ਲੇਖ਼ਕ

Tuesday, 13 October 2009 09:24

10 - ਪਿੰਡ ਕੋਠਾ ਲੁਕਮਾਨਪੁਰ

Written by
Rate this item
(1 Vote)
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ

ਕੋਠੇ ਤੇ ਫਾਜ਼ਿਲਕਾ ਮੈਂ ਚੜ੍ਹਦੀ ਵਰੇਸ ਦੇ ਸੱਤ ਅੱਠ ਸਾਲ ਬਿਤਾਏ ਹਨ। ਉਥੋਂ ਦੀ ਬੋਲੀ ਤੇ ਰਹਿਤਲ ਦਾ ਮੇਰੇ `ਤੇ ਕਾਫੀ ਅਸਰ ਹੈ। ਮੈਂ ਰਾਏ ਸਿੱਖਾਂ ਦੇ ਮੁੰਡਿਆਂ ਨਾਲ ਖੇਡਿਆ। ਬਾਗੜੀਆਂ ਤੇ ਕੰਬੋਆਂ ਦੇ ਮੁੰਡਿਆਂ ਨਾਲ ਪੜ੍ਹਿਆ। ਪਰ ਮੇਰੀ ਆੜੀ ਵਧੇਰੇ ਕਰ ਕੇ ਜੱਟਾਂ ਦੇ ਮੁੰਡਿਆਂ ਨਾਲ ਰਹੀ। ਮੁਨਸ਼ੀ ਰਾਮ ਕਾਲਜ ਵਿੱਚ ਬਾਗੜੀਆਂ ਦੇ ਮੁੰਡਿਆਂ ਦੀ ਗਿਣਤੀ ਤੀਹ ਪੈਂਤੀ ਸੀ ਤੇ ਜੱਟ ਸਿੱਖਾਂ ਦੇ ਮੁੰਡੇ ਵੀ ਏਨੇ ਕੁ ਹੀ ਸਨ। ਬਾਗੜੀਆਂ ਦੇ ਮੁੰਡਿਆਂ ਨੇ ਐਵਰਗਰੀਨ ਚੌਧਰੀ ਐਸੋਸੀਏਸ਼ਨ ਬਣਾਈ ਹੋਈ ਸੀ। ਉਹਦੀ ਰੀਸ ਨਾਲ ਸਿੱਖਾਂ ਦੇ ਮੁੰਡਿਆਂ ਨੇ ਵੀ ਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਬਣਾ ਲਈ ਤੇ ਹਰਚਰਨ ਸਿੰਘ ਮੌੜ ਨੂੰ ਉਹਦਾ ਪ੍ਰਧਾਨ ਚੁਣ ਲਿਆ।

ਐਵਰਗਰੀਨ ਚੌਧਰੀ ਐਸੋਸੀਏਸ਼ਨ ਵਾਲੇ ਕਿਸੇ ਕੁੜੀ ਪਿੱਛੇ ਮਹਾਜਨਾਂ ਦੇ ਮੁੰਡਿਆਂ ਨਾਲ ਲੜ ਪਏ। ਹਾਕੀਆਂ ਤੇ ਡਾਂਗਾਂ ਚੱਲੀਆਂ ਜਿਨ੍ਹਾਂ ਨਾਲ ਕਈਆਂ ਦੇ ਸੱਟਾਂ ਲੱਗੀਆਂ। ਚੌਧਰੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਸਿਰ ਲਹੂ ਲੁਹਾਣ ਹੋ ਗਿਆ। ਹਰਚਰਨ ਮੌੜ ਨੇ ਸਾਨੂੰ ਲਾਂਭੇ ਬਿਠਾਈ ਰੱਖਿਆ ਤੇ ਕਿਸੇ ਪਾਸੇ ਨਾ ਹੋਣ ਦਿੱਤਾ। ਜਦੋਂ ਪੁਲਿਸ ਆਈ ਤਾਂ ਠਾਣੇਦਾਰ ਨੇ ਸਾਨੂੰ ਇਸ ਗੱਲ ਦੀ ਵਧਾਈ ਦਿੱਤੀ ਪਈ ਉਸ ਨੇ ਪਹਿਲੀ ਵਾਰ ਵੇਖਿਆ ਕਿ ਮਹਾਜਨਾਂ ਦੇ ਮੁੰਡੇ ਲੜੇ ਹੋਣ ਤੇ ਜੱਟਾਂ ਦੇ ਮੁੰਡੇ ਲੜਨੋਂ ਬਚੇ ਹੋਣ! ਅਸੀਂ ਕਿਹਾ, “ਜਦੋਂ ਸਾਡਾ ਕਿਸੇ ਨਾਲ ਰੌਲਾ ਈ ਨਹੀਂ ਅਸੀਂ ਐਵੇਂ ਕਿਉਂ ਕਿਸੇ ਨਾਲ ਲੜਦੇ?” ਠਾਣੇਦਾਰ ਜਿਹੜਾ ਖ਼ੁਦ ਜੱਟ ਸੀ ਕਹਿਣ ਲੱਗਾ, “ਰੌਲਾ ਈ ਇਹੋ ਹੈ ਕਿ ਜੱਟ ਬਿਨਾਂ ਰੌਲੇ ਦੇ ਵੀ ਲੜ ਪੈਂਦੇ ਨੇ!”

ਇਕ ਵਾਰ ਅਸੀਂ ਇੱਕ ਬਿਸ਼ਨੋਈ ਵਿਦਿਆਰਥੀ ਦੀ ਬਰਾਤ ਗਏ। ਚਾਦਰਾਂ `ਤੇ ਬਿਠਾ ਕੇ ਸਾਡੇ ਮੂਹਰੇ ਥਾਲੀਆਂ ਤੇ ਗਲਾਸ ਰੱਖੇ ਗਏ। ਫਿਰ ਜੱਗਾਂ ਨਾਲ ਗਲਾਸਾਂ ਵਿੱਚ ਦੇਸੀ ਘਿਓ ਪਾਇਆ ਗਿਆ। ਕਈਆਂ ਨੇ ਘਿਓ ਪੀ ਲਿਆ ਤੇ ਦੂਜੀ ਵਾਰ ਵੀ ਪੁਆਇਆ। ਫਿਰ ਥਾਲੀਆਂ ਵਿੱਚ ਕੜਾਹ ਪਰੋਸਿਆ ਗਿਆ ਤੇ ਕੜਛੀ ਨਾਲ ਕੜਾਹ `ਚ ਟੋਆ ਜਿਹਾ ਬਣਾ ਕੇ ਹੋਰ ਘਿਓ ਵਰਤਾਇਆ ਗਿਆ। ਸਬਜ਼ੀ ਆਈ ਤਾਂ ਵਰਤਾਵੇ ਸਬਜ਼ੀ ਵਿੱਚ ਵੀ ਘਿਓ ਪਾਈ ਜਾਣ। ਵਿਆਹ ਵਿੱਚ ਦੇਸੀ ਘਿਓ ਪਾਣੀ ਵਾਂਗ ਵਰਤਿਆ। ਸਾਨੂੰ ਦੱਸਿਆ ਗਿਆ ਕਿ ਵਿਆਹ ਤੋਂ ਪਹਿਲਾਂ ਬਿਸ਼ਨੋਈਆਂ ਦੀ ਪੰਚਾਇਤ ਜੁੜਦੀ ਹੈ ਤੇ ਦੇਸੀ ਘਿਓ ਦੇ ਘੜੇ ਪਾਸ ਕੀਤੇ ਜਾਂਦੇ ਹਨ ਮਤਾਂ ਕੋਈ ਡਾਲਡੇ ਦੀ ਮਿਲਾਵਟ ਕਰ ਬੈਠੇ!

