‘ਸਰੋਕਾਰ’ ਵਿੱਚ ਸਾਧੂ ਬਿਨਿੰਗ ਦੀ ਕਹਾਣੀ ‘ਇਹ ਮੇਰਾ ਨਾਂ’ ਪੜ੍ਹੀ। ਇਹ ਕਹਾਣੀ ਦੀ ਥਾਂ ਸਵੈਜੀਵਨੀ ਦਾ ਪਹਿਲਾ ਭਾਗ ਵੱਧ ਲੱਗੀ। ਕਹਾਣੀ ਵਿਚਲਾ ਸਾਧੂ ਸਿੰਘ ਅਤੇ ਗੁਰਮੁਖ ਸਿੰਘ ਇਸ ਵਿਚਾਰ ਦੀ ਸ਼ਾਹਦੀ ਭਰਦੇ ਹਨ। ਲੇਖਕ ਦਾ ਨਾਂ ਪੜ੍ਹਕੇ ਇਸ ਵਿੱਚੋਂ ਕਿਸੇ ਵਿਗਿਆਨਕ ਸੋਚ, ਜੀਵਨ ਵਿੱਚ ਸੇਧ ਦੇਣ ਵਾਲ਼ੇ ਕਿਸੇ ਵਿਚਾਰ ਅਤੇ ਕਿਸੇ ਹੋਰ ਤਰਕ ਪੂਰਨ ਮਹੱਤਵੀ ਮੁੱਦੇ ਦੀ ਚੀਰ ਫਾੜ ਦੀ ਆਸ ਲੈ ਕੇ ਇਸ ਨੂੰ ਪੜ੍ਹਨ ਲਈ ਸਮਾਂ ਕੱਢਿਆ। ਇਸੇ ਆਸ ਦੇ ਆਸਰੇ ਅਖੀਰ ਤੀਕਰ ਉਤਸੁਕਤਾ ਦਾ ਪੱਲਾ ਫੜੀ ਰੱਖਿਆ। ਆਸ ਅਜੇ ਵੀ ਬਾਕੀ ਹੈ। ਬਹੁਤੀ ਵੇਰ ਅਸੀਂ ਪਰਖੇ ਲੇਖਕ ਦੇ ਨਾਂ ਤੋਂ ਹੀ ਉਸਦੀ ਰਚਨਾ ਪੜ੍ਹਦੇ ਹਾਂ।
ਪੜ੍ਹਨ ਵੇਲ਼ੇ ਸੋਚਿਆ ਸੀ ਕਿ ਇਸ ਕਹਾਣੀ ਵਿੱਚ ਕੁਝ ਭੂਤਕਾਲ ਦੀਆਂ ਸੇਧ ਦੇਣ ਵਾਲ਼ੀਆਂ ਗੱਲਾਂ ਹੋਣਗੀਆਂ, ਉਸਦੀਆਂ ਲੜੀਆਂ ਅੱਜ ਨਾਲ਼ ਵੀ ਜੁੜਨਗੀਆਂ ਅਤੇ ਉਸ ਵਿੱਚੋਂ ਭਵਿੱਖ ਦਾ ਵੀ ਕੋਈ ਨਾ ਕੋਈ ਦੀਵਾ ਜਗੇਗਾ। ਜਾਪਦਾ ਹੈ ਕਿ ਇਸ ਸੋਚ ਨੂੰ ਸੱਚ ਸਿੱਧ ਕਰਨ ਲਈ ਇਹ ਰਚਨਾ ਦੀਵਾ ਲੈ ਕੇ ਦੋਬਾਰਾ ਪੜ੍ਹਨ ਦੀ ਲੋੜ ਹੈ। ਕਹਿੰਦੇ ਹਨ ਕਿ ਨਾਮੀ ਰਚਨਾਕਾਰ ਆਪਣੇ ਵਿਚਾਰ ਨੂੰ ਸਿੱਧਾ ਪੱਧਰਾ ਨਹੀਂ ਪਰੋਸਦੇ, ਸਗੋਂ ਉਹ ਪਾਠਕ ਨੂੰ ਏਧਰ ਓਧਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਪਾ ਕੇ ਅਛੋਪਲੇ ਹੀ ਸਿਹਤਮੰਦ ਵਿਚਾਰਾਂ ਦਾ ਟੀਕਾ ਲਾ ਦਿੰਦੇ ਹਨ। ਭੋਲ਼ਾ ਪਾਠਕ ਤਾਂ ਮਿੱਠੀਆਂ ਸੁਆਦਲੀਆਂ ਗੱਲਾਂ ਵਿੱਚ ਹੀ …।
ਕਹਾਣੀ ਵਿੱਚੋਂ ਸਮਿਆਂ ਦੇ ਸੰਘਰਸ਼ ਦੀ ਕਥਾ ਜਰੂਰ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਸਮਿਆਂ ਵਿੱਚ ਕਿਵੇਂ ਬੇਬੇ, ਬੀਬੀ ਤੇ ਘਰ ਦੇ ਹੋਰ ਸਾਰੇ ਜੀਅ ਮਿੱਟੀ ਨਾਲ਼ ਮਿੱਟੀ ਹੋਏ ਰਹਿੰਦੇ ਸਨ ਅਤੇ ਬੱਚੇ ਆਪਣੇ ਆਪ ਰੁਲਦੇ ਖੁਲਦੇ ਪਲ਼ਦੇ ਰਹਿੰਦੇ ਸਨ।
ਇਹ ਕਹਾਣੀ ਪੇਂਡੂ ਬੱਚਿਆਂ ਅਤੇ ਅਧਪੜ੍ਹ ਪਾਠਕਾਂ ਦਾ ਚੰਗਾ ਮਨੋਰੰਜਨ ਕਰ ਸਕਦੀ ਹੈ। ਸੁਥਰਾ ਮਨੋਰੰਜਨ ਕਰਨਾ ਵੀ ਸਾਹਿਤ ਦਾ ਇੱਕ ਚੰਗਾ ਗੁਣ ਮੰਨਿਆਂ ਗਿਆ ਹੈ।
ਕਹਾਣੀ ਵਿੱਚ ਬੇਲੋੜੇ ਵਿਸਥਾਰ ਦਾ ਅਨੁਭਵ ਹੋਇਆ। ਜਿਵੇਂ, “ਸੁਸਤੀ ਜਿਹੀ ਉਤਾਰਨ ਲਈ ਕਈ ਕਈ ਮਿੰਟ ਸ਼ੌਕ ਵਜੋਂ ਹੀ ਸਿਰ, ਢਿੱਡ ਜਾਂ ਚਿੱਤੜਾਂ ਨੂੰ ਖਨੂੰਹੀ ਜਾਣਾ।” ਵਿੱਚ ‘ਚਿੱਤੜਾਂ’ ਦਾ ਵਰਨਣ ਵਾਧੂ ਵੀ ਹੈ ਤੇ ਅਸੱਭਿਆ ਵੀ। ਜੇ ਕਹਾਣੀ ਦਾ ਇਸ ਬਗੈਰ ਵਜ਼ਨ ਡੋਲਦਾ ਸੀ ਤਾਂ ਇਸ ਦੀ ਥਾਂ ਲੱਤ ਜਾਂ ਬਾਂਹ ਵੀ ਲਿਖੀ ਜਾ ਸਕਦੀ ਸੀ। “ਮੈਂ ਅਜੇ ਰੋਟੀ ਖਤਮ ਹੀ ਕੀਤੀ ਸੀ ਕਿ ਮੇਰਾ ਤਾਇਆ ਲੈਫਟ ਰਾਈਟ ਕਰਦਾ ਘਰ ਨੂੰ ਮੁੜ ਆਇਆ।” ਜੇ ‘ਖਤਮ ਕੀਤੀ ਹੀ ਸੀ’ ਲਿਖਿਆ ਜਾਵੇ ਤਾਂ ਕਿਵੇਂ ਰਹੇ? ਅਸਲੀ ਕਿਰਿਆ ‘ਖਤਮ ਕੀਤੀ’ ਹੈ ‘ਹੀ’ ਇਨ੍ਹਾਂ ਦੋਹਾਂ ਨੂੰ ਹੀ ਹੋਰ ਅਰਥਸ਼ਾਲੀ ਬਣਾਉਂਦੀ ਹੈ। ‘ਲੈਫਟ ਰਾਈਟ ਕਰਦਾ’ ਵਾਧੂ ਹੈ ਤੇ ‘ਨੂੰ’ ਅਢੁਕਵਾਂ ਤੇ ਬੇਲੋੜਾ। ਗੱਲ ਕੀ ‘ਲੱਭ ਲੁੱਭ ਕੇ ਘਰ ਮੁੜ ਆਇਆ’ ਹੀ ਕਾਫੀ ਹੈ।
“ਮੈਂ ਅਜੇ ਰੋਟੀ ਖਤਮ ਹੀ ਕੀਤੀ ਸੀ ਕਿ ਮੇਰਾ ਤਾਇਆ ਲੈਫਟ ਰਾਈਟ ਕਰਦਾ ਘਰ ਨੂੰ ਮੁੜ ਆਇਆ। ਮੈਂਨੂੰ ਰੋਟੀ ਖਾਂਦੇ ਨੂੰ ਦੇਖ ਕੇ ਉਹਨੇ ਦੋ ਤਿੰਨ ਹਲਕੀਆਂ ਹਲਕੀਆਂ ਜਿਹੀਆਂ ਗਾਲ੍ਹਾਂ ਕੱਢੀਆਂ ਤੇ ਕੰਨੋ ਫੜ ਕੇ ਉਠਾਲ ਲਿਆ।” ਰੋਟੀ ਖਤਮ ਕਰ ਲੈਣ ਪਿੱਛੋਂ ਫਿਰ ਤਾਏ ਨੇ ਰੋਟੀ ਖਾਂਦੇ ਨੂੰ ਕਿਵੇਂ ਦੇਖ ਲਿਆ? ਇਹ ਸਵਾਲ ਜਵਾਬ ਮੰਗਦਾ ਹੈ। ਇਸ ਤਰ੍ਹਾਂ ਲਿਖਣ ਨਾਲ਼ ਸਮਾਂ ਭੰਗ ਹੁੰਦਾ ਹੈ। ਜੋ ਇੱਕ ਵੱਡਾ ਦੋਸ਼ ਹੈ।
“ਦੋ ਤਿੰਨ ਹਲਕੀਆਂ ਹਲਕੀਆਂ ਜਿਹੀਆਂ ਗਾਲ੍ਹਾਂ ਕੱਢੀਆਂ …” ਵਿੱਚ ‘ਹਲਕੀਆਂ ਹਲਕੀਆਂ’ ਜਾਂ ‘ਹਲਕੀਆਂ ਜਿਹੀਆਂ’ ਦੋਹਾਂ ਵਿੱਚੋਂ ਇੱਕ ਲਿਖਣ ਨਾਲ਼ ਹੀ ਵਿਚਾਰ ਦਾ ਠੀਕ ਸੰਚਾਰ ਹੋ ਜਾਂਦਾ ਹੈ। ਆਦਰਸ਼ਕ ਕਹਾਣੀ ਉਹ ਕਿ ਜਿਸ ਵਿੱਚ ਇੱਕ ਵੀ ਅੱਖਰ ਦੀ ਭਰਤੀ ਨਾ ਹੋ ਸਕੇ ਅਤੇ ਨਾ ਹੀ ਇੱਕ ਵੀ ਅੱਖਰ ਕੱਢਿਆ ਜਾ ਸਕੇ।