ਲੇਖ਼ਕ

Tuesday, 13 October 2009 08:47

05 - ਮੇਰੀ ਮੁੱਢਲੀ ਪੜ੍ਹਾਈ

Written by
Rate this item
(0 votes)

ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਤੋਂ ਕੁੱਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ `ਚ ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖਿਆ ਹੋਇਆ ਸਾਂ ਤੇ ਕੁੱਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ `ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ ਕਰਕੇ ਵਧੇਰੇ ਲਾਡਲਾ ਸੀ। ਬਾਬੇ ਤੇ ਬਾਪੂ ਦੀ ਰੀਝ ਸੀ ਕਿ ਉਹਨੂੰ ਦੱਬ ਕੇ ਪੜ੍ਹਾਇਆ ਜਾਵੇ। ਪਰ ਜਿੰਨਾ ਉਹਦੇ `ਤੇ ਦਬਾਅ ਪੈਂਦਾ ਓਨਾ ਹੀ ਉਹ ਸਕੂਲੋਂ ਦੂਰ ਨੱਸਦਾ। ਉਸ ਨੂੰ ਨਾ ਖੁਆਉਣ ਪਿਆਉਣ ਦੀ ਕਸਰ ਸੀ ਤੇ ਨਾ ਪੜ੍ਹਾਉਣ ਦੀ। ਖਾਧ ਖੁਰਾਕ ਤਾਂ ਉਹਨੂੰ ਚੰਗੀ ਲੱਗਦੀ ਗਈ ਪਰ ਪੜ੍ਹਾਈ ਉਹਦੇ ਢਿੱਡ `ਚ ਨਾ ਪਈ।

ਉਹ ਮੈਥੋਂ ਚਾਰ ਕੁ ਸਾਲ ਵੱਡਾ ਹੈ ਤੇ ਨਾਂ ਹੈ ਸ਼ੇਰ ਸਿੰਘ। ਸਾਡਾ ਗੁਆਂਢੀ ਬਾਬਾ ਕਪੂਰ ਸਿਓਂ ਦੱਸਿਆ ਕਰਦਾ ਸੀ ਕਿ ਉਹ ਨਿੱਕਾ ਹੁੰਦਾ ਈ ਖਾਣ ਪੀਣ ਨੂੰ ਸ਼ੇਰ ਸੀ। ਕੜਾਹ ਪ੍ਰਸ਼ਾਦ ਦਾ ਕੌਲਾ ਬਹਿੰਦਾ ਬੰਨੇ ਲਾ ਦਿੰਦਾ ਸੀ ਤੇ ਗੁੜ ਗੀਝੇ `ਚੋਂ ਮੁੱਕਣ ਨਹੀਂ ਸੀ ਦਿੰਦਾ। ਜੀਹਦੇ ਨਾਲ ਘੁਲਾਉਂਦੇ ਉਹਨੂੰ ਬਿਨਾਂ ਦਾਅ ਮਾਰੇ ਸਿੱਧਾ ਹੀ ਢਾਹ ਲੈਂਦਾ। ਸ਼ਾਇਦ ਨਿੱਕੇ ਹੁੰਦਿਆਂ ਖਾਧੀ ਖੁੱਲ੍ਹੀ ਡੁੱਲ੍ਹੀ ਖੁਰਾਕ ਦੀ ਹੀ ਕਰਾਮਾਤ ਹੈ ਕਿ ਉਹਦਾ ਭਾਰ ਹਮੇਸ਼ਾਂ ਮੈਥੋਂ ਡੇਢਾ ਸਵਾਇਆ ਰਿਹਾ। ਮੇਰਾ ਭਾਰ ਅੱਸੀ ਬਿਆਸੀ ਕਿੱਲੋਗਰਾਮ ਰਹਿੰਦਾ ਹੈ ਤੇ ਉਹਦਾ ਸੁੱਖ ਨਾਲ ਸਵਾ ਕੁਇੰਟਲ ਤੋਂ ਮੁੜਿਆ ਹੈ। ਕੁਇੰਟਲ ਤੋਂ ਉਤੇ ਤਾਂ ਉਹ ਹੁਣ ਵੀ ਹੈ ਹਾਲਾਂ ਕਿ ਸਵਾਮੀ ਰਾਮਦੇਵ ਦਾ ਮਾੜਾ ਮੋਟਾ ਯੋਗ ਵੀ ਕਰਨ ਲੱਗ ਪਿਆ ਹੈ। ਜੇ ਉਹ ਸਕੂਲ ਜਾਂਦਾ ਰਹਿੰਦਾ ਤਾਂ ਹੋ ਸਕਦੈ ਮੈਂ ਵੀ ਸਾਲ ਛੇ ਮਹੀਨੇ ਅੱਗੋਂ ਹੀ ਸਕੂਲ ਜਾਣ ਲੱਗ ਪੈਂਦਾ ਤੇ ਹੋਰ ਹੁਸ਼ਿਆਰ ਹੁੰਦਾ। ਉਹਨੇ ਮੇਰੀ ਉਂਗਲ ਫੜ ਲਿਆ ਕਰਨੀ ਸੀ ਤੇ ਮੈਂ ਉਹਦੇ ਨਾਲ ਤੁਰ ਪਿਆ ਕਰਨਾ ਸੀ। ਕਦੇ ਕਦੇ ਮੈਂ ਸੋਚਦਾਂ, ਜੇ ਮੈਂ ਵੀ ਉਹਦੇ ਵਾਂਗ ਹੱਟੀਆਂ `ਤੇ ਜਾਣ ਲੱਗ ਪੈਂਦਾ ਤਾਂ ਛੋਟੇ ਭਰਾਵਾਂ ਲਈ ਵੀ ਲੀਹ ਪੈ ਜਾਣੀ ਸੀ।

