ਕਹਿੰਦੇ ਹਨ ਕਿ ਜਵਾਨੀ ਦੀ ਉਮਰ ਸ਼ਾਹ ਉਮਰ ਹੁੰਦੀ ਹੈ, ਸ਼ਾਹ ਵੀ ਉਹ ਜੋ ਹਰ ਪਾਸਿਓਂ ਹੀ ਮਾਲਾ ਮਾਲ ਹੋਵੇ! ਇਹ ਉਮਰ ਸਦਾ ਉਡੂੰ-ਉਡੂੰ ਕਰਦੀ ਹੈ। ਇਸਨੂੰ ਆਪਣੀ ਸ਼ਕਤੀ ਅਸੀਮ ਅਤੇ ਅਥਾਹ ਲਗਦੀ ਹੈ। ਜਵਾਨੀ ਵਿੱਚ ਪਤਾ ਈ ਨਹੀਂ ਹੁੰਦਾ ਕਿ ਦਿਨ ਕਦੋਂ ਚੜ੍ਹਦਾ ਹੈ ਤੇ ਰਾਤ ਕਦੋਂ ਪੈਂਦੀ ਹੈ। ਇਹ ਜਵਾਨੀ ਹਰ ਇੱਕ ਉੱਤੇ ਆਉਂਦੀ ਹੈ। ਮੇਰੇ ਉੱਤੇ ਵੀ ਆਈ। ਇੱਥੇ ਮੈਂ ਆਪਣੀ ਜਵਾਨੀ ਦੀਆਂ ਕੁੱਝ ਕੁ ਘਟਨਾਵਾਂ ਵਰਨਣ ਕਰਦੀ ਹਾਂ।
ਮੈਂ ਜਦੋਂ ਕਾਲਜ ਪੜ੍ਹਦੀ ਸੀ ਬੀ.ਏ ਪਾਰਟ-2 ਵਿੱਚ। ਮੇਰੀ ਇੱਕ ਸਹੇਲੀ, ਜੋ ਅੱਜਕੱਲ੍ਹ ਇੰਗਲੈਂਡ ਵਿੱਚ ਰਹਿੰਦੀ ਹੈ, ਨੇ ਮੈਨੂੰ ਪੌੜੀਆਂ ਉਤਰ ਦੀ ਨੂੰ ਧੱਕਾ ਦੇ ਦਿੱਤਾ। ਪਰ ਮੈਂ ਸਤਰਕ ਸੀ ਸੰਭਲ਼ ਗਈ ਤੇ ਉਸ ਨੂੰ ਕਿਹਾ ਕਿ ਜਸਮੀਤ ਤੈਂ ਇਹ ਚੰਗਾ ਕੰਮ ਨੀਂ ਕੀਤਾ। ਅੱਗੋਂ ਉਹ ਬੋਲੀ ਕਿ ਇੱਥੇ ਤਾਂ ਅੱਜਕੱਲ੍ਹ ਇੱਦਾਂ ਹੀ ਹੁੰਦੈ।
ਇਸ ਘਟਨਾ ਨੂੰ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ ਤੇ ਅਸੀਂ ਦੋਵੇਂ ਪੌੜੀਆਂ ਉਤਰ ਰਹੀਆਂ ਸੀ। ਮੈਂ ਉਸਨੂੰ ਐਵੇਂ ਹੀ ਬੇਮਤਲਬਾ ਮੋਢਾ ਮਾਰ ਦਿੱਤਾ। ਉਹ ਪੌੜੀਆਂ ਵਿੱਚ ਡਿਗ ਪਈ ਅਤੇ ਰੁੜ੍ਹਦੀ-ਰੜ੍ਹਦੀ ਸ਼ੁਕਰ ਹੈ ਕਿ ਉੱਪਰ ਨਹੀਂ ਗਈ ਸਗੋਂ ਸਿੱਧੀ ਹੀ ਥੱਲੇ ਪਹੁੰਚ ਗਈ। ਸ਼ਾਇਦ ਉਸ ਦੇ ਸੱਟ ਵੀ ਲੱਗੀ ਹੋਵੇ। ਇਸ ਘਟਨਾ ਬਾਰੇ ਨਾ ਕੁੱਝ ਉਹ ਬੋਲੀ ਅਤੇ ਨਾ ਹੀ ਕੁੱਝ ਮੈਂ । ਉਸ ਤੋਂ ਬਾਅਦ ਸਾਡਾ ਪੋਲਿਟੀਕਲ ਸਾਇੰਸ ਦਾ ਪੀਰਡ ਸੀ ਤੇ ਜਸਮੀਤ ਕਲਾਸ ਵਿੱਚ ਜਾ ਕੇ ਸਭ ਤੋਂ ਪਿਛਲੇ ਡੈਸਕ ਤੇ ਲੰਮੀ ਪੈ ਗਈ। ਜਦੋਂ ਮੈਂਡਮ ਕਲਾਸ ਵਿੱਚ ਆਏ ਉਨ੍ਹਾਂ ਨੇ ਪੁੱਛਿਆ, “ਆਹ ਪੀਛੇ ਕੌਣ ਪੜੀ ਹੈ। ਖੜ੍ਹੀ ਹੋ ਜਓ।” ਜਦੋਂ ਜਸਮੀਤ ਖੜ੍ਹੀ ਹੋਈ ਤੇ ਮੈਡਮ ਕਹਿੰਦੇ, “ਇਹ ਕਲਾਸ ਰੂਮ ਹੈ ਸੌਣੇ ਕੀ ਜਗ੍ਹਾ ਨਹੀਂ।” ਜਸਮੀਤ ਕਹਿੰਦੀ ਕਿ ਮੈਡਮ ਮੇਰੇ ਸੱਟ ਲੱਗੀ ਹੈ। ਮੈਨੂੰ ਹਰਜੋਗਿੰਦਰ ਨੇ ਪੌੜੀਆਂ ਵਿੱਚੋਂ ਧੱਕਾ ਦੇ ਦਿੱਤਾ। ਅੱਗੋਂ ਮੈਡਮ ਲਲਕਾਰੇ, “ਖੜ੍ਹੀ ਹੋ ਜਾਓ, ਕੌਣ ਹੈ ਹਰਜੋਗਿੰਦਰ?” ਮੈਂ ਖੜ੍ਹੀ ਹੋ ਗਈ। ਮੈਂ ਕਿਹਾ “ਮੈਡਮ ਸੱਚ ਬੋਲਦੀ ਹਾਂ! ਇਸ ਨੂੰ ਮੈਂ ਧੱਕਾ ਨਹੀਂ ਦਿੱਤਾ। ਧੱਕਾ ਤਾਂ ਉਸ ਕੁੜੀ ਨੇ ਦਿੱਤਾ ਹੈ ਜਿਸ ਨੂੰ ਕੁੱਝ ਦਿਨ ਪਹਿਲੋਂ ਜਸਮੀਤ ਨੇ ਪੌੜੀਆਂ ਵਿੱਚ ਦਿੱਤਾ ਸੀ।” ਮੈਡਮ ਕਹਿੰਦੀ ਕਿ ਮੇਰੇ ਕੋ ਪਤਾ ਹੈ ਕਿ ਆਪ ਐਸਾ ਨਹੀਂ ਕਰ ਸਕਤੀ। ਉਹ ਮੇਰੇ ਪ੍ਰਤੀ ਹਮਦਰਦੀ ਰੱਖਦੇ ਸਨ। ਮੈਡਮ ਜਸਮੀਤ ਨੂੰ ਕਹਿੰਦੇ ਚਲੋ ਕਲਾਸ ਸੇ ਬਾਹਰ ਹੋ ਜਓ ਔਰ ਜਾ ਕੇ ਸਟਾਫ ਰੂਮ ਮੇਂ ਲੇਟ ਜਾਓ।
ਜਦੋਂ ਸਾਨੂੰ ਛੁੱਟੀ ਹੋਈ ਮੈਂ ਜਸਮੀਤ ਨੂੰ ਪੁੱਛਿਆ ਕਿ ਆਇਆ ਸੁਆਦ ਧੱਕਾ ਦੇਣ ਦਾ। ਉੱਤਰ ਚੁੱਪ! ਉਹ ਥੋੜ੍ਹੇ ਦਿਨ ਤਾਂ ਮੇਰੇ ਨਾਲ਼ ਬੋਲੀ ਨਹੀਂ ਫੇਰ ਆਪੇ ਹੌਲ਼ੀ-ਹੌਲ਼ੀ ਉਸਦਾ ਬਰਤਾਓ ਠੀਕ ਹੋ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਜੁਆਨੀ ਪਹਿਰੇ ਸਾਨੂੰ ਪਤਾ ਈ ਨਹੀਂ ਸੀ ਲੱਗਦਾ ਕਿ ਅਸੀਂ ਕੀ ਠੀਕ ਕਰ ਰਹੇ ਹਾਂ ਤੇ ਕੀ ਗ਼ਲਤ। ਆਪਣੇ ਆਪ ਵਿੱਚ ਮਸਤ, ਜੋ ਰੌਂ ਨੇ ਉਕਸਾ ਦਿੱਤਾ, ਬੱਸ ਓਹੋ ਹੀ ਕਰ ਕਰਾ ਦਿੱਤਾ, ਬਿਨਾਂ ਸੋਚੇ ਸਮਝੇ। ਫੇਰ ਵੀ ਸੱਚੀ ਗੱਲ ਤਾਂ ਇਹ ਹੈ ਕਿ ਅੱਜ ਵੀ ਉਨ੍ਹਾਂ ਸਮਿਆਂ ਵਿੱਚ ਮੁੜ ਜਾਣ ਨੂੰ ਦਿਲ ਕਰਦਾ ਹੈ। ਕਾਸ਼…।
ਮੈਂ ਚੁਫੇਰ-ਕਰੀਆ (ਆਲ-ਰਾਊਂਡਰ) ਸਾਂ। ਸਿੱਧਵਾਂ ਕਾਲਜ ਵਿੱਚ ਸਾਨੂੰ ਗਿੱਧਾ ਪਾਉਣ ਦਾ ਬੜਾ ਸ਼ੌਕ ਸੀ। ਜਦੋਂ ਅਸੀਂ ਪੰਜ ਸੱਤ ਜਾਣੀਆਂ ਕੁੜੀਆਂ ਨੇ ਸਟੱਡੀ ਵੱਲੋਂ ਵਿਹਲੀਆਂ ਹੋਣਾਂ ਤਾਂ ਚੱਕਵੀਆਂ ਬੋਲੀਆਂ ਚੱਕ ਦੇਣੀਆਂ ਤੇ ਰੱਜ ਕੇ ਧਰਤੀ ਪੱਟ ਗਿੱਧਾ ਪਾਉਂਣਾ। ਪਰ ਸਾਡਾ ਇਹ ਕੰਮ ਬਹੁਤੇ ਦਿਨ ਨਹੀਂ ਚੱਲਿਆ। ਸਾਡੀ ਪ੍ਰਿੰਸੀਪਲ ਮੈਡਮ ਨੇ ਵਾਰਡਨ ਨੂੰ ਸਮਝਾਇਆ ਕਿ ਸਿੱਧਵਾਂ ਕਾਲਜ ਪਿੰਡ ਵਿੱਚ ਹੈ ਅਤੇ ਸੜਕ ਦੇ ਨਾਲ਼ ਲੱਗਦਾ ਹੈ। ਪੜ੍ਹਨ ਵਾਲ਼ੀਆਂ ਕੁੜੀਆਂ ਦਾ ਇਹ ਖੌਰੂ ਪਾਉਣਾ ਚੰਗਾ ਨਹੀਂ ਲੱਗਦਾ। ਇਸ ਨਾਲ਼ ਕਾਲਜ ਦੀ ਬਦਨਾਮੀ ਹੁੰਦੀ ਹੈ। ਬੱਚੀਆਂ ਨੂੰ ਪਿਆਰ ਨਾਲ ਸਮਝਾਓ। ਵਾਰਡਨ ਮੈਡਮ ਨੇ ਇਵੇਂ ਹੀ ਕੀਤਾ ਅਤੇ ਅੱਗੇ ਨੂੰ ਹੋਸਟਲ ਵਿੱਚ ਲੜਕੀਆਂ ਦਾ ਨੱਚਣਾ ਟੱਪਣਾ ਬੰਦ ਹੋ ਗਿਆ।
