1. ਚੁੱਪ ਤੋੜ ਦਿੱਤੀ
‘ਚੁੱਪ ਤੋੜ ਦਿੱਤੀ’
ਹਾਂ! ਚੁੱਪ ਤੋੜ ਦਿੱਤੀ
ਕਾਗਜ਼ ਦੀ ਕੋਰੀ ਨੀਝ ਨੇ
ਚੁੱਪ ਤੋੜ ਦਿੱਤੀ…
ਤਾਂਘਦੀਆਂ ਸਤਰਾਂ ਨੇ
ਚੁੱਪ ਤੋੜ ਦਿੱਤੀ…
ਅੱਖ ਪੁੱਟੀ, ਮੈਨੂੰ ਘੂਰਿਆ
ਹਵਾ ਨੇ ਕਾਗਜ਼ ਨੂੰ ਬੋਲ ਦੇ ਦਿੱਤੇ
ਉਸ ਕਿਹਾ-
“ਮੰਨਿਆਂ ਮੈਂ ਅੱਖਰਾਂ ਤੋਂ ਵਾਂਝਾ ਹਾਂ,
ਮੇਰੇ ਅੱਖਰ ਤੇਰੀ ਮੁਹਲਤ ਦੇ
ਮੁਹਤਾਜ ਨੇ,
ਮੈ ਤੇਰੇ ਰਾਹਾਂ ਵਿੱਚ
ਵਿਛ ਜਾਂਦਾ ਹਾਂ ਧੂੜ ਬਣ,
ਮੰਨਿਆ ਮੈਂ ਤੇਰੇ ਹਿੱਸੇ ਦੀ
ਸਿਆਹੀ ਜਾਂ ਲਾਲੀ ਵਿੱਚੋਂ
ਚੁੰਝ ਨਹੀਂ ਭਰੀ,
ਤੇਰੇ ਦੁੱਖ ਨੂੰ ਘਟਾ ਨਾ ਸਕਿਆ,
ਤੇਰੇ ਹਾਸਿਆਂ ਨੂੰ ਵਧਾ ਨਾ ਸਕਿਆ,
ਮੰਨਿਆਂ ਮੈਂ ਚੁੱਪ ਹੀ ਰਿਹਾ।
“ਪਰ, ਹਾੜਾ!
ਮੈਂ ਉੱਥੇ ਨਹੀਂ ਜਾਣਾ,
ਮੈਨੂੰ ਉੱਥੇ ਨਾ ਭੇਜ
ਜਿੱਥੇ ਲਿਖਿਆ ਹੈ-
‘ਇੱਥੇ ਕਿਸੇ ਨੂੰ ਖਤ ਦੀ ਉਡੀਕ ਨਹੀਂ’।”
2. ਮੇਰੀ ਹਰ ਕਵਿਤਾ
ਮੇਰੀ ਹਰ ਕਵਿਤਾ …
ਮੇਰੀ ਹਰ ਕਵਿਤਾ ਦੀ ਰੂਹ ਅੰਦਰ,
ਇੱਕ ਯਾਦ ਪਈ ਕੁਰਲਾਉਂਦੀ ਏ।
ਖਾਲੀ ਝੋਲੀ, ਮੁੰਹ ਲਟਕਾਈ,
ਹਰ ਰੋਜ਼ ਹੀ ਵਾਪਸ ਆਉਂਦੀ ਏੇ।
ਲੱਖ ਕਹਾਂ ਉਸ ਦਰ ਨਾਂ ਜਾਵੀਂ,
ਨਾ ਮੰਨੇਂ ਬਹੁਤ ਸਤਾਉਂਦੀ ਏ।
ਕਦੇ ਕਦਾਈਂ ਵਿਹੜੇ ਦੇ ਵਿੱਚ,
ਲੰਮ-ਸਲੰਮੀ ਨੀਂਦੋਂ ਜਾਗੀ,
ਹੀਰ-ਸਲੇਟੀ ਰੰਗ-ਰੂਹ ਵਰਗੀ,
ਰਾਹਾਂ ਦੇ ਤਰਲੇ ਪਾਉਂਦੀ ਏ,
ਰੋ-ਰੋ ਕੇ ਪਿਆਰ ਮਨਾਉਂਦੀ ਏ।
ਆਪ-ਬੰਸਰੀ ਦੇ ਵਿੱਚ ਬਹਿ ਕੇ,
ਮੀਰਾਂ ਵਰਗੀ ਨਾਰ ਵੈਰਾਗਣ,
ਸੁੱਧ-ਬੁੱਧ ਭੁੱਲ ਕੇ, ਰਾਜ ਗਵਾ ਕੇ,
ਸਾਹਾਂ-ਸੰਗ ਪਈ ਧਿਆਉਂਦੀ ਏ,
ਵੰਜਲੀ ਬਣਕੇ ਗਾਉਂਦੀ ਏ।
ਕਦੇ ਲੱਗੇ ਕੋਈ ਠੰਡੜੀ ਛਾਂ ਏ,
‘ਯਾਦ’ ਨਹੀਂ ਇਹ ਮੇਰੀ ਮਾਂ ਏ,
ਪਾਲ-ਪੋਸ ਕੇ ਹੱਥੀਂ ਤੋਰੀ,
ਧੀ ਦੀ ਯਾਦ ਨੂੰ ਚੋਰੀ-ਚੋਰੀ,
ਬੁੱਕਲ ਵਿੱਚ ਲਕਾਉਂਦੀ ਏ,
ਘੁੱਟ ਹੰਝੂਆਂ ਦੇ ਪੀ ਜਿਉਂਦੀ ਏ।
ਕਦੇ ਕਦਾਈਂ ਅੰਬਰਾਂ ਦੇ ਵਿੱਚ,
ਕੂਕੇ, ਚੀਕੇ, ਰੋ-ਰੋ ਹੂਕ,
ਡਾਰੋਂ ਵਿਛੜੀ ਕੂੰਜ ਦੇ ਖੰਭ ‘ਤੇ,
ਬਹਿ ਕੇ ਸਾਥ ਲਭਾਉਂਦੀ ਏ,
ਦਿਨ-ਰਾਤ ਪਈ ਕੁਰਲਾਉਂਦੀ ਏ।
ਨਵ-ਵਿਆਹੀ ਦੀ ਸੰਗ ਅੰਦਰ,
ਬਹਿ ਵਿਹੜੇ ਪੈਰ ਜੋ ਪਾਉਂਦੀ ਏ,
ਕਰਮਾਂ ਵਾਲੀ ਰੰਗ-ਸੰਗ ਖੇਡੇ,
ਬਿਨ-ਕਰਮਾਂ ਤੋਂ ਘਬਰਾਉਂਦੀ ਏ,
ਸੌੜੇ ਵਿਹੜੇ ਦੀ ਮਿੱਟੀ ਨੂੰ,
ਹੱਥੀਂ ਚੁੱਕ ਮੱਥੇ ‘ਤੇ ਲਾਉਂਦੀ ਏ।
3. ਨੀਲੋਫ਼ਰ
ਨੀਲੋਫ਼ਰ
ਪਲਕਾਂ ਨੂੰ ਭੇੜ
ਆਪਣ ਹੀ ਅੰਦਰ,
ਜਦ ਝਾਤ ਪਾਈ…,
ਨਿਵਾਜ਼ਸ਼ ਹੀ ਨਿਵਾਜ਼ਸ਼
ਹਰ ਪਾਸੇ ਨਜ਼ਰ ਆਈ।
ਇਹ ਨਿਵਾਜ਼ਸ਼ ਕਿਸ ਦੀ ਹੈ?