ਮੇਰਾ ਵੱਡਾ ਭਰਾ ਵੱਡਾ ਹੋ ਕੇ ਮੇਰੇ ਨਾਲ ਅਕਸਰ ਤਕਰਾਰ ਕਰਦਾ ਰਿਹਾ ਹੈ ਕਿ ਤੈਨੂੰ ਤਾਂ ਘਰ ਦਿਆਂ ਨੇ ਪੜ੍ਹਾ `ਤਾ ਪਰ ਮੈਨੂੰ ਖੇਤਾਂ `ਚ ਫਾਹੇ ਟੰਗੀ ਰੱਖਿਆ। ਉਹ ਇਹ ਕਦੇ ਨਹੀਂ ਮੰਨਿਆ ਕਿ ਉਹ ਆਪਣੇ ਲੱਛਣਾਂ ਕਰਕੇ ਨਹੀਂ ਪੜ੍ਹ ਸਕਿਆ। ਹਾਰ ਕੇ ਮੈਂ ਵੀ ਆਖ ਦਿੰਦਾ ਰਿਹਾਂ, “ਹੁਣ ਤੂੰ ਪੁੱਤ ਪੋਤਿਆਂ ਨੂੰ ਪੜ੍ਹਾ ਕੇ ਲਾਹ ਲੈ ਚਾਅ।” ਪਰ ਸਾਡੇ ਸ਼ੇਰ ਸਿਓਂ ਦੇ ਪੁੱਤ ਵੀ ਆਪਣੇ ਪਿਓ ਦੇ ਪੁੱਤ ਹੀ ਨਿਕਲੇ ਹਨ। ਘਰ ਦੀ ਗੱਲ ਐ। ਚਲੋ ਦੱਸ ਈ ਦਿੰਨਾਂ। ਬਾਬੇ ਕਾਲੇ ਮਹਿਰ ਦੇ ਸ਼ਰਾਬ ਦੀ ਬੋਤਲ ਚੜ੍ਹਾਉਣ ਤੇ ਮਾਸਟਰਾਂ ਨੂੰ ਪਿਆਉਣ ਦੇ ਬਾਵਜੂਦ ਅੱਖਰ ਉਹਨਾਂ ਦੇ ਢਿੱਡ `ਚ ਵੀ ਨਹੀਂ ਪਏ। ਉਂਜ ਜੁੱਸੇ ਬਣਾਉਣ ਵੱਲੋਂ ਸਾਡੇ ਭਤੀਜਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਉਹ ਸਾਡੇ ਭਰਾ ਤੋਂ ਵੀ ਭਾਰੇ ਹਨ। ਦੁੱਧ ਅਸੀਂ ਵੇਚਦੇ ਨਹੀਂ ਸੀ। ਲਵੇਰਾ ਭਾਵੇਂ ਇੱਕ ਹੁੰਦਾ ਭਾਵੇਂ ਪੰਜ ਹੁੰਦੇ ਪਰ ਦੁੱਧ ਕਦੇ ਵਧਣ ਨਹੀਂ ਸੀ ਦਿੱਤਾ। ਜਿਹੜਾ ਵਧ ਜਾਂਦਾ ਉਹ ਜੱਗਾਂ `ਚ ਪਾ ਕੇ ਸਿਰ੍ਹਾਣੇ ਰੱਖ ਲੈਂਦੇ ਤੇ ਰਾਤ ਨੂੰ ਜਾਗ ਆਉਣ `ਤੇ ਪੀ ਲੈਂਦੇ। ਭਾਰ ਵਧਦੇ ਨਾ ਤਾਂ ਹੋਰ ਕੀ ਕਰਦੇ? ਮੈਥੋਂ ਬਿਨਾਂ ਮੇਰੇ ਸਾਰੇ ਭਰਾ ਕੁਇੰਟਲ ਦੇ ਗੇੜ `ਚ ਹਨ। ਮੈਂ ਵੀ ਜੇ ਖੇਡਾਂ `ਚ ਨਾ ਪੈਂਦਾ ਤੇ ਲੈਕਚਰਾਰ ਨਾ ਲੱਗਦਾ ਤਾਂ ਕੁਇੰਟਲ ਤੋਂ ਉਤੇ ਹੁੰਦਾ।

ਸਾਡੇ ਪਿੰਡ `ਚ ਇੱਕ ਇਸਾਈਆਂ ਦਾ ਸਕੂਲ ਸੀ ਤੇ ਇੱਕ ਗੁਰਦਵਾਰੇ ਦਾ ਵਿੱਦਿਆ ਭੰਡਾਰ ਸਕੂਲ। ਵਿੱਦਿਆ ਭੰਡਾਰ ਸਕੂਲ ਬਣਾਉਣ ਵਿੱਚ ਜਮਾਦਾਰ ਜੀਵਾ ਸਿੰਘ ਮੋਢੀ ਸੀ। ਪਿੱਛੇ ਜਿਹੇ ਉਸ ਦੇ ਇੰਗਲੈਂਡ ਰਹਿੰਦੇ ਪੋਤੇ ਬਲਵੰਤ ਸਿੰਘ ਨੇ ਸਕੂਲ ਲਈ ਦਸ ਲੱਖ ਰੁਪਿਆ ਦਿੱਤਾ ਹੈ ਤੇ ਪੰਚਾਇਤ ਨੇ ਸਕੂਲ ਦਾ ਨਾਂ ਜੀਵਾ ਸਿੰਘ ਸਰਕਾਰੀ ਸਕੂਲ ਰੱਖ ਲਿਆ ਹੈ। ਇਸਾਈ ਸਕੂਲ ਵਿੱਚ ਵਧੇਰੇ ਕਰ ਕੇ ਵਿਹੜੇ ਵਾਲਿਆਂ ਦੇ ਹੀ ਕੁੱਝ ਬੱਚੇ ਪੜ੍ਹਦੇ ਸਨ ਜਦ ਕਿ ਗੁਰਦਵਾਰੇ ਦੇ ਸਕੂਲ `ਚ ਸਾਰੇ ਪਿੰਡ ਦੇ ਬੱਚੇ ਆਉਂਦੇ ਸਨ। ਦੁਆਬੇ ਦੇ ਮਾਸਟਰ ਰਾਮ ਸਿੰਘ ਮੁੱਖ ਅਧਿਆਪਕ ਸਨ। ਉਹਨਾਂ ਦੀ ਇੱਕ ਬਾਂਹ ਕੂਹਣੀ ਕੋਲੋਂ ਕੱਟੀ ਹੋਈ ਸੀ ਜਿਸ ਕਰਕੇ ਮੁੰਡੇ ਉਨ੍ਹਾਂ ਨੂੰ ਟੁੰਡਾ ਮਾਸਟਰ ਕਹਿੰਦੇ ਸਨ। ਉਹ ਕਛਹਿਰਾ ਪਾ ਕੇ ਰੱਖਦੇ ਸਨ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਨ।

ਬੱਧੀ ਦਾੜ੍ਹੀ ਤੇ ਪੋਚਵੀਂ ਪੱਗ ਵਾਲਾ ਇੱਕ ਮਾਸਟਰ ਮਾਝੇ ਤੋਂ ਸੀ ਤੇ ਲੰਮੀ ਗੁੱਤ ਵਾਲੀ ਉਹਦੀ ਘਰ ਵਾਲੀ ਮਾਸਟਰਨੀ ਸੀ। ਪੰਡਤ ਬੁੱਧ ਰਾਮ ਤੇ ਅਕਾਲੀ ਚੰਨਣ ਸਿੰਘ ਪਿੰਡ ਦੇ ਮਾਸਟਰ ਸਨ। ਬੁੱਧ ਰਾਮ ਦੇ ਚਿੱਟੀ ਪੱਗ ਬੰਨ੍ਹੀ ਹੁੰਦੀ ਸੀ ਤੇ ਚੰਨਣ ਸਿੰਘ ਦੇ ਨੀਲੀ। ਬੁੱਧ ਰਾਮ ਦੀ ਇੱਕ ਜ਼ੇਬ ਵਿੱਚ ਘੜੀ ਹੁੰਦੀ ਸੀ ਤੇ ਦੂਜੀ ਵਿੱਚ ਚਾਕੂ। ਉਹ ਚਾਕੂ ਨਾਲ ਕਾਨਿਆਂ ਦੀਆਂ ਕਲਮਾਂ ਘੜ ਦਿੰਦਾ ਸੀ। ਚੰਨਣ ਸਿੰਘ ਪੰਜ ਗ੍ਰੰਥੀ ਪੜ੍ਹਾਉਂਦਾ ਸੀ। ਅਸੀਂ ਸਰੋਵਰ ਦੀਆਂ ਪੌੜੀਆਂ `ਤੇ ਬਹਿ ਕੇ ਤੇ ਪੈਰ ਪਾਣੀ `ਚ ਲਮਕਾ ਕੇ ਬਾਣੀਆਂ ਕੰਠ ਕਰਦੇ ਤੇ ਛੁੱਟੀ ਮਿਲਣ ਮਗਰੋਂ ਤਲਾਅ `ਚ ਤਾਰੀਆਂ ਲਾਉਂਦੇ।

ਗੁਰਦਵਾਰੇ ਤਲਾਅ ਹੋਣ ਕਾਰਨ ਸਕੂਲ ਪੜ੍ਹਨ ਵਾਲੇ ਸਾਰੇ ਬੱਚੇ ਹੀ ਤੈਰਨਾ ਸਿੱਖ ਗਏ ਸਨ। ਮੈਂ ਪਹਿਲਾਂ ਪੌੜੀਆਂ `ਤੇ ਹੱਥ ਰੱਖ ਕੇ ਪਾਣੀ `ਚ ਲੱਤਾਂ ਮਾਰਨੀਆਂ ਸਿੱਖੀਆਂ, ਫਿਰ ਤਲਾਅ ਦੇ ਇੱਕ ਖੂੰਜੇ ਇੱਕ ਪੌੜੀ ਤੋਂ ਦੂਜੀ ਪੌੜੀ ਤਕ ਜਾਣ ਤੇ ਫਿਰ ਨਿੱਕੀ ਤੇ ਵੱਡੀ ਤਾਰੀ ਲਾਉਣੀ ਸਿੱਖੀ। ਫੇਰ ਤਾਂ ਮੈਂ ਟੋਭੇ, ਢਾਬ, ਖੂਹ ਤੇ ਸੂਏ `ਚ ਜਿਥੇ ਜੀਅ ਕਰਦਾ ਤੈਰ ਸਕਦਾ ਸਾਂ। ਓਦੋਂ ਦਾ ਸਿੱਖਿਆ ਮੈਂ ਹੁਣ ਵੀ ਡੁੱਬਣੋਂ ਬਚ ਸਕਦਾ ਹਾਂ। ਪੰਜਾਬ ਵਿੱਚ ਬਹੁਤ ਸਾਰੇ ਲੋਕ ਹਨ ਜਿਹੜੇ ਤੈਰਨਾ ਨਹੀਂ ਜਾਣਦੇ। ਜੇਕਰ ਮੰਦਰਾਂ ਤੇ ਗੁਰਦਵਾਰਿਆਂ ਦੇ ਸਰੋਵਰਾਂ ਵਿੱਚ ਇੱਕ ਬੰਨੇ ਕੁੱਝ ਜਗ੍ਹਾ ਸੁਰੱਖਿਅਤ ਰੱਖ ਕੇ ਬੱਚਿਆਂ ਨੂੰ ਤੈਰਨ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਉਹ ਵੀ ਤੈਰਨਾ ਸਿੱਖ ਸਕਦੇ ਹਨ। ਤੈਰਨਾ ਸੰਕਟ ਸਮੇਂ ਬੜਾ ਕੰਮ ਆਉਂਦੈ।