ਪਰ ਇੱਕ ਦਿਨ ਕੀ ਹੋਇਆ ਰਾਤ ਨੂੰ ਅਚਾਨਕ ਲਾਈਟ ਚਲੀ ਗਈ। ਸਾਹਮਣੇ ਬੀ.ਏ-1 ਦੀਆਂ ਰਹਿੰਦੀਆਂ ਕੁੜੀਆਂ ਮੈਨੂੰ ਕਹਿੰਦੀਆਂ ਸੀਨੀਅਰ ਭੈਣ ਜੀ ਅੱਜ ਤਾਂ ਗਿੱਧਾ ਪਾਉਣ ਨੂੰ ਜੀ ਕਰਦੈ। ਮੈਂ ਉਸ ਸਮੇਂ ਐੱਮ.ਏ-1 ਵਿੱਚ ਸੀ ਤੇ ਮੇਰੀ ਗੱਲ ਮੰਨੀਂ ਜਾਂਦੀ ਸੀ। ਮੇਰੀ ਅਲਵੇਲੀ ਜੁਆਨੀ ਨੇ ਬਿਨਾਂ ਸੋਚੇ-ਸਮਝੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਚੱਕ ਦਿਓ ਫੱਟੇ ਦੇਖੀ ਜਾਊ ਜੋ ਹੋਊ। ਹੁਣ ਹਨੇਰਾ ਹੈ ਕਿਸੇ ਨੇ ਆਪਣੇ ਹੋਸਟਲ ਨਹੀਂ ਆਉਣਾ ਅਤੇ ਨਾ ਹੀ ਕਿਸੇ ਨੂੰ ਗਿੱਧਾ ਪਾਉਣ ਦਾ ਪਤਾ ਲੱਗਣਾ ਹੈ। ਬੱਸ ਫੇਰ ਕੀ ਸੀ ਜਵਾਨੀ ਦਾ ਜੋਰ ਚੱਕ ਬੋਲੀ ਤੇ ਬੋਲੀ। ਇੱਕ ਕੁੜੀ ਨੇ ਬੋਲੀ ਪਾਈ, “ਬੋਲੀ ਪਾਵਾਂ ਤੇ ਬੋਲੀ ਪਾਵਾਂ ਲਲਕਾਰ ਕੇ, ਮਧਰੀ ਜਿਹੀ ਰਹਿ ਕੇ ਨਾ ਬੋਲੀ ਪੈਂਦੀ ਸੁਆਰ ਕੇ”। ਸਾਨੂੰ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਹਨੇਰੇ ਵਿੱਚੋਂ ਹੀ ਦੋ ਮੈਡਮਾਂ ਸਾਡੇ ਸਾਹਮਣੇ ਪਰਗਟ ਹੋ ਗਈਆਂ। ਹਨੇਰੇ ਹਰਾਮੀ ਨੇ ਸਾਡੀ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਉਸ ਨੇ ਸਾਡੇ ਨਾਲ਼ ਧ੍ਰੋਅ ਕਮਾਇਆ। ਉਹ ਵਿਚਾਰਾ ਵੀ ਕੀ ਕਰਦਾ। ਉਹ ਅੱਖਾਂ ਤੋਂ ਤਾਂ ਸਾਡਾ ਪੜਦਾ ਰੱਖ ਸਕਦਾ ਸੀ, ਖੌਰੂ ਪਾਉਂਦੀ, ਧੂਮ ਮਚਾਉਂਦੀ ਜੁਆਨੀ ਦੀ ਆਵਾਜ਼ ਨੂੰ ਫੈਲਣ ਤੋਂ ਕਿਵੇਂ ਡੱਕ ਸਕਦਾ ਸੀ? ਹੱਥਾਂ ਦੀਆਂ ਤਾੜੀਆਂ ਅਤੇ ਅੱਡੀ ਟੱਪੇ ਦੀ ਆਵਾਜ਼ ਸੁਣਦਿਆਂ ਸਾਰ ਵਾਰਡਨ ਮੈਡਮ ਨੇ ਅੰਗਰੇਜ਼ੀ ਵਾਲ਼ੀ ਮੈਡਮ ਤੇ ਅੰਮ੍ਰਿਤ ਮੈਡਮ ਨੂੰ ਮੌਕੇ ਉੱਤੇ ਭੇਜ ਦਿੱਤਾ। ਤੇ ਆ ਕੇ ਅੰਮ੍ਰਿਤ ਮੈਡਮ ਨੇ ਪੁੱਛਿਆ, “ਕਿਹੜੀ ਸ਼ੇਰ ਬੱਚੀ ਦੀ ਨਾ ਬੋਲੀ ਪੈਂਦੀ ਸੁਆਰ ਕੇ”?
