ਚੌਦਾਂ ਅਗਸਤ ਦੀ ਸ਼ਾਮ।ਸਮਾਂ ਚਾਰ ਕੁ ਵਜੇ ਦਾ।ਰਸ਼ ਆਵਰ।ਕੰਮਾਂ ਤੋਂ ਘਰਾਂ ਨੂੰ ਪਰਤਦੇ ਲੋਕ।ਸ਼ਹਿਰ ਬਰੈਂਪਟਨ ਦੀ ਮੁੱਖ ਸੜਕ, ਸਟੀਲਜ਼ ਐਵੀਨਿਊ,ਬੰਪਰ ਟੂ ਬੰਪਰ।ਐਨੀ ਭੀੜ ਤਾਂ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ।ਜਰੂਰ ਕੋਈ ਹਾਦਸਾ ਵਾਪਰਿਆ ਹੋਵੇਗਾ, ਮੈਂ ਸੋਚਿਆ।ਮੇਰੀ ਡਰਾਈਵਰ ਸਿਖਿਆਰਥਣ ਹੋਰ ਵੀ ਡਰ ਗਈ।ਜੋ ਅਜੇ ਕੁੱਝ ਮਹੀਨੇ ਪਹਿਲਾਂ ਹੀ ਦਿੱਲੀ ਤੋਂ ਆਪਣੇ ਬੇਟੇ ਸਮੇਤ ਆਈ ਸੀ।ਘਬਰਾਈ ਹੋਈ ਸਿਮਰਨ ਕੌਰ ਤੋਂ ਕਾਰ ਨਹੀਂ ਸੀ ਚੱਲ ਰਹੀ।ਪਚਵੰਜਾ ਸਾਲ ਨੂੰ ਢੁੱਕੀ ਇਹ ਔਰਤ ਅਕਸਰ ਹੀ ਭੀੜ ਦੇਖ ਘਬਰਾ ਜਾਂਦੀ ਹੈ।ਤੇ ਮੈਂ ਫੇਰ ਉਸ ਨੂੰ ਹੌਸਲਾ ਦਿੰਦਾ ਹਾਂ।
ਜਦੋਂ ਵੀ ਉਹ ਕਿਤੇ ਭੀੜ ਦੇਖਦੀ ਹੈ ਤਾਂ ਡਰ ਨਾਲ ਕੰਬਣ ਲੱਗ ਜਾਂਦੀ ਹੈ।ਸਾਲ 1984 ਵਿੱਚ ਵਿੱਚ ਇੱਕ ਅਜਿਹੀ ਹੀ ਭੀੜ ਮੰਗੋਲਪੁਰੀ ਵਿੱਚ ਇਕੱਠੀ ਹੋਈ ਸੀ,ਜਿਨਾਂ ਦੇ ਹੱਥਾਂ ਵਿੱਚ ਸਰੀਏ,ਤੇਲ ਦੀਆਂ ਪੀਪੀਆਂ ਅਤੇ ਜਲਦੀਆਂ ਹੋਈਆਂ ਮਸ਼ਾਲਾਂ ਸਨ।‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਹਰੇ ਉਨ੍ਹਾਂ ਦੇ ਘਰ ਵਲ ਨੂੰ ਵਧ ਰਹੇ ਸਨ।ਉਸ ਨੇ ਤਾਂ ਰੇਡੀਉ ਉੱਪਰ ਹੀ ਸੁਣਿਆ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਹੈ।ਦੁੱਖ ਤਾਂ ਉਸ ਨੂੰ ਵੀ ਬਹੁਤ ਹੋਇਆ ਸੀ।ਕਿਉਕਿਂ ਉਨ੍ਹਾਂ ਦਾ ਸਾਰਾ ਪਰਿਵਾਰ ਵੀ ਮੁੱਢ ਤੋਂ ਹੀ ਕਾਂਗਰਸੀ ਸੀ।
ਜੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖ ਸੀ ਤਾਂ ਉਸਦੇ ਪਰਿਵਾਰ ਦਾ ਤਾਂ ਕੋਈ ਦੋਸ਼ ਨਹੀਂ ਸੀ।ਜਿਸ ਲੀਡਰ ਦੀ ਉਨ੍ਹਾਂ ਵੋਟਾਂ ਵੇਲੇ ਵੱਧ ਚੜ ਕੇ ਮੱਦਦ ਕੀਤੀ ਸੀ ਉਹ ਹੀ ਲੀਡਰ ਕਾਤਲਾਂ ਦੀ ਧਾੜ ਨੂੰ ਨਾਲ ਲੈ ਵੋਟਰ ਲਿਸਟ ਚੋਂ ਸਿੱਖਾਂ ਦੇ ਨਾਂਉ ਲੱਭਦਾ ਉਨ੍ਹਾਂ ਦੇ ਦਰ ਤੇ ਲੈ ਆਇਆ ਸੀ।ਇਸੇ ਭੀੜ ਨੇ ਉਸਦੀ ਚੌਦਾਂ ਸਾਲ ਦੀ ਬੇਟੀ ਦੇ ਕੱਪੜੇ ਲੀਰੋ ਲੀਰ ਕੀਤੇ ਸਨ ਜੋ ਅਜੇ ਸਕੂਲੋਂ ਆਈ ਹੀ ਸੀ।ਕੰਮ ਤੋਂ ਆਏ ਉਸ ਦੇ ਪਤੀ ਨੂੰ ਸਕੂਟਰ ਤੋਂ ਸਰੀਆ ਮਾਰ ਕੇ ਸੁੱਟਿਆ ਗਿਆ ਤੇ ਬਾਅਦ ਵਿੱਚ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਸੀ।ਉਹ ਕਿੰਨੇ ਹੀ ਦਿਨ ਆਪਣੇ ਹਿੰਦੂ ਗੁਆਂਢੀਆਂ ਦੀ ਹਨੇਰੀ ਪੜਛੱਤੀ ਤੇ ਗੁੱਛਮਗੁੱਛਾ ਹੋਈ ਅਥਰੂ ਵਹਾਂਉਂਦੀ ਰਹੀ ਸੀ।ਉਸ ਨੇ ਤਾਂ ਆਪਣੇ ਪੁੱਤਰ ਦੇ ਵਾਲ ਵੀ ਆਪਣੇ ਹੱਥੀਂ ਕੱਟੇ ਸਨ।ਉਹ ਉਸ ਲੀਡਰ ਨੂੰ ਅਤੇ ਕਾਤਲਾਂ ਨੂੰ ਚੰਗੀ ਤਰ੍ਹਾਂ ਪਛਾਣਦੀ ਸੀ।ਪਰ ਜਦੋਂ ਦੇਸ਼ ਦਾ ਕਨੂੰਨ ਹੀ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਤਾਂ ਕਿਵੇਂ ਰਹਿ ਸਕਦੀ ਸੀ ਉਹ ਉਸ ਮੁਲਕ ਵਿੱਚ?ਥਾਣਿਆਂ ਨੇ ਤਾਂ ਰਿਪੋਰਟਾਂ ਹੀ ਨਹੀਂ ਸੀ ਲਿਖੀਆਂ।
ਜੱਜਾਂ ਨੂੰ ਫੈਸਲਾ ਦਿੰਦਿਆਂ ਸਕਤਾ ਮਾਰ ਗਿਆ ਸੀ।ਉਨ੍ਹਾਂ ਸਬੂਤਾਂ ਦੀ ਕਮੀ ਕਹਿ ਕੇ ਜਾਨ ਛੁਡਾ ਲਈ ਸੀ।ਦੇਸ਼ ਦੀ ਪਾਰਲੀਮੈਂਟ ਤੇ ਸੀ: ਬੀ: ਆਈ: ਵਰਗੀਆਂ ਸੰਸਥਾਵਾਂ ਵੀ ਨਿਪੁੰਸਕ ਹੋ ਕੇ ਰਹਿ ਗਈਆਂ।‘ਹਨੇਰ ਨਗਰੀ ਚੌਪਟ ਰਾਜਾ’ਕਹਾਵਤ ਸੱਚ ਹੋ ਗਈ ਸੀ।ਸਭ ਸਿਆਸੀ ਕਾਤਲਾਂ ਨੂੰ ਬਚਾਉਣ ਅਤੇ ਪ੍ਰਚਾਉਣ ਵਿੱਚ ਲੱਗੇ ਹੋਏ ਸਨ।ਬੱਸ ਉਦੋਂ ਹੀ ਉਸ ਨੇ ਫੈਸਲਾ ਕੀਤਾ ਸੀ ਕਿ ਇਸ ਹਨੇਰ ਨਗਰੀ ਵਿੱਚ ਹੁਣ ਕੀ ਰਹਿਣਾ ਹੈ।ਉਹੋ ਲੀਡਰ ਜਿਸ ਬਾਰੇ ਉਸ ਨੇ ਅਦਾਲਤ ਵਿੱਚ ਬਿਆਨ ਦੇਣ ਦੀ ਕੋਸ਼ਿਸ ਕੀਤੀ ਸੀ ਉਸ ਨੂੰ ਮਰਵਾ ਦੇਣਾ ਚਾਹੁੰਦਾ ਸੀ।ਉਸ ਦੇ ਬਚ ਗਏ ਪੁੱਤਰ ਨੂੰ ਮਾਰਨ ਦੀਆਂ ਧਮਕੀਆਂ ਤਾਂ ਉਹ ਸ਼ਰੇਆਮ ਦੇਅ ਚੁੱਕਾ ਸੀ।ਪਰ ਉਹ ਉਸੇ ਪੁੱਤ ਨੂੰ ਬਚਾ ਕੇ ਹੁਣ ਕਨੇਡਾ ਲੈ ਆਈ ਸੀ।ਇਹ ਕਹਾਣੀ ਮੈਨੂੰ ਇੱਕ ਨਹੀਂ ਕਈ ਵਾਰ ਸੁਣਾ ਚੁੱਕੀ ਸੀ।
ਅੱਜ ਫੇਰ ਉਹ ਉਹੀ ਕਹਾਣੀ ਛੇੜ ਬੈਠੀ ਸੀ ਕਿ ਕਿਵੇਂ ਲੋਕਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਫੂਕਿਆ ਗਿਆ।ਜਦੋਂ ਬੰਦਾ ਅੱਗ ਨਾਲ ਤੜਫਦਾ ਤਾਂ ਕਾਤਲ ਵਹਿਸ਼ੀ ਹਾਸਾ ਹਸਦੇ ਕਿ ਦੇਖੋ ਰਿੱਛ ਦਾ ਤਮਾਸ਼ਾ ਹੋ ਰਿਹਾ ਹੈ।ਉਸ ਦੇ ਭੁੱਖਣ ਭਾਣੇ ਪਤੀ ਨਾਲ ਵੀ ਤਾਂ ਏਹੋ ਕੁੱਝ ਹੋਇਆ ਸੀ।ਬਾਅਦ ਵਿੱਚ ਸਿਰਫ ਉੱਥੇ ਇੱਕ ਰਾਖ ਦੀ ਢੇਰੀ ਰਹਿ ਗਈ ਸੀ।ਕਈਆਂ ਦੇ ਪੁੱਤਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤੇ ਗਏ ਸਨ।ਉਸ ਦੀ ਧੀ ‘ਆਰਤੀ’ ਵਾਂਗੂੰ ਪਤਾ ਨਹੀਂ ਕਿੰਨੀਆਂ ਕੁ ਮਾਸੂਮ ਕੁੜੀਆਂ ਦੇ ਜਿਸਮ ਨੋਚੇ ਗਏ ਹੋਣਗੇ?ਡਰ ਵੀ ਬੰਦੇ ਨੂੰ ਕਿੰਨਾ ਕਮਜੋਰ ਬਣਾ ਦਿੰਦਾ ਹੈ।ਉਹ ਆਪਣੇ ਪੁੱਤ ਨੂੰ ਬਚਾਉਣ ਲਈ ਆਪਣੇ ਪਤੀ ਅਤੇ ਧੀ ਨੂੰ ਨਾ ਬਚਾ ਸਕੀ।ਜੇ ਉਸ ਦਿਨ ਸ਼ੁਕਲਾ ਸਾਹਿਬ ਦਾ ਟੱਬਰ ਮੱਦਦ ਨਾ ਕਰਦਾ ਤਾਂ ਉਨ੍ਹਾਂ ਵੀ ਕਿੱਥੇ ਬਚਣਾ ਸੀ।ਸਿਮਰਨ ਦਾ ਸਹੁਰਾ ਜਿਸ ਨੇ ਸਾਰੀ ਉਮਰ ਦਿੱਲੀ ਵਿੱਚ ਆਟੋ ਚਲਾਇਆ ਸੀ ਉਨੀ ਦਿਨੀ ਪੰਜਾਬ ਗਿਆ ਹੋਇਆ ਸੀ।ਤਾਂ ਹੀ ਉਹ ਬਚ ਗਿਆ ਸੀ।ਜੋ ਹੁਣ ਉਨਾਂ ਦੇ ਨਾਲ ਹੀ ਕਨੇਡਾ ਆ ਗਿਆ ਸੀ।
ਦਿੱਲੀ ਵਿੱਚ ਮੁੜ ਅਜਿਹਾ ਕਦੇ ਵੀ ਵਾਪਰ ਸਕਦਾ ਸੀ।ਲੋਕਤੰਤਰ ਦਾ ਡਰਾਮਾ ਕਰਨ ਵਾਲੇ ਕਦੇ ਵੀ ਭੇੜੀਏ ਬਣ ਜਾਂਦੇ।ਕਦੇ ਗੁਜਰਾਤ ਕਦੇ ਮੁਬੰਈ ਤੇ ਕਦੇ ਕਾਨਪੁਰ ਅਜਿਹੇ ਵਹਿਸ਼ੀ ਕਾਰਨਾਮੇ ਹੁੰਦੇ ਹੀ ਰਹਿੰਦੇ।ਏਸੇ ਕਰਕੇ ਤਾਂ ਹੀ ਉਹ ਆਪਣੇ ਭੈਣ ਭਣੋਈਏ ਦੀ ਮੱਦਦ ਨਾਲ ਕਨੇਡਾ ਨਿੱਕਲ ਆਏ ਸਨ।ਪਰ ਜੀਵਨ ਦਾ ਇਮਤਿਹਾਨ ਅਜੇ ਖਤਮ ਨਹੀਂ ਸੀ ਹੋਇਆ।ਆਪਣੇ ਪੈਰਾਂ ਸਿਰ ਹੋਣ ਲਈ ਉਸ ਨੂੰ ਡਰਾਈਵਿੰਗ ਲਾਈਸੰਸ ਤਾਂ ਲੈਣਾ ਹੀ ਪੈਣਾ ਸੀ।ਵੱਡੀ ਉਮਰ ਵਿੱਚ ਗੱਡੀ ਸਿੱਖਣਾ ਹੋਰ ਵੀ ਮੁਸ਼ਕਲ ਸੀ।ਉਹ ਜਲਦੀ ਹੀ ਘਬਰਾ ਜਾਂਦੀ।ਇਸ ਭੀੜ ਭੜੱਕੇ ਨੂੰ ਦੇਖ ਕੇ ਵੀ ਉਹ ਬੇਹੱਦ ਘਬਰਾ ਗਈ ਸੀ।
