ਮੇਰੇ ਨਾਨਕੀਂ ਵਿਆਹ ਸੀ। ਅਸੀਂ ਬੋਤੇ ਉਤੇ ਬਹਿ ਕੇ ਗਾਲਿਬ ਨੂੰ ਚੱਲੇ ਸਾਂ। ਬਾਪੂ ਨੇ ਬੋਤੇ ਦੀ ਮੁਹਾਰ ਫੜੀ ਹੋਈ ਸੀ। ਬੇਬੇ, ਗੋਦੀ ਵਿਚਲੀ ਮੇਰੀ ਭੈਣ ਤੇ ਮੈਂ ਕਾਠੀ ਉਤੇ ਬੈਠੇ ਸਾਂ। ਉਦੋਂ ਬੋਤੇ ਦੀ ਸਵਾਰੀ ਬੜੀ ਟੌਅ੍ਹਰ ਵਾਲੀ ਗਿਣੀ ਜਾਂਦੀ ਸੀ। ਪਿੰਡ ਕੌਂਕੇ ਤੇ ਗਾਲਿਬ ਵਿਚਾਲੇ ਰੇਲ ਦੀ ਲਾਈਨ ਲੰਘਦੀ ਹੈ। ਅਸੀਂ ਲਾਈਨ ਲੰਘਣ ਲੱਗੇ ਤਾਂ ਰੇਲ ਗੱਡੀ ਆ ਗਈ। ਇੰਜਣ ਦੀਆਂ ਚੀਕਾਂ ਸੁਣ ਕੇ ਬੋਤਾ ਡਰ ਗਿਆ। ਬਾਪੂ ਨੇ ਬਚਾਅ ਕਰਨ ਲਈ ਮੁਹਾਰ ਖਿੱਚੀ ਤਾਂ ਬੋਤਾ ਖੜ੍ਹਾ ਖੜੋਤਾ ਬੁੜ੍ਹਕਣ ਲੱਗ ਪਿਆ।
ਮੈਂ ਉਦੋਂ ਪੰਜ ਕੁ ਸਾਲਾਂ ਦਾ ਸਾਂ ਤੇ ਮੇਰੀ ਭੈਣ ਦੋ ਢਾਈ ਸਾਲਾਂ ਦੀ ਸੀ। ਮੇਰੇ ਚੇਤੇ ਦਾ ਉਹ ਪਹਿਲਾ ਖ਼ੌਫ਼ਨਾਕ ਹਾਦਸਾ ਸੀ ਪਰ ਹਾਦਸਾ ਵਾਪਰਿਆ ਨਹੀਂ। ਮੁਹਾਰ ਤੋਂ ਕਾਬੂ ਕੀਤਾ ਬੋਤਾ ਬੁੜ੍ਹਕ ਰਿਹਾ ਸੀ ਤੇ ਮੈਂ ਕਾਠੀ ਦੇ ਡੂਡਣੇ ਨੂੰ ਘੁੱਟ ਕੇ ਫੜੀ ਬੈਠਾ ਡਿੱਗਣੋਂ ਬਚ ਰਿਹਾ ਸਾਂ। ਮੇਰੀ ਭੈਣ ਦੀਆਂ ਲੱਤਾਂ ਹੀ ਬੇਬੇ ਦੇ ਹੱਥਾਂ `ਚ ਰਹਿ ਗਈਆਂ ਸਨ ਤੇ ਉਹ ਇੱਕ ਪਾਸੇ ਤੋਰੀ ਵਾਂਗ ਲਟਕ ਗਈ ਸੀ। ਪਤਾ ਨਹੀਂ ਬੇਬੇ ਨੇ ਆਪਣੇ ਆਪ ਨੂੰ ਤੇ ਸਾਨੂੰ ਕਿਵੇਂ ਸੰਭਾਲਿਆ ਕਿ ਅਸੀਂ ਸਾਰੇ ਹੀ ਬਚ ਗਏ ਤੇ ਗੱਡੀ ਅੱਗੇ ਲੰਘ ਗਈ।
ਢੁੱਡੀਕੇ ਤੋਂ ਜਗਰਾਓਂ ਜਾਂਦੇ ਆਉਂਦਿਆਂ ਮੈਂ ਕਈ ਵਾਰ ਉਹ ਥਾਂ ਵੇਖੀ ਹੈ ਤੇ ਸੋਚਿਆ ਹੈ, ਜੇ ਉੱਦਣ ਬੋਤਾ ਰੇਲ ਗੱਡੀ ਮੂਹਰੇ ਆ ਜਾਂਦਾ ਜਾਂ ਮੈਂ ਹੀ ਬੁੜ੍ਹਕ ਕੇ ਲਾਈਨ ਉੱਤੇ ਡਿੱਗ ਪੈਂਦਾ ਤਾਂ ਬਚਪਨ ਵਿੱਚ ਈ ਭਾਣਾ ਵਰਤ ਜਾਣਾ ਸੀ। ਮੇਰੀ ਜੀਵਨ ਕਹਾਣੀ ਦਾ ਉਥੇ ਈ ਭੋਗ ਪੈ ਜਾਂਦਾ!
