ਪਹਿਲਾਂ ‘ਸੁਖਨ ਸੁਰਜੀਤ ਪਾਤਰ ਦੇ’ ਹੀ ਪੜ੍ਹਦਾ ਹਾਂ। ਇਸ ਅੰਕ ਵਿੱਚ ਉਹਨੇ ਕੀਟਸ ਦੀ ਬੇਵਕਤ ਮੌਤ ਬਾਰੇ ਇੱਕ ਪੰਨੇਂ ਵਿੱਚ ਹੀ ਬਹੁਤ ਕੁੱਝ ਕਹਿ ਦਿੱਤਾ ਹੈ। ਬਾਇਰਨ ਤੇ ਆਪਣੇ ਬਾਰੇ ਵੀ ਦੱਸ ਦਿੱਤਾ ਕਿ ਉਹ ਮਾੜੇ ਮਾਹੌਲ ਵਿੱਚ ਵੀ ਜਿਉਂਦੇ ਰਹੇ ਪਰ ਕੀਟਸ ਵਰਗਾ ਬਹੁਤ ਵੱਡਾ ਕਵੀ ਇੱਕ ਲੇਖ ਨੇ ਮਾਰ ਦਿੱਤਾ (ਉਂਝ ਜਿਸ ਰਸਾਲੇ ਦਾ ਪਾਤਰ ਨੇ ਜ਼ਿਕਰ ਕੀਤਾ ਹੈ ਉਹ ਸ਼ੁਰੂ ਤੋਂ ਕੀਟਸ ਦੇ ਖਿਲਾਫ ਲਿਖਦਾ ਰਿਹਾ ਸੀ)। ਇਹੋ ਪੜ੍ਹ ਕੇ ਜੋ ਮਨ ਵਿੱਚ ਆਇਆ ਉਹੋ (ਤੱਤੇ ਘਾਅ) ਸੰਖੇਪ ਵਿੱਚ ਲਿਖ ਰਿਹਾ ਹਾਂ।
ਮੈਨੂੰ ਯਾਦ ਹੈ ਜਦੋਂ 45 ਸਾਲ, ਪਹਿਲਾਂ ‘ਮੜ੍ਹੀ ਦਾ ਦੀਵਾ’ ਛਪਿਆ ਸੀ, ਅਤਰ ਸਿੰਘ ਨੇ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਵਿੱਚ ਆਰਟੀਕਲ ਲਿਖਿਆ (ਨਾਵਲ ਦੇ ਛਪਣ ਤੋਂ ਮਹੀਨੇ ਡੇਢ ਅੰਦਰ)। ਸਿਰਲੇਖ ਸੀ ‘ਏ ਰੀਮਾਰਕੇਬਲ ਨਾਵਲ।’ ਉਹਦੇ ਲੇਖ ਨੇ ਜੋ ਚਰਚਾ ਛੇੜੀ ਉਹ ਅੱਜ ਤਕ ਵੀ ਜਾਰੀ ਹੈ। ਅਤਰ ਸਿੰਘ ਝੱਲਿਆਂ ਵਾਂਗ ਨਾਵਲ ਦੀਆਂ ਕਈ ਕਾਪੀਆਂ ਖਰੀਦ ਕੇ, ਵੱਡੇ ਲੇਖਕਾਂ, ਆਲੋਚਕਾਂ ਨੂੰ ਪੜ੍ਹਾਉਂਦਾ ਫਿਰਿਆ। ਪ੍ਰੋ.ਗੁਰਬਚਨ ਸਿੰਘ ਤਾਲਿਬ ਉਦੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਸਨ। ਉਹਨਾਂ ਨੂੰ ਆਪ ਜਾ ਕੇ ਪੜ੍ਹ ਕੇ ਸੁਣਾਇਆ। (ਪਟਿਆਲੇ ਦੇ ‘ਭੂਤ ਵਾੜੇ’ ਵਾਲਿਆਂ ਨੇ ‘ਜਗਰਾਤਾ’ ਰਖ ਕੇ ਪੜ੍ਹਿਆ, ਸੁਣਿਆਂ।) ਪਰ ਤਿੰਨ (ਦੋ ਵੱਡੇ) ਲੇਖਕ ਅਜਿਹੇ ਸਨ ਜਿਨ੍ਹਾਂ ਨੇ ਉਸਨੂੰ ਏਥੋਂ ਤਕ ਵੀ ਕਿਹਾ ਕਿ, ‘ਪਿੰਡਾਂ ਵਿੱਚ ਜਾਂ ਕਣਕ ਹੁੰਦੀ ਹੈ ਜਾਂ ਜੱਟ। ਇਸ ਵਿੱਚ ਦੋਵੇਂ ਨਹੀਂ, ਫੇਰ ਤੂੰ ਇਹ ਕਿਧਰਲਾ ‘ਰੀਮਾਰਕੇਬਲ’ ਨਾਵਲ ਬਣਾ ਧਰਿਆ?’ ਉਹ ਬਹੁਤ ਦੁਖੀ ਹੋਇਆ। ਮੈਨੂੰ ਵੀ ਉਹਨੇ ਆਪਣਾ ਦੁੱਖ ਦੱਸਿਆ। ਸੁਣ ਕੇ ਮਨ ਤਾਂ ਦੁੱਖੀ ਹੋਇਆ ਪਰ ਮੈਂ ਮਰਨ ਬਾਰੇ ਤਾਂ 45 ਸਾਲ ਬਾਦ ਵੀ ਕਦੇ ਨਹੀਂ ਸੋਚਿਆ।
ਇਕ ਹੋਰ ਘਟਨਾ ਵਾਪਰੀ। ਡਾ.ਹਰਿਭਜਨ ਸਿੰਘ ਵਰਗੇ ਵੱਡੇ ਚਿੰਤਿਕ, ਕਵੀ, ਵਿਦਵਾਨ ਨੂੰ ਮੈਂ ਤਿੰਨ ਸੈਮੀਨਰਾਂ ਵਿੱਚ ਇਹ ਟਿੱਪਣੀ ਕਰਦਿਆਂ ਸੁਣਿਆਂ ਕਿ ਇਸ ਨਾਵਲ ਵਿੱਚ ਮਲਵਈ ਦੀ ਬੇਲੋੜੀ ਵਰਤੋਂ ਕਰਕੇ ਕੇਂਦਰੀ ਭਾਸ਼ਾ ਵਿਗਾੜੀ ਗਈ ਹੈ। ਉਹਨਾਂ ਦੇ ਸ਼ਬਦ ਹੁੰਦੇ ਸਨ, ‘ਮੈਂ ਇਹ ਨਹੀਂ ਕਹਿੰਦਾ ਕਿ ਇਹ ਪਾਤਰਾਂ ਦੀ ਵਾਰਤਾਲਾਪ ਵਿੱਚ ਮਲਵਈ ਨਾ ਵਰਤੇ। ਪਰ ਇਹ ਡਿਸਕ੍ਰਿਪਸ਼ਨ ਵਿੱਚ ਮਲਵਈ ਕਿਉਂ ਵਰਤਦਾ ਹੈ?’ ਮੈਂ ਤਿੰਨੇਂ ਵਾਰ ਇਸ ਗੱਲੋਂ ਹੈਰਾਨ ਸਾਂ ਕਿ ਉਹਨਾਂ ਨੇ ਨਾਵਲ ਦੇ ਵਿਸ਼ੈ-ਵਸਤੂ, ਪਾਤਰਾਂ ਜਾਂ ਘਟਨਾਵਾਂ ਬਾਰੇ ਕਦੇ ਇੱਕ ਵੀ ਸ਼ਬਦ ਨਾ ਬੋਲਿਆ ਨਾ ਲਿਖਿਆ। ਤੀਜੇ ਸੈਮੀਨਰ ਸਮੇਂ ਜਦੋਂ ਚਾਹ ਪੀਣ ਲਈ ਗਏ ਤਾਂ ਮੈਂ ਨਿਮਰਤਾ ਨਾਲ਼ ਉਹਨਾਂ ਨੂੰ ਪੁੱਛਿਆ, ‘ਡਾ.ਸਾਹਬ ਮੇਰਾ ਥੋਡਾ ਕੋਈ ਮੁਕਾਬਲਾ ਨਹੀਂ। ਤੁਸੀਂ ਵੱਡੇ ਵਿਦਵਾਨ ਹੋ। ਪ੍ਰਸਿਧ ਕਵੀ ਹੋ। ਕੁਸ਼ਲ ਅਧਿਆਪਕ ਹੋ। ਪਰ ਮੈਂ ਨਿਮਰਤਾ ਨਾਲ਼ ਇਹ ਪੁੱਛਣਾ ਚਾਹੁੰਦਾ ਹਾਂ ਕਿ ਮਲਵਈ ਦੇ ਨਾਵਲ ਵਿੱਚ ਵਰਤੇ ਪੰਜ ਸ਼ਬਦ ਦੱਸ ਸਕਦੇ ਓਂ ਜਿਨ੍ਹਾਂ ਕਾਰਨ ਕੇਂਦਰੀ ਭਾਸ਼ਾ ਵਿੱਚ ਵਿਗਾੜ ਪੈਦਾ ਹੋ ਗਿਆ ਹੋਵੇ?’