ਇਕ ਵਾਰ ਰਾਏ ਸਿੱਖਾਂ ਦੇ ਵਿਆਹ ਗਏ ਤਾਂ ਉਥੇ ਪਾਣੀ ਦੀ ਥਾਂ ਦੇਸੀ ਸ਼ਰਾਬ ਵਰਤਦੀ ਵੇਖੀ। ਬਾਲਟੀਆਂ ਵਿੱਚ ਵੀ ਸ਼ਰਾਬ ਤੇ ਜੱਗਾਂ ਵਿੱਚ ਵੀ ਸ਼ਰਾਬ। ਫਿਰ ਭੰਗੜਾ ਪਾਉਂਦੀਆਂ ਦੋ ਟੋਲੀਆਂ ਆਪਸ ਵਿੱਚ ਭਿੜ ਪਈਆਂ। ਡਾਂਗਾਂ ਸੋਟਿਆਂ ਨਾਲ ਲੈਸ ਕਦੇ ਇੱਕ ਟੋਲੀ ਦੂਜੀ ਨੂੰ ਅੱਗੇ ਲਾ ਤੁਰਦੀ ਤੇ ਕਦੇ ਦੂਜੀ ਪਹਿਲੀ ਨੂੰ ਦਬੱਲ ਲੈਂਦੀ। ਮਾਰ ਧਾੜ ਦਾ ਅਜੀਬ ਮੈਚ ਸੀ। ਪਤਾ ਲੱਗਾ ਹੈ ਕਿ ਹੁਣ ਬਹੁਤ ਸਾਰੇ ਰਾਏ ਸਿੱਖ ਰਾਧਾ ਸੁਆਮੀ ਬਣ ਗਏ ਹਨ ਅਤੇ ਸ਼ਰਾਬ ਕੱਢਣੀ ਤੇ ਪੀਣੀ ਛੱਡ ਗਏ ਹਨ। ਓਧਰ ਬਿਸ਼ਨੋਈ ਵੀ ਬਨਾਸਪਤੀ ਘਿਓ ਵਰਤਣ ਲੱਗ ਪਏ ਹਨ। ਪੰਜਾਹ ਸਾਲਾਂ `ਚ ਬਹੁਤ ਕੁੱਝ ਬਦਲ ਗਿਆ ਹੈ।

ਮੈਨੂੰ ਸੈਹਬੇ ਰਾਅ ਦੀਆਂ ਗੱਲਾਂ ਯਾਦ ਆ ਰਹੀਆਂ ਹਨ। ਉਸ ਨੂੰ ਸਾਹਿਬ ਸਿੰਘ ਦੀ ਥਾਂ ਸੈਹਬਾ ਕਿਹਾ ਜਾਂਦਾ ਸੀ। ਉਹ ਮੇਰੀ ਅੰਗਰੇਜ਼ੀ ਦੀ ਮੋਟੀ ਸ਼ਾਰਦਾ ਗਾਈਡ ਵੇਖ ਕੇ ਕਹਿੰਦਾ ਹੁੰਦਾ ਸੀ, “ਇਹ ਤਾਂ ਮੁੜ ਗਰੇਜੀ ਦਾ ਗਰੰਥ ਸਾਹਿਬ ਹੋਇਆ ਕਿ। ਕਿੰਨੇ ਪੱਤਰੇ ਹੋਣਗੇ ਇਹਦੇ?” ਮੈਂ ਦੱਸਦਾ, “ਦੋ ਹਜ਼ਾਰ।” ਉਹ ਕਹਿੰਦਾ, “ਬੱਲੇ! ਇਹ ਤਾਂ ਮੁੜ ਮਾਅ੍ਹਰਾਜ ਨੂੰ ਵੀ ਮਾਤ ਪਾਈ ਖਲ੍ਹੀ ਏ।” ਇੱਕ ਦਿਨ ਪੁੱਛਣ ਲੱਗਾ, “ਸਰਮਲ ਸਿਅ੍ਹਾਂ, ਤੇਰੇ ਨਾਲ ਕਾਲਜ ਵਿੱਚ ਭਲਾ ਸ਼ਹਿਰ ਦੀਆਂ ਕੁੜੀਆਂ ਵੀ ਪੜ੍ਹਦੀਐਂ?” ਮੇਰੇ ਹਾਂ ਕਹਿਣ `ਤੇ ਆਖਣ ਲੱਗਾ, “ਫੇਰ ਤੂੰ ਖੁਸ਼ਬੋ ਆਲੇ ਸਾਬਣ ਦੀ ਚੱਕੀ ਬੋਝੇ `ਚ ਰੱਖਿਆ ਕਰ। ਕਾਈ ਖੁਸ਼ਬੋ ਸੁੰਘ ਕੇ ਈ ਫਸ ਜਾਸੀ!”

