ਲੇਖ਼ਕ

Tuesday, 13 October 2009 09:32

11 - ਰਾਊਂਡ ਫੂਲ ਤੋਂ ਆਲਰਾਊਂਡ

Written by
Rate this item
(1 Vote)

ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਸਾਂ ਤਾਂ ਸੀਨੀਅਰ ਮੁੰਡਿਆਂ ਨੇ ਮੇਰਾ ‘ਰਾਊਂਡ ਫੂਲ’ ਬਣਾਇਆ ਸੀ। ਬਾਅਦ ਵਿੱਚ ਪ੍ਰਿੰਸੀਪਲ ਨੇ ਮੈਨੂੰ ਕਾਲਜ ਦੇ ਆਲਰਾਊਂਡ ਬੈੱਸਟ ਸਟੂਡੈਂਟ ਦਾ ਸਰਟੀਫਿਕੇਟ ਦਿੱਤਾ। ਮੈਂ ਹਾਕੀ ਤੇ ਭੰਗੜਾ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਤੇ ਕਾਲਜ ਦਾ ਬੈੱਸਟ ਅਥਲੀਟ ਬਣਿਆ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਤੇ ਟਿਊਟੋਰੀਅਲ ਗਰੁੱਪ ਦਾ ਪ੍ਰਧਾਨ ਰਿਹਾ। 1960 `ਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ `ਚੋਂ ਚੁਣੇ ਗਰੁੱਪ ਨਾਲ ਮੈਂ ਪਹਾੜਾਂ `ਤੇ ਹਾਈਕਿੰਗ ਟ੍ਰੈਕਿੰਗ ਕੀਤੀ ਤੇ ਸਟੇਜੀ ਪ੍ਰੋਗਰਾਮਾਂ ਵਿੱਚ ਭਾਗ ਲੈਂਦਾ ਰਿਹਾ। ਪੜ੍ਹਾਈ ਵਿੱਚ ਹੁਸ਼ਿਆਰ ਤਾਂ ਨਹੀਂ ਪਰ ਕਮਜ਼ੋਰ ਵੀ ਨਹੀਂ ਸਾਂ। ਪੰਜਾਬੀ `ਚ ਫਸਟ ਡਿਵੀਜ਼ਨ ਲੈਂਦਾ ਸਾਂ ਜਦ ਕਿ ਅੰਗਰੇਜ਼ੀ `ਚ ਮਸਾਂ ਪਾਸ ਹੁੰਦਾ ਸਾਂ। ਬੀ.ਏ.ਮੈਂ ਪਹਿਲੇ ਹੱਲੇ ਈ ਪਾਸ ਕਰ ਗਿਆ ਸਾਂ।