ਮੈਂ ਮੈਡਮ ਨੂੰ ਦੇਖ ਕੇ ਥਮ੍ਹਲੇ ਦੇ ਉਹਲੇ ਹੋ ਗਈ। ਥਮਲਾ ਤਾਂ ਥਮਲਾ ਈ ਸੀ, ਕਿਹੜਾ ਹਮਾਲੀਆ ਪਹਾੜ ਸੀ। ਸਾਹਮਣੇ ਹੋ ਕੇ ਮੈਨੂੰ ਮੈਡਮ ਕਹਿੰਦੇ ਇਹ ਗਿੱਧਾ ਕੌਣ-ਕੌਣ ਪਾ ਰਹੀਆਂ ਸਨ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ। ਪਤਾ ਨਹੀਂ ਕੁੜੀਆਂ ਇੱਥੇ ਹੀ ਹੋਣਗੀਆਂ। ਕੁੜੀਆਂ ਮੈਡਮ ਨੂੰ ਦੇਖ ਕੇ ਮੰਜੇ ਥੱਲੇ ਵੜ ਗਈਆਂ। ਮੈਡਮ ਬਹੁਤ ਤੇਜੀ ਨਾਲ਼ ਰੂਮ ਵਿੱਚ ਗਏ ਤੇ ਮੰਜੇ ਥੱਲੇ ਟਾਰਚ ਮਰੀ ਤੇ ਉਨ੍ਹਾਂ ਕੁੜੀਆਂ ਨੂੰ ਬਾਹਰ ਕੱਢ ਕੇ ਕਹਿੰਦੀ, “ਚਾਰੇ ਆਪਣਾ-ਆਪਣਾ ਨਾਂ ਲਿਖਾਓ ਤੁਹਾਨੂੰ ਮੈਂ ਫਾਈਨ ਕਰਨਾ ਹੈ। ਉਨ੍ਹਾਂ ਦੇ ਨਾਂ ਨੋਟ ਕਰ ਕੇ ਤੇ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਹਿਕੇ ਮੈਡਮਾਂ ਮੁੜ ਗਈਆਂ। ਮੈਡਮਾਂ ਦੇ ਜਾਣ ਪਿੱਛੋਂ, ਉਹੀ ਕੁੜੀਆਂ ਕਹਿੰਦੀਆਂ ਭੈਣ ਜੀ ਜੁਰਮਾਨਾ ਤਾਂ ਭਾਵੇਂ ਗਿਆ ਹੋ ਸਾਨੂੰ, ਚੱਲੋ ਕੋਈ ਗੱਲ ਨਹੀਂ, ਪਰ ਗਿੱਧਾ ਪਾਉਣ ਦਾ ਨਜ਼ਾਰਾ ਆ ਗਿਆ। ਮੈਂ ਸੋਚਿਆ ਇਸ ਨੂੰ ਕਹਿੰਦੇ ਨੇ ਜਵਾਨੀ। ਨਾ ਘਾਟੇ ਦੀ ਪਰਵਾਹ ਤੇ ਨਾ ਵਾਧੇ ਦੀ, ਬੱਸ ਹਰ ਪਲ ਅਪਣੀ ਮਰਜੀ ਦਾ ਜੀਵਨ ਜਿਓਣ ਦਾ ਚਾਅ।
ਐੱਮ.ਏ-1 ਪਾਸ ਕਰਨ ਪਿੱਛੋਂ ਮੈਨੂੰ ਬੀ.ਐੱਡ ਕਾਲਜ ਵਿੱਚ ਹੀ ਐੱਮ.ਐੱਡ ਵਿੱਚ ਦਾਖਲਾ ਮਿਲ਼ ਗਿਆ। ਮੈਂ ਸੋਚ ਸੋਚਕੇ ਐੱਮ.ਏ-2 ਦੀ ਥਾਂ ਐੱਮ.ਐੱਡ ਵਿੱਚ ਦਾਖਲਾ ਲੈਣ ਨੂੰ ਪਹਿਲ ਦਿੱਤੀ। ਐੱਮ.ਐੱਡ ਦੀ ਪੜ੍ਹਾਈ ਨਾਲ਼ੋ-ਨਾਲ਼ ਸ਼ੁਰੂ ਹੋ ਗਈ। ਵਾਈਸ ਪ੍ਰਿੰਸੀਪਲ ਮੈਨੂੰ ਵਾਧੂ ਟਾਈਮ ਦੇਣ ਲੱਗ ਪਏ। ਕਹਿੰਦੇ ਥੀਸਸ ਨਾਲ਼ੋ-ਨਾਲ਼ ਲਿਖਣਾ ਜਰੂਰੀ ਹੈ। ਮੈਂ ਬੀ.ਐੱਡ ਕਾਲਜ ਵਿੱਚ ਬੈਠੀ ਪੜ੍ਹਦੀ ਹੋਣਾ ਤੇ ਮੇਰੇ ਨਾਲ਼ ਦੀਆਂ ਜੋ ਐੱਮ.