ਪੰਜਾਬੀ ਦਾ ਵਿਕਾਸ
(ਸੂਚਨਾ: ਅੱਗੇ ਲਿਖੇ ਦੋ ਆਰਟੀਕਲ ਸਿਰਜਣਾ ਦੇ ਅੰਕ-124, ਅਪਰੈਲ-ਜੂਨ 2002, ਪੰਨਾ ਨੰ: 1… ਉੱਤੇ ਛਪੇ ਸਨ। ਇਨ੍ਹਾਂ ਦਾ ਨੋਟਿਸ ਲੈ ਕੇ ਪੰਜਾਬ ਸਰਕਾਰ ਦੇ ਵਿੱਦਿਆ ਦੇ ਮਹਿਕਮੇ ਦੇ ਚੀਫ ਸੈਕਟਰੀ ਨੇ ਇੱਕ ਮੀਟਿੰਗ ਬੁਲਾਕੇ ਅਤੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕਰਨ ਪਿੱਛੋਂ ਪੰਜ ਮੈੰਬਰੀ ਕਮੇਟੀ (ਸ੍ਰੀ ਮਦਨ ਲਾਲ ਹਸੀਜਾ, ਡਾਇਰੈੱਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰਧਾਨ ਅਤੇ ਚਾਰ ਮੈੰਬਰ ਡਾ. ਕੁਲਦੀਪ ਸਿੰਘ ਧੀਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਨਮੇਜਾ ਜੌਹਲ ਕੰਪਿਊਟਰ ਮਾਹਰ, ਡਾ. ਗੁਰਪ੍ਰੀਤ ਸਿੰਘ ਲਹਿਲ, ਕੰਪਿਊਟਰ ਡਿਪਾਰਟਮੈੰਟ ਪੰਜਾਬੀ ਯੂਨੀਵਰਸਿਟੀ, ਤੇ ਕਿਰਪਾਲ ਸਿੰਘ ਪੰਨੂੰ ਆਰਟੀਕਲ ਦਾ ਲੇਖਕ, ਦੀ ਬਣਾ ਕੇ ਆਪਣੀ ਰਾਏ ਦੇਣ ਲਈ ਕਿਹਾ। ਨਿਰਸੰਕੋਚ ਲਿਖਿਆ ਜਾਂਦਾ ਹੈ ਕਿ ਪਹਿਲੇ ਤਿੰਨਾਂ ਦੀ ਮਿਲ਼ੀ ਭੁਗਤ ਅਤੇ ਬਦਨੀਤੀ ਕਾਰਨ, ਗੱਲ ਕਿਸੇ ਵੀ ਤਣ ਪੱਤਣ ਨਾ ਲੱਗ ਸਕੀ। ਭਾਵੇਂ ਕਿ ਡਾ. ਗੁਰਪ੍ਰੀਤ ਸਿੰਘ ਲਹਿਲ ਅਤੇ ਕਿਰਪਾਲ ਸਿੰਘ ਪੰਨੂੰ ਨੇ ਆਪਣੇ ਤੌਰ ਉੱਤੇ ਅੰਤਮ ਰੀਪੋਰਟ ਤਿਆਰ ਕਰਕੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਆਪਣੇ ਹੱਥੀਂ ਸੌਂਪ ਦਿੱਤੀ ਸੀ।)
*****
ਪੰਜਾਬੀ ਦਾ ਵਿਕਾਸ
ਪੰਜਾਬੀ ਭਾਸ਼ਾ ਦੀ ਵਿਆਪਕ ਪੱਧਰ ਉੱਤੇ ਵਰਤੋਂ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ। ਵਕਤੀ ਵਾਹ-ਵਾਹ ਖੱਟਣ ਦੀ ਭਾਵਨਾ ਨਾਲ਼ ਜਾਂ ਭਾਵੁਕਤਾ ਦੀ ਪੁੱਠ ਚਾੜ੍ਹਕੇ ਇਸ ਮਸਲੇ ਨੂੰ ਪੇਸ਼ ਕਰਨ ਨਾਲ਼ ਕੰਮ ਨਹੀਂ ਹੋਣ ਲੱਗਾ। ਪੰਜਾਬੀ ਹਿਤੈਸ਼ੀ ਲੇਖਕਾਂ, ਬੁੱਧੀਮਾਨਾਂ ਅਤੇ ਲੇਖਕ ਸਭਾਵਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਨੂੰ ਲੈ ਕੇ ਜਿਸ ਢੰਗ ਨਾਲ਼ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦਾ ਮਸਲਾ ਉਭਾਰਿਆ ਗਿਆ ਹੈ ਉਸ ਤੋਂ ਜਾਪਦਾ ਹੈ ਕਿ ਉਹਨਾਂ ਵਿੱਚ ਮਸਲੇ ਦੀ ਗੰਭੀਰਤਾ ਨੂੰ ਸਮਝਣ ਦੀ ਸਮਰੱਥਾ ਨਹੀਂ ਜਾਂ ਉਹ ਨਿਪਟ ਮੱਧਵਰਗੀ ਦੰਭੀ ਮਾਨਸਿਕਤਾ ਦੇ ਸ਼ਿਕਾਰ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਸਿੱਖਿਆ ਦੇ ਖੇਤਰ ਤੇ ਪ੍ਰਸ਼ਾਸਨ ਦੀ ਹਰ ਪੱਧਰ ਉੱਤੇ ਵਰਤੋਂ ਵਿੱਚ ਆਵੇ, ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਪਰ ਪੰਜਾਬੀ ਭਾਸ਼ਾ ਨਾਲ਼ ਅਸਲੀ ਮੋਰ ਉਹਨਾਂ ਸਾਰੀਆਂ ਲੋੜਾਂ ਦੇ ਪੰਜਾਬੀ ਨੂੰ ਹਾਣ ਦਾ ਬਣਾਉਣ ਨਾਲ਼ ਹੀ ਪੁਗਾਇਆ ਜਾ ਸਕਦਾ ਹੈ ਜੋ ਵਿਕਸਤ ਤਕਨਾਲੋਜੀ ਅਤੇ ਵਿਸ਼ਵੀਕਰਨ ਦੇ ਅੱਜ ਦੇ ਦੌਰ ਵਿੱਚ ਇਸਦੇ ਸਾਹਮਣੇ ਹਨ। ਸਭ ਤੋਂ ਵੱਡਾ ਮਸਲਾ ਹੈ ਪੰਜਾਬੀ ਨੂੰ ਸੱਚਮੁੱਚ ਬਾਕੀ ਵਿਕਸਤ ਭਾਸ਼ਾਵਾਂ ਦੇ ਹਾਣ ਦੀ ਜ਼ੁਬਾਨ ਬਣਾਉਣ ਦਾ। ਇਸ ਪੱਖ ਤੋਂ ਅਸੀਂ ਕਿੰਨੇ ਗ਼ਰੀਬ ਤੇ ਪਛੜੇ ਹੋਏ ਹਾਂ, ਇਸ ਦਾ ਅਨੁਮਾਨ ਇੰਟਰਨੈੱਟ ਉੱਤੇ ਦੂਜੀਆਂ ਜ਼ੁਬਾਨਾਂ ਅਤੇ ਪੰਜਾਬੀ ਦੀ ਵਰਤੋਂ ਦਾ ਟਾਕਰਾ ਕਰਕੇ ਸਹਿਜੇ ਹੀ ਹੋ ਸਕਦਾ ਹੈ। ਕੰਪਿਊਟਰ ਤੇ ਇੰਟਰਨੈੱਟ ਅੱਜ ਦੇ ਯੁਗ ਦੀ ਲੋੜ ਹੈ। ਇਸ ਤੱਥ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਹੁਣ ਦੇ ਪੰਜਾਬ ਪ੍ਰਦੇਸ਼ ਦੀਆਂ ਸੀਮਾਵਾਂ ਤੋਂ ਅਗਾਂਹ ਵੀ ਕਿੰਨੇ ਹੀ ਪੰਜਾਬ ਮੌਜੂਦ ਹਨ। ਇਸ ਪਰਸੰਗ ਵਿੱਚ ਸ੍ਰੀ ਕਿਰਪਾਲ ਸਿੰਘ ਪੰਨੂੰ ਦਾ ਹੱਥਲਾ ਲੇਖ ਪੰਜਾਬ ਸਰਕਾਰ ਦੇ ਸੰਬੰਧਤ ਵਿਭਾਗਾਂ, ਯੂਨੀਵਰਸਿਟੀਆਂ ਤੇ ਪੰਜਾਬੀ ਬੁੱਧੀਮਾਨਾਂ ਦੇ ਗੰਭੀਰ ਤੇ ਫੌਰੀ ਧਿਆਨ ਦੀ ਮੰਗ ਕਰਦਾ ਹੈ। ਕੰਪਿਊਟਰ ਅਤੇ ਇੰਟਨੈੱਟ ਉੱਤੇ ਪੰਜਾਬੀ ਫੌਂਟ ਦੇ ਕੀ-ਬੋਰਡ ਦੀ ਇਕਸਾਰਤਾ ਲਿਆਉਣ ਨਾਲ਼ ਹੀ ਪੰਜਾਬੀ ਪੁਸਤਕਾਂ, ਅਖ਼ਬਾਰਾਂ, ਰਸਾਲਿਆਂ ਤੇ ਖੇਤਰ ਦਾ ਵਿਸਤਾਰ ਕੀਤਾ ਜਾ ਸਕਦਾ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਸੰਚਾਰ ਦੀਆਂ ਜੁਗਤਾਂ ਨੂੰ ਸਮੇਂ ਦੇ ਹਾਣ ਦੀਆਂ ਬਣਾਇਆ ਜਾ ਸਕਦਾ ਹੈ।
-ਸੰਪਾਦਕ
*****
ਪੰਜਾਬੀ ਫੌਂਟਾਂ ਅਤੇ ਕੀ-ਬੋਰਡ ਲੇਅ-ਆਊਟ ਦਾ ਵਖਰੇਵਾਂ
ਕਿਰਪਾਲ ਸਿੰਘ ਪੰਨੂੰ
ਆਰੰਭ ਵਿੱਚ ਇਹ ਵਰਨਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਅੱਖਰਾਂ ਦੀ ਸ਼ਕਲ ਨੂੰ ਫੌਂਟ ਕਿਹਾ ਜਾਂਦਾ ਹੈ ਅਤੇ ਜਿਸ ਨਾਲ਼ ਅਸੀਂ ਇੱਹ ਅੱਖਰ ਲਿਖਦੇ ਹਾਂ ਉਸ ਨੂੰ ਕੀ-ਬੋਰਡ ਕਿਹਾ ਜਾਂਦਾ ਹੈ।