ਸਾਡੇ ਕਾਲਜ ਦਾ ਇੱਕ ਮੁੰਡਾ ਐੱਫ.ਐੱਸ ਸੀ.ਦੇ ਇਮਤਿਹਾਨ ਵਿਚੋਂ ਪੰਜਾਬ ਯੂਨੀਵਰਸਿਟੀ `ਚੋਂ ਤੀਜੇ ਥਾਂ ਆਇਆ ਸੀ। ਸ਼ਾਇਦ ਕੁਲਭੂਸ਼ਨ ਨਾਂ ਸੀ ਉਹਦਾ। ਜਿੰਨਾ ਉਹ ਪੜ੍ਹਾਈ `ਚ ਹੁਸ਼ਿਆਰ ਸੀ ਓਨਾ ਈ ਸਰੀਰਕ ਪੱਖੋਂ ਕਮਜ਼ੋਰ ਸੀ। ਉਹ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣੇ ਦਾਖਲਾ ਲੈਣ ਗਿਆ। ਉਹਨੀਂ ਦਿਨੀਂ ਉਥੇ ਸਾਧਾਰਨ ਫਿਜ਼ੀਕਲ ਫਿਟਨੈੱਸ ਟੈੱਸਟ ਹੁੰਦਾ ਸੀ। ਉਹ ਇੱਕ ਮਣ ਭਾਰ ਦਾ ਬਾਲਾ ਕਢਾਉਂਦੇ ਸਨ। ਅਠਾਰਾਂ ਸਾਲ ਦੇ ਗਭਰੂ ਲਈ ਇਹ ਕੋਈ ਬਹੁਤਾ ਵਜ਼ਨ ਨਹੀਂ ਸੀ। ਪਰ ਕਿਤਾਬਾਂ ਨਾਲ ਕਮਜ਼ੋਰ ਕੀਤੇ ਐਨਕਾਂ ਵਾਲੇ ਕੁਲਭੂਸ਼ਨ ਤੋਂ ਮਣ ਦਾ ਵੱਟਾ ਚੁੱਕ ਨਾ ਹੋਇਆ ਤੇ ਉਸ ਨੂੰ ਦਾਖਲਾ ਨਾ ਮਿਲ ਸਕਿਆ। ਇਹ ਸ਼੍ਰੋਮਣੀ ਕਮੇਟੀ ਦੀ ਦੂਰਅੰਦੇਸ਼ੀ ਸੀ ਕਿ ਫਿਜ਼ੀਕਲ ਫਿਟਨੈੱਸ ਟੈੱਸਟ ਨਾਲ ਸ਼ਹਿਰੀਆਂ ਨਾਲੋਂ ਤਕੜੇ ਪੇਂਡੂ ਵਿਦਿਆਰਥੀ ਵੱਧ ਦਾਖਲ ਹੋਣਗੇ ਜੋ ਵਧੇਰੇ ਕਰ ਕੇ ਕਿਸਾਨਾਂ ਦੇ ਹੋਣਗੇ। ਇਸ ਜੁਗਤ ਨਾਲ ਸੱਚਮੁੱਚ ਹੀ ਪਿੰਡਾਂ ਦੇ ਕੁੱਝ ਘੱਟ ਨੰਬਰਾਂ ਵਾਲੇ ਵਿਦਿਆਰਥੀ ਵੀ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਲੈ ਜਾਂਦੇ ਰਹੇ।

ਹੁਣ ਪ੍ਰੋਫੈਸ਼ਨਲ ਕਾਲਜਾਂ ਦੇ ਦਾਖਲਾ ਟੈੱਸਟ ਨਿਰੋਲ ਸ਼ਹਿਰੀ ਸਟਾਈਲ ਦੇ ਹੋ ਗਏ ਹਨ ਇਸ ਲਈ ਸ਼ਹਿਰੀ ਵਿਦਿਆਰਥੀਆਂ ਨੂੰ ਹੀ ਦਾਖਲੇ ਮਿਲਦੇ ਹਨ। ਜਦੋਂ ਮੈਡੀਕਲ ਤੇ ਇੰਜਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਵੇਖੀਦੇ ਹਨ ਤਾਂ ਕੋਈ ਵਿਰਲਾ ਜੁਆਨ ਹੀ ਤਕੜਾ ਨਰੋਆ ਦਿਸਦਾ ਹੈ। ਚਿਹਰਿਆਂ `ਤੇ ਚੜ੍ਹਦੀ ਜੁਆਨੀ ਵਾਲਾ ਨੂਰ ਨਹੀਂ ਦਿਸਦਾ। ਵਿਚਾਰੇ ਨੰਬਰਾਂ ਦੀ ਦੌੜ ਵਿੱਚ ਈ ਮਧੋਲੇ ਗਏ ਲੱਗਦੇ ਹਨ। ਜੇਕਰ ਦਾਖਲੇ ਵੇਲੇ ਫਿਜ਼ੀਕਲ ਫਿਟਨੈੱਸ ਟੈੱਸਟ ਰੱਖਿਆ ਜਾਵੇ ਤਾਂ ਉਹ ਵੀ ਕਮਜ਼ੋਰ ਕੁਲਭੂਸ਼ਨ ਵਾਂਗ ਦਾਖਲਾ ਨਹੀਂ ਲੈ ਸਕਦੇ।

