ਕੁਝ ਸਮਾਂ ਪਹਿਲਾਂ ਮੈਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਬਾਰੇ ਲੇਖ ਲਿਖਿਆ ਸੀ, ‘ਕਿਆ ਬਾਤਾਂ ਪਿੰਡ ਚਕਰ ਦੀਆਂ’। ਮੈਂ ਉਸ ਪਿੰਡ ਦੇ ਦਰਸ਼ਨ ਕਰ ਕੇ ਚਕ੍ਰਿਤ ਰਹਿ ਗਿਆ ਸਾਂ। ਪੰਜਾਬ ਜਾਂ ਭਾਰਤ ਸਰਕਾਰ ਦੇ ਸਹਿਯੋਗ ਬਿਨਾ ਹੀ ਇੰਨਾ ਵਿਕਾਸ! ਪੁੱਛ ਦੱਸ ਪਿੱਛੋਂ ਪਤਾ ਲੱਗਾ ਪਈ ਪਿੰਡ ਚਕਰ ਪੁੱਠੇ ਚੱਕਰ ਵਿੱਚੋਂ ਨਿਕਲ ਕੇ ਸਿੱਧੇ ਚੱਕਰ ’ਤੇ ਐਸਾ ਤੁਰਿਆ ਕਿ ਅਨੋਖਾ ਮਾਡਲ ਪਿੰਡ ਬਣ ਗਿਆ ਹੈ। ਪਿੰਡ ਦੇ ਪਰਵਾਸੀ ਭਰਾਵਾਂ ਅਜਮੇਰ ਸਿੰਘ ਤੇ ਬਲਦੇਵ ਸਿੰਘ ਸਿੱਧੂ ਦੇ ਉੱਦਮ ਨਾਲ ਦਸ ਕਰੋੜ ਰੁਪਇਆ ਵਿਦੇਸ਼ਾਂ ਵਿੱਚੋਂ ਇਕੱਠਾ ਕੀਤਾ ਤੇ ਦਸ ਕਰੋੜ ਦੀ ਹੀ ਪਿੰਡ ਵਾਲਿਆਂ ਨੇ ਕਾਰ ਸੇਵਾ ਕੀਤੀ। ਕੇਵਨ ਮੌਰਗਨ ਨਾਂ ਦੇ ਇਕ ਗੋਰੇ ਨੇ ਪਿੰਡ ਦੇ ਵਿਕਾਸ ਅਤੇ ਖੇਡ ਅਕੈਡਮੀ ਤੋਂ ਖ਼ੁਸ਼ ਹੋ ਕੇ ਕਰੋੜ ਰੁਪਏ ਦਾ ਦਾਨ ਦਿੱਤਾ। ਚਕਰੀਆਂ ਨੇ ਇਕ ਝੀਲ ਦਾ ਨਾਂ ਹੀ ‘ਮੌਰਗਨ ਲੇਕ’ ਰੱਖ ਦਿੱਤਾ ਜਿਸ ਵਿਚ ਸੈਰ ਸਪਾਟੇ ਲਈ ਕਿਸ਼ਤੀਆਂ ਚਲਦੀਆਂ ਹਨ।
ਪਿੰਡ ਦੇ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਾਬਾ ਸੀਚੇਵਾਲ ਨੇ ਪਹਿਲਾ ਟੱਕ ਲਾ ਕੇ ਕੀਤਾ। ਤਿੰਨਾਂ ਛੱਪੜਾਂ ਨੂੰ ਝੀਲਾਂ ਤੇ ਪਾਰਕਾਂ ਦਾ ਰੂਪ ਦੇ ਦਿੱਤਾ ਗਿਆ। ਫੁੱਲਾਂ ਬੂਟਿਆਂ ਨਾਲ ਮਹਿਕਦੇ ਸੁੰਦਰ ਪਾਰਕ ਬਣਾਏ ਗਏ ਅਤੇ ਪਿੰਡ ਵਿਚ ਥਾਂ ਪਰ ਥਾਂ ਪੱਕੇ ਬੈਂਚ ਡਾਹੇ ਗਏ। ਬੱਸ ਅੱਡੇ ਨਵਿਆਏ ਗਏ। ਗਲੀਆਂ ਖੁੱਲ੍ਹੀਆਂ ਅਤੇ ਪੱਕੀਆਂ ਕੀਤੀਆਂ ਗਈਆਂ। ਸੀਵਰੇਜ ਦਾ ਪਾਣੀ ਟਰੀਟ ਕਰ ਕੇ ਫਸਲਾਂ ਲਈ ਵਰਤਿਆ ਜਾਣ ਲੱਗਾ। ਪਿੰਡ ਦੀਆਂ ਨੌਂ ਸੱਥਾਂ ਨਵਿਆਈਆਂ ਗਈਆਂ। ਗਲੀਆਂ ਵਿਚ, ਫਿਰਨੀ ਉੱਤੇ ਤੇ ਰਾਹਾਂ ਪਹਿਆਂ ਉੱਤੇ ਹਜ਼ਾਰਾਂ ਰੁੱਖ ਲਾਏ ਗਏ। ਤਿੰਨਾਂ ਚਹੁੰ ਸਾਲਾਂ ਵਿਚ ਹੀ ਪਿੰਡ ਚਕਰ ਇੱਕ ਚਾਨਣ ਮੁਨਾਰਾ ਬਣ ਗਿਆ, ਜਿਸ ਨੂੰ ਦੂਰੋਂ ਨੇੜਿਓਂ ਲੋਕ ਵੇਖਣ ਆਉਣ ਲੱਗੇ। ਚਕਰ ਬਾਰੇ ਇਕ ਪੁਸਤਕ ‘ਚਾਨਣ ਮੁਨਾਰਾ ਚਕਰ’ ਪ੍ਰਕਾਸ਼ਿਤ ਕੀਤੀ ਗਈ ਜਿਸ ਤੋਂ ਜਾਣਕਾਰੀ ਹਾਸਲ ਕਰ ਕੇ ਸੌ ਤੋਂ ਵੱਧ ਪਿੰਡ ਚਕਰ ਦੇ ਪੰਧ ਉੱਤੇ ਤੁਰੇ। ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ’ਤੇ ਮੈਡਲ ਜਿੱਤਣੇ ਸ਼ੁਰੂ ਕੀਤੇ। ਸਤਾਰਾਂ ਸਾਲ ਦੀ ਇਕ ਲੜਕੀ ਮਨਦੀਪ ਕੌਰ ਸੰਧੂ ਮੁੱਕੇਬਾਜ਼ੀ ਦੀ ਜੂਨੀਅਰ ਵਰਲਡ ਚੈਂਪੀਅਨ ਬਣੀ। ਉਸ ਨੂੰ ਏਸ਼ੀਆ ਦੀ ਸਰਵੋਤਮ ਜੂਨੀਅਰ ਮੁੱਕੇਬਾਜ਼ ਹੋਣ ਦਾ ਖਿਤਾਬ ਮਿਲਿਆ। ਇਸ ਪਿੰਡ ਦਾ ਸਰਬਪੱਖੀ ਵਿਕਾਸ ਪਿੰਡ ਵਾਸੀਆਂ ਨੇ ਆਪਣੇ ਹੱਥੀਂ ਆਪ ਕੀਤਾ। ਚਕਰ ਇਕ ਹਜ਼ਾਰ ਤੋਂ ਵੱਧ ਘਰਾਂ ਵਾਲਾ ਵੱਡਾ ਪਿੰਡ ਹੈ ਪਰ ਗੁਰਦਵਾਰਾ ਇੱਕ ਹੀ ਹੈ। ਸਿਵੇ ਵੀ ਸਭ ਜਾਤੀਆਂ ਦੇ ਸਾਂਝੇ ਹਨ। ਜਾਤ ਪਾਤ ਦਾ ਪਿੰਡ ਵਿਚ ਕੋਈ ਭੇਦ ਭਾਵ ਨਹੀਂ। ਨਾ ਪੱਤੀ ਅਗਵਾੜ ਦਾ ਭੇਦ ਭਾਵ। ਹੋਇਆ ਨਾ ਸਾਂਝੀਵਾਲਤਾ ਦਾ ਇਕ ਮਿਸਾਲੀ ਨਮੂਨਾ! ਇੱਕੋ ਗੁਰਦਵਾਰਾ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿੰਡ ਨੂੰ ਸਨਮਾਨਿਤ ਵੀ ਕੀਤਾ ਗਿਆ।
ਹੁਣੇ ਹੁਣੇ ਇਸੇ ਗੁਰਦੁਵਾਰੇ ਵਿਚ ਪ੍ਰਧਾਨਗੀ ਤੋਂ ਦੋ ਕਤਲ ਹੋਣ ਦੀ ਖ਼ਬਰ ਪੜ੍ਹੀ। ਇੱਕ ਝਟਕਾ ਲੱਗਾ। ਏਧਰੋਂ ਓਧਰੋਂ ਪਤਾ ਕੀਤਾ। ਕਈ ਪਾਸਿਆਂ ਤੋਂ ਫੋਨ ਵੀ ਆਏ। ਮਿਲੀ ਜਾਣਕਾਰੀ ਤੋਂ ਜ਼ਾਹਰ ਹੋਇਆ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਰੋਲ ਕਰਕੇ ਇਹ ਘਟਨਾ ਵਾਪਰੀ ਲਗਦੀ ਹੈ। ਕੌਣ ਨਹੀਂ ਜਾਣਦਾ ਕਿ ਰਾਜ ਕਰਦੇ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ’ਤੇ ਪੂਰੇ ਹੁਕਮ ਹਾਸਲ ਹਨ। ਪੰਚਾਇਤ ਚੋਣਾਂ ਵੇਲੇ ਪਿੰਡ ਵਿਕਾਸ ਕਮੇਟੀ ਨੇ ਸਰਬ ਸੰਮਤੀ ਨਾਲ ਪੰਚਾਇਤ ਬਣਾਉਣੀ ਚਾਹੀ ਪਰ ਰਾਜ ਕਰਦੀ ਪਾਰਟੀ ਨੇ ਕਿਹਾ ਕਿ ਪੰਚਾਇਤ ਸਾਡੀ ਪਾਰਟੀ ਦੀ ਹੋਵੇਗੀ। ਸਰਕਾਰ ਦੀ ਸ਼ਹਿ ਨਾਲ ਚੋਣ ਲੜਨ ਲਈ ਵਿਕਾਸ ਕਮੇਟੀ ਦੇ ਵਿਰੁੱਧ ਬੰਦੇ ਖੜ੍ਹੇ ਕਰ ਦਿੱਤੇ ਗਏ ਜੋ ਸਾਰੇ ਹੀ ਬੁਰੀ ਤਰ੍ਹਾਂ ਹਾਰੇ। ਵਿਕਾਸ ਕਮੇਟੀ ਦਾ ਹਰੇਕ ਉਮੀਦਵਾਰ ਵਾਰਡ ਮੈਂਬਰ ਵਜੋਂ ਦੋ ਸੌ ਤੋਂ ਵੱਧ ਵੋਟਾਂ ਦੇ ਫਰਕ ਨਾਲ ਤੇ ਸਰਪੰਚ ਦੋ ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ। ਪਰ ਸਰਕਾਰੀ ਪਾਰਟੀ ਪਿੰਡ ਦੇ ਵਿਕਾਸ ਵਿਚ ਭਰਵਾਂ ਸਹਿਯੋਗ ਦੇਣ ਦੀ ਥਾਂ ਫਿਰ ਵੀ ਚੱਕ ਥੱਲ ਕਰਦੀ ਰਹੀ ਤੇ ਪਿੰਡ ਦੇ ਭਾਈਚਾਰੇ ਵਿਚ ਪਾੜ ਪਾਉਂਦੀ ਰਹੀ।
ਜਦੋਂ ਤਕ ਉਸ ਗੁਰਦਵਾਰੇ ਦਾ ਪ੍ਰਬੰਧ ਕਰਨ ਵਾਲੀ ਪ੍ਰਬੰਧਕ ਕਮੇਟੀ ਪਿੰਡ ਦੀ ਸੰਗਤ ਚੁਣਦੀ ਸੀ ਤਾਂ ਗੁਰਦਵਾਰੇ ਦਾ ਪ੍ਰਬੰਧ ਠੀਕ ਚਲਦਾ ਸੀ। ਗੁਰਦਵਾਰਾ ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨਾਲ ਸੰਬੰਧਿਤ ਹੋਣ ਕਰ ਕੇ ਇਤਿਹਾਸਕ ਹੈ ਇਸ ਲਈ ਸ਼੍ਰੋਮਣੀ ਗੁਰਦਵਾਰਾ ਕਮੇਟੀ ਇਸ ਦਾ ਪ੍ਰਬੰਧ ਆਪ ਚਲਾਉਣਾ ਆਪਣਾ ਹੱਕ ਸਮਝਣ ਲੱਗੀ। ਐਤਕੀਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪੰਜ ਮੈਂਬਰ ਨਾਮਜ਼ਦ ਕੀਤੇ ਉਹ ਉਨ੍ਹਾਂ ਵਿੱਚੋਂ ਹੀ ਹਨ ਜਿਹੜੇ ਪੰਚਾਇਤ ਚੋਣਾਂ ਵੇਲੇ ਸਰਕਾਰੀ ਧਿਰ ਦੇ ਸਨ। ਪਿੰਡ ਦੀ ਚੁਣੀ ਹੋਈ ਪੰਚਾਇਤ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰਦਵਾਰਾ ਕਮੇਟੀ ਚਕਰ ਪਿੰਡ ਦੀ ਸੰਮਤੀ ਨਾਲ ਬਣਾਓ ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ। ਹੋਇਆ ਇਹ ਕਿ ਨਾਮਜ਼ਦ ਕੀਤੇ ਮੈਂਬਰਾਂ ਵਿਚ ਪ੍ਰਧਾਨਗੀ ਲਈ ਰੱਫੜ ਪੈ ਗਿਆ। ਨਤੀਜਾ ਇਹ ਨਿਕਲਿਆ ਕਿ ਇਕ ਮਾਡਲ ਪਿੰਡ ਦੇ ਇਤਿਹਾਸਕ ਗੁਰਦੁਵਾਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਭਰਾ ਨੂੰ, ਪ੍ਰਧਾਨ ਬਣਨ ਦੇ ਇੱਛਕ ਮੈਂਬਰ ਨੇ ਗੁਰਦਵਾਰੇ ਦੇ ਨਿਸ਼ਾਨ ਸਾਹਿਬ ਕੋਲ ਗੋਲੀਆਂ ਮਾਰ ਦਿੱਤੀਆਂ। ਉਸ ਵੇਲੇ ਗੁਰਦਵਾਰੇ ਅੰਦਰ ਅਖੰਡ ਪਾਠ ਚੱਲ ਰਿਹਾ ਸੀ, ਜਿਸ ਦੀ ਕਿਸੇ ਨੇ ਪਰਵਾਹ ਨਾ ਕੀਤੀ। ਦੋ ਬੰਦੇ ਮਰ ਗਏ, ਦੋ ਜ਼ਖਮੀ ਹੋ ਗਏ। ਦੋ ਘਰ ਤਾਂ ਮੁਕੰਮਲ ਤੌਰ ’ਤੇ ਬਰਬਾਦ ਹੋ ਗਏ ਤੇ ਸੇਕ ਹੋਰ ਵੀ ਕਈ ਘਰਾਂ ਨੂੰ ਲੱਗ ਗਿਆ। ਪਿੰਡ ਦੇ ਵਿਕਾਸ ਵਿਚ ਲੱਗੇ ਭਾਈਚਾਰੇ ਵਿਚ ਦੁਸ਼ਮਣੀ ਦਾ ਬੀਜ, ਬੀਜ ਦਿੱਤਾ ਗਿਆ। ਕਤਲ ਕੇਸ ਵਿਚ ਇਕ ਧਿਰ ਨੇ ਗਿਆਰਾਂ ਬੰਦੇ ਲਿਖਾਏ ਤੇ ਦੂਜੀ ਨੇ ਛੇ ਬੰਦੇ। ਆਹ ਕਹਾਣੀ ਹੈ ਪੰਜਾਬ ਦੇ ਚਾਨਣ ਮੁਨਾਰੇ ਪਿੰਡ ਚਕਰ ਨੂੰ ਰਾਜ ਕਰਦੀ ਪਾਰਟੀ ਵੱਲੋਂ ਵਿਕਾਸ ਵੱਲੋਂ ਰੋਕਣ ਤੇ ਵਿਨਾਸ ਵੱਲ ਧੱਕਣ ਦੀ।
ਕਾਤਲ ਨੂੰ ਫੜਨ ਵਿਚ ਦੇਰੀ ਇਸ ਲਈ ਕੀਤੀ ਗਈ ਕਿ ਬੰਦੇ ਆਪਣੇ ਹੀ ਸ਼ਿੰਗਾਰੇ ਹੋਏ ਸਨ! ਫੜੇ ਓਦੋਂ ਜਾਣਗੇ ਜਦੋਂ ਉੱਪਰੋਂ ਤਾਰਾਂ ਹਿੱਲਣਗੀਆਂ।
ਅਪਰਾਧੀ ਗਊ ਰੱਖਿਅਕ ਅਤੇ ਆਰ ਐੱਸ ਐੱਸ ਆਗੂ ਗਗਨੇਜਾ ਦੇ ਕਾਤਲ ਸ਼ੱਕੀਆਂ ਨੂੰ ਝੱਟ ਹੀ ਫੜ ਲਿਆ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਿਆਨ ਆ ਗਿਆ ਕਿ ਧਰਮ ਦੇ ਨਾਂ ’ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਏਦਾਂ ਹੀ ਇੱਥੇ ਹੋਣੈ। ਹਾਲੀ ਤੱਕ ਤਾਂ ਨਾਮਧਾਰੀ ਡੇਰੇ ਦੀ ਮਾਤਾ ਚੰਦ ਕੌਰ ਦੇ ਕਾਤਲ ਅਤੇ ਸੰਤ ਢੱਡਰੀਆਂ ਵਾਲੇ ’ਤੇ ਹਮਲੇ ਦੇ ਸਾਜ਼ਿਸ਼ਕਾਰ ਨਹੀਂ ਫੜੇ ਗਏ। ਇਸ ਲਈ ਪਿੰਡ ਚਕਰ ਦੇ ਕਤਲਾਂ ਦੀ ਕੀਹਨੂੰ ਚਿੰਤਾ ਹੋਵੇਗੀ? ਸਰਕਾਰੀ ਸੋਚ ਦੀ ਸੂਈ ਇੱਥੇ ਹੀ ਘੁੰਮੀ ਜਾ ਰਹੀ ਹੈ ਕਿ ਪਿੰਡ ਨੂੰ ਫਿਰ ਪੁਰਾਣੇ ਚੱਕਰਾਂ ਵਿਚ ਪਾ ਦਿੱਤਾ ਜਾਵੇ। ਪਿੰਡਾਂ ਦੇ ਲੋਕ ਸਵਾਲੀ ਬਣ ਕੇ ਸਰਕਾਰੇ ਦਰਬਾਰੇ ਗੇੜੇ ਮਾਰਦੇ ਰਹਿਣ। ਸੁਨੇਹਾ ਹੈ ਕਿ ਆਪਣੇ ਹੱਥੀਂ ਆਪਣਾ ਵਿਕਾਸ ਕਰਨਾ ਸਰਕਾਰ ਦੀ ਨੀਤੀ ਮੁਤਾਬਿਕ ਨਹੀਂ। ਸਰਕਾਰੀ ਸਰਪ੍ਰਸਤੀ ਬਿਨਾਂ ਵਿਕਾਸ ਕਰਨਾ ਅਪਰਾਧ ਹੈ! ਸਰਕਾਰ ਦੀ ਫਿਰ ਕੀ ਹੈਸੀਅਤ ਰਹਿ ਗਈ? ਸਰਕਾਰ ਨੂੰ ਸਲਾਮਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਇੱਕ ਪਰਿਵਾਰ ਦੇ ਦੋ ਨੌਜਵਾਨ ਬਲੀ ਚੜ੍ਹਾ ਦਿੱਤੇ ਹਨ ਤੇ ਬਾਕੀਆਂ ਨੂੰ ਵੋਟਾਂ ਦੀ ਲੋੜ ਅਨੁਸਾਰ ਬਲੀ ਚੜ੍ਹਾ ਦਿੱਤਾ ਜਾਵੇਗਾ। ਇਹਨੂੰ ਕਹਿੰਦੇ ਹਨ ਪੰਜਾਬ ਦਾ ਸਰਕਾਰੀ ਵਿਕਾਸ ਜੀਹਦੇ ਸਿਰ ’ਤੇ ਵੋਟਾਂ ਬਟੋਰੀਆਂ ਜਾਂਦੀਆਂ ਹਨ!
ਮੇਰੀ ਰਾਇ ਅਨੁਸਾਰ ਪਿੰਡ ਦੇ ਲੋਕਾਂ ਨੂੰ ਇੱਕ-ਮੁੱਠ ਰਹਿ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸਾਹਮਣੇ ਇਹੋ ਜਿਹੀਆਂ ਕੋਝੀਆਂ ਚਾਲਾਂ, ਚੁਣੌਤੀਆਂ ਟਿਕ ਨਹੀਂ ਸਕਣਗੀਆਂ। ਇਸ ਵੇਲੇ ਲੋਕਾਂ ਦੇ ਭਾਈਚਾਰਕ ਏਕੇ ਵਿੱਚ ਭਾਵੇਂ ਤਰੇੜ ਪਾ ਦਿੱਤੀ ਗਈ ਹੈ ਪਰ ਜਾਗ੍ਰਿਤ ਲੋਕ-ਸ਼ਕਤੀ ਅੱਗੇ ਕੂੜ ਦਾ ਪਸਾਰਾ ਟਿਕ ਨਹੀਂ ਸਕੇਗਾ। ਕੈਸੀ ਵਿਡੰਬਣਾ ਹੈ ਕਿ ਜਿਨ੍ਹਾਂ ਦੇ ਜ਼ਿੰਮੇ ਪਿੰਡਾਂ ਦੇ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੈ, ਉਹੀ ਸਿਆਸੀ ਹੱਥਕੰਡੇ ਵਰਤ ਕੇ ਪਿੰਡਾਂ ਦਾ ਵਿਨਾਸ ਕਰਨ ’ਤੇ ਤੁਲੇ ਹੋਏ ਹਨ!