You are here:ਮੁਖ ਪੰਨਾ»ਵਿਚਾਰਨਾਮਾ»ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ-ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਵਿਚਾਰ ਚਰਚਾ

ਲੇਖ਼ਕ

Sunday, 02 March 2025 14:27

ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ-ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਵਿਚਾਰ ਚਰਚਾ

Written by
Rate this item
(0 votes)

ਇਸ ਵਾਰ ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਬਰਜਿੰਦਰ ਗੁਲਾਟੀ ਜੀ ਤੇ ਨਿਵਾਸ ਤੇ ਮਿਸੀਸਾਗਾ ਵਿੱਚ ਹੋਈ। ਅਗਸਤ ਮਹੀਨੇ ਹੋਣ ਵਾਲੀ, ਗਰਮ ਰੁੱਤ ਦੀ ਇਹ ਮੀਟਿੰਗ, ਸੰਸਥਾ ਦੀ ਚੋਣ ਮੀਟਿੰਗ ਵੀ ਸੀ। ਸ਼ੁਰੂ ਵਿੱਚ ਨਵ-ਪ੍ਰਕਾਸ਼ਤ ਪੁਸਤਕਾਂ ਅਤੇ ਸੋਸ਼ਲ ਮੀਡੀਏ ਉੱਤੇ ਪੈਦਾ ਹੋਏ ਵਿਵਾਦਾਂ ਨੂੰ ਲੈ ਕੇ ਵਿਚਾਰ ਵਟਾਂਦਰੇ ਹੋਏ। ਇਸ ਮਿਲਣੀ ਵਿੱਚ ਲਹਿੰਦੇ ਪੰਜਾਬ ਤੋਂ ਪ੍ਰਸਿੱਧ ਵਿਦਵਾਨ, ਲੇਖਕ ਅਤੇ ਅਨੁਵਾਦਕ ਪ੍ਰੋ: ਆਸ਼ਿਕ ਰਹੀਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਮੀਟਿੰਗ ਦੀ ਕਾਰਵਾਈ ਸੰਚਾਲਕ ਮੇਜਰ ਮਾਂਗਟ ਨੇ ਚਲਾਉਂਦਿਆਂ ਪਹਿਲੀ ਕਹਾਣੀ, ਕੁਲਜੀਤ ਮਾਨ ਨੂੰ ਪੜ੍ਹਨ ਲਈ ਕਿਹਾ। ਇਸ ਕਹਾਣੀ ਦਾ ਨਾਂ ਸੀ ‘ਸਵੈ ਸ਼ਿਕਨ’। ਇਸ ਕਹਾਣੀ ਕਹਾਣੀ ਦਾ ਵਿਸ਼ਾ ਵਸਤੂ ਬਹੁਤ ਨਿਵੇਕਲਾ ਸੀ। ਜਿਸ ਵਿੱਚ ਭਾਰਤ ਤੋਂ ਕੈਨੇਡਾ ਆਣ ਵੱਸਿਆਂ ਸੰਗੀਤਕ ਮੋਹ ਵਾਲਾ ਕਲਾਕਾਰ ਆਪਣੇ ਖੇਤਰ ਵਿੱਚ ਪ੍ਰਵਾਜ ਭਰਨੀ ਲੋਚਦਾ ਹੈ। ਤੇ ਮੁੱਖ ਧਾਰਾ ਦਾ ਇੱਕ ਗੋਰਾ ਪਰਿਵਾਰ ਉਸ ਲਈ ਖੰਭ ਬਣ ਜਾਂਦਾ ਹੈ। ਇਸ ਕਹਾਣੀ ਵਿੱਚ ਸੰਸਕ੍ਰਿਤੀ ਟਕਰਾਉਂਦੀ ਹੈ। ਸੰਘਰਸ਼ ਨੂੰ ਸਾਰਥਿਕ ਕਰਨ ਲਈ ਮੁੱਖ ਪਾਤਰ ਆਪਣੇ ਪਰਿਵਾਰ ਨੂੰ ਭਾਰਤ ਭੇਜ ਦਿੰਦਾ ਹੈ, ਪਰ ਪੈਦਾ ਹੋਏ ਖਲਾਅ ਵਿੱਚੋਂ ਇੱਕ ਨਵਾਂ ਰਿਸ਼ਤਾ ਆਪਣੇ ਗੋਰੇ ਦੋਸਤ ਦੀ ਮਾਂ ਨਾਲ ਪੈਦਾ ਹੋ ਜਾਂਦਾ ਹੈ। ਪੁੱਤਰ ਖੁਸ਼ ਹੈ, ਕਿ ਮਾਂ ਦੀ ਇਕੱਲਤਾ ਘਟੀ ਤੇ ਉਸ ਨੂੰ ਕੋਈ ਸਾਥ ਮਿਲਿਆ। ਪਰ ਉਹ ਔਰਤ ਰਿਸ਼ਤੇ ਪ੍ਰਤੀ ਗੰਭੀਰ ਹੈ ਅਤੇ ਅੰਦਰਲਾ ਸੱਚ, ਮੁੱਖ ਪਾਤਰ ਪ੍ਰੇਮੀ ਨੂੰ ਆਪਣੀ ਪਤਨੀ ਕੋਲ ਬਿਆਨਣ ਲਈ ਆਖਦੀ ਹੈ, ਤਾਂ ਕਿ ਉਹ ਕਿਸੇ ਭੁਲੇਖੇ ਵਿੱਚ ਨਾਂ ਰਹੇ। ਕੋਈ ਹੋਰ ਸਾਥ ਲੱਭ ਸਕੇ। ਪਰ ਭਾਰਤੀ ਮਾਨਸਿਕਤਾ ਉਸ ਬੰਦੇ ਨੂੰ ਅਜਿਹਾ ਨਹੀਂ ਕਰਨ ਦਿੰਦੀ। ਉਹ ਦੋ ਬੇੜੀਆਂ ਵਿੱਚ ਸਵਾਰ ਰਹਿਣਾ ਚਾਹੁੰਦਾ ਹੈ। ਸਰੀਰਿਕ ਲੋੜ ਵੀ ਪੂਰੀ ਹੋ ਜਾਵੇ, ਮੰਜਿਲ ਵੀ ਮਿਲ ਜਾਵੇ ਤੇ ਪਰਿਵਾਰ ਵੀ ਨਾ ਟੁੱਟੇ। ਲੇਖਕ ਨੇ ਇਸ ਦੋਗਲੀ ਮਾਨਸਿਕਤਾ ਨੂੰ ਬਾਖੂਬੀ ਇਸ ਕਹਾਣੀ ਵਿੱਚ ਬਿਆਨਿਆਂ ਤੇ ਇਸ ਕਹਾਣੀ ਤੇ ਭਰਪੂਰ ਚਰਚਾ ਹੋਈ। ਜਿਸ ਨੂੰ ਕੁਲਜੀਤ ਦੀ ਸਫਲ ਕਹਾਣੀ ਕਿਹਾ ਗਿਆ।

ਦੂਸਰੀ ਕਹਾਣੀ ਪ੍ਰਵੀਨ ਕੌਰ ਦੀ ਸੀ, ਜਿਸ ਦਾ ਨਾਂ ਸੀ ‘ਤੇਰੇ ਮੇਰੇ ਸਪਨੇ’ ਇਹ ਕਹਾਣੀ ਇੱਕ ਅਜਿਹੀ ਲੜਕੀ ਦੀ ਕਹਾਣੀ ਸੀ ਜੋ ਮੁਹੱਬਤ ਦੇ ਵੇਗ ਵਿੱਚ ਵਹਿ ਤੁਰਦੀ ਹੈ। ਮੁਹੱਬਤ ਸ਼ਾਦੀ ਵਿੱਚ ਬਦਲ ਜਾਂਦੀ ਹੈ। ਰਿਸ਼ਤਾ ਕੀ ਬਦਲਦਾ ਸੀ, ਜਿੰਦਗੀ ਦੇ ਅਰਥ ਵੀ ਬਦਲ ਜਾਂਦੇ ਹਨ। ਭਾਵੁਕਤਾ ਖੰਭ ਲਾ ਕੇ ਉਡ ਜਾਂਦੀ ਹੈ ਤੇ ਯਥਾਰਥ ਪ੍ਰਗਟ ਹੋਣ ਲੱਗਦਾ ਹੈ। ਉਸ ਘਰ ਵਿੱਚ ਜਿੱਥੇ ਪ੍ਰੰਪਰਾਵਾਂ ਪੂਜੀਆਂ ਜਾਂਦੀਆਂ ਨੇ। ਸ਼ਾਨੋ ਸ਼ੌਕਤ ਵੀ ਹੈ, ਪਰ ਈਜਲ ਲਈ ਕੋਈ ਥਾਂ ਨਹੀਂ। ਉਸਦੇ ਕੈਨਵਸ ਦਾ ਦਮ ਘੁੱਟਦਾ ਹੈ। ਖਿਆਲਾਂ ਦੀ ਸਾਂਝ ਤਿੜਕਦੀ ਹੈ ਅਤੇ ਮਨ ਦਾ ਵਿਹੜਾ ਵਿਸ਼ਾਲ ਹਵੇਲੀ ਵਿੱਚ ਸੁੰਗੜਨ ਲੱਗਦਾ ਹੈ। ਜਦੋਂ ਖੁੱਲੀ ਹਵਾ ਵਿੱਚ ਸਾਹ ਲੈਣ ਦੀ ਲੋਚਾ ਫੜਫੜਾਉਂਦੀ ਹੈ, ਤੇ ਮਨ ਅੰਦਰਲੇ ਰੰਗ ਗੂੜੇ ਹੋਣ ਲੱਗਦੇ ਨੇ, ਤਾਂ ਉਹ ਹਵੇਲੀ ਛੱਡ ਕੇ ਦੌੜ ਪੈਂਦੀ ਹੈ। ਆਪਣੇ ਅਧਿਆਪਕ ਕੋਲ ਸਲਾਹ ਲੈਣ ਜਾਂਦੀ ਹੈ, ਕਿ ਹੁਣ ਉਸ ਨੂ ਕੀ ਕਰਨਾ ਚਾਹੀਦਾ ਹੈ? ਪਰ ਅਫਸੋਸ ਕਿ ਅਸੀਂ ਭਾਸ਼ਨ ਤਾਂ ਬਹੁਤ ਕਰਦੇ ਹਾਂ, ਪਰ ਅੰਦਰੋਂ ਨਹੀਂ ਬਦਲਦੇ… ਉਹ ਉਸ ਨੂੰ ਕੋਈ ਨਵਾਂ ਰਸਤਾ ਵਿਖਾਉਣ ਦੀ ਬਜਾਏ ਉਸੇ ਹਵੇਲੀ ਵਾਪਿਸ ਜਾਣ ਲਈ ਆਖਦਾ ਹੈ। ਤੇ ਕਹਿੰਦਾ ਹੈ ਕਿ ਚੰਗੀਆਂ ਔਰਤਾਂ ਘਰੋਂ ਨਹੀਂ ਦੌੜਦੀਆਂ ਹੁੰਦੀਆਂ। ਭਾਵੁਕ ਹੋ ਕੇ ਲਏ ਫੈਸਲੇ, ਕਹਿਣੀ ਕਰਨੀ ਦਾ ਫਰਕ, ਅਤੇ ਥਯਾਰਥ ਦਾ ਟਕਰਾਅ, ਇਸ ਕਹਾਣੀ ਦਾ ਤਾਣਾ ਬਾਣਾ ਸਿਰਜਦੇ ਨੇ, ਜਿਸ ਨੂੰ ਖੂਬ ਵਿਚਾਰਿਆ ਗਿਆ ਤੇ ਸਲਾਹਿਆ ਗਿਆ।

