ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਸਥਾਨ ਹੈ। ਉੱਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ ਨਾਲ ਹਨ। ਸਾਖੀ ਹੈ ਕਿ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੋਤੀ ਜੋਤ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇ। ਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇ। ਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇ। ਆਪਣਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈ। ਹਿੰਦੂਆਂ ਨੇ ਫੁੱਲਾਂ ਦਾ ਸਸਕਾਰ ਕਰ ਕੇ ਅੰਗੀਠਾ ਬਣਾ ਦਿੱਤਾ, ਮੁਸਲਮਾਨਾਂ ਨੇ ਫੁੱਲ ਦਫ਼ਨਾ ਕੇ ਮਜ਼ਾਰ ਉਸਾਰ ਦਿੱਤੀ। ਮਜ਼੍ਹਬਾਂ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਿਆਂ ਦੇ ਸਮਝਣ ਵਾਲੀ ਗੱਲ ਹੈ ਕਿ ਕਰਤਾਰਪੁਰ ਸਮੁੱਚੀ ਮਾਨਵਤਾ ਦਾ ਸਾਂਝਾ ਸ਼ਰਧਾ ਸਥਾਨ ਹੈ।
ਕਰਤਾਰਪੁਰ ਨੇੜਲੇ ਪਿੰਡਾਂ ਵਿੱਚ ਹਿੰਦ-ਪਾਕਿ ਦੇ ਹਿੰਦੂ, ਮੁਸਲਮਾਨ ਤੇ ਸਿੱਖ ਨਾਲੋ-ਨਾਲ ਰਹਿੰਦੇ ਹਨ। ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਦਰਬਾਰ ਸਾਹਿਬ ਕਰਤਾਰਪੁਰ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ। ਸਾਰੇ ਮਜ਼੍ਹਬਾਂ ਦਰਮਿਆਨ ਪਿਆਰ ਮੁਹੱਬਤ ਬਣਾਈ ਰੱਖਣ ਵਾਲੀ ਮੁਕੱਦਸ ਜਗ੍ਹਾ। ਇੱਥੋਂ ਆਪਸੀ ਸਦਭਾਵਨਾ ਦਾ ਪੈਗ਼ਾਮ ਚਾਰ ਚੁਫੇਰੇ ਫੈਲਾਇਆ ਜਾਣਾ ਚਾਹੀਦਾ ਹੈ। ਭਾਰਤ ਅਤੇ ਪਾਕਿਸਤਾਨ ਕਦੇ ਇੱਕੋ ਦੇਸ਼ ਸੀ। ਰਾਜ ਕਰਨ ਦੇ ਲਾਲਚੀਆਂ ਨੇ ਇਸ ਨੂੰ ਦੋ ਦੇਸ਼ਾਂ ਵਿੱਚ ਵੰਡ ਲਿਆ। ਦੂਰ ਦੀ ਕਿਸੇ ਨਹੀਂ ਸੋਚੀ ਕਿ ਇਹ ਵੰਡ ਦੋਹਾਂ ਦੇਸ਼ਾਂ ਨੂੰ ਲੈ ਬਹੇਗੀ। ਵੰਡ ਕਰਨੀ ਸੀ ਤਾਂ ਭਰਾਵਾਂ ਵਾਂਗ ਕਰਦੇ। ਕਿਸੇ ਦਾ ਨੁਕਸਾਨ ਨਾ ਹੁੰਦਾ। ਕੱਟੜਪੰਥੀਆਂ ਨੇ ਆਮ ਲੋਕਾਂ ਨੂੰ ਮਜ਼੍ਹਬੀ ਜਨੂੰਨ ਦੇ ਟੇਟੇ ਚੜ੍ਹਾ ਕੇ ਲੱਖਾਂ ਕਤਲ ਕਰਵਾਏ, ਹਜ਼ਾਰਾਂ ਔਰਤਾਂ ਦੀ ਅਸਮਤ ਲੁੱਟੀ ਤੇ ਕਰੋੜਾਂ ਅਰਬਾਂ ਦੀ ਜਾਇਦਾਦ ਸਾੜੀ ਫੂਕੀ ਗਈ। ਹਿੰਦੋਸਤਾਨ ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਦੋਹਾਂ ਪਾਸਿਆਂ ਦੇ ਪੰਜਾਬੀਆਂ ਦਾ ਹੋਇਆ ਜੋ 70 ਸਾਲਾਂ ਤੋਂ ਹੁਣ ਤਕ ਹੁੰਦਾ ਆ ਰਿਹਾ ਹੈ। ਹਾਲਤ ਇਹੋ ਰਹੀ ਤਾਂ ਕੋਈ ਪਤਾ ਨਹੀਂ ਕਦੋਂ ਤਕ ਹੋਰ ਨੁਕਸਾਨ ਹੁੰਦਾ ਰਹੇਗਾ?