ਕਦੇ ਕਦੇ ਇਹ ਸੋਚ ਕੇ ਹੈਰਾਨ ਵੀ ਹੋਈਦੈ ਕਿ ਕਿੰਨੇ ਹਾਦਸੇ ਹਨ ਜੋ ਮਨੁੱਖ ਦੇ ਆਸ ਪਾਸ ਹੁੰਦੇ ਰਹਿੰਦੇ ਹਨ ਤੇ ਉਹ ਇੱਕ ਹੱਥ ਦੀ ਵਿੱਥ ਉਤੇ ਈ ਬਚਿਆ ਰਹਿੰਦਾ ਹੈ। ਨਾ ਸਿਰਫ ਬਚਿਆ ਰਹਿੰਦਾ ਹੈ ਬਲਕਿ ਹਾਦਸਿਆਂ ਵਿੱਚ ਹੀ ਉਮਰ ਦੇ ਅੱਸੀ ਨੱਬੇ ਸਾਲ ਕੱਟ ਜਾਂਦਾ ਹੈ। ਜਿਹੜੇ ਹਾਦਸਿਆਂ ਤੋਂ ਡਰਦੇ ਅੰਦਰੀਂ ਵੜ ਬਹਿੰਦੇ ਹਨ ਕਈ ਵਾਰ ਉਹ ਵੀ ਬਹੁਤਾ ਚਿਰ ਨਹੀਂ ਜਿਊਂਦੇ। ਜਗਤ ਤਮਾਸ਼ਾ ਉਹੀ ਵੇਖਦੇ ਹਨ ਜਿਹੜੇ ਹਾਦਸਿਆਂ ਤੋਂ ਨਹੀਂ ਡਰਦੇ।
ਨਿੱਕਾ ਹੁੰਦਾ ਮੈਂ ਊਠ ਤੋਂ ਡਿਗਣੋਂ ਬਚਿਆ ਸਾਂ। ਫਿਰ ਵੀ ਬਚਪਨ ਵਿੱਚ ਮੈਂ ਬਹੁਤੀ ਸਵਾਰੀ ਊਠ ਦੀ ਹੀ ਕੀਤੀ। ਘੋੜੇ ਘੋੜੀਆਂ ਉਤੇ ਚੜ੍ਹਨ ਦਾ ਮੈਨੂੰ ਮੌਕਾ ਨਹੀਂ ਮਿਲਿਆ। ਪੈਂਡਾ ਮਾਰਨ ਲਈ ਪੈਰ ਸਨ, ਗੱਡਾ ਸੀ ਤੇ ਬੋਤਾ ਸੀ। ਕਦੇ ਕਦੇ ਖੇਤ ਵਿੱਚ ਸੁਹਾਗੇ ਦਾ ਝੂਟਾ ਮਿਲ ਜਾਂਦਾ ਸੀ। ਮਾਲ ਚਾਰਦਿਆਂ ਕੱਟੇ ਕੱਟੀ ਜਾਂ ਮੱਝ ਉਤੇ ਬੈਠ ਜਾਈਦਾ ਸੀ। ਪਰ ਮੈਂ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਾਂਗ ਮੱਝ ਤੋਂ ਡਿੱਗਾ ਕਦੇ ਨਹੀਂ। ਉਹਨੇ ਤਾਂ ਖਾਲਾ ਚੜ੍ਹਦੀ ਮੱਝ ਤੋਂ ਡਿੱਗ ਕੇ ਬਾਂਹ ਤੁੜਵਾ ਲਈ ਸੀ ਜੋ ਵਿੰਗੀ ਬੱਝ ਜਾਣ ਕਾਰਨ ਵਜ਼ੀਰ ਬਣ ਜਾਣ ਪਿੱਛੋਂ ਵੀ ਵਿੰਗੀ ਹੈ। ਧਿਆਨ ਨਾਲ ਵੇਖੋ ਤਾਂ ਅਜੇ ਵੀ ਦਿਸ ਜਾਂਦੀ ਹੈ। 1977 ਵਿੱਚ ਜਦੋਂ ਉਹ ਪੰਜਾਬ ਦਾ ਟਰਾਂਸਪੋਰਟ ਮੰਤਰੀ ਬਣਿਆ ਤਾਂ ਮੈਂ ਉਹਦੇ ਬਾਰੇ ਆਰਟੀਕਲ ਲਿਖਿਆ ਜਿਸ ਦਾ ਸਿਰਲੇਖ ਸੀ-ਮੱਝ ਦੀ ਸਵਾਰੀ ਤੋਂ ਝੰਡੀ ਵਾਲੀ ਕਾਰ ਤਕ।
ਉਦੋਂ ਮੈਂ ਕਿਸੇ ਕੰਮ ਚੰਡੀਗੜ੍ਹ ਗਿਆ ਤੇ ਪਸ਼਼ੂ ਪਾਲਣ ਵਿਭਾਗ ਦੇ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਨੂੰ ਮਿਲਿਆ। ਉਸ ਨੇ ਆਪਣੇ ਸਾਥੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਬਾਰੇ ਮੇਰਾ ਆਰਟੀਕਲ ਪੜ੍ਹਿਆ ਹੋਇਆ ਸੀ। ਉਹ ਕਹਿਣ ਲੱਗਾ, “ਉਹ ਤਾਂ ਮੱਝ ਤੋਂ ਕਾਰਾਂ ਤਕ ਪਹੁੰਚ ਗਿਆ। ਆਹ ਮੈਨੂੰ ਵੇਖ ਲੈ, ਕਾਰਾਂ ਤੋਂ ਮੱਝਾਂ `ਤੇ ਆਇਆ ਫਿਰਦਾਂ!”
ਨਿੱਕੇ ਹੁੰਦੇ ਦਾ ਮੇਰਾ ਮਨਭਾਉਂਦਾ ਸ਼ੌਕ ਬੋਤੇ ਉਤੇ ਚੜ੍ਹਨ ਦਾ ਹੀ ਸੀ। ਬੋਤਾ ਮੈਂ ਭਜਾਉਂਦਾ ਵੀ ਬਹੁਤ ਸਾਂ। ਆਪਣੇ ਜਾਣੇ ਰੇਲ ਗੱਡੀ ਬਣਾ ਦਿੰਦਾ ਸਾਂ। ਸਾਡੇ ਤਿਰਕਾਂ ਵਾਲੇ ਖੇਤ ਮੱਲ੍ਹੇ ਦੀ ਹੱਦ ਨਾਲ ਸਨ। ਇੱਕ ਦਿਨ ਉਥੋਂ ਪੱਠਿਆਂ ਦੀ ਚਿੱਲੀ ਲੱਦ ਕੇ ਲਿਆਉਣੀ ਸੀ। ਮੈਂ ਤੰਗੜ ਚੁੱਕਿਆ ਤੇ ਬੋਤੇ `ਤੇ ਸਵਾਰ ਹੋ ਗਿਆ। ਪਿੱਛੋਂ ਬੱਗੜਾਂ ਦੀ ਬੋਤੀ ਮਗਰ ਲੱਗ ਗਈ। ਮੁਕਾਬਲੇ ਲਈ ਕੁਦਰਤੀ ਢੋਅ ਢੁੱਕ ਗਿਆ। ਬੋਤੀ ਦੇ ਮਨ `ਚ ਪਤਾ ਨਹੀਂ ਕੀ ਆਈ ਕਿ ਉਹ ਸਾਡੇ ਬੋਤੇ ਦੀ ਪੂਛ ਉਤੇ ਦੰਦੀ ਵੱਢ ਬੈਠੀ। ਫੇਰ ਕੀ ਸੀ ਬੋਤਾ ਇਉਂ ਨੱਠਿਆ ਜਿਵੇਂ ਰਾਕਟ ਛੁੱਟਦੈ। ਮੈਨੂੰ ਸੰਭਲਣਾ ਔਖਾ ਹੋ ਗਿਆ। ਆਸੇ ਪਾਸੇ ਕਣਕਾਂ ਦੀ ਗੋਡੀ ਕਰਦੇ ਕਾਮੇ ਰੰਬੇ ਛੱਡ ਕੇ ਉਠ ਖੜ੍ਹੇ ਹੋਏ ਤੇ ਰੌਲਾ ਪਾਉਣ ਲੱਗੇ, “ਬੋਤੇ ਨੂੰ ਰੋਕੋ ਓਏ, ਬੋਤੇ ਨੂੰ ਰੋਕੋ।” ਪਰ ਰੋਕਣਾ ਕੀਹਨੇ ਸੀ? ਬੋਤਾ ਤਾਂ ਬੰਬੂਕਾਟ ਬਣਿਆ ਜਾਂਦਾ ਸੀ। ਮੇਰੇ ਆਲੇ ਦੁਆਲੇ ਧਰਤੀ ਘੁੰਮ ਰਹੀ ਸੀ, ਰੁੱਖ ਘੁੰਮ ਰਹੇ ਸਨ ਤੇ ਲਗਦਾ ਸੀ ਜਿਵੇਂ ਭੁਚਾਲ ਆ ਗਿਆ ਹੋਵੇ!
ਮੈਂ ਬੁੱਲਿਟ ਮੋਟਰਸਾਈਕਲ ਉਤੇ ਘੰਟੇ ਦੀ ਸੌ ਕਿਲੋਮੀਟਰ ਤੇ ਕਾਰ ਉਤੇ ਸਵਾ ਸੌ ਕਿਲੋਮੀਟਰ ਦੀ ਰਫ਼ਤਾਰ ਨਾਲ ਸਫ਼ਰ ਕੀਤਾ ਹੈ ਪਰ ਚੇਤਾ ਕਰਾਂ ਤਾਂ ਉਸ ਬੋਤੇ ਦੀ ਰਫ਼ਤਾਰ ਦੀਆਂ ਕਿਆ ਬਾਤਾਂ! ਪੂਛ ਦੀ ਪੀੜ ਦਾ ਵਿੰਨ੍ਹਿਆ ਬੋਤਾ ਵਾਵਰੋਲਾ ਬਣਿਆ ਜਾਂਦਾ ਸੀ ਤੇ ਮੈਂ ਕੁਹਾਂਠ ਨਾਲ ਜੋਕ ਵਾਂਗ ਚੰਬੜਿਆ ਹੋਇਆ ਸਾਂ। ਤੰਗੜ ਡਿੱਗ ਪਿਆ ਸੀ, ਪੱਗ ਉਡ ਗਈ ਸੀ, ਜੂੜਾ ਖੁੱਲ੍ਹ ਗਿਆ ਸੀ ਪਰ ਅਸ਼ਕੇ ਮੇਰੇ ਕਿ ਮੈਂ ਡਿੱਗਿਆ ਨਹੀਂ ਸਾਂ। ਬੋਤਾ ਖੇਤ ਜਾ ਕੇ ਰੁਕਿਆ। ਸਿਆਲ ਦੀ ਰੁੱਤੇ ਵੀ ਬੋਤੇ ਦੇ ਪਿੰਡੇ ਤੋਂ ਮੁੜ੍ਹਕੇ ਦੀਆਂ ਤਤੀਰੀਆਂ ਵਗੀ ਜਾਂਦੀਆਂ ਸਨ ਤੇ ਮੇਰੀ ਕੌਡੀ ਵੀ ਧੜਕੀ ਜਾਂਦੀ ਸੀ। ਫਿਰ ਵੀ ਮੈਂ ਬੋਤੇ ਉਤੇ ਚੜ੍ਹਨ ਤੋਂ ਤੋਬਾ ਨਹੀਂ ਕੀਤੀ ਤੇ ਉਦੋਂ ਤਕ ਬੋਤੇ ਉਤੇ ਚੜ੍ਹਦਾ ਰਿਹਾ ਜਦੋਂ ਤਕ ਬੋਤਾ ਸਾਡੇ ਘਰ ਰਿਹਾ ਜਾਂ ਮੈਂ ਪਿੰਡ ਆਪਣੇ ਘਰ ਰਿਹਾ। ਜੇ ਕਿਸੇ ਨੇ ਮੇਰਾ ਰੇਖਾ ਚਿੱਤਰ ਲਿਖਣਾ ਹੋਵੇ ਤਾਂ ਉਹਦਾ ਢੁੱਕਵਾਂ ਸਿਰਲੇਖ ਹੋ ਸਕਦੈ-ਬੋਤੇ ਦੀ ਸਵਾਰੀ ਤੋਂ ਹਵਾਈ ਜਹਾਜ਼ ਦੀ ਉਡਾਰੀ ਤਕ।