ਉਹਨੀਂ ਦਿਨੀਂ ਸਾਡੇ ਬਸਤਿਆਂ `ਚ ਗੁਰਮੁਖੀ ਦਾ ਬਾਲ ਉਪਦੇਸ਼, ਹਿਸਾਬ ਦੀ ਕਿਤਾਬ ਤੇ ਉਰਦੂ ਦਾ ਕਾਇਦਾ ਹੁੰਦੇ ਸਨ। ਇੱਕ ਦਵਾਤ ਹੁੰਦੀ ਸੀ, ਇੱਕ ਫੱਟੀ ਤੇ ਇੱਕ ਸਲੇਟ। ਹੁਣ ਤਾਂ ਬੱਚਿਆਂ ਤੋਂ ਸਕੂਲੀ ਬੈਗ ਮਸੀਂ ਚੁੱਕੇ ਜਾਂਦੇ ਹਨ। ਮੇਰੇ ਪੋਤੇ ਸਿਮਰ ਦਾ ਜਿੰਨਾ ਆਪਣਾ ਭਾਰ ਹੈ ਉਨਾ ਹੀ ਉਸ ਦੇ ਬੈਗ ਦਾ ਭਾਰ ਬਣ ਜਾਂਦਾ ਹੈ। ਸਾਡੇ ਵੇਲੇ ਕਾਪੀਆਂ ਉਤੇ ਨਹੀਂ, ਫੱਟੀਆਂ ਉਤੇ ਲਿਖਿਆ ਜਾਂਦਾ ਸੀ ਤੇ ਫੱਟੀਆਂ ਧੋ ਕੇ ਗਾਚਣੀ ਨਾਲ ਪੋਚੀਆਂ ਜਾਂਦੀਆਂ ਸਨ। ਮੇਰੀ ਇੱਕ ਕਮਜ਼ੋਰੀ ਸੀ ਕਿ ਮੈਂ ਨਿੱਕਾ ਹੁੰਦਾ ਮਿੱਟੀ ਖਾਣ ਲੱਗ ਪਿਆ ਸਾਂ। ਜਦੋਂ ਗਾਚਣੀ ਹੱਥ `ਚ ਆਉਣ ਲੱਗੀ ਤਾਂ ਉਹਦੇ ਵੀ ਛੌਡੇ ਲਾਹੁਣ ਲੱਗ ਪਿਆ। ਫਿਰ ਸਲੇਟੀਆਂ ਨੂੰ ਪੈ ਗਿਆ। ਮੈਨੂੰ ਇਹ ਦੱਸਣ ਵਿੱਚ ਕੋਈ ਸੰਗ ਨਹੀਂ ਕਿ ਕਾਲਜ ਵਿੱਚ ਵੀ ਮੈਨੂੰ ਪਾਂਡੂ ਮਿੱਟੀ ਲੱਭਦੀ ਤਾਂ ਉਹਲੇ ਹੋ ਕੇ ਚੱਖ ਲੈਂਦਾ ਸਾਂ। ਅੱਧਪੱਕੇ ਰੋੜ ਬੜੇ ਸੁਆਦ ਲੱਗਦੇ ਸਨ। ਚੋਰੀ ਛਿਪੇ ਸਤਾਰਾਂ ਅਠਾਰਾਂ ਸਾਲ ਦੀ ਉਮਰ ਤਕ ਮੈਂ ਮਿੱਟੀ ਖਾਂਦਾ ਰਿਹਾ। ਮੇਰਾ ਨਹੀਂ ਖ਼ਿਆਲ ਕਿ ਮੇਰੇ ਜਿੰਨੀ ਮਿੱਟੀ ਕਿਸੇ ਹੋਰ ਲੇਖਕ ਨੇ ਖਾਧੀ ਹੋਵੇ। ਮਣ ਪੱਕੀ ਤਾਂ ਖਾ ਈ ਗਿਆ ਹੋਊਂ। ਅੱਵਲ ਤਾਂ ਕੁਇੰਟਲ ਈ ਬੰਨੇ ਲਾ ਦਿੱਤੀ ਹੋਊ! ਵਿਆਹ ਸ਼ਾਦੀ ਸਮੇਂ ਮੈਨੂੰ ਘਰ ਦੇ ਨਾਲ ਲਿਜਾਣ ਦੀ ਥਾਂ ਕਹਿੰਦੇ, “ਇਹਨੂੰ ਏਥੇ ਈ ਮਿੱਟੀ ਦਾ ਡਲਾ ਦੇ ਚੱਲਦੇ ਆਂ। ਓਥੇ ਕਿਹੜਾ ਇਹਨੇ ਲੱਡੂ ਖਾਣੇ ਆਂ?”