ਹਿੰਦ-ਪਾਕਿ ਦੁਸ਼ਮਣੀ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਮੰਦਹਾਲੀ ਦਾ ਕਰਨ ਬਣੀ ਹੋਈ ਹੈ, ਉੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਤਾਂ ਜੜ੍ਹੀਂ ਬੈਠੀ ਹੋਈ ਹੈ। ਸੁਰੱਖਿਆ ਦੇ ਨਾਂ ’ਤੇ ਦੋਹਾਂ ਦੇਸ਼ਾਂ ਨੂੰ ਵੱਡੀਆਂ ਫੌਜਾਂ ਰੱਖਣ ਅਤੇ ਮਹਿੰਗੇ ਹਥਿਆਰ ਖਰੀਦਣ ਉੱਤੇ ਬੇਅੰਤ ਖਰਚ ਕਰਨਾ ਪੈ ਰਿਹਾ ਹੈ। ਜਿੰਨਾ ਸਰਮਾਇਆ, ਜਿੰਨੀ ਸ਼ਕਤੀ, ਜਿੰਨਾ ਟੇਲੈਂਟ ਅਤੇ ਜਿੰਨਾ ਸਮਾਂ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਪੁਗਾਉਣ ਉੱਤੇ ਲਾਇਆ ਜਾ ਰਿਹਾ ਹੈ, ਉੰਨੇ ਨਾਲ ਦੋਵੇਂ ਦੇਸ਼ ਬੜੇ ਖੁਸ਼ਹਾਲ ਹੋ ਸਕਦੇ ਸਨ। ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੀ ਆਰਥਿਕ ਹਾਲਤ ਸੁਧਾਰੀ ਜਾ ਸਕਦੀ ਸੀ, ਸਿਹਤ ਅਰੋਗ ਰੱਖੀ ਜਾ ਸਕਦੀ ਸੀ, ਚੰਗੀ ਸਿੱਖਿਆ ਦਿੱਤੀ ਜਾ ਸਕਦੀ ਸੀ, ਰੁਜ਼ਗਾਰ ਦੇ ਚੰਗੇ ਮੌਕੇ ਦਿੱਤੇ ਜਾ ਸਕਦੇ ਸਨ, ਆਪਸੀ ਵਪਾਰ ਹੋ ਸਕਦਾ ਸੀ, ਪ੍ਰਤੀ ਜੀਅ ਆਮਦਨ ਵਧ ਸਕਦੀ ਸੀ, ਜੰਗ ਦਾ ਡਰ ਮੁੱਕ ਸਕਦਾ ਸੀ ਅਤੇ ਇਕ ਦੂਜੇ ਦਾ ਭਲਾ ਕਰਦਿਆਂ ਨੇਕੀ ਕਮਾਈ ਜਾ ਸਕਦੀ ਸੀ। ਹਿੰਦ-ਪਾਕਿ ਕੁਲ ਆਲਮ ਦੇ ਸਿਰਮੌਰ ਮੁਲਕ ਬਣ ਸਕਦੇ ਸਨ। ਅਮਨ ਅਮਾਨ ਮੁਲਕਾਂ ਨੂੰ ਤਾਰਦਾ ਹੈ ਜਦ ਕਿ ਲੜਾਈ ਝਗੜਾ ਡੋਬਦਾ ਹੈ।
ਭਰਾ ਵੈਸੇ ਛੇਤੀ ਕੀਤਿਆਂ ਅੱਡ ਨਹੀਂ ਹੁੰਦੇ। ਪਰ ਜੇ ਅੱਡ ਹੋਣਾ ਈ ਪਵੇ ਤਾਂ ਚੁੱਲ੍ਹਾ ਅੱਡ ਕਰ ਲੈਂਦੇ ਹਨ। ਵਾਹ ਲੱਗਦੀ ਵਿਹੜਾ ਨਹੀਂ ਵੰਡਦੇ ਕਿ ਬੱਚੇ ਇਕੱਠੇ ਖੇਡ ਲਿਆ ਕਰਨਗੇ। ਵਿਹੜਾ ਵੰਡਣਾ ਹੀ ਪਵੇ ਤਾਂ ਕੰਧ ਵਿੱਚ ਲਾਂਘਾ ਰੱਖ ਲੈਂਦੇ ਹਨ ਕਿ ਦੁਖਦੇ ਸੁਖਦੇ ਇਕ ਦੂਜੇ ਦੀ ਸਾਰ ਲਈ ਜਾ ਸਕੇਗੀ। ਕੰਧ ਵਿੱਚ ਮੋਰੀ ਰੱਖ ਲੈਂਦੇ ਹਨ ਕਿ ਲੋੜ ਵੇਲੇ ਚੀਜ਼ ਵਸਤ ਫੜਨੀ ਫੜਾਉਣੀ ਸੌਖੀ ਰਹੇਗੀ। ਭਰਾ ਜੁ ਹੋਏ! ਕਈ ਵਾਰ ਦਾਲ ਸਬਜ਼ੀ ਦੀ ਕੌਲੀ ਦਾ ਆਦਾਨ ਪਰਦਾਨ ਹੀ ਭਰੱਪਣ ਦੀ ਸਾਂਝ ਨਹੀਂ ਟੁੱਟਣ ਦਿੰਦਾ। ਭਾਰਤ ਅਤੇ ਪਾਕਿਸਤਾਨ ਨੂੰ ਭਰਾਵਾਂ ਅਤੇ ਚੰਗੇ ਗੁਆਂਢੀਆਂ ਵਾਂਗ ਵਸਣਾ ਚਾਹੀਦਾ ਹੈ ਨਾ ਕਿ ਵੈਰੀ ਸ਼ਰੀਕਾਂ ਵਾਂਗ। ਜੇ ਕੋਈ ਧਿਰ ਸਾਂਝ ਵਧਾਉਣ ਦੀ ਛੋਟੀ ਜਿਹੀ ਪਹਿਲ ਵੀ ਕਰੇ ਤਾਂ ਭਰਵਾਂ ਹੁੰਘਾਰਾ ਭਰਨਾ ਚਾਹੀਦਾ ਹੈ। ਨਿੱਕੇ ਮੋਟੇ ਬਹਾਨੇ ਬਣਾ ਕੇ ਤੋੜ ਵਿਛੋੜਾ ਕਰੀ ਰੱਖਣਾ ਬਚਗਾਨੀ ਗੱਲ ਹੈ।
ਕਰਤਾਰਪੁਰ ਦਾ ਲਾਂਘਾ ਭਾਰਤ-ਪਾਕਿ ਦੇ ਤਣਾਅ ਗ੍ਰਸਤ ਰਿਸ਼ਤੇ ਵਿੱਚ ਸੁਖਾਵਾਂ ਮੋੜ ਸਾਬਤ ਹੋ ਸਕਦਾ ਹੈ। ਇਹ ਲਾਂਘਾ ਦੋਹਾਂ ਦੇਸ਼ਾਂ ਨੂੰ ਖੁਸ਼ਹਾਲੀ ਦੇ ਮਾਰਗ ’ਤੇ ਤੋਰ ਸਕਦਾ ਹੈ। ਇਸ ਵਿੱਚ ਹੀ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦਾ ਸੁਨਹਿਰੀ ਭਵਿੱਖ ਵੇਖਿਆ ਜਾ ਸਕਦਾ ਹੈ। ਜਿਹੜੇ ਲੋਕ ਕਰਤਾਰਪੁਰ ਦੇ ਦਰਸ਼ਨਾਂ ਦੀ ਅਰਦਾਸ ਕਰਦੇ ਹਨ ਉਨ੍ਹਾਂ ਦੀ ਅਰਦਾਸ ਦਾ ਅੰਤਲਾ ਬੋਲ ਸਰਬੱਤ ਦਾ ਭਲਾ ਮੰਗਣਾ ਹੁੰਦਾ ਹੈ। ਕਰਤਾਰ ਨੇ ਕਰਤਾਰਪੁਰ ਦੇ ਲਾਂਘੇ ਰਾਹੀਂ ਹਿੰਦ-ਪਾਕਿ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਮਰਨ-ਮਾਰਨ ਵਾਲੇ ਪਾਸੇ ਜਾ ਰਹੀ ਆਪਣੀ ਹੋਣੀ ਨੂੰ ਜੀਵਨ ਮਾਨਣ ਵਾਲੇ ਰਾਹ ਪਾ ਲੈਣ। ਸਰਹੱਦ ’ਤੇ ਕੀਤੀ ਜਾ ਰਹੀ ਠਾਹ-ਠੂਹ ਤਦ ਹੀ ਬੰਦ ਹੋਣੀ ਹੈ ਜੇਕਰ ਆਪਸੀ ਮੇਲ ਮਿਲਾਪ ਵਧੇ।
