ਇਨਪੁੱਟ ਸਾਧਨ: ਕੀਅਬੋਰਡ
ਕੰਪਿਊਟਰ ਨੂੰ ਕਮਾਂਡ ਦੇਣ ਦੇ ਇਨਪੁੱਟ ਸਾਧਨਾਂ ਵਿੱਚੋਂ ਕੀਅਬੋਰਡ ਸਭ ਤੋਂ ਵੱਧ ਮਹੱਤਵਪੂਰਨ ਹੈ। ਵਰਤੋਂਕਾਰ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਥੇ ਮਿਆਰੀ ਕੀਅਬੋਰਡ ‘ਕਵਰਟੀ’ ਬਾਰੇ ਗੱਲਬਾਤ ਕੀਤੀ ਜਾਏਗੀ। ਕਵਰਟੀ ਨਾਂ ਇਸਦੀ ਉੱਪਰਲੀ ਲਾਈਨ ਦੇ ਪਹਿਲੇ 6 ਅੱਖਰਾਂ (ਕਿਊ, ਡਬਲਿਊ, ਈ, ਆਰ, ਟੀ ਅਤੇ ਵਾਈ) ਨੂੰ ਜੋੜਕੇ ਦਿੱਤਾ ਗਿਆ ਹੈ।
ਟਾਈਪਰਾਈਟਰ ਨਾਲ਼ੋਂ ਕੰਪਿਊਟਰ ਵਿੱਚ ਲਿਖਣ ਦੀਆਂ ਅਨੇਕ ਸੌਖੀਆਂ ਵੀਧੀਆਂ ਹਨ। ਕੰਪਿਊਟਰ ਦੇ ਕੀਅਬੋਰਡ ਦੀਆਂ ਕੀਆਂ ਵਿੱਚ, ਟਾਈਪ ਰਾਈਟਰ ਦੀ ਥਾਂ, ਅਨੇਕ ਵਾਧੇ ਘਾਟੇ ਕੀਤੇ ਗਏ ਹਨ। ਕੰਪਿਊਟਰ ਦਾ ਗੁਣ ਹੈ ਕਿ ਇਸ ਨੂੰ ਕੀਅਬੋਰਡ ਨਾਲ ਨਿੱਕਾ ਜਿਹਾ ਇਸ਼ਾਰਾ ਮਿਲਣ ’ਤੇ ਇਹ ਵੱਡੇ-ਵੱਡੇ ਕੰਮ ਕਰ ਜਾਂਦਾ ਹੈ। ਇਸਦੇ ਕੀਅਬੋਰਡ ਨੂੰ ਸਮਝਣ ਲਈ ਕੁਝ ਭਾਗਾਂ ਵਿੱਚ ਵੰਡ ਲੈਣਾ ਠੀਕ ਰਹੇਗਾ।
ਤਿੰਨ ਵੱਡੇ ਪਾਰਟ: 1. ਟਾਈਪਿੰਗ ਪਾਰਟ, ਮੁੱਖ ਤੌਰ ’ਤੇ ਟਾਈਪ ਇਸੇ ਪਾਰਟ ਨਾਲ ਕੀਤਾ ਜਾਂਦਾ ਹੈ। 2. ਨੇਵੀਗੇਸ਼ਨ ਜਾਂ ਕਰਸਰੀ ਪਾਰਟ, ਇਸ ਪਾਰਟ ਦੀ ਵਰਤੋਂ ਨਾਲ ਸੋਧ-ਸੁਧਾਈ ਵੇਲੇ ਲੋੜ ਅਨੁਸਾਰ ਕਰਸਰ ਨੂੰ ਰਚਨਾ ਦੇ ਉੱਪਰ-ਥੱਲੇ ਸੱਜੇ-ਖੱਬੇ ਆਸਾਨੀ ਨਾਲ ਲੈ ਜਾਇਆ ਜਾ ਸਕਦਾ ਹੈ। 3. ਅੰਕੜੀ ਜਾਂ ਨਿਊਮੈਰੀਕਲ ਪਾਰਟ, ਇਹ ਪਾਰਟ ਮੁੱਖ ਤੌਰ ’ਤੇ ਅੰਕਾਂ ਨੂੰ ਟਾਈਪ ਕਰਨ ਲਈ ਹੈ। ਇਨ੍ਹਾਂ ਪਾਰਟਾਂ ਦੇ ਅੱਗੇ ਭਾਗਾਂ ਦਾ ਵਰਨਣ:
