You are here:ਮੁਖ ਪੰਨਾ»ਵਿਚਾਰਨਾਮਾ»64 ਸਾਲ ਪੁਰਾਣੀ ਹਿੰਦੀ ਕਹਾਣੀ: ਨਵੀਂ ਜ਼ਿੰਦਗੀ ਲਈ
—ਮੂਲ ਲੇਖਕ: ਡਾ: ਰਾਂਗੇ ਰਾਘਵ/ਅਨੁਵਾਦਕ
Coming soon: A new and improved Global Punjabi site!!!

ਲੇਖ਼ਕ

Tuesday, 29 April 2025 10:41

64 ਸਾਲ ਪੁਰਾਣੀ ਹਿੰਦੀ ਕਹਾਣੀ: ਨਵੀਂ ਜ਼ਿੰਦਗੀ ਲਈ
—ਮੂਲ ਲੇਖਕ: ਡਾ: ਰਾਂਗੇ ਰਾਘਵ/ਅਨੁਵਾਦਕ

Written by
Rate this item
(0 votes)

ਦੋ ਗੱਲਾਂ: 1963 ਤੱਕ ਭਾਰਤ ਵਿੱਚ ਰਹਿੰਦਿਆਂ ਅਤੇ ਅਕਾਲੀ ਪੱਤ੍ਰਕਾ ਵਿੱਚ ਉੱਪ ਸੰਪਾਦਕੀ ਦਾ ਕਾਰਜ ਕਰਦਿਆਂ ਮੌਲਕ ਸਿਰਜਣਾਤਮਕ ਲਿਖਣ ਦਾ ਕਾਰਜ ਤਾਂ ਜਾਰੀ ਹੀ ਰਿਹਾ ਪਰ ਇਸਦੇ ਨਾਲ ਹੀ ਹਿੰਦੀ, ਉਰਦੂ, ਬੰਗਾਲੀ, ਅੰਗਰੇਜ਼ੀ ਅਤੇ ਉੜੀਆ (ਹਿੰਦੀ ਤੋਂ) ਦੀਆਂ ਬਹੁਤ ਸਾਰੀਆਂ ਕਹਾਣੀਆਂ ਦਾ ਤਰਜਮਾ ਕਰਨ ਦਾ ਮੌਕਾ ਵੀ ਮਿਲਦਾ ਰਿਹਾ। ਇਸੇ ਹੀ ਲੜੀ ਵਿੱਚ ਹਿੰਦੀ ਦੇ ਸੁਪ੍ਰਸਿੱਧ ਲੇਖਕ (ਸਵ:) ਡਾ. ਰਾਂਗੇ ਰਾਘਵ ਦੀਆਂ ਦੋ ਹਿੰਦੀ ਕਹਾਣੀਆਂ ਦਾ ਤਰਜਮਾ ਵੀ ਕੀਤਾ ਸੀ। ਇਹ ਦੋਵੇਂ ਕਹਾਣੀਆਂ ਅੰਮ੍ਰਿਤਸਰ ਤੋਂ ਪ੍ਰਕਾਸ਼ਤ ਹੁੰਦੇ ਮਾਸਿਕ ਪਰਚੇ ‘ਅਮਰ ਕਹਾਣੀਆਂ’ ਦੇ 1959 ਦੇ ਅੰਕਾਂ ਵਿਚ ਛਪੀਆਂ। ਹੱਥਲੀ ਕਹਾਣੀ ‘ਨਵੀਂ ਜ਼ਿੰਦਗੀ ਲਈ’ ਜੁਲਾਈ 1959 ਵਿਚ ਛਪੀ ਸੀ। ਆਸ ਹੈ ਪਾਠਕ ਪਸੰਦ ਕਰਨਗੇ ਅਤੇ ਵੇਖਣਗੇ ਕਿ ਬਹੁਤ ਹੀ ਸਹਿਜ ਲੱਗਦੀ ਇਸ ਕਹਾਣੀ ਦਾ ਵਿਸ਼ਾ ਅੱਜ ਵੀ ਕਿੰਨਾ ਨਵਾਂ ਅਤੇ ਆਮ ਕਹਾਣੀਆਂ ਨਾਲੋਂ ਕਿੰਨਾ ਹਟਵਾਂ ਹੈ।

ਡਾ: ਰਾਂਗੇ ਰਾਘਵ:
 ਡਾ: ਰਾਂਗੇ ਰਾਘਵ ਦਾ ਜਨਮ 17 ਜਨਵਰੀ 1923 ਨੂੰ ਆਗਰਾ ਵਿਖੇ ਹੋਇਆ। ਉਸਦਾ ਪੂਰਾ ਨਾਮ ‘ਤਿਰੁਮਲੇ ਨੰਬਕੰਮ ਵੀਰ ਰਾਘਵ ਅਚਾਰੀਆ’ ਸੀ। ਉਸਨੇ ਆਗਰੇ ਦੇ ਸੇਂਟ ਜੌਹਨਸ ਕਾਲਜ ਤੋਂ ਮਾਸਟਰਜ਼ ਡਿਗਰੀ ਕੀਤੀ ਅਤੇ ‘ਗੁਰੂ ਗੋਰਖ ਨਾਥ’ ਦੇ ਵਿਸ਼ੇ ਉੱਤੇ ਡਾਕਟਰੇਟ(ਪੀ ਐੱਚਡੀ)। ਉਸ ਨੂੰ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ ਮਥੁਰਾ-ਆਗਰਾ ਦੇ ਇਲਾਕੇ ਵਿਚ ਬੋਲੀ ਜਾਂਦੀ ਬ੍ਰਿਜ ਭਾਸ਼ਾ ਉੱਤੇ ਆਬੂਰ ਹਾਸਲ ਸੀ। ਡਾ. ਰਾਂਗੇ ਰਾਘਵ ਨੇ 13 ਵਰਿੵਆਂ ਦੀ ਉਮਰ ਵਿਚ ਲਿਖਣਾ ਆਰੰਭ ਕੀਤਾ ਅਤੇ 19 ਵਰਿੵਆਂ ਦੀ ਉਮਰ ਵਿੱਚ ਜਦ ਉਸਦੀ ਬੰਗਾਲ ਦੇ ਅਕਾਲ ਸਬੰਧੀ ਬੜੀ ਹੀ ਸ਼ਿੱਦਤ ਨਾਲ ਲਿਖੀ ‘ਤੂਫ਼ਾਨੋਂ ਕੇ ਵੀਚ’ ਨਾਮ ਦੀ ਰਚਨਾ ਛਪੀ ਤਾਂ ਉਸਦੀ ਲੇਖਣੀ ਦੇ ਕਮਾਲ ਦੀਆਂ ਧੁੰਮਾਂ ਪੈ ਗਈਆਂ।