ਹੁਣ ਤਕ ਮੈਂ ਸੈਂਕੜੇ ਹਜ਼ਾਰਾਂ ਖੇਡ ਮੁਕਾਬਲੇ ਵੇਖੇ ਹਨ। ਜੇ ਮੈਂ ਚੇਤੇ ਕਰਾਂ ਕਿ ਸਭ ਤੋਂ ਪਹਿਲਾਂ ਕਿਹੜੀਆਂ ਖੇਡਾਂ ਵੇਖੀਆਂ ਤਾਂ ਮੈਨੂੰ ਬਚਪਨ `ਚ ਵੇਖੀ ਬਾਜ਼ੀ ਯਾਦ ਆਉਂਦੀ ਹੈ। ਮੈਂ ਉਦੋਂ ਛੇ ਕੁ ਸਾਲਾਂ ਦਾ ਸਾਂ। ਸਾਡੇ ਪਿੰਡੋਂ ਮੁਸਲਮਾਨਾਂ ਦਾ ਅਜੇ ਉਜਾੜਾ ਨਹੀਂ ਸੀ ਹੋਇਆ। ਕੋਠੇ ਉਤੇ ਅਸੀਂ ਫ਼ਾਤਾਂ ਘੁਮਿਆਰੀ ਕੋਲ ਬੈਠੇ ਸਾਂ। ਲੱਗਦੈ ਉਹਦਾ ਅਸਲੀ ਨਾਂ ਫ਼ਾਤਮਾ ਹੋਵੇਗਾ ਜੋ ਘਸ ਕੇ ਫ਼ਾਤਾਂ ਰਹਿ ਗਿਆ ਹੋਵੇਗਾ। ਐਨ ਉਵੇਂ ਜਿਵੇਂ ਲਾਰਡ ਦਾ ਲਾਟ ਤੇ ਮੈਡਮ ਦਾ ਮੇਮ ਰਹਿ ਗਿਆ ਹੈ।
ਜਿਥੇ ਹੁਣ ਸਾਡੇ ਅਗਵਾੜ ਦੀ ਧਰਮਸ਼ਾਲਾ ਹੈ ਉਥੇ ਉਦੋਂ ਖੁਲ੍ਹੀ ਥਾਂ ਹੁੰਦੀ ਸੀ। ਅਸੀਂ ਉਥੇ ਗੁੱਲੀ ਡੰਡਾ ਤੇ ਖਿੱਦੋ ਖੂੰਡੀ ਖੇਡਿਆ ਕਰਦੇ ਸਾਂ। ਆਲੇ ਦੁਆਲੇ ਕੋਠੇ ਸਨ। ਅਸੀਂ ਆਪਣੇ ਬਾਹਰਲੇ ਘਰ ਦੇ ਕੋਠੇ ਉਤੇ ਬੈਠੇ ਸਾਂ। ਸਾਹਮਣੇ ਬਾਜ਼ੀਗਰ ਡੰਡ ਟਪੂਸੀਆਂ ਲਾ ਕੇ ਜੁੱਸੇ ਗਰਮਾਅ ਰਹੇ ਸਨ। ਉਨ੍ਹਾਂ ਦੀਆਂ ਮਾਲਸ਼ਾਂ ਕੀਤੀਆਂ ਹੋਈਆਂ ਸਨ ਤੇ ਭਖੇ ਹੋਏ ਪਿੰਡੇ ਧੁੱਪ ਵਿੱਚ ਲਿਸ਼ਕਾਂ ਮਾਰ ਰਹੇ ਸਨ। ਢੋਲ ਵੱਜ ਰਿਹਾ ਸੀ। ਬੁੜ੍ਹੀਆਂ ਥਾਲੀਆਂ ਤੇ ਪਰਾਤਾਂ ਵਿੱਚ ਦਾਣੇ, ਗੁੜ ਤੇ ਘਿਉ ਲਈ ਆਉਂਦੀਆਂ ਸਨ ਤੇ ਵਿਛਾਏ ਹੋਏ ਦੋੜੇ ਉਤੇ ਢੇਰੀ ਕਰ ਕੇ ਬਨੇਰਿਆਂ ਉਤੇ ਬੈਠੀ ਜਾਂਦੀਆਂ ਸਨ। ਕੋਲ ਈ ਇੱਕ ਪਿੱਪਲ ਸੀ ਜਿਸ ਦੇ ਪੱਤੇ ਹਿੱਲ ਰਹੇ ਸਨ ਤੇ ਪੰਛੀ ਉਡਾਰੀਆਂ ਮਾਰ ਰਹੇ ਸਨ। ਦਿਨ ਢਲੇ ਦੀ ਕੋਸੀ ਕੋਸੀ ਧੁੱਪ ਸੀ। ਅਸੀਂ ਖ਼ੁਸ਼ੀ `ਚ ਉਂਜ ਈ ਚਾਂਭਲੇ ਹੋਏ ਸਾਂ ਤੇ ਕਿਲਕਾਰੀਆਂ ਮਾਰ ਰਹੇ ਸਾਂ।
ਵੇਖਦੇ ਵੇਖਦੇ ਬਾਜ਼ੀਗਰ ਪੁੱਠੀਆਂ ਸਿੱਧੀਆਂ ਛਾਲਾਂ ਦੇ ਕਰਤਬ ਵਿਖਾਉਣ ਲੱਗੇ। ਫਿਰ ਉਨ੍ਹਾਂ ਨੇ ਦੌੜ ਕੇ ਢੇਰੀ ਤੋਂ ਛਾਲਾਂ ਲਾਉਣੀਆਂ ਸ਼ੁਰੂ ਕੀਤੀਆਂ। ਢੇਰੀ ਦੇ ਅੱਗੇ ਸ਼ਤੀਰ ਵਰਗੀ ਪਟੜੀ ਗੱਡੀ ਹੋਈ ਸੀ। ਬਾਜ਼ੀਗਰ ਦੌੜ ਕੇ ਆਉਂਦੇ, ਪਟੜੀ ਦੇ ਸਿਰੇ ਉਤੇ ਪੈਰ ਮਾਰਦੇ ਤੇ ਪਟੜੀ ਲਿਫ਼ ਕੇ ਲਫ਼ਾਰਾ ਦਿੰਦੀ। ਉਥੋਂ ਉਹ ਹੋਰ ਉਚੇ ਬੁੜ੍ਹਕਦੇ ਤੇ ਪੌੜੀ ਉਤੇ ਬੰਨ੍ਹੇ ਮੰਜੇ ਉਤੋਂ ਦੀ ਘੁਕਵੀਂ ਛਾਲ ਲਾਉਂਦੇ। ਸਾਨੂੰ ਨਿੱਕੇ ਨਿਆਣਿਆਂ ਨੂੰ ਫੜ ਕੇ ਰੱਖਿਆ ਹੋਇਆ ਸੀ ਮਤਾਂ ਅਸੀਂ ਵੀ ਬਾਜ਼ੀਗਰਾਂ ਦੀ ਰੀਸੇ ਬਨੇਰਿਆਂ ਤੋਂ ਛਾਲਾਂ ਮਾਰ ਬਹੀਏ!
