ਅਵਤਾਰ ਗਿੱਲ ਦਾ ਛੋਟਾ ਜਿਹਾ ਲੇਖ ‘ਆਗੇ ਆਗੇ ਦੇਖੀਏ ਹੋਤਾ ਹੈ ਕਿਆ ...’ ਪੜ੍ਹਿਆ ਤੇ ਵਿਚਾਰਿਆ। ਛੋਟਾ ਇਸ ਲਈ ਕਿ ਅਜੇ ਹੋਰ ਪੜ੍ਹਨ ਨੂੰ ਦਿਲ ਕਰਦਾ ਸੀ, ਅਜੇ ਹੋਰ ਬੜਾ ਕੁਝ ਕਹਿਣ ਵਾਲ਼ਾ ਸੀ।
ਇਸ ਦਾ ਮੁੱਖ ਭਾਗ ਤਾਂ ਗਿੱਲ ਵੱਲੋਂ 30-35 ਸਾਲ ਪਹਿਲੋਂ ਪੜ੍ਹੀ ਇੱਕ ਛੋਟੀ ਜਿਹੀ ਕਹਾਣੀ ਦਾ ਰੌਚਕੀ ਵਰਨਣ ਹੈ। ਜਿਸ ਵਿੱਚ ਧਰਮ ਅਤੇ ਅਪਰਾਧ ਦੇ ਮੇਲ ਦਾ ਆਪਸੀ ਗੰਢ ਤੁੱਪ ਦਰਸਾਇਆ ਗਿਆ ਹੈ। ਦੋਸ਼ੀ ਗਊ ਭਗਤ, ‘ਦੇਸ ਭਗਤੀ’ ਦਾ ਭਰਮ-ਜਾਲ਼ ਉਸਾਰਨ ਵਿੱਚ ਸਫਲ ਹੋ ਜਾਂਦੇ ਹਨ। ਇਹ ਉਦੋਂ ਵੀ ਸੱਚ ਸੀ ਅਤੇ ਅੱਜ ਵੀ ਸੱਚ ਹੈ। ਅੱਜ ਸਗੋਂ ਇਸ ਵਿੱਚ ਅੱਜ ਦੇ ਲੀਡਰ ਤੇ ਸਮੇਂ ਦੀ ਸਰਕਾਰ ਵੀ ਆ ਜੁੜੀ ਹੈ। ਉਨ੍ਹਾਂ ਨੇ ਆਪਣੇ ਭਰਮਜਾਲ਼ ਵਿੱਚ ਦੇਸ ਧ੍ਰੋਹੀ ਅਤੇ 307 ਦੀ ਧਾਰਾ ਜੋੜ ਲਈ ਹੈ ਅਤੇ ਇਸਦੀ ਉਹ ਪੂਰੀ ਬੇਸ਼ਰਮੀ ਨਾਲ਼ ਵਰਤੋਂ ਵੀ ਕਰਦੇ ਹਨ। ਮੁੱਕਦੀ ਗੱਲ ਇਹ ਕਿ ਕਹਾਣੀ ਦਾ ਵਿਸਥਾਰ ਸਾਰੇ ਹੀ ਸਮਿਆਂ ਦੀ ਗੱਲ ਹੈ। ਅਖੀਰਲੇ ਛੋਟੇ ਜਿਹੇ ਪਹਿਰੇ ਵਿੱਚ ਝਾੜਿਆ ਗਿਆ ਤੋੜਾ, ਸਮਿਆਂ ਦੀ ਸਮੱਸਿਆ ਉੱਤੇ ਤਿੱਖੇ ਕਿੱਲ ਦੇ ਸਿਰ ਉੱਤੇ ਮਾਰੀ ਵਦਾਣੀ ਭਾਰੀ ਸੱਟ ਹੈ।
ਇਸ ਵਾਰਤਾ ਤੋਂ ਅਨੁਭਵ ਹੋਇਆ ਕਿ ਅਵਤਾਰ ਗਿੱਲ ਵੱਲੋਂ ਕਾਹਲ਼ੀ ਵਿੱਚ ਕਹੀ ਗਈ ਇਹ ਇੱਕ ਅਧੂਰੀ ਗੱਲ ਹੈ। ਅੱਜ ਤਾਂ ਸੱਚ ਦੇ ਲਿਖਾਰੀ ਅਤੇ ਸਮਾਜਿਕ ਮੀਡੀਏ ਦੀ ਉਡਾਰੀ ਫਿਕਰਮੰਦਾਂ ਦੇ ਸਾਹਮਣੇ ਪਲ ਪਲ ਸੱਚ ਉਜਾਗਰ ਕਰੀ ਜਾ ਰਹੀ ਹੈ। ਠੀਕ ਹੈ ਕਿ ਹਰ ਸੂਚਨਾ ਦੇ ਅਰਥ ਆਪੋ ਆਪਣੀ (ਪਿੱਠ-ਭੂਮੀ, ਸੱਭਿਆਚਾਰ, ਧਰਮ, ਸਿੱਖਿਆ, ਸਵਾਰਥ, ਰੁਚੀ ਆਦਿ ਅਧੀਨ ਬਣੀ) ਇੱਛਾ ਮੁਤਾਬਕ ਕੱਢੇ ਜਾ ਰਹੇ ਹਨ ਪਰ ਫਿਰ ਵੀ ਸੱਚ ਦੇ ਪੁਜਾਰੀ ਅਤੇ ਮਾਨਵਤਾ ਦੇ ਪਿਆਰੀ ਝੂਠ-ਸੱਚ ਦੇ ਖਿਲਾਰੇ ਵਿੱਚੋਂ ਅਸਲੀਅਤ ਦਾ ਸਤ ਨਚੋੜ ਹੀ ਲੈਂਦੇ ਹਨ।