ਥੋੜਾ ਅੱਗੇ ਗਏ ਤਾਂ ਟ੍ਰੈਫਿਕ ਲਾਈਟਾਂ ਗੁੱਲ ਸਨ।ਐਨਾ ਭੀੜ ਭੜੱਕਾ ਹੋਣ ਦੇ ਬਾਵਜ਼ੂਦ ਲਾਈਟਾਂ ਤੇ ਪੁਲੀਸ ਨਹੀਂ ਸੀ।ਇਹ ਗੱਲ ਮੈਨੂੰ ਹੈਰਾਨੀਜਨਕ ਲੱਗੀ ਕਿ ਏਥੇ ਪੁਲੀਸ ਕਿਉਂ ਨਹੀਂ ਪਹੁੰਚੀ?ਕਾਹਲੇ ਲੋਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਏਧਰ ਉਧਰ ਤੋਂ ਗੱਡੀਆਂ ਲੰਘਾ ਰਹੇ ਸਨ।ਕੁੱਝ ਹੀ ਸੈਕਿੰਡਾ ਬਾਅਦ ਪੁਲੀਸ ਕਾਰਾਂ ਸਾਇਰਨ ਵਜਾਉਂਦੀਆਂ ਤੇ ਰਾਹ ਬਣਾਉਂਦੀਆਂ ਅੱਗੇ ਨੂੰ ਲੰਘ ਗਈਆਂ।ਮੈਨੂੰ ਲੱਗਿਆ ਕਿ ਸਾਰਾ ਕੁੱਝ ਨਿੱਤ ਦੇ ਕਨੇਡੀਅਨ ਜੀਵਨ ਵਾਂਗੂੰ ਨਹੀਂ ਹੋ ਰਿਹਾ।ਲੰਬੀ ਉਡੀਕ ਤੋਂ ਬਾਅਦ ਜੂੰ ਦੀ ਤੋਰ ਤੁਰਦਾ ਟ੍ਰੈਫਿਕ ਮਸਾਂ ‘ਬਰੈਮਲੀ ਰੋਡ’ਦੀਆਂ ਬੱਤੀਆਂ ਤੱਕ ਪਹੁੰਚਾ ਤੇ ਅੱਗੋਂ ਉਹ ਵੀ ਗੁੱਲ।ਮੈਂ ਸਿਮਰਨ ਨੂੰ ਕਾਰ ਸੱਜੇ ਮੋੜਨ ਲਈ ਕਿਹਾ।ਬਰੈਮਲੀ ਰੋਡ ਵੀ ਗੱਡੀਆਂ ਨਾਲ ਨੱਕੋ ਨੱਕ ਭਰੀ ਪਈ ਸੀ।ਫੇਰ ਉਸ ਤੋਂ ਅਗਲੀਆਂ ਬੱਤੀਆਂ ਵੀ ਬੰਦ।ਤੇ ਉੱਥੇ ਵੀ ਪੁਲੀਸ ਵਾਲਾ ਕੋਈ ਨਹੀਂ ਸੀ।ਐਨੀ ਭੀੜ ਦਾ ਕਾਰਨ ਜਾਨਣ ਲਈ ਮੈਂ ਕੋਈ ਟ੍ਰੈਫਿਕ ਨਿਊਜ਼ ਸੁਣਨ ਲਈ ਰੇਡੀਉ ਦੇ ਬੈਂਡ ਬਦਲਣ ਲੱਗਾ।ਪਰ ਕੋਈ ਵੀ ਰੇਡੀਉ ਸਟੇਸ਼ਨ ਚੱਲ ਨਹੀਂ ਸੀ ਰਿਹਾ।680 ਨਿਊਜ਼,770 ਏ ਐੱਮ,ਸੀ ਜੇ ਐੱਮ ਆਰ 1320,ਸਭ ਸਟੇਸ਼ਨ ਬੰਦ ਪਏ ਸਨ।ਐੱਫ ਐੱਮ ਚੈਂਨਲ ਲਗਾਏ ਉਹ ਵੀ ਬੰਦ।ਕੀ ਇਹ ਕੋਈ ਅੱਤਵਾਦੀ ਹਮਲਾ ਸੀ?ਮੇਰਾ ਮੱਥਾ ਠਣਕਿਆ।ਜਾਪਿਆ ਜਿਵੇਂ ਕੋਈ ਅਣਹੋਣੀ ਘਟਨਾ ਵਾਪਰਨ ਵਾਲੀ ਹੋਵੇ।ਮੈਂ ‘ਲੈਸਨ’ ਵਿਚਕਾਰ ਹੀ ਛੱਡਣ ਦਾ ਫੈਸਲਾ ਕੀਤਾ।ਸਿਮਰਨ ਨੂੰ ਪਸੈਂਜਰ ਸੀਟ ਤੇ ਜਾਣ ਲਈ ਕਿਹਾ ਤੇ ਆਪ ਗੱਡੀ ਡਰਾਈਵ ਕਰਨ ਲੱਗਾ।ਇੱਕ ਅਗਿਆਤ ਭੈਅ ਕਾਰਨ ਅਸੀਂ ਦੋਨੋ ਚੁੱਪ ਸਾਂ ਅਤੇ ਆਪੋ ਆਪਣੇ ਪਰਿਵਾਰਾਂ ਬਾਰੇ ਸੋਚ ਰਹੇ ਸਾਂ।
ਸਿਮਰਨ ਦੇ ਘਰ ਤੱਕ ਪਹੁੰਚਦਿਆਂ ਸਾਨੂੰ ਅੱਧਾ ਘੰਟਾ ਹੋਰ ਲੱਗ ਗਿਆ।ਏਹੋ ਰਸਤਾ ਅੱਗੇ ਪੰਜ ਮਿੰਟ ਵਿੱਚ ਤੈਅ ਹੁੰਦਾ ਸੀ।ਮੁੜ ਕੇ ਮੈਂ ਫੇਰ ਫੇਰ ‘ਸਟੀਲਜ਼ ਐਵੀਨਿਊ’ ਤੇ ਆ ਚੜ੍ਹਿਆ।ਸੜਕ ਦਾ ਅਜੇ ਵੀ ਉਹੋ ਹਾਲ ਸੀ ਬੰਪਰ ਟੂ ਬੰਪਰ।ਅਜੇ ਤੱਕ ਮੈਨੂੰ ਇਸਦਾ ਕਾਰਨ ਨਹੀਂ ਸੀ ਪਤਾ ਲੱਗ ਸਕਿਆ।ਦੁੱਖ ਦੀ ਗੱਲ ਤਾਂ ਇਹ ਸੀ ਕਿ ਮੇਰਾ ਸੈੱਲ ਫੋਨ ਵੀ ਡੈੱਡ ਹੋ ਗਿਆ ਸੀ।ਮੇਰੀ ਹਾਲਤ ਪਾਣੀਉਂ ਕੱਢੀ ਮੱਛੀ ਵਰਗੀ ਸੀ।ਮਨ ਵਿੱਚ ਮਾੜੇ ਮਾੜੇ ਵਿਚਾਰ ਆ ਰਹੇ ਸਨ।
ਪਿਛਲੇ ਕੁੱਝ ਕੁ ਸਮੇਂ ਤੋਂ ਅੱਤਵਾਦ ਦੇ ਦੈਂਤ ਨੇ ਆਪਣੇ ਖੂੰਖਾਰ ਪੰਜਿਆਂ ਨਾਲ ਪੂਰੇ ਵਿਸ਼ਵ ਨੂੰ ਦਬੋਚ ਕੇ ਲਹੂ ਲੁਹਾਣ ਕੀਤਾ ਪਿਆ ਸੀ।ਸਤੰਬਰ 11,2001 ਤੋਂ ਇਹ ਸਿਲਸਲਾ ਲਗਾਤਾਰ ਜਾਰੀ ਸੀ।ਅੱਤਵਾਦੀ ਕੁੱਝ ਵੀ ਕਰ ਸਕਦੇ ਸਨ।ਹੋ ਸਕਦਾ ਹੈ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ,ਬਿਜਲੀ ਘਰਾਂ,ਡੈਮਾਂ ਜਾਂ ਜਨਤਾ ਤੇ ਵੀ ਹਮਲਾ ਹੋ ਸਕਦਾ ਹੈ।ਆਦਿ ਕਾਲ ਤੋਂ ਚਲੀ ਆ ਰਹੀ ਨੇਕੀ ਅਤੇ ਬਦੀ ਦੀ ਜੰਗ ਅਜੇ ਖਤਮ ਨਹੀਂ ਸੀ ਹੋਈ।ਦਾਨਵ ਅੱਜ ਵੀ ਦਨਦਨਾਉਂਦੇ ਫਿਰਦੇ ਸਨ।ਅਮਰੀਕਾ ਵਿੱਚ ਵਾਪਰੀ ਕਿਸੇ ਵੀ ਘਟਨਾ ਦਾ ਸਿੱਧਾ ਅਸਰ ਕਨੇਡਾ ਤੇ ਪੈਣਾ ਲਾਜ਼ਮੀ ਸੀ।
ਮੈਂ ਕਾਰ ਵਿੱਚ ਅਕਸਰ ਰੇਡੀਉ ਸੁਣਦਾ ਹਾਂ।ਕਦੇ ਭਾਰਤੀ ਪ੍ਰੋਗਰਾਮ ਅਤੇ ਕਦੇ ਪਾਕਿਸਤਾਨੀ।ਅੱਜ ਸਵੇਰ ਤੋਂ ਹੀ ਦੱਸਿਆ ਜਾ ਰਿਹਾ ਸੀ ਕਿ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ।ਰੇਡੀਉ ‘ਆਵਾਜ਼ ਏ ਪਾਕਿਸਤਾਨ’ ਦੇ ਸਰੋਤੇ ਵਧਾਈਆਂ ਦੇ ਰਹੇ ਸਨ।ਭਾਰਤੀ ਪ੍ਰਗਰਾਮ ਦੂਸਰੇ ਦਿਨ ਜਾਣੀ ਪੰਦਰਾਂ ਅਗਸਤ ਦੀਆਂ ਗੱਲਾਂ ਕਰਦੇ ਸਰੋਤਿਆਂ ਤੋਂ ਅਗੇਤੀਆਂ ਹੀ ਵਧਾਈਆਂ ਲੈ ਰਹੇ ਸਨ।ਤੇ ਫੇਰ ਅਚਾਨਕ ਸਾਰਾ ਕੁੱਝ ਠੱਪ ਹੋ ਗਿਆ।ਜਿਵੇਂ ਕੋਈ ਹਨੇਰ ਪਸਰ ਗਿਆ ਹੋਵੇ।
ਮੈਨੂੰ ਆਪਣੇ ਬਜ਼ੁਰਗਾਂ ਵਲੋਂ ਸੁਣੀਆਂ ਗੱਲਾਂ ਯਾਦ ਆ ਆਈਆਂ।ਚੌਂਦਾਂ ਅਤੇ ਪੰਦਰਾਂ ਅਗਸਤ 1947 ਦੀ ਕਾਲੀ ਬੋਲ਼ੀ ਰਾਤ ਕਿੰਨੀ ਭਿਆਨਕ ਰਾਤ ਸੀ।ਜਿਸ ਸਮੇਂ ਪਾਕਿਸਤਾਨ ਨੂੰ ਇੱਕ ਵੱਖਰਾ ਮੁਲਕ ਐਲਾਨਿਆ ਗਿਆ ਸੀ।ਕਿੰਨੇ ਹੀ ਬਰਛੇ ਮਾਸੂਮਾਂ ਦਾ ਢਿੱਡ ਚੀਰ ਗਏ ਸਨ।ਲੋਕਾਂ ਵਲੋਂ ਧੀਆਂ ਵਰਗੀਆਂ ਮਾਸੂਮ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸੀ।ਧਰਮ ਪਰਿਵਰਤਨ ਕਰਕੇ ਔਰਤਾਂ ਪਿੰਜਰੇ ਪਾ ਲਈਆਂ ਗਈਆਂ ਸਨ।ਨਿਰਦੋਸ਼ਾਂ ਦੇ ਕਤਲਾਂ ਨਾਲ ਨਹਿਰਾਂ ਦੇ ਪਾਣੀ ਲਾਲੋ ਲਾਲ ਹੋ ਗਏ ਸਨ।ਮੁਸਾਫਰਾਂ ਨਾਲ ਭਰੀਆਂ ਗੱਡੀਆਂ ਦੀਆਂ ਗੱਡੀਆਂ ਵੱਢ ਸੁੱਟੀਆਂ ਸਨ।ਹਰ ਪਾਸੇ ਲਾਸ਼ਾਂ ਦੇ ਢੇਰ ਹੀ ਢੇਰ।ਤੇ ਇਨ੍ਹਾਂ ਢੇਰਾਂ ਦੇ ਦੋਹੀਂ ਪਾਸੀਂ ਗੂੰਜਦੇ ਧਾਰਮਿਕ ਨਾਹਰੇ।ਵਣ ਤ੍ਰਿਣ ਜਰੂਰ ਕੰਬ ਗਏ ਹੋਣਗੇ ਪਰ ਪਰ ਵਹਿਸ਼ੀ ਆਤਮਾਵਾਂ ਨਹੀਂ ਸੀ ਕੰਬੀਆਂ।ਮਨੁੱਖਤਾ ਸ਼ਰਮਸ਼ਾਰ ਹੋ ਗਈ ਹੋਵੇਗੀ।ਆਦਮ ਦੇ ਇਤਿਹਾਸ ਵਿੱਚ 14 ਅਗਸਤ ਦੀ ਰਾਤ ਇੱਕ ਕਲੰਕ ਵਾਲੀ ਰਾਤ ਬਣ ਗਈ ਸੀ।ਅੱਜ ਵੀ ਤਾਂ ਚੌਦਾਂ ਅਗਸਤ ਹੀ ਸੀ।ਫੇਰ ਅੱਜ ਕੀ ਹੋਣ ਵਾਲਾ ਸੀ?ਮੇਰਾ ਮਨ ਕੰਬਿਆ।
ਅੱਗੇ ‘ਡਿਕਸੀ ਰੋਡ’ ਦੀਆਂ ਲਾਈਟਾਂ ਵੀ ਬੰਦ ਨਜ਼ਰ ਆਈਆਂ।ਪਰ ਕਿ ਇਹ ਕੀ ਇਸ ਬਹੁਤ ਹੀ ਭੀੜ ਭੜੱਕੇ ਵਾਲੇ ਚੌਰਸਤੇ ਤੇ ਪੁਲੀਸ ਦੀ ਬਜਾਏ ਸਧਾਰਨ ਲੋਕ ਆਵਾਜਾਈ ਨੂੰ ਕੰਟਰੋਲ ਕਰ ਰਹੇ ਸਨ।ਉਹ ਇੱਕ ਪਾਸੇ ਦੀਆਂ ਗੱਡੀਆਂ ਰੋਕਦੇ ਤੇ ਦੂਸਰੇ ਪਾਸੇ ਦੀਆਂ ਲੰਘਾਉਂਦੇ।ਕਦੀ ਰਾਈਟ ਟਰਨਾਂ ਕਰਵਾਉਂਦੇ ਅਤੇ ਕਦੀ ਲੈਫਟ ਟਰਨਾਂ।ਸਾਰੇ ਡਰਾਈਵਰ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਉਸੇ ਤਰ੍ਹਾਂ ਕਰ ਰਹੇ ਸਨ ਜਿਵੇਂ ਪੁਲੀਸ ਦਾ ਹੁਕਮ ਮੰਨਦੇ ਹਨ।ਫੇਰ ਦੇਖਾ ਦੇਖੀ ਸਾਰੇ ਇੰਟਰਸੈਕਸ਼ਨਾ ਵਿੱਚ ਹੀ ਸਧਾਰਨ ਲੋਕਾਂ ਨੇ ਟਰੈਫਿਕ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ।ਜੋ ਕਿ ਮੈਨੂੰ ਬਹੁਤ ਚੰਗਾ ਲੱਗਾ।
ਕੁੱਝ ਪਲਾਂ ਬਾਅਦ ਹੀ ਜੀਵਨ ਦਾ ਹਨੇਰਾ ਪੱਖ ਮੈਨੂੰ ਫੇਰ ਸਤਾਉਣ ਲੱਗਾ।ਹਨੇਰ ਵਿੱਚ ਲੁੱਟੀਆਂ ਜਾ ਰਹੀਆਂ ਦੁਕਾਨਾਂ ਅਤੇ ਬਾਲੜੀਆਂ ਨਾਲ ਹੋ ਰਹੇ ਬਲਾਤਕਾਰ।ਘੁੱਪ ਹਨੇਰੇ ਨਾਲ ਭਰਿਆ ਮਨੁੱਖੀ ਮਨ।ਉੱਤਰੀ ਅਮਰੀਕਾ ਵਿੱਚ ਤਾਂ ਅਜਿਹਾ ਪਹਿਲਾਂ ਕਦੀ ਵੀ ਨਹੀਂ ਸੀ ਵਾਪਰਿਆ ਕਿ ਸਾਰਾ ਸਿਸਟਮ ਹੀ ਫੇਲ ਹੋ ਜਾਵੇ।ਪਿਛਲੇ ਪੰਦਰਾਂ ਸਾਲਾਂ ਦੌਰਾਨ ਤਾਂ ਕਦੇ ਪੰਜ ਸੈਕਿੰਡ ਲਈ ਵੀ ਬਿਜਲੀ ਨਹੀਂ ਸੀ ਗਈ।ਪਰ ਅੱਜ ਸਾਰੀਆਂ ਲਾਈਟਾਂ ਵੀ ਬੰਦ,ਟੈਲੀਫੋਨ ਵੀ ਬੰਦ ਅਤੇ ਰੇਡੀਉ ਸਟੇਸ਼ਨ ਵੀ ਬੰਦ।ਆਖਿਰ ਅਜਿਹਾ ਕੀ ਵਾਪਰ ਗਿਆ ਸੀ?ਮੈਂ ਸੋਚ ਰਿਹਾ ਸਾਂ।
ਕੀੜੀ ਦੀ ਤੋਰ ਤੁਰ ਰਹੀਆਂ ਅਣਗਿਣਤ ਕਾਰਾਂ।ਕਾਰਾਂ ਵਿੱਚ ਬੈਠੇ ਕੰਮਾਂ ਕਾਰਾਂ ਵਾਲੇ ਸਧਾਰਨ ਲੋਕ,ਜੋ ਕਿਸੇ ਸਹਿਮ ਵਿੱਚ ਡੁੱਬੇ ਜਾਪ ਰਹੇ ਸਨ।ਅੱਜ ਕਿਸੇ ਵੀ ਕਾਰ ਵਿੱਚ ਦਗੜ ਦਗੜ ਦੈਂਅ ਦੈਂਅ ਵਾਲ ਸੰਗੀਤ ਨਹੀਂ ਸੀ ਵੱਜ ਰਿਹਾ।ਟੋਅ ਟਰੱਕ ਹਰ ਪਾਸੇ ਹੀ ਗਿਰਝਾਂ ਵਾਂਗੂੰ ਮੰਡਰਾ ਰਹੇ ਸਨ।ਏਸ ਭੀੜ ਵਿੱਚ ਖੱਜਲ ਖੁਆਰ ਹੁੰਦਿਆਂ ਆਖਿਰ ਮੈਂ ਢਾਈ ਘੰਟੇ ਬਾਅਦ ਆਪਣੇ ਘਰ ਪਹੁੰਚ ਹੀ ਗਿਆ।
ਬਿਜ਼ਲੀ ਨਾ ਹੋਣ ਕਾਰਨ ਘਰ ਦੀ ਬੈੱਲ ਵੀ ਕੰਮ ਨਹੀਂ ਸੀ ਕਰ ਕਰ ਰਹੀ।ਸਕੂਲੋਂ ਪਰਤੇ ਮੇਰੇ ਬੱਚੇ ਡਰੇ ਬੈਠੇ ਸਨ।ਨਾ ਕੋਈ ਫੋਨ ਚੱਲਦਾ ਸੀ ਨਾ ਟੈਲੀਵੀਯਨ ਨਾ ਮਾਈਕਰੋਵੇਵ ਅਤੇ ਨਾ ਹੀ ਸਟੋਵ।ਘਰ ਵਿੱਚ ਜਿਵੇਂ ਮੁਰਦੇਹਾਣੀ ਛਾਈ ਪਈ ਹੋਵੇ।ਬੱਚਿਆਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਨ ਜਾਂ ਕੀ ਖਾਣ ਪੀਣ।ਮੈਨੂੰ ਦੇਖ ਉਨ੍ਹਾਂ ਦੀ ਮਸਾਂ ਜਾਨ ਵਿੱਚ ਜਾਨ ਆਈ ਸੀ।ਉਹ ਫੋਨ ਬੰਦ ਹੋ ਜਾਣ ਕਾਰਨ ਬਹੁਤ ਦੁੱਖੀ ਸਨ।ਟੀ ਵੀ ਤੇ ਉਨ੍ਹਾਂ ਦੇ ਮਨਪਸੰਦ ਸ਼ੋਅ ਲੰਘ ਗਏ ਸਨ।ਇੰਟਰਨੈੱਟ ਬੰਦ ਪਿਆ ਸੀ।ਉਹ ਜਿਵੇਂ ਸਾਰੇ ਸੰਸਾਰ ਨਾਲੋਂ ਟੁੱਟ ਗਏ ਸਨ।ਏਨੇ ਇਕੱਲੇ ਤਾਂ ਉਨ੍ਹਾਂ ਆਪਣੇ ਆਪ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ।
ਮੈਂ ਉਨ੍ਹਾਂ ਦੀ ਬੇਚੈਨੀ ਦੇਖ ਕੇ ਹੈਰਾਨ ਹੋ ਰਿਹਾ ਸੀ।ਬੱਚੇ ਕਿੰਨੀ ਬੁਰੀ ਤਰ੍ਹਾਂ ਬਿਜਲਈ ਵਸਤਾਂ ਨਾਲ ਜੁੜੇ ਪਏ ਸਨ।ਹੁਣ ਤਾਂ ਉਨ੍ਹਾਂ ਦੇ ਦਾਦਾ ਦਾਦੀ,ਨਾਨਾ ਨਾਨੀ ਅਤੇ ਚਾਚੇ ਤਾਏ ਇਹ ਹੀ ਬਿਜਲਈ ਸਾਜੋ ਸਮਾਨ ਸੀ।ਜਿਨ੍ਹਾਂ ਦੀ ਵਰਤੋਂ ਬਗੈਰ ਜਿਵੇਂ ਹਨੇਰ ਪੈ ਗਿਆ ਸੀ।ਉਹ ਕਦੇ ਟੀ: ਵੀ: ਵਲ ਭੱਜਦੇ ਅਤੇ ਕਦੀ ਫੋਨ ਵਲ,ਕਦੀ ਕਮਪਿਊਟਰ ਵਲ ਅਤੇ ਕਦੀ ਹੋਮਥੀਏਟਰ ਵਲ।ਮੁੜ ਨਿਰਾਸ਼ ਹੋ ਸੋਫੇ ਤੇ ਢੇਰ ਹੋ ਜਾਂਦੇ।ਦਾਦੇ ਦਾਦੀ ਜਾਂ ਨਾਨੇ ਨਾਨੀ ਦੇ ਰਿਸ਼ਤੇ ਵੀ ਤਾਂ ਹੁਣ ਇਨ੍ਹਾਂ ਚੀਜਾਂ ਨੇ ਖੋਹ ਲਏ ਸਨ।ਹੁਣ ਇਹ ਹੀ ਵਸਤਾਂ ਉਨ੍ਹਾਂ ਨੂੰ ਟੀ: ਵੀ: ਸ਼ੋਆਂ ਰਾਹੀ ਬਾਤਾਂ ਸੁਣਾਉਦੀਆਂ ਤੇ ਵੀ: ਡੀ: ਉ: ਗੇਮਜ਼ ਰਾਹੀ ਖਿਡਾਉਦੀਆਂ।ਮਾਈਕਰੋਵੇਵ ਮਾਂ ਦੀ ਥਾਂ ਖਾਣਾ ਗਰਮ ਕਰਕੇ ਦਿੰਦਾ।ਇੰਟਰਨੈੱਟ ਉਨ੍ਹਾਂ ਨੂੰ ਦੁਨੀਆਂ ਭਰ ਦੀ ਸ਼ੈਰ ਕਰਵਾਉਂਦਾ।ਐਨਾਂ ਅਫਸੋਸ ਤਾਂ ਉਨ੍ਹਾਂ ਆਪਣੇ ਦਾਦੇ ਦੀ ਮੌਤ ਵਾਲੇ ਦਿਨ ਵੀ ਨਹੀਂ ਸੀ ਕੀਤਾ,ਜਿਨਾਂ ਅੱਜ ਕਰ ਰਹੇ ਸਨ। ਸਭ ਚੀਜ਼ਾਂ ਜਿਵੇਂ ਉਨ੍ਹਾਂ ਨੂੰ ਦੰਦ ਚਿੜਾ ਰਹੀਆਂ ਸਨ।ਸਾਡੇ ਵਕਤ ਬਿਜਲੀ ਚਲੇ ਜਾਣਾ ਮਮੂਲੀ ਗੱਲ ਸੀ।ਖਾਣਾ ਮਿੱਟੀ ਦੇ ਚੁੱਲੇ ਤੇ ਬਣਾਇਆ ਜਾ ਸਕਦਾ ਸੀ।ਰੋਸ਼ਨੀ ਲਈ ਦੀਵੇ ਮੋਮਬੱਤੀਆਂ ਸਨ।ਪਰ ਸਾਡਾ ਸਮਾਂ ਤਾਂ ਬੀਤ ਗਿਆ ਸੀ।ਹਰ ਕੋਈ ਅੱਜ ਇਹ ਆਫਤ ਆਉਣ ਤੇ ਆਪਣੇ ਆਪ ਨੂੰ ਅਪਾਹਿਜ਼ ਸਮਝ ਰਿਹਾ ਸੀ।ਮੈਂ ਸੋਚ ਰਿਹਾ ਸੀ ਕਿ ਜੇ ਕੋਈ ਕੁਦਰਤੀ ਕਰੋਪੀ ਆ ਜਾਵੇ ਤਾਂ ਇਹ ਬੱਚੇ ਕੀ ਕਰਨਗੇ?ਮੈਨੂੰ ਲੱਗਿਆ ਇਹ ਬਿਜਲਈ ਯੰਤਰਾਂ ਦੇ ਪਾਣੀ ਵਿੱਚ ਉੱਗੀ ਹੋਈ ਪਨੀਰੀ ਹੈ ਤੇ ਇਨ੍ਹਾਂ ਦੀ ਹੋਂਦ ਤੋਂ ਬਿਨਾਂ ਕੁਮਲਾ ਜਾਵੇਗੀ ਸੁੱਕ ਜਾਵੇਗੀ ਤੇ ਮਰ ਜਾਵੇਗੀ।ਮੈਨੂੰ ਮਨੁੱਖਤਾ ਦਾ ਭਵਿੱਖ ਫੇਰ ਹਨੇਰਾ ਨਜ਼ਰ ਆਉਣ ਲੱਗਾ।ਉੱਧਰ ਸ਼ਾਮ ਦਾ ਸੂਰਜ ਹੋਰ ਨੀਵਾਂ ਹੋ ਰਿਹਾ ਸੀ।
ਅਜੇ ਤੱਕ ਮੇਰੀ ਪਤਨੀ ਕੰਮ ਤੋਂ ਘਰ ਨਹੀਂ ਆਈ ਸੀ।ਬੱਚੇ ਤੇ ਮੈਂ ਬੇਹੱਦ ਫਿਕਰਮੰਦ ਸਾਂ।ਮੇਰੀ ਬੇਟੀ ਕੀਰਤੀ ਵਾਰ ਵਾਰ ਦਰਵਾਜੇ ਵਲ ਜਾ ਰਹੀ ਤੇ ਬੇਟਾ ਤਾਜ ਪੁੱਛ ਰਿਹਾ ਸੀ, “ਮੈਂ ਆਪਣੀ ਗੇਮ ਤੇ ਕਿਵੇਂ ਜਾਊਂ?ਮੈਂ ਨਹੀਂ ਮਿੱਸ ਕਰਨੀ।ਮੈਂ ਗੇਮ ਤੇ ਜਾਣਾ ਮੰਗਦਾ ਵਾਂ” ਮੈਂ ਕਿਹਾ ‘ਲੱਗਦਿਆ ਗੇਮ ਦਿਆ ਬਾਹਰ ਤਾਂ ਹਨੇਰ ਮੱਚਿਆ ਪਿਆ ਏ।ਤੈਨੂੰ ਸੌਕਰ ਤੇ ਜਾਣ ਦੀ ਪਈ ਆ।ਨਾਲੇ ਜੇ ਬਿਜਲੀ ਹੀ ਨਾਂ ਆਈ ਤਾਂ ਫੀਲਡ ਦੀਆਂ ਲਾਈਟਾਂ ਕਿੱਥੋਂ ਜਗਣੀਆਂ ਨੇ।ਅੱਜ ਤਾਂ ਤੇਰੀ ਗੇਮ ਕੈਂਸਲ ਸਮਝ’।ਤਾਜ ਮੇਰੀ ਗੱਲ ਸੁਣ ਨਿਮੋਝੂਣਾ ਜਿਹਾ ਹੋ ਸੋਫੇ ਤੇ ਬਹਿ ਗਿਆ।ਮੈਂ ਕੀਰਤੀ ਨੂੰ ਕਿਹਾ ‘ਜਾ ਬੇਟੇ ਤੂੰ ਵੀ ਕਮਪਿਊਟਰ ਤੇ ਚੈੱਕ ਕਰ ਲੈ ਸ਼ਾਇਦ ਤੇਰੀ ਵੀ ਬੇਸਵਾਲ ਦੀ ਗੇਮ ਕੈਂਸਲ ਹੋ ਗਈ ਹੋਊ’।ਦੋਵੇ ਬੱਚੇ ਹਸੇ ਤੇ ਕਹਿਣ ਲੱਗੇ “ਡੈਡ ਕਮਪਿਊਟਰ ਕਾਹਦੇ ਨੱਲ ਚੱਲਣੈ” ‘ਬਿਜਲੀ ਨਾਲ’ ਕਹਿੰਦਿਆਂ ਮੈਂ ਮੱਥਾ ਫੜ ਲਿਆ।ਮੇਰਾ ਸਿਰ ਦਰਦ ਕਰ ਰਿਹਾ ਸੀ।ਚਾਹ ਪੀਣ ਦੀ ਸੋਚੀ,ਚੁੱਲਾ ਵੀ ਮੁਰਦਾ ਪਿਆ ਸੀ।ਫੇਰ ਬੱਚਿਆਂ ਵਾਂਗ ਮੈਨੂੰ ਵੀ ਖਿਝ ਜਿਹੀ ਚੜਨ ਲੱਗ ਪਈ।ਮੈਨੂੰ ਲੱਗਿਆ ਜਿਵੇਂ ਮੈਂ ਕੋਈ ਅੰਗਹੀਣ ਲੂਲਾ ਲਗੜਾ ਵਿਅੱਕਤੀ ਹੋਵਾਂ ਤੇ ਜਾਂ ਕੋਈ ਬਿਜਲੀ ਨਾਲ ਚੱਲਣ ਵਾਲਾ ਖਿਡੌਣਾ।ਇਹ ਅੱਜ ਮੇਰਾ ਨਹੀਂ ਸਭ ਦਾ ਹੀ ਹਾਲ ਹੋਵੇਗਾ।
ਮੈਨੂੰ ਪੰਜਾਬ ਦੇ ਪੁਰਾਣੇ ਦਿਨਾਂ ਦੀ ਯਾਦ ਆ ਰਹੀ ਸੀ,ਜਦੋਂ ਔਰਤਾਂ ਵਿਹੜਿਆਂ ਵਿੱਚ ਮਿੱਟੀ ਦੇ ਚੁੱਲਿਆਂ ਉੱਪਰ ਰੋਟੀ ਟੁੱਕ ਕਰਿਆ ਕਰਦੀਆਂ ਸਨ।ਉਨ੍ਹਾਂ ਨੂੰ ਕਦੇ ਵੀ ਅਜਿਹਾ ਦਿਨ ਨਹੀਂ ਦੇਖਣਾ ਪਿਆ ਹੋਊ,ਜਦੋਂ ਘਰ ਵਿੱਚ ਚੁੱਲਾ ਨਾ ਬਲਿਆ ਹੋਵੇ।ਉਸ ਵੇਲੇ ਫਰਿੱਜਾਂ ਨਹੀਂ ਘੜੇ ਹੁੰਦੇ ਸੀ।ਲੋਕ ਘੜੇ ਦਾ ਠੰਢਾ ਪਾਣੀ ਪੀ ਕੇ ਵੀ ਸ਼ੁਕਰ ਮਨਾਉਂਦੇ ਸਨ।ਉਹ ਲੋਕ ਕੁਦਰਤ ਦੇ ਕਿੰਨੇ ਨੇੜੇ ਸੀ।ਮੇਰੀ ਨਿਗਾਹ ਫਰਿੱਜ ਤੇ ਗਈ।ਫ੍ਰੀਜਰ ਦੀ ਬਰਫ ਪਿਘਲ ਕੇ ਪਾਣੀ ਥੱਲੇ ਚੋਅ ਰਿਹਾ ਸੀ।‘ਉਹ ਮਾਈ ਗੌਡ’ਮੇਰੇ ਮੂੰਹੋਂ ਅਚਾਨਕ ਨਿੱਕਲਿਆ।ਹੁਣ ਤਾਂ ਸਾਰਾ ਦੁੱਧ ਅਤੇ ਮੀਟ ਬਗੈਰਾ ਖਰਾਬ ਹੋ ਜਾਣੇ ਨੇ।ਅਜੇ ਕੱਲ ਹੀ ਗ੍ਰੌਸਰੀ ਲਿਆਂਦੀ ਸੀ।ਤਾਜ ਕਹਿ ਰਿਹਾ ਸੀ “ਜੇ ਮੇਰੀਆਂ ਪੀਜ਼ਾ ਪੌਕਿਟਾਂ ਅਤੇ ਚਿਕਨ ਬਰਗਰ ਖਰਾਬ ਹੋ ਗਏ ਤਾਂ ਮੈਂ ਕੱਲ ਨੂੰ ਸਕੂਲ ਲੰਚ ਕੀ ਲੈ ਕੇ ਜਾਂਵਾਂਗਾ?”