You are here:ਮੁਖ ਪੰਨਾ»ਵਿਚਾਰਨਾਮਾ»ਕੁਰਸੀ ਸਵੰਬਰ ਕਿ ਲੋਕਤੰਤਰੀ ਚੋਣ!

ਲੇਖ਼ਕ

Wednesday, 02 April 2025 07:30

ਕੁਰਸੀ ਸਵੰਬਰ ਕਿ ਲੋਕਤੰਤਰੀ ਚੋਣ!

Written by
Rate this item
(0 votes)

ਹਮੇਸ਼ਾ ਵਾਂਗ ਇਸ ਵਾਰ ਵੀ 117 ਕੁਰਸੀਆਂ ਲਈ ਰਾਜਕੁਮਾਰ ਚੁਣੇ ਜਾਣੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨੇ ਸਭ ਤੋਂ ਉੱਚਾ ਧ੍ਰਿਤਰਾਸ਼ਟਰੀ ਸਿੰਘਾਸਨ ਮੱਲਣਾ ਹੈ। ਟਿਕਟਾਂ ਦੀ ਵੰਡ ਵਿੱਚ ਇਹੋ ਜਿਹੇ ਆਸਵੰਦਾਂ ਨੇ ਗੁੱਝੀਆਂ, ਡੂੰਘੀਆਂ ਤੇ ਛਤਰੰਜੀ ਚਾਲਾਂ ਵੀ ਚੱਲਣੀਆਂ ਹਨ। ਇਸ ਕਰਕੇ ਵੀ ਕਈਆਂ ਪਾਰਟੀਆਂ ਵਿੱਚ ਟਿਕਟਾਂ ਦੇ ਰੱਫੜ ਪਏ ਹੋਏ ਹਨ। ਚੋਣ ਧਨੁਸ਼ ਤੋੜੂਆਂ ਵਿੱਚੋਂ ਕੁਝ ਮੰਤਰੀ, ਸਹਾਇਕ ਮੰਤਰੀ, ਰਾਜ ਮੰਤਰੀ ਬਣਨਗੇ। ਬਾਕੀ ਪਾਰਲੀਮਾਨੀ ਸਕੱਤਰੀ ਵਾਲੀ ਕੁਰਸੀ ਨਾਲ ਹੀ ਸਬਰ ਦਾ ਘੁੱਟ ਭਰਣਗੇ। ਜੇ ਕਿਤੇ ਹਲਕਾ ਇਨਚਾਰਜੀ ਮਿਲ ਗਈ, ਤਾਂ ਪੰਜ ਸਾਲ ਚੰਗਾ ਟੌਹਰ-ਟੱਪਾ ਬਣੂੰ। ਜਿਸਦੀ ਟਿਕਟ ਸਕਰੀਨਿੰਗ ਕਮੇਟੀ ਦੇ ਤੰਦੂਰ ਵਿੱਚੋਂ ਪਹਿਲੇ ਪੂਰਾਂ ਵਿਚ ਲਹਿ ਗਈ, ਉਹ ਤਾਂ ਪਾਰਟੀ ਏਜੰਡੇ ਲੈ ਵੋਟਰਾਂ ਦੇ ਦਰਾਂ ‘ਤੇ ਦਸਤਕ ਦੇ ਰਹੇ ਨੇ। ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ, ਜਾਂ ਕੱਟੀਆਂ ਗਈਆਂ ਨੇ, ਜਾਂ ਬਦਲੀਆਂ ਗਈਆਂ ਨੇ, ਜਾਂ ਜਿਹੜੇ ਪੱਕੀ ਆਸ ਲਾਈ ਬੈਠੇ ਸੀ ਪਰ ਮਿਲੀ ਨਹੀਂ, ਬਾਗੀ ਹੋ ਮਾਂ ਪਾਰਟੀ ਦੀ ਗੋਦ ਵਿੱਚੋਂ ਡੱਡੂਆਂ ਵਾਂਗ ਛੜੱਪੇ ਮਾਰ ਪਾਸੇ ਬਦਲ ਰਹੇ ਹਨ। ਪਾਰਟੀ ਜਿਸ ਦੇ ਸਦਾ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਾਂਦੇ ਹੁੰਦੇ ਸੀ, ਹੁਣ ਉਸੇ ਮਾਂ ਦੇ ਚੂੰਡੇ ਖਿੰਡਾ ਰਹੇ ਹਨ। ਨਾਲ ਹੀ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦੇ ਨਾਨਕਿਆਂ, ਦਾਦਕਿਆਂ ਤੱਕ ਦੇ ਪੋਤੜੇ ਫੋਲੇ ਜਾ ਰਹੇ ਹਨ।