ਇਕ ਰਾਤ ਰੋਟੀ ਖਾਣ ਪਿੱਛੋਂ ਮੈਂ ਤੂਤਾਂ ਵਾਲੇ ਖੂਹ `ਤੇ ਗਿਆ ਤਾਂ ਕਣਕ ਦੇ ਖੇਤ ਵਿੱਚ ਸੈਹਬਾ ਰਾਅ ਸ਼ਰਾਬ ਕੱਢੀ ਜਾਵੇ। ਮੈਨੂੰ ਵੇਖ ਕੇ ਕਹਿਣ ਲੱਗਾ, “ਧੀ ਆਲੇ ਦਿਆ ਪੁੱਤਰਾ ਤੂੰ ਕਿਥੂੰ?” ਮੈਂ ਉਂਜ ਈ ਫਿਰਨ ਤੁਰਨ ਆਇਆ ਕਹਿ ਕੇ ਉਹਦੇ ਕੋਲ ਹੀ ਬਹਿ ਗਿਆ ਤੇ ਸ਼ਰਾਬ ਨਿਕਲਦੀ ਵੇਖਣ ਲੱਗਾ। ਉਹ ਮੱਠੀ ਮੱਠੀ ਅੱਗ ਬਾਲਦਾ ਰਿਹਾ ਤੇ ਸ਼ਰਾਬ ਕੱਢਣ ਦੀਆਂ ਗੱਲਾਂ ਸੁਣਾਉਂਦਾ ਗਿਆ। ਵਿਚੇ ਉਹ ਵੀ ਸੁਣਾ ਗਿਆ ਕਿ ਇੱਕ ਵਾਰ ਇੱਕ ਚੂਹਾ ਲਾਹਣ ਦੇ ਘੜੇ `ਚ ਡਿੱਗ ਪਿਆ ਤੇ ਵਿਚੇ ਈ ਮਰ ਕੇ ਫੁੱਲ ਗਿਆ। ਲਾਹਣ ਡੋਲ੍ਹਣ ਦੀ ਥਾਂ ਉਹਨੇ ਸ਼ਰਾਬ ਕੱਢ ਲਈ ਤੇ ਬੋਤਲਾਂ ਹੋਰਨਾਂ ਨੂੰ ਵੇਚੀ ਗਿਆ। ਇੱਕ ਦਿਨ ਉਹਦੇ ਕੋਲ ਸ਼ਰਾਬ ਮੁੱਕੀ ਹੋਈ ਸੀ। ਉਹ ਦੱਸਣ ਲੱਗਾ, “ਮੈਂ ਆਖਿਆ ਮਨਾਂ ਹੋਰਨਾਂ ਨੂੰ ਜੁ ਵੇਚੀ ਜਾਨੈਂ, ਤੈਨੂੰ ਕੀ ਪਈ ਆਂਹਦੀ ਏ? ਮੈਂ ਅੱਖਾਂ ਨੂਟੀਆਂ ਤੇ ਹਿਕੋ ਵਾਰੀ ਗਲਾਸੀ ਛਿੱਕ ਗਿਆ!”

ਫਿਰ ਉਹਨੇ ਮੈਨੂੰ ਝੋਕਾ ਲਾਉਣ ਲਾ ਲਿਆ ਤੇ ਆਪ ਦੂਜਾ ਘੜਾ ਲੈਣ ਚਲਾ ਗਿਆ। ਜੇ ਉਸ ਵੇਲੇ ਕੋਈ ਉਤੋਂ ਆ ਜਾਂਦਾ ਤਾਂ ਪੁੱਛਦਾ, “ਇਹ ਕਿਧਰ ਦੀ ਪੜ੍ਹਾਈ ਹੋਈ?” ਝੋਕਾ ਲਾਉਣ ਦੇ ਇਵਜ਼ ਵਿੱਚ ਸੈਹਬੇ ਨੇ ਮੈਨੂੰ ਸ਼ਰਾਬ ਦੀ ਇੱਕ ਬੋਤਲ ਭੇਟਾ ਕੀਤੀ ਜੋ ਮੈਂ ਰਾਤ ਦੇ ਹਨ੍ਹੇਰੇ ਵਿੱਚ ਖੂਹ ਕੋਲ ਈ ਦੱਬ ਦਿੱਤੀ। ਪਰ ਜਦੋਂ ਉਹਦੀ ਲੋੜ ਪਈ ਤਾਂ ਉਹ ਮੈਨੂੰ ਉਥੋਂ ਨਹੀਂ ਲੱਭੀ।

ਇਕ ਦਿਨ ਕਾਲਜ ਦੇ ਵਿਦਿਆਰਥੀਆਂ ਨੇ ਸਤਲੁਜ ਦਰਿਆ ਦੇ ਕੰਢੇ ਪਿਕਨਿਕ ਮਨਾਉਣ ਜਾਣਾ ਸੀ। ਉਦੋਂ ਭਾਰਤ ਦੀ ਹੱਦ ਫਾਜ਼ਿਲਕਾ ਤੋਂ ਪੱਛਮ ਵੱਲ ਦਰਿਆ ਸਤਲੁਜ ਤਕ ਸੀ। ਫਿਰੋਜ਼ਪੁਰ ਕੋਲ ਵੀ ਹਿੰਦ ਪਾਕਿ ਦੀ ਸਰਹੱਦ ਦਰਿਆ ਸਤਲੁਜ ਹੀ ਸੀ। ਸਤਲੁਜ ਦੇ ਕੰਢੇ ਕਸੂਰ ਵਾਲੇ ਪਾਸੇ ਸ਼ਹੀਦ ਭਗਤ ਸਿੰਘ ਤੇ ਉਹਦੇ ਸਾਥੀਆਂ ਦੀਆਂ ਲਾਸ਼ਾਂ ਸਾੜੀਆਂ ਗਈਆਂ ਸਨ। ਸਤਲੁਜ ਤੋਂ ਪਾਰ ਉਹ ਜਗ੍ਹਾ ਲੈ ਕੇ ਭਾਰਤਵਾਸੀ ਸ਼ਹੀਦਾਂ ਦਾ ਸਮਾਰਕ ਬਣਾਉਣਾ ਚਾਹੁੰਦੇ ਸਨ। ਪਾਕਿਸਤਾਨ ਨੇ ਭਗਤ ਸਿੰਘ ਹੋਰਾਂ ਦੇ ਸੰਸਕਾਰ ਵਾਲੀ ਜਗ੍ਹਾ ਭਾਰਤ ਨੂੰ ਦੇ ਦਿੱਤੀ ਤੇ ਵੱਟੇ `ਚ ਫਾਜ਼ਿਲਕਾ ਲਾਗੇ ਸਤਲੁਜ ਤੋਂ ਚੜ੍ਹਦੇ ਪਾਸੇ ਕੁੱਝ ਜ਼ਮੀਨ ਲੈ ਲਈ। ਜਦੋਂ ਅਸੀਂ ਪਿਕਨਿਕ ਮਨਾਉਣ ਗਏ ਉਦੋਂ ਅਜੇ ਜ਼ਮੀਨ ਦਾ ਵਟਾਂਦਰਾ ਨਹੀਂ ਸੀ ਹੋਇਆ। ਇਹ ਵਟਾਂਦਰਾ ਬਾਅਦ ਵਿੱਚ ਹੋਇਆ।