ਢੋਲ ਵੱਜੀ ਜਾਂਦਾ ਸੀ, ਬਾਜ਼ੀ ਪਈ ਜਾਂਦੀ ਸੀ ਤੇ ਲੋਕ ਬੱਲੇ ਬੱਲੇ ਕਰੀ ਜਾਂਦੇ ਸਨ ਕਿ ਸੂਲੀ ਦੀ ਛਾਲ ਲਾਉਣ ਦੀ ਤਿਆਰੀ ਹੋ ਗਈ। ਸਾਡੇ ਨੇੜੇ ਹੀ ਪੌੜੀਆਂ ਜੋੜ ਕੇ ਬਹੁਤ ਉੱਚਾ ਮਨ੍ਹਾ ਜਿਹਾ ਤਿਆਰ ਕੀਤਾ ਗਿਆ ਸੀ। ਉਹਦੇ ਉਤੇ ਪਟੜਾ ਬੰਨ੍ਹਿਆ ਹੋਇਆ ਸੀ ਜਿਸ ਦੇ ਇੱਕ ਪਾਸੇ ਰੰਗ ਬਰੰਗੀਆਂ ਚੁੰਨੀਆਂ ਵਾਲਾ ਝੰਡਾ ਲਹਿਰਾਅ ਰਿਹਾ ਸੀ। ਲੋਕ ਟਿਕਟਿਕੀ ਲਾਈ ਪਟੜੇ ਵੱਲ ਵੇਖ ਰਹੇ ਸਨ।
ਇਕ ਬਾਜ਼ੀਗਰ ਜੀਹਨੂੰ ਲਾਇਲਪੁਰੀਆ ਨਾਗ ਕਹਿੰਦੇ ਸਨ ਪੌੜੀ ਉਤੇ ਚੜ੍ਹਨ ਲੱਗਾ। ਉਪਰ ਪਟੜੇ ਉਤੇ ਖੜ੍ਹ ਕੇ ਉਸ ਨੇ ਨੰਗੀ ਤਲਵਾਰ ਚੁੱਕੀ। ਉਹਦੇ ਸਿਰਿਆਂ `ਤੇ ਮਿੱਟੀ ਦੇ ਤੇਲ ਨਾਲ ਭਿੱਜੀਆਂ ਲੀਰਾਂ ਲਪੇਟੀਆਂ ਹੋਈਆਂ ਸਨ। ਉਸ ਨੇ ਸੀਖ ਘਸਾ ਕੇ ਲੀਰਾਂ ਨੂੰ ਅੱਗ ਲਾ ਲਈ। ਲੀਰਾਂ `ਚੋਂ ਅੱਗ ਦੀਆਂ ਲਾਲ ਲਪਟਾਂ ਉਠੀਆਂ। ਉਹ ਨੰਗੀ ਤਲਵਾਰ ਦੰਦਾਂ `ਚ ਫੜ ਕੇ ਤੇ ਅੱਖਾਂ ਮੁੰਦ ਕੇ ਆਪਣੇ ਗੁਰੂ ਪੀਰ ਨੂੰ ਧਿਆਉਣ ਲੱਗਾ। ਹੇਠੋਂ ਕਿਸੇ ਦੀ ਰੁਦਨਮਈ ਆਵਾਜ਼ ਆਈ-ਚਲੋ ਸਹੇਲੀਓ ਵੇਖਣ ਚੱਲੀਏ ਜਿਥੇ ਆਸ਼ਕ ਸੂਲੀ ਚੜ੍ਹਦੇ …।
ਉਸੇ ਵੇਲੇ ਲੋਕਾਂ ਨੇ ਰੌਲਾ ਪਾ ਦਿੱਤਾ। ਚਾਰ ਚੁਫੇਰਿਓਂ ਆਵਾਜ਼ਾਂ ਉਠੀਆਂ ਬਈ ਜੁਆਨ ਨੂੰ ਸੂਲੀ ਦੀ ਛਾਲ ਲਾਉਣੋਂ ਬਚਾਓ। ਕਿਸੇ ਨੇ ਕੜਾ ਕੈਂਠਾ ਇਨਾਮ ਦੇ ਕੇ ਬਾਜ਼ੀਗਰ ਨੂੰ ਸੂਲੀ ਦੀ ਛਾਲ ਲਾਉਣ ਤੋਂ ਪਹਿਲਾਂ ਹੀ ਭੁੰਜੇ ਉਤਾਰ ਲਿਆ। ਸਾਡਾ ਨਿਆਣਿਆਂ ਦਾ ਸਾਰਾ ਸੁਆਦ ਮਾਰਿਆ ਗਿਆ। ਪਰ ਬਾਅਦ `ਚ ਪਤਾ ਲੱਗਾ, ਉਦੋਂ ਕੋਈ ਵੀ ਪਿੰਡ ਨਹੀਂ ਸੀ ਚਾਹੁੰਦਾ ਕਿ ਕੋਈ ਬਾਜ਼ੀਗਰ ਸੂਲੀ ਦੀ ਛਾਲ ਲਾਉਂਦਿਆਂ ਡਿੱਗ ਪਵੇ ਤੇ ਅਪਾਹਜ ਹੋ ਕੇ ਪਿੰਡ ਨੂੰ ਸਰਾਪ ਦੇਵੇ।
ਨਿੱਕੇ ਹੁੰਦਿਆਂ ਮੈਨੂੰ ਪਿੰਡੋਂ ਬਾਹਰ ਜਾਣ ਦੇ ਬੜੇ ਘੱਟ ਮੌਕੇ ਮਿਲੇ ਸਨ। ਸਾਡਾ ਜੱਦੀ ਪੁਸ਼ਤੀ ਕਿੱਤਾ ਖੇਤੀਬਾੜੀ ਸੀ। ਖੇਤੀਬਾੜੀ ਕਰਨ ਵਾਲਿਆਂ ਦਾ ਆਉਣ ਜਾਣ ਵਧ ਤੋਂ ਵਧ ਘਰ ਤੋਂ ਖੇਤਾਂ ਤਕ ਸੀ। ਸਾਲ ਮਗਰੋਂ ਜਦੋਂ ਪੋਹ ਸੁਦੀ ਸੱਤਵੀਂ ਦਾ ਗੁਰਪੁਰਬ ਆਉਂਦਾ ਤਾਂ ਤਿੰਨ ਪਿੰਡ ਰਲ ਕੇ ਨਗਰ ਕੀਰਤਨ ਕਰਦੇ। ਉਦੋਂ ਨਗਰ ਕੀਰਤਨ ਨੂੰ ਜਲੂਸ ਕੱਢਣਾ ਕਹਿੰਦੇ ਸਨ।