ਤੀਸਰੀ ਕਹਾਣੀ ਜਤਿੰਦਰ ਰੰਧਾਵਾ ਵਲੋਂ ਪੜ੍ਹੀ ਗਈ, ਜਿਸ ਦਾ ਸਿਰਲੇਖ ਸੀ, ‘ਉਡਾਰੀ’ ਇਸ ਕਹਾਣੀ ਇੱਕ ਲੜਕੀ ਕੈਨੇਡੀਅਨ ਕਲਚਰ ਅਨੁਸਾਰ ਉਮਰ ਦੇ ਉਸ ਪੜ੍ਹਾ ਤੇ ਹੈ, ਜਿੱਥੇ ਉਸ ਨੇ ਮਾਂ ਨੂੰ ਛੱਡ ਕੇ ਉਡਾਰੀ ਮਾਰ ਜਾਣੀ ਹੁੰਦੀ ਹੈ। ਕੈਨੇਡਾ ਵਿੱਚ ਬਾਲਗ ਬੱਚਿਆਂ ਨੂੰ ਮਾਂ ਬਾਪ ਨਾਲ ਰਹਿਣਾ ਨਹੀਂ ਸਿਖਾਇਆ ਜਾਂਦਾ, ਬਲਕਿ ਆਪਣਾ ਜੀਵਨ ਆਪ ਸਿਰਜਣਾ ਸਿਖਾਇਆ ਜਾਂਦਾ ਹੈ। ਮਾਂ ਦਿਲ ਨੂੰ ਇਹ ਸੋਚ ਕੇ ਧਰਵਾਸ ਦੇ ਰਹੀ ਹੈ, ਕਿ ਪੰਛੀਆਂ ਦੇ ਬੱਚੇ ਵੀ ਤਾਂ ਖੰਭ ਨਿੱਕਲਣ ਤੇ ਉਡਾਰੀ ਮਾਰ ਹੀ ਜਾਂਦੇ ਨੇ, ਤੇ ਆਪਣੇ ਹਿੱਸੇ ਦੀ ਉਡਾਣ ਆਪ ਭਰਦੇ ਨੇ ਅਤੇ ਨਵੇਂ ਅੰਬਰ ਆਪ ਤਲਾਸ਼ਦੇ ਨੇ, ਫੇਰ ਮੈਂ ਕਿਉਂ ਉਦਾਸ ਹਾਂ। ਸ਼ਾਇਦ ਇਹ ਹੀ ਤਾਂ ਕੁਦਰਤ ਦਾ ਨਿਯਮ ਹੈ। ਇਸ ਨਿੱਕੀ ਜਿਹੀ ਕਹਾਣੀ ਵਿੱਚ ਭਰਪੂਰ ਜਾਨ ਸੀ ਤੇ ਇਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ।

ਚੌਥੀ ਕਹਾਣੀ ਬਲਰਾਜ ਚੀਮਾ ਜੀ ਨੇ ਪੜ੍ਹੀ, ਜੋ ਇੰਗਲਿਸ਼ ਦੀ ਕਹਾਣੀ ਸੀ ਤੇ ਨਾਂ ਸੀ ‘ਸਬਰਵੀਆ’ ਇਸ ਕਹਾਣੀ ਨੂੰ ਪੜ੍ਹਨ ਦਾ ਮਕਸਦ ਇਹ ਸੀ, ਕਿ ਮੁੱਖ ਧਾਰਾ ਦੀ ਕਹਾਣੀ ਨੂੰ ਲਿਖਣ ਦਾ ਢੰਗ, ਸ਼ੈਲੀ, ਗੋਂਦ ਤੇ ਵਿਸ਼ੇ ਨੂੰ ਵਿਚਾਰ ਕੇ ਉਸ ਦੀ ਮੌਜੂਦਾ ਪੰਜਾਬੀ ਕਹਾਣੀ ਨਾਲ ਤੁਲਨਾ ਕੀਤੀ ਜਾ ਸਕੇ। ਇਸ ਦੀ ਇਕੱਲੀ ਇਕੱਲੀ ਸਤਰ ਤੇ ਉਸ ਦੇ ਪ੍ਰਭਾਵ, ਸ਼ਬਦ ਚੋਣ ਤੇ ਵਿਸ਼ੇ ਦੀ ਖੂਬਸੂਰਤੀ ਨੂੰ ਵਿਚਾਰਿਆ ਗਿਆ। ਇਹ ਕਹਾਣੀ ਵੀ ਬਹੁਤ ਪ੍ਰਭਾਵਸ਼ਾਲੀ ਸੀ।