ਡਾ: ਰਾਂਗੇ ਰਾਘਵ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਵਿਦਵਾਨ ਲੇਖਕ ਸੀ। ਉਸਨੂੰ ਚਿੱਤਰਕਾਰੀ, ਸੰਗੀਤ ਅਤੇ ਪੁਰਾਤਤਵ ਵਿਗਿਆਨ(Archaeology) ਵਿਚ ਵੀ ਗੰਭੀਰ ਦਿਲਚਸਪੀ ਸੀ। ਇਹਨਾਂ ਵੱਖ ਵੱਖ ਕਲਾਵਾਂ ਦੇ ਸੁਮੇਲ ਨੇ ਉਸਦੀ ਕਲਮ ਨੂੰ ਬਹੁਤ ਸ਼ਕਤੀ ਦਿੱਤੀ। ਪਰ ਅਫਸੋਸ ਕਿ 39 ਵਰਿੵਆਂ ਦੀ ਉਮਰ ਵਿੱਚ, ਇੱਕ ਲੰਬੀ ਬਿਮਾਰੀ ਉਪਰੰਤ 12 ਸਤੰਬਰ 1962 ਨੂੰ ਉਸਦੀ ਮੌਤ ਹੋ ਗਈ। ਪਰ ਉਸਨੇ ਆਪਣੇ ਜੀਵਨ ਦੇ ਬਹੁਤ ਹੀ ਛੋਟੇ ਜਿਹੇ ਸਮੇਂ ਵਿਚ ਹਿੰਦੀ ਸਾਹਿਤ ਨੂੰ 150 ਤੋਂ ਵੀ ਵੱਧ ਨਾਵਲ, ਕਹਾਣੀ ਸੰਗ੍ਰਿਹ, ਨਾਟਕ, ਆਲੋਚਨਾ, ਕਲਾ ਅਤੇ ਸਭਿਆਚਾਰ ਸਬੰਧੀ ਪੁਸਤਕਾਂ ਦਿੱਤੀਆਂ। ਡਾ. ਰਾਂਗੇ ਰਾਘਵ ਨੂੰ ਉਸਦੀਆਂ ਸਾਹਿਤਕ ਪ੍ਰਾਪਤੀਆਂ ਲਈ ਬਹੁਤ ਸਾਰੇ ਐਵਾਰਡ ਮਿਲੇ ਜਿਵੇਂ ਕਿ 1947 ਵਿਚ ‘ਹਿੰਦੁਸਤਾਨੀ ਅਕੈਡਮੀ ਐਵਾਰਡ’, 1957 ਅਤੇ ਫਿਰ 1959 ਵਿਚ ਉੱਤਰ ਪ੍ਰਦੇਸ਼ ਸਰਕਾਰੀ ਐਵਾਰਡ, 1961 ਵਿਚ ਰਾਜਸਥਾਨੀ ਲਿਟਰੇਚਰ ਐਵਾਰਡ ਅਤੇ ਉਸਦੀ ਮੌਤ ਉਪਰੰਤ 1966 ਵਿਚ ਮਹਾਤਮਾ ਗਾਂਧੀ ਐਵਾਰਡ।

ਡਾ: ਰਾਂਗੇ ਰਾਘਵ ‘ਮਾਨਵਵਾਦੀ’ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਵਾਲਾ ਲੇਖਕ ਸੀ। ਉਸ ਨੇ ਇਤਿਹਾਸ ਅਤੇ ਸੱਭਿਆਚਾਰ ਨੂੰ ਕਦੇ ਵੀ ਪਰੰਪਰਾ ਦਾ ਕੈਦੀ ਨਹੀਂ ਸੀ ਸਮਝਿਆ। ਉਸਦਾ ਇਹ ਵੀ ਮੰਨਣਾ ਸੀ ਕਿ ‘ਸੱਚਾ ਸੁੱਚਾ ਸਾਹਿਤ’ ਕਦੇ ਵੀ ਬੋਲੀਆਂ ਜਾਂ ਹੱਦਾਂ-ਬੰਨਿਆਂ ਦੀ ਪਰਵਾਹ ਨਹੀਂ ਕਰਦਾ। – (ਗ.ਸ.ਰਾਏ)