ਅਸੀਂ ਪਿਕਨਿਕ ਮਨਾਉਣ ਦੇ ਖ਼ੂਬ ਨਜ਼ਾਰੇ ਲੁੱਟੇ। ਸਤਲੁਜ ਦੇ ਪਾਣੀ ਵਿੱਚ ਤਾਰੀਆਂ ਲਾਈਆਂ ਤੇ ਝੱਲਾਂ ਉਹਲੇ ਲੁਕਣਮੀਚੀ ਖੇਡੇ। ਬਾਲਣ `ਕੱਠਾ ਕਰ ਕੇ ਕਰਾਰੇ ਪਕੌੜੇ ਕੱਢੇ ਤੇ ਮਿੱਠੇ ਗੁਲਗੁਲੇ ਬਣਾਏ। ਹਵਾ ਵਿੱਚ ਪਕੌੜਿਆਂ ਤੇ ਗੁਲਗੁਲਿਆਂ ਦੀ ਵਾਸ਼ਨਾ ਖਿੰਡਦੀ ਰਹੀ। ਲੈਚੀਆਂ ਦੀ ਮਹਿਕ ਛੱਡਦੀ ਚਾਹ ਉਬਲਦੀ ਰਹੀ। ਬੇਲਿਆਂ `ਚ ਮੱਝਾਂ ਚਰ ਰਹੀਆਂ ਸਨ ਤੇ ਪਾਲੀ ਹੇਕਾਂ ਲਾ ਰਹੇ ਸਨ। ਮੁਰਗਾਬੀਆਂ ਉੱਡੀਆਂ ਫਿਰਦੀਆਂ ਸਨ। ਦਰਿਆ ਕੰਢੇ ਦਾ ਆਪਣਾ ਰੁਮਾਂਸ ਸੀ। ਝੱਲਾਂ ਦੇ ਚਾਂਦੀ ਰੰਗੇ ਬੁੰਬਲ ਝੂੰਮ ਰਹੇ ਸਨ। ਆਸੇ ਪਾਸੇ ਪਾਣੀ ਦੇ ਛੰਭ ਸਨ। ਹੁਣ ਵੀ ਮੇਰਾ ਜੀਅ ਕਰਦਾ ਹੈ ਕਿ ਮੁੜ ਕੇ ਸਤਲੁਜ ਦਾ ਉਹ ਕੰਢਾ ਵੇਖਾਂ ਪਰ ਉਹ ਹੁਣ ਪਾਕਿਸਤਾਨ ਦਾ ਹਿੱਸਾ ਬਣ ਗਿਆ ਹੈ ਜਿਥੇ ਭਾਰਤੀਆਂ ਲਈ ਜਾਣਾ ਵਰਜਿਤ ਹੈ। ਉਹਦੀ ਥਾਂ ਹੁਣ ਹੁਸੈਨੀ ਵਾਲੇ ਭਗਤ ਸਿੰਘ ਹੋਰਾਂ ਦੀ ਸਮਾਧ ਉਤੇ ਜਾਇਆ ਜਾ ਸਕਦੈ ਜਿਥੇ ਕਿ ਅਕਸਰ ਆਉਂਦੇ ਜਾਂਦੇ ਰਹੀਦੈ।

ਪਹਿਲਾਂ ਹੈੱਡ ਸੁਲੇਮਾਨਕੀ ਤਕ ਜਾ ਆਈਦਾ ਸੀ ਹੁਣ ਉਹ ਵੀ ਬੰਦ ਹੈ। ਹੁਣ ਪੱਕਾ ਚਿਸ਼ਤੀ ਹੱਦ ਹੈ। ਆਸਫ ਵਾਲੇ ਤੇ ਕਬੂਲਸ਼ਾਹ ਦੀ ਦਰਗਾਹ `ਤੇ ਮੇਲਾ ਲੱਗਦਾ ਸੀ ਜੋ ਮੈਂ ਵੇਖਣੋਂ ਨਾ ਖੁੰਝਦਾ। ਦਰਗਾਹ ਦੇ ਪੀਰ ਦਾ ਰੰਗ ਗੋਰਾ ਸੀ ਤੇ ਉਹ ਕਾਲਾ ਚੋਲਾ ਪਹਿਨਦਾ ਸੀ। ਇੱਕ ਵਾਰ ਮੈਂ ਝਿੰਗੜਾਂ ਦੀ ਛਿੰਝ ਵੇਖਣ ਤੁਰਦਾ ਗਿਆ ਤੇ ਪਾਕਿਸਤਾਨ ਦੀ ਹੱਦ ਟੱਪ ਗਿਆ। ਉਦੋਂ ਨਾ ਬੰਨ੍ਹ ਬੱਝੇ ਸਨ ਤੇ ਨਾ ਤਾਰ ਲੱਗੀ ਸੀ। ਚੌਕੀਆਂ ਵੀ ਦੂਰ ਦੂਰ ਸਨ। ਮੈਨੂੰ ਡੰਗਰ ਚਾਰਦੇ ਇੱਕ ਮੁਸਲਮਾਨ ਬੁੱਢੇ ਨੇ ਪਿੱਛੇ ਮੋੜਿਆ। ਜੇ ਸਤਲੁਜ ਰੇਂਜਰਾਂ ਦੇ ਹੱਥ ਆ ਜਾਂਦਾ ਤਾਂ ਪਤਾ ਨਹੀਂ ਕੀ ਕਰਦੇ?

ਉਹਨੀਂ ਦਿਨੀਂ ਬੀ.ਐੱਸ.ਐੱਫ.ਨਹੀਂ ਸੀ ਬਣੀ। ਪੀ.ਏ.ਪੀ.ਹੀ ਬਾਰਡਰ ਦੀ ਰਾਖੀ ਕਰਦੀ ਸੀ। ਪੀ.ਏ.ਪੀ.ਦੇ ਘੋੜਸਵਾਰ ਜੁਆਨ ਪਿੰਡ ਕੋਠੇ ਵਿੱਚ ਦੀ ਲੰਘਦੇ ਤਾਂ ਅਸੀਂ ਚਾਹ ਪਾਣੀ ਤੇ ਲੱਸੀ ਦੁੱਧ ਨਾਲ ਉਨ੍ਹਾਂ ਦੀ ਸੇਵਾ ਕਰਦੇ। ਮੈਨੂੰ ਬਾਰਡਰ ਤੋਂ ਪਾਰ ਪਾਕਿਸਤਾਨੀ ਬੰਦੇ ਵੇਖਣ ਦਾ ਬੜਾ ਸ਼ੌਕ ਸੀ। ਮੈਂ ਕਈ ਵਾਰ ਪੀ.ਏ.ਪੀ.ਵਾਲਿਆਂ ਕੋਲ ਖੋਖਰ ਦੀ ਚੌਕੀ `ਤੇ ਗਿਆ ਤੇ ਉਨ੍ਹਾਂ ਨੇ ਟਾਵਰ ਉਤੇ ਚੜ੍ਹਾ ਕੇ ਮੈਨੂੰ ਪਾਕਿਸਤਾਨ ਦੇ ਬੰਦੇ ਵਿਖਾਏ। ਕੋਈ ਹਲ ਵਾਹ ਰਿਹਾ ਹੁੰਦਾ, ਕੋਈ ਡੰਗਰ ਚਾਰ ਰਿਹਾ ਹੁੰਦਾ ਤੇ ਕੋਈ ਭਰੀ ਚੁੱਕੀ ਜਾ ਰਿਹਾ ਹੁੰਦਾ। ਉਥੇ ਪਾਕਿਸਤਾਨੀ ਸਿਪਾਹੀ ਵੀ ਪਹਿਰਾ ਦੇ ਰਹੇ ਹੁੰਦੇ। ਕਦੇ ਕਦੇ ਉਹ ਸੱਦਾਂ ਲਾਉਂਦੇ ਸੁਣਾਈ ਦਿੰਦੇ। ਸਰਹੱਦੀ ਪਿੰਡਾਂ ਚ ਲਾਊਡ ਸਪੀਕਰਾਂ ਤੋਂ ਵੱਜਦੇ ਤਵੇ ਦੋਹੀਂ ਪਾਸੀਂ ਸੁਣਦੇ। ਉਹਨੀਂ ਦਿਨੀਂ ‘ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ’ ਬੜਾ ਮਕਬੂਲ ਰਿਕਾਰਡ ਸੀ। ‘ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਅੱਧੀ ਰਾਤੋਂ ਰਾਤ ਟੱਪ ਗਈ’ ਵੀ ਬੜਾ ਵੱਜਿਆ ਕਰਦਾ ਸੀ।

ਜਦ ਮੈਂ ਟਾਵਰ `ਤੇ ਚੜ੍ਹਦਾ ਤਾਂ ਸਤਲੁਜ ਦਾ ਕੰਢਾ ਬੜੇ ਅਰਮਾਨ ਨਾਲ ਵੇਖਦਾ ਜਿਥੇ ਅਲ੍ਹੜ ਉਮਰੇ ਪਿਕਨਿਕ ਮਨਾਈ ਸੀ। ਪਰ ਹੁਣ ਉਥੇ ਜਾ ਨਹੀਂ ਸਾਂ ਸਕਦਾ। ਪੰਛੀ ਖੁੱਲ੍ਹੀਆਂ ਉਡਾਰੀਆਂ ਮਾਰਦੇ ਫਿਰਦੇ ਸਨ। ਉਨ੍ਹਾਂ ਲਈ ਬੰਦਿਆਂ ਦੀਆਂ ਬਣਾਈਆਂ ਸਰਹੱਦਾਂ ਦੀ ਕੋਈ ਰੋਕ ਨਹੀਂ ਸੀ। ਮਨੁੱਖ ਲਈ ਉਸ ਥਾਂ ਦੀ ਖਿੱਚ ਵਧ ਜਾਂਦੀ ਹੈ ਜਿਥੇ ਜਾਣੋ ਉਸ ਨੂੰ ਰੋਕ ਦਿੱਤਾ ਜਾਵੇ। ਮੈਂ ਕੈਨੇਡਾ ਦੇ ਨਿਆਗਰਾ ਫਾਲਜ਼ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਬਾਗ ਬਗੀਚਿਆਂ, ਝੀਲਾਂ ਤੇ ਬਲੈਕ ਪੂਲ ਵਰਗੇ ਬੀਚਾਂ ਉਤੇ ਪਿਕਨਿਕਾਂ ਮਨਾਈਆਂ ਹਨ ਪਰ ਫਾਜ਼ਿਲਕਾ ਲਾਗੇ ਸਤਲੁਜ ਦੇ ਕੰਢੇ ਮਾਣੀ ਉਸ ਪਿਕਨਿਕ ਦਾ ਅਨੋਖਾ ਅਨੰਦ ਸੀ। ਕਦੇ ਫੇਰ ਓਥੇ ਜਾਣ ਦਾ ਮੌਕਾ ਮਿਲ ਜਾਵੇ ਤਾਂ ਕਿਆ ਬਾਤਾਂ!

50ਵਿਆਂ ਵਿੱਚ ਹੀ ਫਾਜ਼ਿਲਕਾ ਦੇ ਆਲੇ ਦੁਆਲੇ ਟ੍ਰੈਕਟਰਾਂ ਨਾਲ ਖੇਤੀ ਹੋਣ ਲੱਗ ਪਈ ਸੀ। ਟ੍ਰੈਕਟਰ ਵੀ ਕਈ ਕਿਸਮਾਂ ਦੇ ਸਨ। ਫੁੱਫੜ ਹੋਰਾਂ ਨੇ ਫੋਰਡਸਨ ਮੇਜਰ ਟ੍ਰੈਕਟਰ ਲੈ ਲਿਆ ਸੀ। ਉਹ ਨਰਮੇ ਦੇ ਕਰੜੇ ਵੱਢ ਉਲਟਾਵੇਂ ਹਲਾਂ ਨਾਲ ਗਿੱਠ ਡੂੰਘੇ ਉਲਟਾਈ ਜਾਂਦਾ। ਉਹਨੀਂ ਦਿਨੀਂ ਜਿੰਨੇ ਟ੍ਰੈਕਟਰ ਸਾਰੇ ਭਾਰਤ ਵਿੱਚ ਸਨ ਉਨ੍ਹਾਂ `ਚੋਂ ਅੱਧੇ `ਕੱਲੇ ਪੰਜਾਬ ਵਿੱਚ ਸਨ। ਜਿੰਨੇ ਪੰਜਾਬ ਵਿੱਚ ਸਨ ਉਨ੍ਹਾਂ `ਚੋਂ ਅੱਧੇ `ਕੱਲੇ ਫਿਰੋਜ਼ਪੁਰ ਜ਼ਿਲ੍ਹੇ `ਚ ਸਨ। ਫਿਰੋਜ਼ਪੁਰ ਦੀਆਂ ਪੰਜ ਤਹਿਸੀਲਾਂ `ਚੋਂ ਅੱਧੋਂ ਵੱਧ `ਕੱਲੀ ਫਾਜ਼ਿਲਕਾ ਤਹਿਸੀਲ ਵਿੱਚ ਸਨ। ਯਾਨੀ ਸਾਰੇ ਹਿੰਦੋਸਤਾਨ ਦੇ ਅੱਠਵਾਂ ਹਿੱਸਾ ਟ੍ਰੈਕਟਰ ਫਾਜ਼ਿਲਕਾ ਤਹਿਸੀਲ ਵਿੱਚ ਚੱਲ ਰਹੇ ਸਨ ਜਿਸ ਨੂੰ ਆਮ ਲੋਕ ਫਾਜ਼ਿਲਕਾ ਬੰਗਲਾ ਕਹਿੰਦੇ ਸਨ ਤੇ ਹੁਣ ਵੀ ਕਹਿੰਦੇ ਹਨ। ਸ਼ਹਿਰ ਤੋਂ ਹਟਵਾਂ ਫਾਜ਼ਿਲਕਾ ਨਾਂ ਦਾ ਪਿੰਡ ਵੀ ਹੈ। ਉਥੋਂ ਦੇ ਨਵਾਬ ਫਾਜ਼ਲ ਖਾਂ ਦਾ ਇੱਕ ਬੰਗਲਾ ਹੁੰਦਾ ਸੀ। ਉਸੇ ਤੋਂ ਸ਼ਹਿਰ ਦਾ ਨਾਂ ਬੰਗਲਾ ਪੈ ਗਿਆ। ਕਾਲਜ ਵਿੱਚ ਪੜ੍ਹਦਿਆਂ ਮੈਂ ਸੱਤ ਅੱਠ ਤਰ੍ਹਾਂ ਦੇ ਟ੍ਰੈਕਟਰ ਚਲਾਉਣੇ ਸਿੱਖ ਗਿਆ ਸਾਂ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਮੈਨੂੰ ਟ੍ਰੈਕਟਰ ਨਹੀਂ ਚਲਾਉਣੇ ਪਏ।

