You are here:ਮੁਖ ਪੰਨਾ»ਕਵਿਤਾਵਾਂ»ਸੱਤ ਕਵਿਤਾਵਾਂ

ਲੇਖ਼ਕ

Sunday, 23 February 2025 14:56

ਸੱਤ ਕਵਿਤਾਵਾਂ

Written by
Rate this item
(0 votes)

1. ਤੇਜ਼ ਹਵਾ ਦੀ ਗਤੀ

ਮੈਂ ਉਹ ਹਵਾ ਦੀ ਤੇਜ਼ ਗਤੀ ਬਣਾਂ,

ਜੋ ਚੁਫੇਰਿਆਂ ਨੂੰ

ਗੁਲਾਬੀ ਰੰਗ ਦੇਵੇ।

ਸੂਰਜ ਦੀ ਕਿਰਨ ਤੋਂ ਲੈ ਕੇ ਜੋ,

ਉਜਾਲਿਆਂ ਦੀ

ਸਭ ਨੂੰ ਉਮੰਗ ਦੇਵੇ।

ਆਪਣੇ ਹੀ ਸੱਭਿਆਚਾਰ ਵਿੱਚੋਂ,

ਰਿਸ਼ਤੇ ਨਿਭਾਉਣ ਦਾ ਵੀ,

ਸੁੰਦਰ ਢੰਗ ਦੇਵੇ।

ਨਿੱਜ ਤੋਂ ਉੱਚੀ ਗੱਲ ਕਰਨ ਲਈ,

ਸਖੀਆਂ ਸਹੇਲੀਆਂ ਦਾ,

ਸਭ ਨੂੰ ਸੰਗ ਦੇਵੇ।

ਆਪਣੀ ਹੀ ਵਿਰਾਸਤ ਵਿੱਚੋਂ ਲਿਆ,

ਪਿਆਰ ਨਿਭਾਉਣ ਦਾ,

ਸਾਥ ਬੈਂਸ-ਕੰਗ ਦੇਵੇ।

***

2. ਸਲਾਮ

ਸੰਧੂਰੀ ਮਿੱਟੀ ਅਤੇ ਚੱਲਦੀਆਂ,

ਹਵਾਵਾਂ ਨੂੰ ਮੇਰੀ ਸਲਾਮ।

ਸਵੇਰ, ਸ਼ਾਮ ਅਤੇ ਦੁਪਹਿਰ ਦੀਆਂ,

ਛਾਵਾਂ ਨੂੰ ਮੇਰੀ ਸਲਾਮ।

ਨਦੀਆਂ, ਨਾਲ਼ੇ, ਨਹਿਰਾਂ ਅਤੇ

ਦਰਿਆਵਾਂ ਨੂੰ ਮੇਰੀ ਸਲਾਮ।

ਮਾਤਾਵਾਂ ਅਤੇ ਬਜ਼ੁਰਗਾਂ ਦੀਆਂ,

ਦੁਆਵਾਂ ਨੂੰ ਮੇਰੀ ਸਲਾਮ।

ਪੰਜਾਬਣਾਂ ਦੀਆਂ ਵੱਖੋ ਵੱਖਰੀਆਂ,

ਅਦਾਵਾਂ ਨੂੰ ਮੇਰੀ ਸਲਾਮ।

ਕਵੀ,ਕਵਿੱਤਰੀਆਂ ਦੀਆਂ ਲਿਖੀਆਂ,

ਰਚਨਾਵਾਂ ਨੂੰ ਮੇਰੀ ਸਲਾਮ।

***

3. ਹਨ੍ਹੇਰ

ਚਾਨਣ ਵਿੱਚ ਵੀ ਦਿਨ ਦਿਹਾੜੇ,

ਅੱਜ ਮੈਂ ਹਨ੍ਹੇਰ ਛਾਏ ਨਾਲ ਲੜ੍ਹ ਆਈ ਹਾਂ।

ਆਪਣੇ ਹੱਥੀਂ ਲਾ ਕੇ ਜੰਦਰੇ,

ਹੰਝੂਆਂ ਦੀ ਚਾਬੀ ਵੀ ਹੱਥ ਧਰ ਆਈ ਹਾਂ।

ਜਿੱਥੇ ਜੱਗਦੀ ਹੈ ਸੁੱਖਾਂ ਦੀ ਜੋਤ,

ਬਹਿ ਮਨ ਦਾ ਬੋਝ ਵੀ ਹੌਲ਼ਾ ਕਰ ਆਈ ਹਾਂ।

ਲੋਕਾਂ ਦੇ ਮੂੰਹਾਂ ਤੋਂ ਨਿਕਲ਼ੀ,