****

ਨਵੀਂ ਜ਼ਿੰਦਗੀ ਲਈ

ਅਸੀਂ ਨੌਂ ਕੁੜੀਆਂ ਸਾਂ। ਮੇਰੀ ਉਮਰ ਉਦੋਂ ਪੰਦਰਾਂ ਵਰਿੵਆਂ ਦੀ ਸੀ। ਅੱਜ ਜਦ ਮੈਂ ਖ਼ੁਦ ਤਿੰਨ ਬੱਚਿਆਂ ਦੀ ਮਾਂ ਹਾਂ, ਮੇਰਾ ਦ੍ਰਿਸ਼ਟੀਕੋਣ ਬਦਲ ਚੁੱਕਿਆ ਹੈ, ਪਰ ਉਦੋਂ ਮੇਰੀ ਪਹਿਲੀ ਉਮਰ ਸੀ। ਉਦੋਂ ਕਿਤੇ ਮੈਂ ਐਡੀ ਅਕਲਮੰਦ ਸਾਂ ਕਿ ਸਮਝ ਸਕਦੀ? ਪਰ ਤੁਹਾਨੂੰ ਉਦੋਂ ਦੀ ਹੀ ਗੱਲ ਸੁਣਾਉਂਦੀ ਹਾਂ। ਪੰਦਰ੍ਹਾਂ ਸਾਲਾਂ ਦੀ ਉਮਰ ਵਿੱਚ ਹੀ ਮੈਂਨੂੰ ਬਹੁਤ ਕੰਮ ਕਰਨਾ ਪੈਂਦਾ ਸੀ।

ਮਾਂ ਇੱਕ ਹੋਰ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹਨਾਂ ਦੇ ਨੌਂ ਬਾਰ ਕੁੜੀਆਂ ਹੋ ਚੁੱਕੀਆਂ ਸਨ। ਇਕ ਤੇ ਦੂਜੀ ਭੈਣ ਵਿੱਚ ਉਮਰ ਦਾ ਇਤਨਾ ਘੱਟ ਅੰਤਰ ਸੀ ਕਿ ਉਹਨਾਂ ਨੂੰ ਸੰਭਾਲਣਾ ਬੜਾ ਕਠਿਨ ਸੀ। ਰੱਬ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਾਇਦ ਅੱਜ ਵੀ ਉਹ ਪਹਿਲੇ ਵਾਲੀ ਹੀ ਰਵਾਇਤ ਚੱਲ ਰਹੀ ਹੋਵੇ।

ਗਲੀ ਵਿੱਚ ਕਿਸੇ ਕਿਸੇ ਦੇ ਘਰ ਹੀ ਨਲਕਾ ਸੀ। ਅਸੀਂ ਸੜਕ ’ਤੇ ਲੱਗੇ ਨਲਕੇ ਤੋਂ ਹੀ ਪਾਣੀ ਭਰ ਲਿਆਇਆ ਕਰਦੀਆਂ ਸਾਂ। ਇੱਕ ਦਿਨ ਜਦ ਮੈਂ ਨਲਕੇ ਤੋਂ ਪਾਣੀ ਭਰਨ ਲੱਗੀ ਤਾਂ ਠਕੁਰਾਇਨ ਨੇ ਪੁੱਛਿਆ: ‘ਕਿਉਂ ਤੇਰੀ ਮਾਂ ਦੇ ਕੁਝ ਹੋਣ ਵਾਲਾ ਹੈ?’

ਮੈਂ ਸਿਰ ਹਿਲਾ ਕੇ ਸਵੀਕਾਰ ਕੀਤਾ। ਠਕੁਰਾਇਨ ਅਤੇ ਚੁੱਪ ਕੀ? ਪੁੱਛ ਬੈਠੀ: ‘ਕਿੰਨੇ ਦਿਨ ਰਹਿ ਗਏ?’

ਮੈਂ ਦੱਬੀ ਜ਼ਬਾਨ ਵਿਚ ਕਿਹਾ: ‘ਜਲਦੀ ਹੀ।’

ਠਕੁਰਾਇਨ ਹੱਸ ਪਈ। ਮੈਂ ਉਸ ਤੋਂ ਬਹੁਤ ਡਰਦੀ ਸਾਂ ਕਿਉਂਕਿ ਉਸ ਨੂੰ ਲੜਨ ਦਾ ਚੰਗਾ ਅਭਿਆਸ ਸੀ ਅਤੇ ਚੀਕ ਚੀਕ ਕੇ ਉਹ ਸਾਰਾ ਮੁਹੱਲਾ ਸਿਰ ਤੇ ਚੁੱਕ ਲਿਆ ਕਰਦੀ ਸੀ।

ਸ਼ਾਇਦ ਸਾਹਮਣੇ ਖਿੜਕੀ ਵਿਚ ਬੈਠੇ ਮੁੰਡੇ ਨੇ ਸਾਡੀ ਗੱਲ ਸੁਣ ਲਈ ਕਿਉਂ ਜੁ ਉਹ ਹੱਸ ਰਿਹਾ ਸੀ। ਮੈਂ ਬੜੀ ਸ਼ਰਮ ਮਹਿਸੂਸ ਕੀਤੀ ਹਾਲਾਂਕਿ ਗੱਲ ਕੁਝ ਵੀ ਨਹੀਂ ਸੀ। ਮੈਂ ਅੰਦਰ ਆ ਗਈ ਅਤੇ ਝੱਟ ਦਰਵਾਜ਼ਾ ਢੋ ਲਿਆ।

ਮਾਂ ਮੰਜੇ ’ਤੇ ਸੁੱਤੀ ਪਈ ਸੀ। ਕੁੜੀਆਂ ਵਿੱਚੋਂ ਕੁਝ ਸੌਂ ਰਹੀਆਂ ਸਨ। ‘ਸੁਖਦ’ ਮੈਥੋਂ ਦੋ ਸਾਲ ਛੋਟੀ ਸੀ। ਉਹ ਕਿਤੇ ਗਈ ਹੋਈ ਸੀ। ਵਿਹੜੇ ਵਿੱਚ ਕੱਪੜੇ ਖਿਲਰੇ ਪਏ ਸਨ।