“ਕਈ ਨੇ। ਬਹੁਤ ਨੇ।” ਉਹਨਾਂ ਦਾ ਉੱਤਰ ਸੀ।
“ਮੈਂ ਕਈ ਨਹੀਂ ਸਿਰਫ ਪੰਜ ਸ਼ਬਦ ਪੁੱਛ ਰਿਹਾ ਹਾਂ।”
“ਮਿਸਾਲ ਵਜੋਂ ਸ਼ਬਦ ਕੁੱਜਾ ਕਿਉਂ ਵਰਤਦਾ ਏਂ?”
“ਕੀ ਇਹਦੀ ਥਾਂ ਕੇਂਦਰੀ ਭਾਸ਼ਾ ਵਿੱਚ ਕੋਈ ਸ਼ਬਦ ਦੱਸ ਸਕਦੇ ਓ?”
“ਹਾਂ। ਜਿਵੇਂ ਹਾਂਡੀ।”
“ਹਾਂਡੀ ਕੁੱਜਾ ਨਹੀਂ ਹੁੰਦੀ।”
ਉਹਨਾਂ ਸ਼ਾਇਦ ਦੋ ਸ਼ਬਦ ਹੋਰ ਦੱਸੇ ਜਿਨ੍ਹਾਂ ਦਾ ਕੁੱਜੇ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਸੀ। ਮੈਂ ਪਹਿਲਾਂ ਵਾਂਗ ਈ ਨਿਮਰਤਾ ਨਾਲ਼ ਕਿਹਾ, “ਡਾ.ਸਾਹਬ ਮੇਰੀ ਗੁਸਤਾਖ਼ੀ ਮਾਫ ਕਰ ਦੇਣਾ, ਪਰ ਇਹ ਸ਼ਬਦ ਅਰਬੀ ਭਾਸ਼ਾ ਦੇ ‘ਕੂਜ਼ੇ’ ਸ਼ਬਦ ਤੋਂ ਬਣਿਐਂ। ਹਲਵਾਈ ਮਿਸ਼ਰੀ ਦੇ ਕੂਜ਼ੇ ਵੀ ਬਣਾਉਂਦੇ ਐ। ਮਾਲਵੇ ਵਿੱਚ ਦੀਵਾਲੀ ਦੇ ਨੇੜੇ ਔਰਤਾਂ ‘ਕਰੂਏ ਦਾ ਵਰਤ’ ਰਖਦੀਐ। ਸਾਰਾ ਦਿਨ ਪਾਣੀ ਵੀ ਨਹੀਂ ਪੀਂਦੀਆਂ। ਸ਼ਾਮ ਨੂੰ ਗੜਵੀ ਨਾਲ਼ੋਂ ਵੀ ਛੋਟੇ, ਗੜਵੀ ਜਿਹੇ, ਘੁੰਮਿਆਰਾਂ ਦੇ ਬਣਾਏ ਕੋਰੇ ਕੁੱਜੇ ਦੇ ਗਲ਼ ਦੁਆਲੇ ਖੰਮਣੀਂ ਬੰਨ੍ਹ ਕੇ ਉਹਦੇ ਛੋਟੇ ਚੱਪਣ ਉਤੇ ਬ੍ਰਾਹਮਣੀ ਦੇ ਦੱਸੇ ਅਨੁਸਾਰ, ਚੌਲ, ਸੰਧੂਰ ਆਦਿ ਰੱਖ ਕੇ, ਪਤੀਵਰਤਾ ਇਸਤਰੀ ਦੀ ਕਹਾਣੀ ਸੁਣਦੀਐਂ। ਉਸ ਮਗਰੋਂ ਉਸਨੂੰ ਘਰ ਦੇ ਕਿਸੇ ਆਲ਼ੇ ਵਿੱਚ ਸੰਭਾਲ਼ ਲੈਂਦੀਐਂ। ਸੂਈ, ਧਾਗੇ ਜਾਂ ਬਟਣ ਆਦਿ ਰੱਖਣ ਲਈ ਉਸ ਕੁੱਜੇ ਨੂੰ ਵਰਤਦੀਐਂ। ਮੈਂ ਜਿਸ ਮਾਹੌਲ ਵਿੱਚ ਜੰਮਿਆਂ ਪਲ਼ਿਆ ਉਸੇ ਅਨੁਭਵ ਦੇ ਆਧਾਰ `ਤੇ ਉਹ ਸ਼ਬਦ ਵਰਤਦੈਂ ਜਿੰਨ੍ਹਾਂ ਲਈ ਕੇਂਦਰੀ ਪੰਜਾਬੀ ਵਿੱਚ ਸ਼ਬਦ ਨਹੀਂ ਮਿਲਦੇ ਜਾਂ ਮੈਨੂੰ ਲਿਖਦਿਆਂ ਸੁਝਦੇ ਨਹੀਂ। ਕੀ ਇਸ ਨਾਲ਼ ਭਾਸ਼ਾ ਵਿਗੜਦੀ ਹੈ ਜਾਂ ਸਮ੍ਰਿਧ ਹੁੰਦੀ ਐ? ਮਿਸਾਲ ਵਜੋਂ ‘ਹੈ’ ਦੀ ਥਾਂ ਮੈਂ ਜਾਣ-ਬੁਝ ਕੇ ‘ਐ’ ਵਰਤਦੈਂ ਕਿਉਂਕਿ ਹੈ ਉਰਦੂ ਭਾਸ਼ਾ ਦਾ ਸ਼ਬਦ ਐ। ਪੰਜਾਬ ਵਿੱਚ ਕਿਧਰੇ ਨਹੀਂ ਬੋਲਿਆ ਜਾਂਦਾ। ਮਾਝੇ ਵਿੱਚ ਵੀ ‘ਏ’ ਵਰਤਿਆ ਜਾਂਦੈ। ਫਿਰ ਇਹਨੂੰ ਤੁਸੀਂ ਗ਼ਲਤ ਕਹੋਗੇ?”
ਸਾਡੀ ਇਸ ਮੁਲਾਕਾਤ ਮਗਰੋਂ ਉਹਨਾਂ ਨੂੰ ਘੱਟੋ-ਘੱਟ ਮੈਂ ਕਦੇ ਮਲਵਈ ਦੇ ਸ਼ਬਦਾਂ ਬਾਰੇ ਕੁੱਝ ਕਹਿੰਦਿਆਂ ਨਹੀਂ ਸੀ ਸੁਣਿਆਂ। (ਉਹ ਤਾਂ ਕਈ ਵਰ੍ਹੇ ਪਹਿਲਾਂ ਤੁਰ ਗਏ, ਇਸ ਲਈ ਮੇਰੀ ਇਸ ਮੁਲਾਕਾਤ `ਤੇ ਕੋਈ ਵੀ ਇਤਰਾਜ ਕਰ ਸਕਦਾ ਹੈ, ਪਰ ਇਸ ਨਾਲ਼ ਕੋਈ ਕੋਫ਼ਤ ਮਹਿਸੂਸ ਨਹੀਂ ਹੁੰਦੀ।)
ਇਸੇ ਨਾਵਲ ਨੂੰ 1965 ਵਿੱਚ ਸਾਡੇ ਪਹਿਲੇ ਮਹਾਨ ਨਾਵਲਕਾਰ ਸ.ਨਾਨਕ ਸਿੰਘ ਦੇ ਨਾਵਲ (ਸ਼ਾਇਦ ‘ਇਕ ਮਿਆਨ ਦੋ ਤਲਵਾਰਾਂ’ ਸੀ) ਨਾਲ਼ ਭਾਸ਼ਾ ਵਿਭਾਗ ਨੇ ਸਾਂਝਾ ਇਨਾਮ ਦਿੱਤਾ। ਅਗਲੇ ਸਾਲ ਹੀ ‘ਅਣਹੋਏ’ ਨਾਵਲ ਨੂੰ ਤੇ 1967 ਵਿੱਚ ਇੱਕ ਕਹਾਣੀ-ਸੰਗ੍ਰਹਿ ਨੂੰ ਵੀ ਮਿਲ ਗਿਆ। ਭਾਸ਼ਾ ਵਿਭਾਗ ਦੀ ਸਲਾਹਕਾਰ ਕਮੇਟੀ ਵਿੱਚ ਕੁੱਝ ਲੇਖਕਾਂ ਨੇ ਇਹਨੂੰ ਬਦਦਿਆਨਤੀ ਦੱਸ ਕੇ ਮਤਾ ਪਾਸ ਕਰਵਾਇਆ ਕਿ ਅੱਗੋਂ, ਦੋ ਵਾਰੀ ਤੋਂ ਵਧੇਰੇ, ਕਿਸੇ ਲੇਖਕ ਦੀ ਕਿਤਾਬ ਨੂੰ ਤੀਜੀ ਵਾਰ ਪੁਰਸਕਾਰ ਨਹੀਂ ਦਿੱਤਾ ਜਾਏਗਾ। (ਪਰ ਪੁਰਸਕਾਰ ਤਾਂ ਫੇਰ ਵੀ ਮਿਲਦੇ ਰਹੇ, ਅਜਿਹੇ ਸੱਜਣ-ਮਿੱਤਰ ਅੱਜ ਤਕ ਵੀ ਊਝਾਂ ਲਾਉਂਦੇ ਆ ਰਹੇ ਐ। ਬੈਠਾ ਵੀ ਅਜਿਹੀ ਥਾਂ ਹਾਂ ਜਿਥੇ ‘ਕੰਨੀਂ ਬੁੱਜੇ’ ਦੇਣ ਦੀ ਵੀ ਲੋੜ ਨਹੀਂ ਪਰ ਖ਼ਬਰਾਂ ਤਾਂ ਹਵਾ ਵੀ ਲੈ ਆਉਂਦੀ ਐ। ਇੱਕ ਗੱਲ ਮੇਰੇ ਜ਼ਹੀਨ ਦਾਮਾਦ (ਜੋ ਪੀ.ਸੀ.ਐਸ.ਅਧਿਕਾਰੀ ਸੀ) ਨੇ ਭਰ ਜਵਾਨੀ ਵਿੱਚ ਉਦੋਂ ਕਹੀ ਸੀ ਜਦੋਂ ਉਹਨੂੰ ਤੇ ਮੈਨੂੰ ਵੀ ਪਤਾ ਸੀ ਕਿ ‘ਤਿਲ਼ ਥੋਰੜੇ’ ਰਹਿ ਗਏ ਸੀ। ਉਹਨੇ ਕਿਹਾ ਸੀ, ‘ਫਿਕਰ ਨਾ ਕਰਿਆ ਕਰੋ, ਜਿਉਣਾ ਕਿਹੜਾ ਸੌਖੈ।’
ਨਾਵਲ ‘ਪਰਸਾ’ ਦੀ ਵੀ ਬਹੁਤ ਚਰਚਾ ਹੋਈ। ਜਿਸ ਸੱਜਣ ਨੇ ਉਹਦੇ ਛੱਪਣ `ਤੇ ਉਸਨੂੰ ਚੰਗਾ ਨਾਵਲ ਸਿੱਧ ਕਰਨ ਲਈ ਪਹਿਲਾ ਆਰਟੀਕਲ ਲਿਖਿਆ ਉਹਨੇ ਦੋ ਕੁ ਸਾਲ ਪਹਿਲਾਂ, ਮੇਰੇ ਖਿਲਾਫ਼ ਰੱਜ ਕੇ ਭੜਾਸ ਕੱਢੀ। ਇੱਕ ਹੋਰ ਪ੍ਰਸਿਧ ਵਿਦਵਾਨ, ‘ਗੁਰਦਿਆਲ ਸਿੰਘ ਨੂੰ ਵਰਤਮਾਨ ਸਮੇਂ ਦਾ ਸਮਰੱਥ ਨਾਵਲਕਾਰ’ ਤਕ ਲਿਖਦਾ\ਕਹਿੰਦਾ ਰਿਹਾ ਪਰ ਹੁਣ ਉਹਨੇ ਕੁੱਝ ਸਮੇਂ ਤੋਂ ਵਿਚਾਰ ਬਦਲ ਲਏ ਤੇ ‘ਪੁਰਾਣੇ ਸਮੇਂ ਦੀਆਂ ਘਟਨਾਵਾਂ ਦੁਹਰਾਈ ਜਾਣ ਵਾਲ਼ਾ’ ਲੇਖਕ ਵੀ ਕਹਿ ਦਿੱਤਾ। ਇੱਕ ਇਹ ਘਟਨਾ ਵੀ ਵਾਪਰੀ ਕਿ ਜਿਸ ਆਲੋਚਕ ਨਾਲ ਮੈਂ 23 ਸਾਲ ਕਾਲਜ ਤੇ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡੇ ਪੜ੍ਹਾਉਂਦਾ ਰਿਹਾ ਉਹਨੂੰ ਕਦੇ ਵੀ ਆਪਣੇ ਬਾਰੇ ਕੁੱਝ ਲਿਖਣ ਲਈ ਨਹੀਂ ਸੀ ਕਿਹਾ। ਉਹਨੇ (ਟੀ.ਆਰ.ਵਿਨੋਦ) ਕਈ ਕਿਤਾਬਾਂ ਹੀ ਨਹੀਂ ਲਿਖੀਆਂ ਉਹ ਇਹ ਵੀ ਕਹਿੰਦਾ ਰਿਹਾ ਕਿ ਮੈਂ ਇਹਦੇ (ਮੇਰੇ) ਨਾਵਲਾਂ ਤੋਂ ਨਾਵਲ-ਆਲੋਚਨਾ ਸਿੱਖੀ ਹੈ।’ ਪਰ ਉਹਨੂੰ ਅੱਜ ਤਕ ਇਹ ਕਹਿਕੇ ਭੰਡਿਆ ਜਾਂਦਾ ਰਿਹਾ ਹੈ ਕਿ ਉਹਦੀ ਮੇਰੇ ਨਾਲ਼ ਉਲਾਰ ਸਾਂਝ ਹੈ। ਉਹਨੂੰ ‘ਗੁਰਦਿਆਲ ਸਿੰਘ ਦਾ ਆਲੋਚਕ’ ਨਹੀਂ ‘ਪ੍ਰਸੰਸਕ’ ਵੀ ਕਿਹਾ ਜਾਂਦਾ ਹੈ।
ਏਥੇ ਹੀ ਬੱਸ ਨਹੀਂ। ਜਿੰਨ੍ਹਾਂ ਆਪਣਿਆਂ ਲਈ ਪੂਰੀ ਜ਼ਿੰਦਗੀ ਦੀ, ਪੈਸਾ-ਪੈਸਾ ਜੋੜ ਕੇ ਕੀਤੀ ਉਮਰ ਭਰ ਦੀ ਕਮਾਈ ਵੀ ਲਾ ਦਿਤੀ ਉਹੀ ਅੰਨ੍ਹੀ ਲਾਲਸਾ ਪਿੱਛੇ ਹਮੇਸ਼ਾ ਲਈ ਸਾਥ ਛੱਡ ਗਏ। ਜਦੋਂ ਪੰਦਰਾਂ ਸਾਲ ਪਹਿਲਾਂ ਨਾਮੁਰਾਦ ਬੀਮਾਰੀ (ਤਪਦਿਕ) ਨਾਲ਼ ‘ਤੁਰਨ’ ਲਈ ਤਿਆਰ ਸਾਂ ਉਦੋਂ ਵੀ ਇਹਨਾਂ ‘ਆਪਣਿਆਂ’ ਨੇ ਖ਼ਬਰ ਨਹੀਂ ਸੀ ਲਈ (ਅੱਜ ਤੱਕ ਵੀ ਸਭ ਦੁਸ਼ਮਣਾਂ ਵਰਗਾ ਵਰਤਾਵਾ ਕਰਦੇ ਆ ਰਹੇ ਹਨ। ਪਰ ਜੇ ਮਰਿਆ ਨਹੀਂ (ਦੁਖੀ ਬਹੁਤ ਹੋਇਆ) ਤਾਂ ਮਹਾਨ ਚਿੰਤਿਕ ਕਾਰਲ ਮਾਰਕਸ ਦੇ ਸ਼ਬਦਾਂ ਕਾਰਨ। ਉਹਨੇ ਕਿਹਾ ਸੀ:
‘ਸਰਮਾਏਦਾਰੀ ਸਭ ਮਾਨਵੀ ਰਿਸ਼ਤਿਆਂ ਨੂੰ ਲੀਰੋ-ਲੀਰ ਕਰ ਦਿੰਦੀ ਏ।’
ਕਦੇ ਪ੍ਰੋ.ਪ੍ਰੀਤਮ ਸਿੰਘ ਨੇ ਵੀ ਸਾਧਾਰਨ ਲਗਦੀ ਗੱਲ ਕਹਿਕੇ ਮਾਨਸਿਕ ਕਸ਼ਟਾਂ ਤੋਂ ਬਚਾਇਆ ਸੀ। ਉਹ ਅਕਸਰ ਫੋਨ `ਤੇ ਜਾਂ ਚਿੱਠੀ ਲਿਖ ਕੇ ਕਹਿੰਦੇ ਹੁੰਦੇ, ‘ਭਾਈ ਗੁਰਦਿਆਲ ਸਿਆਂ ਕਦੇ ਕਿਸੇ ਨੇ ਬੁਝੇ ਦੀਵੇ `ਤੇ ਫੂਕ ਮਾਰੀ ਐ? ਸਭ ਜਗਦੇ ਦੀਵੇ ਨੂੰ ਹੀ ਫੂਕ ਮਾਰ ਕੇ ਬੁਝਾਉਣਾ ਚਾਹੁੰਦੇ ਐ। ਜਿਸ ਦੀਵੇ ਵਿੱਚ ਚੋਖਾ, ਚੰਗਾ ਤੇਲ ਤੇ ਚੰਗੀ ਨਰੋਈ ਬੱਤੀ ਹੋਵੇ ਉਹ ਕੁੱਝ ਦੂਰ ਖੜੋਤੇ (ਪਿੱਠ ਪਿੱਛੇ) ਫੂਕਾਂ ਮਾਰਨ ਵਾਲ਼ਿਆਂ ਤੋਂ ਨਹੀਂ ਬੁਝਦਾ। ਇਹ ਮੇਰੀ ਗੱਲ ਪੱਲੇ ਬੰਨ੍ਹ ਲੈ ਕਿ ਤੂੰ ਛੇਤੀ ਕੀਤਿਆਂ ਬੁਝਣ ਵਾਲ਼ਾ ਦੀਵਾ ਨਹੀਂ - ‘ਮੜ੍ਹੀ ਦਾ ਦੀਵਾ’ ਵੀ ਜੇ ਸਾਰੀ ਰਾਤ ਜਗ ਸਕਦੈ - ਕਿਉਂਕਿ ਉਹ ਭਾਨੀ ਨੇ ਜਗਾਇਆ ਸੀ, ਜਿਸ ਆਪਣਾ ਸਭ ਕੁੱਝ ਵਾਰ ਕੇ ਉਸ ਵਿੱਚ ਸ਼ੁੱਧ ਤੇਲ ਤੇ ਨਰੋਈ ਬੱਤੀ ਪਾਈ ਸੀ, ਫੇਰ ਤੂੰ ਚਿੰਤਾ ਕਿਉਂ ਕਰਦੈਂ?’
