ਮੈਂ ਇਕ ਅਣਗਾਇਆ ਗੀਤ ਹਾਂ।
ਸੁਰਾਂ ਜਿਸ ਲਈ ਮੌਨ ਨੇ –
ਸ੍ਵਰ ਜਿਸ ਲਈ ਜੜ੍ਹ ਹੈ।
ਮੈਂ ਇਕ ਅਣਘੜਿਆ ਪੱਥਰ ਹਾਂ।
ਜਿਸ ਨੂੰ ਕਿਸੇ ਬੁੱਤ-ਘਾੜੇ –
ਵਗ੍ਹਾ ਮਾਰਿਆ ਹੋਵੇ ਨਿਰਾ ਪੱਥਰ ਸਮਝਕੇ।
ਮੈਂ ਇਕ ਕੋਝਾ ਦ੍ਰਿਸ਼ ਹਾਂ।
ਜਿਸ ਤੇ ਨੂਰ ਭਰੀ ਕੋਈ ਨਜ਼ਰ ਨਾ ਪਈ –
ਤੇ ‘ਲੈਂਡ’ ਜਾਂ ‘ਸਕਾਈ’ ਸਕੇਪ ਨਾ ਬਣ ਸਕਿਆ।
ਮੈਂ ਇਕ ਅਪੂਰਨ ਚਿੱਤਰ ਹਾਂ।
ਜਿਸ ਨੂੰ ਕੋਮਲ ਪੋਟਿਆਂ ਦੀ ਛੋਹ ਨਾ ਲੱਗੀ –
ਤੇ ਰੱਖਿਆ ਗਿਆ ਕਿਸੇ ਖੱਲਾਂ ਖੂੰਜੇ।
ਮੈਂ ਇਕ ਪੁਸਤਕ ਦਾ ਪੰਨਾ ਹਾਂ।
ਜਿਸ ਨੂੰ ਕਿਸੇ ਪਾਠਕ ਨੇ ਫਰੋਲਿਆ ਨਾ-
ਰੱਖ ਦਿੱਤਾ ਅਲਮਾਰੀ ਦੀ ਤਾਕ ‘ਚ ਸਾਂਭ ਕੇ।
ਮੈਂ ਇਕ ਪੈਰ ਹਾਂ।
ਜਿਹੜਾ ਇਕ ਕਦਮ ਵੀ ਨਾ ਤੁਰਿਆ
ਤੇ ਸੰਗਲ਼ਾਂ ਚ ਬੱਝ ਜੜ੍ਹ ਹੋ ਗਿਆ।
ਮੈਂ ਇਕ ਕਹਾਣੀ ਹਾਂ।
ਜਿਹੜੀ ਸੁਣੀ ਨਾ ਗਈ, ਸਣਾਈ ਨਾ ਗਈ –
ਤੇ ਸਿਰਲੇਖ ਜਿਸ ਦਾ ਨਾਂ ਕਦੇ ਮਿਲ ਸਕਿਆ।
ਭਲਾਂ ਬੁੱਝੋ ਖਾਂ !
ਮੈਂ ਕੀ ਹਾਂ? ਕਿਓਂ ਹਾਂ? ਕਿਵੇਂ ਹਾਂ? ਤੇ ਕਿੱਥੇ ਹਾਂ?