ਦੂਜੇ ਪਾਸੇ ਸਿਆਸੀ ਪਾਰਟੀਆਂ ਜਨਸ਼ਕਤੀ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸੇ ਉੱਚੇ ਮੁਹਾਣੇ ‘ਤੇ ਖਲੋ ਕੇ ਵੇਖੀਏ ਤਾਂ ਮੌਸਮੀ ਸੰਘਣੀ ਧੁੰਦ ਵਰਗਾ ਹੀ ਚੋਣ ਧੁੰਦੂਕਾਰਾ ਚਾਰ-ਚੁਫੇਰੇ ਛਾਇਆ ਹੋਇਆ ਹੈ। ਜਿੱਡੀ ਤੇਜ਼ੀ ਨਾਲ ਰਾਜਕੁਮਾਰ ਆਪਣੇ ਹਲਕਿਆਂ ਵਿੱਚ ਛਾਈ ਜਾ ਰਹੇ ਹਨ, ਓਡੀ ਹੀ ਤੇਜ਼ੀ ਨਾਲ ਕਈ ਮਾਂ ਪਾਰਟੀ ਤੋਂ ਬਾਗੀ ਹੋਈ ਜਾ ਰਹੇ ਹਨ। ਕੁਝ ਇੱਕ ਹਲਕਿਆਂ ਨੂੰ ਛੱਡ ਕੇ ਬਾਕੀਆਂ ਵਿੱਚ ਤਾਂ ਮੱਛੀ-ਮੰਡੀ ਹੀ ਬਣੀ ਹੋਈ ਹੈ। ਚੋਣ ਮਾਹੌਲ ਦਿਨੋਂ ਦਿਨ ਗਰਮੀ ਫੜਦਾ ਚਰਮ ਸੀਮਾ ਵੱਲ ਵਧ ਰਿਹਾ। ਨਾਲ ਹੀ ਚੋਣ ਕਮਿਸ਼ਨ ਵੀ ਚੌਕਸੀ ਨਾਲ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਲਗਾਮਾਂ ਕੱਸਣ ਦੇ ਰੋਂਅ ਵਿਚ ਲੱਗਦਾ ਹੈ। ਸਭ ਪਾਸੇ ਕੁਰਸੀ! ਹਾਏ ਕੁਰਸੀ! ਹੋ ਰਹੀ ਹੈ। ਕੁਰਸੀ ਦੇ ਰਸ-ਰੰਗ ਨੇ ਕੱਚੇ ਪੱਕੇ ਆਗੂਆਂ ਨੂੰ ਦਮੋਂ ਕੱਢਿਆ ਹੋਇਆ ਹੈ।

ਆਓ! ਜ਼ਰਾ ਕੁਝ ਰਾਜਕੁਮਾਰਾਂ ਦੇ ਚਿਹਨ ਚੱਕਰਾਂ ਨਾਲ ਤੁਹਾਨੂੰ ਮਿਲਾਈਏ। ਪਿੱਛੇ ਜਿਹੇ ਸਿਆਸੀ ਗਲਿਆਰਿਆਂ ਵਿਚ ਬੜੀ ਚਰਚਾ ਵਿੱਚ ਰਹੇ ‘ਆਵਾਜ਼ੇ ਪੰਜਾਬ’ ਦੇ ਨਾਇਕਾਂ ਦੀ ਗੱਲ ਕਰੀਏ। ਸਾਬਕਾ ਐੱਮਪੀ ਨਵਜੋਤ ਸਿੰਘ ਸਿੱਧੂ ਨੇ ਬੜਾ ਖੁੱਲ੍ਹਕੇ ਦੋ ਪਾਰਟੀਆਂ ਦੇ ਪੈਵੀਲੀਅਨਾਂ ਵਿੱਚ ਗੇੜੇ ਲਾਏ। ਵੱਡੇ ਵੱਡੇ ਬਿਆਨਾਂ ਨਾਲ ਅੰਬਰੀਂ ਗੂੰਜਾਂ ਪਾਈਆਂ। ਵੱਡੀਆਂ ਸ਼ਰਤਾਂ ਛੋਟੀਆਂ ਹੁੰਦੀਆਂ ਗਈਆਂ। ਇਸ ਦੌਰਾਨ ਬੈਂਸ ਭਰਾ ਸਿਆਸੀ ਮੌਕਾ ਸੰਭਾਲ ਗਏ। ‘ਆਪ’ ਨਾਲ ‘ਇਨਸਾਫ ਪਾਰਟੀ’ ਦਾ ਗੰਢ-ਚਤਰਾਵਾ ਕਰ ਛੇ ਸੀਟਾਂ ‘ਤੇ ਆਪਣੇ ਹੱਕ ਜਮਾ ਗਏ। ਹੁਣੇ ਹੁਣੇ ਲੁਧਿਆਣਾ ਵਿਖੇ ਹੋਈ ‘ਬਈਮਾਨ ਭਜਾਓ, ਪੰਜਾਬ ਬਚਾਓ’ ਸਾਂਝੀ ਰੈਲੀ ਨੇ ‘ਆਪ’ ਅਤੇ ‘ਇਨਸਾਫ਼ ਪਾਰਟੀ’ ਦਾ ਚੰਗਾ ਪ੍ਰਭਾਵ ਸਿਰਜ ਦਿੱਤਾ ਹੈ। ਜਿੱਥੇ ਅਸਲ ਵਿੱਚ ‘ਆਵਾਜ਼ੇ-ਪੰਜਾਬ’ ਵਾਲੇ ਜਾਣਾ ਚਾਹੁੰਦੇ ਸੀ ਉੱਥੇ ਦਾਣੇ ਨਾ ਭੁੱਜੇ। ਹਾਲਾਤ ਵੇਖਦਿਆਂ ਆਪਣੇ ਸੌਹਰਾ ਪਿਛੋਕੜ ਦੇ ਸਹਾਰੇ ਬਾਕੀ ਦੋਹਾਂ ਨੇ ਕਾਂਗਰਸ ਨਾਲ ਗੰਢ-ਤੁਰੱਪ ਕਰ ਲਈ। ਬੰਬੇ ਬੈਠੇ ਸਿੱਧੂ ਦੇ ਸੁਨੇਹੇ ‘ਤੇ ਪ੍ਰਗਟ ਸਿੰਘ ਤੇ ਸਾਬਕਾ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਕਾਂਗਰਸ ਵਿਚ ਮਿਲ ਗਏ। ਮਿਲੇ ਕੀ, ਮਿਲਣਾ ਪਿਆ! ਇਨ੍ਹਾਂ ਦੋਹਾਂ ਨੂੰ ਪਹਿਲੀਆਂ ਸੀਟਾਂ ਛੱਡਣ ‘ਤੇ ਕਾਂਗਰਸੀ ਖੇਮੇ ਵਿੱਚ ਵੀ ਵੱਡੀ ਭਸੂੜੀ ਪਈ ਹੋਈ ਹੈ ਅਤੇ ਇਨ੍ਹਾਂ ਸੀਟਾਂ ਤੋਂ ਟਿਕਟਾਂ ਚਾਹਵਾਨਾਂ ਵਿੱਚ ਪਟਕੇ ਦੇ ਦੰਗਲ ਬਣੇ ਪਏ ਹਨ।

ਸਾਬਕਾ ਐੱਮਪੀ ਜਗਮੀਤ ਬਰਾੜ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਮੰਨੇ ਪ੍ਰਮੰਨੇ ਤੇ ਚੋਟੀ ਦੇ ਬੁਲਾਰੇ ਹਨ। ਪਰ ਸਮਝ ਨਹੀਂ ਆਉਂਦਾ ਕਿ ਕਸੂਰ ਇਨ੍ਹਾਂ ਵਿੱਚ ਹੈ ਜਾਂ ਇਨ੍ਹਾਂ ਦੀਆਂ ਪਾਰਟੀਆਂ ਵਿੱਚ। ਕਦੀ ਇਹ ‘ਆਪ’ ਵਿੱਚ ਆਉਂਦੇ ਆਉਂਦੇ ਹੀ ਰੁਕ ਜਾਂਦੇ ਹਨ। ਕਦੀ ਇਹ ਦੋਵੇਂ ਆਪਸ ਵਿੱਚ ਜੱਫ਼ੀ ਪਾ ਨਵੀਂ ਪਾਰਟੀ ਬਣਾਉਣ ਦੇ ਰਾਹ ਤੁਰਦੇ ਹਨ। ਯਾਰੀ ਇਨ੍ਹਾਂ ਦੀ ਅਗਲੇ ਦਿਨ ਹੀ ਤੜੱਕ ਕਰਕੇ ਟੁੱਟ ਜਾਂਦੀ ਹੈ। ਹੁਣ ਬੀਰਦਵਿੰਦਰ ਸਿੰਘ ਆਜ਼ਾਦ ਉਮੀਦਵਾਰ ਵੱਜੋਂ ਇਸ ਸਵੰਬਰ ਵਿੱਚ ਕੁੱਦਣ ਵਾਸਤੇ ਤੀਰ ਕਮਾਨ ਕੱਸ ਰਿਹਾ ਹੈ। ਓਧਰ ਜਗਮੀਤ ਬਰਾੜ ਦੀ ਗੱਲ ਕਦੀ ਤੋਲਾ ਕਦੀ ਮਾਸਾ ਵਾਲੀ ਬਣੀ ਹੋਈ ਹੈ। ਆਪਣੀ ਪਾਰਟੀ ਬਣਾ ਕਦੀ ‘ਆਪ’ ਵਿੱਚ ਸ਼ਾਮਲ ਹੁੰਦਾ ਹੁੰਦਾ, ਅੱਜ-ਕੱਲ੍ਹ ਮਮਤਾ ਬੈਨਰਜੀ ਵਾਲੀ ਤ੍ਰਿਮੂਲ ਕਾਂਗਰਸ ਦਾ ਪੰਜਾਬ ਇਕਾਈ ਦਾ ਪ੍ਰਧਾਨ ਬਣ ‘ਆਪ’ ਨਾਲ ਬੈਂਸ ਭਰਾਵਾਂ ਵਰਗਾ ਗੱਠ-ਜੋੜ ਕਰਨਾ ਚਾਹੁੰਦਾ ਹੈ। ਪਰ ਨਾਲ ਹੀ ‘ਆਪ’ ਨੂੰ ਬਾਹਰੋਂ ਹਮਾਇਤ ਦੇਣ ਦੇ ਬਿਆਨ ਦਾਗ਼ੀ ਜਾ ਰਿਹਾ ਹੈ। ਪਤਾ ਨਹੀਂ ਕਿਸ ਵੇਲੇ, ਕਿਸ ਸੀਟ ਤੋਂ ਮੱਛੀ ਫੁੰਡਣ ਲਈ ਉੱਤਰਣ ਦਾ ਮੌਕਾ ਮਿਲੇ। ਰੱਬ ਹੀ ਜਾਣੇ! ਕਈ ਵਾਰੀ ਲੋੜੋਂ ਵੱਧ ਬੋਲ ਜਾਂਦਾ ਹੈ। ਪਾਰਟੀਆਂ ਉਹਦੀ ਅਸਥਿਰ ਸੋਚਣੀ ਤੋਂ ਤਰਹਿੰਦੀਆਂ ਹਨ। ਗੱਲ ਬਣਦੀ ਬਣੀ ਵਿਗੜ ਜਾਂਦੀ ਹੈ।

‘ਆਪ’ ਦਾ ਸੁੱਚਾ ਸਿੰਘ ਛੋਟੇਪੁਰ ਕਈ ਪਾਸੇ ਹੱਥ-ਪੱਲਾ ਮਾਰ ਰਿਹਾ ਹੈ। ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਉਹ ਧਰਮਵੀਰ ਗਾਂਧੀ ਵਾਲੇ ‘ਪੰਜਾਬ ਫਰੰਟ’ ਵਿੱਚ ਚੜ੍ਹਦਾ ਚੜ੍ਹਦਾ ਪਲੇਟਫਾਰਮ ‘ਤੇ ਖਲੋਤਾ ਰਹਿ ਗਿਆ। ਇੱਧਰ ਐੱਮਪੀ ਡਾ. ਗਾਂਧੀ ਦਾ ‘ਪੰਜਾਬ ਫਰੰਟ’ ਆਪਣੇ ਪਹਿਲੇ 20 ਰਾਜ ਕੁਮਾਰਾਂ ਦੀਆਂ ਸੀਟਾਂ ਐਲਾਨ ਕਰ ਰਿਹਾ ਹੈ। ਉਸ ਮੁਤਾਬਕ ਇਹ ਸਾਰੇ ‘ਆਪ’ ਦੇ ਬੜੇ ਮਿਹਨਤੀ ਤੇ ਨਿਸ਼ਕਾਮ ਸੇਵਕ ਸਨ। ਇਹੋ ਜਿਹੇ ਸੇਵਕ ਡਾ. ਗਾਂਧੀ ਦੀ ਛੱਤਰੀ ‘ਤੇ ਧੜਾ-ਧੜ ਉੱਤਰ ਰਹੇ ਹਨ। ਇਹੋ ਜਿਹੇ ਕਈ ਹੁਣ ਕਾਂਗਰਸ ਵਿੱਚ ਵੀ ਜਾ ਰਹੇ ਹਨ। ਜਿੱਥੇ ਕਾਂਗਰਸ ਇਨ੍ਹਾਂ ਦਾ ਸਵਾਗਤ ਕਰੀ ਜਾ ਰਹੀ ਹੈ, ਉੱਥੇ ਬੜੇ ਧੂਮ-ਧੜੱਕੇ ਨਾਲ ਸ਼ਾਮਲ ਹੋਏ ਗਾਇਕ ਹੰਸ ਰਾਜ ਹੋਰੀਂ ਫੁਰਰ ਕਰ ਭਾਜਪਾ ਦੀ ਛੱਤਰੀ ’ਤੇ ਜਾ ਬੈਠੇ ਹਨ। ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਸੇਵਕਾਂ ਨੂੰ ਇੰਨੇ ਸਾਲ ਕਾਂਗਰਸ ਚੰਗੀ ਨਹੀਂ ਲੱਗੀ। ਹੁਣ ‘ਹਾਏ ਕੁਰਸੀ! ਹਾਏ ਕੁਰਸੀ!’ ਦੀ ਹਵਸੀ ਹਨੇਰੀ ਵਿੱਚ ਹੀ ਗੁਆਚੇ ਫਿਰਦੇ ਹਨ। ਸ਼ਾਇਦ ਇਨ੍ਹਾਂ ਮਗਰ ਇਨ੍ਹਾਂ ਦੇ ਪਰਿਵਾਰਾਂ ਦੀ ਵੋਟ ਵੀ ਨਾ ਆਵੇ। ਅਲਟੀਮੇਟਮ ਦੇਣ ਵਾਲੇ ਜਲੰਧਰ ਛਾਉਣੀ ਵਾਲੇ 12 ਸਮੇਤ ਗੋਲਡਨ ਗਰਲ ਅਤੇ ਦੂਜੇ 59 ‘ਆਪ’ ਬਾਗੀਆਂ ਦੇ ਅਲਟੀਮੇਟਮ ਦਾ ਕੀ ਬਣਿਆ, ਕੋਈ ਖ਼ਬਰ ਨਹੀਂ। ਸ਼ਾਇਦ ਹੀ ਕੁਝ ਬਣੇ। ਚਲੋ ‘ਪੰਜਾਬ ਫਰੰਟ’ ਵਿੱਚ ਸ਼ਾਮਲ ਹੋ ਕੇ ਫੋਟੋ ਤਾਂ ਖਿਚਵਾ ਲੈਣਗੇ। ਪਤਾ ਨਹੀਂ ਲੱਗਦਾ ਕਿਉਂ ਪਾਰਟੀਆਂ ਦੇ ਏਡੇ ਘਾਗ ਲੀਡਰ ਏਦਾਂ ਦੇ ਮੌਕਾ ਪ੍ਰਸਤਾਂ ਦੀ ‘ਕਾਂ, ਕਾਂ’ ਨਾਲ ਪਸੀਜੀ ਜਾ ਰਹੇ ਹਨ। ਜਿਹੜੇ ਆਪਣੀ ਮਾਂ ਪਾਰਟੀ ਦੇ ਸੱਕੇ ਨਹੀਂ ਬਣੇ ਇੱਥੇ ਕਿਹੜਾ ਕਿਲਾ ਸਰ ਕਰ ਦੇਣਗੇ। ਹਾਂ, ਬਦਲਾ ਖੋਰੀ ਵਿੱਚ ‘ਆਪ’ ਦਾ ਕੁਝ ਨੁਕਸਾਨ ਜ਼ਰੂਰ ਕਰਨਗੇ। ਇਨ੍ਹਾਂ ਵਿੱਚੋਂ ਬਹੁਤਿਆਂ ’ਤੇ ‘ਤਾਲੋਂ ਘੁੱਥੀ ਡੂਮਣੀ ਗਾਵੇ ਤਾਲ ਬੇਤਾਲ’ ਰਾਗ ਸਹੀ ਢੁੱਕਦਾ ਹੈ। ਪਹਿਲਾਂ ਅਲਾਪਦੇ ਹੁੰਦੇ ਸੀ ‘ਆਪ’ ਖਿਲਾਫ਼ ਵੋਟ ਪਾਉਣਾ ਸਥਾਪਤੀ ਨੂੰ ਵੋਟ ਪਾਉਣਾ ਹੋਵੇਗਾ। ਕੁਰਸੀ ਮੋਹ ਨੇ ਰਾਗੋਂ ਬੇਰਾਗ ਕਰ ਦਿੱਤਾ ਹੈ।

ਇੱਕ ਹੋਰ ਧਮਾਕਾ। ਕਮਿਊਨਿਸਟ ਪਾਰਟੀਆਂਪੰਜਾਬ ਦੇ ਆਰਥਕ, ਸਮਾਜਕ ਤੇ ਸਿਆਸੀ ਹਾਲਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਤੇ ਵਿਵੇਚਣ ਕਰਦੀਆਂ, ਦਾਅ-ਪੇਚ ਘੜਦੀਆਂ ਸਦਾ ਖੁੰਝਦੀਆਂ ਆ ਰਹੀਆਂ ਸਨ। ਹਾਰ-ਹੁੱਟ ਕੇ ਇਸ ਵਾਰ ਦੇ ਚੋਣ ਦੰਗਲ ਵਿੱਚ ਸਿੱਧਾ ਜੱਟ-ਜੱਫਾ ਪਾਉਣ ’ਤੇ ਉੱਤਰ ਆਈਆਂ ਹਨ। ਖੱਬੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਏਧਰਲੀ-ਓਧਰਲੀ ਝਾਕ ਛੱਡ ਵੱਖ ਵੱਖ ਹਲਕਿਆਂ ਤੋਂ ਚੋਣ ਸਵੰਬਰ ਵਿੱਚ ਆ ਨਿੱਤਰੇ ਹਨ। ਉਹ ਵੀ ਲਾਲ ਝੰਡਿਆਂ ਅਤੇ ਆਪੋ-ਆਪਣੇ ਨਿਸ਼ਾਨਾਂ ਹੇਠ ਝੰਡੇ ਝੁਲਾਉਣਗੇ। ਚਲੋ ਹੋਰ ਕੁਝ ਨਹੀਂ ਆਪਣੇ ਕਾਡਰ ਨੂੰ ਤਾਂ ਬੰਨ੍ਹੀ ਰੱਖਣਗੇ। ਕੁਰਸੀ ਤਾਂ ਹਾਲੀ ਬੁੜ੍ਹੇ ਛੜੇ ਨੂੰ ਛੁਹਾਰਾ ਲੱਗਣ ਵਾਲੀ ਗੱਲ ਜਾਪਦੀ ਹੈ। ਇਨ੍ਹਾਂ ਦਾ ਟਿਕਟਾਂ ਵਾਲਾ ਕੰਮ ਕੋਈ ਬਹੁਤਾ ਬਖੇੜਿਆਂ ਵਾਲਾ ਨਹੀਂ। ਦਾਅਵੇਦਾਰ ਥੋੜ੍ਹੇ, ਸੀਟਾਂ ਬਹੁਤੀਆਂ, ਅਤੇ ਪਾਰਟੀਆਂ ਵੀ ਚਾਰ।