ਅਜੋਕੇ ਲਿਖਤੀ ਟੈੱਸਟਾਂ ਵਿੱਚ ਕਈ ਸ਼ਹਿਰੀ ਵਿਦਿਆਰਥੀਆਂ ਦੇ ਨੰਬਰ ਭਾਵੇਂ ਨੜਿੰਨਵੇਂ ਫੀਸਦੀ ਹੁੰਦੇ ਹਨ ਪਰ ਜੇ ਜੀਵਨ ਦੀ ਕੋਈ ਸਾਧਾਰਨ ਔਕੜ ਵੀ ਆ ਪਵੇ ਤਾਂ ਬਹੁਤਿਆਂ ਤੋਂ ਹੱਲ ਨਹੀਂ ਹੁੰਦੀ। ਬਹੁਤੇ ‘ਸਕਾਲਰਾਂ’ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਜੋ ਕੁੱਝ ਉਹ ਖਾਂਦੇ ਪੀਂਦੇ ਤੇ ਪਹਿਨਦੇ ਹਨ ਉਹ ਕਿਥੇ ਤੇ ਕਿਵੇਂ ਪੈਦਾ ਹੁੰਦੈ? ਕਣਕ ਕਿਵੇਂ ਉਗਦੀ ਹੈ ਤੇ ਝੋਨਾ ਕਿਵੇਂ ਲੱਗਦੈ? ਕਪਾਹ ਵੇਲਾਂ ਨੂੰ ਲੱਗਦੀ ਹੈ, ਬੂਟਿਆਂ ਨੂੰ ਜਾਂ ਰੁੱਖਾਂ ਨੂੰ? ਬੱਕਰੀ ਦੇ ਕਿੰਨੇ ਥਣ ਹੁੰਦੇ ਹਨ ਤੇ ਮੱਝ ਗਾਂ ਦੇ ਕਿੰਨੇ? ਪਹੇ ਤੇ ਡੰਡੀ ਵਿੱਚ ਕੀ ਫਰਕ ਹੈ? ਪੁੰਨਿਆ ਕੀ ਹੈ ਤੇ ਮੱਸਿਆ ਕੀ? ਕਮਾਦ ਤੋਂ ਗੁੜ ਕਿਵੇਂ ਬਣਦੈ? ਆਲੂਆਂ ਤੇ ਮੂੰਗਫਲੀ ਦਾ ਫਲ ਉਪਰ ਹੁੰਦੈ ਕਿ ਹੇਠਾਂ? ਸੱਥ ਕੀ ਹੁੰਦੀ ਹੈ, ਭੱਠੀ ਕੀ ਤੇ ਭੱਠਾ ਕੀ? ਭੱਠਾ ਬਹਿ ਕਿਵੇਂ ਜਾਂਦੈ?

ਕਈ ਮੈਰਿਟ ਲਿਸਟੀਆਂ ਨੂੰ ਸਮਾਜੀ ਵਰਤ ਵਰਤਾਵੇ ਦਾ ਉੱਕਾ ਹੀ ਪਤਾ ਨਹੀਂ ਹੁੰਦਾ। ਉਹ ਨਹੀਂ ਜਾਣਦੇ ਹੁੰਦੇ ਕਿ ਭਾਈਚਾਰੇ `ਚ ਕਿਵੇਂ ਵਿਚਰੀਦੈ ਤੇ ਗੁਜ਼ਰ ਗਏ ਦਾ ਅਫਸੋਸ ਕਿਵੇਂ ਕਰੀਦੈ? ਟੈੱਸਟ ਸਿਰਫ ਅਖ਼ਬਾਰੀ ਅੰਕੜਿਆਂ, ਟੀ.ਵੀ.ਸੀਰੀਅਲਾਂ, ਐਕਟਰਾਂ ਦੀਆਂ ਫਿਲਮਾਂ, ਕ੍ਰਿਕਟ ਦੇ ਚੌਕੇ ਛਿੱਕੇ ਤੇ ਹਾਕਮਾਂ ਦੇ ਜਨਮ ਮਰਨ ਦੀਆਂ ਤਾਰੀਖ਼ਾਂ ਦੇ ਹੀ ਨਹੀਂ ਲੈਣੇ ਚਾਹੀਦੇ ਸਗੋਂ ਜੀਵਨ ਦੇ ਮੂਲ ਮੁੱਦਿਆਂ ਤੇ ਯਥਾਰਥ ਉਤੇ ਆਧਾਰਿਤ ਹੋਣੇ ਚਾਹੀਦੇ ਹਨ। ਸਹੀ ਸਿੱਖਿਆ ਉਹ ਹੁੰਦੀ ਹੈ ਜੋ ਕਿਸੇ ਨੂੰ ਹਰ ਤਰ੍ਹਾਂ ਦੀ ਸਥਿਤੀ ਵਿੱਚ ਜਿਊਣ ਦੇ ਕਾਬਲ ਬਣਾਵੇ। ਜਿਹੋ ਜਿਹੇ ਵੀ ਹਾਲਾਤ ਮਿਲਣ ਉਹਨਾਂ `ਚ ਕਾਮਯਾਬ ਹੋਣ ਦਾ ਵੱਲ ਸਿਖਾਏ। ਇਸੇ ਲਈ ਕਿਹਾ ਜਾਂਦੈ ਕਿ ਤਕੜਾ ਤੰਦਰੁਸਤ ਜੁੱਸਾ ਜੀਵਨ `ਚ ਕਾਮਯਾਬ ਹੋਣ ਦੀ ਪਹਿਲੀ ਜ਼ਰੂਰਤ ਹੈ।