ਉਦੋਂ ਸਾਨੂੰ ਨਾਲ ਲੱਗਦੇ ਪਿੰਡ ਰਾਮੇ ਤੇ ਮੀਨੀਆਂ ਜਾਣ ਦਾ ਮੌਕਾ ਮਿਲ ਜਾਂਦਾ। ਰਾਹ ਵਿੱਚ ਮਿਰਾਸੀਆਂ ਦੇ ਮੁੰਡੇ ਸ਼ਬਦ ਗਾਉਂਦੇ ਜਾਂਦੇ ਤੇ ਅਸੀਂ ਮਲ੍ਹਿਆਂ ਦੇ ਬੇਰਾਂ ਨਾਲ ਖੀਸੇ ਭਰ ਲੈਂਦੇ। ਰਾਮੂਵਾਲੀਏ ਕਵੀਸ਼ਰ ਕਰਨੈਲ ਸਿੰਘ ‘ਪਾਰਸ’ ਦਾ ਜਥਾ ਨਗਰ ਕੀਰਤਨ ਦੇ ਪੜਾਵਾਂ ਉਤੇ ਕਵੀਸ਼ਰੀ ਕਰਦਾ। ਉਹ ਬਾਹਾਂ ਕੱਢ ਕੇ ਗਾਉਂਦੇ-ਪਟਨੇ `ਚ ਚੜ੍ਹਿਆ ਸੱਚ ਦਾ ਚੰਦਰਮਾ ਆਸ਼ਕ ਆਜ਼ਾਦੀ ਦਾ …। ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਵਾਲੇ ਦੀ ਆਵਾਜ਼ ਟੱਲੀ ਵਾਂਗ ਟਣਕਦੀ।
ਕਵੀਸ਼ਰੀ ਸੁਣਦਿਆਂ ਮੇਰੇ ਮਨ `ਚ ਤਰੰਗ ਉਠਦੀ ਕਿ ਮੈਂ ਵੀ ਵੱਡਾ ਹੋ ਕੇ ਕਵੀਸ਼ਰ ਬਣਾਂਗਾ। ਜਦੋਂ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ ਉਤੇ ਬੈਠੇ ਵੇਖਦਾ ਤਾਂ ਮਨ `ਚ ਮਾਸਟਰ ਬਣਨ ਦੀ ਰੀਝ ਜਾਗਦੀ। ਚਾਹ ਤੇ ਲੱਸੀ ਦੇ ਝਗੜੇ ਦਾ ਚਿੱਠਾ ਪੜ੍ਹਿਆ ਤਾਂ ਮਨ ਨੇ ਆਖਿਆ, ਆਪਾਂ ਵੀ ਵੱਡੇ ਹੋ ਕੇ ਚਿੱਠੇ ਜੋੜਾਂਗੇ। ਮੈਨੂੰ ਇਹ ਤੁਕਬੰਦੀ ਬੜੀ ਪਸੰਦ ਸੀ ਜੋ ਅਜੇ ਤਕ ਨਹੀਂ ਭੁੱਲੀ:
-ਜਿਸ ਵੇਲੇ ਚੁੱਲ੍ਹੇ `ਤੇ ਪਤੀਲਾ ਚਮਕਦਾ
ਗੋਦੀ ਵਾਲਾ ਜੁਆਕ ਥੱਲੇ ਨੂੰ ਲਮਕਦਾ
ਇਕ ਜੁਆਕ ਆਂਵਦਾ ਮਗਰ ਰੁੜ੍ਹਦਾ
ਮਾਰੀਆਂ ਚਪੇੜਾਂ ਉਹ ਪਿੱਛੇ ਨੀ ਮੁੜਦਾ
ਮਜਾਲ ਕੀ ਉਹ ਵੇਲਾ ਕਦੇ ਜਾਵੇ ਉੱਕ ਨੀ
ਚੱਕ ਦੇਵਾਂ ਦੇਹੀ ਦੇ ਤਮਾਮ ਦੁੱਖ ਨੀ
ਮੈਨੂੰ ਪੀਂਦੇ ਲਾਟ ਅਤੇ ਲਫਟੈਣ ਨੀ
ਮੈਂ ਤਾਂ ਪੀਣ ਸਾਰ ਕਰ ਦਿਆਂ ਚਨੈਣ ਨੀ
ਅਮਲੀ ਮਨਾਉਂਦੇ ਨਿੱਤ ਮੇਰੀ ਸੁੱਖ ਨੀ
ਚੱਕ ਦੇਵਾਂ ਦੇਹੀ ਦੇ ਤਮਾਮ ਦੁੱਖ ਨੀ
ਲੱਸੀ ਨੇ ਤਾਂ ਮਾਰਿਆ ਖਿੱਚ ਕੇ ਲਫੇੜਾ ਜੀ
ਡਿੱਗ-ਪੀ ਧੜੱਕ ਚਾਹ ਤਾਂ ਖਾ ਕੇ ਗੇੜਾ ਜੀ
ਚਾਹ ਨੇ ਦੋ ਕੁ ਉੱਚੀ ਉੱਚੀ ਚਾਂਗਾਂ ਮਾਰੀਆਂ
ਅਮਲੀਆਂ ਦੇ ਹੱਥੀਂ ਛਵ੍ਹੀਆਂ ਸ਼ਿੰਗਾਰੀਆਂ
