ਇਹ ਗੱਲ 1983 ਦੀ ਹੈ। ਦਸੰਬਰ ਦਾ ਮਹੀਨਾ ਸੋਹਣੀ ਮਿੱਠੀ ਠੰਡੀ ਰੁੱਤ। ਉਦੋਂ ਰੁੱਤਾਂ ਵਿੱਚ ਐਨਾ ਫਰਕ ਨਹੀਂ ਸੀ ਹੁੰਦਾ। ਜਿਵੇਂ ਹੁਣ ਗਰਮੀ ਜਿਆਦਾ ਹੈ ਤੇ ਠੰਡ ਦਾ ਮੌਸਮ ਘੱਟ ਹੈ। ਜਿਵੇਂ ਕਿ ਥੋੜ੍ਹਾ ਸਮਾਂ ਹੀ ਠੰਡ ਰਹਿੰਦੀ ਹੈ। ਮਹੀਨਾ ਜਾਂ ਦੋ ਮਹੀਨੇ। ਮੇਰਾ ਵਿਆਹ ਦਸੰਬਰ ਮਹੀਨੇ ਦਾ ਸੀ। ਮੈਨੂੰ ਬੜਾ ਹੀ ਚਾਅ ਕਿ ਮੈਂ ਬਹੁਤ ਵਧੀਆ ਨਵੇਂ ਸਾਂਝੇ ਘਰ ਵਿੱਚ ਜਾ ਰਹੀ ਹਾਂ। ਜਿੱਥੇ ਸਾਰਾ ਪਰਿਵਾਰ ਭਾਵ ਚਾਚੇ ਤਾਏ ਇਕੱਠੇ ਰਹਿੰਦੇ ਹਨ। ਕਿਉਂਕਿ ਮੇਰਾ ਪੇਕਾ ਪਰਿਵਾਰ ਵੀ ਕਾਫੀ ਵੱਡਾ ਸੀ। ਅਸੀਂ ਚਾਚੇ ਤਾਏ ਦੀਆਂ ਕੁੜੀਆਂ ਇਕੱਠੀਆਂ ਹੀ ਸਮਾਂ ਬਤੀਤ ਕਰਦੀਆਂ ਸੀ। ਸਾਡੇ ਵਿੱਚ ਤੇਰਾ ਮੇਰਾ ਘੱਟ ਹੀ ਸੀ।
ਜਦੋਂ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਆਈ ਤਾਂ ਉਦੋਂ ਉਸ ਦਿਨ ਹੀ ਦੇਖਿਆ ਕਿ ਮੇਰੀ ਸੱਸ ਨੇ ਮੈਨੂੰ ਬੜੇ ਚਾਅ ਨਾਲ਼ ਸਗਨ ਦਿੱਤਾ ਤੇ ਬਹੁਤ ਪਿਆਰ ਦਿੱਤਾ। ਮੈਂ ਬੜੀ ਖ਼ੁਸ਼। ਪਰ ਥੋੜੀ ਦੇਰ ਬਾਅਦ ਮੇਰੀਆਂ ਨਣਦਾਂ ਮੈਨੂੰ ਬਾਹਰ ਸੱਦ ਕੇ ਲੈ ਕੇ ਗਈਆਂ ਕਿ ਬਾਹਰ ਚੱਲ ਘਰ ਦੇ ਗਿੱਧਾ ਪਾ ਰਹੇ ਹਨ। ਮੈਂ ਦੇਖਿਆ ਕਿ ਗਿੱਧੇ ਵਿੱਚ ਕੇਵਲ ਮੇਰੀਆਂ ਤਿੰਨ ਨਣਦਾਂ ਤੇ ਇੱਕ ਮੇਰੀ ਵਿਚੋਲਣ ਤੇ ਬਾਕੀ ਮੇਰੇ ਪਤੀ ਦੇ ਦੋਸਤ ਸਨ। ਮੈਂ ਹੈਰਾਨ ਰਹਿ ਗਈ ਕਿ ਆਹ ਕੀ? ਇਹ ਤਾਂ ਕਹਿੰਦੇ ਸਨ ਸਾਡੇ ਪਰਿਵਾਰ ਵਿੱਚ ਪਿਆਰ ਹੀ ਬੜਾ ਹੈ। ਪਰ ਇਹ ਗਿੱਧ ਕਹਿਰਾ ਜਿਹਾ ਕਿਓਂ? ਬਾਕੀ ਤਾਏ ਚਾਚੇ ਸਾਰੇ ਹੀ ਜਾ ਕੇ ਸੁੱਸਰੀ ਵਾਂਗ ਸੌਂ ਗਏ। ਮੈਂ ਕੁੱਝ ਬੋਲੀ ਤਾਂ ਨਾਂਹ ਪਰ ਮੇਰੇ ਦਿਲ ਨੂੰ ਵੱਟ ਜਿਹਾ ਚੜ੍ਹ ਗਿਆ। ਕਿ ਆਹ ਹੈ ਸਾਂਝਾ ਪਰਿਵਾਰ ਤੇ ਉਸਦਾ ਸਿਖਰਾਂ ਦਾ ਪਿਆਰ! ਬਾਅਦ ਵਿੱਚ ਮੈਨੂੰ ਮੇਰੀ ਸੱਸ ਨੇ ਦੱਸਿਆ ਕਿ ਪੁੱਤ ਜਦੋਂ ਚਰਨ ਦੇ ਚਾਦੇ ਦੇ ਮੁੰਡਿਆਂ ਦਾ ਵਿਆਹ ਸੀ ਉਦੋਂ ਤਾਂ ਇਹ ਅੱਧੀ ਰਾਤ ਤੱਕ ਘੜਮੱਸ ਪਾਉਂਦੇ ਰਹੇ ਸਨ ਅਤੇ ਪੈਸੇ ਵਾਰਦੇ ਰਹੇ ਪਰ ਅੱਜ ਪਤਾ ਨਹੀਂ ਇਨ੍ਹਾਂ ਨੂੰ ਕੀ ਸੱਪ ਸੁੰਘ ਗਿਆ ਹੈ?
ਚੱਲੋ ਵਕਤ ਹੌਲ਼ੀ-ਹੌਲ਼ੀ ਚਲਦਾ ਰਿਹਾ ਤੇ ਮੇਰੀਆਂ ਇਕੱਠੇ ਰਹਿਣ ਵਾਲ਼ੀਆਂ ਆਸਾਂ ਤੇ ਪਾਣੀ ਫਿਰਦਾ ਗਿਆ ਤੇ ਫਿਰਦਾ ਹੀ ਗਿਆ। ਮੇਰਾ ਸਾਂਝੇ ਪਰਿਵਾਰ ਵਿੱਚ ਰਹਿਣ ਦਾ ਸੁਪਨਾ ਕਿਰਦਾ ਗਿਆ ਤੇ ਕਿਰਦਾ ਹੀ ਗਿਆ। ਕੋਈ ਵੀ ਘਰ ਦਾ ਜੀਅ ਇੱਕ ਦੂਜੇ ਨਾਲ਼ ਚੰਗੀ ਤਰ੍ਹਾਂ ਗੱਲ ਕਰਦਾ ਮੈਂ ਕਦੀ ਨਾਂਹ ਦੇਖਿਆ। ਹਰ ਤੀਜੇ ਦਿਨ ਕਿਸੇ ਨਾ ਕਿਸੇ ਗੱਲ ਪਿੱਛੇ ਲੜਾਈ ਝਗੜਾ ਹੋਇਆ ਹੀ ਰਹਿੰਦਾ ਤੇ ਦਾਲ਼ ਜੁੱਤੀਆਂ ਵਿੱਚ ਵੰਡ ਹੁੰਦੀ ਰਹੀ।
ਵੱਡੀ ਗੱਲ ਇਹ ਸੀ ਕਿ ਸਾਰੇ ਘਰ ਦੀ ਆਮਦਨ ਮੇਰੇ ਪਤੀ ਚਰਨ ਦੇ ਚਾਚੇ ਦੇ ਹੱਥ ਵਿੱਚ ਸੀ ਤੇ ਓਹੀ ਕਰਤਾ ਧਰਤਾ ਸੀ। ਆਪਣੀ ਮਰਜੀ ਨਾਲ਼ ਕਿਸੇ ਨੂੰ ਕੌਡੀ ਦੇਵੇ ਚਾਹੇ ਨਾ ਦੇਵੇ। ਇਸ ਪਰਿਵਾਰ ਦੇ ਤਿੰਨ ਭਾਈ ਸਨ। ਬਾਪੂ ਜੀ ਮੇਰੇ ਸਹੁਰਾ ਸਾਹਿਬ ਸਭ ਤੋਂ ਵੱਡੇ ਤੇ ਫੇਰ ਦੋ ਚਾਚੇ ਜਿਨ੍ਹਾਂ ਵਿੱਚੋਂ ਇੱਕ ਦੀ ਡੈੱਥ ਹੋ ਗਈ ਸੀ। ਪਰ ਉਨ੍ਹਾਂ ਦਾ ਪਰਿਵਾਰ ਵੀ ਨਾਲ਼ ਹੀ ਸੀ। ਉਨ੍ਹਾਂ ਦੇ ਬੱਚੇ ਵੀ ਵੱਡੇ ਵਿਆਹੁਣ ਯੋਗ ਹੋ ਗਏ ਸਨ। ਘਰ ਵਿੱਚ ਲਾ ਪਾ ਕੇ ਕੇਵਲ ਰੋਟੀ ਹੀ ਹਰ ਇੱਕ ਨੂੰ ਨਸੀਬ ਹੁੰਦੀ ਸੀ। ਬਾਕੀ ਕਿਸੇ ਨੂੰ ਵੀ ਕੋਈ ਪੈਸਾ ਖਰਚਾ ਨਹੀਂ ਸੀ ਮਿਲ਼ਦਾ। ਆਪਸੀ ਤਰੇੜ ਦਿਨੋਂ ਦਿਨ ਵਧਦੀ ਹੀ ਗਈ। ਮੈਂ ਇੱਕ ਦਿਨ ਸੋਚੀਂ ਪੈ ਗਈ ਕਿ ਮਹਾਂ ਭਾਰਤ ਦਾ ਯੁੱਧ ਵੀ ਇਸੇ ਤਰ੍ਹਾਂ ਹੀ ਹੋਇਆ ਹੋਵੇਗਾ। ਕਿ ਜਿਸ ਤੇ ਹੱਥ ਵਿੱਚ ਸਭ ਪੈਸਾ ਟਕਾ ਹੈ ਉਹ ਆਪਣਿਆਂ ਲਈ ਖਰਚੇ ਪਰ ਦੂਜੇ ਨੂੰ ਦੇ ਕੇ ਰਾਜੀ ਨਾ ਹੋਵੇ। ਦਰਯੋਧਨ ਨੇ ਤਾਂ ਆਪਣੀ ਭਰਜਾਈ ਦਰੋਪਤੀ ਦੀ ਇੱਜਤ ਮਿੱਟੀ ਵਿੱਚ ਮੇਲਣ ਦੀ ਕੋਈ ਵੀ ਕਸਰ ਬਾਕੀ ਨੀਂ ਸੀ ਛੱਡੀ। ਮੈਂ ਸੋਚਿਆ ਇਹ ਸ਼ਰੀਕਾ ਕਿੱਥੋਂ ਤੱਕ ਭਾਜੀ ਚਾੜ੍ਹ ਦਿੰਦਾ ਹੈ! ਇਹ ਕੋਈ ਅੱਜ ਦੀ ਗੱਲ ਨਹੀਂ। ਇਹ ਤਾਂ ਮੁੱਦਤਾਂ ਤੋਂ ਚਲਿਆ ਆ ਰਿਹਾ ਹੈ।
ਅਖੀਰ ਵਿੱਚ ਜਦੋਂ ਸਾਨੂੰ ਅੱਡ ਕੀਤਾ ਗਿਆ ਤਾਂ ਆਪ ਚਾਚਾ ਜੀ ਨੇ ਵਧੀਆ ਬਣਿਆਂ ਘਰ ਸਾਂਭ ਲਿਆ ਅਤੇ ਘਰ ਦਾ ਸਾਰਾ ਚੰਗਾ-ਚੰਗਾ ਸਾਮਾਨ ਚੱਕ ਕੇ ਉਸ ਵਿੱਚ ਰੱਖ ਲਿਆ। ਸਾਨੂੰ ਇੱਕ ਖੰਡਰ ਪਿਆ ਮਕਾਨ ਜੋ ਸਾਈਡ ਤੇ ਸੀ ਦੇ ਦਿੱਤਾ ਅਤੇ ਘਰ ਦੇ ਸਮਾਨ ਵਿੱਚੋਂ ਵੀ ਕੋਈ ਹਿੱਸਾ ਨਹੀਂ ਦਿੱਤਾ। ਸਾਬਕਾ ਪਟਵਾਰੀ ਹੋਣ ਦੇ ਕਰਕੇ ਜਮੀਨ ਦੀ ਵੰਡ ਵਿੱਚ ਵੀ ਉਹ ਜਿਤਨਾ ਘਪਲਾ ਕਰ ਸਕਦਾ ਸੀ ਰੱਜ ਕੇ ਕੀਤਾ। ਜਦੋਂ ਚਰਨ ਨੇ ਪੁੱਛਣਾ ਕਿ ਚਾਚਾ ਜੀ ਛੇ ਕਿੱਲੇ ਜਮੀਨ ਦਾ ਕੋਈ ਹਿਸਾਬ ਨਹੀਂ ਮਿਲ਼ਦਾ ਤਾਂ ਅੱਗੋ ਜਵਾਬ ਮਿਲਣਾ, ਲੀਰਾਂ ਦੇ ਖੁੱਦੋ ਨੂੰ ਫੋਲੇਂਗਾ ਤਾਂ ਵਿੱਚੋਂ ਲੀਰਾਂ ਹੀ ਨਿੱਕਲਣਗੀਆਂ।
ਇੱਕ ਦਿਨ ਮੇਰੇ ਪਤੀ ਰੋਂਦੇ ਹੋਏ ਘਰ ਆਏ। ਮੈਂ ਪੁੱਛਿਆ ਕੀ ਹੋਇਆ ਤਾਂ ਸਾਰੀ ਗੱਲ ਦਾ ਪਤਾ ਲੱਗਿਆ। ਮੈਂ ਕਿਹਾ ਕਿ ਚਲੋ ਕੋਈ ਗੱਲ ਨਹੀਂ। ਬਾਪੂ ਜੀ ਨੇ ਕਹਿਣਾ ਮੈਂ ਤੇਰੇ ਚਾਚੇ ਨੂੰ ਪੁੱਤਾਂ ਵਾਂਗ ਪਾਲ਼ਿਆ ਸੀ। ਮੇਰੇ ਨਾਲ਼ ਇਸ ਨੇ ਇੰਜ ਕਿਓਂ ਕੀਤਾ। ਇਹ ਤਾਂ ਇੱਕ ਬੱਚਾ ਸੀ ਤੇ ਮੈਂ ਏਨੀਆਂ ਕਮਾਈਆਂ ਕੀਤੀਆਂ ਤੇ ਮੇਰੇ ਹਿੱਸੇ ਕੀ ਆਇਆ? ਮੈਂ ਕਿਹਾ ਬਾਪੂ ਜੀ ਇਹ ਸਮਝ ਲਵੋ ਆਪਾਂ ਇੱਕ ਵਾਰੀ ਫੇਰ ਪਾਕਿਸਤਾਨੋਂ ਉੱਜੜ ਕੇ ਆਏ ਹਾਂ। ਕਿਉਂਕਿ ਬਾਪੂ ਜੀ 1947 ਦੇ ਹੱਲੇ ਤੋਂ ਬਾਅਦ ਪਾਕਿਸਤਾਨ ਤੋਂ ਏਧਰ ਆਏ ਸਨ। ਪਰ ਇਹ ਸ਼ਰੀਕੇ ਬਾਜੀ ਅੱਜ ਤੱਕ ਖਤਮ ਨਹੀਂ ਹੋਈ।
ਚਾਚਾ ਜੀ ਦੇ ਦੋ ਮੁੰਡੇ ਹਨ। ਇੱਕ ਕੈਨੇਡਾ ਹੈ ਤੇ ਦੂਜਾ ਭਾਰਤ ਵਿੱਚ। ਕੈਨੇਡਾ ਵਾਲ਼ਾ ਸੁੱਖ ਨਾਲ਼ ਸੁੱਖੀਂ ਵਸਦਾ ਹੈ। ਆਪਣਾ ਤਕੜਾ ਕਾਰੋਬਾਰ ਹੈ। ਡਾਲਰ ਦੋਹੀਂ ਹੱਥੀਂ ਲੁਟਾਵੇ ਤਾਂ ਵੀ ਨਾ ਮੁੱਕਣ। ਘੱਟ ਇੰਡੀਆ ਵਾਲ਼ੇ ਕੋਲ ਵੀ ਨਹੀਂ। ਕਿਉਂਕ ਚਾਚਾ ਜੀ ਦੋ ਵਾਰ ਐੱਮ.ਐੱਲ.