ਉਹਨੀਂ ਦਿਨੀਂ ਫਾਜ਼ਿਲਕਾ ਦੇ ਆਲੇ ਦੁਆਲੇ ਜ਼ਮੀਨਾਂ ਦਾ ਭਾਅ ਪੰਜ ਛੇ ਸੌ ਤੋਂ ਹਜ਼ਾਰ ਰੁਪਏ ਏਕੜ ਸੀ। ਫੁੱਫੜ ਹੋਰਾਂ ਨੇ ਇੱਕ ਖੂਹ ਦੀ ਜ਼ਮੀਨ ਸਾਢੇ ਛੇ ਸੌ ਰੁਪਏ ਏਕੜ ਦੇ ਭਾਅ ਖਰੀਦੀ ਸੀ ਤੇ ਰਾਏ ਸਾਹਿਬ ਵਾਲੀ ਸਾਢੇ ਸੱਤ ਸੌ ਨੂੰ ਏਕੜ ਸੀ। ਫਿਰ ਇੱਕ ਖੂਹ ਹਜ਼ਾਰ ਰੁਪਏ ਏਕੜ ਨੂੰ ਖਰੀਦਿਆ। ਉਦੋਂ ਮੁੱਖ ਫਸਲ ਨਰਮਾ ਹੁੰਦੀ ਸੀ ਜੋ ਏਕੜ `ਚੋਂ ਦਸ ਪੰਦਰਾਂ ਮਣ ਨਿਕਲਦਾ ਸੀ। ਕੋਈ ਕਿੱਲਾ ਵੀਹ ਮਣ ਤਕ ਵੀ ਚਲਾ ਜਾਂਦਾ। ਫੁੱਫੜ ਹੋਰਾਂ ਦੇ ਨਰਮੇ ਦਾ ਹਿਸਾਬ ਕਿਤਾਬ ਮੈਂ ਹੀ ਰੱਖਦਾ ਸਾਂ। ਕਿਸੇ ਦਿਨ ਸੌ ਸੌ ਚੋਣੀਆਂ ਨਰਮਾ ਚੁਗਣ ਲੱਗਦੀਆਂ ਤੇ ਆਥਣ ਨੂੰ ਸੱਠ ਸੱਤਰ ਮਣ ਨਰਮਾ ਤੁਲਦਾ। ਚੁਗਾਈ ਪੁਰਾਣੇ ਤਿੰਨ ਪੈਸੇ ਸੇਰ ਹੁੰਦੀ ਸੀ। ਮੈਂ ਚੋਣੀਆਂ ਦੇ ਨਾਂ ਅੰਗਰੇਜ਼ੀ ਵਿੱਚ ਲਿਖਦਾ ਤਾਂ ਜੋ ਮੇਰਾ ਅੰਗਰੇਜ਼ੀ ਲਿਖਣ ਦਾ ਅਭਿਆਸ ਹੁੰਦਾ ਰਹੇ। ਕੋਈ ਕੋਈ ਚੋਣੀ ਚੋਹਲ ਮੋਹਲ ਕਰਦਿਆਂ ਪੁੱਛਦੀ, “ਸਰਮਲ ਸਿਅ੍ਹਾਂ, ਮੁੜ ਮੇਰੀ ਚੁਗਾਈ ਨਵੀਂ ਘੱਗਰੀ ਸੁਆਉਣ ਜੋਗੀ ਹੋਈ ਕਿ ਨਹੀਂ? ਭੈੜਿਆ ਕੁੱਝ ਤਾਂ ਬੋਲਿਆ ਕਰ।” ਉਹ ਦਿਨ ਭਰ ਦੀ ਥਕਾਵਟ ਕਾਲਜ ਦੇ ਮੁੱਛ ਫੁੱਟ ਮੁੰਡੇ ਨੂੰ ਮਖੌਲ ਕਰ ਕੇ ਲਾਹੁੰਦੀਆਂ।

ਮੋਗੇ ਜਗਰਾਵਾਂ ਵੱਲੋਂ ਰਿਸ਼ਤੇਦਾਰ ਮਿਲਣ ਗਿਲਣ ਆਉਂਦੇ ਤਾਂ ਰਾਏ ਸਿੱਖਾਂ ਦੀਆਂ ਗੱਲਾਂ ਸੁਣ ਕੇ ਬੜੇ ਹੱਸਦੇ। ਰਾਇ ਸਿੱਖ ਸ਼ਰਾਬ ਕੱਢਣ ਤੇ ਚੋਰੀਆਂ ਦੇ ਕਿੱਸੇ ਮਸਾਲੇ ਲਾ ਕੇ ਸੁਣਾਉਂਦੇ। ਉਹ ਸਾਫਦਿਲ ਬੰਦੇ ਸਨ। ਆਮ ਕਹਿੰਦੇ ਕਿ ਅਸੀਂ ਤਾਂ ਬੱਚੇ ਨੂੰ ਗੁੜ੍ਹਤੀ ਈ ਚੋਰੀ ਦੀ ਦਿੰਦੇ ਹਾਂ। ਜਦੋਂ ਤਕ ਕੋਈ ਚੋਰੀ ਨਾ ਕਰ ਕੇ ਵਿਖਾਵੇ ਜੁਆਨ ਦਾ ਵਿਆਹ ਈ ਨੀ ਹੁੰਦਾ। ਕੋਠੇ ਦਾ ਇੱਕ ਰਾਇ ਸਿੱਖ ਕਿਹਾ ਕਰਦਾ ਸੀ, “ਪੈਰੀਂ ਗੁਰਗਾਬੀ ਪਾਈ ਹੋਵੇ, ਹੇਠਾਂ ਸੈਂਕਲ ਹੋਵੇ, ਪਊਆ ਲਾਇਆ ਹੋਵੇ, ਫੇਰ ਭਾਵੇਂ ਦੋ ਬੁੱਢੀਆਂ ਅੱਗੇ ਪਿੱਛੇ ਬੈਠੀਆਂ ਹੋਣ ਸਿਰਸਾ ਪੈਰਾਂ `ਚ ਈ ਆ ਕਿ।”