ਬੜੇ ਸਮੇਂ ਪਿੱਛੋਂ ‘ਆਪ’ ਵਿੱਚੋਂ ਲੋਕਾਂ ਨੂੰ ਇੱਕ ਉਮੀਦ ਲਿਸ਼ਕੀ ਸੀ, ਪੰਜਾਬ ਵਿੱਚ ਦਿੱਲੀ ਵਾਂਗ। ਪਰ ਹਉਮੈਂ ਡੰਗੇ ਆਗੂ ਹਰ ਥਾਂ ਰਾਜਕੁਮਾਰ ਬਣ ਖਲੋਤੇ ਨੇ। ਸਿੱਖ ਅਰਦਾਸ ਦੇ ‘ਮਨ ਨੀਵਾਂ ਮੱਤ ਉੱਚੀ’ ਬਚਨ ਕਈ ਵਾਰ ਜ਼ਿਹਨ ਵਿੱਚ ਗੇੜੇ ਕੱਢਦਾ ਹੈ। ਪਰ ਇਸ ਮੱਚੀ ਅਫਰੀ-ਤਫਰੀ ਵਿੱਚ ਮਨਚਲੇ ਇਹਨੂੰ ‘ਮਨ ਉੱਚਾ, ਮੱਤਹੈ ਈ ਨਈਂ’ ਕਹਿਣ ਲੱਗ ਪੈਂਦੇ ਹਨ। ਜਿੱਦਾਂ ਰਾਜਨੇਤਾ ਕਹਿੰਦੇ ਤਾਂ ਹਨ ‘ਰਾਜ ਨਹੀਂ ਸੇਵਾ’ ਸਾਡਾ ਮਿਸ਼ਨ ਹੈ। ਸੱਚਾਈ ਵਿੱਚ ‘ਸੇਵਾ ਨਹੀਂ ਰਾਜ’ ਅਤੇ ਮੇਵੇ ਇਕੱਠੇ ਕਰਨ ’ਤੇ ਹੀ ਵੋਟਰ ਭਗਵਾਨਾਂ ਦਾ ਸਾਰਾ ਕੁਝ ਦਾਅ ’ਤੇ ਲਾ ਦਿੱਤਾ ਜਾਂਦਾ ਹੈ। ਮੇਵੇ ਖਾਂਦਿਆਂ ਜੋ ਬਚਿਆ, ਉਹ ‘ਸੇਵਾ ਹੀ ਸੇਵਾ’ ਸਮਝੋ ਭਾਈ! ਇੱਕ ਮੌਕਾ ਹੋਰ ਦਿਉ। ਜੋ ਪਿਛਲੇ ਦਸਾਂ ਸਾਲਾਂ ਵਿੱਚ ਨਹੀਂ ਹੋ ਸਕਿਆ ਹੁਣ ਵੇਖਿਓ ਹੱਥਾਂ ’ਤੇ ਸਰ੍ਹੋਂ ਜਮਾ ਦਿਆਂਗੇ, ਆਦਿ ਇਤਆਦਿ। ਇਹ ਗੱਲਾਂ ਸੁਣਦੇ ਸਾਊ ਰਾਮ ਲਾਲ ਤੇ ਸ਼ਾਮ ਸਿੰਘ ਜੋ 60 ਸਾਲਾਂ ਤੋਂ ਇਹ ਬਾਤਾਂ, ਜੁਮਲੇ ਸੁਣਦੇ ਆਏ ਹੋਣ ਤੇ ਹੁਣ ਅਗਲੀ ਦੁਨੀਆਂ ਵੱਲ ਤਿਆਰੇ ਕਰੀ ਬੈਠੇ ਹੋਣ ਤਾਂ ਇੱਕ ਆਵਾਜ਼ ਵਿੱਚ ਬੋਲ ਉੱਠਦੇ ਨੇ ‘ਪਿਆਰਿਓ ਇਹ ਰਾਜਨੀਤੀ ਏ, ਰਾਜਨੀਤੀ! ਏਥੇ ਰਾਜਨੀਤੀ ਘੱਟ ਕੂਟਨੀਤੀ ਬਹੁਤੀ ਜੇ! ਸਿਆਸਤ ਸੇਵਾ ਨਹੀਂ। ਕੁਰਸੀ ਸੇਵਾ ਜੇ। ਮਕਸਦ ਕੁਰਸੀ ਹਥਿਆਉਣੀ ਅਤੇ ਫਿਰ ਕਾਇਮ ਰੱਖਣੀ। ਕਾਹਦੇ ਲਈ? ਨਿਰੋਲ ਮੇਵੇ ਚੂੰਡਣ ਵਾਸਤੇ। ਬਚ ਕੇ ਲੋਕੋ, ਬਈ ਬਚਕੇ! ਪਤਾ ਨਹੀਂ ਇਸ ਨੇ ਹੋਰ ਕਿਹੜੇ ਕਿਹੜੇ ਛੱਤਣੀਂ ਹੱਥ ਪੁਆਉਣੇ ਨੇ!