ਗੁਰੂ ਨਾਨਕ ਦੇਵ ਦਾ ਜਨਮ ਰਾਏ ਭੋਇ ਦੀ ਤਲਵੰਡੀ ਵਿੱਚ 1479 ਨੂੰ ਪਟਵਾਰੀ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀ। ਬਾਲਕ ਨਾਨਕ ਦੇ ਉਸਤਾਦ ਹਿੰਦੂ ਪਾਂਧਾ ਤੇ ਮੁਸਲਮਾਨ ਕਾਜ਼ੀ ਸਨ। ਦੋਸਤ ਮਰਦਾਨਾ ਮਰਾਸੀ ਸੀ। ਬਚਪਨ ਅਤੇ ਚੜ੍ਹਦੀ ਜਵਾਨੀ ਦੇ ਪੰਦਰਾਂ ਸਾਲ ਉਨ੍ਹਾਂ ਬਾਰ ਦੀ ਹਰਿਆਵਲੀ ਭੋਇੰ ’ਤੇ ਬਿਤਾਏ ਜਿਸ ਦੀ ਪ੍ਰਕਿਰਤੀ ਦਾ ਜ਼ਿਕਰ ਬਾਰਾ ਮਾਂਹ ਵਿੱਚ ਕੀਤਾ। ਫਿਰ ਭੈਣ ਨਾਨਕੀ ਅਤੇ ਜੀਜੇ ਜੈਰਾਮ ਕੋਲ ਸੁਲਤਾਨਪੁਰ ਲੋਧੀ ਚਲੇ ਗਏ ਜਿੱਥੇ 14 ਸਾਲ ਰਹੇ। ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਚੰਗੀ ਭੱਲ ਖੱਟੀ। ਫਿਰ ਜੱਗ ਤਾਰਨ ਲਈ ਚਾਰ ਉਦਾਸੀਆਂ ਕੀਤੀਆਂ। ਪੈਦਲ ਚਲਦਿਆਂ ਹਜ਼ਾਰਾਂ ਮੀਲਾਂ ਦਾ ਪੰਧ ਕੀਤਾ। ਸੰਤਾਂ, ਭਗਤਾਂ, ਸੂਫੀਆਂ ਅਤੇ ਸਿੱਧਾਂ ਨਾਲ ਗੋਸ਼ਟੀਆਂ ਕੀਤੀਆਂ। 22 ਸਾਲ ਦੇਸ਼ਾਂ ਦੇਸ਼ਾਤਰਾਂ ਵਿੱਚ ਘੁੰਮਦੇ ਰਹੇ। ਅਗਿਆਨਤਾ ਦੂਰ ਕਰਦੇ ਰਹੇ, ਜੱਗ ਤਾਰਦੇ ਰਹੇ। ਉਨ੍ਹਾਂ ਦੀ ਸੁਪਤਨੀ ਮਾਤਾ ਸੁਲੱਖਣੀ ਆਪਣੇ ਪੇਕੇ ਪਿੰਡ ਪੱਖੋਕੇ ਜਾਂਦੀ ਰਹੀ ਜੋ ਅਜੋਕੀ ਸਰਹੱਦ ਲਾਗੇ ਹੈ। ਗੁਰੂ ਨਾਨਕ ਦੇਵ ਦੇ ਸਹੁਰਾ ਸਾਹਿਬ ਮੂਲ ਚੰਦ ਵੀ ਪਟਵਾਰੀ ਸਨ। ਉਹ ਬਟਾਲੇ ਰਹਿਣ ਲੱਗ ਪਏ ਸਨ ਪਰ ਪਿੰਡ ਪੱਖੋਕੇ ਵੀ ਨਹੀਂ ਸੀ ਛੱਡਿਆ। ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਗੁਰੂ ਨਾਨਕ ਦੇਵ ਜੀ ਦਾ ਪੱਖੋਕੇ ਆਉਣ ਜਾਣ ਸੀ। ਜ਼ਮੀਨ ਤਾਂ ਸਹੁਰਿਆਂ ਪਾਸ ਵੀ ਸੀ ਪਰ ਸਾਖੀ ਹੈ ਕਿ ਪੱਖੋਕੇ ਦੇ ਅਜਿੱਤੇ ਰੰਧਾਵੇ ਨੇ ਰਾਵੀ ਨਾਲ ਲੱਗਦੀ ਸੌ ਏਕੜ ਜ਼ਮੀਨ ਹੋਰ ਦੇ ਦਿੱਤੀ ਕਿ ਗੁਰੂ ਨਾਨਕ ਦੇਵ ਉੱਥੇ ਪੱਕਾ ਨਿਵਾਸ ਕਰ ਲੈਣ। 1515 ਵਿੱਚ ਗੁਰੂ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ। ਉਦੋਂ ਉਨ੍ਹਾਂ ਦੀ ਉਮਰ 46 ਸਾਲਾਂ ਦੀ ਸੀ।