ਪੰਜਾਬੀ ਫੌਂਟ ਤੇ ਉਸਦਾ ਕੀ-ਬੋਰਡ ਲੇਅ-ਆਊਟ ਭਾਵੇਂ ਇੱਕ ਨਹੀਂ ਪਰ ਇੱਕ-ਮਿੱਕ ਜ਼ਰੂਰ ਹਨ। ਇਸ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ ਕਿ ‘ਮੈਂ ਤੇ ਮਾਹੀ ਇੱਕ-ਮਿੱਕ, ਅਸੀਂ ਦੇਖਣ ਨੂੰ ਭਾਵੇਂ ਦੋ।’ ਪੰਜਾਬੀ ਫੌਂਟ ਦੇ ਅੱਖਰ ਇਸ ਦੇ ਕੀ-ਬੋਰਡ ਦੇ ਉਦਰ ਵਿੱਚੋਂ ਹੀ ਜਨਮ ਲੈਂਦੇ ਹਨ। ਹੁਣ ਅੱਗੇ ਆਉਂਦੇ ਹਾਂ, ਅਸਲੀ ਮੁੱਦੇ ਵੱਲ।
ਕੋਈ ਸਮਾਂ ਸੀ ਜਦੋਂ ਪੰਜਾਬੀ ਲਿਖਣ ਵਾਲ਼ਿਆਂ ਲਈ ਕੰਪਿਊਟਰ ਇੱਕ ਨਵਾਂ ਯੰਤਰ ਸੀ ਜੋ ਕੇਵਲ ਅੰਗਰੇਜ਼ੀ ਵਿੱਚ ਹੀ ਲਿਖ-ਪੜ੍ਹ ਸਕਦਾ ਸੀ। ਇਸ ਵਾਤਾਵਰਨ ਵਿੱਚ ਪੰਜਾਬੀ ਪਿਆਰਿਆਂ ਦੇ ਮਨਾਂ ਵਿੱਚ ਕੰਪਿਊਟਰ ਦੀ ਪੰਜਾਬੀ ਲਈ ਵਰਤੋਂ ਦੀ ਚਾਹਤ ਦਾ ਪੈਦਾ ਹੋ ਜਾਣਾ ਕੁਦਰਤੀ ਹੀ ਸੀ। ਸਿਆਣੇ ਕਹਿੰਦੇ ਹਨ ਕਿ ਜਿੱਥੇ ਚਾਹ ਉੱਥੇ ਰਾਹ। ਤੇ ਉਨ੍ਹਾਂ ਨੇ ਆਪੋ-ਆਪਣੀ ਸੁੱਚੀ ਸੋਚ ਦੇ ਅਨੁਸਾਰ ਆਪਣੀ ਚਾਹ ਦੇ ਨਵੇਂ ਰਾਹ ਲੱਭੇ। ਜਿਵੇਂ ਕਿ ਆਰੰਭ ਵਿੱਚ ਹੁੰਦਾ ਹੀ ਹੈ, ਇਸਦਾ ਸਿੱਟਾ ਬਹੁਤ ਸਰੀਆਂ ਪੰਜਾਬੀ ਫੌਂਟਾਂ ਦੇ ਜਨਮ ਵਿੱਚ ਹੋਇਆ। ਇਨ੍ਹਾਂ ਦੇ ਅੱਖਰ ਤਾਂ ਪੰਜਾਬੀ ਵਰਣਮਾਲ਼ਾ ਅਨੁਸਾਰ ਹੀ ਰਹੇ, ਕਿਉਂਕਿ ਇਹ ਫੌਂਟਾਂ ਵੱਖੋ-ਵੱਖ ਥਾਵਾਂ ਉੱਤੇ ਅਤੇ ਵੱਖੋ-ਵੱਖੋ ਉੱਦਮੀਆਂ ਵੱਲੋਂ ਬਣਾਈਆਂ ਗਈਆਂ ਸਨ, ਇਸ ਲਈ ਇਨ੍ਹਾਂ ਦੇ ਕੀਅ-ਬੋਰਡ ਲੇਅ-ਆਊਟ ਦਾ ਵੱਖੋ-ਵੱਖ ਹੋਣਾ ਵੀ ਉਤਨਾ ਹੀ ਕੁਦਰਤੀ ਸੀ। ਪਰ ਇਹ ਵੱਖ-ਵੱਖ ਕੀ-ਬੋਡ ਲੇਅ-ਆਊਟ ਵਾਲ਼ਾ ਵਰਤਾਰਾ ਅੰਗਰੇਜ਼ੀ ਕੰਪਿਊਟਰ ਨਾਲ਼ ਨਹੀਂ ਵਰਤਿਆ। ਕਿਉਂਕਿ ਕੰਪਿਊਟਰ ਨੇ ਬਣਦੇ ਸਾਰ ਹੀ ਆਪਣਾ ਇੱਕ ਕੀ-ਬੋਡ ਲੇਅ-ਆਊਟ ਅਪਣਾ ਲਿਆ ਅੱਜ ਭਾਵੇਂ ਅੰਗਰੇਜ਼ੀ ਦੀਆਂ ਸੈਂਕੜੇ ਫੌਂਟਾਂ ਹਨ ਪਰ ਉਨ੍ਹਾਂ ਦਾ ਕੀ-ਬੋਡ ਲੇਅ-ਆਊਟ ਇੱਕੋ ਹੀ ਹੈ। ਹਰ ਇੱਕ ਫੌਂਟ ਦੀ ‘ਏ’ ਇੱਕੋ ਥਾਂ ਤੋਂ ਪੈਂਦੀ ਹੈ। ਪਰ ਪੰਜਾਬੀ ਦਾ ‘ਪੱਪਾ’ ਕਿਸੇ ਫੌਂਟ ਦਾ ਕਿਤੇ ਅਤੇ ਦੂਸਰੀ ਫੌਂਟ ਦਾ ਹੋਰ ਕਿਤੇ ਜਾ ਕੇ ਪੈਂਦਾ ਹੈ। ਜਦੋਂ ਲੋੜ ਅਨੁਸਾਰ ਪੰਜਾਬੀ ਦੀ ਇੱਕ ਫੌਂਟ ਨੂੰ ਦੂਸਰੀ ਫੌਂਟ ਵਿੱਚ ਬਦਲੀ ਕਰਦੇ ਹਾਂ ਤਾਂ ਸਾਰੀ ਲਿਖਤ ਦਾ ਕੁੱਝ ਹੋਰ ਦਾ ਹੋਰ ਹੀ ਬਣ ਜਾਂਦਾ ਹੈ। ਜਿਵੇਂ ਕਿ ਇੱਕ ਫੌਂਟ ਦੇ ‘ਪੰਜਾਬੀ’ ਸ਼ਬਦ ਦਾ ਦੂਜੀ ਫੌਂਟ ਵਿੱਚ ‘ਗੁਲਾਬੀ’ ਬਣ ਜਾਣਾ।
ਜਦੋਂ ਕਿ ਪੰਜਾਬੀ ਦੀ ਕੰਪਿਊਟਰੀ ਲਿਖਤ ਦਾ ਆਦਾਨ-ਪਰਦਾਨ ਈਮੇਲ ਪ੍ਰਬੰਧ ਨੇ ਇੱਕ ਬੱਚਿਆਂ ਦੇ ਖੇਲ੍ਹ ਬਣਾ ਦਿੱਤਾ ਹੈ ਤਾਂ ਪੰਜਾਬੀ ਫੌਂਟਾਂ ਦੇ ਇਸ ਕੀ-ਬੋਡ ਲੇਅ-ਆਊਟ ਦੇ ਵਖਰੇਵੇਂ ਦੀਆਂ ਔਕੜਾਂ ਉਜਾਗਰ ਹੋਣ ਲੱਗੀਆਂ ਹਨ। ਇਸਦੇ ਨਾਲ਼-ਨਾਲ਼ ਤਕਨਾਲੋਜੀ ਦੇ ਵਿਕਾਸ ਨਾਲ਼ ਫੌਂਟੋਗਰਾਫਰ ਮੰਡੀ ਵਿੱਚ ਆ ਜਾਣ ਕਰਕੇ ਨਵੀਂ ਫੌਂਟ ਬਣਾਉਣੀ ਜਾਂ ਉਸ ਨੂੰ ਨਵਾਂ ਰੂਪ ਦੇਣਾ ਹੋਰ ਵੀ ਇੱਕ ਖੇਲ੍ਹ ਬਣ ਗਿਆ ਹੈ। ਜਿਸ ਨਾਲ਼ ਪੰਜਾਬੀ ਫੌਂਟਾਂ ਅਤੇ ਉਨ੍ਹਾਂ ਦੇ ਕੀ-ਬੋਡ ਲੇਅ-ਆਊਟ ਦੀ ਗਿਣਤੀ ਅਣਗਿਣਤੀ ਹੋ ਗਈ ਹੈ। ਕਿਉਂਕਿ ਮੈਂ ਵੀ ਇਸ ਸੰਬੰਧ ਵਿੱਚ ਰੁਚੀ ਰੱਖਦਾ ਹਾਂ, ਮੇਰੇ ਪੰਦਰਾਂ ਜੀਆਂ ਦੇ ਪਰਿਵਾਰ ਵਿੱਚ ਕੋਈ ਵੀ ਨਾਂ ਐਸਾ ਨਹੀਂ ਜਿਸ ਦੇ ਨਾਂ ਉੱਤੇ ਕਿਸੇ ਨਾ ਕਿਸੇ ਫੌਂ ਦਾ ਨਾਂ ਨਾ ਹੋਵੇ, ਭਾਵੇਂ ਉਹ ਤਜਰਬੇ ਦੇ ਤੌਰ ’ਤੇ ਜਾਂ ਕਿਸੇ ਉਸਾਰੀ ਦੇ ਮੁਢਲੇ ਪੜਾਅ ਉੱਤੇ ਹੀ ਹੋਵੇ।
ਇਸ ਈਮੇਲ ਦੇ ਪ੍ਰਬੰਧ ਕਰਕੇ ਪੰਜਾਬੀ ਲਿਖਣਾ, ਪੜ੍ਹਨਾ, ਵੈੱਬ ਸਾਈਟ ਬਣਾਉਣਾ, ਅਖ਼ਬਾਰ, ਰਸਾਲੇ ਆਦਿ ਛਾਪਣਾ ਵੀ ਗਲੋਬਲ ਹੀ ਬਣ ਗਿਆ ਹੈ। ਇਸ ਦੀ ਲੋੜ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਦੀਆਂ ਸਾਰੀਆਂ ਫੌਂਟਾਂ ਦਾ ਇੱਕ ਗਲੋਬਲ ਕੀ-ਬੋਡ ਲੇਅ-ਆਊਟ ਹੁੰਦਾ। ਪਰ ਅਜਿਹਾ ਹੋ ਨਹੀਂ ਸਕਿਆ। ਕਿਓਂ ਨਹੀਂ ਹੋ ਸਕਿਆ, ਇਹ ਮੁੱਦਾ ਇਸ ਲੇਖ ਦਾ ਵਿਸ਼ਾ ਨਹੀਂ ਹੈ। ਪਰ ਇਹ ਯਕੀਨ ਨਾਲ਼ ਕਿਹਾ ਜਾ ਸਕਦਾ ਹੈ ਕਿ ਜਦੋਂ ਤੀਕਰ ਅਜਿਹਾ ਨਹੀਂ ਹੋ ਜਾਂਦਾ ਪੰਜਾਬੀ ਪਿਆਰੇ ਇਸ ਦਾ ਘੋਰ ਸੰਤਾਪ ਭੋਗਦੇ ਰਹਿਣਗੇ। ਇਹ ਵੀ ਪਤਾ ਲੱਗਿਆ ਹੈ ਕਿ ਕਈ ਵਪਾਰਕ ਬਿਰਤੀ ਦੇ ਸੱਜਣਾਂ ਨੇ ਤਾਂ ਇਸ ਨੂੰ ਆਪਣੀ ਕਮਾਈ ਦੇ ਇੱਕ ਸਾਧਨ ਵਜੋਂ ਵੀ ਅਪਣਾ ਲਿਆ ਹੈ। ਸੋ ਉਹ ਕਦੋਂ ਚਾਹੁਣਗੇ ਕਿ ਇਸ ਬੀਮਾਰੀ ਦਾ ਸਦੀਵੀ ਹੱਲ ਹੋ ਜਾਵੇ।
ਮੇਰੇ ਵਿਚਾਰ ਅਨੁਸਾਰ ਇਸ ਅਪਰਾਧ ਦੀਆਂ ਸਭ ਤੋਂ ਵੱਧ ਦੋਸ਼ੀ ਪੰਜਾਬ ਸਰਕਾਰ, ਪੰਜਾਬ ਦੀਆਂ ਯੂਨਵਰਸਿਟੀਆਂ, ਪੰਜਾਬ ਦਾ ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਹਨ। ਜਿਨ੍ਹਾਂ ਕੋਲ਼ ਸਮਰੱਥਾ ਵੀ ਹੈ, ਸਾਧਨ ਵੀ ਹਨ ਅਤੇ ਜਿਨ੍ਹਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਪੰਜਾਬੀ ਕੀ-ਬੋਡ ਲੇਅ-ਆਊਟ ਦੇ ਏਕੀ ਕਰਣ ਵੱਲ ਨਿੱਗਰ ਕਦਮ ਉਠਾਉਣ।