ਮੌਜੂਦਾ ਮਾਨਸਿਕਤਾ ਅਤੇ ਧੁੰਦੂਕਾਰੀ ਮਹੌਲ ਵੇਖ, ਸਭ ਰਾਜਕੁਮਾਰਾਂ, ਰਾਜਕੁਮਾਰੀਆਂ ਅਤੇ ਵੋਟਰ ਪਾਤਸ਼ਾਹਾਂ ਅੱਗੇ ਇੱਕ ਛੋਟੀ ਜਿਹੀ ਕਥਾ ਪੇਸ਼ ਹੈ। ਮੈਂ ਆਪਣੇ ਬਚਪਨ ਵਿੱਚ ਇੱਕ ਫੱਕਰ ਫਕੀਰ ਦੇ ਬੋਲ ਸੁਣੇ ਸਨ। ਯਾਦ ਹੈ ਉਹ ਫੱਕਰ ‘ਕੁੰਜੀ ਲਾ ਦੇ ਰਮਜ਼ਾਨ ਜੰਦਰਾ ਜੰਗਾਲਿਆ ਗਿਆ’ ਹਰ ਵੇਲੇ, ਹਰ ਵਕਤ ਗੁਣਗੁਣਾਉਂਦਾ ਰਹਿੰਦਾ। ਬਚਪਨ ਵਿੱਚ ਨਾਨਕੇ ਰਹਿੰਦਿਆਂ ਇਹ ਬੋਲ ਸੁਣੇ ਸਨ। ਉੱਥੇ ਜੱਟਾਂ ਦਾ ਕਹੀਆਂ, ਖੁਰਪਿਆਂ, ਦਾਤੀਆਂ ਦਾ ਕੰਮ ਕਰਨ ਵਾਲਾ ਮਿਸਤਰੀ ਰਮਜ਼ਾਨ ਹੁੰਦਾ ਸੀ। ਅਸੀਂ ਸੋਚਣਾ ਇਹ ਮਿਸਤਰੀ ਨੂੰ ਆਪਣੇ ਜੰਗਾਲੇ ਜਿੰਦੇ ਨੂੰ ਚਾਬੀ ਲਵਾਉਣ ਲਈ ਕੂਕਦਾ ਫਿਰਦੈ। ਪਰ ਵੱਡੇ ਹੋਏ ਤਾਂ ਸਮਝ ਪਈ ਕਿ ਰਮਜ਼ਾਨ (ਜਾਂ ਰਮਦਾਨ) ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ, ਜਿਸ ਮਹੀਨੇ ਕੁਰਾਨ ਉਜਾਗਰ ਹੋਇਆ ਸੀ। ਅੱਜ ਉਸ ਫੱਕਰ ਦੇ ਬੋਲ ਹੋਰ ਵੀ ਚੰਗੀ ਤਰ੍ਹਾਂ ਸਮਝ ਪੈ ਰਹੇ ਹਨ। ਉਹ ਤਾਂ ਫੱਕਰ ਸੀ, ਆਪਣੀ ਬੁਚਕੀ ਮੋਢੇ ’ਤੇ ਲਟਕਾਈ ਫਿਰਦਾ। ਜੰਦਰਾ ਉਹਨੇ ਕੀਹਨੂੰ ਲਾਉਣਾ ਸੀ। ਉਹ ਤਾਂ ਲੋਕਾਂ ਨੂੰ ਰੂਹ ਤੇ ਆਤਮਾ ਦੇ ਜੰਦੇ (ਮਨ) ਨੂੰ ਕੁਰਾਨ (ਅੱਲ੍ਹਾ ਪਾਕ) ਦੀ ਕੁੰਜੀ ਲਾ ਸੁਚੇਤ ਅਤੇ ਚੇਤੰਨ ਕਰਨਾ ਚਾਹੁੰਦਾ ਸੀ। ਅੱਜ ਉਹ ‘ਕੁੰਜੀ ਲਾ ਦੇ ਰਮਜ਼ਾਨ ਜੰਦਰਾ ਜੰਗਾਲਿਆ ਗਿਆ’ ਦਾ ਪੈਗਾਮ ਲੀਡਰਾਂ ਅਤੇ ਵੋਟਰਾਂ ਨੂੰ ਆਪਣੀ ਹੋਣੀ ਦਾ ਜਿੰਦਾ ਖੋਲ੍ਹਣ ਲਈ ਕਹਿ ਰਿਹਾ। ਇਸ ਹੋਣੀ ਦੀ ਕੁੰਜੀ ਸਾਡੇ ਹੱਥਾਂ ਵਿੱਚ ਹੈ। ਸਰਮਾਏਦਾਰਾਂ ਅਤੇ ਉਨ੍ਹਾਂ ਦੀਆਂ ਦਾਸੀਆਂ ਸਿਆਸੀ ਪਾਰਟੀਆਂ ਸਾਡੇ ਸਮੁੱਚੇ ਵਿਕਾਸ ਦਾ ਬੂਹਾ ਬੰਦ ਕਰੀ ਬੈਠੀਆਂ ਨੇ। ਉਨ੍ਹਾਂ ਦੇ ਸਮਾਰਟ ਫੋਨ ਤਾਂ ਨਿਰੋਲ ਛਲਾਵੇ ਨੇ, ਅਸਲ ਹੱਲ ਰੁਜ਼ਗਾਰ ਹੁੰਦਾ ਹੈ। ਜਿੱਦਾਂ ਅੱਗੇ ਤੁਸੀਂ ਦਿੱਲੀ ਦੀ ਵਾਗਡੋਰ (ਪੂਰੀ ਨਾ ਸਹੀ ਚਲੋ ਅੱਧ-ਪਚੱਧੀ ਹੀ ਸਹੀ) ‘ਆਪ’ ਨੂੰ ਸੌਂਪੀ ਹੈ, ਏਦਾਂ ਇੱਥੇ ਪੰਜਾਬ ਵਿੱਚ ਵੀ ਇੱਕ ਮੌਕਾ ਨਵੇਂ ਬਦਲ ਨੂੰ ਮਿਲਣ ਦੀਆਂ ਆਸਾਂ ਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਇਹ ਪੂਰਾ ਰਾਜ ਹੈ। ਇੱਥੇ ‘ਆਪ’ ਖੁੱਲ੍ਹਕੇ ਨੌਜਵਾਨਾਂ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਦੇਵੇਗੀ। ਪੰਜਾਬ, ਮੁੜ ਬਲੌਰੀ ਪਾਣੀਆਂ ਵਾਲੀ ਧਰਤੀ ਅਤੇ ਅਣਖ਼ੀਲੇ ਗੱਭਰੂਆਂ ਦੀ ਧਰਤੀ ਬਣ ਸਕੇਗਾ।

Read 217 times
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਜਨਮ ਸਥਾਨ: ਗੁੰਨਾਂ ਕਲਾਂ, ਤਹਿਸੀਲ ਤੇ ਜ਼ਿਲਾ ਸਿਆਲਕੋਟ, ਪਛਮੀ ਪਾਕਿਸਤਾਨ
ਜਨਮ ਮਿਤੀ: ਅਕਤੂਬਰ ਦਾ ਆਖਰੀ ਦਿਨ, 1935.
