You are here:ਮੁਖ ਪੰਨਾ»ਕਵਿਤਾਵਾਂ»ਕਿਸ ਨੂੰ ਫਾਇਦਾ ਅਤੇ ਦੋ ਹੋਰ ਕਵਿਤਾਵਾਂ

ਲੇਖ਼ਕ

Wednesday, 19 March 2025 08:26

ਕਿਸ ਨੂੰ ਫਾਇਦਾ ਅਤੇ ਦੋ ਹੋਰ ਕਵਿਤਾਵਾਂ

Written by
Rate this item
(0 votes)

1.

ਕਿਸ ਨੂੰ ਫਾਇਦਾ!

ਕਈ ਮੁਸੀਬਤਾਂ ਨੇ ਰਲ ਮਿਲਕੇ, ਘੇਰ ਲਿਆ ਸੀ ਜਦ ਇੱਕ ਟੱਬਰ,

ਨਾ ਹੀ ਸੋਚਾਂ ਨੇ ਕੁਝ ਕੀਤਾ, ਨਾ ਕੰਮ ਆਇਆ ਉਨ੍ਹਾਂ ਦਾ ਸਬਰ।

ਕਿਸੇ ਸਿਆਣੇ ਆਖ਼ਿਰ ਦੱਸਿਆ, ਉਨ੍ਹਾਂ ਨੂੰ ਇਸਦਾ ਇੱਕ ਉਪਾਅ,

ਪਾਠ ਕਰਾ ਦਿਓ, ਲੰਗਰ ਸੇਵਾ, ਪੂਰਨ ਸ਼ਰਧਾ ਭਾਵ ’ਚ ਆ।

ਫਸੇ ਹੋਇਆਂ ਨੇ, ਡਰੇ ਹੋਇਆਂ ਨੇ, ਆੜ੍ਹਤੀਏ ਤੋਂ ਲੈ ਕੇ ਕਰਜ਼,

ਮਨ ਵਿੱਚ ਸ਼ਰਧਾ ਰੱਖ ਕੇ ਕੀਤੇ, ਮਰਯਾਦਾ ਨਾਲ ਦੱਸੇ ਫ਼ਰਜ਼।

ਖ਼ੁਸ਼ੀ ਖ਼ੁਸ਼ੀ ਹੋਇਆ ਪਾਠ ਸਮਾਪਤ, ਰੱਬ ਅੱਗੇ ਹੋ ਗਈ ਅਰਦਾਸ,

ਦੁੱਖ ਛੇਤੀ ਸਭ ਨਸ਼ਟ ਹੋਣਗੇ, ਦਿਲ ਨੂੰ ਹੋ ਗਿਆ ਸੀ ਧਰਵਾਸ।

ਪਾਠੀ ਰਾਗੀ ਅਜੇ ਵੀ ਘਰ ਸਨ, ਹਿਸਾਬ ਚੜ੍ਹਾਵੇ ਦਾ ਸੀ ਕਰਦੇ,

ਘਰ ਵਾਲੇ ਹੱਥ ਵੀ ਘੁੱਟਦੇ ਸਨ, ਘੱਟ ਦੇਣ ਤੋਂ ਵੀ ਸਨ ਡਰਦੇ।

ਘਰ ਦੇ ਸਾਰੇ ਬੰਦੇ ਨਹੀਂ ਸਨ, ਇੱਕ ਦੂਜੇ ਨਾਲ ਪੂਰੇ ਸਹਿਮਤ,

ਕੁਝ ਆਖਣ ਬੰਦਾ ਸਭ ਕਰਦੈ, ਦੂਜੇ ਆਖਣ ਰੱਬ ਦੀ ਰਹਿਮਤ।

ਉਤਸੁਕ ਮਾਈ ਕਿਹਾ ਪਾਠੀ ਨੂੰ, ਟੱਬਰ ਹੋਰ ਕਿੰਨਾ ਚਿਰ ਰੋਊ,

ਇਸ ਕੀਤੇ ਹੋਏ ਪਾਠ ਦਾ ਫਾਇਦਾ, ਜੇ ਹੋਊ ਤਾਂ ਕਦੋਂ ਕੁ ਹੋਊ?

ਕਹਿੰਦਾ ਗਿਆਨੀ ਸੱਚ ਮੈਂ ਆਖਾਂ, ਝੂਠ ਏਸ ਵਿੱਚ ਰਤਾ ਨਹੀਂ,

ਸਾਨੂੰ ਤਾਂ ਫ਼ਾਇਦਾ ਹੋ ਵੀ ਗਿਆ ਹੈ, ਤੁਹਾਡੇ ਦਾ ਮੈਨੂੰ ਪਤਾ ਨਹੀਂ! **

2.

ਕਿਉਂ ਡੱਫੀ ਸੀ

ਰਾਤੀਂ ਜਿਹੜੀ ਪੀਤੀ ਸੀ,

ਉਹ ਤੜਕੇ ਹੀ ਲਹਿ ਗਈ।

ਆਪਣਾ ਇੰਨਾ ਹੀ ਸਾਥ ਸੀ,

ਲਹਿੰਦੀ ਲਹਿੰਦੀ ਕਹਿ ਗਈ।

ਕੁਝ ਦੇ ਗਈ ਸਿਰਦਰਦੀ,

ਕੁਝ, ਦਿਲ ਨੂੰ ਬੇਚੈਨੀ,

ਟੇਢਾ ਤੁਰਦਾ ਵੇਖ ਕੇ,

ਬੀਵੀ ਗਲ਼ ਨੂੰ ਪੈ ਗਈ।

ਕਿਉਂ ਡੱਫੀ ਸੀ, ਜੇਕਰ,

ਤੈਨੂੰ ਰਾਸ ਨੀਂ ਆਉਂਦੀ।

ਬੋਲ ਕੇ ਰੁਕ ਗਈ,

ਫਿਰ ਬੋਲੀ,

ਫਿਰ, ਰੁਕਦੀ ਰੁਕਦੀ,

ਕਈ ਕੁਝ ਕਹਿ ਗਈ।

ਮੁੜ ਮੁੜ ਖੁਦ ਨਾਲ ਵਾਅਦਾ ਕੀਤਾ,

ਕਿ ਮੁੜ ਕੇ ਨਹੀਂ ਪੀਣੀ।

ਮੁੜ ਮੁੜ ਕੇ ਫਿਰ ਅਕਲ ਮੇਰੀ,

ਹੱਥ ਮਲ਼ਦੀ ਰਹਿ ਗਈ।

ਰਾਤੀਂ ਜਿਹੜੀ ਡੱਫੀ ਸੀ,

ਉਹ ਤੜਕੇ ਹੀ ਲਹਿ ਗਈ।

ਆਪਣਾ ਇੰਨਾ ਹੀ ਸਾਥ ਸੀ,

ਲਹਿੰਦੀ ਲਹਿੰਦੀ ਕਹਿ ਗਈ।

**

3.

ਮੇਰਾ ਲੇਖਕ ਮਾਹੀ

ਮੇਰੇ ਮਾਹੀ ਨੂੰ ਕੋਈ ਸਮਝਾਵੇ,

ਕਿਉਂ ਹਰ ਦਮ ਪੜ੍ਹਦਾ ਰਹਿੰਦਾ ਹੈ।

ਕੋਈ, ਕਿਉਂ ਤੇ ਕੀ ਲਿਖ ਗਿਆ,

ਇਹ ਸੋਚਕੇ ਸੜਦਾ ਰਹਿੰਦਾ ਹੈ।

ਕੋਈ ਭੁੱਲ ਗਿਆ ਔਂਕੜ ਲਾਉਣਾ,

ਸਿਹਾਰੀ ਥਾਂ, ਕਿਤੇ ਲੱਗੀ ਬਿਹਾਰੀ।

ਇਹ ਲੇਖਕ ਦੀ ਗਲਤੀ ਸੀ, ਜਾਂ,

ਪ੍ਰਿੰਟਰ ਦੀ ਹੀ ਮੱਤ ਗਈ ਮਾਰੀ।

ਲਿਖਣ ਵਾਲੇ ਤਾਂ, ਵੇਚ ਕਿਤਾਬਾਂ,

ਸ਼ਾਇਦ ਸੌਂ ਗਏ ਮਾਰ ਘੁਰਾੜੇ।

ਪਰ ਇਸਦੀ ਖਿਝ ਸਾਡੇ ਘਰ ਵਿਚ,

ਪਾ ਰੱਖੇ ਹਨ ਰੋਜ਼ ਪੁਆੜੇ। ਹਰ ਕਵਿਤਾ, ਹਰ ਕਹਾਣੀ ਵਿਚ,

ਇਹ ਗੱਲਾਂ ਲਿਖਦੈ ਪਿਆਰ ਦੀਆਂ।

ਪਰ ਮੇਰੇ ਨਾਲ਼ ਤਾਂ ਜਦ ਵੀ ਕੀਤੀਆਂ,

ਕੀਤੀਆਂ ਹਨ ਤਕਰਾਰ ਦੀਆਂ।

ਹੀਰ ਰਾਂਝੇ ਦੀਆਂ, ਸਿਫਤਾਂ ਕਰਦਾ,

ਆਪਣੀ ਧੀ, ਹੱਸਦੀ ਨਹੀਂ ਜਰਦਾ।

ਸੋਚ ਕੇ, ‘ਕੀ ਆਖੂਗੀ ਦੁਨੀਆਂ’,

ਇਕ ਪਲ ਜਿਉਂਦਾ, ਦੋ ਪਲ ਮਰਦਾ।

ਫਰੀਦ, ਬੁੱਲ੍ਹੇ ਸ਼ਾਹ, ਇਸਨੇ ਪੜ੍ਹਿਐ,

ਸ਼ਿਵ, ਪਾਤਰ, ਇਹਦੇ ਮੂੰਹ ਵਿਚ ਅੜਿਐ।

ਜੇ ਢਾਈ ਅੱਖਰ, ਪ੍ਰੇਮ ਨਹੀਂ ਸਿੱਖਿਆ,

ਭੱਠ ਪਵੇ, ਜੋ ਇਸਨੇ ਲਿਖਿਆ।

ਪਤਾ ਨਹੀਂ, ਕਿਹੜਾ ਗਿਆਨ ਚਾਹੀਦਾ,

ਕਿਹੜਾ ਰਾਹ ਹੈ, ਇਸ ਰਾਹੀ ਦਾ।

ਛਾਂ ਵਾਲ਼ੇ ਰੁੱਖ ਹੁੰਦਿਆਂ-ਸੁੰਦਿਆਂ,

ਇਹ ਧੁੱਪ ਵਿਚ ਸੜਦਾ ਰਹਿੰਦਾ ਹੈ;

ਮੇਰੇ ਮਾਹੀ ਨੂੰ ਕੋਈ ਸਮਝਾਵੇ,

ਕਿਉਂ ਹਰ ਦਮ ਪੜ੍ਹਦਾ ਰਹਿੰਦਾ ਹੈ!

Read 570 times Last modified on Wednesday, 19 March 2025 08:40

Latest from ਗੁਰਦਾਸ ਮਿਨਹਾਸ