ਫਰਿੱਜ ਖੋਹਲ ਕੇ ਵੇਖਿਆ ਤਾਂ ਕੀਰਤੀ ਦੀ ਮਨਪਸੰਦ ਆਈਸਕਰੀਮ ਸਾਰੀ ਪਿਘਲ ਚੁੱਕੀ ਸੀ।ਫਰੀਜ਼ੀ ਸਟਿੱਕਾਂ ਪਾਣੀ ਬਣ ਗਈਆਂ ਸਨ।ਮੀਟ ਵਿੱਚੋਂ ਹਵਾੜ ਆ ਰਹੀ ਸੀ।ਤਾਜ ਬੋਲਿਆ “ਡੈਡ ਹੁਣ ਸਟੋਰਾਂ ਵਾਲੇ ਕੀ ਕਰਨਗੇ?ਉਨ੍ਹਾਂ ਦੇ ਫਰੀਜ਼ਰ ਤਾਂ ਮੀਟ ਦੁੱਧ ਅਤੇ ਗ੍ਰੌਸਰੀ ਨਾਲ ਭਰੇ ਰਹਿੰਦੇ ਨੇ।ਬਹੁਤ ਫੂਡ,ਟਰੱਕਾਂ ਦੇ ਟਰੱਕ ਵੇਸਟ ਹੋ ਜਾਵੇਗਾ” ਮੈਂ ਕਿਹਾ ਉਹ ਤਾਂ ਇੰਨਸ਼ੋਰੈਂਸ ਤੋ ਲੈ ਲੈਣਗੇ ਪਰ ਆਮ ਲੋਕਾਂ ਨੂੰ ਤਾਂ ਕੁੱਝ ਵੀ ਨੀ ਮਿਲਣਾ।ਮੈਂ ਬੱਚਿਆਂ ਨੂੰ ਹਦਾਇਤ ਦਿੱਤੀ “ਬੱਚਿਉ ਗਲਾਸ ਭਰ ਭਰ ਦੁੱਧ ਪੀ ਲਵੋ ਨਹੀਂ ਤਾਂ ਖਰਾਬ ਹੋ ਜਾਵੇਗਾ ਜਾਂ ਐਵੇਂ ਸਮਾਨ ਸੁੱਟਣਾ ਪਵੇਗਾ ਖਾਅ ਲੋ ਜੋ ਖਾਅ ਹੁੰਦਾ ਏ”।ਪਰ ਕੀਰਤੀ ਨਾਂ ਵਿੱਚ ਸਿਰ ਫੇਰਦੀ ਬੋਲੀ “ਡੈਡ ਅਸੀਂ ਬਿਮਾਰ ਹੋ ਜਾਵਾਂਗੇ” ਇਹ ਕਨੇਡੀਅਨ ਬੱਚਿਆਂ ਨਾਲ ਤਾਂ ਤੁਸੀਂ ਧੱਕਾ ਵੀ ਨਹੀਂ ਕਰ ਸਕਦੇ ਜੇ ਨਾਂ ਕਹਿ ਦਿੱਤੀ ਬੱਸ ਫੇਰ ਨਾਂ ਹੀ ਹੈ।ਜੋ ਕੁੱਝ ਮੇਰੇ ਤੋਂ ਸਮੇਟ ਹੋਇਆ ਮੈਂ ਸਮੇਟ ਦਿੱਤਾ।
ਆਫਰਿਆਂ ਢਿੱਡ ਲੈ ਕੇ ਮੈਂ ਸੋਫੇ ਤੇ ਬੈਠ ਗਿਆ।ਹੁਣ ਮੇਰੇ ਕਰਨ ਲਈ ਕੁੱਝ ਵੀ ਨਹੀਂ ਸੀ।ਹੁਣ ਤਾਂ ਕੋਈ ਲੈਸਨ ਵੀ ਦਿੱਤਾ ਨਹੀਂ ਸੀ ਜਾ ਸਕਦਾ।ਕਦੀ ਮੈਂ ਘਾਹ ਕੱਟਣ ਦੀ ਸੋਚਦਾ ਕਦੀ ਨਹਾਉਣ ਲਈ ਜੀ ਕਰਦਾ।ਪਰ ਬਿਜਲੀ ਬਿਨਾਂ ਸਾਰਾ ਕੁੱਝ ਹੀ ਬੇਜਾਨ ਪਿਆ ਸੀ।ਏਅਰਕੰਡੀਸ਼ਨ ਵੀ ਅਰਾਮ ਫਰਮਾ ਰਿਹਾ ਸੀ।ਬੈਕ ਯਾਰਡ ਵਿੱਚ ਕਾਟੋਆਂ ਸਾਰੇ ਕਾਸੇ ਤੋਂ ਬੇਖਬਰ ਖੇਡ ਰਹੀਆਂ ਸਨ।ਚਿੜੀਆਂ ਕਲੋਲਾਂ ਕਰਦੀਆਂ ਚੀਕ ਚਿਹਾੜੇ ਵਿੱਚ ਰੁਝੀਆਂ ਹੋਈਆਂ ਸਨ।ਵਧੇ ਹੋਏ ਤਾਪਮਾਨ ਨਾਲ ਘਰ ਵੀ ਹੁਣ ਗਰਮ ਹੋ ਗਿਆ ਸੀ।ਅੰਦਰੋਂ ਸੇਕ ਮਾਰਨ ਲੱਗ ਪਿਆ।ਮੈਂ ਬਾਹਰ ਬੈਕ ਯਾਰਡ ਵਿੱਚ ਜਾ ਕੇ ਗਰਡਨ ਨੂੰ ਪਾਣੀ ਦੇਣ ਲੱਗਾ।ਹੋਰ ਕਰਨ ਨੂੰ ਹੈ ਵੀ ਕੀ ਸੀ।ਸਾਰਾ ਕੁੱਝ ਅਰਾਮ ਫਰਮਾ ਰਿਹਾ ਸੀ ਪਰ ਮੇਰੀ ਸੋਚ ਨੂੰ ਅਰਾਮ ਨਹੀਂ ਸੀ।
ਮੈਂ ਕਈ ਵਾਰ ਫੋਨ ਚੁੱਕਣ ਦੌੋੜਿਆ ਤੇ ਮੁੜ ਆਇਆ।ਮੇਰਾ ਸੈੱਲ ਫੋਨ ਵੀ ਮੁਰਦਾ ਪਿਆ ਸੀ।ਮੈਨੂੰ ਜਾਪਿਆ ਜਿਵੇਂ ਮੇਰਾ ਸਾਰਾ ਕੁੱਝ ਗੁਆਚ ਗਿਆ ਹੋਵੇ।ਮੈਂ ਵਾਰ ਵਾਰ ਬੂਹੇ ਵੱਲ ਜਾਂਦਾ ਤੇ ਪਰਤ ਆਂਉਦਾ।ਮੇਰੀ ਪਤਨੀ ਦੀਪ ਕੰਮ ਤੋਂ ਅਜੇ ਵੀ ਨਹੀਂ ਆਈ ਸੀ।ਫੇਰ ਮੈਂ ਡਰਾਈਵੇਅ ਵਿੱਚ ਜਾ ਖੜਾ ਹੋਇਆ।ਲੋਕ ਘਰਾਂ ਮੂਹਰੇ ਕੁਰਸੀਆਂ ਡਾਹੀਂ ਬੈਠੇ ਸਨ।ਉਹ ਭਾਵੇਂ ਗਰਮੀ ਤੋਂ ਬਚਣ ਲਈ ਹੀ ਬੈਠੇ ਹੋਣ ਪਰ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ।ਅੱਜ ਤਾਂ ਕਈ ਮਾਪੇ ਤੇ ਬੱਚੇ ਵੀ ਇਕੱਠੇ ਬੈਠੇ ਨਜ਼ਰ ਆ ਆ ਰਹੇ ਸਨ।ਉੱਤੋਂ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ।ਮੈਨੂੰ ਅਪਣੀ ਨਾਨੀ ਦਾ ਮੁਹਾਵਰਾ ਯਾਦ ਆਇਆ ਕਿ ‘ਉਲਟੀ ਗੰਗਾ ਪਹੋਏ ਨੂੰ’।ਨਹੀਂ ਤਾਂ ਕਨੇਡਾ ਵਰਗੇ ਮੁਲਕ ਵਿੱਚ ਤਾਂ ਬੱਚੇ ਟੀ ਵੀ,ਫੋਨ,ਵੀਡੀਉ ਗੇਮਜ਼,ਇੰਟਰਨੈੱਟ ਚੈਟਿੰਗ,ਆਈ ਪੌਡ ਬਗੈਰਾ ਨਾਲ ਹੀ ਗੱਲਾਂ ਕਰਦੇ ਹਨ।ਇਨ੍ਹਾਂ ਉਪਕਰਨਾਂ ਦੇ ਮਰ ਜਾਣ ਨਾਲ ਜਿਵੇਂ ਦੱਬੇ ਪਏ ਰਿਸ਼ਤੇ ਖੁੱਡਾਂ ਵਿੱਚੋਂ ਨਿੱਕਲ ਆਏ ਹੋਣ।ਮੈਨੂੰ ਆਪਣਾ ਬਚਪਨ ਯਾਦ ਆ ਗਿਆ।ਦਾਦੀ ਮਾਂ ਤੋਂ ਬਾਤਾ ਸੁਣਨੀਆਂ।ਨਾਨੀ ਦੀਆਂ ਲੋਰੀਆਂ।ਤਾਰਿਆਂ ਥੱਲੇ ਮੰਜਿਆਂ ਤੇ ਬੈਠ ਦੇਰ ਰਾਤ ਤੱਕ ਗੱਲਾਂ ਕਰਨੀਆਂ ਅਤੇ ਧਾਰਮਿਕ ਸਾਖੀਆਂ ਸੁਣਨੀਆਂ।ਉਦੋਂ ਸਖਸ਼ੀਅਤ ਸਿਰਜਣਾ ਦੇ ਇਹ ਹੀ ਮੁਢਲੇ ਸਕੂਲ ਹੋਇਆ ਕਰਦੇ ਸਨ।ਅੱਜ ਦਾ ਦਿਨ ਵੀ ਉਹ ਪੁਰਾਣੇ ਦਿਨਾਂ ਵਰਗਾ ਹੀ ਸੀ।
ਏਨੇ ਨੂੰ ਮੇਰੀ ਪਤਨੀ ਦੀ ਗੱਡੀ ਡਰਾਈਵੇਅ ‘ਚ ਮੁੜ ਆਈ।ਜਿਵੇਂ ਮੇਰੀ ਜਾਨ ਵਿੱਚ ਜਾਨ ਆ ਗਈ ਹੋਵੇ।ਮੈਂ ਭੱਜ ਕੇ ਉਸ ਨੂੰ ਮਿਲਿਆ।ਉਸ ਨੇ ਟ੍ਰੈਫਿਕ ਦੇ ਜਮਘਟੇ ਵਿੱਚ ਲੇਟ ਹੋਣ ਦੀ ਤੇ ਸਭ ਕੁੱਝ ਡੈੱਡ ਹੋ ਜਾਣ ਦੀ ਕਹਾਣੀ ਇੱਕੋ ਸਾਹੇ ਸੁਣਾ ਦਿੱਤੀ।ਬੱਚੇ ਵੀ ਬਾਹਰ ਦੌੜ ਆਏ ਉਹ ਆਪਣੀ ਮਾਂ ਨੂੰ ਚਿੰਬੜ ਕੇ ਮਿਲ ਰਹੇ ਸਨ।ਅੱਗੇ ਤਾਂ ਉਨ੍ਹਾਂ ਨੂੰ ਮਾਂ ਦੇ ਆਉਣ ਦਾ ਪਤਾ ਹੀ ਨਹੀਂ ਸੀ ਲੱਗਦਾ।ਐੱਮ ਪੀ ਥ੍ਰੀ ਦੀਆਂ ਟੂਟੀਆਂ ਜਿਹੀਆਂ ਤਾਂ ਉਨ੍ਹਾਂ ਅੱਜ ਵੀ ਸੰਗੀਤ ਸੁਣਨ ਲਈ ਕੰਨਾਂ ਨੂੰ ਲਾਈਆਂ ਸਨ ਪਰ ਉਹ ਚਾਰਜ਼ ਕਰਨ ਵਾਲੇ ਪਏ ਸਨ।ਆਪਣੇ ਮਨਪਸੰਦ ਟੀ ਵੀ ਸ਼ੋਅ ਮਿੱਸ ਹੋ ਜਾਣ ਨਾਲ ਉਨ੍ਹਾਂ ਦਾ ਸੰਗੀਤ ਸੁਣਨ ਨੂੰ ਸ਼ਾਇਦ ਮਨ ਵੀ ਨਹੀਂ ਸੀ ਕਰਦਾ।ਸਾਰਾ ਟੱਬਰ ਘਰ ਇਕੱਠਾ ਹੋ ਜਾਣ ਦੀ ਸਾਨੂੰ ਬੇਹੱਦ ਖੁਸ਼ੀ ਸੀ।
ਅੱਜ ਅਸੀਂ ਜਸ਼ਨ ਮਨਾਉਣ ਦੀ ਸੋਚੀ।ਬਹੁਤ ਸੋਚਣ ਤੋਂ ਬਾਅਦ ਇੱਕੋ ਗੱਲ ਦਿਮਾਗ ਵਿੱਚ ਆਈ ਕਿ ‘ਬਾਰ ਬੀ ਕਿਊ’ ਕੀਤਾ ਜਾਵੇ।ਉਸ ਲਈ ਕਿਹੜਾਂ ਬਿਜਲੀ ਚਾਹੀਦੀ ਸੀ।ਨਾਲੇ ਬਹਾਨੇ ਨਾਲ ਬੈਕ ਯਾਰਡ ਵਿੱਚ ਬੈਠਣ ਦਾ ਫੱਨ ਨਾਲੇ ਰੋਟੀ ਦਾ ਮਸਲਾ ਹੱਲ।ਮੈਂ ਤੇ ਦੀਪ ਘਰ ਨਾਲ ਦੇ ਪਲਾਜ਼ੇ ਵਿੱਚ ਬਣੀ ਮੀਟ ਸ਼ੌਪ ਤੋਂ ਬਾਰ ਬੀ ਕਿਊ ਵਾਲਾ ਮਸਾਲਾ ਲੱਗਿਆ ਚਿਕਨ ਲੈਣ ਚਲੇ ਗਏ।ਦੁਕਾਨ ਤੇ ਜਾਕੇ ਦੇਖਿਆਂ ਖਰੀਦਦਾਰਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ।ਮੀਟ ਸ਼ੌਪ ਵਾਲੇ ਹਰ ਕਿਸੇ ਨੂੰ ਨਾਲ ਇੱਕ ਪੌਂਡ ਫ੍ਰੀ ਦੇ ਰਹੇ ਸਨ ਤਾਂ ਕਿ ਬਿਜਲੀ ਨਾ ਹੋਣ ਕਾਰਨ ਚਿਕਨ ਖਰਾਬ ਨਾ ਹੋ ਜਾਵੇ।ਹੁਣ ਵੀ ਫ੍ਰੀਜ਼ਰ ਅਤੇ ਏਅਰ ਕੰਡੀਸ਼ਨ ਨਾ ਚੱਲਦਾ ਹੋਣ ਕਾਰਨ ਸਾਰੀ ਦੁਕਾਨ ਵਿੱਚੋਂ ਦੁਰਗੰਧ ਆ ਰਹੀ ਸੀ।ਮੀਟ ਵਿੱਚ ਪਾਣੀ ਫਿਰ ਰਿਹਾ ਸੀ।ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਅਸੀਂ ਕਿਸੇ ਹੱਡਾ ਰੋੜੀ ਵਿੱਚ ਖੜੇ ਹੋਈਏ।ਖੈਰ ਅਸੀ ਬੜੀ ਮੁਸ਼ਕਲ ਨਾਲ ਚਿਕਨ ਲੈ ਕੇ ਗੱਡੀ ਦਾ ਮੂੰਹ ਘਰ ਵੱਲ ਮੋੜਿਆ।ਅੱਜ ਸਾਰੇ ਲੋਕਾਂ ਦਾ ਵਰਤਾ ਅਤੇ ਗੱਲਾਂ ਅਜੀਬ ਜਿਹੀਆਂ ਸਨ।