ਪੰਜਵੀਂ ਤੇ ਅੰਤਿਮ ਕਹਾਣੀ ਇਸ ਬੈਠਕ ਦੀ ਹੋਸਟ ਤੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਦੀ ਸੀ ਤੇ ਇਸ ਕਹਾਣੀ ਦਾ ਨਾਂ ਸੀ ‘ਐਂਜੋਲੀਨਾ’। ਇਸ ਕਹਾਣੀ ਦਾ ਧਰਾਤਲ ਅਮਰੀਕਾ ਕੈਨੇਡਾ ਦੀ ਸਰਹੱਦ ਹੈ। ਘਟਨਾਕ੍ਰਮ ਅੰਬੈਸਡਰ ਬਰਿੱਜ ਦੇ ਦੋਨੋ ਪਾਸੇ ਵਾਪਰਦਾ ਹੈ। ਡੌਟਰਾਇਟ ਤੇ ਵਿੰਡਸਰ ਸ਼ਹਿਰਾਂ ਵਿੱਚ ਵਸੇ ਪਾਤਰ ਅੰਤਰਾਸ਼ਟਰੀ ਕਮਿਊਨਟੀ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਵੀ ਨਵੀਨਤ ਮੁੱਲ ਸਿਰਜਦੀ ਹੈ। ਜਦੋਂ ਮੁੱਖ ਪਾਤਰ ਆਪਣੇ ਦੋਨੋ ਬੱਚੇ ਗੁਆ ਲੈਂਦੀ ਹੈ, ਤਾਂ ਤੀਸਰਾ ਬੱਚਾ ਪੈਦਾ ਕਰਨ ਤੋਂ ਅਸਮਰੱਥ ਹੋ ਜਾਂਦੀ ਹੈ। ਉਸਦੀ ਖਾਹਿਸ਼ ਉਸ ਨੂੰ ਬੇਚੈਨ ਕਰਦੀ ਹੈ। ਤਾਂ ਉਸ ਕੋਲ ਇੱਕੋ ਰਾਹ ਲੱਭਦਾ ਹੈ ਬੇਗਾਨੀ ਕੁੱਖ ਦਾ ਇਸਤੇਮਾਲ। ਉਹ ਕਿਰਾਏ ਦੀ ਕੁੱਖ ਵੀ ਖਰੀਦ ਸਕਦੀ ਸੀ, ਪਰ ਉਸਦਾ ਆਪਣਾ ਲਹੂ ਮੋਹ ਅਜਿਹਾ ਕਰਨ ਤੋਂ ਵਰਜਦਾ ਹੈ। ਜਦੋਂ ਉਹ ਅਜਿਹਾ ਸਵਾਲ ਆਪਣੀ ਮਾਂ ਅੱਗੇ ਰੱਖਦੀ ਹੈ ਤਾਂ ਮਾਂ ਆਪਣੀ ਉਧਾਰੀ ਕੁੱਖ ਦੇਣ ਲਈ ਤਿਆਰ ਹੋ ਜਾਂਦੀ ਹੈ। ਪਿਉ ਇਸਦੇ ਹੱਕ ਵਿੱਚ ਨਹੀਂ ਕਿ ਪੁੱਤਾਂ ਵਰਗੇ ਜਵਾਈ ਦਾ ਬੀਜ ਮਾਂ ਵਰਗੀ ਸੱਸ ਦੀ ਕੁੱਖ ਵਿੱਚ ਪਨਪੇਗਾ। ਪਰ ਅੰਤ ਤੇ ਅਜਿਹਾ ਹੋ ਜਾਂਦਾ ਹੈ। ਇਸ ਕਹਾਣੀ ਦੀ ਗਤੀ ਤੇਜ ਅਤੇ ਗੁੰਦਵੀ ਸੀ। ਵਿਸ਼ਾ ਨਵਾਂ ਤੇ ਸਮੇ ਦੇ ਹਾਣਦਾ ਸੀ, ਜਿਸ ਨੇ ਸਰੋਤਿਆਂ ਨੂੰ ਕੀਲੀਂ ਰੱਖਿਆ। ਇਸ ਕਹਾਣੀ ਨੂੰ ਵੀ ਭਰਪੂਰ ਦਾਦ ਮਿਲੀ ਤੇ ਖੁੱਲ ਕੇ ਵਿਚਾਰ ਚਰਚਾ ਹੋਈ।