ਮੈਂ ਮਿੱਟੀ ਖਾਂਦਾ ਹੋਣ ਕਾਰਨ ਜੁੱਸੇ ਦਾ ਮਾੜਾ ਸਾਂ। ਕਾਲਜ ਵਿੱਚ ਪੜ੍ਹਦਿਆਂ ਮੈਨੂੰ ਜੁੱਸਾ ਤਕੜਾ ਬਣਾਉਣ ਦੀ ਚੇਟਕ ਲੱਗ ਗਈ ਤੇ ਮੇਰਾ ਕੱਦ ਵਧਣਾ ਸ਼ੁਰੂ ਹੋ ਗਿਆ। ਕਾਲਜ ਦਾਖਲ ਹੋਣ ਵੇਲੇ ਮੇਰਾ ਭਾਰ ਮਣ ਤੋਂ ਮਾਮੂਲੀ ਜਿਹਾ ਉਪਰ ਸੀ ਪਰ ਦੋ ਸਾਲਾਂ `ਚ ਮੈਂ ਡੂਢ ਮਣ ਤੋਂ ਉਪਰ ਹੋ ਗਿਆ। ਇਹਦੇ ਪਿੱਛੇ ਤਿੰਨ ਕਾਰਨ ਸਨ। ਇੱਕ ਤਾਂ ਮੈਂ ਮਿੱਟੀ ਖਾਣੀ ਛੱਡ ਗਿਆ, ਦੂਜਾ ਹਾਕੀ ਖੇਡਣ ਤੇ ਕਸਰਤ ਕਰਨ ਲੱਗ ਪਿਆ। ਉਹਦੇ ਨਾਲ ਮੇਰੀ ਖੁਰਾਕ ਵਧ ਗਈ। ਇਹ ਗੱਲ ਮੈਂ ਦੱਸ ਈ ਚੁੱਕਾਂ ਕਿ ਭੂਆ ਦੇ ਘਰ ਖੁਰਾਕ ਖੁੱਲ੍ਹੀ ਡੁੱਲ੍ਹੀ ਸੀ। ਬਾਹਰ ਖੂਹ ਵੱਲ ਮੈਂ ਦੌੜ ਕੇ ਜਾਂਦਾ। ਉਥੇ ਮਾਲਸ਼ ਕਰਦਾ, ਡੰਡ ਬੈਠਕਾਂ ਕੱਢਦਾ ਤੇ ਖੂਹ ਦੇ ਨਿੱਘੇ ਪਾਣੀ ਵਿੱਚ ਨ੍ਹਾਉਂਦਾ। ਤੂਤਾਂ ਵਾਲੇ ਖੂਹ ਕੋਲ ਕਾਠਾ ਕਮਾਦ ਬੀਜਿਆ ਹੋਇਆ ਸੀ। ਉਹਦੇ ਗੰਨੇ ਬਹੁਤ ਮਿੱਠੇ ਸਨ। ਮੈਂ ਗੰਨੇ ਪੁੱਟਦਾ ਤੇ ਰਾਹ `ਚ ਸਾਫ ਕਰਦਾ ਆਉਂਦਾ।