ਸਾਡੀ ਸਟਰੀਟ ਬਹੁਸੱਭਿਆਚਾਰ ਦਾ ਨਮੂਨਾ ਬਣੀ ਪਈ ਸੀ।ਅੱਜ ਹੀ ਸਾਨੂੰ ਬਹੁ ਸੱਭਿਆਚਾਰਕ ਮੁਲਕ ਕਨੇਡਾ ਦੇ ਅਸਲ ਦਰਸ਼ਣ ਹੋਏ ਸਨ।ਸਾਡੇ ਇੱਕ ਪਾਸੇ ਪਾਕਿਸਤਾਨ ਪਿਸ਼ਾਵਰ ਤੋਂ ਆਏ ਪਠਾਣ ਮੁਸਲਮਾਨਾਂ ਦਾ ਘਰ ਸੀ ਤੇ ਦੂਸਰੇ ਪਾਸੇ ਦਿੱਲੀ ਤੋਂ ਇੱਕ ਹਿੰਦੂ ਫੈਮਿਲੀ।ਸਾਡੇ ਸਾਹਮਣੇ ਯੂਕਰੇਨੀਅਨ ਪਰਿਵਾਰ ਤੇ ਉਨ੍ਹਾਂ ਦੇ ਗੁਆਂਡੀ ਗੁਜਰਾਤੀ ਭਾਰਤੀ।ਆਲੇ ਦੁਆਲੇ ਬ੍ਰਿਟਿਸ਼,ਯਮਕੀਣ,ਸੁਮਾਲੀਅਨ,ਨਾਈਜ਼ੀਰੀਅਨ,ਜਰਮਨ,ਪੋਲਿਸ਼,ਫਿਲਪਾਈਨੀ,ਚਾਈਨੀਜ਼,ਵੀਤਨਾਮੀ,ਕੋਰੀਅਨ,ਗੋਰੇ,ਕਾਲੇ ਅਤੇ ਭੂਰੇ ਸਾਰੇ ਲੋਕ ਵਸੇ ਹੋਏ ਸਨ ਜੋ ਹੁਣ ਘਰਾਂ ਦੇ ਬਾਹਰ ਨਿੱਕਲ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇਸ ਅਚਾਨਕ ਪਈ ਬਿਪਤਾ ਨੇ ਸਭ ਨੂੰ ਇਕੱਠੇ ਕਰ ਦਿੱਤਾ ਸੀ।
ਗੋਰਾ ਜੇਸਨ ਘਰ ਘਰ ਜਾ ਕੇ ਪੁੱਛ ਰਿਹਾ ਸੀ ਕਿ ਕਿਸੇ ਮੱਦਦ ਦੀ ਜਰੂਰਤ ਤਾਂ ਨਹੀਂ।ਉਹ ਇਹ ਵੀ ਸੱਦਾ ਦੇ ਰਿਹਾ ਕਿ ਉਹ ਬਾਰ ਬੀ ਕਿਊ ਕਰਨ ਲੱਗਾ ਹੈ ਤੇ ਉਸ ਵਲ ਆ ਜਾਵੋ।ਫੇਰ ਤਕਰਬੀਨ ਹਰ ਘਰ ਦੇ ਬੈਕ ਯਾਰਡ ਵਿੱਚੋਂ ਹੀ ਧੂਆਂ ਉੱਠਣ ਲੱਗ ਪਿਆ।ਕੋਈ ਛੱਲੀਆਂ ਭੁੰਨ ਰਿਹਾ ਸੀ,ਕੋਈ ਹੌਟ ਡੌਗ ਬਣਾ ਰਿਹਾ ਸੀ ਤੇ ਕੋਈ ਚਿਕਨ ਬਰਗਰ।ਫੇਰ ਇਹ ਸਮਾਨ ਟ੍ਰੇਆਂ ‘ਚ ਭਰ ਕੇ ਸਟਰੀਟ ਤੇ ਬੈਠੇ ਲੋਕਾਂ ਨੂੰ ਵਰਤਾਇਆ ਜਾਣ ਲੱਗਾ।ਮੈਨੂੰ ਭਾਰਤ ਵਿੱਚ ਹੋਲੇ ਮਹੱਲੇ ਵੇਲੇ ਸੜਕ ਕਿਨਾਰੇ ਲੱਗੇ ਲੰਗਰਾਂ ਦੀ ਯਾਦ ਆਈ।ਸਾਡੀ ਪਾਕਸਤਾਨੀ ਗੁਆਂਢਣ ਕਹਿਕਸ਼ਾਂ ਨੇ ਗੈਸ ਵਾਲੇ ਚੁੱਲੇ ਤੇ ਚਾਹ ਦਾ ਵੱਡਾ ਪਤੀਲਾ ਧਰ ਦਿੱਤਾ ਸੀ।ਉਸ ਦੇ ਬੱਚੇ ਫੋਮ ਕੱਪਾਂ ਵਿੱਚ ਸਾਰੀ ਸਟਰੀਟ ਤੇ ਚਾਹ ਵਰਤਾ ਰਹੇ ਸਨ।ਜਿਨਾਂ ਪੰਜਾਬੀ ਪਰਿਵਾਰਾਂ ਕੋਲ ਗੈਸ ਵਾਲੇ ਚੁੱਲੇ ਸਨ ਉਨ੍ਹਾਂ ਗੈਰਾਜ਼ ਵਿੱਚ ਹੀ ਦਾਲਾਂ ਸਬਜ਼ੀਆਂ ਚੜ੍ਹਾ ਦਿੱਤੀਆਂ।ਸਾਗ ਬਣਾਉਣ ਲਈ ਰੱਖੇ ਗੈਸ ਵਾਲੇ ਚੁੱਲਿਆਂ ਦੀ ਅੱਜ ਖੂਬ ਵਰਤੋਂ ਹੋ ਰਹੀ ਸੀ।ਲੋਕਾਂ ਦਾ ਇਹ ਆਪਸੀ ਮਿਲਵਰਤਣ ਦੇਖ ਸੰਕਟ ਜਿਵੇਂ ਭੁੱਲ ਹੀ ਗਿਆ ਸੀ।
ਡੈਵਿਨ ਨੇ ਆਪਣੇ ਬੈਕ ਯਾਰਡ ਵਿੱਚ ਕੈਪਿੰਗ ਵਾਲ ਟੈਂਟ ਲਗਾ ਦਿੱਤਾ।ਫੇਰ ਮਾਈਕ ਇੱਕ ਹੋਰ ਟੈਂਟ ਅਪਣੇ ਘਰੋਂ ਚੁੱਕ ਲਿਆਇਆ।ਉਹ ਵੀ ਲਗਾ ਦਿੱਤਾ।ਕੁੱਝ ਲੋਕ ਮੇਜ ਕੁਰਸੀਆਂ ਚੁੱਕ ਲਿਆਏ।ਇੱਕ ਚੰਗੀ ਖਾਸੀ ਪਾਰਟੀ ਦਾ ਮਹੌਲ ਜਿਹਾ ਬਣਨ ਲੱਗਿਆ।ਡੈਵਿਨ ਨੇ ਬਾਰ ਬੀ ਕਿਊ ਚਿਕਨ ਲਿਆ ਧਰਿਆ ਤਾਂ ਮਾਈਕ ਸਲਾਦ ਅਤੇ ਕੋਕ ਚੁੱਕ ਲਿਆਇਆ।ਜੇਸਨ ਨੇ ਹੌਟ ਡੌਗ ਲਿਆ ਧਰੇ ਤੇ ਕੋਈ ਪਟੈਟੋ ਸੈਲਿਡ ਚੁੱਕ ਲਿਆਇਆ।ਜਲਦੀ ਹੀ ‘ਪੌਟ ਲੱਕ’ ਡਿੱਨਰ ਦਾ ਮਹੌਲ ਬਣਨ ਲੱਗਾ।ਮੈਂ ਨਾਲਦੇ ਪਲਾਜ਼ੇ ਵਿੱਚੋਂ ਪੰਦਰਾਂ ਪੌਂਡ ਚਿੱਕਨ ਲੈ ਆਇਆ।ਔਰਤਾਂ ਫੋਮ ਦੇ ਕੱਪ ਪਲੇਟਾਂ ਟੇਬਲਾਂ ਤੇ ਸਜਾਉਣ ਲੱਗੀਆਂ।ਮੇਰੀ ਪਤਨੀ ਅਤੇ ਬੱਚੇ ਵੀ ਏਧਰ ਹੀ ਆ ਗਏ ਤੇ ਹੋਰ ਕਈ ਪਰਿਵਾਰ ਵੀ।ਮੇਰੀ ਪਤਨੀ ਨੇ ਲਿਜ਼ ਵਲੋਂ ਲਿਆਂਦੀਆਂ ਮੋਮੋਬੱਤੀਆਂ ਟੇਬਲਾਂ ਤੇ ਸਜਾ ਦਿੱਤੀਆਂ।ਪ੍ਰਤਿਭਾ ਵਲੋਂ ਲਿਆਂਦੀਆਂ ਨਿੱਕੀਆਂ ਕੈਂਡਲਜ਼ ਗਲਾਸਾਂ ਵਿੱਚ ਪਾਏ ਪਾਣੀ ਤੇ ਤੈਰਦੀਆਂ ਬਹੁਤ ਖੂਬਸੂਰਤ ਜਾਪ ਰਹੀਆਂ ਸਨ।ਉੱਪਰ ਅਸਮਾਨ ਵਿੱਚ ਤਾਰੇ ਅੱਜ ਬਹੁਤ ਗੂੜੇ ਜਾਪ ਰਹੇ ਸਨ,ਜਿਵੇਂ ਕਈ ਗੁਣਾਂ ਥੱਲੇ ਉੱਤਰ ਆਏ ਹੋਣ।ਰੋਸ਼ਨੀ ਵੀ ਪ੍ਰਦੂਸ਼ਣ ਪੈਦਾ ਕਰਕੇ ਤੁਹਾਨੂੰ ਕੁਦਰਤ ਨਾਲੋਂ ਐਨਾ ਤੋੜ ਦਿੰਦੀ ਹੈ,ਇਹ ਗੱਲ ਮੈਨੂੰ ਅੱਜ ਹੀ ਸਮਝ ਆਈ।ਨਹੀਂ ਤਾਂ ਟੋਰਾਂਟੋ ਸ਼ਹਿਰ ਤੇ ਰੌਸ਼ਨੀਆਂ ਦੀ ਚਕਾ ਚੌਂਧ ਵਿੱਚ ਤਾਰੇ ਕਦੀ ਦਿਖਾਈ ਹੀ ਨਹੀਂ ਦਿੱਤੇ ਸਨ।ਸਾਡੀ ਸਟਰੀਟ ਦੇ ਬੱਚੇ ਦੁੜੰਗੇ ਮਾਰਦੇ ਖੁਸ਼ੀ ਜਾਹਰ ਕਰ ਰਹੇ ਸਨ ਕਿ ਅੱਜ ਕੈਂਡਲ ਲਾਈਟ ਡਿੱਨਰ ਕਰਾਂਗੇ।
ਭਾਂਤ ਸੁਭਾਂਤੇ ਖਾਣਿਆਂ ਨੂੰ ਪਰੋਸਣ ਵਾਲੇ ਅਤੇ ਖਾਣ ਵਾਲੇ ਵੀ ਦੁਨੀਆਂ ਦੀਆਂ ਭਾਂਤ ਸੁਭਾਂਤੀਆਂ ਕੌਮਾਂ ਨਾਲ ਸਬੰਧਤ ਸਨ।ਬਿਜ਼ਲਈ ਯੁੱਗ ਨੇ ਸਾਡੇ ਕਿੰਨੇ ਰਿਸ਼ਤੇ ਡਕਾਰ ਲਏ ਸਨ,ਅੱਜ ਮੈਂ ਇਹ ਵੀ ਸੋਚਣ ਲਈ ਮਜਬੂਰ ਹੋ ਗਿਆ।ਇਹ ਮਹਿਫਲ ਇੱਕ ਗਲੋਬਲਾਈਸ਼ਨ ਪਿੰਡ ਦਾ ਨਮੂਨਾ ਜਾਪ ਰਹੀ ਸੀ।ਸਾਰੇ ਇੰਗਲਿਸ਼ ਬੋਲ ਰਹੇ ਸਨ ਅਤੇ ਇੰਗਲਿਸ਼ ਮਿਊਜ਼ਿਕ ਵੀ ਵੱਜ ਰਿਹਾ ਸੀ।ਪੀਟਰ ਹੈਨੀਕਨ ਬੀਅਰ ਦੇ ਦੋ ਕੇਸ ਚੁੱਕ ਲਿਆਇਆ।ਜੇਮੀ ਨੇ ਆਪਣੀ ਗਿਟਾਰ ਬਜਾਉਣੀ ਸ਼ੁਰੂ ਕਰ ਦਿੱਤੀ।ਸ਼ਾਸ਼ਾ ਉਸ ਨਾਲ ਮਿਲਕੇ ਗਾਉਣ ਲੱਗੀ।ਅੱਜ ਬੱਚੇ ਲਾਈਵ ਸੰਗੀਤ ਦਾ ਆਨੰਦ ਮਾਣ ਰਹੇ ਸਨ ਅਤੇ ਮਨ ਪਸੰਦ ਖਾਣਾ ਖਾਅ ਰਹੇ ਸਨ।ਕਈ ਮਰਦ ਔਰਤਾਂ ਬੀਅਰ ਦੇ ਮੱਘ ਭਰੀ ਗੱਲਾਂ ਵਿੱਚ ਰੁਝੇ ਹੋਏ ਸਨ।ਕਈਆਂ ਦੇ ਡਾਂਸ ਲਈ ਪੈਰ ਆਪ ਮੁਹਾਰੇ ਥਿੜਕਣ ਲੱਗਦੇ।ਰਿਚਰਡ ਥਾਮਸ ਕਾਲਿਆਂ ਵਾਲਾ ਡਾਂਸ ਕਰਕੇ ਸਭ ਨੂੰ ਖੁਸ਼ ਕਰ ਗਿਆ ਸੀ।ਬੱਚੇ ਬੁੱਢੇ ਨੌਜਵਾਨ ਮਰਦ ਔਰਤਾਂ ਸਭ ਖੁਸ਼ ਸਨ।ਅਠਤਾਲੀ ਨੰਬਰ ਵਾਲੀ ਬੇਬੇ ਤਾਂ ਗੋਰੀਆਂ ਨਾਲ ਪੰਜਾਬੀ ਵਿੱਚ ਗੱਲਾਂ ਕਰਨ ਲੱਗੀ ਹੋਈ ਸੀ।ਗੋਰੀਆਂ ਉਸ ਨੂੰ ਮਾਮ ਮਾਮ ਕਹਿਕੇ ਸਾਰੀ ਗੱਲ ਉਸਦੇ ਇਸ਼ਾਰਿਆਂ ਰਾਹੀਂ ਹੀ ਸਮਝੀ ਜਾ ਰਹੀਆਂ ਸਨ।ਫੇਰ ਸਾਰੇ ਸ਼ਹਿਰ ਨੂੰ ਹੀ ਘੁੱਪ ਹਨੇਰੇ ਨੇ ਆਪਣੀ ਬੁੱਕਲ ਵਿੱਚ ਸਮੇਟ ਲਿਆ।
ਰੌਸ਼ਨੀਆਂ ਦੇ ਇਸ ਸ਼ਹਿਰ ਵਿੱਚ ਅੱਜ ਕਿਤੇ ਵੀ ਕੋਈ ਬੱਲਵ ਜਗਦਾ ਨਜ਼ਰ ਨਹੀਂ ਸੀ ਆ ਰਿਹਾ।ਸਟਰੀਟ ਲਾਈਟਾਂ ਵਾਲੇ ਖੰਭੇ ਖੁਦ ਹਨੇਰ ਵਿੱਚ ਖੜੇ ਸਨ।ਸੜਕਾਂ ਤਾਂ ਨਜ਼ਰ ਹੀ ਨਹੀਂ ਸਨ ਆ ਰਹੀਆਂ।ਇਸ ਕਰਕੇ ਟ੍ਰੈਫਿਕ ਵੀ ਕੋਈ ਨਹੀਂ ਸੀ।ਕੋਈ ਟਾਂਵੀ ਟਾਂਵੀ ਕਾਰ ਨਜ਼ਰ ਆ ਰਹੀ ਸੀ।ਪੀਅਰਸਨ ਏਅਰਪੋਰਟ ਤੇ ਉੱਤਰਨ ਲਈ ਅੱਜ ਆਕਾਸ਼ ਵਿੱਚ ਜਹਾਜ਼ ਵੀ ਨਜ਼ਰ ਨਹੀਂ ਸਨ ਆ ਰਹੇ।ਲੱਗਦਾ ਸੀ ਜਿਵੇਂ ਉਡਾਣਾਂ ਉੱਤਰਨ ਵਾਲੀਆਂ ਵੀ ਤੇ ਚੜਨ ਵਾਲੀਆਂ ਸਭ ਹੀ ਕੈਂਸਲ ਹੋ ਗਈਆਂ ਹੋਣ।ਮੈਂ ਸੋਚ ਰਿਹਾ ਸਾਂ ਕਿ ਅੱਜ ਬਿਜਲੀ ਫੇਲ ਹੋ ਨਾਲ ਹੀ ਜੇ ਇਹ ਹਾਲ ਹੋ ਗਿਆ।ਅਗਰ ਖੁਦਾ ਨਾ ਖਾਸਤਾ ਕੁਦਰਤ ਤੇ ਵੱਡੇ ਵੱਲਵ ਜਾਂ ਊਰਜਾ ਦੇ ਭੰਡਾਰ ਸੂਰਜ ਨੂੰ ਕੁੱਝ ਹੋ ਗਿਆ ਤਾਂ ਫੇਰ ਕੀ ਬਣੇਗਾ?ਪ੍ਰਦੂਸ਼ਣ ਫੈਲਾ ਰਹੇ ਮਨੁੱਖ ਨੇ ਕੁਦਰਤ ਦੀਆਂ ਇਨ੍ਹਾਂ ਨਿਆਮਤਾਂ ਬਾਰੇ ਕਦੀ ਗਭੀਰਤਾ ਨਾਲ ਸੋਚਿਆ ਹੀ ਨਹੀਂ ਸੀ।ਜੇ ਸੋਚਿਆਂ ਹੁੰਦਾ ਤਾਂ ਅੱਜ ਹਰ ਜਗਾ ਗਲੋਬਲ ਵਾਰਮਿੰਗ ਦੇ ਚਰਚੇ ਨਾ ਹੁੰਦੇ।ਅੱਜ ਵੀ ਇਸ ਵਿਸ਼ੇ ਤੇ ਗੱਲ ਹੋਈ ਸੀ।ਅੱਜ ਦੇ ਬਿਜਲੀ ਸੰਕਟ ਨੇ ਲੋਕਾਂ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਸੀ।