ਇਸ ਦੇ ਦੋਸ਼ੀ ਪੰਜਾਬੀ ਕੰਪਿਊਟਰ ਜਾਣਦੇ ਪੰਜਾਬੀ ਬੁੱਧੀਜੀਵੀ ਵੀ ਕੋਈ ਘੱਟ ਨਹੀਂ ਹਨ। ਅੱਜ ਲੋੜ ਹੈ ਇਸ ਬਹੁਤ ਹੀ ਜ਼ਰੂਰੀ ਮੁੱਦੇ ਉੱਤੇ ਇੱਕ ਤਕੜਾ ਸੰਵਾਦ ਰਚਾਕੇ ਕਿਸੇ ਤਰਕ ਪੂਰਨ ਸਿੱਟੇ ਉੱਤੇ ਪਹੁੰਚਣ ਦੀ ਅਤੇ ਉਸ ਉੱਤੇ ਅਮਲ ਲਈ ਸਾਰਥਕ ਯਤਨ ਕਰਨ ਦੀ। ਮੈਂ ਆਪਣੇ ਤੌਰ ’ਤੇ ਕੁੱਝ ਯਤਨ ਕੀਤੇ ਹਨ ਜਿਨ੍ਹਾਂ ਤੋਂ ਮੈਂ ਸਿੱਟਾ ਇਹ ਕੱਢਿਆ ਹੈ ਕਿ:
1. ਪੰਜਾਬੀ ਆਪਣੇ ਭਵਿੱਖ ਤੋਂ ਬਹੁਤ ਬੇਪਰਵਾਹ ਹਨ।
2. ਪੰਜਾਬੀਆਂ ਦੇ ਨਿੱਜੀ ਹਿਤ ਜਨਤਾ ਅਤੇ ਸਮੁੱਚ ਦੇ ਹਿਤਾਂ ਨਾਲ਼ੋਂ ਭਾਰੂ ਹੁੰਦੇ ਹਨ।
3. ਪੰਜਾਬੀ ਸਮੁੱਚ ਵਿੱਚ ਰੂੜ੍ਹੀਵਾਦੀ ਹਨ। ਜੋ ਜਿੱਥੇ ਬੈਠਾ ਹੈ ਉਹ ਉਸ ਤੋਂ ਇੱਕ ਕਦਮ ਵੀ ਸੱਜੇ ਖੱਬੇ ਹੋਣ ਲਈ ਤਿਆਰ ਨਹੀਂ ਹੈ। ਜਦੋਂ ਤੀਕਰ ਉਸ ਦੀ ਕੋਈ ਅਟੱਪ ਮਜਬੂਰੀ ਨਾ ਬਣ ਜਾਏ।
4. ਪੰਜਾਬ ਦੀ ਸਰਕਾਰ ਅਤੇ ਇਸਦੇ ਮਹਿਕਮਿਆਂ ਵਿੱਚ ਬੈਠੀ ਅਫਸਰਸ਼ਾਹੀ ਲਈ ਉਸਾਰੂ ਕੰਮ ਨਹੀਂ ਸਗੋਂ ਵਾਧੂ ਦੰਮ ਕਮਾਉਣੇ ਜਾਂ ਚੰਮ ਬਚਾਉਣੇ ਪਿਆਰੇ ਹਨ।
ਖੈਰ ਇਹ ਤਾਹਨੇ ਮਿਹਣੇ ਮਾਰਨ ਦਾ ਕੋਈ ਲਾਭ ਨਹੀਂ ਹੋਣ ਲੱਗਾ। ਇਸ ਵੇਲ਼ੇ ਲਾ ਪਾ ਕੇ ਜੇ ਕੋਈ ਆਸ ਹੈ ਤਾਂ ਉਹ ਪੰਜਾਬੀ ਦੇ ਬੁੱਧੀਜੀਵੀਆਂ ਉੱਤੇ ਹੀ ਬਣਦੀ ਹੈ। ਸੋ ਉਨ੍ਹਾਂ ਅੱਗੇ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਉਹ ਪੰਜਾਬੀ ਫੌਂਟਾਂ ਦੇ ਇੱਕ ਤਰਕ ਪੂਰਨ ਕੀ-ਬੋਡ ਲੇਅ-ਆਊਟ ਉੱਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਅਤੇ ਆਪੋ ਆਪਣਾ ਪ੍ਰਭਾਵ ਵਰਤ ਕੇ ਇਸਨੂੰ ਕਿਸ ਵਿਸ਼ੇਸ਼ ਨਿਰਣੇ ’ਤੇ ਪਹੁੰਚਾਉਣ ਵਿੱਚ ਸਹਾਈ ਹੋਣ।
ਕਿਸੇ ਵੀ ਕੀ-ਬੋਡ ਲੇਅ-ਆਊਟ ਉੱਤੇ ਸੋਚ ਵਿਚਾਰ ਕਰਨ ਤੋਂ ਪਹਿਲੋਂ ਅੱਗੇ ਲਿਖੇ ਗਏ ਮੁੱਦਿਆਂ ਨੂੰ ਧਿਆਨ ਵਿੱਚ ਰੱਖਣਾ ਲਾਹੇਵੰਦ ਰਹੇਗਾ:
1. ਪੰਜਾਬੀ ਦੀ ਵਰਤੋਂ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਹੀ ਸੰਸਾਰ ਵਿੱਚ, ਜਿੱਥੇ ਕਿਤੇ ਵੀ ਕੋਈ ਪੰਜਾਬੀ ਬੈਠਾ ਹੈ, ਕੀਤੀ ਜਾਂਦੀ ਹੈ।
2. ਪੰਜਾਬੀ ਕੰਪਿਊਟਰ ਦੀ ਵਰਤੋਂ ਪੰਜਾਬ ਨਾਲ਼ੋਂ ਵੱਧ ਬਦੇਸ਼ੀ ਪੰਜਾਬ ਵਿੱਚ ਕੀਤੀ ਜਾਂਦੀ ਹੈ।
3. ਪੰਜਾਬੀ ਕੰਪਿਊਟਰ ਪ੍ਰਬੰਧ ਦਾ ਸੰਬੰਧ ਅੰਗਰੇਜ਼ੀ ਕੰਪਿਊਟਰ ਪ੍ਰਬੰਧ ਨਾਲ਼ ਅਟੁੱਟ ਹੈ। ਭਾਸ਼ਾਵਾਂ ਦੋ ਜਾਂ ਦੋ ਹਜ਼ਾਰ ਹੋ ਸਕਦੀਆਂ ਹਨ ਪਰ ਕੰਪਿਊਟਰ ਪ੍ਰਬੰਧ ਇੱਕ ਹੀ ਰਹੇਗਾ। ਇਸ ਵੇਲ਼ੇ ਸੰਸਾਰ ਵਿੱਚ ਦੋ ਪ੍ਰਕਾਰ ਦੇ ਕੰਪਿਊਟਰ ਪ੍ਰਬੰਧ ਹਨ। ੳ) ਆਈ.ਬੀ.ਐੱਮ ਅਤੇ ਅ) ਐਪਲ ਮੈਕਨੀਤੋਸ਼। ਇਨ੍ਹਾਂ ਦੋਹਾਂ ਨੇ ਹੀ ਸੰਸਾਰ ਨੂੰ ਬੇਮਤਲਬਾ ਵਖਤ ਪਾਇਆ ਹੋਇਆ ਹੈ। ਇਸ ਵਿੱਚ ਵੀ ਆਮ ਵਰਤਣ ਵਾਲ਼ਾ ਆਈ.ਬੀ.ਐੱਮ ਹੁਣ ਮੁਖੀ ਹੋ ਰਿਹਾ ਹੈ।