ਪ੍ਰਾਇਮਰੀ ਐਜੂਕੇਸ਼ਨ: ਨਾਨਕੇ ਪਿੰਡ ਨਿੰਦੋਕੇ ਮਿਸ਼ਰਾਂ, ਤਹਿਸੀਲ ਨਾਰੋਵਾਲ, ਸਿਆਲਕੋਟ
ਮੈਟਿਰਕ ਤੋਂ ਬੀ.ਏ. : ਰਣਧੀਰ ਸਕੂਲ/ਕਾਲਜ ਕਪੂਰਥਲਾ
ਪੋਸਟਗਰੈਜੂਏਸ਼ਨ: ਖਾਲਸਾ ਕਾਲਜ ਅੰਮ੍ਰਿਤਸਰ
ਕੁਆਲੀਫੀਕੇਸ਼ਨ: ਐੱਮ.ਏ., ਐੱਮ.ਐੱਡ.
ਸਰਵਿਸ: ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ – ਪਹਿਲਾਂ ਪ੍ਰੋਫੈਸਰ (13 ਸਾਲ) ਤੇ ਫਿਰ ਪ੍ਰਿੰਸੀਪਲ (21 ਸਾਲ)
ਯੂਨੀਵਰਸਟੀ ਪੁਜ਼ੀਸ਼ਨਾਂ: ਸੈਨੇਟਰ, ਸਿੰਡਕ ਤੇ ਡੀਨ ਐਜੂਕੇਸ਼ਨ ਫੈਕਲਟੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ
ਸਪੋਰਟਸ: ਰੋਲ ਆਫ ਆਨਰਜ਼ ਡੀ ਏ ਵੀ ਕਾਲਜ ਜਾਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ। ਯੂਨੀਵਰਸਟੀ ਚੈਂਪੀਅਨ ਇਨ ਹੈਮਰ ਥਰੋ 1957। ਮੈਂਬਰ ਆਫ ਦਾ ਯੂਨੀਵਰਸਟੀ ਐਥਲੈਟਿਕਸ ਟੀਮ 1957, 1958.
ਸ਼ੌਂਕ: ਲਿੱਖਣਾ ਪੜ੍ਹਨਾ ਤੇ ਖੇਡਾਂ - ਕਿਤਾਬਾਂ: ਸਿੱਖਿਆ ਸਭਿਆਚਾਰ-ਵਿਰਸਾ ਤੇ ਵਰਤਮਾਣ, ਮੇਰੇ ਰਾਹਾਂ ਦੇ ਰੁੱਖ, ਰੰਗ ਕਨੇਡਾ ਦੇ, ਸੁਧਾਰ ਦੇ ਹਾਕੀ ਖਿਡਾਰੀ (ਰੀਲੀਜ਼ਿੰਗ), ਅਤੇ ‘ਕਿੱਸੇ ਕਨੇਡੀਅਨ ਪੰਜਾਬੀ ਬਾਬਿਆਂ ਦੇ’  ਅਤੇ ‘ਖਬਲ਼ ਦੀ ਪੰਡ’(ਤਿਆਰੀ ਅਧੀਨ)
ਵਰਤਮਾਨ ਕਾਰਜ: ਸਰਟੀਫਾਈਡ ਟਰਾਂਸਲੇਟਰ – ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਤੇ ਮੀਡੀਆ ਡਾਇਰੈਕਟਰ ਉਲਡ ਏਜ ਬੈਨੀਫਿਟ ਫੋਰਮ, ਕਨੇਡਾ (ਰਜਿਸਟਰਡ)
ਪਤਾ: ਕਨੇਡਾ – 33 ਈਗਲਸਪਰਿੰਗਜ਼ ਕਰੈਜ਼ੰਟ, ਬਰੈਂਪਟਨ, ਉਨਟਾਰੀਓ, L6P 2V8, ਕਨੇਡਾ
ਫੋਨ ਨੰ:
(905) – 450 – 6468 ਐਂਡ 647 – 402 - 2170.