ਦਸ ਕੁ ਵਜੇ ਇਹ ਕੈਂਡਲ ਲਾਈਟ ਪਾਰਟੀ ਸਮਾਪਤ ਹੋ ਗਈ ਅਤੇ ਲੋਕ ਆਪੋ ਆਪਣੇ ਘਰਾਂ ਨੂੰ ਤੁਰ ਪਏ।ਗੈਵਨ ਵਲੋਂ ਬਚੀਆਂ ਮੋਮਬੱਤੀਆਂ ਮਹਿਮਾਨਾਂ ਨੂੰ ਇੱਕ ਇੱਕ ਕਰਕੇ ਵੰਡ ਦਿੱਤੀਆਂ ਗਈਆਂ।ਅੱਜ ਸਾਰਿਆਂ ਨੂੰ ਇਹ ਮੋਮਬੱਤੀਆਂ ਅਤੇ ਲਾਈਟਰ ਹੀ ਬਹੁਤ ਵੱਡਾ ਤੋਹਫਾ ਜਾਪ ਰਹੇ ਸਨ।ਅਸੀਂ ਵੀ ਬੱਚਿਆਂ ਸਮੇਤ ਘਰ ਆ ਗਏ।ਬੱਚੇ ਅੱਜ ਦੇ ਨਵੇਂ ਬਣੇ ਮਹੌਲ ਤੋਂ ਬਹੁਤ ਖੁਸ਼ ਸਨ।ਘਰ ਅੰਦਰੋਂ ਸੇਕ ਮਾਰ ਰਿਹਾ ਸੀ ਤੇ ਉੱਚੇ ਤਾਪਮਾਨ ਕਾਰਨ ਇੱਕ ਅਜੀਬ ਜਿਹੀ ਗੰਧ ਆ ਰਹੀ ਸੀ।ਸਾਡੇ ਤੋਂ ਅੰਦਰ ਕੁੱਝ ਦੇਰ ਵੀ ਬੈਠ ਨਾ ਹੋਇਆਂ।ਅਸੀਂ ਅਗਲੇ ਦਰਵਾਜ਼ੇ ਅੱਗੇ ਕੁਰਸੀਆਂ ਡਾਹ ਕੇ ਬੈਠ ਗਏ।ਦੇਖਿਆ ਕਿ ਸਾਡੀ ਸਟਰੀਟ ਤੇ ਹੋਰ ਵੀ ਬਹੁਤ ਸਾਰੇ ਲੋਕ ਬਾਹਰ ਕੁਰਸੀਆਂ ਡਾਹੀਂ ਬੈਠੇ ਹਨ।
ਮੈਂ ਅਕਾਸ਼ ਵਲ ਵੇਖਿਆਂ,ਅਸਮਾਨ ਤਾਰਿਆਂ ਨਾਲ ਭਰਿਆ ਪਿਆ ਸੀ।ਮੈਨੂੰ ਬਾਬੇ ਨਾਨਕ ਦੀ ਬਾਣੀ ਯਾਦ ਆਈ ਜਿਸ ਵਿੱਚ ਉਨ੍ਹਾਂ ਤਾਰਿਆਂ ਭਰੇ ਅਕਾਸ਼ ਦੀ ਤੁਲਨਾ ਮੋਤੀਆਂ ਦੇ ਭਰੇ ਹੋਏ ਥਾਲ਼ ਨਾਲ ਕੀਤੀ ਹੈ।ਮੈਂ ਇੱਕ ਵਾਰ ਫੇਰ ਆਪਣੇ ਬਚਪਨ ਵਿੱਚ ਚਲਾ ਗਿਆ।ਤਾਰਿਆਂ ਦੀ ਮੰਜੀ ਜਾਂ ਸਪਤਰਿਸ਼ੀ ਅੱਜ ਵੀ ਨਜ਼ਰ ਆ ਰਹੇ ਸਨ।ਛੜਿਆਂ ਦਾ ਰਾਹ ਜਿਸ ਨੂੰ ਬੱਚੇ ਮਿਲਕੀ ਵੇਅ ਗਲੈਕਸੀ ਕਹਿੰਦੇ ਸਨ ਅੱਜ ਵੀ ਦਿਖਾਈ ਪੈ ਰਿਹਾ ਸੀ।ਮੇਰੇ ਬੱਚੇ ਵੀ ਇਸ ਬਚਿੱਤਰ ਨਜ਼ਾਰੇ ਨੂੰ ਦੇਖ ਦੇਖ ਖੁਸ਼ ਹੋ ਰਹੇ ਸਨ।ਕੀਰਤੀ ਆਖ ਰਹੀ ਸੀ “ਔਹ ਮਰਕਰੀ ਆ…ਤਾਜ ਆਖ ਰਿਹਾ ਸੀ ਔਹ ਮਾਰਸ ਹੈ ਤੇ ਔਹ ਯੂਪੀਟਰ।ਸਪਤ ਰਿਸ਼ੀਆਂ ਵਾਲੀ ਮੰਜੀ ਨੂੰ ਬੱਚੇ ‘ਸੈਵਨ ਸਿਸਟਰਜ਼’ ਆਖ ਰਹੇ ਸਨ।ਚੰਦਰਮਾਂ ਅੱਜ ਨਜ਼ਰ ਨਹੀਂ ਸੀ ਆ ਰਿਹਾ।ਮੈਂ ਧਰੂ ਤਾਰੇ ਨੂੰ ਲਗਾਤਾਰ ਵੇਖਦਾ ਰਿਹਾ।ਸਾਰਾ ਆਕਾਸ਼ ਉਵੇਂ ਦਾ ਉਵੇਂ ਹੀ ਸੀ ਬੱਸ ਮਨੁੱਖ ਹੀ ਬਦਲ ਗਿਆ ਸੀ।ਉਸੇ ਤਰ੍ਹਾਂ ਤਾਰੇ ਟੁੱਟਦੇ,ਰਾਕਟ ਲੰਘਦੇ,ਚੰਨ ਬੱਦਲਾਂ ਵਿੱਚ ਲੁਕਣ ਮੀਟੀਆਂ ਖੇਡਦਾ,ਬੁੱਢੀ ਮਾਈ ਚੰਦ ਵਿੱਚ ਚਰਖਾ ਕੱਤਦੀ ਹੋਊ ਪਰ ਦੇਖਣਾ ਵਾਲਾ ਕੋਈ ਨਹੀਂ ਸੀ।
ਕਦੇ ਕਦੇ ਮੇਰਾ ਨਾਨਾ ਕੋਠੇ ਦੀ ਛੱਤ ਤੇ ਬੈਠਾ ਤਾਰਿਆਂ ਨੂੰ ਤਾੜਦਾ ਹੁੰਦਾ ਸੀ।ਧਰੂ ਤਾਰੇ ਤੇ ਨਜ਼ਰ ਜਾਣ ਸਾਰ ਉਹ ਧਰੂ ਭਗਤ ਦੀ ਸਾਖੀ ਸੁਣਾਉਣ ਲੱਗ ਪੈਂਦਾ।ਉਹ ਦੱਸਦਾ ਕਿ ਧਰੂ ਪ੍ਰਮਾਤਮਾਂ ਦਾ ਦੁਆਰਪਾਲ ਹੈ ਅਤੇ ਸਾਰਾ ਬ੍ਰਹਿਮੰਡ ਉਸ ਦੇ ਦੁਆਲੇ ਘੁੰਮਦਾ ਹੈ।ਉਹ ਕਦੇ ਤਾਰਿਆਂ ਦੀਆਂ ਖਿੱਤੀਆਂ ਨਿਹਾਰਦਾ ਕਦੇ ਤਿੰਗੜ ਤਾਰੇ ਦੇਖ,ਵਕਤ ਦਾ ਅੰਦਾਜ਼ਾ ਲਾਉਂਦਾ।ਉਦੋਂ ਮਨੁੱਖ ਕਿੰਨਾ ਕੁਦਰਤ ਨਾਲ ਜੁੜਿਆ ਹੋਇਆ ਸੀ।ਪਰ ਅੱਜ ਦੀ ਪੀੜ੍ਹੀ ਲਈ ਇਹ ਸਭ ਕੁੱਝ ਖਤਮ ਹੋ ਗਿਆ ਸੀ।ਥਾਂ ਥਾਂ ਲੱਗੇ ਕਲਾਕ,ਰੇਡੀਉ ਟੀ ਵੀ,ਕੰਪਿਊਟਰਾਂ ਅਤੇ ਬਿਜਲਈ ਉਪਕਰਨਾਂ ਨੇ ਮਨੁੱਖ ਦੀ ਮੱਤ ਨੂੰ ਗਲ਼ਬਾ ਪਾ ਲਿਆ ਸੀ।ਤਾਰਿਆਂ ਭਰੇ ਅਕਾਸ਼ ਨੂੰ ਵੇਖਣ ਦੀ ਭਲਾਂ ਵਿਹਲ ਹੀ ਕਿਸ ਕੋਲ਼ ਸੀ।ਮਨੁੱਖ ਦੇ ਕੁਦਰਤ ਨਾਲੋਂ ਟੁੱਟ ਗਏ ਰਿਸ਼ਤੇ ਦਾ ਦੁੱਖ ਤਾਂ ਮੈਨੂੰ ਵੀ ਬਹੁਤ ਸੀ ਪਰ ਕਰ ਮੈਂ ਕੁੱਝ ਵੀ ਨਹੀਂ ਸੀ ਸਕਦਾ।
ਬੱਚੇ ਅੱਜ ਦੀ ਬਚਿੱਤਰ ਘਟਨਾ ਨੂੰ ਮਾਣ ਰਹੇ ਸਨ ਤੇ ਮੈਂ ਕੁਰਸੀ ਤੇ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਪਿਆ ਸੀ।ਮੈਨੂੰ ਜਾਪਿਆ ਜਿਵੇਂ ਪਦਾਰਥਿਕ ਤਰੱਕੀ ਨੇ ਮਨੁੱਖ ਦਾ ਤੀਸਰਾ ਨੇਤਰ ਭੰਨ ਦਿੱਤਾ ਹੋਵੇ।ਉਸ ਨੂੰ ਤਾਂ ਕੁਦਰਤ ਦਾ ਪਾਸਾਰ ਨਜ਼ਰ ਹੀ ਨਹੀਂ ਸੀ ਆ ਰਿਹਾ।ਉਸ ਨੂੰ ਕੀ,ਸੁੰਦਰਤਾ ਦਾ ਦਰਿਆ ਵਹਿੰਦਾ ਹੈ ਤਾਂ ਵਹਿੰਦਾ ਰਹੇ।ਆਲੇ ਦੁਆਲੇ ਦਰਖਤ ਝੂਮਦੇ,ਸ਼ਰਾਟੇ ਨਾਲ ਮੀਂਹ ਵਰਦਾ,ਘਣਘੋਰ ਘਟਾਵਾਂ ਆਉਂਦੀਆਂ ਜਾਂਦੀਆ।ਤਿੱਤਰ ਖੰਭੀਆਂ ਬੱਦਲੀਆਂ ਆਕਾਸ਼ ਤੇ ਖੂਬਸੂਰਤ ਚਿੱਤਰ ਬਣਾਉਂਦੀਆਂ ਜਿਵੇਂ ਕਾਦਰ ਖੁਦ ਪੇਂਟਿੰਗ ਬਣਾ ਰਿਹਾ ਹੋਵੇ।ਪੰਛੀਆਂ ਦੀਆਂ ਡਾਰਾਂ ਲੰਘਦੀਆਂ।ਸੂਰਜ ਬੱਦਲਾਂ ਵਿੱਚ ਲੁਕਣਮੀਟੀਆਂ ਖੇਡਦਾ,ਚੰਦ ਚਾਨਣੀ ਰਾਤ ਵਿੱਚ ਕਲੀਆਂ ਖਿਲਦੀਆਂ ਅਤੇ ਜਵਾਰਭਾਟੇ ਉੱਠਦੇ।ਪਰ ਅਫਸੋਸ ਕਿ ਮਨੁੱਖ ਕੋਲ ਇਨ੍ਹਾਂ ਨੂੰ ਮਾਨਣ ਦੀ ਵਿਹਲ ਹੀ ਨਹੀਂ ਸੀ ਉਹ ਤਾਂ ਮੌਤ ਵਲ ਇੱਕ ਅੰਨੀ ਦੌੜ ਦੌੜ ਰਿਹਾ ਸੀ। ਅਸਲ ਵਿੱਚ ਮਨੁੱਖ ਦਾ ਜੀਵਨ ਮਾਈਕਰੋਵੇਵ ਔਵਿਨਾਂ ਅਤੇ ਫਰਿੱਜਾਂ ਵਿੱਚ ਬੰਦ ਹੋ ਕੇ ਰਹਿ ਗਿਆ ਸੀ।ਉਹ ਖੋਪੇ ਲੱਗੇ ਬੈਲ ਵਾਂਗ ਘਰਾਂ ਤੋਂ ਕੰਮ ਤੇ,ਅਤੇ ਕੰਮਾਂ ਤੋਂ ਘਰ ਆ ਜਾ ਰਿਹਾ ਸੀ।ਉਸ ਦੇ ਬੈਂਕ ਅਕਾਊਂਟਾ ਨੂੰ ਵਿੱਤੀ ਅਦਾਰਿਆਂ ਦੇ ‘ਪੋਰ’ ਲੱਗੇ ਹੋਏ ਸਨ।ਪੈਸਾ ਆਈ ਜਾਂਦਾ ਅਤੇ ਬਿਲਾਂ ਦੀ ਪੇਮੈਂਟ ਦੇ ਰੂਪ ਵਿੱਚ ਕਿਰੀ ਜਾਂਦਾ।ਉਹ ਆਪਣੇ ਬੱਚਿਆਂ ਨੂਂ ਬੇਬੀ ਸਿੱਟਰਾਂ ਕੋਲ ਸੁੱਟ ਹੋਰ ਪੈਸਾ ਕਮਾਉਂਦਾ।ਕੰਮ ਵਿੱਚ ਵਿਘਨ ਪੈਣ ਦੇ ਡਰੋਂ ਬੁੱਢੇ ਮਾਪਿਆਂ ਨੂੰ ਬਿਰਧ ਘਰਾਂ ਵਿੱਚ ਸੁੱਟ ਆਂਉਦਾ।ਅਪਣੀ ਸਿਹਤ ਦੀ ਅਤੇ ਖਾਣ ਪੀਣ ਦੀ ਵੀ ਪ੍ਰਵਾਹ ਨਾ ਕਰਦਾ ਪਰੰਤੂ ਫੇਰ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ।ਇਸ ਦੌੜ ਦਾ ਕੋਈ ਅੰਤ ਨਹੀਂ ਸੀ ਬੱਸ ਉਸੇ ਦਿਨ ਇਹ ਭੱਜ ਨੱਸ ਮੁੱਕਣੀ ਸੀ ਜਿਸ ਦਿਨ ਕਾਲ਼ੀ ਕਾਰ ‘ਚ ਲੇਟਕੇ ਉਸਨੇ ਸ਼ਮਸ਼ਾਨ ਘਾਟ ਦੀ ਭੱਠੀ ਤੱਕ ਪਹੁੰਚਣਾ ਸੀ।ਮਨੁੱਖੀ ਮਨ ਦੀ ਰੋਸ਼ਨੀ ਤਾਂ ਕਦੋਂ ਦੀ ਮਰ ਗਈ ਸੀ।ਉਦੋਂ ਦੇ ਰਿਸ਼ਤੇ ਨਾਤੇ ਅਤੇ ਆਪਸੀ ਸਾਂਝ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਮਰ ਗਈਆਂ ਸਨ।ਮੈਂ ਸੋਚ ਰਿਹਾ ਸੀ ਕਿ ਬਿਜ਼ਲਈ ਯੁੱਗ ਦੌਰਾਨ ਰੋਸ਼ਨੀ ਦੇ ਅਖੌਤੀ ਸਮੁੰਦਰ ਵਿਚਾਕਰ ਕੂੜ ਕੁਸੱਤ ਨਾਲ ਭਰਿਆ ਮਨੁੱਖ ਕਿਤੇ ਅਗਿਆਨ ਰੂਪੀ ਹਨੇਰ ਦਾ ਜੀਵਨ ਤਾਂ ਨੀ ਜੀ ਰਿਹਾ…।