ਸੋਚ ਆਉਂਦੀ ਹੈ ਕਿ ਜਿੱਥੇ ਕੂੜ ਅਮਾਵਸ ਦਾ ਬੋਲ ਬਾਲਾ ਹੋਵੇ, ਵਾੜ ਹੀ ਖੇਤ ਨੂੰ ਖਾ ਰਹੀ ਹੋਵੇ, ਰਾਜੇ ਲੂੰਬੜ ਤੇ ਮੁਕੱਦਮ ਪੂਛ ਹਿਲਾਊ ਬਣ ਜਾਣ ਉੱਥੇ ਆਮ ਲੋਕਾਂ ਦਾ ਕੀ ਬਣੇਗਾ? ਦੇਸ ਅਤੇ ਲੋਕ ਦੋ ਨਹੀਂ, ਸਗੋਂ ਇੱਕੋ ਰੂਹ ਦੇ ਦੋ ਨਾਂ ਹਨ। ਸਰਕਾਰ, ਫੌਜ ਅਤੇ ਪੁਲਿਸ ਇਨ੍ਹਾਂ ਤਿੰਨਾਂ ਦਾ ਫਰਜ਼ ਲੋਕਾਂ ਦੀ ਜਾਨ, ਮਾਲ ਅਤੇ ਸਵੈਮਾਣ ਦੀ ਰਾਖੀ ਕਰਨਾ ਹੁੰਦਾ ਹੈ। ਜੇ ਇਹ ਤਿੰਨੋਂ ਹੀ ਸੱਚ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਲੋਕਾਂ ਨੂੰ ਲੁੱਟਣ, ਕੁੱਟਣ, ਧਰਤੀ ਉੱਤੇ ਸੁੱਟ ਕੇ ਧੌਣ ਉੱਤੇ ਪੁਲਸੀਆ ਬੂਟ ਰੱਖਣ ਦੇ ਨਿਰਦਈ ਨਜ਼ਾਰੇ ਪੇਸ਼ ਕਰ ਰਹੇ ਹੋਣ! ਕੀ ਬਣੂੰ ਲੋਕਾਂ ਦਾ?
ਯੂ ਐਨ ਓ ਅਤੇ ਹੋਰ ਬਾਹਰਲੇ ਕੱਦਾਵਰ ਸੂਝਵਾਨ ਕੀ ਇਹ ਤਮਾਸ਼ਾ ਹੀ ਦੇਖਦੇ ਰਹਿਣਗੇ ਜਾਂ ਹਾਅ ਦੇ ਨਾਅਰੇ ਤੋਂ ਅੱਗੇ ਹੋਰ ਵੀ ਕੋਈ ਅਸਰਦਾਇਕ ਕਦਮ ਪੁੱਟਣਗੇ? ਹੁਣ ਜੇ ਕੋਈ ਆਸ ਬਚੀ ਹੈ ਤਾਂ ਕੇਵਲ ਤੇ ਕੇਵਲ ਇਨਸਾਫ ਪਸੰਦ ਬਾਹਰਲੇ ਦੇਸਾਂ ਦੇ ਆਗੂਆਂ ਉੱਤੇ ਹੀ ਬਚੀ ਹੈ। ਭਾਰਤ ਦੀ ਸਰਕਾਰ ਇਸ ਸਮੇਂ ਬਾਹਰਲੇ ਦੇਸਾਂ ਨੂੰ “ਹਮਾਰੇ ਘਰੇਲੂ ਮਾਮਲੇ ਮੇਂ ਦਖਲ ਦੇਨੇ ਕੀ ਗਲਤੀ ਮੱਤ ਕਰਨਾ।” ਆਖ ਕੇ ਅੱਖਾਂ ਦਿਖਾ ਰਹੀ ਹੈ। ਇਹ ਅੰਦਰੂਨੀ ਮਾਮਲੇ ਅਤੇ ਬੈਰੂਨੀ ਮਾਮਲੇ ਦੀ ਹੱਦ ਕਿੱਥੇ ਖਤਮ ਹੁੰਦੀ ਹੈ, ਇਸਦਾ ਵੀ ਨਿਰਨਾ ਹੋਣਾ ਚਾਹੀਦਾ ਹੈ।