52 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਹਿਣ ਲੱਗ ਪਏ। ਮਾਂ ਬਾਪ, ਪਤਨੀ ਅਤੇ ਦੋਵੇਂ ਬੱਚੇ ਕਰਤਾਰਪੁਰ ਲੈ ਆਂਦੇ। ਖੂਹ ਲਾ ਲਿਆ। ਉੱਥੇ ਖੇਤੀਬਾੜੀ ਕਰਨ ਲੱਗੇ। ਗੁਰੂ ਕਾ ਲੰਗਰ ਚਲਾ ਲਿਆ। ਆਉਣ ਜਾਣ ਵਾਲਿਆਂ ਲਈ ਧਰਮਸ਼ਾਲਾ ਬਣਾ ਲਈ। ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਲੱਗੇ। ਆਪਣੇ ਹੱਥੀਂ ਕਿਰਤ ਕਰਦੇ, ਬਾਣੀ ਉਚਾਰਦੇ, ਆਏ ਗਏ ਨਾਲ ਵਿਚਾਰ ਵਟਾਂਦਰਾ ਕਰਦੇ ਅਤੇ ਉੱਚ ਆਚਰਣ ਵਾਲਾ ਸਾਦਾ ਜੀਵਨ ਜਿਊਣ ਦੀ ਸਿੱਖਿਆ ਦਿੰਦੇ। ਪੋਥੀਆਂ ਲਿਖਦੇ। ਉਹ 18 ਸਾਲ ਕਰਤਾਰਪੁਰ ਰਹੇ। ਲਾਗੇ ਰਾਵੀ ਵਗਦੀ ਜਿਸ ਦੀਆਂ ਛੱਲਾਂ ਦੇ ਨਜ਼ਾਰੇ ਮਾਣਦੇ। ਡੰਗਰ ਚਾਰਦੇ। ਭਾਈ ਲਹਿਣਾ ਉੱਥੇ ਦਰਸ਼ਨਾਂ ਨੂੰ ਆਇਆ ਤਾਂ ਉਨ੍ਹਾਂ ਦੇ ਅੰਗ ਸੰਗ ਰਹਿਣ ਲੱਗਾ। 14 ਜੁਲਾਈ 1539 ਨੂੰ ਗੁਰੂ ਨਾਨਕ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਥਾਪਿਆ ਤੇ ਨਾਂ ਅੰਗਦ ਦੇਵ ਰੱਖਿਆ। ਪੋਥੀਆਂ ਉਨ੍ਹਾਂ ਨੂੰ ਸੰਭਾਲੀਆਂ। ਇੰਜ ਸਿੱਖੀ ਦੀ ਵਾਗ ਡੋਰ ਆਪਣੇ ਪੁੱਤਰਾਂ ਥਾਂ ਯੋਗਤਾ ਦੇ ਆਧਾਰ ’ਤੇ ਸੇਵਕ ਨੂੰ ਸੌਂਪਣ ਦਾ ਤੋਰਾ ਤੋਰਿਆ। 22 ਸਤੰਬਰ 1539 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ।
ਨਾਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਤਿੰਨ ਐਸੇ ਮੁਕੱਦਸ ਸਥਾਨ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਸਾਲਾਂ ਬੱਧੀ ਰਹੇ। ਦੇਸ਼ ਦੀ ਵੰਡ ਸਮੇਂ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਰਹਿ ਗਿਆ, ਸੁਲਤਾਨਪੁਰ ਲੋਧੀ ਭਾਰਤ ਵਿੱਚ ਤੇ ਕਰਤਾਰਪੁਰ ਸਰਹੱਦ ਤੋਂ ਡੇਢ ਕਿਲੋਮੀਟਰ ਪਾਕਿਸਤਾਨ ਵੱਲ। ਹੁਣ ਡੇਰਾ ਬਾਬਾ ਨਾਨਕ ਦੀ ਸਰਹੱਦੀ ਚੌਕੀ ਉੱਤੇ ਸਥਾਪਤ ਕੀਤੀ ਦੂਰਬੀਨ ਵਿੱਚੋਂ ਤਿੰਨ ਚਾਰ ਕਿਲੋਮੀਟਰ ਦੂਰ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨ। ਪਾਕਿਸਤਾਨ ਬਣਨ ਵੇਲੇ ਤੋਂ ਹੀ ਸੰਗਤਾਂ ਵਿੱਚ ਕਰਤਾਰਪੁਰ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨਾਂ ਦੀ ਤਾਂਘ ਤੁਰੀ ਆਉਂਦੀ ਹੈ। ਅਰਦਾਸਾਂ ਹੁੰਦੀਆਂ ਆ ਰਹੀਆਂ ਹਨ। 71 ਸਾਲਾਂ ਬਾਅਦ ਉਨ੍ਹਾਂ ਨੂੰ ਫਲ ਪੈ ਰਿਹਾ ਹੈ।
ਦੋਹਾਂ ਦੇਸ਼ਾਂ ਦੇ ਸਿਆਣੇ ਲੋਕ ਜਾਣਦੇ ਹਨ ਕਿ ਦੋਹਾਂ ਪਾਸਿਆਂ ਦੇ ‘ਹਾਕਮਾਂ’ ਨੂੰ ਜਦੋਂ ਵੋਟਾਂ ਦੀ ਜਾਂ ਰਾਜ ਹੋਰ ਲੰਮਾ ਕਰਨ ਦੀ ਲੋੜ ਪੈਂਦੀ ਹੈ, ਸਰਹੱਦ ਉੱਤੇ ਠਾਹ-ਠੂਹ ਕਰ-ਕਰਵਾ ਕੇ ਵੋਟਾਂ ਦਾ ਝਾੜ, ਝਾੜ ਲੈਂਦੇ ਹਨ। ਪੁੱਤ ਬਿਗਾਨੇ ਮਰਦੇ ਹਨ, ਬੱਲੇ-ਬੱਲੇ ਹਾਕਮ ਕਰਵਾਈ ਜਾਂਦੇ ਹਨ। ਭਾਰਤ-ਪਾਕਿ ਝਪਟਾਂ ਅਤੇ ਲੜਾਈਆਂ ਨਾਲ ਨੁਕਸਾਨ ਤਾਂ ਦੋਹਾਂ ਦੇਸ਼ਾਂ ਦਾ ਹੀ ਹੁੰਦਾ ਹੈ ਪਰ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਨੂੰ ਸੇਕ ਕੁਝ ਵਧੇਰੇ ਲੱਗਦਾ ਹੈ, ਸਰਹੱਦ ਨਾਲ ਜੁ ਲੱਗਦੇ ਹੋਏ। ਪੰਜਾਬੀਆਂ ਨੂੰ ਵਾਰ ਵਾਰ ਉੱਜੜਨਾ ਪੈਂਦਾ ਹੈ। ਪੰਜਾਬ ਸਿਰ ਐਵੇਂ ਨਹੀਂ ਅਰਬਾਂ ਖਰਬਾਂ ਦੇ ਕਰਜ਼ੇ ਚੜ੍ਹੇ। ਭਾਰਤ-ਪਾਕਿ ਵਿੱਚਕਾਰ ਦੋਸਤੀ ਰਹੇ ਤਾਂ ਵਾਧੂ ਵਸਤਾਂ ਦੇ ਆਦਾਨ ਪਰਦਾਨ ਨਾਲ ਦੋਹਾਂ ਪਾਸਿਆਂ ਦੇ ਪੰਜਾਬ ਅਤੇ ਦੋਵੇਂ ਦੇਸ਼ ਖੁਸ਼ਹਾਲ ਹੋ ਸਕਦੇ ਹਨ ਕਿਉਂਕਿ ਵਪਾਰ ਕਰਨ ਲਈ ਦੋਹਾਂ ਪੰਜਾਬਾਂ ਪਾਸ ਹੋਰ ਕੋਈ ਰਸਤਾ ਨਹੀਂ।