ਫੇਰ ਮੇਰੇ ਬੇਟੇ ਤਾਜ ਨੇ ਮੈਨੂੰ ਬਚਪਨ ਦੀਆਂ ਗੱਲਾਂ ਸੁਣਾਉਣ ਲਈ ਕਿਹਾ।ਉਹ ਮੇਰੀਆਂ ਗੱਲਾਂ ਸੁਣ ਸੁਣ ਹੈਰਾਨ ਹੋ ਰਿਹਾ ਸੀ।ਕੀਰਤੀ ਮੈਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੀ ਸੀ।ਅੱਜ ਸਾਰੇ ਪਾਸੇ ਚੁੱਪ ਦਾ ਆਲਮ ਸੀ।ਨਾ ਗੱਡੀਆਂ ਸ਼ੋਰ ਤੇ ਨਾਂ ਹੀ ਫੋਨਾਂ ਦੀ ਟਰਨ ਟਰਨ।ਵਕਤ ਜਿਵੇਂ ਪੰਜਾਹ ਸਾਲ ਪਿੱਛੇ ਪਰਤ ਗਿਆ ਹੋਵੇ।ਪਤਾ ਹੀ ਨਾ ਲੱਗਾ ਕਿ ਕਦੋਂ ਰਾਤ ਦਾ ਇੱਕ ਵੱਜ ਗਿਆ।ਹਵਾ ਵਿੱਚ ਥੋੜੀ ਠੰਢਕ ਵੀ ਘੁਲ਼ ਗਈ ਸੀ।ਮੇਰੀ ਦੀਪ ਬੋਲੀ “ਜਾਉ ਹੁਣ ਪੈ ਜਾਉ,ਤੁਸੀਂ ਸਵੇਰੇ ਰੇਡੀਉ ਤੇ ਵੀ ਬੋਲਣ ਜਾਣਾ ਹੈ।ਨਾਲੇ ਮੈਂ ਵੀ ਕੰਮ ਤੇ ਜਾਣਾ ਹੈ ਤੇ ਬੱਚਿਆਂ ਨੇ ਸਕੂਲ”।ਉਹ ਮੈਨੂੰ ਤਾਂ ਯਾਦ ਹੀ ਨਹੀਂ ਸੀ ਰਿਹਾ ਕੱਲ ਨੂੰ ਪੰਦਰਾਂ ਅਗਸਤ ਸੀ ਤੇ ਮੈਂ ਇੱਕ ਰੇਡੀਉ ਹੋਸਟ ਨਾਲ ਇਸ ਸਬੰਧੀ ਸਟੇਸ਼ਨ ਤੇ ਆ ਕੇ ਬੋਲਣ ਦਾ ਵਾਹਦਾ ਕੀਤਾ ਸੀ।
ਜਦੋਂ ਮੈਂ ਬੈੱਡ ਤੇ ਪਿਆ ਤਾਂ ਬਿਸਤਰੇ ਵਿੱਚੋਂ ਜਿਵੇਂ ਸੇਕ ਆ ਰਿਹਾ ਸੀ।ਸਾਰਾ ਘਰ ਹੀ ਤਪ ਰਿਹਾ ਸੀ।ਬਾਹਰਲਾ ਤਾਪਮਾਨ ਕੋਈ ਅਠਾਈ ਡਿਗਰੀ ਦੇ ਕਰੀਬ ਹੋਵੇਗਾ।ਕਨੇਡਾ ਵਿੱਚ ਐਨਾ ਕੁ ਤਾਪਮਾਨ ਹੀ ਜੀਭਾਂ ਕਢਵਾ ਦਿੰਦਾ ਹੈ।ਪਤਨੀ ਵਾਰ ਵਾਰ ਬੈੱਡ ਤੋਂ ਉੱਠ ਸਾਹਮਣੀਆਂ ਅਪਾਰਟਮੈਂਟਾ ਵਲ ਘੂਰ ਰਹੀ ਸੀ ਕਿ ਸ਼ਾਇਦ ਕਿਤੇ ਕੋਈ ਬਿਜਲੀ ਦਾ ਬੱਲਵ ਜਗਦਾ ਨਜ਼ਰ ਪੈ ਜਾਵੇ ਅਤੇ ਅਸੀ ਸੌੋਖਿਆਂ ਰਾਤ ਕੱਟਣ ਲਈ ਏਅਰਕੰਡੀਸ਼ਨ ਹੀ ਚਲਾ ਲਈਏ।ਮੈਨੂੰ ਲੱਗਿਆ ਜਿਵੇਂ ਬਿਜਲੀ ਦਾ ਹੋਣਾ ਸਾਡੇ ਜਿਸਮ ਵਿੱਚ ਲਹੂ ਜਾਂ ਆਕਸੀਜਨ ਦੇ ਹੋਣ ਵਾਂਗ ਹੋਵੇ।ਇਹ ਵੀ ਲੱਗਿਆ ਕਿ ਜੇ ਕੁੱਝ ਦਿਨ ਇਹ ਹੀ ਹਾਲਤ ਰਹੀ ਤਾਂ ਬਹੁਤੇ ਲੋਕ ਪਾਣੀ ਵਿੱਚੋਂ ਨਿੱਕਲੀ ਮੱਛੀ ਵਾਂਗ ਤੜਫ ਤੜਫ ਕੇ ਮਰਨੇ ਸ਼ੁਰੂ ਹੋ ਜਾਣਗੇ।ਮਨੁੱਖ ਨੇ ਕੁਦਰਤ ਨਾਲੋਂ ਨਾਤਾ ਤੋੜ ਕੇ ਆਪਣੇ ਆਪ ਨੂੰ ਕਿੰਨਾ ਬੇਵਸ ਬਣਾ ਲਿਆ ਸੀ।ਪਰਾਣੀ ਪੀੜੀ ਜੋ ਮਿੱਟੀ ਦੇ ਚੁੱਲਿਆਂ ਦੇ ਰੋਟੀ ਬਣਾਉਂਦੀ,ਹੱਥ ਪੱਖਿਆਂ ਨਾਲ ਹਵਾ ਝੱਲਦੀ ਅਤੇ ਕੋਠਿਆਂ ਤੇ ਚੜ੍ਹ ਜਾਂ ਵਿਹੜਿਆਂ ਵਿੱਚ ਮੰਜੇ ਡਾਹ ਰੁਮਕਦੀ ਹਵਾ ਵਿੱਚ ਸੌਂਦੀ,ਅੱਜ ਸਾਡੀ ਅਕਲ ਅਤੇ ਨਿਕੰਮੇ ਪਣ ਤੇ ਹੱਸਦੀ ਹੋਊ।ਸ਼ਾਇਦ ਏਸੇ ਕਰਕੇ ਉਦੋਂ ਦਿਲ ਦੇ ਦੌਰੇ ਨਹੀਂ ਸਨ ਪੈਂਦੇ,ਬਲੱਡ ਪ੍ਰੈਸ਼ਰ,ਸ਼ੂਗਰ ਜਾਂ ਕਲੈਸਟਰੋਲ ਦਾ ਲੋਕਾਂ ਨਾਂ ਵੀ ਨਹੀਂ ਸੀ ਸੁਣਿਆ।ਲੋਕੀ ਹੱਥੀਂ ਮਿਹਨਤ ਕਰਦੇ ਖੁੱਲਾ ਦੁੱਧ ਘਿਉ ਖਾਂਦੇ ਪੀਂਦੇ ਅਤੇ ਤੰਦਰੁਸਤ ਰਹਿੰਦੇ।
ਨੀਂਦ ਤਾਂ ਕਹਿੰਦੇ ਕੰਡਿਆਂ ਤੇ ਵੀ ਆ ਜਾਂਦੀ ਹੈ ਰਾਤ ਅਸੀਂ ਵੀ ਸੌ ਗਏ ਸੀ ਤੇ ਹੁਣ ਦੂਸਰਾ ਦਿਨ ਚੜ੍ਹ ਪਿਆ ਸੀ।ਪਰ ਕੁਦਰਤ ਦਾ ਵਿਧਾਨ ਫੇਹਲ ਨਹੀਂ ਸੀ ਹੋਇਆ।ਸੂਰਜ ਆਪਣੇ ਨਿਯਮਤ ਸਮੇਂ ਤੇ ਚੜ੍ਹਿਆ ਤੇ ਪੂਰੀ ਕਾਇਨਾਤ ਰੋਸ਼ਨ ਹੋ ਗਈ।ਸੜਕਾਂ ਤੇ ਗੱਡੀਆਂ ਮੋਟਰਾਂ ਫੇਰ ਗੂੰਜਣ ਲੱਗੀਆਂ।ਮੈਂ ਸੱਚੇ ਦਿਲੋਂ ਅੱਜ ਕੁਦਰਤ ਦਾ ਸ਼ੁਕਰੀਆਂ ਅਦਾ ਕੀਤਾ ਅਤੇ ਕਾਦਰ ਅੱਗੇ ਅਰਦਾਸ ਕੀਤੀ ਕਿ ਅਕਾਸ਼ ਵਿੱਚ ਤੇਰਾ ਇੱਹ ਵੱਡਾ ਬੱਲਵ ਇਸੇ ਤਰ੍ਹਾਂ ਜਗਦਾ ਰਹੇ।ਮੈਂ ਬਾਹਰ ਨਿੱਕਲਕੇ ਊਰਜ਼ਾ ਦੇ ਭੰਡਾਰ ਨੂੰ ਜੀਵਨ ਦਾਨ ਦੇਣ ਲਈ ਨਮਸਕਾਰ ਕੀਤੀ।ਮੈਨੂੰ ਰਿਸ਼ੀਆਂ ਦਾ ਸੂਰਜ ਨਮਸਕਾਰ ਕਰਨਾ ਯਾਦ ਆਇਆ।ਉਹ ਕਿੰਨੇ ਸੁਚੇਤ ਸਨ ਸਾਡੇ ਵਰਗੇ ਅਕ੍ਰਿਤਘਣ ਨਹੀਂ ਸਨ ਜਿਨਾਂ ਕੁਦਰਤ ਵਲ ਪਿੱਠ ਕਰ ਲਈ ਹੋਵੇ।ਜੇ ਕੁਦਰਤ ਕਿਸੇ ਗੱਲੋਂ ਰੁੱਸ ਗਈ ਤਾਂ ਮਨੁੱਖਾਂ ਜੀਵਨ ਵੀ ਸਮਾਪਤ ਹੋ ਜਾਵੇਗਾ।ਕੁਦਰਤ ਖਿਲਾਫ ਮਨੁੱਖ ਨੇ ਜੰਗ ਜੋ ਵਿੱਢ ਰੱਖੀ ਸੀ। ਅੱਜ ਮੇਰਾ ਅਲਾਰਮ ਕਲਾਕ ਵੀ ਨਹੀਂ ਸੀ ਵੱਜਿਆ।ਬੱਸ ਬੈਟਰੀ ਵਾਲੇ ਕਲਾਕ ਦੀ ਟਿੱਕ ਟਿੱਕ ਸੁਣ ਰਹੀ ਸੀ।ਮੈਨੂੰ ਪੰਜਾਬ ਵਿੱਚ ਕਦੇ ਮੁਰਗ਼ੇ ਦੀ ਬਾਂਗ ਨਾਲ ਉੱਠਦੇ ਲੋਕ ਯਾਦ ਆਏ।ਭਾਵੇਂ ਸਭ ਕੁੱਝ ਖੁੰਝ ਜਾਵੇ ਪਰ ਤੜਕੇ ਮੁਰਗ਼ਾ ਬਾਂਗ ਦੇਣੀ ਨਹੀਂ ਸੀ ਭੁੱਲਦਾ।ਉਦੋਂ ਇਹ ਹੀ ਮਨੁੱਖ ਦਾ ਅਲਾਰਮ ਕਲਾਕ ਸੀ।ਮਨੁੱਖ ਅਤੇ ਮੁਰਗ਼ੇ ਦੀ ਬੜੀ ਪੁਰਾਣੀ ਸਾਂਝ ਹੈ।ਜਦੋਂ ਮੁਰਗ਼ਾ ਬੋਲਦਾ ਸੀ ਤਾਂ ਮਨੁੱਖ ਕੰਮਾਂ ਤੇ ਤੁਰਦਾ ਸੀ ਤੇ ਰਾਹੀ ਆਪਣੇ ਰਸਤੇ ਪੈਂਦੇ ਸਨ।ਮਨੁੱਖ ਦੀ ਤਰੱਕੀ ਵਿੱਚ ਮੁਰਗ਼ੇ ਦਾ ਯੋਗਾਦਾਨ ਭੁਲਾ ਅੱਜ ਦੇ ਸੁਆਰਥੀ ਮਨੁੱਖ ਨੇ ਏਸ ਜਾਨਵਰ ਨੂੰ ਸਿਰਫ ਪੇਟ ਭਰਨ ਤੱਕ ਹੀ ਸੀਮਿਤ ਕਰ ਲਿਆ ਸੀ।ਪ੍ਰਾਕਿਰਤੀ ਨੂੰ ਅੱਜ ਸਭ ਤੋਂ ਵੱਡਾ ਖਤਰਾ ਮਨੁੱਖ ਪਾਸੋਂ ਹੀ ਜੋ ਸਭ ਕੁੱਝ ਨਿਘਲਦਾ ਜਾ ਰਿਹਾ ਸੀ।
ਮੇਰੇ ਜਿਹਨ ਵਿੱਚ ਸ਼ੈਤਾਨ ਮਨੁੱਖ ਦਾ ਅਕਸ ਉਭਰਨ ਲੱਗਾ।ਪਰਮਾਣੂ ਹਥਿਆਰ ਬਣਾ ਆਪਣੀ ਹੀ ਨਸਲ ਘਾਤ ਦੇ ਸੁਪਨੇ ਵੇਖਣ ਵਾਲਾ ਮਨੁੱਖ।ਦੂਸਰਿਆਂ ਨੂੰ ਪੈਰਾਂ ਹੇਠ ਲਤਾੜ ਕੇ ਅੱਖੇ ਨਿੱਕਲ ਜਾਣ ਵਾਲਾ ਮਨੁੱਖ।ਕੁਦਰਤ ਦੀ ਸਵੱਛ ਗੋਦ ਨੂੰ ਪ੍ਰਦੂਸ਼ਿਤ ਕਰਨ ਵਾਲਾ ਮਨੁੱਖ।ਏਹੋ ਕਾਰਨ ਸੀ ਕਿ ਬਿਮਾਰੀਆਂ ਫੈਲ ਰਹੀਆਂ ਸਨ,ਹਰ ਤੀਜਾ ਚੌਥਾ ਬੰਦਾ ਕੈਂਸਰ ਦਾ ਸ਼ਿਕਾਰ ਹੋ ਰਿਹਾ ਸੀ।ਹੋਵੇ ਵੀ ਕਿਉਂ ਨਾ ਭੋਜਨ ਦੇ ਰੂਪ ਵਿੱਚ ਉਹ ਕੈਮੀਕਲ ਹੀ ਤਾਂ ਖਾਅ ਰਿਹਾ ਸੀ।ਹੁਣ ਤਾਂ ਮਨੁੱਖ ਨੇ ਅਮ੍ਰਿਤ ਰੂਪੀ ਪਾਣੀ ਨੂੰ ਵੀ ਜ਼ਹਿਰ ਵਿੱਚ ਬਦਲ ਦਿੱਤਾ ਸੀ।ਜੇ ਪਾਣੀ ਹੀ ਨਾ ਰਿਹਾ ਤਾਂ ਜੀਵਨ ਵੀ ਨਹੀਂ ਰਹਿਣਾ ਸੀ।ਉਹ ਦਿਨ ਵੀ ਦੂਰ ਨਹੀਂ ਜਾਪਦਾ ਜਦੋਂ ਸਾਹ ਲੈਣ ਲਈ ਸਵੱਛ ਆਕਸੀਜਨ ਵੀ ਵਿਕਣ ਲੱਗ ਪਵੇਗੀ।ਹੁਣ ਲੋਕ ਇਹ ਕਹਿਣੋਂ ਵੀ ਹਟ ਗਏ ਸਨ ਕਿ ‘ਪਾਣੀ ਕਿਹੜਾ ਮੁੱਲ ਵਿਕਦਾ ਹੈ…’ ਬੋਤਲਾਂ ਵਾਲਾ ਮੁੱਲ ਵਿਕਦਾ ਪਾਣੀ ਹੀ ਤਾਂ ਉਹ ਪੀ ਰਹੇ ਸਨ।
ਹਰ ਸਾਲ ਰੁੱਤਾਂ ਵਿੱਚ ਤਬਦੀਲੀ ਹੋ ਰਹੀ ਸੀ।ਓਜ਼ੋਨ ਪੱਟੀ ਵਿੱਚ ਮਘੋਰੇ ਵਧ ਰਹੇ ਸਨ।ਵੱਧ ਰਹੇ ਤਾਪ ਕਾਰਨ ਸਮੁੰਦਰੀ ਪਾਣੀ ਦੀ ਸਤਾ ਉੱਚੀ ਹੋ ਰਹੀ ਸੀ।ਨੌਰਥ ਪੋਲ ਤੇ ਜੰਮੀ ਬਰਫ ਤਕਰੀਬਨ ਖੁਰ ਚੱਲੀ ਸੀ।ਦੁਨੀਆਂ ਦੇ ਬਹੁਤ ਸਾਰੇ ਸ਼ਹਿਰਾ ਨੂੰ ਪਾਣੀ ਵਿੱਚ ਡੁੱਬਣ ਦਾ ਖਤਰਾ ਖੜਾ ਹੋ ਗਿਆ ਸੀ।ਸੁਨਾਮੀ ਆ ਰਹੇ ਸਨ ਤੇ ਭੁਚਾਲ ਲੱਖਾਂ ਲੋਕਾਂ ਦੀ ਜਾਨ ਲੈ ਰਹੇ ਸਨ।ਮਨੁੱਖ ਕੋਲ ਪੂਰੀ ਧਰਤੀ ਨੂੰ ਨਸ਼ਟ ਕਰਨ ਦੇ ਵਸੀਲੇ ਤਿਆਰ ਸਨ।ਜੇ ਦੋ ਚਾਰ ਪ੍ਰਮਾਣੂ ਬੰਬ ਹੀ ਕਿਸੇ ਗਲਤੀ ਨਾਲ ਚੱਲ ਗਏ ਤਾਂ ਸੂਰਜ ਦੀ ਰੌਸ਼ਨੀ ਸਾਡੇ ਨਾਲ ਰੁੱਸ ਜਾਵੇਗੀ ਤੇ ਸਭ ਕੁੱਝ ਮਰ ਮੁੱਕ ਜਾਵੇਗਾ।ਮੈਂ ਘਰ ਦੀ ਖਿੜਕੀ ਵਿੱਚ ਖੜਾ ਖੁੱਲੇ ਆਕਾਸ਼ ਨੂੰ ਨਿਹਾਰਦਾ ਹੋਰ ਪਤਾ ਨਹੀਂ ਕੀ ਕੁੱਝ ਸੋਚੀ ਜਾ ਰਿਹਾ ਸੀ।
ਮੇਰੇ ਦਰਵਾਜ਼ੇ ਦੀ ਘੰਟੀ ਵੱਜੀ।ਸੁਭਾ ਸੁਭਾ ਕੌਣ ਹੋ ਸਕਦਾ ਹੈ?ਮੈਂ ਥੱਲੇ ਜਾ ਕੇ ਬੂਹਾ ਖੋਹਲਿਆ ਤਾਂ ਸਾਡੀ ਗੁਆਂਢਣ ਕਹਿਕਸ਼ਾਂ ਚਾਹ ਦੀ ਕੇਤਲੀ ਲਈ ਖੜੀ ਸੀ।ਗੁੱਡ ਮਾਰਨਿੰਗ ਕਹਿੰਦੀ ਉਹ ਬੋਲੀ “ਅਜੇ ਤੱਕ ਪਾਵਰ ਤਾਂ ਆਈ ਨੀ ਅਸੀਂ ਗੈਸ ਵਾਲੇ ਸਟੋਵ ਤੇ ਚਾਹ ਬਣਾਈ ਸੀ ਲਉ ਤੁਸੀਂ ਵੀ ਪੀਉ…” ਮੈਂ ਧਨਵਾਦ ਕਰਦੇ ਨੇ ਚਾਹ ਫੜ ਲਈ।ਦੀਪ ਬੈੱਡ ਰੂਮ ‘ਚੋ ਦੌੜੀ ਆਈ ਚਾਹ ਦੇਖ ਕੇ ਉਹ ਵੀ ਖੁਸ਼ ਹੋ ਗਈ।ਅਸੀਂ ਬੜੇ ਮਜ਼ੇ ਨਾਲ ਚਾਹ ਪੀਤੀ।ਬਾਥਰੂਮਾਂ ਵਿੱਚ ਹਨੇਰਾ ਹੋਣ ਕਾਰਨ ਅਸੀ ਨਹਾ ਨਹੀਂ ਸਕੇ।ਪਤਨੀ ਨੇ ਰੇਡੀਉ ਤੇ ਜਾਣ ਦੀ ਯਾਦ ਕਰਾਈ ਤਾਂ ਮੈਂ ਉਸੇ ਤਰ੍ਹਾਂ ਹੱਥ ਮੂੰਹ ਧੋਅ ਕੇ ਤਿਆਰ ਹੋ ਗਿਆ।
ਮੇਰੀ ਕਾਰ ਸੜਕ ਤੇ ਜਾ ਚੜੀ।ਸਭ ਟ੍ਰੈਫਿਕ ਲਾਈਟਾਂ ਅਜੇ ਵੀ ਬੰਦ ਸਨ।ਹੁਣ ਤਾਂ ਆਵਾਜਾਈ ਲੰਘਾਉਣ ਵਾਲਾ ਵੀ ਕੋਈ ਨਹੀਂ ਸੀ।ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਘਰੋਂ ਨਹੀਂ ਸੀ ਤੁਰਨਾ ਚਾਹੀਦਾ।ਮੇਰਾ ਘਰੋਂ ਆਉਣਾ ਸੋਹਣੀ ਦਾ ਠਾਠਾਂ ਮਾਰਦੇ ਦਰਿਆ ਵਿੱਚ ਕੱਚੇ ਤੇ ਠਿੱਲ ਪੈਣ ਵਰਗੀ ਗੱਲ ਸੀ।ਬਹੁਤੇ ਲੋਕ ਆਪਣੀ ਸੂਝ ਬੂਝ ਵਰਤ ਕੇ ਹੀ ਆਲ ਵੇਅ ਸਟਾਪ ਸਾਈਨ ਦਾ ਰੂਲ ਅਪਣਾ ਰਹੇ ਸਨ।ਮੈਂ ਖਤਰੇ ਵਿੱਚੀਂ ਗੁਜ਼ਰਦਾ ਪੰਜਤਾਲੀ ਕੁ ਮਿੰਟ ਵਿੱਚ ਰੇਡੀਉ ਸਟੇਸ਼ਨ ਪਹੁੰਚ ਗਿਆ।ਪਾਰਕਿੰਗ ਲਾਟ ਵਿੱਚ ਕੋਈ ਵੀ ਕਾਰ ਨਹੀਂ ਸੀ।ਮੈਂ ਅੰਦਰ ਗਿਆ ਤਾਂ ਐਲੀਵੇਟਰ ਬੰਦ ਪਈ ਸੀ।ਫੋਨ ਕੀਤਾ ਤਾਂ ਉਹ ਵੀ ਨਾ ਚੱਲਿਆ।ਕਾਰ ਵਿੱਚ ਬੈਠ ਕੇ ਸਟੇਸ਼ਨ ਲਾਇਆ ਤਾਂ ਉੱਥੇ ਵੀ ਕੱਲ ਵਾਂਗ ਟੂੰ ਟੂੰ ਦੀ ਆਵਾਜ਼ ਆ ਰਹੀ ਸੀ।ਹੋਰ ਬਥੇਰੀਆਂ ਟੱਕਰਾਂ ਮਾਰੀਆਂ ਪਰ ਕੁੱਝ ਨਾ ਬਣਿਆ।ਮੈਂ ਬਿਨਾਂ ਅੰਦਰ ਗਏ ਹੀ ਸਟੇਸ਼ਨ ਤੋਂ ਵਾਪਸ ਆ ਗਿਆ।ਪੰਜਤਾਲੀ ਮਿੰਟ ਲਾ ਕੇ ਫੇਰ ਘਰ ਪੁੱਜਾ।ਪਤਨੀ ਦੀਪ ਤੇ ਬੱਚੇ ਮੇਰਾ ਫਿਕਰ ਕਰ ਰਹੇ ਸਨ।
ਪਤਨੀ ਨੇ ਦੱਸਿਆ ਕਿ ਸਰਕਾਰ ਨੇ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਹੈ।ਸਾਰੇ ਸਕੂਲ,ਕੰਮ,ਪਲਾਜ਼ੇ ਤੇ ਹੋਰ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਇਹ ਵੀ ਕਿਹਾ ਹੈ ਕਿ ਲੋਕ ਸੜਕਾਂ ਤੇ ਨਾ ਜਾਣ।ਸਰਕਾਰੀ ਹੱਸਪਤਾਲ ਬਿਜਲੀ ਨਾ ਹੋਣ ਕਾਰਨ ਬੰਦ ਪਿਆ ਹੈ।ਕਈ ਮਰੀਜ਼ਾਂ ਦੇ ਸੀਰੀਅਸ ਅਪ੍ਰੇਸ਼ਨ ਕੈਂਸਲ ਹੋ ਗਏ ਹਨ।ਸੜਕਾਂ ਤੇ ਪੁਲੀਸ ਅਤੇ ਫਾਇਰ ਵਾਲੀਆਂ ਗੱਡੀਆਂ ਦੇ ਅਲਾਰਮ ਗੂੰਜਦੇ ਰਹੇ।ਪੁਲੀਸ ਵਿੱਚ ਜਿਵੇਂ ਹਫੜਾ ਦਫੜੀ ਪਈ ਹੋਵੇ।ਮਨੁੱਖ ਪੂਰੇ ਸੰਸਾਰ ਨਾਲੋਂ ਟੁੱਟ ਗਿਆ ਸੀ।ਜੇ ਇਹ ਹੀ ਹਾਲਤ ਇੱਕ ਦੋ ਦਿਨ ਹੋਰ ਰਹੇ ਤਾਂ ਲੁਟੇਰੇ ਲੁੱਟ ਮਾਰ ਸ਼ੁਰੂ ਕਰ ਸਕਦੇ ਸਨ।ਮਨੁੱਖ ਦਾ ਜੀਵਨ ਜਿਵੇਂ ਸਦੀਆਂ ਪਿੱਛੇ ਜਾ ਡਿਗਿਆ ਹੋਵੇ।ਬੇਚੈਨੀ ਪਲ ਪਲ ਵਧ ਰਹੀ ਸੀ।ਪਤਾ ਨਹੀਂ ਕੀ ਹੋਣ ਵਾਲਾ ਸੀ।ਨਿਆਣੇ ਭੁੱਖਣ ਭਾਣੇ ਸੋਫਿਆਂ ਤੇ ਮੂੰਹ ਲਟਕਾਈਂ ਬੈਠੇ ਸਨ।ਕਿਸੇ ਨੂੰ ਕੁੱਝ ਸੁੱਝ ਹੀ ਨਹੀਂ ਰਿਹਾ ਸੀ।
ਦਿਨੇ ਬਾਰਾ ਕੁ ਵਜੇ ਅਚਾਨਕ ਟੱਕ ਟੱਕ ਅਤੇ ਕਲਿੱਕ ਕਲਿੱਕ ਜਿਹੀ ਹੋਈ।ਬੱਤੀਆਂ ਜਗੀਆਂ,ਫਰਿੱਜ ਨੇ ਘੂੰ ਘੂੰ ਦਾ ਰਾਗ ਛੇੜ ਦਿੱਤਾ।ਫਰਨਿਸ਼ ਦੀ ਆਵਾਜ਼ ਦਾ ਜਾਦੂ ਬਿਖਰਿਆ।ਏ ਸੀ ਚੱਲਿਆ ਤੇ ਠੰਢੀ ਹਵਾ ਦੀ ਫੁਹਾਰ ਪਈ।ਅਸੀਂ ਸਾਰੇ ਇੱਕੋ ਦਮ ਉੱਛਲ ਪਏ ਸਾਂ “ਬਿਜ਼ਲੀ ਆ ਗਈ…..” ਜਿਵੇਂ ਸਾਡੇ ਵਿੱਚ ਕਿਸੇ ਨੇ ਰੂਹ ਫੂਕ ਦਿੱਤੀ ਹੋਵੇ।ਰੁਕਦੇ ਰੁਕਦੇ ਸਾਹ ਜਿਵੇਂ ਫੇਰ ਤੋਂ ਚੱਲ ਪਏ ਹੋਣ।ਮਾਈਕਰੋਵੇਵ,ਫੋਨ,ਟੀ ਵੀ,ਸਟੋਵ ਤੇ ਕਮਪਿਊਟਰ ਜਿਵੇਂ ਸਭ ਵਿੱਚ ਜਾਨ ਪੈ ਗਈ ਸੀ।ਮੇਰੀ ਪਤਨੀ ਦੀਪ ਨੇ ਤੁਰੰਤ ਸਾਰਿਆਂ ਨੂੰ ਫੋਨ ਘੁਮਾ ਦਿੱਤੇ ਕਿ ‘ਸਾਡੇ ਤਾਂ ਬਿਜ਼ਲੀ ਆ ਗੀ ਥੋਡੇ ਵੀ ਆ ਗਈ’। ਜਿਵੇਂ ਹੁਣ ਅਸੀਂ ਚੈਂਪੀਅਨ ਬਣ ਗਏ ਹੋਈਏ।ਜਿਨਾਂ ਦੇ ਅਜੇ ਨਹੀਂ ਆਈ ਸੀ ਉਨ੍ਹਾਂ ਨੂੰ ਵੀ ਆਸ ਬੱਝ ਗਈ।ਬੱਚਿਆਂ ਦੇ ਚਿਹਰੇ ਤੇ ਰੌਣਕ ਪਰਤ ਆਈ।ਉਹ ਜਿਵੇ ਕਿਸੇ ਭਿਆਨਕ ਬਿਮਾਰੀ ਤੋਂ ਮੁਕਤ ਹੋਏ ਹੋਣ।ਕੋਈ ਗੇਮ ਵਲ ਨੂੰ ਫੋਨ ਵਲ ਨੂੰ ਦੌੜਿਆ ਤੇ ਕੋਈ ਕੰਮਪਿਊਟਰ ਵਲ ਨੂੰ।ਲੀਹੋਂ ਲੱਥੀ ਜੀਵਨ ਦੀ ਗੱਡੀ ਫੇਰ ਲੀਹ ਤੇ ਪੈ ਕੇ ਦੌੜਨ ਲੱਗੀ।ਬਿਜ਼ਲੀ ਦੀ ਰੌਸ਼ਨੀ ਆਂਉਦਿਆ ਹੀ ਆਂਢੀ ਗੁਆਂਢੀ ਫੇਰ ਘਰਾਂ ਵਿੱਚ ਅਲੋਪ ਗਏ।ਸਟਰੀਟ ਦੀਆਂ ਰੌਣਕਾਂ ਖਤਮ ਹੋ ਗਈਆਂ।ਕੁਦਰਤੀ ਨਜ਼ਾਰੇ ਅਤੇ ਆਕਾਸ਼ ਵਿੱਚ ਚਮਕਦੇ ਤਾਰੇ ਮਨੁੱਖ ਨੇ ਹੁਣ ਫੇਰ ਪਤਾ ਨਹੀਂ ਕਦੋਂ ਦੇਖਣੇ ਸਨ।ਮੈਨੂੰ ਲੱਗਿਆ ਜਿਵੇਂ ਨੇਚਰ ਸਾਡੇ ਨਾਲ ਖਹਿ ਕੇ ਲੰਘੀ ਹੋਵੇ।
ਇਸ ਘਟਨਾਂ ਨੂੰ ਹੁਣ ਕਈ ਵਰੇ ਬੀਤ ਗਏ ਮੁੜ ਫੇਰ ਕਦੇ ਰੋਸ਼ਨੀ ਰਾਣੀ ਅੱਖੋਂ ਪਰੋਖੇ ਨਹੀਂ ਹੋਈ।ਬੱਚੇ ਹੁਣ ਵੀ ਉਸ ਦਿਨ ਨੂੰ ਯਾਦ ਕਰਕੇ ਗੱਲ ਛੇੜਦੇ ਹਨ “ਫੇਰ ਕਦੋਂ ਬਲੈਕ ਆਊਟ ਹੋਊ?ਇਟਜ਼ ਗੁੱਡ ਐਕਸਪੀਰੀਐਂਸ” ਮੈਨੂੰ ਵੀ ਚੌਦਾਂ ਅਗਸਤ ਦੀ ਉਹ ਹਨੇਰ ਭਰੀ ਰਾਤ ਯਾਦ ਹੈ।ਕਦੇ ਮੈਂ ਉਸ ਬਾਰੇ ਅਤੇ ਕਦੇ ਚੌਦਾਂ ਅਗਸਤ ਉੱਨੀ ਸੌ ਸੰਨਤਾਲੀ ਬਾਰੇ ਸੋਚਦਾ ਹਾਂ ਜਦੋਂ ਮਨੁੱਖੀ ਮਨ ਵਿੱਚ ਏਸੇ ਤਰ੍ਹਾਂ ਹਨੇਰ ਭਰ ਗਿਆ ਸੀ।ਪਤਾ ਲੱਗਾ ਕਿ ਬਿਜਲੀ ਜਾਣ ਦਾ ਕਾਰਨ ਕੋਈ ਥਰਮਲ ਪਲਾਂਟ ਦਾ ਫੇਲ ਹੋ ਜਾਣਾ ਸੀ।ਪਰ ਮਨੁੱਖੀ ਮਨ ‘ਚੋਂ ਰੋਸ਼ਨੀ ਦੇ ਵਾਰ ਵਾਰ ਗੁਆਚ ਜਾਣ ਦਾ ਕੀ ਕਾਰਨ ਹੋਊ?ਇਹ ਮੈਨੂੰ ਸਮਝ ਨਹੀਂ ਸੀ ਆ ਰਹੀ।ਕਦੀ ਦਿੱਲੀ ਦੰਗੇ ,ਕਦੇ ਗੁਜਰਾਤ ਦਾ ਕਤਲੇਆਮ ਤੇ ਕਦੇ ਕਿਤੇ ਹੋਰ।ਇਹ ਘਟਨਾਵਾ ਕਦੇ ਵੀ ਵਾਪਰ ਸਕਦੀਆਂ ਸਨ।ਪਤਾ ਨਹੀਂ ਸਿਮਰਨ ਵਰਗੀਆਂ ਕਿੰਨੀਆਂ ਕੁ ਔਰਤਾਂ ਬਰਬਾਦ ਹੋ ਜਾਂਦੀਆਂ।ਉਸ ਔਰਤ ਦਾ ਦੁੱਖ ਮੈਨੂੰ ਅੱਜ ਵੀ ਛਲਣੀ ਕਰ ਕੇ ਰੱਖ ਜਾਂਦਾ ਹੈ।‘ਕਾਸ਼ ਅਜਿਹਾ ਕਦੇ ਨਾ ਵਾਪਰੇ’।ਮੈਂ ਸੋਚਦਾ ਹਾਂ,ਕਦੇ ਕਦੇ ਇਹ ਹਨੇਰ ਕਿਉਂ ਪੈ ਜਾਂਦਾ ਹੈ…?