ਤੇਰੀ … ਮੇਰੀ … ਜਾਂ
‘ਉਸ’ ਦੀ ਹੈ…।
ਸੋਚ-ਸੋਚ ਅੱਜ
ਅੰਦਰ-ਬਾਹਰ ਭਰਦਾ ਰਿਹਾ…।
ਬਣ ਗਿਆ ‘ਨੀਲੋਫ਼ਰ’
ਆਪਣਾ ਹੀ ਅੰਤਹਕਰਣ…।
‘ਸੂਰਜ’ ਦੇ ਸਨਮੁਖ,
ਧੁੱਪ ਚੋਰੀ ਕਰਦਾ,
ਪੱਤੀ ਪੱਤੀ ਖ੍ਹੋਲਦਾ,
ਆਪਣੇ ਹੀ ਅੰਦਰ,
ਚੁੱਪ-ਚੁਪੀਤਾ,
ਤਰਦਾ ਰਿਹਾ…ਤਰਦਾ ਰਿਹਾ,
ਬੱਸ ਤਰਦਾ ਰਿਹਾ…!
4. ਖੁਆਬ
ਖੁਆਬ
ਗੀਤ ਬੇਗਾਨਾ, ਬੋਲ ਪਰਾੲ
ਬੱਸ ਇੱਕ ਸਾਜ਼ ਦੀ ਤਰ੍ਹਾਂ ਹਾਂ ਮੈਂ।
ਅੱਖਰਾਂ ਤੋਂ ਅਰਥਾਂ ਤੱਕ ਦੀ
ਇੱਕ ਆਵਾਜ਼ ਦੀ ਤਰ੍ਹਾਂ ਹਾਂ ਮੈਂ।
ਤੇਰਾ ਵੀ ਕੀ ਦੋਸ਼ ਹੈ
ਤੂੰ ਕੀ ਕੀ ਸਮਝਿਆ ਮੈਨੂੰ
ਸੁੱਤੀ ਸਦੀ ਦੀ ਹਿੱਕ ਅੰਦਰ
ਇੱਕ ਰਾਜ਼ ਦੀ ਤਰ੍ਹਾਂ ਹਾਂ ਮੈਂ।
ਸਾਜ਼ਾਂ ਦੀ ਭੀੜ ਵਿੱਚ
ਰਹਿ ਗਈ ਗੁਆਚ ਕੇ
ਬੇਮਤਲਬ ਤੇ ਅਣਗੌਲੀ
ਇੱਕ ਰਬਾਬ ਦੀ ਤਰ੍ਹਾਂ ਹਾਂ ਮੈਂ।
ਇੱਕ ਚੁੱਪ ਤੋਂ ਦੂਜੀ ਚੁੱਪ ਤੱਕ
ਇੱਕ ਰੂਹ ਤੋਂ ਦੂਜੀ ਰੂਹ ਤੱਕ।
ਆਉਂਦ ਜਾਂਦੇ ਸਾਹਾਂ ਦੀ
ਇੱਕ ਰਫਤਾਰ ਦੀ ਤਰ੍ਹਾਂ ਹਾਂ ਮੈਂ।
ਨਹੀਂ ਮਨਜ਼ੂਰ ਮੈਨੂੰ ਅੱਜ
ਕਿ ਉਹ ਕੀ ਕੀ ਸੋਚਦੇ।
ਤੇਰੇ ਸੁੱਚੇ ਬੋਲਾਂ ਦੀ
ਇੱਕ ਆਬ ਦੀ ਤਰ੍ਹਾਂ ਹਾਂ ਮੈਂ।
ਕੀ ਸੋਚਦਾ ਏਂ ਸੱਜਣਾ
ਬੱਸ ਇੰਨਾ ਹੀ ਰਹਿਣ ਦੇ।
ਮੈਂ ਜਾਣਦੀ ਹਾਂ ਤੇਰੇ ਲਈ
ਭੁੱਲ ਚੁੱਕੇ ਖੁਆਬ ਦੀ ਤਰ੍ਹਾਂ ਹਾਂ ਮੈਂ।