ਪਤਾ ਨਹੀਂ ਮਿੱਟੀ ਖਾਣ ਕਰਕੇ ਜਾਂ ਕਿਸੇ ਹੋਰ ਕਾਰਨ ਮੈਂ ਆਪਣੀ ਜਮਾਤ ਵਿੱਚ ਸਭ ਤੋਂ ਮਧਰਾ ਸਾਂ ਪਰ ਪ੍ਰਾਥਨਾ ਸਮੇਂ ਮੂਹਰੇ ਖੜ੍ਹ ਕੇ ਸ਼ਬਦ ਕਹਾਇਆ ਕਰਦਾ ਸਾਂ। ਇੱਕ ਦਿਨ ਅਕਾਲੀ ਚੰਨਣ ਸਿੰਘ ਨੇ ਮੈਨੂੰ ਮਧਰੂ ਜਿਹਾ ਕਹਿ ਦਿੱਤਾ ਜਿਸ ਨਾਲ ਮੇਰਾ ਨਾਂ ‘ਮਧਰੂ’ ਪੱਕ ਗਿਆ। ਘਰ ਦਿਆਂ ਤੋਂ ਬਿਨਾਂ ਬਾਕੀ ਸਾਰੇ ਮੈਨੂੰ ਮਧਰੂ ਕਹਿਣ ਲੱਗ ਪਏ ਜੋ ਮੇਰੇ ਕੱਦ ਮੁਤਾਬਿਕ ਜਚਦਾ ਮਿਚਦਾ ਨਾਂ ਸੀ। ਅਸਲੀ ਨਾਂ ਸਾਰੇ ਜਮਾਤੀਆਂ ਦੇ ਈ ਬਦਲ ਗਏ ਸਨ। ਕੋਈ ਲੱਡੂ ਸੀ, ਕੋਈ ਮੱਢੂ ਸੀ, ਕੋਈ ਮਸਤ ਸੀ ਤੇ ਤਰਖਾਣਾਂ ਦੇ ਇੱਕ ਮੁੰਡੇ ਨਾਂ ‘ਹਰਨੀ’ ਪੈ ਗਿਆ ਸੀ। ਇੱਕ ‘ਅਮਲੀ’ ਹੁੰਦਾ ਸੀ। ਹਰਨੀ ਤੇ ਅਮਲੀ ਪਿੱਛੇ ਜਿਹੇ ਸਵਰਗ ਸਿਧਾਰ ਗਏ ਹਨ। ਮੈਂ ਇੱਕ ਦਿਨ ਕਬੱਡੀ ਖੇਡ ਰਿਹਾ ਸਾਂ ਕਿ ਕਿਸੇ ਨੇ ਮੈਨੂੰ ‘ਗੁੱਲ’ ਦਾ ਖ਼ਿਤਾਬ ਦੇ ਦਿੱਤਾ। ਮੈਂ ਗੁੱਲ ਵਾਂਗ ਜੁ ਅੜ ਗਿਆ ਸਾਂ। ਦਸਵੀਂ ਤਕ ਮੇਰਾ ‘ਗੁੱਲ’ ਨਾਂ ਤੋਂ ਖਹਿੜਾ ਨਾ ਛੁੱਟਿਆ। ਹੁਣ ਵੀ ਕੋਈ ਗੁੱਲ ਕਹਿ ਦੇਵੇ ਤਾਂ ਮੇਰੇ ਕੰਨ ਖੜ੍ਹੇ ਹੋ ਜਾਂਦੇ ਹਨ।

ਕਾਲਜ ਪੜ੍ਹਨ ਲੱਗਾ ਤਾਂ ਨੰਦਗੜ੍ਹ ਦੇ ਬਲਦੇਵ ਸਿੰਘ ਨੇ ਮੇਰਾ ਨਾਂ ‘ਛੋਟੂ’ ਰੱਖ ਲਿਆ। ਉਹ ਮੈਥੋਂ ਦੋ ਜਮਾਤਾਂ ਮੂਹਰੇ ਸੀ ਤੇ ਬੜਾ ਬਣਦਾ ਫਬਦਾ ਜੁਆਨ ਸੀ। ਉਦੋਂ ਮੇਰਾ ਭਾਰ ਇੱਕ ਮਣ ਸਾਢੇ ਚਾਰ ਸੇਰ ਸੀ ਯਾਨੀ ਹੁਣ ਦੇ ਬਤਾਲੀ ਕਿੱਲੋ। ਕੁਸ਼ਤੀਆਂ ਲਈ ਮੇਰਾ ਭਾਰ ਫਲਾਈ ਵੇਟ ਵਿੱਚ ਆਇਆ ਸੀ। ਬਲਦੇਵ ਸਿੰਘ ਦਾ ਭਾਰ ਇੱਕ ਮਣ ਚੌਂਤੀ ਸੇਰ ਸੀ ਜੋ ਅਸੀਂ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਕੰਡੇ ਉਤੇ ਤੋਲਿਆ ਸੀ। ਬਲਦੇਵ ਸਿੰਘ ਸਿਵੀਆ ਕਈ ਸਾਲਾਂ ਬਾਅਦ ਸ਼ੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਤਾਂ ਮੋਗੇ ਦੇ ਗੁਰੂ ਨਾਨਕ ਕਾਲਜ ਵਿੱਚ ਸਾਡਾ ਮੇਲ ਹੋਇਆ। ਪਹਿਲੀ ਨਜ਼ਰੇ ਉਹ ਮੈਨੂੰ ਸਿਆਣ ਨਾ ਸਕਿਆ। ਜਦੋਂ ਮੈਂ ਉਹਦੇ ਕੰਨ `ਚ ਕਿਹਾ ਕਿ ਮੈਂ ਛੋਟੂ ਆਂ ਤਾਂ ਉਹ ਫੱਟ ਪਛਾਣ ਗਿਆ ਤੇ ਕਹਿਣ ਲੱਗਾ, “ਹੁਣ ਤਾਂ ਤੂੰ ਮੈਥੋਂ ਵੀ ਲੰਮਾ ਹੋ ਗਿਐਂ!” ਅਸਲ ਵਿੱਚ ਮੇਰਾ ਕੱਦ ਅਠਾਰਾਂ ਉਨੀ ਸਾਲ ਦੀ ਉਮਰ ਵਿੱਚ ਜਾ ਕੇ ਵਧਿਆ ਸੀ।