ਪਿੰਡ ਦੇ ਮੁੱਢ `ਚ ਘੁਲਾੜੀ ਚਲਦੀ ਹੁੰਦੀ ਸੀ। ਉਥੇ ਮੈਂ ਗੰਨੇ ਪਿੜਵਾਉਂਦਾ ਰਹੁ ਪੁਣ ਕੇ ਡੋਲਣੇ `ਚ ਪੁਆ ਲਿਆਉਂਦਾ। ਅੱਧਾ ਡੋਲੂ ਰਹੁ ਨਾਲ ਭਰ ਜਾਂਦਾ। ਘਰ ਆਉਂਦਾ ਤਾਂ ਭੂਆ ਮੱਝਾਂ ਚੋ ਰਹੀ ਹੁੰਦੀ। ਮੈਂ ਡੋਲਣੇ ਵਿੱਚ ਈ ਧਾਰਾਂ ਚੁਆ ਕੇ ਡੋਲੂ ਭਰਵਾ ਲੈਂਦਾ। ਉਹ ਦੇਸੀ ਮਿਲਕ ਸ਼ੇਕ ਬਣ ਜਾਂਦਾ। ਫਿਰ ਡੋਲਣੇ ਨੂੰ ਹੀ ਮੂੰਹ ਲਾ ਕੇ ਪੀ ਲੈਂਦਾ। ਕਾਲਜ ਜਾਣ ਵੇਲੇ ਮੈਨੂੰ ਹੋਰ ਕੁਛ ਖਾਣ ਦੀ ਲੋੜ ਨਹੀਂ ਸੀ ਪੈਂਦੀ। ਭੂਆ ਨੂੰ ਵੀ ਸਵੇਰੇ ਸਵੇਰੇ ਹੱਥ ਨਾ ਤਪਾਉਣੇ ਪੈਂਦੇ। ਦੁੱਧ ਤੇ ਰਹੁ ਨਾਲ ਭਰੇ ਦੋ ਸੇਰ ਦੇ ਡੋਲਣੇ ਦੀਆਂ ਹਜ਼ਾਰ ਡੂਢ ਹਜ਼ਾਰ ਕਲੋਰੀਆਂ ਤਾਂ ਹੁੰਦੀਆਂ ਹੀ ਹੋਣਗੀਆਂ ਜੋ ਮੈਨੂੰ ਕਾਲਜ ਵਿੱਚ ਭੁੱਖ ਨਾ ਲੱਗਣ ਦਿੰਦੀਆਂ। ਕਾਲਜ ਦੇ ਵਿਹਲੇ ਪੀਰੀਅਡਾਂ ਵਿੱਚ ਮੈਂ ਗੋਲਾ ਸੁੱਟਦਾ ਤੇ ਮੁਗਦਰ ਚੁੱਕਦਾ। ਹਾਕੀ ਦੀ ਗੇਂਦ ਮਿਲ ਜਾਂਦੀ ਤਾਂ ਉਹਦੇ ਨਾਲ ਡ੍ਰਿਬਲਿੰਗ ਕਰਦਾ।