ਹਿੰਦ-ਪਾਕਿ ਦੇ ਬਹੁਤ ਸਾਰੇ ਮਸਲੇ ਕੋਝੀ ਸਿਆਸਤ ਨੇ ਹੱਲ ਨਹੀਂ ਹੋਣ ਦਿੱਤੇ। ਕਰਤਾਰਪੁਰ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਗੱਲ ਕੀ ਸਾਰੀ ਲੋਕਾਈ ਦਾ ਸਾਂਝਾ ਮੁਕੱਦਸ ਸਥਾਨ ਹੈ। 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਭਾਵੇਂ 2019 ਭਾਰਤ ਦੀਆਂ ਆਮ ਚੋਣਾਂ ਦਾ ਵੀ ਵਰ੍ਹਾ ਹੈ ਪਰ ਰਾਜਸੀ ਪਾਰਟੀਆਂ ਨੂੰ ਸਰਬਸਾਂਝੇ ਤੀਰਥ ਦੇ ਲਾਂਘੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਨਿਗੂਣੇ ਰਾਜਸੀ ਹਿਤਾਂ ਦੀ ਥਾਂ ਦੋਹਾਂ ਦੇਸ਼ਾਂ ਦੇ ਵਡੇਰੇ ਹਿਤ ਵੇਖਣੇ ਚਾਹੀਦੇ ਹਨ।
ਇਹ ਸਚਾਈ ਹੈ ਹਿੰਦ-ਪਾਕਿ ਦੇ ਆਮ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ’ਤੇ ਹੀ ਗੱਲਬਾਤ ਨਾਲ ਹੱਲ ਹੋਏ ਹਨ। ਜੰਗ, ਹਥਿਆਰ ਵੇਚਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ। ਜਾਂ ਉਹ ਹਾਕਮ, ਜਿਹੜੇ ਆਪੋ ਆਪਣਾ ਵੋਟ ਬੈਂਕ ਵਧਾਉਣ ਲਈ ਅਮਨ ਨੂੰ ਅੱਗ ਲਾਉਣ ਤੱਕ ਦੇ ਕਮੀਨੇ ਕਾਰੇ ਕਰਦੇ ਹਨ। ਅਜਿਹੇ ਹਾਕਮ ਮੱਤ ਭੁੱਲਣ ਕਿ ਉਨ੍ਹਾਂ ਦੀਆਂ ਬਦਨੀਤੀਆਂ ਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ। ਸ਼ੁਕਰ ਹੈ ਕਿ ਹਿੰਦ/ਪਾਕਿ ਸਰਕਾਰਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਨਾਨਕ ਨਾਮ ਲੇਵਾ ਕਰੋੜਾਂ ਸੰਗਤਾਂ ਨੂੰ ਕਰਤਾਰਪੁਰ ਜਾਣ ਦਾ ਲਾਂਘਾ ਦੇਣ ਲਈ ਰਜ਼ਾਮੰਦ ਹੋ ਗਈਆਂ ਹਨ। ਇਹਦਾ ਸਿਹਰਾ ਸਿਆਸਤਦਾਨ ਆਪੋ ਆਪਣੇ ਸਿਰ ਬੰਨ੍ਹਣ ਦੀ ਥਾਂ ਦੋਹਾਂ ਦੇਸ਼ਾਂ ਦੇ ਉਨ੍ਹਾਂ ਲੋਕਾਂ ਸਿਰ ਬੰਨ੍ਹਣ ਜਿਨ੍ਹਾਂ ਦੀਆਂ ਅਰਦਾਸਾਂ ਨੂੰ 71 ਸਾਲਾਂ ਬਾਅਦ ਸੁਣਿਆ ਗਿਆ ਹੈ।
ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨ। ਸਾਡਾ ਖ਼ਾਬ, ਵਸੇ ਪੰਜਾਬ, ਵਧੇ ਪੰਜਾਬ!