ਮੀਟਿੰਗ ਦੇ ਅੰਤ ਤੇ ਪ੍ਰੋ:ਆਸ਼ਿਕ ਰਹੀਲ ਜੀ ਨੇ ਪਾਕਿਸਤਾਨੀ ਪੰਜਾਬੀ ਕਹਾਣੀ ਦੀ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਦੇ ਲਹਿੰਦੇ ਪੰਜਾਬ ਦੇ ਪਾਠਕਾਂ ਤੇ ਪੈਣ ਵਾਲੇ ਪ੍ਰਭਾਵ ਨੂੰ ਬਿਆਨਿਆ। ਉਹ ਸਤਾਰਾਂ ਕਿਤਾਬਾਂ ਗੁਰਮੁੱਖੀ ਤੋਂ ਸ਼ਾਹਮੁੱਖੀ ਵਿੱਚ ਅਨੁਵਾਦ ਕਰ ਚੁੱਕੇ ਨੇ। ਖੁਦ ਅੱਛੇ ਕਹਾਣੀਕਾਰ ਨੇ, ਜਿਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਨੇ। ਇਸ ਮੌਕੇ ਕਹਾਣੀ ਵਿਚਾਰ ਮੰਚ ਦੇ ਨਵੇਂ ਸੰਚਾਲਕਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਮੇਜਰ ਮਾਂਗਟ ਅਤੇ ਕੁਲਜੀਤ ਮਾਨ ਆਪਣੀ ਸੰਚਾਲਨਾ ਦਾ ਸਮਾਂ ਪੂਰਾ ਕਰ ਚੁੱਕੇ ਹੋਣ ਕਰਕੇ, ਹੁਣ ਅਗਲੇ ਦੋ ਸਾਲ ਲਈ, ਕਹਾਣੀ ਵਿਚਾਰ ਮੰਚ ਦੀ ਸੰਚਾਲਨਾ ਸ੍ਰੀ ਬਲਰਾਜ ਚੀਮਾ ਤੇ ਡਾ: ਜਤਿੰਦਰ ਰੰਧਾਵਾ ਕਰਨਗੇ। ਜਿੰਨਾਂ ਇਸ ਜਿੰਮੇਵਾਰੀ ਨੂੰ ਖਿੜੇ ਮੱਥੇ ਕਬੂਲਿਆ।

ਇਸ ਇਕੱਤਰਤਾ ਨੂੰ ਸਫਲ ਬਣਾਉਣ ਅਤੇ ਬਹੁਤ ਵਧੀਆ ਮਹਿਮਾਨ-ਨਿਵਾਜੀ ਕਰਨ ਲਈ ਸਮੂਹ ਮੈਂਬਰਾਂ ਵਲੋਂ ਗੁਲਾਟੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਹ ਮੀਟਿੰਗ ਵੀ ਇੱਕ ਸਫਲ ਅਤੇ ਸਾਰਥਿਕ ਮੀਟਿੰਗ ਹੋ ਨਿੱਬੜੀ। ਜਿਸ ਵਿੱਚ ਬਹੁਤ ਸਾਰੇ ਲੇਖਕਾਂ ਤੇ ਅਲੋਚਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸਰਵ ਸ੍ਰੀ ਸੁਰਜਣ ਜੀਰਵੀ, ਗੁਰਦਿਆਲ ਬੱਲ, ਅਜਾਇਬ ਟੱਲੇਵਾਲੀਆ, ਬਲਦੇਵ ਦੂਹੜੇ, ਦਿਓਲ ਪਰਮਜੀਤ, ਡਾ: ਗੀਤਾ ਸੈਣੀ, ਸੁੰਦਰਪਾਲ ਕੌਰ ਰਾਜਾਸਾਂਸੀ, ਮਿਨੀ ਗਰੇਵਾਲ, ਕੁਲਦੀਪ ਦੂਹੜੇ, ਰੇਨੂ ਭਾਟੀਆ ਅਤੇ ਮਨਮੋਹਨ ਸਿੰਘ ਦੇ ਨਾਂ ਵੀ ਵਰਨਿਣਯੋਗ ਹਨ। ਰਾਤ ਦੇ ਖਾਣੇ ਉਪਰੰਤ ਇਹ ਤ੍ਰੈ-ਮਾਸਿਕ ਮਿਲਣੀ ਖੂਬਸੂਰਤ ਯਾਦਾ ਛੱਡਦੀ ਹੋਈ ਸਮਾਪਤ ਹੋ ਗਈ।

Read 161 times