ਜਿੰਨਾ ਚਿਰ ਚਾਹ ਦੇ ਅਮਲ ਚੜ੍ਹੇ ਸੀ
ਓਨਾ ਚਿਰ ਅਮਲੀ ਬਹੁਤ ਲੜੇ ਸੀ
ਜਿਸ ਵੇਲੇ ਚਾਹ ਦੇ ਅਮਲ ਟੁੱਟਗੇ
ਵਿਚੋਂ ਦੋ ਕੁ ਅਮਲੀ ਅਲੱਗ ਉੱਠਗੇ
ਸੱਚੀ ਗੱਲ ਆਖੀ ਸਿੰਘ ਗੁਰਦਿੱਤ ਜੀ
ਲੱਸੀ ਵਾਲੇ ਵੀਰਨ ਗਏ ਨੇ ਜਿੱਤ ਜੀ
ਇਹ ਚਿੱਠਾ ਮੈਨੂੰ ਤਖਤੂਪੁਰੇ ਦੇ ਮੇਲੇ `ਚੋਂ ਚੁਰਾਏ ਚਿੱਠਿਆਂ ਵਿਚੋਂ ਮਿਲਿਆ ਸੀ। ਤਖਤੂਪੁਰਾ ਸਾਡੇ ਪਿੰਡੋਂ ਦਸ ਬਾਰਾਂ ਕਿਲੋਮੀਟਰ ਹੈ। ਉਦੋਂ ਅਸੀਂ ਪੰਜ ਕੋਹ ਕਿਹਾ ਕਰਦੇ ਸਾਂ। ਉਥੇ ਆਏ ਸਾਲ ਮਾਘੀ ਦਾ ਮੇਲਾ ਭਰਦਾ ਤੇ ਬੜੀਆਂ ਰੌਣਕਾਂ ਲੱਗਦੀਆਂ। ਮੇਲੀ ਗੇਲੀ ਆਪਣੀਆਂ ਪੱਗਾਂ ਰੰਗਾਉਂਦੇ ਤੇ ਮਾਵੇ ਲੁਆਉਂਦੇ। ਤਲੇ ਜਾਂਦੇ ਪਕੌੜਿਆਂ ਦੀਆਂ ਸਲੂਣੀਆਂ ਮਹਿਕਾਂ ਚੰਡੋਲਾਂ ਤੇ ਚਕਰਚੂੰਡਿਆਂ ਤਕ ਖਿਲਰ ਜਾਂਦੀਆਂ। ਪੋਨੇ ਗੰਨੇ ਵੇਚਣ ਵਾਲੇ ਅੱਡ ਹੋਕੇ ਦਿੰਦੇ। ਧੂੜਾਂ ਉਡਦੀਆਂ, ਘੋੜੀਆਂ ਹਿਣਕਦੀਆਂ ਤੇ ਬੋਤੇ ਬੁੱਕਦੇ। ਕਈ ਬੋਤੇ ਮਸਤੀ `ਚ ਆਏ ਮੱਘੇ ਕੱਢਦੇ। ਮੈਨੂੰ ਬੋਤੇ ਦੇ ਸਵਾਰ ਨੂੰ ਬੋਤੇ ਵੇਖਣੇ ਚੰਗੇ ਲੱਗਦੇ। ਜੀਅ ਕਰਦਾ ਉਥੇ ਵੀ ਬੋਤੇ ਦੀ ਸਵਾਰੀ ਕਰਾਂ।
ਉਦੋਂ ਅਸੀਂ ਪੈਦਲ ਹੀ ਮੇਲਾ ਵੇਖਣ ਚਲੇ ਜਾਂਦੇ ਸਾਂ। ਹਰੀਆਂ ਕਚਾਰ ਕਣਕਾਂ ਵਿੱਚ ਦੀ ਡੰਡੀਓ-ਡੰਡੀ ਪਏ ਹੱਸਦੇ ਖੇਡਦੇ ਵਗੇ ਤੁਰੇ ਜਾਂਦੇ। ਲਾਂਭ ਚਾਂਭ ਸਰ੍ਹਵਾਂ ਦੇ ਪੀਲੇ ਫੁੱਲ ਖਿੜੇ ਹੁੰਦੇ। ਸਾਡੇ ਖੀਸਿਆਂ ਵਿੱਚ ਭਾਨ ਛਣਕਦੀ ਤੇ ਨਾਲ ਹਾਸੇ ਵੀ ਛਣਕਦੇ ਜਾਂਦੇ। ਬਚਪਨ ਦਾ ਉਹ ਮੇਲਾ ਵੱਡੇ ਹੁੰਦਿਆਂ ਦਾ ਡਿਜ਼ਨੀਲੈਂਡ ਹੀ ਤਾਂ ਸੀ। ਉਥੇ ਅਸੀਂ ਚੰਡੋਲਾਂ ਝੂਟਦੇ, ਜਲੇਬੀਆਂ ਖਾਂਦੇ ਤੇ ਟੂਰਨਾਮੈਂਟ ਵੇਖਦੇ। ਦਾਅ ਲਾ ਕੇ ਚਿੱਠੇ ਵੀ ਚੁੱਕ ਚੁਰਾ ਲੈਂਦੇ ਤੇ ਫੇਰ ਦੀਵੇ ਦੀ ਲੋਅ ਵਿੱਚ ਘਰ ਦਿਆਂ ਤੋਂ ਚੋਰੀ ਪੜ੍ਹਦੇ।