ਹਾਕਮ ਜਦੋਂ ਵੀ ਹੰਕਾਰਿਆ ਬੜ੍ਹਕ ਮਾਰਦਾ ਹੈ, “ਇਸ ਇਲੈਕਸ਼ਨ ਮੇਂ ਹਮ ਭਾਰੀ ਗਿਨਤੀ ਸੇ ਜੀਤੇਂਗੇ। ਫਿਰ ਇਲੈਕਸ਼ਨ ਕਭੀ ਨਹੀਂ ਹੋਗੀ।” ਅਤੇ “ਪੰਜਾਬ ਮੇਂ ਅਗਲੀ ਸਰਕਾਰ ਹਮਾਰੀ ਹੋਗੀ।” ਇਸ ਦੇ ਪਿੱਛੇ ਵੋਟ ਗਿਣਤੀ ਮਸ਼ੀਨਾਂ ਦੀ ਭਰੋਸੇਯੋਗਤਾ ਛਲਣੀ ਛਲਣੀ ਹੁੰਦੀ ਦਿਖਾਈ ਦਿੰਦੀ ਹੈ।
ਹਾਕਮਾਂ ਨੂੰ ਇਤਿਹਾਸ ਦਾ ਇਹ ਕੀਮਤੀ ਸਬਕ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੋ ਵੀ ਜਬਰ ਨਾਲ਼ ਰਾਜ ਕਰਦਾ ਹੈ ਉਹ ਜਬਰ ਨਾਲ਼ ਹੀ ਖਤਮ ਹੁੰਦਾ ਹੈ।
ਇਸ ਸ਼ਾਂਤਮਈ ਸੰਘਰਸ਼ ਸਮੇਂ ਧਰਨਿਆਂ ’ਤੇ ਬੈਠੇ ਅੰਦੋਲਨਕਾਰੀਆਂ ਦਾ ਅੰਨ ਪਾਣੀ, ਬਿਜਲੀ, ਡਾਕਟਰੀ ਇਲਾਜ ਹਰ ਪਾਸਿਓਂ ਬੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਧਰਨਿਆਂ ਦੇ ਦੁਆਲ਼ੇ ਜੋ ਕਿੱਲਾਂ, ਕਾਂਟਿਆਂ ਅਤੇ ਕੰਧਾਂ ਦੀਆਂ ਤੀਹਰੀਆਂ ਤੀਹਰੀਆਂ ਕਤਾਰਾਂ ਖੜ੍ਹੀਆਂ ਕਰਕੇ ਇਨ੍ਹਾਂ ਨੂੰ ਖੁੱਲ੍ਹੀਆਂ ਜੇਲਾਂ ਵਿੱਚ ਬਦਲਿਆ ਜਾ ਰਿਹਾ ਹੈ, ਕਿਧਰੇ ਇਹ ਕਿਸੇ ਦੇ ਖੱਫਣ ਵਿੱਚ ਆਖਰੀ ਕਿੱਲ ਨਾ ਸਿੱਧ ਹੋ ਜਾਵੇ। ਇਨ੍ਹਾਂ ਰੋਕਾਂ ਦੇ ਪਿੱਛੇ ਮਣਾਂ ਮੂੰਹੀਂ ਪੁਲਿਸ, ਨੀਮ ਫੌਜੀ ਦਸਤਿਆਂ ਦੀਆਂ, ਧਰਮੀ ਕੱਟੜਤਾ ਦੀਆਂ ਜ਼ਹਿਰਾਂ ਨਾਲ਼ ਨੱਕੋ-ਨੱਕ ਭਰੀਆਂ ਧਾੜਾਂ ਆਕਾ ਦੇ ਇੱਕ ਇਸ਼ਾਰੇ ਦੀ ਉਡੀਕ ਵਿੱਚ ਹਨ। (ਜਿਸਦੀਆਂ ਮੀਡੀਆ ਰਾਹੀਂ ਦਰਸਾਈਆਂ ਅਨੇਕ ਤਸਵੀਰਾਂ ਗਵਾਹ ਹਨ।) ਰੱਬ ਖੈਰ ਕਰੇ!
ਕਿਸੇ ਕਵੀ ਨੇ 50 ਸਾਲ ਪਹਿਲੋਂ ਕਿਹਾ ਸੀ, “ਦੂਰ ਦੂਰ ਵਸਦੇ ਸੀ ਜਿਹੜੇ, ਆ ਬੈਠੇ ਸਾਡੇ ਢਾਰੇ, ਹੁਣ ਤਾਂ ਮੌਲਾ ਹੀ ਖੈਰ ਗ਼ੁਜਾਰੇ।” ਏਥੇ ਤਾਂ ਆਪਣੇ ਹੀ ਵੈਰੀਆਂ ਤੋਂ ਵੀ ਵੱਡੇ ਵੈਰੀ ਬਣ ਬੈਠੇ ਹਨ। ਏਥੇ ਮੌਲਾ ਵੀ ਕੀ ਕਰੂ? ਬਿਮਾਰੀ ਇੰਨੀ ਵਧ ਗਈ ਹੈ ਕਿ ਇਲਾਜ ਸਮਝ ਤੋਂ ਪਰੇ ਹੈ। ਇਹ ਦਿਨ ਵੀ ਦੇਖਣੇ ਸਨ!