ਦਿੱਲੀ ਦੇ ਖ਼ਾਲਸਾ ਕਾਲਜ ਵਿੱਚ ਪੜ੍ਹਦਿਆਂ ਭਾਪਿਆਂ ਦਿਆਂ ਮੁੰਡਿਆਂ ਨੇ ਮੇਰਾ ਨਾਂ ‘ਜੱਟ’ ਰੱਖ ਲਿਆ ਸੀ ਤੇ ਉਹ ਮੈਨੂੰ ‘ਜੱਟਾ’ ਕਹਿ ਕੇ ਬੁਲਾਉਂਦੇ ਸਨ। ਦੋ ਕੁ ਪ੍ਰੋਫੈਸਰ ਵੀ ਜੱਟਾ ਈ ਕਹਿੰਦੇ। ਉਥੇ ਸੁਨਿਆਰਿਆਂ ਦੀ ਇੱਕ ਬੜੀ ਸੋਹਣੀ ਕੁੜੀ ਪੜ੍ਹਦੀ ਸੀ ਜਿਸ ਨੂੰ ਵੇਖ ਕੇ ਮੇਰਾ ਦਿਲ ਕਰਦਾ, “ਭਾਪੇ ਮੈਨੂੰ ਜੱਟਾ ਕਹਿਣ ਦੀ ਥਾਂ ਸੁਨਿਆਰਾ ਕਹਿਣ ਤਾਂ ਸ਼ਾਇਦ ਕੰਮ ਈ ਬਣ ਜੇ! ਸੁਨਿਆਰਾ ਸਮਝ ਕੇ ਸ਼ਾਇਦ ਉਹ ਕੁੜੀ ਮੇਰੇ ਵੱਲ ਖਿੱਚੀ ਜਾਵੇ?” ਮੈਂ ਦੋਸਤਾਂ ਨੂੰ ਬਥੇਰਾ ਆਖਦਾ ਕਿ ਮੈਨੂੰ ਜੱਟਾ ਕਹਿਣ ਦੀ ਥਾਂ ਸੁਨਿਆਰਾ ਕਹਿ ਲਿਆ ਕਰੋ ਪਰ ਉਹ ਕਿਵੇਂ ਕਹਿੰਦੇ ਕਿਉਂਕਿ ਮੇਰੇ `ਚ ਸੁਨਿਆਰਿਆਂ ਵਾਲੀ ਕੋਈ ਲਿਸ਼ਕ ਈ ਨਹੀਂ ਸੀ। ਉਹ ਕੁੜੀ ਤਾਂ ਕੰਗਣ ਵਾਂਗ ਲਿਸ਼ਕਦੀ ਸੀ। ਰੱਬ ਜਾਣੇ ਹੁਣ ਉਹ ਕਿਥੇ ਹੋਵੇਗੀ? ਉਹ ਜਿਥੇ ਵੀ ਹੋਵੇ ਉਹਦੇ ਸੁਖੀ ਵਸਣ ਦੀ ਸੋਅ ਆਵੇ!

ਸਾਡੇ ਵੇਲਿਆਂ ਦੇ ਮੋਹ ਪਿਆਰ ਬੱਸ ਇਸ ਤਰ੍ਹਾਂ ਦੇ ਈ ਚੁੱਪ ਗੜੁੱਪ ਹੁੰਦੇ ਸਨ। ਉਸ ਭਾਗਾਂ ਭਰੀ ਨੂੰ ਤਾਂ ਸ਼ਾਇਦ ਪਤਾ ਵੀ ਨਾ ਹੋਵੇ ਕਿ ਉਹ ਹਮਾਤ੍ਹੜਾਂ ਦੇ ਖ਼ਾਬਾਂ ਵਿੱਚ ਵਸ ਗਈ ਸੀ। ਅੱਜ ਕੱਲ੍ਹ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਆਪਸ ਵਿੱਚ ਗੱਲਾਂ ਕਰਨ ਤੇ ਮੋਹ ਜਤਾਉਣ ਦੀ ਕਿੰਨੀ ਸੌਖ ਐ! ਪੜ੍ਹਦੇ ਘੱਟ ਹਨ ਤੇ ਪ੍ਰੇਮ ਪਿਆਰ ਦੀਆਂ ਗੱਲਾਂ ਵੱਧ ਕਰਦੇ ਹਨ। ਮੋਬਾਈਲ ਫੋਨ ਜਿਵੇਂ ਉਹਨਾਂ ਵਾਸਤੇ ਹੀ ਬਣੇ ਹੋਣ! ਉਦੋਂ ਬੜੀ ਝਿਜਕ ਹੁੰਦੀ ਸੀ। ਕਾਲਜ ਦੀਆਂ ਪਹਿਲੀਆਂ ਚਾਰ ਜਮਾਤਾਂ ਵਿੱਚ ਮੈਂ ਸ਼ਾਇਦ ਹੀ ਕਿਸੇ ਕੁੜੀ ਨੂੰ ਬੁਲਾ ਸਕਿਆ ਹੋਵਾਂ। ਦਿੱਲੀ ਵਿੱਚ ਵੀ ਉਸ ਪਿਆਰੀ ਕੁੜੀ ਨੂੰ ਵੇਖਦਾ ਈ ਰਿਹਾ ਪਰ ਪਿਆਰ ਦਾ ਇਜ਼ਹਾਰ ਨਾ ਕਰ ਸਕਿਆ।