ਮੈਨੂੰ ਬਚਪਨ ਦੇ ਤੋਰੇ ਫੇਰੇ ਨੇ ਤਿੰਨ ਆਦਤਾਂ ਪਾਈਆਂ। ਪਹਿਲੀ ਆਦਤ ਪੈਦਲ ਚੱਲਣ ਦੀ ਪਈ ਜੋ ਹਾਲਾਂ ਤਕ ਬਰਕਰਾਰ ਹੈ। ਅੱਜ ਵੀ ਮੇਰੇ ਲਈ ਚਾਰ ਪੰਜ ਕਿਲੋਮੀਟਰ ਤੁਰਨਾ ਲੱਤਾਂ ਹਿਲਾਉਣ ਸਮਾਨ ਹੈ। ਕਦੇ ਕਦੇ ਮੇਰੀ ਸੈਰ ਸੱਤ ਅੱਠ ਕਿਲੋਮੀਟਰ ਤਕ ਵੀ ਚਲੀ ਜਾਂਦੀ ਹੈ। ਪੰਜ ਛੇ ਕਿਲੋਮੀਟਰ ਤੁਰੇ ਬਿਨਾਂ ਤਾਂ ਮੈਨੂੰ ਨੀਂਦ ਹੀ ਨਹੀਂ ਆਉਂਦੀ। ਦੂਜੀ ਆਦਤ ਚਿੱਠਿਆਂ ਤੋਂ ਪੁਸਤਕਾਂ ਪੜ੍ਹਨ ਦੀ ਪਈ ਤੇ ਤੀਜੀ ਮੇਲੇ ਵੇਖਣ ਦਾ ਸ਼ੌਂਕੀ ਬਣ ਗਿਆ। ਇਨ੍ਹਾਂ ਤਿੰਨਾਂ ਆਦਤਾਂ ਨੇ ਹੀ ਮੈਨੂੰ ਹਾਲੇ ਤਕ ਤਰੋਤਾਜ਼ਾ ਰੱਖਿਆ ਹੋਇਐ। ਜੀਹਨੇ ਦੁਨੀਆਂ ਦਾ ਮੇਲਾ ਵੇਖਣਾ ਹੋਵੇ ਉਹ ਹੋਰ ਕੁੱਝ ਕਰੇ ਜਾਂ ਨਾ ਕਰੇ ਪਰ ਤੋਰਾ ਫੇਰਾ ਜ਼ਰੂਰ ਰੱਖੇ।ਤੋਰੇ ਫੇਰੇ ਵਿੱਚ ਹੀ ਜੀਵਨ ਦਾ ਚਾਅ ਹੈ, ਖੇੜਾ ਹੈ ਤੇ ਅਨੰਦ ਹੈ। ਕੁੱਝ ਵੇਖਣ ਦੀ ਇੱਛਾ ਤੇ ਕੁੱਝ ਮਾਣਨ ਦੀ ਰੀਝ ਹਮੇਸ਼ਾਂ ਬਣੀ ਰਹਿਣੀ ਚਾਹੀਦੀ ਹੈ। ਇੱਛਾ ਮੁੱਕ ਜਾਵੇ ਤਾਂ ਜੀਵਨ ਦੇ ਆਹਰ ਈ ਮੁੱਕ ਜਾਂਦੇ ਨੇ। ਰੀਝਾਂ ਮਰ ਜਾਣ ਤਾਂ ਕਲਪਨਾ ਵੀ ਕੁਮਲਾਅ ਜਾਂਦੀ ਏ। ਬੰਦਾ ਇੱਛਾਵਾਂ ਤੇ ਕਾਮਨਾਵਾਂ ਦੇ ਸਿਰ `ਤੇ ਹੀ ਪੀੜ੍ਹੀ ਦਰ ਪੀੜ੍ਹੀ ਜੀਂਦਾ ਆ ਰਿਹੈ। ਕੁੱਝ ਕਰਨ ਦੀ ਤੇ ਕੁੱਝ ਮਾਣਨ ਦੀ ਤਰੰਗ ਅਤੇ ਇਸ ਤਰੰਗ ਨੂੰ ਪੂਰੀ ਕਰਨ ਲਈ ਆਹਰੇ ਲੱਗੇ ਰਹਿਣਾ ਈ ਜ਼ਿੰਦਗੀ ਹੈ।ਇਕ ਗੱਲ ਹੋਰ ਵੀ ਹੈ। ਧਰਤੀ, ਚੰਦ, ਸੂਰਜ ਤੇ ਤਾਰੇ ਸਭ ਹਰਕਤ ਵਿੱਚ ਹਨ। ਪੰਖੇਰੂ ਬਿਨਾਂ ਮਤਲਬ ਈ ਉਡਾਰੀਆਂ ਨਹੀਂ ਭਰੀ ਜਾਂਦੇ। ਹੀਰੇ ਹਿਰਨ ਭਲਾ ਕਾਹਦੇ ਲਈ ਚੁੰਗੀਆਂ ਭਰਦੇ ਹਨ? ਮੱਛੀਆਂ ਪਾਣੀ ਵਿੱਚ ਕਿਉਂ ਤਰਦੀਆਂ ਤੇ ਕਲੋਲਾਂ ਕਰਦੀਆਂ ਹਨ? ਦਰਿਆ ਵਗਦੇ ਰਹਿਣ ਨਾਲ ਈ ਤਰੋਤਾਜ਼ਾ ਨੇ। ਖੜ੍ਹੇ ਪਾਣੀ ਮੁਸ਼ਕ ਮਾਰਨ ਲੱਗ ਪੈਂਦੇ ਨੇ। ਘੁਰਨਿਆਂ `ਚ ਬੈਠੇ ਤਾਂ ਸ਼ੇਰ ਬਘੇਲੇ ਵੀ ਸ਼ਿਕਾਰ ਨਾ ਮਾਰ ਸਕਣ ਤੇ ਭੁੱਖੇ ਮਰ ਜਾਣ।ਹਵਾਵਾਂ ਰੁਮਕਦੀਆਂ ਰਹਿੰਦੀਆਂ ਹਨ ਅਤੇ ਧੁੱਪਾਂ ਚੜ੍ਹਦੀਆਂ ਤੇ ਲਹਿੰਦੀਆਂ ਹਨ। ਬ੍ਰਹਿਮੰਡ ਦਾ ਨਾਦ ਸਦਾ ਵੱਜਦਾ ਰਹਿੰਦਾ ਹੈ। ਇਹੋ ਤਾਂ ਜੀਵਨ ਦਾ ਭੇਤ ਹੈ। ਹਰਕਤ ਵਿੱਚ ਹੀ ਜ਼ਿੰਦਗੀ ਹੈ। ਕੁਦਰਤ ਦਾ ਸ਼ੁਕਰ ਹੈ ਕਿ ਹਾਲਾਂ ਹਰਕਤ ਵਿੱਚ ਹਾਂ ਤੇ ਘੁੰਮ ਫਿਰ ਕੇ ਦੁਨੀਆਂ ਵੇਖ ਰਿਹਾਂ।