ਸੋ ਨਵੇਂ ਕੀ-ਬੋਡ ਲੇਅ-ਆਊਟ ਉੱਤੇ ਸੋਚ ਵਿਚਾਰ ਕਰਨ ਵੇਲ਼ੇ ਅੱਗੇ ਲਿਖੇ ਮੁੱਦੇ ਜ਼ਰੂਰ ਵਿਚਾਰ ਲੈਣੇ ਚਾਹੀਦੇ ਹਨ:
1. ਜਿੱਥੇ ਵੀ ਪੰਜਾਬੀ ਅਤੇ ਅੰਗਰੇਜ਼ੀ ਕੀ-ਬੋਡ ਲੇਅ-ਆਊਟ ਦਾ ਸੁਮੇਲ ਹੋਵੇ ਉਸਦਾ ਲਾਭ ਉਠਾਇ ਜਾਵੇ। ਜਿਵੇਂ ‘ਕੇ’ ਤੇ ‘ਕੱਕਾ’, ‘ਪੀ’ ਤੇ ‘ਪੱਪਾ’ ਅਤੇ ‘ਜੇ’ ਤੇ ‘ਜੱਜਾ’ ਆਦਿ।
2. ਅੰਗਰੇਜ਼ੀ ਦੀਆਂ ਕੀਆਂ ਦਾ ਵਿਰੋਧ ਬਿੱਲਕੁੱਲ ਨਾ ਸਹੇੜਿਆ ਜਾਵੇ। ਜਿਹੜਾ ਕਿ ਅੱਜ ਦੀਆਂ ਕਈ ਪੰਜਾਬੀ ਫੌਂਟਾਂ ਨੇ ਸਹੇੜਿਆ ਹੋਇਆ ਹੈ। ਜਿਵੇਂ ਕੋਟ ਕੌਮਿਆਂ ਉੱਤੇ ਪੰਜਾਬੀ ਅੱਖਰਾਂ ਦੀਆਂ ਕੀਆਂ ਪਾ ਕੇ। ਇਹ ਕੰਮ ਹਵਾ ਹੀ ਨਹੀਂ ਸਗੋਂ ਹਨੇਰੀ ਦੇ ਉਲਟੇ ਰੁਖ ਸਾਈਕਲ ਚਲਾਉਣ ਦੇ ਤੁੱਲ ਹੈ। ਉਸ ਦੀ ਥਾਂ ਸਹਾਇਕ ਰੁਖ ਦਿਸ਼ਾ ਬਦਲਿਆਂ ਸਵਾਰ ਦੀ ਮਾਨਸਕ ਦਸ਼ਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਉਹੋ ਹੀ ਪ੍ਰਬੰਧ ਤੁਹਾਡੇ ਪੈਰ-ਪੈਰ ’ਤੇ ਔਕੜਾਂ ਖੜ੍ਹੀਆਂ ਕਰਨ ਦੀ ਥਾਂ ’ਤੇ ਤੁਹਾਡਾ ਤੱਤਪਰ ਸਹਾਇਕ ਬਣ ਜਾਂਦਾ ਹੈ।
3. ਪੰਜਾਬੀ ਵਿੱਚ ਕੰਪਿਊਟਰੀ ਸ਼ਬਦ ਜੋੜ ਕੋਸ਼ ਦੀ ਸਖਤ ਲੋੜ ਹੈ। ਇਹ ਇੱਕ ਐਸਾ ਵਰਦਾਨ ਹੈ ਜਿਸ ਤੋਂ ਪੰਜਾਬੀ ਕੰਪਿਊਟਰ ਅੜੀਅਲ ਖੋਤੀ ਵਾਂਗ ਬੇਮੁੱਖ ਹੋਇਆ ਖੜੋਤਾ ਹੈ। ਇਸ ਕੰਮ ਲਈ ਪੰਜਾਬੀ ਦੇ ਸਾਰੇ ਅੱਖਰ 26+26 ਡਿਕਸ਼ਨਰੀ ਕੀਆਂ ਉੱਤੇ ਹੀ ਹੋਣੇ ਚਾਹੀਦੇ ਹਨ। ਜੋ ਸੰਭਵ ਹਨ।
4. ਪੰਜਾਬੀ ਪੰਕਚੂਏਸ਼ਨ ਅਤੇ ਅੰਗਰੇਜ਼ੀ ਪੰਕਚੂਏਸ਼ਨ ਵਿੱਚ ਰਤੀ ਭਰ ਵੀ ਫਰਕ ਨਹੀਂ ਹੈ। ਫਿਰ ਕਿਓਂ ਨਾ ਪੰਕਚੂਏਸ਼ਨ ਨੂੰ ਉਸੇ ਤਰ੍ਹਾਂ ਹੀ ਰੱਖਿਆ ਜਾਏ? ਇਹ ਕੀ ਸਿਆਣਪ ਹੋਈ ਕਿ ਪੰਕਚੂਏਸ਼ਨ ਦੀਆਂ ਕੀਆਂ ਨੂੰ ਅੱਖਰਾਂ ਲਈ ਵਰਤ ਲਿਆ ਜਾਵੇ ਅਤੇ ਅੱਖਰਾਂ ਦੀਆਂ ਕੀਆਂ ਨੂੰ ਪੰਕਚੂਏਸ਼ਨ ਲਈ। ਪੰਕਚੂਏਸ਼ਨ ਬਦਲਣ ਲਈ ਦਲੀਲ ਪੰਜਾਬੀ ਟਾਈਪ ਰਾਈਟਰ ਦੀ ਵਰਤੋਂ ਕਰ ਕੇ ਦਿੱਤੀ ਜਾਂਦੀ ਹੈ। ਸਹੀ ਗੱਲ ਤਾਂ ਇਹ ਹੈ ਕਿ ਜਦੋਂ ਗੱਡੇ ਦੀ ਸਵਾਰ ਕਰਨੀ ਹੋਵੇ ਤਾਂ ਉਸਦਾ ਢੰਗ ਤਰੀਕਾ ਸਿੱਖਣਾ ਅਤੇ ਅਪਨਾਉਣਾ ਪਵੇਗਾ ਪਰ ਜਦੋਂ ਹਵਾਈ ਜਹਾਜ਼ ਦਾ ਸਫਰ ਕਰਨਾ ਹੋਵੇ ਤਾਂ ਉਸਦਾ। ਕੋਈ ਪੰਜਾਬੀ ਪਾਇਲਟ ਜਹਾਜ਼ ਚਲਾਉਣ ਲੱਗਿਆਂ ਆਪਣੇ ਹੱਥ ਵਿੱਚ ਬੈਲਾਂ ਨੂੰ ਹੱਕਣ ਵਾਲ਼ੀ ਪਰਾਣੀ ਲੈ ਕੇ ਨਹੀਂ ਜਹਾਜ਼ ਵਿੱਚ ਚੜ੍ਹਦਾ। ਟਾਈਪ ਰਾਈਟਰ ਤੋਂ ਕੰਪਿਊਟਰ ਉੱਤੇ ਬਦਲੀ ਕਰਦਿਆਂ ਕਿਤਨਾ ਕੁ ਸਮਾਂ ਲੱਗਦਾ ਹੈ? ਕੇਵਲ ਇੱਕ ਅੱਧਾ ਘੰਟਾ। ਇਸ ਮਾਮੂਲੀ ਖੇਚਲ਼ ਲਈ ਸਾਰੀ ਪੰਜਾਬੀਅਤ ਨੂੰ ਸੂਲ਼ੀ ਉੱਤੇ ਟੰਗੀ ਰੱਖਣਾ ਕਦੀ ਵੀ ਸਿਆਣਪ ਦੀ ਗੱਲ ਨਹੀਂ ਹੋ ਸਕਦੀ।
5. ਵੱਧ ਵਰਤੋਂ ਵਿੱਚ ਆਉਣ ਵਾਲ਼ੇ ਅੱਖਰ ਪਹਿਲੀਆਂ (ਨੌਰਮਲ) ਕੀਆਂ ਉੱਤੇ ਰੱਖੇ ਜਾਣ ਅਤੇ ਘੱਟ ਵਰਤੋਂ ਵਿੱਚ ਆਉਣ ਵਾਲ਼ੇ ਸ਼ਬਦ ਥੋੜ੍ਹੇ ਦੂਰ (ਸ਼ਿਫਟ ਕੀਆਂ ਉੱਤੇ) ਹੋ ਸਕਦੇ ਹਨ। ਬਾਕੀ ਦੇ ਉਸ ਫੌਂਟ ਦੇ ਸਿੰਬਲਾਂ ਵਾਲ਼ੇ ਭਾਗ ਵਿੱਚ ਪਾਏ ਜਾ ਸਕਦੇ ਹਨ।
ਉਪਰੋਕਤ ਸਾਰਿਆਂ ਨੁਕਤਿਆਂ ਦਾ ਧਿਆਨ ਰੱਖਦਿਆਂ ਧਨੀ ਰਾਮ ਚਾਤ੍ਰਿਕ, ਜੋ ਵਜ਼ੀਰ ਹਿੰਦ ਪ੍ਰੈੱਸ ਅੰਮ੍ਰਿਤਸਰ ਦੇ ਛਾਪੇ ਲਈ ਤਿਆਰ ਕਰਨ ਵਾਲ਼ੇ ਪੰਜਾਬੀ ਦੇ ਅੱਖਰਾਂ ਦਾ ਪਹਿਲਾ ਨਿਰਮਾਤਾ ਅਤੇ ਪੰਜਾਬੀ ਦਾ ਸਿਰਮੌਰ ਕਵੀ ਹੈ, ਦੇ ਨਾਂ ਉੱਤੇ ਬਣਾਈ ਗਈ ਫਂਟ ਡੀਆਰਚਾਤ੍ਰਿਕਵੈੱਬ ਫੌਂਟ ਦਾ ਕੀ-ਬੋਡ ਲੇਅ-ਆਊਟ ਸੈੱਟ ਕੀਤਾ ਗਿਆ ਹੈ। ਪੂਰੀ ਛਾਣ ਬੀਣ ਅਤੇ ਲੋੜੀਂਦੇ ਸੁਧਾਰਾਂ ਪਿੱਛੋਂ ਇਸ ਦਾ ਨਾ ਮਿਆਰੀ ਪੰਜਾਬੀ ਕੀ-ਬੋਡ ਲੇਅ-ਆਊਟ ਵੀ ਰੱਖਿਆ ਜਾ ਸਕਦਾ ਹੈ। (ਸੂਚਨਾ: ਇਸ ਲੇਖ ਦਾ ਮੰਤਵ ਧਨੀ ਰਾਮ ਚਾਤ੍ਰਿਕ ਫੌਂਟ ਦੀ ਮਸ਼ਹੂਰੀ ਕਰਨਾ ਬਿਲਕੁਲ ਨਹੀਂ ਹੈ। ਸਗੋਂ ਇਸ ਨੂੰ ਇੱਕ ਮਾਡਲ ਵਜੋਂ ਪੇਸ਼ ਕਰਨਾ ਹੈ।)
ਡੀਆਰਚਾਤ੍ਰਿਕ ਫੌਂ ਇਸ ਵੇਲ਼ੇ ਟਰਾਂਟੋ ਦੇ ਦੋ ਅਖ਼ਬਾਰਾਂ ‘ਅਜੀਤ ਵੀਕਲੀ’ ਤੇ ‘ਪੰਜ ਪਾਣੀ’ ਅਤੇ ਕਈ ਵੈੱਬ ਸਾਈਟਾਂ ਜਿਵੇਂ, ‘ਅਜੀਤ ਵੀਕਲੀ ਡਾਟ ਕਾਮ’, ‘ਗਲੋਬਲਪੰਜਾਬ ਡਾਟ ਕਾਮ’, ‘ਲਿਖਾਰ ਡਾਟ ਨੈੱਟ’ ਆਦਿ ਵਿੱਚ ਪੂਰੀ ਸਫਲਤਾ ਨਾਲ਼ ਚੱਲ ਰਹੀ ਹੈ। ਭਾਵ ਇਸ ਨੇ ਆਪਣਾ ‘ਕਰਮ-ਭੂਮੀ-ਖੇਤਰ’ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ।
ਇਹ ਅਟੱਲ ਵਰਤਾਰਾ ਹੈ ਕਿ ਪੰਜਾਬੀ ਕੀ-ਬੋਡ ਲੇਅ-ਆਊਟ ਨੇ ਇੱਕ ਨਾ ਇੱਕ ਦਿਨ ਇੱਕ ਹੋਣਾ ਹੀ ਹੈ। ਫਿਰ ਪੰਜਾਬੀ ਪਿਆਰਿਓ ਕਿਓਂ ਐਵੇਂ ਇਸ ਕੀ-ਬੋਡ ਲੇਅ-ਆਊਟ ਦੀਆਂ ਕੀਆਂ ਦੇ ਵਖਰੇਵੇਂ ਦੇ ਨਰਕ ਨੂੰ ਬਹੁਤਾ ਸਮਾਂ ਭੋਗੀਏ ਅਤੇ ਲਮਕਾਈਏ?