ਏ-1 ਤੋਂ -2 ਵਿੱਚ ਦਾਖਲ ਹੋਈਆਂ ਸਨ ਮੇਰੇ ਕੋਲ਼ ਆ ਜਾਇਆ ਕਰਨ ਤੇ ਮੈਨੂੰ ਤੰਗ ਕਰਿਆ ਕਰਨ। ਉਨ੍ਹਾਂ ਨੇ ਕਹਿਣਾ ਕਿ ਲੈ ਬਈ ਲੋਕ ਤਾਂ ਹੁਣੇ ਵੱਡੇ ਪੜ੍ਹਾਕੂ ਬਣ ਗਏ। ਮੇਰਾ ਮਨ ਵੀ ਉਨ੍ਹਾਂ ਨੂੰ ਆਜ਼ਾਦ ਫਿਰਦੀਆਂ ਦੇਖ ਬੜਾ ਚੰਚਲ ਹੋਇਆ ਕਰੇ, ਕਿ ਇਹ ਤਾਂ ਆਰਾਮ ਨਾਲ਼ ਮਸਤੀ ਕਰਦੀਆਂ ਫਿਰਦੀਆਂ ਹਨ ਆਹ ਪੰਛੀ ਕਿੱਥੇ ਫਸ ਗਿਆ ਅੱਖਰਾਂ ਦੇ ਜੰਗਲ਼ ਵਿੱਚ। ਉਨ੍ਹਾਂ ਦੀ ਚੱਕ ਵਿੱਚ ਆ ਕੇ ਮੈਂ ਵੀ ਐੱਮ.ਏ-2 ਵਿੱਚ ਈ ਦਾਖਲਾ ਮੰਗ ਲਿਆ। ਮੈਨੂੰ ਪਾਂਘਲੀ ਸਰ ਕਹਿਣ ਲੱਗੇ ਹੁਣ ਤਾਂ ਤੂੰ ਲੇਟ ਹੋ ਗਈ। ਮੈਂ ਕਿਹਾ ਜੋ ਮਰਜੀ ਕਰੋ ਮੈਂ ਤਾਂ ਕਲਾਸ ਵਿੱਚ ਆ ਬੈਠੀ ਹਾਂ। ਅਤੇ ਮੈਂ ਐੱਮ.ਏ-2 ਵਿੱਚ ਦਾਖਲ ਹੋ ਗਈ। ਸੋਹਣੇ ਦਿਨ ਬੀਤਣ ਲੱਗੇ।
ਜਨਵਰੀ ਦਾ ਮਹੀਨਾ ਸੀ ਲੋਹੜੀ ਦਾ ਦਿਨ ਆਇਆ। ਬੀ.ਐੱਡ ਕਾਲਜ ਵਿੱਚ ਪਾਥੀਆਂ ਲਿਆ ਕੇ ਵੱਡੀ ਸਾਰੀ ਲੋਹੜੀ ਬਾਲਣ ਦ ਪਰਬੰਧ ਕੀਤਾ ਗਿਆ। ਤੇ ਉਧਰ ਬੀ.ਐੱਡ ਦੀ ਵਾਰਡਨ ਮੈਡਮ ਜੋ ਪਹਿਲਾਂ ਤੋਂ ਹੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਸੀ, ਕਹਿੰਦੇ ਹਰਜੋਗਿੰਦਰ ਨਾਲ਼ ਸਾਰੀਆਂ ਐੱਮ.ਏ ਵਾਲ਼ੀਆਂ ਕੁੜੀਆਂ ਨੂੰ ਜ਼ਰੂਰ ਲੈ ਕੇ ਆਇਓ। ਉਨ੍ਹਾਂ ਦਾ ਗਿੱਧਾ ਵੀ ਦੇਖਾਂਗੇ। ਸੋ ਮੈਂ ਵੀ ਆਪਣੀ ਸਹੇਲੀਆਂ ਨਾਲ਼ ਚਲੀ ਗਈ। ਜੁਆਨੀ ਦਾ ਹਰ ਚਾਅ ਪੂਰਾ ਕੀਤਾ ਗਿਆ, ਖੂਬ ਗਿੱਧਾ ਪਾਇਆ ਤੇ ਦੱਬੀਆਂ ਸੱਧਰਾਂ ਦਾ ਰੱਜ ਕੇ ਉਲਾਂਭਾ ਲਾਹਿਆ। ਆਖਰ ਉੱਤੇ ਸਾਨੂੰ ਇੱਕ ਨਵੀਓਂ ਇੱਲਤ ਸੁੱਝੀ। ਵਾਰਡਨ ਮੈਡਮ ਅਜੇ ਕੁਆਰੀ ਹੀ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਮੈਡਮ ਜਿਹੜੀ ਕੁਆਰੀ ਕੁੜੀ, ਲੋਹੜੀ ਵਾਲ਼ੀ ਧੂਣੀ ਉੱਤੋਂ ਦੀ ਛਾਲ਼ ਮਾਰਕੇ ਲੰਘ ਜਾਵੇ, ਉਸਦਾ ਛੇਤੀ ਹੀ ਵਿਆਹ ਹੋ ਜਾਂਦਾ ਹੈ। ਪਤਾ ਨਹੀਂ ਮੈਡਮ ਸਾਡੇ ਝਾਂਸੇ ਵਿੱਚ ਕਿਓਂ ਆ ਗਈ। ਸ਼ਾਇਦ ਦੱਬੀਆਂ ਸੱਧਰਾਂ ਵਾਲ਼ੇ ਸੁਝਾਵਾਂ ਦੀ ਉੰਗਲ਼ ਛੇਤੀ ਹੀ ਫੜ ਤੁਰਦੇ ਹਨ। ਉਸ ਨੇ ਆ ਦੇਖਿਆ ਨਾ ਤਾ, ਭੱਜ ਕੇ ਧੂਣੀ ਉੱਤੋਂ ਦੀ ਛਾਲ਼ ਮਾਰ ਦਿੱਤੀ। ਵਿਆਹ ਕਰਾਉਣ ਦਾ ਚਾਅ ਸ਼ਾਇਦ ਕੁੱਝ ਬਹੁਤਾ ਹੀ ਸੀ