ਬਾਬੂ ਜੀ ਦਫ਼ਤਰ ਵਿਚ ਨੌਕਰ ਸਨ। ਉਹਨਾਂ ਦੀ ਤਨਖਾਹ ਅੱਸੀ ਰੁਪਏ ਤੋਂ ਵੱਧ ਨਹੀਂ ਸੀ। ਮੈਂ ਉਹਨਾਂ ਨੂੰ ਕਦੇ ਵੀ ਖੁਸ਼ ਨਹੀਂ ਸੀ ਦੇਖਿਆ। ਉਹਨਾਂ ਦੇ ਮੱਥੇ ਦੀਆਂ ਲਕੀਰਾਂ ਸਦਾ ਡੂੰਘੀਆਂ ਹੀ ਹੋਈਆਂ ਰਹਿੰਦੀਆਂ ਸਨ। ਮੁੱਛਾਂ ਕਾਲੀਆਂ ਤੇ ਲੰਬੀਆਂ ਸਨ। ਲੋਕੀਂ ਕਹਿੰਦੇ ਨੇ ਕਿ ਮੈਂ ਆਪਣੇ ਪਿਉ ’ਤੇ ਗਈ ਹਾਂ।

ਜਦ ਉਹ ਦਫ਼ਤਰ ਤੋਂ ਆਉਂਦੇ ਤਾਂ ਥੱਕੇ ਹੋਏ ਦਿਸਦੇ ਪਰ ਜਦ ਉਹ ਦਫ਼ਤਰ ਜਾਂਦੇ ਤਾਂ ਵੀ ਥੱਕੇ ਹੋਏ ਹੀ ਦਿਸਦੇ ਸਨ। ਇਸੇ ਹੀ ਥਕਾਨ ਕਾਰਨ ਉਹਨਾਂ ਦੇ ਬੁਲ੍ਹਾਂ ’ਤੇ ਕਾਲਾਪਨ ਨਜ਼ਰੀਂ ਆਉਂਦਾ ਸੀ ਅਤੇ ਅੱਖਾਂ ਵਿਚ ਇੱਕ ਟਿਮਟਿਮਉਂਦੀ ਲੌ ਜਿਹੀ ਦਿਸਦੀ। ਦਫ਼ਤਰ ਤੋਂ ਆਉਂਦਿਆਂ ਹੀ ਉਹ ਸਾਨੂੰ ਝਿੜਕਣ ਲੱਗ ਪੈਂਦੇ। ਮੈਂ ਰੋ ਪੈਂਦੀ।

ਦਿਲ ਅੰਦਰੋਂ ਹੀ ਅੰਦਰ ਪਿਘਲ ਕੇ ਹੰਝੂ ਬਣ ਵਗ ਤੁਰਦਾ ਪਰ ਉਹਨਾਂ ਉੱਤੇ ਇਸ ਸਭ ਦਾ ਕੁਝ ਅਸਰ ਨਾ ਹੁੰਦਾ। ਨਿੱਕੀਆਂ ਮੁੰਨੀਆਂ, ਮੈਂਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਨਾਲ ਤਸੱਲੀ ਦੇਂਦੀਆਂ। ਉਹਨਾਂ ਦੀ ਮੂਕ-ਤਸੱਲੀ ਬੜੀ ਸਹਾਇਕ ਹੁੰਦੀ। ਸੱਚੀਂ, ਪਿਤਾ ਜੀ ਬੜੇ ਕਠੋਰ ਸਨ। ਮੈਂ ਸੋਚਦੀ, ਜਾ ਰੱਬਾ! ਸਾਰਾ ਦਿਨ ਕੰਮ ਕਰਦੀ ਹਾਂ, ਸਾਰਾ ਘਰ ਸੰਭਾਲਦੀ ਹਾਂ ਪਰ ਇਹ ਕਦੇ ਪ੍ਰਸੰਨ ਹੀ ਨਹੀਂ ਹੁੰਦੇ। ਮੈਂ ਆਪਣੀਆਂ ਸਹੇਲੀਆਂ ਨੂੰ ਵੇਖਦੀ, ਰਸ਼ਕ ਹੁੰਦਾ, ਉਹਨਾਂ ਦੇ ਪਿਤਾ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸਨ। ਤਦ ਮੈਂ ਸੋਚਦੀ ਸਾਂ ਕਿ ਮੇਰੇ ਪਿਤਾ ਸ਼ਾਇਦ ਮਨੁੱਖ ਹੀ ਨਹੀਂ, ਸ਼ਾਇਦ ਉਹਨਾਂ ਦਾ ਦਿਲ ਹੀ ਨਹੀਂ। ਕਦੇ ਕਦੇ ਉਹਨਾਂ ਦਾ ਗੁੱਸਾ ਵੱਧ ਜਾਣ ’ਤੇ ਉਹ ਸਾਨੂੰ ਮਾਰ ਮਾਰ ਕੇ ਬੇਹੋਸ਼ ਕਰ ਦਿੰਦੇ ਅਤੇ ਕਈ ਬਾਰ ਨਿੱਕੀਆਂ ਦੀਆਂ ਦੇਹਾਂ ’ਤੇ ਨੀਲ ਪੈ ਜਾਂਦੇ। ਜਦ ਉਹਨਾਂ ਦਾ ਗੁੱਸਾ ਵੱਧਦਾ ਹੀ ਜਾਂਦਾ ਅਤੇ ਬੱਚੀਆਂ ਦੀਆਂ ਚੀਕਾਂ ਨਾਲ ਘਰ ਫਟਣ ਲੱਗ ਪੈਂਦਾ, ਘਰ ਵਿਚ ਕੁਹਰਾਮ ਜਿਹਾ ਮੱਚ ਜਾਂਦਾ ਅਤੇ ਗਵਾਂਢਣ ਬੁੱਢੀ ਦੀ ਅਵਾਜ਼ ਕੰਨੀ ਪੈਂਦੀ: ‘ਕੰਨਿਆਵਾਂ ’ਤੇ ਹੱਥ ਉਠਾ ਰਿਹਾ ਹੈਂ, ਚਿਰੰਜੀ? ਇਹ ਤਾਂ ਕੋਈ ਰੀਤ ਨਹੀਂ, ਜੇ ਤੇਰੇ ਘਰ ਜਨਮ ਲੈ ਹੀ ਲਿਆ ਹੈ, ਨਿਰਦਈ! ਬੱਸ ਕਰ, ਕਿਉਂ ਇਹਨਾਂ ਦੀ ਹੱਤਿਆ ਕਰ ਰਿਹਾ ਹੈਂ?’