ਉਮਰ ਭਰ (77 ਦੇ ਨੇੜੇ) ਅਣਥੱਕ ਕੰਮ ਨੇ ਹੁਣ ਦਿਹ ਨੂੰ ਢਾਅ ਲਿਐ। ਪਰ ਕੰਮ ਅਜੇ ਵੀ ਕਰੀ ਜਾਨੈਂ। ਜੇ ਅੱਧੀ ਸਦੀ ਤੋਂ ਵਧੇਰੇ, ਫੂਕਾਂ ਮਾਰਨ ਵਾਲ਼ਿਆਂ ਤੋਂ ਨਹੀਂ ਬੁਝਿਆ ਤਾਂ ਤੇਲ ਤਾਂ ਕਦੇ ਨਾ ਕਦੇ ਮੁੱਕਣਾ ਈ ਐ। ਬੱਤੀ ਵੀ ਕਿੰਨਾਂ ਕੁ ਚਿਰ ਜਗਦੀ ਰਹੇਗੀ? ਕੁਦਰਤ ਦੇ ਨੇਮ ਤਾਂ ਅੱਟਲ ਹਨ ਜਿਨ੍ਹਾਂ ਨੂੰ ਬੰਦਾ ‘ਰਬ’ ਬਣ ਕੇ ਵੀ ਬਦਲ ਨਹੀਂ ਸਕਦਾ (ਹਾਂ ਉਹਨਾਂ `ਚ ਅਦਲੀ-ਬਦਲੀ ਜ਼ਰੂਰ ਕਰ ਸਕਦੈ; ਕਈ ਹਜ਼ਾਰ ਸਾਲ ਤੋਂ ਕਰਦਾ ਵੀ ਆ ਰਹਿਐ)।
ਪਾਤਰ ਜਿਹੇ ਤੇ ਹੋਰ ਚੰਗੇ ਲੇਖਕਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਸਿਰਫ ਇੱਕ ਸੌ ਦਸ-ਬਾਰਾਂ ਸ਼ਲੋਕਾਂ ਦੀ ਰਚਨਾ ਕਰਕੇ (ਜੋ ਪੰਜ-ਸੱਤ ਕਿਤਾਬੀ ਸਫਿਆਂ `ਤੇ ਛਪ ਸਕਦੇ ਹਨ) ਬਾਬਾ ਫਰੀਦ ਸ਼ਕਰਗੰਜ ਦੀ ਰਚਨਾ ਦਾ ਦੀਵਾ ਸੱਤ ਸਦੀਆਂ ਤਕ ਕੋਈ ਨਹੀਂ ਬੁਝਾ ਸਕਿਆ ਤਾਂ `ਚੰਗੇ ਤੇਲ’ ਤੇ ‘ਨਰੋਈ ਬੱਤੀ’ ਵਾਲ਼ੇ ਦੀਵੇ ਵੀ ਕਿਸੇ ਨੇ ਨਹੀਂ ਬੁਝਾ ਸਕਣੇ (ਪਰ ਜੇ ਤੇਲ ਹੀ ‘ਮਾੜਾ’ ਹੈ ਤੇ ਬੱਤੀ ਐਵੇਂ ਨਾਂ ਦੀ ਹੈ ਤਾਂ ਉਹਨੇ ਤਾਂ ਬਿਨਾਂ ਫੂਕ ਮਾਰਿਆਂ ਵੀ ਬੁਝ ਜਾਣੈ)।
ਪਰ ਅੰਤਲਾ ਸੱਚ, ਸੋਜ਼ ਭਰੀ, ਬੇਗਮ ਅਖ਼ਤਰ ਦੀ ਅਵਾਜ਼ ਵਿੱਚ ਅੱਜ ਵੀ ਗੂੰਜਦਾ ਹੈ:
ਅਪਨੋ ਨੇ ਨਜ਼ਰ ਫੇਰੀ ਦਿਲ ਨੇ ਤੋ ਦਿਯਾ ਸਾਥ
ਦੁਨੀਆਂ ਮੇਂ ਕੋਈ ਦੋਸਤ ਮੇਰੇ ਕਾਮ ਤੋ ਆਇਆ।
ਇਹ ਦਿਲ ਦਾ ਸਾਥ ਈ ਐ ਜੋ ਸਦਾ ਨਾਲ ਨਿਭਦੈ, ਦੁਨੀਆਂ ਭਾਵੇਂ ਸਾਰੀ ਸਾਥ ਛੱਡ ਜਾਏ। ਇਹ ਕੋਈ ਮਾਮੂਲੀ ਸਾਥ ਨਹੀਂ। ਬੰਦਾ ਇਸੇ ਦੇ ਆਸਰੇ ਸੱਤ ਉਮਰਾਂ ਵੀ ਬਿਤਾ ਸਕਦੈ।