ਨਫ਼ਰਤਾਂ ਦੀ ਜਵਾਲ਼ਾ ਅੱਖੀਂ ਜ਼ਰ ਆਈ ਹਾਂ।

ਲੱਗੀ ਝੜੀ ਇਲਜ਼ਾਮਾਂ ਦੀ ਨੂੰ,

ਗੱਠ ਬੰਨ੍ਹ ਭਾਰੀ ਗੱਠੜੀ ਉੱਥੇ ਧਰ ਆਈ ਹਾਂ।

ਜੋ ਵੱਸਦੇ ਸੀ ਧਰਤੀ ਉੱਤੇ,

ਅੱਜ ਲੱਗੇ ਦੇਖ ਕੇ ਵੱਡੇ-ਵੱਡੇ ਪਰ ਆਈ ਹਾਂ।

ਚਿਰਾਂ ਤੋਂ ਜੋ ਸਾਂਭ ਰੱਖੇ ਸੀ,

ਉਹ ਦਸਤਾਵੇਜ਼ ਦੇ ਝੋਲ਼ੇ ਅੱਜ ਭਰ ਆਈ ਹਾਂ।

ਆਪਣੇ ਹੀ ਲੋਕਾਂ ਦੀ ਅੱਜ,

ਨਿੱਘਰੀ ਸੋਚ ਤੇ ਬਣੇ, ਦੇਖ ਕੇ ਘਰ ਆਈ ਹਾਂ।

ਜੋ ਲੱਗਦੇ ਸੀ ਦਿਲ ਦਰਿਆ,

ਕਿਨਾਰੇ ਉਨ੍ਹਾਂ ਦੇ ਖੁਰਦੇ ਦੇਖ ਕੇ ਠਰ ਆਈ ਹਾਂ।

ਚੁੱਪ ਦੇ ਜਿੰਦਰਿਆਂ ਨੂੰ ,

ਅੱਜ ਲੱਗੇ ਹੋਏ ਦੇਖ ਕੇ ਮੈਂ ਦਰ-ਦਰ ਆਈ ਹਾਂ।

ਚਾਨਣ ਵਿੱਚ ਵੀ ਦਿਨ ਦਿਹਾੜੇ,

ਅੱਜ ਮੈਂ ਹਨ੍ਹੇਰ ਛਾਏ ਨਾਲ ਲੜ੍ਹ ਆਈ ਹਾਂ।

***

4. ਮੈਂ ਪੰਜਾਬ ਹਾਂ

ਮੈਂ ਦਿੱਤੀਆਂ ਸ਼ਹਾਦਤਾਂ ਨਾਲ,

ਵੱਸਿਆ ਹੋਇਆ ਤੁਹਾਡਾ ਪੰਜਾਬ ਹਾਂ।

ਅਨੇਕਾਂ ਘੱਲੂਘਾਰਿਆਂ ਦੇ ਖੂਨ ਨਾਲ,

ਖਿੱੜਿਆ ਹੋਇਆ ਫੁੱਲ ਗੁਲਾਬ ਹਾਂ।

ਬੁੱਕਲ਼ ਵਿੱਚ ਸਾਂਭ ਕੇ ਬੈਠੀ ਹੋਈ,

ਹਰ ਪੰਜਾਬੀ ਮਾਂ ਦਾ ਇੱਕ ਖ਼ੁਆਬ ਹਾਂ।

ਮੇਰੇ ਪਿੰਡ ਦੀ ਖ਼ੂਬਸੂਰਤ ਜਿਹੀ,

ਦੂਰੋਂ ਦਿੱਸਦੀ ਹੋਈ ਦਿਲਕਸ਼ ਢਾਬ ਹਾਂ।

ਮੈਂ ਪੰਜਾਬ ਹਾਂ, ਮੈਂ ਪੰਜਾਬ ਹਾਂ,

ਮੈ ਤੇਰਾ ਆਪਣਾ ਮੇਰੇ ਦੋਸਤਾ ਪੰਜਾਬ ਹਾਂ।

***

5. ਗੱਲ ਜ਼ਮੀਨ ਦੀ ਨਹੀਂ

ਉਹਨੂੰ ਸਮਝਣੇ ਦੀ ਹੈ,

ਗੱਲ ਯਕੀਨ ਦੀ ਨਹੀਂ।

ਪਰਦੇ ਦੇ ਪਿੱਛੇ ਵੱਲ ਦੇਖ,

ਗੱਲ ਸੀਨ ਦੀ ਨਹੀਂ।

ਘੁੱਲਣ ਮਿਲਣ ਦੀ ਹੈ,

ਗੱਲ ਤੋਹੀਨ ਦੀ ਨਹੀਂ।

ਦਿਲ ਦੇ ਅੰਦਰ ਦੇਖ,

ਗੱਲ ਹਸੀਨ ਦੀ ਨਹੀਂ।

ਸੁਹੱਪਣ ਰੱਬ ਦਾ ਹੈ,

ਗੱਲ ਸ਼ੁਕੀਨ ਦੀ ਨਹੀਂ