ਉਸਦੀ ਅਵਾਜ਼ ਸੁਣ ਕੇ ਪਿਤਾ ਜੀ ਚੌਂਕ ਪੈਂਦੇ। ਉਹਨਾਂ ਦਾ ਸਿਰ ਝੁਕ ਜਾਂਦਾ ਅਤੇ ਉਹ ਸੁੰਨੀਆਂ ਸੁੰਨੀਆਂ ਅੱਖਾਂ ਨਾਲ ਵੇਖਣ ਲੱਗ ਪੈਂਦੇ।

ਇੱਧਰ ਮਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਮਾਂ, ਪਿਤਾ ਜੀ ਦੀ ਮਾਨਸਿਕ ਪੀੜ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਅੱਜਕਲ ਕਦੇ ਕਦੇ ਉਹਨਾਂ ਨੂੰ ਉਲਟੀ ਆ ਜਾਂਦੀ ਅਤੇ ਜੀ ਘਬਰਾਉਣ ਲੱਗ ਪੈਂਦਾ। ਸਿਰ ਦਾ ਦਰਦ ਵੀ ਵੱਧ ਗਿਆ ਸੀ। ਹੱਥ ਪੈਰ ਪੀਲੇ ਪੈ ਗਏ ਸਨ। ਜਦੋਂ ਵੀ ਮੈਂ ਉਹਨਾਂ ਨੂੰ ਵੇਖਦੀ ਮੈਂਨੂੰ ਲਗਦਾ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡਰ ਪਸਰਿਆ ਹੋਇਆ ਹੈ।

ਬਾਬੂ ਜੀ ਸਾਰਾ ਦਿਨ ਪੂਜਾ ਕਰਦੇ। ਦਫ਼ਤਰ ਵਿਚ ਵੀ ‘ਸੂਤ’ ਅਤੇ ਹਨੂਮਾਨ ਗੁਟਕਾ ਹੀ ਹੁੰਦਾ ਜਿਹੜਾ ‘ਬਾਬਾ ਸਾਂਵਲ ਦਾਸ’ ਨੇ ਉਹਨਾਂ ਨੂੰ ਪੁੱਤਰ ਹੋਣ ਲਈ ਦਿੱਤਾ ਸੀ। ਬਾਬਾ ਸਾਂਵਲ ਦਾਸ ਨੇ ਕਿਹਾ ਸੀ ਕਿ ਇਸ ਮੰਤਰ ਨਾਲੋਂ ਵਧ ਕੇ ਕੁਝ ਵੀ ਨਹੀਂ। ਜੇ ਇਹ ਵੀ ਕੰਮ ਨਹੀਂ ਕਰਦਾ ਤਾਂ ਸਮਝ ਲਈਂਂ ਕਿ ਤੇਰੀ ਕਿਸਮਤ ਵਿਚ ਆਟੇ ਦਾ ਵੀ ਪੁੱਤਰ ਨਹੀਂ। ਪਿਤਾ ਜੀ ਨੇ ਇਸ ਨੂੰ ਦੇਵ ਵਾਕ ਸਮਝ ਕੇ ਦਿਲ ਵਿਚ ਰੱਖ ਲਿਆ।

ਸ਼ਾਮ ਨੂੰ ਜਦ ਪਿੱਪਲ ਦੇ ਪੱਤ ਖੜਕਦੇ, ਜਦ ਹਨੇਰੇ ਵਿੱਚ ਅੰਦਰ ਦੀ ਬਦਬੂ ਭਰਿਆ ਧੂੰਆਂ ਫੈਲ ਜਾਂਦਾ, ਮੈਂ ਇੱਕ ਛੋਟੀ ਜਿਹੀ ਨਵਾਰ ਦੀ ਪੀੜ੍ਹੀ ਉੱਤੇ ਬੈਠ, ਆਪਣੀ ਅੱਠਵੀਂ ਅਤੇ ਨੌਵੀਂ ਭੈਣ ਨੂੰ ਪੁਚਕਾਰਦੀ ਕੁਝ ਖਿਲਾਇਆ ਕਰਦੀ। ਕਦੇ ਕਦੇ ਹੀ ਤਾਂ ਮੈਂਨੂੰ ਵਿਹਲ ਮਿਲਦੀ ਸੀ। ਬੱਸ, ਉਹਨਾਂ ਨੂੰ ਬੁਲਾਇਆ ਨਹੀਂ ਕਿ ਇੱਕ ਨਿੱਕੇ ਨਿੱਕੇ ਪੈਰੀਂ ਤੁਰੀ ਆਉਂਦੀ ਅਤੇ ਦੂਜੀ ਗੋਡਿਆਂ ਭਾਰ ਰਿੜ੍ਹੀ ਆਉਂਦੀ। ਮੈਂਨੂੰ ਦੋਵੇਂ ਹੀ ਬੜੀਆਂ ਚੰਗੀਆਂ ਲਗਦੀਆਂ। ਵਿਚਾਰੀਆਂ! ਉਹਨਾਂ ਨੂੰ ਕੋਈ ਪਿਆਰ ਦੇਣ ਵਾਲਾ ਵੀ ਨਹੀਂ।