ਕਿ ਉਹ ਮਸਾਂ ਹੀ ਡਿਗਦੀ-ਡਿਦੀ ਬਚੀ। ਮੈਂ ਨਾਲ਼ ਦੀਆਂ ਕੁੜੀਆਂ ਨੂੰ ਕਿਹਾ, “ਕਰਾ ਦਿੱਤੀ ਮੈਡਮ ਦੀ ਸ਼ਾਦੀ! ਨੀ ਨਵਾਂ ਹੀ ਪੰਗਾ ਪਾ ਲੈਣ ਲੱਗੀਆਂ ਸੀ। ਜੇ ਮੈਡਮ ਦੇ ਸੱਟ ਲੱਗ ਜਾਂਦੀ ਜਾਂ ਧੂਣੀ ਵਿੱਚ ਹੀ ਡਿਗ ਪੈਂਦੀ? ਫੇਰ ਕੀਹਦੀ ਮਾਂ ਨੂੰ ਮਾਸੀ ਕਹਿੰਦੀਆਂ। ਕਿਓਂ ਨਹੀਂ ਅਸੀਂ ਟਿਕ ਕੇ ਰਹਿ ਸਕਦੀਆਂ। ਲੱਗਦੈ ਇਹ ਅਵੱਲੀ ਜੁਆਨੀ ਸਾਨੂੰ ਕੁੱਝ ਜਿਆਦਾ ਹੀ ਚੜ੍ਹੀ ਹੋਈ ਹੈ।
ਸਾਡੇ ਕਾਲਜ ਵਿੱਚ ਜਗਰਓਂ ਤੋਂ ਇੱਕ ਫੋਟੋਗ਼ਰਾਫਰ ਆਉਂਦਾ ਹੁੰਦਾ ਸੀ ਜੋ ਕਾਲਜ ਦੀਆਂ ਸਾਰੀਆਂ ਫੋਟੋਆਂ ਖਿੱਚਦਾ ਹੁੰਦਾ ਸੀ। ਇੱਕ ਦਿਨ ਕਾਲਜ ਵਿੱਚ ਉਸ ਦਾ ਮੋਟਰਸਾਈਕਲ ਖੜ੍ਹਾ ਸੀ ਤੇ ਮੈਂ ਉਸ ਨੂੰ ਕਿੱਕ ਮਾਰ ਕੇ ਸਟਾਰਟ ਕਰ ਦਿੱਤਾ, ਤੇ ਫੇਰ ਫੋਟੋਗ੍ਰਾਫਰ ਨੂੰ ਜਾ ਕੇ ਆਪ ਹੀ ਦੱਸ ਦਿੱਤਾ ਕਿ ਬਾਈ ਜੀ ਕਿਸੇ ਕੁੜੀ ਨੇ ਤੁਹਾਡਾ ਮੋਟਰਸਾਈਕਲ ਸਟਾਰਟ ਕਰ ਦਿੱਤਾ। ਉਹ ਭੱਜਿਆ-ਭੱਜਿਆ ਆਇਆ, ਮੋਟਰ ਸਾਈਕਲ ਬੰਦ ਕੀਤਾ ਤੇ ਕਹਿੰਦਾ ਦੱਸੋ ਇਹ ਸ਼ਰਾਰਤ ਕਿਸ ਨੇ ਕੀਤੀ ਹੈ ਮੈਂ ਪ੍ਰਿੰਸੀਪਲ ਮੈਡਮ ਕੋਲ਼ ਹੁਣੇ ਜਾ ਕੇ ਦੱਸਦਾਂ। ਪਰ ਕਿਸੇ ਵੀ ਕੁੜੀ ਨੇ ਉਸ ਨੂੰ ਕੁੱਝ ਨਹੀਂ ਦੱਸਿਆ। ਤੇ ਉਹ ਉੱਥੇ ਹੀ ਆਪਣਾ ਸਿਰ ਫੜ ਕੇ ਰਹਿ ਗਿਆ।
ਇੱਕ ਦਿਨ ਅਸੀਂ ਵਾਰਡਨ ਮੈਡਮ ਕੋਲ਼ ਗਈਆਂ ਤਾਂ ਉਹ ਬਹੁਤ ਹੀ ਫਿਕਰਾਂ ਵਿੱਚ ਡੁੱਬੀ ਹੋਈ ਸੀ। ਅਸੀਂ ਉਸਨੂੰ ਪੁੱਛਿਆ ਕਿ ਮੈਡਮ ਜੀ ਕੀ ਗੱਲ ਹੈ? ਸਾਨੂੰ ਦੱਸੋ, ਸ਼ਾਇਦ ਅਸੀਂ ਕੁੱਝ ਸਹਾਇਤਾ ਕਰ ਸਕੀਏ। ਮੈਡਮ ਕਹਿੰਦੀ ਕਿ ਹੋਸਟਲ ਵਿੱਚ ਇੱਕ ਕੁੜੀ ਦੇ 1000 ਰੁਪਏ ਚੋਰੀ ਹੋ ਗਏ ਹਨ। ਇਹ 1981 ਦੀ ਗੱਲ ਹੈ। ਅੱਜ ਉਸ ਰਕਮ ਦਾ ਮੁੱਲ ਲੱਗਭਗ 10,000 ਰੁਪਏ ਦੇ ਬਰਾਬਰ ਹੈ। ਵਾਰਡਨ ਮੈਡਮ ਨੂੰ ਫਿਕਰ ਸੀ ਕਿ ਉਹ ਕੁੜੀ ਇੱਕ ਐੱਮ.ਐੱਲ.ਏ ਦੀ ਧੀ ਹੈ। ਉਸਨੂੰ ਅਸੀਂ ਕੀ ਜਵਾਬ ਦੇਵਾਂਗੇ। ਚੋਰ ਦਾ ਕਿਵੇਂ ਪਤਾ ਲੱਗੇ ਤੇ ਰਕਮ ਕਿਵੇਂ ਪ੍ਰਾਪਤ ਕੀਤੀ ਜਾਵੇ। ਉਸ ਵੇਲ਼ੇ ਹੋਸਟਲ ਵਿੱਚ ਤਿੰਨ ਚਾਰ ਸੌ ਕੁੜੀਆਂ ਰਹਿੰਦੀਆਂ ਸਨ। ਥੋੜ੍ਹਾ ਚਿਰ ਸੋਚ ਕੇ ਮੈਂ ਕਿਹਾ ਕਿ ਮੈਡਮ ਤੁਸੀਂ ਕੇਵਲ ਇੱਕ ਕੰਮ ਕਰਨਾ, ਥੋੜ੍ਹੀ ਦੇਰ ਪਿੱਛੋਂ ਸਟੱਡੀ ਬੈੱਲ ਕਰਵਾ ਦੇਣੀ। ਬਾਕੀ ਸਾਰਾ ਕੰਮ ਅਸੀਂ ਆਪੇ ਹੀ ਕਰ ਲਵਾਂਗੀਆਂ।