ਏ ਬਣੇ ਸੀ ਤੇ ਚੇਅਰਮੈਨ ਵੀ ਰਹੇ ਸੀ। ਏਨਾ ਕੁੱਝ ਹੋਣ ਦੇ ਵਾਬਜੂਦ ਵੀ ਅਜੇ ਵੀ ਸ਼ਰੀਕੇ ਬਾਜੀ ਘਟੀ ਨਹੀਂ ਸਗੋਂ ਵੱਧ ਹੀ ਹੋਈ ਹੈ। ਸ਼ਰੀਕੇ ਦੀ ਰੁਚੀ ਅਨੁਸਾਰ, ਜਿੱਥੇ ਦਾ ਲੱਗਦਾ ਹੈ ਡੰਗ ਮਾਰ ਹੀ ਜਾਂਦਾ ਹੈ। ਅਸੀਂ ਤਾਂ ਉਸ ਕੁਦਰਤ ਉੱਤੇ ਹੀ ਛੱਡਿਆ ਹੋਇਆ ਹੈ ਕਿ ਆਪਣਾ ਹੀ ਖਾਣਾ ਪੀਣਾ ਹੈ। ਜੋ ਸਾਡੇ ਜੋਗਾ ਬਹੁਤ ਹੈ। ਅਸੀਂ ਕਿਸੇ ਪੈਂਚੀ ਜਾਂ ਸਰਪੈੰਚੀ ਵਿੱਚ ਵੀ ਹਿੱਸਾ ਨਹੀਂ ਲੈਂਦੇ ਪਰ ਫੇਰ ਵੀ ਪਤਾ ਨਹੀਂ ਸ਼ਰੀਕਾਂ ਨੂੰ ਕੀ ਤਕਲੀਫ ਹੈ। ਕਿਉਂ ਨਹੀਂ ਅਪਣੇ ਘਰ ਵਸਦਿਆਂ ਨੂੰ ਜਰਦੇ। ਇਨ੍ਹਾਂ ਦਿਆਂ ਦਿੱਤੀਆਂ ਦੁੱਖਾਂ ਤਕਲੀਫਾਂ ਨੂੰ ਜਰਦਿਆਂ ਸਾਨੂੰ ਅੱਜ 40 ਸਾਲ ਹੋ ਗਏ ਹਨ। ਅਸੀਂ ਥੱਕ ਗਏ ਪਰ ਸ਼ਰੀਕਾ ਨਹੀਂ ਥੱਕਿਆ।
ਸੱਚੀਂ ਹੀ ਦਰਯੋਧਨ ਅੱਜ ਘਰ-ਘਰ ਜੰਮੇ ਹੋਏ ਨੇ। ਜਿਸ ਪਾਸੇ ਦੇਖੋ ਏਹੀ ਕੁੱਝ ਹੋ ਰਿਹਾ ਹੈ। ਮੇਰੀ ਮੰਮੀ ਦ ਕਹਿਣਾ ਮੈਨੂੰ ਕਈ ਵਾਰ ਯਾਦ ਆਉਂਦਾ ਹੈ ਕਿ ਪੁੱਤ ਸ਼ਰੀਕ ਬੇਦੀ ਗੱਡ ਕੇ ਫੇਰੇ ਨਹੀਂ ਲੈਂਦਾ ਬਾਕੀ ਕਸਰ ਨਹੀਂ ਛੱਡਦਾ। ਤੇ ਸਾਰੇ ਪਾਸੇ ਹੋ ਵੀ ਇਹੋ ਹੀ ਰਿਹਾ ਹੈ। ਜੋ ਇੱਕ ਇਨਸਾਨ ਥੋੜਾ ਭਲਾਮਾਣਸ ਹੈ ਦੂਜਾ ਉਸ ਨੂੰ ਢਾਹੁਣ ਦੀ ਕੋਸ਼ਿਸ਼ ਕਰਦਾ ਹੈ। ਭਾਈਚਾਰੇ ਦੀ ਸੰਗ ਸ਼ਰਮ ਤਾਂ ਕੀ ਹੋਣੀ ਸੀ, ਉਸਨੂੰ ਤਾਂ ਇਹ ਟਿੱਚ ਸਮਝਦੇ ਹਨ। ਸਗੋਂ ਮਸਾਲੇ ਲਾ-ਲਾ ਖ਼ੁਸ਼ ਹੁੰਦੇ ਹਨ। ਕਾਸ਼! ਕੋਈ ਇਨ੍ਹਾਂ ਨੂੰ ਸਮੁੱਤ ਦੇਵੇ।