ਠਕੁਰਾਇਣ ਕਹਿੰਦੀ ਸੀ: ਮਾਰਦਾ ਹੈ? ਮਾਰੇਗਾ ਨਹੀਂ? ਨੌਂ ਨੌਂ ਸ਼ੇਰ ਜਿਸਨੂੰ ਪਾਲਣੇ ਪੈਣ ਉਸਦੀ ਅਕਲ ਉਸਨੂੰ ਜਵਾਬ ਨਹੀਂ ਦੇਵੇਗੀ? ਘਰ ਇਕ ਵੀ ਨਹੀਂ ਰਹੇਗੀ, ਉਮਰ ਆਉਣ ’ਤੇ ਸਭ ਤੁਰ ਜਾਣਗੀਆਂ। ਬੇਚਾਰੇ ਬੁੱਢੇ ਨੂੰ ਕੰਗਾਲ ਕਰ ਦੇਣਗੀਆਂ ਅਤੇ ਉਸਦੀ ਦੇਖ-ਰੇਖ ਕਰਨ ਵਾਲਾ ਕੋਈ ਵੀ ਨਹੀਂ ਰਹੇਗਾ। ਕਿਤੇ ਕਿਸੇ ਇਕ ਨੇ ਉਸਦਾ ਮੂੰਹ ਕਾਲਾ ਕਰ ਦਿੱਤਾ ਤਾਂ ਉਸ ਨੂੰ ਡੁੱਬਣ ਨੂੰ ਵੀ ਥਾਂ ਨਹੀਂ ਮਿਲੇਗੀ। ਰਾਮ! ਰਾਮ!! ਇੱਕ ਹੋਵੇ, ਦੋ ਹੋਣ, ਇੱਥੇ ਤਾਂ ਪੂਰੀ ਫ਼ੌਜ ਹੈ। ਬਾਪ ਰੇ! ਕੰਨਿਆ-ਦਾਨ ਕਰਦਾ ਕਰਦਾ ਹੀ ਵਿਚਾਰਾ ਮਰ ਜਾਵੇਗਾ।

ਜਦ ਠਕੁਰਾਇਣ ਅਜਿਹੀਆਂ ਗੱਲਾਂ ਕਰਦੀ ਤਾਂ ਮੈਂ ਘਰ ਆ ਕੇ ਮੰਜੇ ’ਤੇ ਆ ਪੈਂਦੀ। ਸੋਚਦੀ: ਤਦ ਕੀ ਸਾਨੂੰ ਮਰ ਜਾਣਾ ਚਾਹੀਦਾ ਹੈ?

ਹਮੇਸ਼ਾਂ ਦੀ ਤਰ੍ਹਾਂ, ਐਤਕੀਂ ਵੀ ਭੂਆ ਦੇ ਘਰੋਂ ਕੁਰਤਾ ਅਤੇ ਰੋਟੀ ਆਏ ਜਿਨ੍ਹਾਂ ਨੂੰ ਵੇਖ ਕੇ ਮੈਂ ਸਮਝ ਗਈ ਕਿ ਇਸ ਵਾਰ ਜ਼ਰੂਰ ਹੀ ਮੇਰੇ ‘ਵੀਰ’ ਆਏਗਾ।

ਨੀਂਦ ਮੈਂਨੂੰ ਇੰਨੀ ਗੂੜ੍ਹੀ ਆਉਂਦੀ ਕਿ ਲੇਟਦਿਆਂ ਹੀ ਸੁੱਧ-ਬੁੱਧ ਗੁਆਚ ਜਾਂਦੀ। ਫਿਰ ਭਾਵੇਂ ਕੋਈ ਕਿੰਨੀਆਂ ਹੀ ਅਵਾਜ਼ਾਂ ਦੇਵੇ ਸਹਿਜੇ ਕਰਕੇ ਉੱਠਿਆ ਹੀ ਨਹੀਂ ਸੀ ਜਾਂਦਾ। ਠਕੁਰਾਇਣ ਮੈਂਨੂੰ ਕਹਿੰਦੀ: ‘ਕਿਉਂ ਜੰਮ ਪਈਆਂ ਹੋ ਕੰਬਖਤੋ! ਕੀ ਆਪਣੇ ਪਿਉ ਨੂੰ ਜਿਉਂਦਿਆਂ ਹੀ ਮਾਰ ਦਿਉਂਗੀਆਂ?’