ਉਦੋਂ ਰਾਇ ਸਿੱਖਾਂ ਦੇ ਮੁੰਡੇ ਕਾਲਜਾਂ ਵਿੱਚ ਪੜ੍ਹਨ ਨਹੀਂ ਸਨ ਲੱਗੇ। ਸਾਡੇ ਕਾਲਜ ਵਿੱਚ ਮਸੀਂ ਇੱਕ ਦੋ ਮੁੰਡੇ ਹੋਣਗੇ ਹਾਲਾਂਕਿ ਸਤਿਲੁਜ ਦੇ ਨਾਲ ਨਾਲ ਉਨ੍ਹਾਂ ਦੀ ਅਬਾਦੀ ਬਹੁਤ ਸੀ। ਉਹ ਆਪਣੇ ਆਪ ਨੂੰ ਜੈਮਲ ਫੱਤੇ ਦੀ ਔਲਾਦ ਦੱਸਦੇ ਤੇ ਪਿਛੋਕੜ ਰਾਜਪੂਤਾਂ ਨਾਲ ਮੇਲਦੇ। ਰਾਇ ਨਾਂ ਤੋਂ ਵੀ ਲੱਗਦੈ ਜਿਵੇਂ ਰਾਜਪੂਤ ਦਾ ਹੀ ਸੰਖੇਪ ਨਾਂ ਹੋਵੇ। ਕੁੱਝ ਵੀ ਹੋਵੇ ਉਹ ਦਿਲਾਂ ਦੇ ਰਾਠ ਬੰਦੇ ਸਨ। ਹੁਣ ਤਾਂ ਉਨ੍ਹਾਂ ਵਿੱਚ ਵੀ ਕਈ ਪੜ੍ਹ ਲਿਖ ਗਏ ਹਨ ਤੇ ਪਾਰਲੀਮੈਂਟ ਤਕ ਜਾ ਪਹੁੰਚੇ ਹਨ।

ਫਾਜ਼ਿਲਕਾ ਦੇ ਆਲੇ ਦੁਆਲੇ ਜਿਨ੍ਹਾਂ ਪਿੰਡਾਂ `ਚ ਮੇਲੇ ਲੱਗਦੇ ਉਥੇ ਕੁਸ਼ਤੀਆਂ ਵੀ ਹੁੰਦੀਆਂ ਸਨ। ਮੈਂ ਮੱਲਾਂ ਦੇ ਘੋਲ ਵੇਖਣ ਜਾਂਦਾ। ਉਥੇ ਢੋਲ ਵੱਜਦੇ ਜਿਨ੍ਹਾਂ ਦੀਆਂ ਤਾਲਾਂ ਬਦਲਦੀਆਂ ਰਹਿੰਦੀਆਂ। ਦੂਰੋਂ ਆਉਂਦੇ ਮੇਲੀ ਢੋਲਾਂ ਦੀ ਤਾਲ ਤੋਂ ਹੀ ਜਾਣ ਜਾਂਦੇ ਕਿ ਅਖਾੜਾ ਬੰਨ੍ਹਿਆ ਜਾ ਰਿਹੈ ਜਾਂ ਗੇੜੀ ਦਿੱਤੀ ਜਾ ਰਹੀ ਹੈ ਜਾਂ ਘੋਲ ਹੋ ਰਹੇ ਨੇ? ਮੇਲਿਆਂ ਤੇ ਛਿੰਝਾਂ ਦੀਆਂ ਗੱਲਾਂ ਮੈਂ ਚਾਅ ਨਾਲ ਸੁਣਦਾ। ਫਾਜ਼ਿਲਕਾ ਦੇ ਬੇਦੀ ਆਪਣੇ ਪਿੰਡ ਲਾਲੋਵਾਲੀ ਬੜੀ ਤਕੜੀ ਛਿੰਝ ਪੁਆਉਂਦੇ ਸਨ। ਉਥੇ ਸੈਂਕੜੇ ਪਹਿਲਵਾਨ ਢੁੱਕਦੇ।

1956-57 ਦਾ ਸਾਲ ਸੀ। ਫਾਜ਼ਿਲਕਾ ਦੀ ਗਊਸ਼ਾਲਾ ਵਿੱਚ ਬੜਾ ਵੱਡਾ ਦੰਗਲ ਹੋਇਆ ਸੀ। ਨੰਦਗੜ੍ਹ ਦਾ ਬਲਦੇਵ ਸਿੰਘ ਸਿਵੀਆ ਮੈਥੋਂ ਦੋ ਜਮਾਤਾਂ ਮੂਹਰੇ ਪੜ੍ਹਦਾ ਸੀ ਜੋ ਹੋਸਟਲ ਵਿੱਚ ਰਹਿੰਦਾ ਸੀ। ਉਹਦੇ ਨਾਲ ਮੇਰੀ ਚੰਗੀ ਮੀਚਾ ਮਿਲਦੀ ਸੀ ਤੇ ਉਸ ਨੇ ਮੇਰਾ ਨਾਂ ‘ਛੋਟੂ’ ਰੱਖਿਆ ਹੋਇਆ ਸੀ। ਉਸ ਨੇ ਦੋ ਟਿਕਟਾਂ ਲੈ ਲਈਆਂ ਤੇ ਅਸੀਂ ਗਊਸ਼ਾਲਾ ਦੇ ਹਾਤੇ ਵਿੱਚ ਦੰਗਲ ਵੇਖਣ ਚਲੇ ਗਏ। ਆਲੇ ਦੁਆਲੇ ਉੱਚੀ ਕੰਧ ਸੀ। ਅਸੀਂ ਇੱਕ ਬੰਨੇ ਛੱਤੇ ਹੋਏ ਤੂੜੀ ਵਾਲੇ ਕੋਠਿਆਂ ਉਤੇ ਜਾ ਥਾਂ ਮੱਲੀ। ਉਥੋਂ ਪੂਰਾ ਈ ਨਜ਼ਾਰਾ ਦਿਸਦਾ ਸੀ। ਪਹਿਲਾਂ ਕਬੱਡੀ ਦਾ ਮੈਚ ਹੋਇਆ ਜਿਸ ਵਿੱਚ ਬਿੱਲੂ ਰਾਜੇਆਣੀਏਂ ਤੇ ਨੰਜੀ ਵੈਰੋਕੇ ਵਰਗੇ ਖਿਡਾਰੀ ਖੇਡ ਰਹੇ ਸਨ। ਫਿਰ ਭਲਵਾਨਾਂ ਨੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਲਈਆਂ। ਪੁਲਿਸ ਲੋਕਾਂ ਨੂੰ ਥਾਓਂ ਥਾਂਈਂ ਬਿਠਾ ਰਹੀ ਸੀ। ਬਹੁਤੇ ਲੋਕ ਵੱਡੇ ਦਾਰਾ ਸਿੰਘ ਦਾ ਘੋਲ ਵੇਖਣ ਆਏ ਸਨ।