ਪਹਿਲਾ ਵੱਡਾ ਪਾਰਟ ਟਾਈਪਿੰਗ: ਇਸਦੇ ਉੱਪਰ 12 ਫੰਕਸ਼ਨ ਕੀਆਂ (ਐੱਫ1 ਤੋਂ ਐੱਫ12 ਤਕ) ਹੁੰਦੀਆਂ ਹਨ, ਜੋ ਵੱਖੋ ਵੱਖਰੇ ਕਾਰਜ ਕਰਨ ਵਿੱਚ ਸਹਾਈ ਹੁੰਦੀਆਂ ਹਨ। ਜਿਵੇਂ ਐੱਫ 1; ਸਹਾਇਤਾ ਲੈਣ ਲਈ, ਐੱਫ 7; ਸ਼ਬਦਜੋੜ ਚੈੱਕ ਕਰਨ ਲਈ, ਸ਼ਿਫਟ ਐੱਫ 7 ਬਹੁਅਰਥੇ ਸ਼ਬਦ ਦੇਖਣ ਲਈ, ਆਦਿ। ਇਨ੍ਹਾਂ ਦੇ ਆਰੰਭ ਵਿੱਚ ਈਐੱਸਸੀ (ਐਸਕੇਪ) ਕੀਅ ਹੈ। ਜੋ ਕਰਸਰ ਵਾਲ਼ੇ ਕਿਸੇ ਵੀ ਡਾਇਲੌਗ ਬੌਕਸ ਨੂੰ ਬੰਦ ਕਰਨ ਦਾ ਕੰਮ ਕਰਦੀ ਹੈ। ਇਸਦੀ ਵਰਤੋਂ ਰੱਜਕੇ ਕਰਨੀ ਚਾਹੀਦੀ ਹੈ। ਐੱਫ ਕੀਆਂ ਦੇ ਸੱਜੇ ਪਾਸੇ ਤਿੰਨ ਹੋਰ ਮਹੱਤਵੀ ਕੀਆਂ ਹਨ; 1, ਇਨਸਰਟ; ਓਵਰ ਰਾਈਟ ਕਰਨ ਲਈ। 2. ਪ੍ਰਿੰਟ ਸਕਰੀਨ; ਮੌਨੀਟਰ ਦੀ ਸਕਰੀਨ ਨੂੰ ਪ੍ਰਿੰਟ ਕਰਨ ਲਈ। ਅਤੇ 3. ਪੌਜ਼/ਬ੍ਰੇਕ; ਚੱਲ ਰਹੇ ਕਾਰਜ ਨੂੰ ਰੋਕਣ ਲਈ।
ਟਾਈਪਿੰਗ ਵੱਡੇ ਪਾਰਟ ਦੇ ਅੱਗੇ ਪੰਜ ਭਾਗ ਹਨ; 1. ਕੇਂਦਰੀ, 2. ਉੱਪਰਲਾ, 3. ਖੱਬਾ, 4. ਹੇਠਲਾ ਅਤੇ 5. ਸੱਜਾ ਭਾਗ।
ਕ. ਕੇਂਦਰੀ ਭਾਗ: ਇਹ ਵਿਚਕਾਰਲੀਆਂ ਤਿੰਨਾਂ ਲਾਈਨਾਂ ਵਿੱਚ ਖਿੱਲਰਿਆ ਹੋਇਆ ਹੈ। ਇਸ ਵਿੱਚ ਭਾਸ਼ਾ-ਲਿੱਪੀ ਦੇ ਸਾਰੇ ਅੱਖਰ (ਏ ਤੋਂ ਜ਼ੈੱਡ ਤਕ) ਅਤੇ ਵਿਸ਼ਰਾਮ ਚਿੰਨ੍ਹ ਟਾਈਪ ਕਰਨ ਲਈ ਕੀਆਂ ਹਨ।
ਖ. ਉੱਪਰਲਾ ਭਾਗ: ਕੇਂਦਰੀ ਭਾਗ ਦੇ ਉੱਪਰਲੀ ਇਸ ਲਾਈਨ ਵਿੱਚ 0, 1 ਤੋਂ 9 ਤਕ ਅੰਕ ਤੇ ਘਟਾਓ, ਵਧਾਓ ਤੇ ਜੋੜੋ ਦੇ ਚਿੰਨ੍ਹ ਅਤੇ ਕਦੀ-ਕਦੀ ਵਰਤੋਂ ਵਿੱਚ ਆਉਣ ਵਾਲ਼ੇ ਕੁਝ ਹੋਰ ਚਿੰਨ੍ਹ ਹਨ। ਇਸਦੇ ਧੁਰ ਖੱਬੇ ਐੱਸ ਤੋਂ ਪਹਿਲੋਂ ਪੈਣ ਵਾਲ਼ਾ ਕੌਮਾ (ਅਪੌਸਟ੍ਰੌਫੀ ਕੌਮਾ) ਜਾਂ ’ਤੇ, ‘ਤੋਂ, ਵਿੱਚ, ਵਿੱਚੋਂ ਨਾਲ ਪੈਣ ਵਾਲ਼ਾ ਕੌਮਾ ਹੈ।