ਜਦੋਂ ਮੈਂ ਇਹ ਸੁਣਦੀ, ਮੇਰਾ ਰੋਣ ਨੂੰ ਜੀਅ ਕਰਦਾ। ਇਸ ਵਿਚ ਸਾਡਾ ਕੀ ਕਸੂਰ ਸੀ? ਪਰ ਜਦ ਮੈਂ ਮਾਂ ਵਲ ਵੇਖਦੀ ਤਾਂ ਲਗਦਾ ਕਿ ਇਹ ਸਭ ਝੂਠ ਹੈ। ਮਾਂ ਦੀਆਂ ਅੱਖਾਂ ਵਿਚ ਦੁੱਖ ਹੀ ਦੁੱਖ ਭਰਿਆ ਹੁੰਦਾ ਪਰ ਜਦ ਉਹ ਅੱਖਾਂ ਮੈਂਨੂੰ ਵੇਖਦੀਆਂ ਤਾਂ ਉਹਨਾਂ ਵਿੱਚੋਂ ਇਕ ਬੇਨਤੀ ਝਲਕਦੀ। ਮੈਂ, ਮਾਂ ਦੀ ਇਸ ਜਾਚਕਾਂ ਵਾਲੀ ਹਾਲਤ ਨੂੰ ਵੇਖ ਕੇ, ਉਹਨਾਂ ਦੀ ਗੋਦ ਵਿਚ ਸਿਰ ਰੱਖਕੇ ਉਹਨਾਂ ਨੂੰ ਹਸਾਉਣ ਲੱਗ ਪੈਂਦੀ। ਮੈਂ ਸਮਝਦੀ ਤਾਂ ਸੀ ਪਰ ਗਲ ਦੀ ਅਸਲੀਅਤ ਨੂੰ ਤੋਲਣ ਦੀ ਜਾਚ ਹਾਲਾਂ ਨਹੀਂ ਸੀ ਆਈ।

ਬਾਬੂ ਜੀ ਦੀਆਂ ਗੱਲਾਂ ਇਕ ਦਿਨ ਮੈਂ ਮਾਂ ਨਾਲ ਹੁੰਦੀਆਂ ਸੁਣੀਆਂ। ਬਾਬੂ ਜੀ ਕਹਿ ਰਹੇ ਸਨ: ‘ਜੇ ਤੇਰੇ ਵਰਗੀ ਅਭਾਗਣ ਮੇਰੇ ਘਰ ਨਾ ਆਉਂਦੀ ਤਾਂ ਮੇਰੀ ਜ਼ਿੰਦਗੀ ਹਰਾਮ ਕਿਉਂ ਹੁੰਦੀ? ਹੁਣ ਉਹ ਬੁੱਢੀ ਤਾਂ ਹੈ ਨਹੀਂ, ਜਿਸਨੇ ਪਹਿਲੀਆਂ ਦੋ ਦੀਆਂ ਮੌਤਾਂ ਤੇ ਹਾਏ, ਹਾਏ, ਕਰਕੇ ਕਿਹਾ ਸੀ ਕਿ ਪੁੱਤਰ! ਵਿਆਹ ਕਰ ਲੈ, ਨਹੀਂ ਤਾਂ ਘਰ ਦਾ ਦੀਪ ਬੁੱਝ ਜਾਵੇਗਾ। ਹੁਣ ਜਲ ਰਹੇ ਨੇ ਨਾ ਨੌਂ ਦੀਪ! ਦਿਨ ਨੂੰ ਵੀ ਨਹੀਂ ਬੁੱਝਦੇ।’

ਉਹਨਾਂ ਦੀ ਅਵਾਜ਼ ਵਿਚ ਗੁੱਸਾ ਸੀ। ਮਾਂ ਨੇ ਹੌਲੀ ਅਵਾਜ਼ ਵਿਚ ਕਿਹਾ: ‘ਇਹ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ। ਜੋ ਰੱਬ ਦੇਵੇ ਲੈਣਾ ਹੀ ਪੈਂਦਾ ਹੈ। ਪਰ ਜੇ ਇੰਝ ਹੀ ਹੈ ਤਾਂ ਦੋਂਹ-ਚੌਂਹ ਦੇ ਗਲ਼ ਘੁੱਟ ਕੇ ਅਜ਼ਾਦ ਹੋ ਜਾ। ਉਹਨਾਂ ਦੀ ਜ਼ਿੰਦਗੀ ਵੀ ਹਰਾਮ ਕਰਨ ਨਾਲ ਕੀ ਮਿਲੇਗਾ?’
***
ਬਾਬੂ ਜੀ ਦੌੜ ਰਹੇ ਸਨ, ਕਦੇ ਇੱਧਰ ਕਦੇ ਉੱਧਰ। ਉਹ ਦੁਖੀ ਸਨ। ਮੈਂ ਉਹਨਾਂ ਦਾ ਘਬਰਾਇਆ ਚਿਹਰਾ ਵੇਖ ਕੇ ਡਰ ਗਈ ਸਾਂ। ਕੀ ਹੋਣ ਵਾਲਾ ਹੈ ਮੇਰੀ ਸਮਝ ਵਿੱਚ ਨਹੀਂ ਸੀ ਆ ਰਿਹਾ। ਤਦ ਹੀ ਪਿਤਾ ਜੀ ਦੀ ਅਵਾਜ਼ ਸੁਣਾਈ ਪਈ: ‘ਦਾਈ ਆ ਗਈ।’

ਇੱਕ ਬੁੱਢੀ ਅੰਦਰ ਆਈ। ਮੈਂ ਉਹਨੂੰ ਜਾਣਦੀ ਸਾਂ। ਉਹ ਸਾਡੇ ਘਰ ਅਕਸਰ ਆਉਂਦੀ ਰਹਿੰਦੀ ਸੀ। ਉਹ ਸਾਡੇ ਘਰ ਦੀ ਚੰਗੀ-ਮੰਦੀ ਤੋਂ ਵਾਕਫ ਸੀ। ਬਿਨਾਂ ਮੇਰੀ ਮਦਦ ਦੇ ਹੀ ਉਸ ਰਾਹ ਲੱਭ ਲਿਆ। ਉਹ ਇਕ ਕਮਰੇ ਵਿਚ ਚਲੇ ਗਈ ਜਿੱਥੇ ਜਗਦਾ-ਬੁਝਦਾ ਟਿਮਟਮਾਉਂਦਾ ਦੀਪ ਜਗ ਰਿਹਾ ਸੀ।