ਵਜਾਉਣ ਦੀ ਕਲਾ ਹੈ,

ਗੱਲ ਬੀਨ ਦੀ ਨਹੀਂ ।

ਰਿਸ਼ਤਿਆਂ ਦੀ ਹੋਂਦ ਹੈ,

ਗੱਲ ਜ਼ਮੀਨ ਦੀ ਨਹੀਂ।

***

6. ਕੱਢਣ ਫੁੱਲਕਾਰੀਆਂ

ਰਲ ਬੈਠ ਕੇ ਕੱਢਣ ਫੁਲਕਾਰੀਆਂ,

ਪਾਉਣ ਘੁੱਗੀਆਂ, ਤੋਤੇ ਅਤੇ ਮੋਰ ਬਈ।

ਹੇਕਾਂ ਉੱਚੀ ਲਾ ਕੇ ਗੀਤ ਨੇ ਗਾਉਂਦੀਆਂ,

ਚੜ੍ਹੇ ਸਿੱਖਰ ਦੁਪਹਿਰ ਵਿੱਚ ਲੋਰ ਬਈ।

ਹਵਾਵਾਂ ਲੰਘਦੀਆਂ ਕੋਲ਼ੋਂ ਦੀ ਸ਼ੂਕ ਕੇ,

ਬੱਦਲ਼ ਗਰਜਣ ਪਾ ਕੇ ਪੂਰਾ ਸ਼ੋਰ ਬਈ।

ਚੁਫੇਰੇ ਛਾਈਆਂ ਘਟਾਵਾਂ ਨੇ ਕਾਲ਼ੀਆਂ,

ਮੀਂਹ ਵਰਦਾ ਏ ਲਾ ਕੇ ਪੂਰਾ ਜ਼ੋਰ ਬਈ।

ਕਦੇ ਉੱਡਣ ਪਤੰਗਾਂ ਉੱਚੇ ਅਕਾਸ਼ ਵਿੱਚ,

ਫੇਰ ਹੱਥ ਨਾ ਆਵੇ ਛੁੱਟੀ ਡੋਰ ਬਈ।

ਫੁੱਲ ਆਪਣੀ ਮਹਿਕ ਨੇ ਖਿਲਾਰਦੇ,

ਉੱੜਦੇ ਫਿਰਨ ਚੁਫੇਰੇ ਆ ਭੌਰ ਬਈ।

ਕੁੜੀਆਂ ਪਾਉਣ ਪੀਂਘਾਂ ਰਲ਼ ਪਿੱਪਲ਼ੀਂ,

ਕੱਢ ਕੇ ਆਪਣੀ ਪੂਰੀ-ਪੂਰੀ ਟੌਰ ਬਈ।

ਪਾਉਣ ਗਿੱਧੇ ਵਿੱਚ ਉੱਚੀ ਉੱਚੀ ਬੋਲੀਆਂ,

ਕਦੇ ਆਪਣੇ ਦਿਖਾਉਣ ਆਕੇ ਜੌਹਰ ਬਈ।

ਰਲ ਬੈਠ ਕੇ ਕੱਢਣ ਫੁਲਕਾਰੀਆਂ,

ਪਾਉਣ ਘੁੱਗੀਆਂ, ਤੋਤੇ ਅਤੇ ਮੋਰ ਬਈ।

ਹੇਕਾਂ ਉੱਚੀ ਲਾ ਕੇ ਗੀਤ ਨੇ ਗਾਉਦੀਆਂ,

ਚੜ੍ਹੇ ਸਿੱਖਰ ਦੁਪਹਿਰ ਵਿੱਚ ਲੋਰ ਬਈ।

***

7. ਕਮਾਲ

ਰਾਹਾਂ ਨੂੰ ਰੋਕ-ਰੋਕ,

ਖੜੇ ਕਰਦੇ ਰਹੇ ਬਵਾਲ।

ਕੋਈ ਨਹੀਂ ਮਿਲਿਆ,

ਜੋ ਕਰੇ ਇੱਕ ਵੀ ਸਵਾਲ।

ਥਾਂ-ਥਾਂ ਵਿਛੇ ਪਏ ਸਨ,

ਤਰ੍ਹਾਂ-ਤਰ੍ਹਾਂ ਦੇ ਜਾਲ੍ਹ।

ਆਪਣੇ ਬਚਾਉ ਲਈ,

ਕੋਈ ਲੱਭੀ ਨਾ ਢਾਲ।

ਰੂਹ ਹੋਈ ਜ਼ਖਮੀਂ,

ਬੁਰਾ ਮਨ ਦਾ ਸੀ ਹਾਲ।

ਨੀਤੀਆਂ ਵੀ ਮਾੜੀਆਂ,

ਮਾੜੇ ਬੈਠੇ ਸਨ ਦਲਾਲ।

ਰੱਬ ਹੀ ਕਰੇਗਾ ਆ ਕੇ,

ਕੋਈ ਆਪਣਾ ਕਮਾਲ।

Read 486 times