ਗ. ਖੱਬਾ ਭਾਗ: ਉ. ਟੈਬ ਕੀਅ; ਰਚਨਾ ਵਿੱਚ ਟੈਬ ਪਾਉਣ, ਟੇਬਲ ਵਿੱਚ ਅਗਲੇ ਜਾਂ ਪਿਛਲੇ ਘਰ ਵਿੱਚ ਕਰਸਰ ਲੈ ਜਾਣ ਜਾਂ ਡਾਇਲੌਗ ਬੌਕਸ ਵਿੱਚ ਕਰਸਰ ਨੂੰ ਅਗਲੀ ਪਿਛਲੀ ਕਮਾਂਡ ਉੱਤੇ ਲੈ ਜਾਣ ਲਈ ਇਸਦੀ ਵਰਤੋਂ ਹੁੰਦੀ ਹੈ। ਇਸ ਕੀਅ ਉੱਤੇ ਟੈਬ ਲਿਖਣ ਦੇ ਨਾਲ ਦੋ ਸੱਜੇ ਖੱਬੇ ਨੂੰ ਤੀਰ ਬਣੇ ਹੁੰਦੇ ਹਨ। ਭਾਵ ਇਹ ਦੋਹਾਂ ਪਾਸਿਆਂ ਦੀ ਡਿਊਟੀ ਕਰਦਾ ਹੈ। ਅ. ਕੈਪਸ ਲੌਕ ਕੀਅ; ਇਹ ਟੌਗਲ ਕੀਅ ਹੈ। ਇੱਕ ਵੇਰ ਦੱਬਣ ਨਾਲ ਔਨ ਹੀ ਰਹਿੰਦੀ ਹੈ। ਔਫ ਕਰਨ ਲਈ ਇਸ ਨੂੰ ਫਿਰ ਦੱਬਣਾ ਪਏਗਾ। ਇਹ ਸ਼ਬਦਾਂ ਦੇ ਕੇਸ ਬਦਲਦੀ ਹੈ। ਜਦੋਂ ਦੋ-ਚਾਰ ਤੋਂ ਵੱਧ ਵੱਡੇ ਅੱਖਰ ਟਾਈਪ ਕਰਨੇ ਹਨ ਤਾਂ ਇਸ ਨੂੰ ਦਬਾਉਣਾ ਚਾਹੀਦਾ ਹੈ, ਆਮ ਹੀ ਨਹੀਂ। ੲ. ਸ਼ਿਫਟ ਕੀਅ; ਜਦੋਂ ਵਾਕ ਦਾ ਪਹਿਲਾ ਅੱਖਰ ਵੱਡਾ ਪਾਉਣਾ ਹੋਵੇ (ਅੰਗਰੇਜ਼ੀ ਵਿੱਚ) ਤਾਂ ਇਸਦੀ ਵਰਤੋਂ ਕੀਤੀ ਜਾਂਦੀ ਹੈ। ਗੁਰਮੁਖੀ, ਹਿੰਦੀ ਤੇ ਉਰਦੂ ਟਾਈਪ ਕਰਦੇ ਸਮੇਂ ਇਸਦੀ ਆਮ ਹੀ ਲੋੜ ਪੈਂਦੀ ਹੈ। ਸ. ਸੀਟੀਆਰਐੱਲ ਭਾਵ ਕੰਟਰੋਲ ਕੀਅ; ਇਹ ਟਾਈਪਿੰਗ ਕੀਆਂ ਤੋਂ ਹੋਰ ਵਾਧੂ ਕੰਮ ਲੈਂਦੀ ਹੈ, ਖਾਸ ਕਰਕੇ ਸੰਖੇਪੀ ਕੀਆਂ (ਸੌਰਟ ਕੱਟ ਕੀਆਂ) ਨੂੰ ਕਮਾਂਡ ਦੇਣ ਲਈ। ਸੂਚਨਾ; ਸ਼ਿਫਟ, ਕੰਟਰੋਲ, ਆਲਟ (ਏਐਲਟੀ) ਆਦਿ ਕੀਆਂ ਆਪਸੀ ਜੋੜ-ਮੇਲ ਨਾਲ ਕਮਾਂਡ ਦੇਣ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਂਦੀਆਂ ਹਨ।
ਘ. ਹੇਠਲਾ ਭਾਗ: ਉ. ਵਿੰਡੋ ਜਾਂ ਸਟਾਰਟ ਕੀਅ; ਇਸਦੇ ਦਬਾਉਣ ਨਾਲ ਨਵੀਂ ਵਿੰਡੋ ਖੁੱਲ੍ਹਦੀ ਹੈ, ਜਿਸ ਵਿੱਚ ਬਹੁਤ ਸਾਰੇ ਐਪਸ ਆਦਿ ਪਏ ਹੁੰਦੇ ਹਨ। ਅ. ਫੰਕਸ਼ਨ ਕੀਅ; ਇਹ ਵਰਤੋਂਕਾਰ ਨੂੰ ਵਿਸ਼ੇਸ਼ ਰੰਗ ਨਾਲ ਦਰਸਾਏ ਗਏ ਵਿਸ਼ੇਸ਼ ਕਮਾਂਡਾਂ ਨਾਲ ਜੋੜਦੀ ਹੈ। ੲ. ਆਲਟ ਕੀਅ; ਇਸ ਕੀਅ ਦੇ ਤਿੰਨ ਵਿਸ਼ੇਸ਼ ਕੰਮ ਹਨ ਜੋ ਹੋਰ ਕੀਆਂ ਨਹੀਂ ਕਰ ਸਕਦੀਆਂ; ਪਹਿਲਾ, ਕੀਅ ਟਿੱਪਸ ਨੂੰ ਔਨ/ਔਫ ਕਰਨਾ। ਦੂਜਾ, ਆਲਟ ਨੰਬਰ ਪਾਉਣੇ। ਤੀਜਾ. ਵਰਤੋਂਕਾਰ ਲਈ ਸੰਖੇਪੀ ਕੀਆਂ ਦਾ ਪ੍ਰਬੰਧ ਕਰਨਾ। ਸ. ਸਪੇਸ ਬਾਰ; ਇਹ ਇੱਕ 3/4 ਇੰਚ ਲੰਬੀ ਕੀਅ ਹੈ, ਜੋ ਦੋ ਸ਼ਬਦਾਂ ਵਿਚਕਾਰ ਸਪੇਸ ਪਾਉਣ ਦੇ ਕੰਮ ਆਉਂਦੀ ਹੈ। ਹ. ਸੱਜੇ ਪਾਸੇ ਖੱਬੇ ਪਾਸੇ ਵਾਲ਼ੀਆਂ ਕੀਆਂ ਦਾ ਹੀ ਦੁਹਰਾਉ ਹੁੰਦਾ ਹੈ। ਪਰ ਕਈ ਵੇਰ ਇਹ ਕੁਝ ਵੱਖਰੇ ਕੰਮ ਵੀ ਕਰਦੀਆਂ ਹਨ।
ਙ. ਸੱਜਾ ਭਾਗ: ਉ. ਐਂਟਰ ਕੀਅ; ਨਵਾਂ ਪੈਰਾ ਬਣਾਉਂਦੀ ਹੈ ਅਤੇ ਕਮਾਂਡ ਨੂੰ ਓਕੇ ਕਰਦੀ ਹੈ। ਅ. ਬੈਕ ਸਪੇਸ; ਕਰਸਰ ਵਾਲੀ ਥਾਂ ਤੋਂ ਪਿੱਛੇ ਨੂੰ ਇੱਕ ਕ੍ਰੈਕਟਰ ਮਿਟਾਉਂਦੀ (ਡੀਲੀਟ ਕਰਦੀ) ਹੈ।
ਦੂਜਾ ਵੱਡਾ ਪਾਰਟ ਕਰਸਰੀ ਕੀਆਂ: ਇਸਦੇ ਦੋ ਭਾਗ ਹਨ। ਉ. ਹੇਠਲਾ; ਚਾਰ ਤੀਰ। ਸੱਜੇ ਖੱਬੇ ਦੇ ਤੀਰ ਕਰਸਰ ਨੂੰ ਇੱਕ ਕ੍ਰੈੱਕਟਰ ਸੱਜੇ ਖੱਬੇ ਲੈ ਜਾਂਦੇ ਹਨ। ਉੱਪਰ ਥੱਲੇ ਵਾਲ਼ੇ ਤੀਰ ਕਰਸਰ ਨੂੰ ਇੱਕ ਲਾਈਨ ਉੱਪਰ ਥੱਲੇ ਲੈ ਜਾਂਦੇ ਹਨ। ਅ. ਉੱਪਰਲਾ; ਪੰਜ ਕੀਆਂ। ਹੋਮ ਕੀਅ, ਕਰਸਰ ਲਾਈਨ ਵਿੱਚ ਕਿਤੇ ਵੀ ਹੋਵੇ ਉਸ ਨੂੰ ਉਸ ਲਾਈਨ ਦੇ ਆਰੰਭ ਵਿੱਚ ਲੈ ਜਾਂਦੀ ਹੈ। ਐੰਡ ਕੀਅ ਕਰਸਰ ਨੂੰ ਲਾਈਨ ਦੇ ਐੰਡ ’ਤੇ ਲੈ ਜਾਂਦੀ ਹੈ। ਪੇਜ ਅੱਪ ਜਾਂ ਡਾਊਨ ਕੀਆਂ, ਮੌਨੀਟਰ ਉੱਤੇ ਦਿੱਖ ਰਹੇ ਇੱਕ ਪੇਜ ਨੂੰ ਉੱਪਰ ਥੱਲੇ ਕਰਦੀਆਂ ਹਨ। ਡੀਲੀਟ ਕੀਅ, ਕਰਸਰ ਤੋਂ ਸੱਜੇ ਪਾਸੇ ਵਾਲ਼ੇ ਇੱਕ ਕ੍ਰੈੱਕਟਰ ਨੂੰ ਡੀਲੀਟ ਕਰਦੀ ਹੈ।
ਤੀਜਾ ਵੱਡਾ ਪਾਰਟ ਅੰਕੜੀ ਜਾਂ ਨਿਊਮੈਰੀਕਲ: ਇਸ ਭਾਗ ਦੀਆਂ ਦੋ ਹਾਲਤਾਂ ਹਨ। ਇੱਕ; ਨਮ ਲੌਕ, ਜੋ ਨਮ ਲੌਕ ਇੱਕ ਬਾਰ ਦਬਾਉਣ ਨਾਲ ਪ੍ਰਾਪਤ ਹੁੰਦੀ ਹੈ। ਇਸ ਹਾਲਤ ਵਿੱਚ ਕੇਵਲ ਨੰਬਰਾਂ ਅਤੇ ਜੋੜੋ ਘਟਾਓ ਆਦਿ ਉੱਤੇ ਕੰਮ ਕੀਤਾ ਜਾ ਸਕਦਾ ਹੈ। ਨਮ ਲੌਕ ਔਫ ਕਰਨ ਨਾਲ ਇਸ ਤੋਂ ਦੂਜੇ ਮੋਟੇ ਭਾਗ ਵਾਲ਼ਾ ਕੰਮ ਲਿਆ ਜਾ ਸਕਦਾ ਹੈ। ਇਹ ਭਾਗ ਹਿਸਾਬ ਕਿਤਾਬ ਲਈ ਪੂਰਨ ਸਮਰੱਥ ਹੈ।
