਪਿਕ ਖੇਡਾਂ ਵਿੱਚੋਂ ਸਭ ਤੋਂ ਵੱਧ ਵਾਰ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ!
1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਉਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ ‘ਸਾਈ’ ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ ‘ਜਾਂਦੇ’ ਰਹਿਣੇ ਸਨ!
85 ਸਾਲ ਦੀ ਉਮਰ ਵਿਚ ਉਸ ਨੇ ਹਾਕੀ ਬਾਰੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਲਿਖੀ ਸੀ। ਉਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਦੇ ਸ਼ਬਦਾਂ ਵਿਚ, “ਇਕ ਓਲੰਪੀਅਨ ਵਜੋਂ ਮੈਨੂੰ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤਕ ਪੁਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜੁਆਨ ਉਸ ਦੇ ਵਿਖਾਏ ਖੇਡ ਮਾਰਗ ’ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।”
2014 ਵਿਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ ਜਿਸ ਦਾ ਉਹ ਸਹੀ ਹੱਕਦਾਰ ਹੈ। ਉਸਦੀਆਂ ਖੇਡ ਪ੍ਰਾਪਤੀਆਂ ਹਾਕੀ ਦੇ ਮਰਹੂਮ ਖਿਡਾਰੀ ਧਿਆਨ ਚੰਦ ਤੋਂ ਵੀ ਵੱਧ ਹਨ। ਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਨਾਲ ਰਲ ਕੇ ਤਿੰਨ ਗੋਲਡ ਮੈਡਲ ਜਿੱਤੇ ਤੇ ਯੂਨੀਅਨ ਜੈਕ ਝੁਲਾਏ ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਨਿਰੋਲ ਭਾਰਤੀ ਖਿਡਾਰੀਆਂ ਨਾਲ ਰਲ ਕੇ ਤਿੰਨ ਗੋਲਡ ਮੈਡਲ ਜਿੱਤੇ ਤੇ ਤਿਰੰਗੇ ਲਹਿਰਾਏ। ਬਲਬੀਰ ਸਿੰਘ ਦੋ ਉਲੰਪਿਕਸ ਵਿਚ ਭਾਰਤੀ ਖੇਡ ਦਲਾਂ ਦਾ ਝੰਡਾ ਬਰਦਾਰ ਬਣਿਆ। ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁੱਧ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂ ਬੋਲਦਾ ਹੈ। ਉੱਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਗੋਲਡ ਮੈਡਲ ਜਿੱਤਿਆ ਸੀ। ਬਲਬੀਰ ਸਿੰਘ ਨੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਹੋਣ ਤੋਂ ਇਲਾਵਾ ਦੋ ਪੁਸਤਕਾਂ ‘ਗੋਲਡਨ ਹੈਟ ਟ੍ਰਿਕ’ ਤੇ ‘ਗੋਲਡਨ ਯਾਰਡ ਸਟਿੱਕ’ ਵੀ ਲਿਖੀਆਂ। ਮੇਰਾ ਸੁਭਾਗ ਹੈ ਕਿ ਮੈਨੂੰ ਬਲਬੀਰ ਸਿੰਘ ਨੂੰ ਮਿਲਣ ਗਿਲਣ ਤੇ ਉਸ ਦੀ ਜੀਵਨੀ ‘ਗੋਲਡਨ ਗੋਲ’ ਲਿਖਣ ਦਾ ਮੌਕਾ ਮਿਲਿਆ।
ਉਸਦਾ ਜਨਮ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ।। ਉਸਦਾ ਦਾਦਕਾ ਪਿੰਡ ਪਵਾਦੜਾ ਹੈ। ਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਚ ਹਨ। ਪਾਸਪੋਰਟ ਉੱਤੇ ਉਸਦਾ ਪੂਰਾ ਨਾਂ ਬਲਬੀਰ ਸਿੰਘ ਦੁਸਾਂਝ ਦਰਜ ਹੈ। ਉਹ ਖੁੱਲ੍ਹੇ ਦਿਲ ਵਾਲਾ ਮਾਨਵਵਾਦੀ ਇਨਸਾਨ ਹੈ। ਉਸਦੇ ਤਿੰਨੇ ਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ ਤੇ ਗੁਰਬੀਰ ਸਿੰਘ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ।
ਕ੍ਰਿਕਟ ਦੀ ਖੇਡ ਦੇ ਨੌਜੁਆਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਤਾਂ ਜਿਊਂਦੇ ਜੀਅ ਭਾਰਤ ਰਤਨ ਅਵਾਰਡ ਦੇ ਦਿੱਤਾ ਗਿਆ। ਵੇਖਦੇ ਹਾਂ ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਉਹਦੇ ਜਿਊਂਦੇ ਜੀਅ ਮਿਲਦੈ ਜਾਂ ਜੀਵਣ ਉਪਰੰਤ?