ਸਟੱਡੀ ਬੈੱਲ ਹੋ ਗਈ। ਅਸੀਂ ਐੱਮ.ਏ ਵਾਲ਼ੀਆਂ ਕੁੜੀਆਂ ਨੇ ਬਾਕੀ ਸਾਰੀਆਂ ਕੁੜੀਆਂ ਨੂੰ ਕਿਹਾ ਕਿ ਸਭ ਆਪੋ ਆਪਣੇ ਕਮਰੇ ਵਿੱਚ ਜਾਓ ਅਤੇ ਸਟੱਡੀ ਕਰੋ। ਜੋ ਵੀ ਲੜਕੀ ਕਮਰੇ ਤੋਂ ਬਾਹਰ ਆਵੇਗੀ ਉਸ ਨੂੰ ਜੁਰਮਾਨਾ ਕੀਤਾ ਜਵੇਗਾ। ਸਾਰੀਆਂ ਕੁੜੀਆਂ ਨੇ ਆਦੇਸ ਦਾ ਪਾਲਨ ਕੀਤਾ। ਅਸੀਂ ਉਨ੍ਹਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੇ ਲਾ ਦਿੱਤੇ। ਅਤੇ ਹੋਸਟਲ ਦੇ ਇੱਕ ਪਾਸਿਓਂ ਕਮਰਿਆਂ ਦੀ ਚੰਗੀ ਤਰ੍ਹਾਂ ਫਰੋਲੋ ਫਰਾਲੀ (ਤਲਾਸ਼ੀ) ਸ਼ੁਰੂ ਕਰ ਦਿੱਤੀ। ਪਰ ਇਹ ਕੰਮ ਘਾ ਦੇ ਢੇਰ ਵਿੱਚੋਂ ਸੂਈ ਲੱਭਣ ਦੇ ਬਰਾਬਰ ਸੀ। ਹਰ ਇੱਕ ਕਮਰੇ ਵਿੱਚ ਚਾਰ ਤੋਂ ਛੇ-ਛੇ ਕੁੜੀਆਂ ਰਹਿੰਦੀਆਂ ਸਨ। ਅਸੀਂ ਥੋੜ੍ਹੇ ਸਮੇਂ ਵਿੱਚ ਹੀ ਅੱਕ-ਥੱਕ ਗਈਆਂ। ਅਸੀਂ ਫਿਕਰਾਂ ਵਿੱਚ ਆਪੋ ਆਪਣਾ ਸਿਰ ਫੜ ਕੇ ਬਹਿ ਗਈਆਂ ਤੇ ਲੱਗੀਆਂ ਸੋਚਾਂ ਦੇ ਘੋੜੇ ਭਜਾਉਣ। ਇੱਕ ਤਰੀਕਾ ਤਾਂ ਇਹ ਸੀ ਕੀ ਇੱਕ ਪਾਸਿਓਂ ਸਾਰੀਆਂ ਕੁੜੀਆਂ ਦੀ ਤਲਾਸ਼ੀ ਲਈ ਜਾਂਦੀ। ਇਹ ਬੜਾ ਔਖਾ ਕੰਮ ਸੀ ਤੇ ਅਸੀਂ ਸ਼ੁਰੂ ਕਰਕੇ ਦੇਖ ਲਿਆ ਸੀ। ਦੂਜਾ ਤਰੀਕਾ ਸੀ ‘ਮਿੱਟੀ ਪਾਉਣ’ ਦਾ। ਇਸ ਦੇ ਕਾਰਗਰ ਹੋਣ ਉੱਤੇ ਵੀ ਸਾਡੀ ਸਹਿਮਤੀ ਨਹੀਂ ਬਣੀ। ਅਸੀਂ ਤੀਜਾ ਤਰੀਕਾ ਹੀ ਅਪਣਾਇਆ।
ਜਿਸ ਲੜਕੀ ਦੀ ਚੋਰੀ ਹੋਈ ਸੀ ਅਸੀਂ ਉਸਨੂੰ ਇੱਕ ਪਾਸੇ ਕਰ ਕੇ ਪੁੱਛਿਆ ਕਿ ਉਸਦੀਆਂ ਗੂਹੜੀਆਂ ਸਹੇਲੀਆਂ ਕੌਣ-ਕੌਣ ਹਨ ਅਤੇ ਉਸ ਕੋਲ਼ ਬਹੁਤਾ ਕਿਸ-ਕਿਸ ਦਾ ਆਉਣਾ ਜਾਣਾ ਹੈ। ਉਸਨੇ ਨੇੜੇ ਦੇ ਕਮਰੇ ਵਾਲ਼ੀਆਂ ਚਾਰ-ਪੰਜ ਲੜਕੀਆਂ ਦੇ ਨਾਂ ਦੱਸੇ ਅਤੇ ਖਾਸ ਕਰਕੇ ਇੱਕ ਲੜਕੀ ਦਾ ਨਾਂ ਲਿਆ। ਅਸੀਂ ਆਪਣੀ ਖੋਜ ਉਸ ਕਮਰੇ ਉੱਤੇ ਹੀ ਕੇਂਦਰਤ ਕੀਤੀ। ਪਹਿਲੋਂ ਜ਼ਿਆਦਾ ਸ਼ੱਕੀ ਲੜਕੀ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਉਸ ਵਿੱਚੋਂ ਕੋਈ ਪੈਸਾ ਟਕਾ ਨਾ ਮਿਲ਼ਿਆ। ਉਸਦੀ ਜਾਮਾ-ਤਲਾਸ਼ੀ ਦੀ ਗੱਲ ਚੱਲੀ ਤਾਂ ਉਹ ਲੜਕੀ ਕੁੱਝ ਘਬਰਾਈ ਹੋਈ ਅਨੁਭਵ ਹੋਈ ਤੇ ਲੱਗੀ ਆਨੇ-ਬਹਾਨੇ ਘੜਨ। ਅਸੀਂ ਉਸਨੂੰ ਸਮਝਾਇਆ ਕਿ ਤੇਰੀ ਤਲਾਸ਼ੀ ਤਾਂ ਹੋਵੇਗੀ ਜ਼ਰੂਰ ਅਤੇ ਚੰਗੀ ਤਰ੍ਹਾਂ ਹੋਵੇਗੀ। ਇੱਥੇ ਕੋਈ ਮਰਦ ਤਾਂ ਹੈ ਨਹੀਂ, ਅਸੀਂ ਵੀ ਤੇਰੀ ਵਰਗੀਆਂ ਲੜਕੀਆਂ ਹੀ ਹਾਂ। ਫਿਰ ਵੀ ਤੇਰੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਇਗਾ। ਅਸੀਂ ਤੇਰੇ ਚਾਰ ਚੁਫੇਰੇ ਚਾਦਰ ਦਾ ਪੜਦਾ ਕਰਦੀਆਂ ਹਾਂ। ਹੁਣ ਤੇਰੀ ਆਪਣੀ ਮਰਜੀ ਹੈ ਚਾਹੇ ਤਾਂ ਜੋ ਵੀ ਤੇਰੇ ਕੋਲ਼ ਕੋਈ ਚੋਰੀ ਦੀ ਚੀਜ ਹੈ ਉਹ ਥੱਲੇ ਸੁੱਟ ਦੇ ਜਾਂ ਫਿਰ ਆਪਣੇ ਸਾਰੇ ਕੱਪੜੇ ਉਤਾਰ ਕੇ ਕੇਵਲ ਇਸ ਚਾਦਰ ਦਾ ਪੜਦਾ ਕਰ ਲੈ। ਚਾਰੇ ਪਾਸੇ ਘਿਰੀ ਦੇਖ ਕੇ ਉਸ ਨੇ ਚਾਦਰ ਦੇ ਪੜਦੇ ਵਿੱਚ 700 ਰੁਪਏ ਦੇ ਨੋਟ ਫਰਸ ਉੱਤੇ ਸਿੱਟ ਦਿੱਤੇ। ਪੁੱਛਣ ਉੱਤੇ ਉਸ ਨੇ ਦੱਸਿਆ ਕਿ ਚੋਰੀ ਉਸ ਨੇ 1000 ਰੁਪਇਆ ਹੀ ਕੀਤਾ ਸੀ। ਉਨ੍ਹਾਂ ਵਿੱਚੋਂ 300 ਰੁਪਏ ਉਸ ਨੇ ਖਰਚ ਕਰ ਲਏ ਹਨ। ਉਸ ਪਿੱਛੋਂ ਸਾਰੇ ਕਮਰਿਆਂ ਦੇ ਕੁੰਡੇ ਖੋਲ੍ਹ ਦਿੱਤੇ ਗਏ ਅਤੇ ਸਾਰੇ ਖ਼ਬਰ ਫੈਲ ਗਈ ਕਿ ਰੁਪਏ ਮਿਲ਼ ਗਏ ਹਨ।
ਦੂਜੇ ਦਿਨ ਹੋਸਟਲ ਵਿੱਚ ਹੀ ਮੇਰੀ ਸਹੇਲੀ ਰਣਧੀਰ ਨੇ ਹੇਠਾਂ ਗਰਾਊਂਡ ਫਲੋਰ ਤੋਂ ਮੈਨੂੰ ਆਵਾਜ਼ ਮਾਰੀ ਕਿ ਛੇਤੀ ਆ ਸਾਨੂੰ ਪ੍ਰਿੰਸੀਪਲ ਮੈਡਮ ਨੇ ਆਪਣੇ ਦਫਤਰ ਵਿੱਚ ਬੁਲਾਇਆ ਹੈ। ਮੈਂ ਕਿਹਾ ਮੈਂ ਕੇਸੀਂ ਨਹਾ ਕੇ ਆਉਂਦੀ ਹਾਂ। ਉਹ ਅੱਗੋਂ ਬੋਲੀ ਕੇਸੀਂ ਨਹਾ ਕੇ ਤੂੰ ਨੰਦਾਂ ਤੇ ਬੈਠਣਾ ਹੈ। ਜਲਦੀ ਕਰ, ਛੇਤੀ ਆ ਜਾ। ਸਾਨੂੰ ਨਹੀਂ ਸੀ ਪਤਾ ਕਿ ਸਾਨੂੰ ਕਿਓਂ ਬੁਲਾਇਆ ਗਿਆ ਹੈ। ਅਸੀਂ ਡਰਦੀਆਂ-ਡਰਦੀਆਂ ਪ੍ਰਿੰਸੀਪਲ ਮੈਡਮ ਦੇ ਦਫਤਰ ਗਈਆਂ ਤਾਂ ਚੋਰੀ ਦਾ ਕੇਸ ਹੱਲ ਕਰ ਲੈਣ ਲਈ ਉਸਨੇ ਸਾਨੂੰ ਸਾਰੀਆਂ ਨੂੰ ਢੇਰ ਸਾਰੀ ਸ਼ਾਬਾਸ਼ ਦਿੱਤੀ। ਅਸੀਂ ਬਾਗ਼ੋ-ਬਾਗ਼ ਹੋ ਗਈਆਂ। ਪਰ ਉਹ ਚੋਰ ਕੁੜੀ…?