ਮੈਂ ਕਦੇ ਅੰਦਰ ਆਉਂਦੀ ਸਾਂ ਕਦੇ ਬਾਹਰ। ਮੈਂ ਬਿਲਕੁਲ ਬੇਕਾਰ ਜਿਹੀ ਹੋ ਗਈ ਸਾਂ।

ਦਾਈ ਨੇ ਮੈਂਨੂੰ ਵੇਖਿਆ ਤਾਂ ਕਿਹਾ: ‘ਜਾਹ ਪੁੱਤਰ! ਥੋੜ੍ਹੀ ਦੇਰ ਜਾ ਕੇ ਸੌਂ ਜਾ। ਤੈਂਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ। ਜਦ ਲੋੜ ਪਈ ਤਾਂ ਜਗਾ ਲਵਾਂਗੀ।’

ਮੈਂਨੂੰ ਲੱਗਾ ਕਿ ਉਹ ਦੇਵੀ ਹੈ। ਡਰਦੀ ਡਰਦੀ ਮੈਂ ਕੋਠੜੀ ਵਿਚ ਜਾ ਕੇ ਪੈ ਗਈ। ਥਕਾਵਟ ਨਾਲ ਅੱਗੇ ਹੀ ਚੂਰ ਸਾਂ। ਪੈਂਦਿਆਂ ਹੀ ਸੌਂ ਗਈ।

ਅਚਾਨਕ ਘਰ ਵਿੱਚ ਹੰਗਾਮਾ ਜਿਹਾ ਮਚ ਗਿਆ। ਨੀਂਦ ਵਿੱਚ ਪਹਿਲਾਂ ਤਾਂ ਮੈਂ ਕੁਝ ਸਮਝ ਨਾ ਸਕੀ। ਪਰ ਜਦ ਕੋਈ ਮੇਰੇ ਨਾਲ ਆ ਕੇ ਟਕਰਾਇਆ ਅਤੇ ਡਿੱਗ ਪਿਆ, ਤਾਂ ਮੇਰੀ ਜਾਗ ਖੁੱਲ੍ਹ ਗਈ। ਪਹਿਲਾਂ ਤਾਂ ਮੈਂਨੂੰ ਕੁਝ ਵਿਖਾਈ ਨਾ ਦਿੱਤਾ। ਫਿਰ ਮੈਂ ਹੌਲੀ ਹੌਲੀ ਪਹਿਚਾਣਿਆ। ਉਹ ‘ਸੁਖਦਾ’ ਸੀ। ਇੱਕ ਇੱਕ ਕਰਕੇ ਸਭ ਬੱਚੀਆਂ ਮੇਰੇ ਲਾਗੇ ਇਕੱਠੀਆਂ ਹੋ ਗਈਆਂ।

ਮੈਂ ਪਾਟੀਆਂ ਹੋਈਆਂ ਅੱਖਾਂ ਨਾਲ ਉਹਨਾਂ ਨੂੰ ਵੇਖਿਆ ਜਿਵੇਂ ਹੁਣੇ ਹੁਣੇ ਹੀ ਉਹਨਾਂ ਉੱਤੇ ਕੋਈ ਹਮਲਾ ਹੋਇਆ ਹੋਵੇ। ‘ਸੁਖਦਾ’ ਰੋ ਰਹੀ ਸੀ। ਬਾਕੀਆਂ ਵਿੱਚੋਂ ਕੁਝ ਸਿਸਕ ਰਹੀਆਂ ਸਨ ਅਤੇ ਕੁਝ ਡਰ ਨਾਲ ਚੁੱਪ ਸਨ। ਮੇਰੇ ਸਿਰ ਵਿੱਚ ਦਰਦ ਹੋਣ ਲੱਗ ਪਈ। ਬੜੀ ਹੀ ਮੁਸ਼ਕਲ ਨਾਲ ਮੈਂ ਉਹਨਾਂ ਨੂੰ ਚੁੱਪ ਕਰਾਇਆ। ਮੈਂ ਉੱਠਕੇ ਕਮਰੇ ਤੋਂ ਬਾਹਰ ਆਈ। ਜੋ ਵੇਖਿਆ ਉਸਨੇ ਮੇਰੇ ’ਤੇ ਬਿਜਲੀ ਡੇਗ ਦਿੱਤੀ।

ਬਾਬੂ ਜੀ ਦਹਿਲੀਜ਼ ’ਤੇ ਸਿਰ ਮਾਰ ਮਾਰ ਕੇ ਰੋ ਰਹੇ ਸਨ। ਮੈਨੂੰ ਭਾਸਿਆ ਕਿ ਮੇਰੇ ਸਰੀਰ ਦਾ ਸਾਰਾ ਖ਼ੂਨ ਜੰਮ ਗਿਆ। ਮੈਂ ਡਰਦਿਆਂ ਡਰਦਿਆਂ ਮਾਂ ਦੇ ਕਮਰੇ ਵਿਚ ਗਈ। ਦਾਈ ਨੇ ਮੈਨੂੰ ਬੜੀ ਦਇਆ ਦੀ ਦ੍ਰਿਸ਼ਟੀ ਨਾਲ ਵੇਖਿਆ। ਮੈਂ ਕੁਝ ਵੀ ਨਾ ਸਮਝੀ। ਪੁੱਛਿਆ: ‘ਕੀ ਹੋਇਆ?’

ਜਵਾਬ ਸੀ ਮੇਰੀ ਇੱਕ ਹੋਰ ਭੈਣ ਹੋਈ ਹੈ।

Read 1296 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