ਤਦੇ ਟੌਰੇ ਵਾਲੀ ਚਿੱਟੀ ਪੱਗ ਬੰਨ੍ਹੀ ਇੱਕ ਉੱਚਾ ਲੰਮਾ ਭਲਵਾਨ ਸਿਪਾਹੀਆਂ `ਚ ਘਿਰਿਆ ਵੱਡੇ ਬੂਹੇ ਥਾਣੀ ਅੰਦਰ ਆਇਆ। ਉਹ ਦਾਰਾ ਸਿੰਘ ਹੀ ਸੀ ਜੋ ਹੋਰਨਾਂ ਨਾਲੋਂ ਹੱਥ ਉੱਚਾ ਸੀ। ਅਖਾੜੇ `ਚ ਉਹਦੀ ਗੇੜੀ ਲੁਆਈ ਤਾਂ ਅਸੀਂ ਵੇਖਿਆ ਕਿ ਉਹਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ। ਰਿੰਗ ਕੋਲ ਜਾ ਕੇ ਉਹਦੀ ਹੱਥਕੜੀ ਖੋਲ੍ਹ ਦਿੱਤੀ ਗਈ ਤੇ ਪੁਲਿਸ ਵਾਲੇ ਪਹਿਰੇ ਉਤੇ ਖੜ੍ਹ ਗਏ। ਕਲੇਰਾਂ ਦਾ ਚੰਦ ਉਸ ਨਾਲ ਫਰੀ ਸਟਾਈਲ ਕੁਸ਼ਤੀ ਕਰਨ ਨਿਕਲਿਆ ਤਾਂ ਦਾਰੇ ਨੇ ਉਸ ਨੂੰ ਚਲਾ ਚਲਾ ਕੇ ਮਾਰਿਆ। ਅਖ਼ੀਰ ਚੰਦ ਚੀਕਾਂ ਮਾਰਨ ਲੱਗ ਪਿਆ ਤੇ ਮੋਢਾ ਫੜ ਕੇ ਬਹਿ ਗਿਆ। ਦੋ ਹੋਰ ਭਲਵਾਨਾਂ ਨੂੰ ਵੀ ਦਾਰੇ ਨੇ ਚੰਗੇ ਤਾਰੇ ਵਿਖਾਏ। ਕੁਸ਼ਤੀ ਲੜਨ ਪਿੱਛੋਂ ਦਾਰਾ ਸਿੰਘ ਨੂੰ ਫਿਰ ਹੱਥਕੜੀ ਲਾ ਕੇ ਉਹਦੀ ਗੇੜੀ ਲੁਆਈ ਗਈ। ਦੋ ਪਹਿਲਵਾਨ ਐਸੇ ਵੀ ਘੁਲੇ ਜਿਨ੍ਹਾਂ ਦੇ ਢਿੱਡ ਏਡੇ ਵੱਡੇ ਸਨ ਕਿ ਬਾਹਾਂ ਇੱਕ ਦੂਜੇ ਦੀ ਧੌਣ ਤਕ ਨਹੀਂ ਸਨ ਪਹੁੰਚ ਰਹੀਆਂ। ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਈ ਆਏ ਸਨ।

ਕਈ ਬੰਦੇ ਵੱਡੇ ਦਾਰੇ ਦਾ ਛੋਟੇ ਦਾਰੇ ਨਾਲ ਭੁਲੇਖਾ ਖਾ ਜਾਂਦੇ ਹਨ। ਫਾਜ਼ਿਲਕਾ `ਚ ਘੁਲਣ ਵਾਲਾ ਦਾਰਾ ਦੁਲਚੀਪੁਰੀਆ ਸੀ ਜੋ ਹੁਣ ਪਰਲੋਕ ਸਿਧਾਰ ਚੁੱਕੈ। ਉਸ ਦਾ ਕੱਦ ਛੇ ਫੁੱਟ ਸੱਤ ਇੰਚ ਸੀ। ਉਸ ਦੇ ਹੱਥੋਂ ਬੰਦਾ ਮਰ ਗਿਆ ਸੀ ਜਿਸ ਕਰਕੇ ਉਮਰ ਕੈਦ ਹੋਈ ਸੀ। ਉਸ ਨੂੰ ਜੇਲ੍ਹ ਵਿਚੋਂ ਹੀ ਫਰੀ ਸਟਾਈਲ ਕੁਸ਼ਤੀ ਘੁਲਣ ਲਈ ਲਿਆਂਦਾ ਜਾਂਦਾ ਸੀ ਤੇ ਮੋੜ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ। ਛੋਟਾ ਦਾਰਾ ਧਰਮੂਚੱਕ ਦਾ ਹੈ। ਉਸ ਨੇ ਵੀ ਫਰੀ ਸਟਾਈਲ ਕੁਸ਼ਤੀਆਂ ਵਿੱਚ ਬੜਾ ਨਾਂ ਕਮਾਇਆ ਹੈ। ਉਹ ਫਿਲਮੀ ਐਕਟਰ ਹੈ ਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ। ਉਸ ਨੇ ਆਪਣੀ ਆਤਮ ਕਥਾ ਲਿਖੀ ਹੈ ਜੋ ਬੜੀ ਰੌਚਿਕ ਹੈ ਤੇ ਦੋਹਾਂ ਦਾਰਿਆਂ ਬਾਰੇ ਦੱਸਦੀ ਹੈ। ਉਸ ਵਿੱਚ ਦਾਰਾ ਸਿੰਘ ਨੇ ਆਪਣੇ ਬਚਪਨ, ਵਿਆਹ, ਮੁਕਲਾਵੇ ਤੇ ਕੁਸ਼ਤੀਆਂ ਦਾ ਬੜਾ ਦਿਲਚਸਪ ਵਰਣਨ ਕੀਤਾ ਹੈ। ਜੀਹਨੇ ਅਜੇ ਤਕ ਨਹੀ ਪੜ੍ਹੀ ਉਹਨੂੰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਉਹ ਕਮਾਲ ਦੀ ਸਵੈ ਜੀਵਨੀ ਹੈ।

Additional Info

  • Writings Type:: A single wirting
Read 5810 times Last modified on Tuesday, 13 October 2009 17:55
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।