***
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 6 - ਇਨਪੁੱਟ ਸਾਧਨ - ਮਾਊਸ
ਕੰਪਿਊਟਰ ਦੇ ਇਨਪੁੱਟ ਸਾਧਨਾਂ ਵਿੱਚ ਕੀ ਬੋਰਡ ਦੇ ਨਾਲ-ਨਾਲ, ਸੱਗੀ ਨਾਲ ਪ੍ਰਾਂਦੇ ਵਾਂਗ, ਇੱਕ ਲੋੜੀਂਦਾ ਸਾਧਨ ਮਾਊਸ ਵੀ ਹੈ। ਕਿਉਂਕਿ ਇਹ ਚੂਹੇ ਵਾਂਗ ਦਿਖਾਈ ਦਿੰਦਾ ਹੈ ਅਤੇ ਇਸ ਨਾਲ ਪੂਛ ਵੀ ਹੁੰਦੀ ਹੈ ਇਸ ਲਈ ਇਸਦਾ ਨਾਂ ਮਾਊਸ ਰੱਖਿਆ ਗਿਆ ਹੈ। ਸਮੇਂ ਨਾਲ ਇਸਦੀ ਪੂਛ, ਨਾਲ਼ੋਂ ਲਹਿ ਗਈ ਹੈ ਅਤੇ ਇਹ ਵੀ ਬਿਨਾਂ ਤਾਰ ਹੋ ਗਿਆ ਹੈ। ਕਈ ਕਮਾਂਡਾਂ ਮਾਊਸ ਤੋਂ ਬਗੈਰ ਦਿੱਤੀਆਂ ਹੀ ਨਹੀਂ ਜਾ ਸਕਦੀਆਂ ਅਤੇ ਜਦੋਂ ਅਸੀਂ ਸੋਧ ਸੁਧਾਈ ਕਰਦੇ ਹਾਂ ਤਾਂ ਇਹ ਸਭ ਤੋਂ ਵੱਧ ਨੇੜੇ (ਹੈਂਡੀ) ਅਤੇ ਸਭ ਤੋਂ ਵੱਧ ਸੌਖਾ ਸਹਾਈ ਹੁੰਦਾ ਹੈ।
ਬਹੁਤ ਸਾਰੀਆਂ ਕਮਾਂਡਾਂ ਐਸੀਆਂ ਹਨ ਜੋ ਕੀਅਬੋਰਡ ਅਤੇ ਮਾਊਸ ਦੋਹਾਂ ਨਾਲ ਦਿੱਤੀਆਂ ਜਾ ਸਕਦੀਆਂ ਹਨ। ਸੋ ਸਲਾਹ ਇਹੋ ਹੀ ਦਿੱਤੀ ਜਾਂਦੀ ਹੈ ਕਿ ਜਦੋਂ ਕੀਬੋਰਡ ਦੀ ਬਰਤੋਂ ਹੋ ਰਹੀ ਹੋਵੇ ਤਾਂ ਹੱਥ ਮਾਊਸ ਵੱਲ ਲਿਜਾ ਕੇ ਆਪਣੀ ਸ਼ਕਦੀ ਬਰਬਾਰਦ ਨਾ ਕਰੋ ਅਤੇ ਜਦੋਂ ਮਾਊਸ ਨਾਲ ਕੰਮ ਕਰ ਰਹੇ ਹੋਵੋ ਤਾਂ ਜੋ ਕਰ ਸਕਦਾ ਹੈ ਸਾਰੇ ਕੰਮ ਮਾਊਸ ਕੋਲ਼ੋਂ ਹੀ ਕਰਵਾਓ। ਇਸਦੇ ਬੜੇ ਥੋੜ੍ਹੇ ਜਿਹੇ ਗਿਣਵੇਂ-ਚੁਣਵੇਂ ਹੀ ਪੁਰਜ਼ੇ ਹੁੰਦੇ ਹਨ। ਪਰ ਹੁੰਦੇ ਹਨ ਮਹੱਤਵਪੂਰਨ। ਇਸਦੀ ਵਰਤੋਂ ਵੇਲੇ ਇਸਦੀ ਪਿੱਠ ਉੱਤੇ ਆਪਣਾ ਹੱਥ ਇਸ ਤਰ੍ਹਾਂ ਰੱਖੋ ਕਿ ਅੰਗੂਠੇ ਤੇ ਅਖੀਰਲੀਆਂ ਦੋ ਉਂਗਲਾਂ ਰਾਹੀਂ ਇਸ ਨੂੰ ਫੜਕੇ ਹਥੇਲੀ ਨਾਲ ਮਾਊਸ ਅਤੇ ਡੈਸਕ ਇੱਕਮਿੱਕ ਹੋ ਜਾਣ ਅਤੇ ਤੁਹਾਡੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਕਲਿੱਕ ਕਰਨ ਲਈ ਸੁਤੰਤਰ ਰਹਿਣ। ਮਾਊਸ ਨੂੰ ਡੈਸਕ ਉੱਤੋਂ ਤਿਲ੍ਹਕ ਕੇ ਬੇਲੋੜੀ ਕਮਾਂਡ ਚਲਾ ਦੇਣ ਦੀ ਆਦਤ ਹੈ। ਖਾਸ ਕਰਕੇ ਸੀਨੀਅਰਾਂ ਨਾਲ ਇਹ ਝੇਡਾਂ ਕਰਦਾ ਹੈ। ਪਹਿਲੋਂ-ਪਹਿਲੋਂ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ ਨੂੰ ਕਾਬੂ ਕਰ ਲੈਣਾ ਸੌਖਾ ਹੀ ਹੈ।
1. ਲੈਫਟ ਕਲਿੱਕ: ਆਮ ਵਰਤੋਂ ਲਈ ਇਸਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਹ ਸੱਜੇ ਹੱਥ ਦੀ ਪਹਿਲੀ ਉਂਗਲ਼ ਨਾਲ ਕਲਿੱਕ ਕੀਤੀ ਜਾਂਦੀ ਹੈ। ਸੰਖੇਪਤਾ ਲਈ ਇਸ ਨੂੰ ਕੇਵਲ ‘ਕਲਿੱਕ’ ਹੀ ਕਿਹਾ ਜਾਂਦਾ ਹੈ। ਇਸਦੇ ਨਾਲ ਸ਼ਬਦ ‘ਲੈਫਟ ਅਤੇ ਮਾਊਸ’ ਨਹੀਂ ਲਾਏ ਜਾਂਦੇ। ਇਸਦੀਆਂ ਤਿੰਨ ਕਲਿੱਕਾਂ ਹੁੰਦੀਆਂ ਹਨ। ਉ. ਕਲਿੱਕ: ਕਰਸਰ ਨੂੰ ਕਿਸੇ ਥਾਂ ਉੱਤੇ ਸਤਰਕ ਕਰਨ ਜਾਂ ਲੈ ਜਾਣ ਲਈ ਮਾਊਸ ਨੂੰ ਉਸ ਥਾਂ ਲਿਜਾਕੇ ਕਲਿੱਕ ਕੀਤੀ ਜਾਂਦੀ ਹੈ। ਕਰਸਰ ਉਸ ਥਾਂ ਉੱਤੇ ਜਗ-ਬੁਝ – ਜਗ-ਬੁਝ ਕਰਨ ਲੱਗ ਜਾਂਦਾ ਹੈ। ਅਗਲੀ ਕਮਾਂਡ ਜੋ ਵੀ ਦਿੱਤੀ ਜਾਏਗੀ, ਇਸੇ ਥਾਂ ਉੱਤੇ ਲਾਗੂ ਹੋਵੇਗੀ। ਅ. ਡਬਲ ਕਲਿੱਕ: ਕਿਸੇ ਵੀ ਇੱਕ ਸ਼ਬਦ ਨੂੰ ਸਿਲੈੱਕਟ ਕਰਨ ਲਈ ਮਾਊਸ ਨੂੰ ਉਸ ਸ਼ਬਦ ਵਿੱਚ ਲਿਜਾਕੇ ਡਬਲ ਕਲਿੱਕ ਕੀਤੀ ਜਾਵੇਗੀ ਤੇ ਉਹ ਸ਼ਬਦ ਅਗਲੀ ਕਮਾਂਡ ਲਈ ਚੁਣਿਆ ਜਾਏਗਾ। ੲ. ਟਰਿੱਪਲ ਕਲਿੱਕ: ਕਿਸੇ ਵੀ ਸਮੁੱਚੇ ਪਹਿਰੇ ਨੂੰ ਸਿਲੈੱਕਟ ਕਰਨ ਲਈ ਕੀਤੀ ਜਾਂਦੀ ਹੈ। ਜ਼ਰੂਰੀ ਸੂਚਨਾ: ਡਬਲ ਕਲਿੱਕ ਅਤੇ ਟੂ ਕਲਿੱਕ ਵਿੱਚ ਫਰਕ ਹੈ। ਜੇ ਦੋ ਵੇਰ ਕਲਿੱਕ ਫਟਾਫਟ ਕੀਤੀ ਜਾਵੇ ਤਾਂ ਡਬਲ ਕਲਿੱਕ ਅਤੇ ਜੇ ਰੁਕ-ਰੁਕ ਕੇ ਕੀਤਾ ਜਾਵੇ ਤਾਂ ਇੱਕ ਕਲਿੱਕ ਦੋ ਵੇਰ ਹੁੰਦੀ ਹੈ।
2. ਰਾਈਟ ਕਲਿੱਕ: ਇਹ ਕਿਸੇ ਵਿਸ਼ੇਸ਼ੇ ਕੰਮ ਲਈ, ਜਿਵੇਂ ਨਵਾਂ ਫੋਲਡਰ ਜਾਂ ਫਾਈਲ ਬਣਾਉਣ ਆਦਿ ਲਈ, ਵਿਸ਼ੇਸ਼ ਥਾਂ ਉੱਤੇ ਹੱਥ ਦੀ ਲੰਮੀ ਉਂਗਲ਼ੀ ਨਾਲ ਕੀਤੀ ਜਾਂਦੀ ਹੈ। ਇਸਦੀ ਕਲਿੱਕ ਕੇਵਲ ਇੱਕ ਹੀ ਹੁੰਦੀ ਹੈ।
3. ਵੀਲ ਜਾਂ ਪਹੀਆ: ਮਾਊਸ ਦੇ ਲੈਫਟ ਅਤੇ ਰਾਈਟ ਬਟਨ ਦੇ ਵਿਚਕਾਰ ਇੱਕ ਘੁਮਾਊ ਪਹੀਆ ਲੱਗਿਆ ਹੋਇਆ ਹੁੰਦਾ ਹੈ। ਜਿਸ ਨੂੰ ਆਪਣੇ ਹੱਥ ਦੀ ਪਹਿਲੀ ਉਂਗਲ਼ ਨਾਲ ਉੱਪਰ ਥੱਲੇ ਘੁਮਾ ਕੇ ਮੌਨੀਟਰ ਉੱਪਰਲੇ ਡਾਕੂਮੈਂਟ ਨੂੰ ਉੱਪਰ ਥੱਲੇ ਕੀਤਾ ਜਾ ਸਕਦਾ ਹੈ।
4. ਮਾਊਸ ਨੂੰ ਹੋਲਡ ਕਰਨਾ: ਸਿਲੈੱਕਟ, ਡਰੈਗ ਆਦਿ ਕਰਨ ਲਈ ਮਾਊਸ ਨੂੰ ਹੋਲਡ ਕਰਨਾ ਪੈਂਦਾ ਹੈ। ਲੈਫਟ ਮਾਊਸ ਨੂੰ ਕਿਸੇ ਥਾਂ ਉੱਤੇ ਕਲਿੱਕ ਕਰਨ ਵੇਲੇ ਥੱਲੇ ਦੱਬਕੇ ਉੱਥੇ ਹੀ ਦੱਬੀ ਰੱਖਣਾ ਹੁੰਦਾ ਹੈ। ਜਦੋਂ ਕਾਰਜ ਪੂਰਾ ਹੋ ਜਾਵੇ ਤਾਂ ਉਂਗਲ਼ ਨੂੰ ਉੱਪਰ ਕਰ ਲਿਆ ਜਾਂਦਾ ਹੈ ਭਾਵ ਮਾਊਸ ਨੂੰ ਛੱਡ ਦਿੱਤਾ ਜਾਂਦਾ ਹੈ।
5. ਡੀਸਿਲੈੱਕਟ ਕਰਨਾ: ਲੈਫਟ ਮਾਊਸ ਨੂੰ ਕਿਸੇ ਥਾਂ ਵੀ ਇੱਕ ਵੇਰ ਕਲਿੱਕ ਕਰੋ, ਸਿਲੈੱਕਟ ਕੀਤਾ ਹੋਇਆ ਸਾਰੇ ਦਾ ਸਾਰਾ ਭਾਗ ਡੀਸਿਲੈੱਕਟ ਹੋ ਜਾਏਗਾ ਅਤੇ ਕਰਸਰ ਵੀ ਉੱਥੇ ਚਲਾ ਜਾਏਗਾ।
6. ਮਾਊਸ ਤੇ ਕਰਸਰ: ਇਹ ਦੋਵੇਂ ਕਰਤਵ ਮਾਊਸ ਦੀ ਵਰਤੋਂ ਨਾਲ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੇ ਕੰਮਾਂ ਅਤੇ ਰੂਪਾਂ ਵਿੱਚ ਢੇਰ ਸਾਰਾ ਫਰਕ ਹੈ। ਉ. ਮਾਊਸ. ਇਹ ਬਹੁਰੂਪੀਆ ਹੈ। ਕਾਰਜ ਅਤੇ ਥਾਂ ਅਨੁਸਾਰ ਇਹ ਕਈ ਰੂਪ ਬਦਲਦਾ ਹੈ। ਜੇ ਮਾਊਸ ਸੈਟਿੰਗ ਵਿੱਚ ਜਾ ਕੇ ਸੈੱਟ ਕਰ ਦੇਈਏ ਤਾਂ ਕੀਅਬੋਰਡ ਦਾ ਕੰਟਰੋਲ ਬਟਨ ਦਬਾਕੇ ਮੌਨੀਟਰ ਉੱਤੇ ਗੁਆਚੇ ਹੋਏ ਮਾਊਸ ਦਾ ਅਤਾ-ਪਤਾ ਲੱਭਿਆ ਜਾ ਸਕਦਾ ਹੈ। ਇਸਦੀ ਕਮਾਂਡ ਹੈ; ਕੰਟਰੋਲ ਪੈਨਲ ਮਾਊਸ ਪਰੌਪਰਟੀ ਦੀ ਨਵੀਂ ਵਿੰਡੋ ਖੁੱਲ੍ਹ ਜਾਏਗੀ। ਉਸ ਵਿੱਚ ਪੁਆਇੰਟਰ ਔਪਸ਼ਨਜ ਬਿਲਕੁਲ ਥੱਲੇ ‘ਸ਼ੋਅ ਲੋਕੇਸ਼ਨ ਔਫ ਪੁਆਇੰਟਰ … ਫਿਰ ਓਕੇ ਕਲਿੱਕ। ਅ. ਕਰਸਰ: ਇਹ ਇੱਕੋ ਪ੍ਰਕਾਰ ਦਾ ਖੜ੍ਹੇ ਡੰਡੇ ਵਰਗਾ ਹੁੰਦਾ ਹੈ। ਆਪਣੀ ਹੋਂਦ ਦਰਸਾਉਣ ਲਈ ਇਹ ਬਲਿੰਕ ਭਾਵ ਦਿੱਖ ਅਦਿੱਖ ਹੁੰਦਾ ਰਹਿੰਦਾ ਹੈ। ਮੌਨੀਟਰ ਉੱਤੇ ਇਹ ਜਿੱਥੇ ਵੀ ਹੋਵੇਗਾ, ਦਿੱਤੀ ਗਈ ਕਮਾਂਡ ਉਸੇ ਥਾਂ ਉੱਤੇ ਲਾਗੂ ਹੋਵੇਗੀ। ਇਸਦੀ ਦਿੱਖ ਅਦਿੱਖ ਹੋਣ ਦੀ ਗਤੀ ਵੱਧ ਘੱਟ ਕੀਤੀ ਜਾ ਸਕਦੀ ਹੈ।
ਯਾਦ ਰਹੇ: ਪਹਿਲੋਂ ਕੀਅਬੋਰਡ ਅਤੇ ਮਾਊਸ ਤਾਰ ਰਾਹੀਂ ਕੰਪਿਊਟਰ ਨਾਲ ਜੋੜ ਦਿੱਤੇ ਜਾਂਦੇ ਸਨ ਅਤੇ ਉਹ ਪਾਵਰ ਕੰਪਿਊਟਰ ਤੋਂ ਹੀ ਲੈਂਦੇ ਸਨ। ਅੱਜਕੱਲ੍ਹ ਇੱਕ ਛੋਟੀ ਜਿਹੀ ਚਿੱਪ ਕੰਪਿਊਟਰ ਦੀ ਪੈੱਨ ਡਰਾਈਵ ਵਿੱਚ ਲਾ ਦਿੱਤੀ ਜਾਂਦੀ ਹੈ। ਕੀਅਬੋਰਡ ਅਤੇ ਮਾਊਸ ਬਿਨਾਂ ਤਾਰ ਤੋਂ ਕੰਪਿਊਟਰ ਨਾਲ ਜੁੜ ਜਾਂਦੇ ਹਨ। ਇਹ ਕੋਈ ਬਹੁਤ ਮਹਿੰਗੇ ਵੀ ਨਹੀਂ ਹਨ। ਇਸ ਹਾਲ ਵਿੱਚ ਬੈਟਰੀ ਕੀਅਬੋਰਡ ਅਤੇ ਮਾਊਸ ਵਿੱਚ ਵੱਖਰੀ ਵੱਖਰੀ ਪਾਉਣੀ ਹੁੰਦੀ ਹੈ।
ਕਦੇ-ਕਦੇ ਮਾਊਸ ਜਾਂ ਕੀਅਬੋਰਡ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕੰਪਿਊਟਰ ਨੂੰ ਰੀਸਟਾਰਟ ਕਰਨ ਨਾਲ ਜਾਂ ਉਨ੍ਹਾਂ ਦੀ ਬੈਟਰੀ ਚੈੱਕ ਕਰ ਜਾਂ ਬਦਲ ਲੈਣ ਨਾਲ ਉਹ ਫਿਰ ਠੀਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।