ਗੱਲ ਮੁੜ ਕੇ ਮੁੱਢਲੀ ਪੜ੍ਹਾਈ ਦੀ ਕਰਦਾ ਹਾਂ। ਮੈਂ ਭੁੰਜੇ ਤੱਪੜਾਂ `ਤੇ ਬਹਿ ਕੇ ਪੜ੍ਹਿਆ ਤੇ ਖੜ੍ਹ ਕੇ ਪਹਾੜੇ ਕਹਾਏ। ਅਗੱਸਤ 1947 ਵਿੱਚ ਪਾਕਿਸਤਾਨ ਬਣਿਆ ਤਾਂ ਮੈਂ ਦੂਜੀ ਜਮਾਤ ਵਿੱਚ ਸਾਂ। ਪਾਕਿਸਤਾਨ ਬਣਨ ਦੇ ਨਾਲ ਹੀ ਸਾਡੇ ਸਕੂਲ ਵਿੱਚ ਉਰਦੂ ਦੀ ਪੜ੍ਹਾਈ ਬੰਦ ਹੋ ਗਈ। ਉਰਦੂ ਦਾ ਕਾਇਦਾ ਜਿੰਨਾ ਕੁ ਪੜ੍ਹਿਆ ਸੀ ਬੱਸ ਉਨਾ ਕੁ ਯਾਦ ਰਿਹਾ। ਹੁਣ ਮੈਂ ਉਰਦੂ ਦਾ ਅਖ਼ਬਾਰ ਜੋੜ ਜਾੜ ਕੇ ਪੜ੍ਹ ਤਾਂ ਲੈਨਾਂ ਪਰ ਲਿਖ ਨਹੀਂ ਸਕਦਾ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਸਾਡਾ ਕਬੱਡੀ ਦਾ ਮੈਚ ਮਾਣੂੰਕੇ ਦੇ ਪ੍ਰਾਇਮਰੀ ਸਕੂਲ ਨਾਲ ਹੋਇਆ ਸੀ। ਅਸੀਂ ਬੱਚੇ ਭਾਵੇਂ ਨਿੱਕੇ ਨਿੱਕੇ ਸਾਂ ਪਰ ਖੇਡਣ ਨੂੰ ਤਿੱਖੇ ਸਾਂ। ਮਾਣੂੰਕਿਆਂ ਦੀ ਟੀਮ ਵਿੱਚ ਗੁਰਦਿਆਲ ਸਿੰਘ ਸਭ ਤੋਂ ਤਕੜਾ ਸੀ ਜੋ ਬਾਅਦ ਵਿੱਚ ਵਾਲੀਬਾਲ ਦਾ ਵਧੀਆ ਖਿਡਾਰੀ ਬਣਿਆ। ਉਹ ਬਾਲ ਨੂੰ ਗੁੱਡ ਗੋ ਕਹਿੰਦਾ ਸੀ ਜਿਸ ਕਰਕੇ ਉਹਦਾ ਨਾਂ ਹੀ ‘ਗੁਰਦਿਆਲ ਗੁੱਡਗੋ’ ਪੱਕ ਗਿਆ।

ਮੈਂ ਖੇਡਾਂ ਦਾ ਸਭ ਤੋਂ ਪਹਿਲਾ ਟੂਰਨਾਮੈਂਟ ਤਖਤੂਪੁਰੇ ਦੇ ਮੇਲੇ ਵਿੱਚ ਵੇਖਿਆ ਸੀ। ਮੈਂ ਆਪਣੀ ਪੁਸਤਕ ‘ਖੇਡ ਜਗਤ ਦੀਆਂ ਬਾਤਾਂ’ ਵਿੱਚ ‘ਏਨੀ ਮੇਰੀ ਬਾਤ’ ਪਾਉਂਦਿਆਂ ਲਿਖਿਐ, “ਹੁਣ ਤਾਂ ਲੰਡਨ ਦੀ ਚੰਡੋਲ ਦਾ ਝੂਟਾ ਵੀ ਲੈ ਲਿਆ ਤੇ ਟੋਰਾਂਟੋ ਦੇ ਸੀ.ਐੱਨ.ਐੱਨ.ਟਾਵਰ `ਤੇ ਚੜ੍ਹ ਕੇ ਵੀ ਵੇਖ ਲਿਐ। ਕਦੇ ਤਖਤੂਪੁਰੇ ਦਾ ਮੇਲਾ ਵੇਖਣਾ ਬੜੀ ਵੱਡੀ ਗੱਲ ਸੀ। ਨਿੱਕੇ ਹੁੰਦਿਆਂ ਉਹ ਮੇਲਾ ਸਾਡੇ ਲਈ ਖ਼ੁਸ਼ੀਆਂ ਦਾ ਸਰਚਸ਼ਮਾ ਸੀ। ਉਥੇ ਚਕਰਚੂੰਡੇ ਸਨ, ਝੂਟੇ ਮਾਟੇ ਸਨ ਤੇ ਖਾਣ ਪੀਣ ਦੀਆਂ ਅਨੇਕਾਂ ਵਸਤਾਂ ਸਨ। ਅਸਾਂ ਬੱਚਿਆਂ ਨੇ ਕਈ ਕਈ ਮਹੀਨੇ ਉਸ ਮੇਲੇ ਨੂੰ ਉਡੀਕਦੇ ਰਹਿਣਾ। ਹੁਣ ਛੇ ਮਹੀਨੇ ਰਹਿ-ਗੇ, ਹੁਣ ਚਾਰ, ਹੁਣ ਇੱਕ ਤੇ ਬੱਸ ਹੁਣ ਗਿਣਤੀ ਦੇ ਦਿਨ …।

“ਲੋਹੜੀ ਤੋਂ ਅਗਲੇ ਦਿਨ ਅਸੀਂ ਮਾਘੀ ਨ੍ਹਾਉਣ ਜਾਂਦੇ। ਸਾਡੀ ਨਿੱਕੇ ਨਿੱਕੇ ਯਾਰਾਂ ਬੇਲੀਆਂ ਦੀ ਅੱਡ ਟੋਲੀ ਹੁੰਦੀ। ਓਦੋਂ ਖੇਤਾਂ ਵਿੱਚ ਦੀ ਵਿੰਗ ਟੇਢ ਖਾਂਦੀ ਇੱਕ ਡੰਡੀ ਜਾਂਦੀ ਸੀ ਜੀਹਦੇ ਲਾਂਭ ਚਾਂਭ ਸਰ੍ਹਵਾਂ ਦੇ ਪੀਲੇ ਫੁੱਲ ਖਿੜੇ ਹੁੰਦੇ। ਢਾਣੀਆਂ ਦੀਆਂ ਢਾਣੀਆਂ, ਡੰਡੀਓ ਡੰਡੀ ਤੇ ਵੱਟੋ ਵੱਟ ਪਈਆਂ ਤਖਤੂਪੁਰੇ ਨੂੰ ਤੁਰੀਆਂ ਜਾਂਦੀਆਂ। `ਗਾਂਹ ਮੇਲੇ ਵਿੱਚ ਗਰਦਾਂ ਉਡਦੀਆਂ, ਲਾਊਡ ਸਪੀਕਰ ਗੂੰਜਦੇ, ਗੁੰਬਦਾਂ ਦੇ ਕਲਸ ਲਿਸ਼ਕਦੇ ਤੇ ਮੈਚਾਂ ਦੀਆਂ ਵਿਸਲਾਂ ਵੱਜਦੀਆਂ। ਪਤਾ ਨਹੀਂ ਕਿਉਂ ਮੈਂ ਸਭ ਤੋਂ ਵੱਧ ਉਨ੍ਹਾਂ ਵਿਸਲਾਂ ਵੱਲ ਖਿੱਚਿਆ ਜਾਂਦਾ ਤੇ ਘੰਟਿਆਂ ਬੱਧੀ ਖੇਡਾਂ ਤੇ ਖਿਡਾਰੀਆਂ ਨੂੰ ਵੇਖਦਾ ਰਹਿੰਦਾ। ਮੇਰੇ ਨਾਲ ਦੇ ਸਾਰਾ ਮੇਲਾ ਵੇਖ ਕੇ ਮੈਨੂੰ ਓਥੋਂ ਈ ਆ ਨਾਲ ਰਲਾਉਂਦੇ। ਮੁੜਦਿਆਂ ਮੈਂ ਅੱਖੀਂ ਡਿੱਠੇ ਮੈਚਾਂ ਦੀਆਂ ਗੱਲਾਂ ਸਾਥੀਆਂ ਨੂੰ ਸੁਣਾਉਂਦਾ ਆਉਂਦਾ।”