ਅੰਤ ਵਿੱਚ ਪੰਜਾਬੀ ਨਾਲ਼ ਹਰ ਮੋਹ ਰੱਖਣ ਵਾਲ਼ੇ - ਜਿਸ ਵਿੱਚ ਸ਼ਾਮਲ ਹਨ ਬੁੱਧੀ ਜੀਵੀ, ਕੰਪਿਊਟਰ ਦੇ ਵਰਤੋਂਕਾਰ, ਪੰਜਾਬੀ ਭਾਸ਼ਾ ਨੂੰ ਵਧਦਾ ਫੁਲਦਾ ਦੇਖਣ ਦੇ ਚਾਹਵਾਨ, ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁੱਦੇ ਨੂੰ ਜੰਗੀ ਪੱਧਰ ਉੱਤੇ ਉਠਾਇਆ ਜਾਵੇ ਅਤੇ ਆਪਣੀ ਸਮਰੱਥਾ ਅਨੁਸਾਰ ਇਸ ਵਿੱਚ ਵਿਚਾਰਧਾਰਕ ਯੋਗਦਾਨ ਪਾ ਕੇ ਇਸ ਨੂੰ ਅੰਤਮ ਤੇ ਵਿਜਈ ਨਿਰਣੇ ਉੱਤੇ ਪਹੁੰਚਾਇਆ ਜਾਵੇ। ਇਹ ਮਹਾਨ ਕਰਜ ਆਪਣੇ ਵਿੱਰ ਪੁਰਜ਼ੋਰ ਢੰਗ ਨਾਲ਼ ਅਖ਼ਬਾਰਾਂ, ਰੇਡੀਓ, ਟੀ.ਵੀ ਅਤੇ ਭਾਸ਼ਨਾਂ ਰਾਹੀਂ ਪੇਸ਼ ਕਰ ਕੇ ਨਜਿੱਠਿਆ ਜਾ ਸਕਦਾ ਹੈ।
ਅਪਣੇ ਵਿਚਾਰ ਸਾਂਝੇ ਕਰਨ ਲਈ ਇਸ ਲੇਖਕ ਭਾਵ ਕਿਰਪਾਲ ਸਿੰਘ ਪੰਨੂੰ ਨਾਲ਼ ਅੱਜ ਦੇ ਫੋਨ ਨੰ: 905-796-0531 ਉੱਤੇ ਜਾਂ ਈ ਮੇਲ This e-mail address is being protected from spambots. You need JavaScript enabled to view it ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
*****
(ਧਿਆਨ ਯੋਗ ਟਿੱਪਣੀ: ਹੇਠ ਲਿਖੀ ਟਿੱਪਣੀ ਸਰਦਾਰ ਗੁਰਦਿਆਲ ਸਿੰਘ ਰਾਏ ਨੇ ਆਪਣੀ ਮਸ਼ਹੂਰ ਚਿਰੋਕਣੀ ਚਲਦੀ ਆ ਰਹੀ ਵੈੱਬ ਸਾਈਟ ‘Likhari.net’ ਉੱਤੇ ਕਈ ਮਹੀਨੇ ਪਾ ਰੱਖੀ। ਇਸ ਦਾ ਕਿਸੇ ਪਾਸਿਓਂ ਵੀ ਕੋਈ ਬਣਦਾ ਠਣਦਾ ਤਰਕ ਪੂਰਨ ਉੱਤਰ ਨਹੀਂ ਆਇਆ। ਜੋ ਪੰਜਾਬੀ ਪਾਠਕਾਂ ਅਤੇ ਲੇਖਕਾਂ ਦੇ ਸੁਭਾਅ ਨੂੰ ਤਾਂ ਉਜਾਗਰ ਕਰਦਾ ਹੀ ਹੈ ਤੇ ਨਾਲ਼-ਨਾਲ਼ ਉਨ੍ਹਾਂ ਦੇ ਸਿਰ ਇੱਕ ਭਾਰੀ ਉਲਾਂਭਾ ਵੀ ਧਰਦਾ ਹੈ।)
ਨੋਟ: ਅੰਤਰਰਾਸ਼ਟਰੀ ‘ਯੂਨੀਕੋਡ ਸੰਸਥਾ’ ਦੀ ਬੁਨਿਅਦ ਭਾਵੇਂ 1988 ਵਿੱਚ ਰੱਖੀ ਗਈ ਸੀ ਪਰ ਇਹ ਰਜਿਸਟਰ 1991 ਵਿੱਚ ਹੋਈ ਸੀ। ਭਾਰਤੀ ਅਤੇ ਹੋਰ ਦੇਸ਼ਾਂ ਦੀਆਂ ਲਿੱਪੀਆਂ ਨੂੰ ਇਹ ਅੰਤ੍ਰਰਾਸ਼ਟਰੀ ਯੂਨੀ (Universal, Unique) ਕੋਡ ਸੰਨ 2000 ਵਿੱਚ ਮਿਲ ਗਏ ਸਨ। ਸਾਰੇ ਸੰਸਾਰ ਦੀਆਂ ਲਿਪੀਆਂ (168) ਲਈ ਹੁਣ ਯੂਨੀਕੋਡ ਦੀ ਵਰਤੋਂ ਹੁੰਦੀ ਹੈ। ਪੰਜਾਬੀ ਲਈ ਯੂਨੀਕੋਡ ਫੌਂਟਾਂ ਦੀ ਵਰਤੋਂ ਹੁੰਦਿਆਂ 24 ਸਾਲ ਹੋ ਗਏ ਹਨ ਪਰ ਕੁਝ ਪੰਜਾਬੀ ਲੇਖਕ ਅਜੇ ਵੀ ਅਸੀਸ, ਅਨਮੋਲ, ਚਾਤਰਿਕ, ਜੌਏ, ਸਤਲੁਜ ਅਤੇ ਹੋਰ, A B C, ... X Y Z ਆਦਿ ਅੰਗਰੇਜ਼ੀ ਅੱਖਰਾਂ ਦੇ ਕੋਡਾਂ ਉੱਤੇ ਘੜੇ/ਬਣਾਏ/ਚਿਪਕਾਏ ਪੰਜਾਬੀ ਅੱਖਰਾਂ ਦੀ ਵਰਤੋਂ ਕਰ ਰਹੇ ਹਨ। ਅਜਿਹਾ ਕਿਉਂ ਹੈ, ਕੀ ਕੋਈ ਦੱਸ ਸਕਦਾ ਹੈ?
-ਗੁਰਦਿਆਲਸਿੰਘ ਰਾਏ
*****
ਮੇਰੇ ਵਿਚਾਰ ਅਨੁਸਾਰ ਪੰਜਾਬੀ ਕੰਪਿਊਟਰ ਦਾ ਭਵਿੱਚ ਪੰਜਾਬੀ ਦੀਆਂ ਯੂਨੀਕੋਡ ਫੌਂਟਾਂ ਵਿੱਚ ਹੈ। ਇਹ ਸੰਸਾਰ ਭਰ ਵਿੱਚ ਮਿਆਰੀ ਫੌਂਟਾਂ ਹਨ। ਇਨ੍ਹਾਂ ਨੂੰ ਕਿਸੇ ਵੀ ਕੀ-ਬੋਡ ਲੇਅ-ਆਊਟ ਨਾਲ਼ ਟਾਈਪ ਕੀਤਾ ਜਾ ਸਕਦਾ ਹੈ। ਹਰ ਅੱਖਰ ਲਈ ਆਪਣਾ ਨਿਵੇਕਲ਼ਾ ਕੋਡ ਹੈ। ਕੇਵਲ ਆਪਣੀ ਇੱਛਾ ਦੇ ਕੀ-ਬੋਡ ਲੇਅ-ਆਊਟ ਨੂੰ ਯੂਨੀਕੋਡ ਨਾਲ਼ ਸੰਧੀ ਕਰਵਾਉਣ ਦੀ ਲੋੜ ਹੈ। ਜੋ ਸੌਖੀ ਹੀ ਹੋ ਜਾਂਦੀ ਹੈ।
-ਕਿਰਪਾਲ ਸਿੰਘ ਪੰਨੂੰ