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਮੇਂ ਸਾਡੇ ਪਿੰਡ ਬੜੇ ਜਲੌਅ ਵਾਲਾ ਜਲੂਸ ਨਿਕਲਿਆ ਕਰਦਾ ਸੀ। ਉਸ ਵਿੱਚ ਰਾਮੇ ਤੇ ਮੀਨੀਆਂ ਦੀ ਸੰਗਤ ਵੀ ਸ਼ਾਮਲ ਹੋਇਆ ਕਰਦੀ ਸੀ। ਮੰਨੇ ਦੰਨੇ ਕਵੀਸ਼ਰ ਕਰਨੈਲ ਸਿੰਘ ‘ਪਾਰਸ’ ਦਾ ਜਥਾ ਉਸ ਨਗਰ ਕੀਰਤਨ ਵਿੱਚ ਕਵੀਸ਼ਰੀ ਕਰਦਾ। ਜਥੇ ਵਿੱਚ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਹੁੰਦੇ ਸਨ ਜਿਨ੍ਹਾਂ ਬਾਰੇ ਪਾਰਸ ਨੇ ਲਿਖਿਆ ਹੈ:

-ਚੰਦ ਤੇ ਰਣਜੀਤ ਹੋਰਾਂ, ਨਿੱਤ ਨਾ ਗਾਉਣੇ ਛੰਦ ਇਕੱਠਿਆਂ।

ਕਰਨੈਲ ਕਵੀਸ਼ਰ ਨੇ ਕਿਧਰੇ ਲੁਕ ਨੀ ਜਾਣਾ ਨੱਠਿਆਂ।

ਜਿੰਦ ਏਸ ਕਚਹਿਰੀ `ਚੋਂ ਤੁਰਗੀ ਕੁਲ ਹਾਰ ਕੇ ਦਾਅਵੇ।

ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ …।

ਉਨ੍ਹਾਂ ਦਾ ਗਾਇਆ ਇੱਕ ਹੋਰ ਛੰਦ ਮੈਨੂੰ ਹਾਲੇ ਤਕ ਯਾਦ ਹੈ:

-ਨਿੱਤ ਨਿੱਤ `ਕੱਠੀਆਂ ਨਾ ਹੋਣਾ ਰੂਹਾਂ ਨੇ ਗਤੀ ਦਾ ਆਉਂਦਾ ਵੇਮ ਨਹੀਂ,

ਬੰਦੇ ਮਿਲ ਪੈਣ ਮਿਲਣਾ ਨੀ ਰੂਹਾਂ ਨੇ ਸਕਦਾ ਹੋ ਨੇਮ ਨਹੀਂ, ਵੱਸਦੇ ਜਹਾਨ `ਚ,

ਭਰਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ `ਚ …।

ਸਾਡਾ ਵਜ਼ੀਫ਼ੇ ਦਾ ਇਮਤਿਹਾਨ ਜਗਰਾਓਂ ਹੁੰਦਾ ਸੀ। ਜਿਹੜੇ ਮੁੰਡੇ ਜਗਰਾਓਂ ਜਾਂਦੇ ਉਹ ਵਜ਼ੀਫ਼ੇ ਦੇ ਇਮਤਿਹਾਨ ਨਾਲੋਂ ਰੇਲ ਗੱਡੀ ਤੇ ਉਹਦਾ ਇੰਜਣ ਵੇਖਣ ਦੀਆਂ ਗੱਲਾਂ ਵੱਧ ਕਰਦੇ। ਆ ਕੇ ਦੱਸਦੇ ਬਈ ਅਸੀਂ ਇੰਜਣ ਨੂੰ ਹੱਥ ਲਾ ਕੇ ਵੇਖਿਐ! ਉਦੋਂ ਰੇਲ ਦਾ ਇੰਜਣ ਈ ਸਾਡੇ ਲਈ ਅਜੂਬਾ ਸੀ। ਬਚਪਨ ਵਿੱਚ ਹਰ ਨਵੀਂ ਵਸਤ ਅਜੂਬਾ ਸੀ ਤੇ ਛੋਟੀਆਂ ਚੀਜ਼ਾਂ ਵੀ ਵੱਡੀਆਂ ਲੱਗਦੀਆਂ ਸਨ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਤਕ ਨਹੀਂ ਭੁੱਲੀਆਂ।

Additional Info

  • Writings Type:: A single wirting
Read 3218 times Last modified on Tuesday, 13 October 2009 17:52
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।