ਗਿਆਰ੍ਹਵੀਂ ਵਿੱਚ ਮੈਂ ਕਾਲਜ ਤੁਰ ਕੇ ਜਾਂਦਾ ਰਿਹਾ। ਬਾਰ੍ਹਵੀਂ ਵਿੱਚ ਸਾਈਕਲ ਮਿਲ ਗਿਆ ਜੋ ਪੜ੍ਹਨੋਂ ਹਟੇ ਅਮਰ ਸਿੰਘ ਦਾ ਸੀ। ਮੈਂ ਦਿਨ ਢਲੇ ਪਿੰਡ ਪਰਤਦਾ ਤੇ ਰੋਟੀ ਖਾ ਕੇ ਫਿਰ ਘੁਲਾੜੀ `ਤੇ ਚਲਾ ਜਾਂਦਾ। ਰਹੁ ਪੀਣ ਨੂੰ ਦਿਲ ਕਰਦਾ ਤਾਂ ਰਹੁ ਪੀ ਲੈਂਦਾ ਪਰ ਗੰਡ `ਚੋਂ ਤੱਤਾ ਤੱਤਾ ਗੁੜ ਜ਼ਰੂਰ ਖਾਂਦਾ। ਉਥੇ ਵੇਲਣੇ ਵਾਧੂ ਪਏ ਹੁੰਦੇ ਜਿਨ੍ਹਾਂ ਨਾਲ ਅਸੀਂ ਜ਼ੋਰ ਅਜ਼ਮਾਈ ਕਰਦੇ। ਸ਼ਾਮ ਨੂੰ ਮੈਂ ਤੌੜੀ ਦਾ ਕੜ੍ਹਿਆ ਦੁੱਧ ਪੀਂਦਾ ਜਿਸ ਵਿੱਚ ਦੋ ਤਿੰਨ ਚਮਚੇ ਘਿਓ ਦੇ ਵੀ ਪਾ ਲੈਂਦਾ। ਕੱਚੀ ਸੜਕ ਦੇ ਇੱਕ ਬੰਨੇ ਮੇਰਾ ਛਾਲਾਂ ਲਾਉਣ ਲਈ ਅਖਾੜਾ ਪੁੱਟਿਆ ਹੋਇਆ ਸੀ। ਉਥੇ ਮੈਂ ਸੜਕ ਉਤੇ ਦੌੜਦਾ ਤੇ ਛਾਲਾਂ ਲਾਉਂਦਾ। ਕਹਿੰਦੇ ਸਨ ਕਿ ਉਹ ਕੱਚੀ ਸੜਕ ਮੁਲਤਾਨ ਤਕ ਜਾਂਦੀ ਸੀ। ਪਰ ਹੁਣ ਉਸ ਵਿੱਚ ਫਾਜ਼ਿਲਕਾ ਸ਼ਹਿਰ ਦਾ ਗੰਦਾ ਨਾਲਾ ਕੱਢ ਦਿੱਤਾ ਗਿਐ ਜਿਸ ਦੀ ਸੜ੍ਹਿਆਂਦ ਦੂਰ ਤਕ ਮਾਰਦੀ ਹੈ। ਪਿਛਲੀ ਵਾਰ ਮੈਂ ਕੋਠੇ ਗਿਆ ਤਾਂ ਵੇਖਿਆ ਕਿ ਉਸ ਪਾਸੇ ਡਿਫੈਂਸ ਦੇ ਬੰਨ੍ਹ ਉਸਰ ਗਏ ਸਨ ਤੇ ਪੁਰਾਣਾ ਨਕਸ਼ਾ ਹੀ ਬਦਲ ਗਿਆ ਸੀ। ਫਾਜ਼ਿਲਕਾ ਤੋਂ ਮੰਡੀ ਚਾਨਣਵਾਲੀ ਵਿੱਚ ਦੀ ਕਰਾਚੀ ਨੂੰ ਜਾਂਦੀ ਰੇਲਵੇ ਲਾਈਨ ਪੁੱਟੀ ਗਈ ਸੀ ਜਿਸ ਉਤੇ ਮੈਂ ਤੁਰਿਆ ਕਰਦਾ ਸਾਂ। ਕਦੇ ਇਸੇ ਲਾਈਨ ਉਤੇ ਸਾਡੇ ਬਜ਼ੁਰਗ ਬਹਾਵਲਪੁਰ ਦੇ ਚੱਕਾਂ ਨੂੰ ਜਾਇਆ ਕਰਦੇ ਸਨ।

ਉਦੋਂ ਆਰਟਸ ਦੇ ਮਜ਼ਮੂਨਾਂ ਦਾ ਮਾਧਿਅਮ ਹਿੰਦੂ ਵਿਦਿਆਰਥੀ ਹਿੰਦੀ ਰੱਖਦੇ ਸਨ ਤੇ ਸਿੱਖ ਮੁੰਡੇ ਪੰਜਾਬੀ। ਬੀ.ਏ.ਤਕ ਮੇਰੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਰਿਹਾ। ਪੰਜਾਬੀ ਸੂਬੇ ਦੀ ਮੰਗ ਕਾਰਨ ਜਿੰਨੇ ਤੁਅੱਸਵੀ ਹਿੰਦੂ ਪੰਜਾਬੀ ਤੋਂ ਦੂਰ ਹੋਏ ਸਨ ਉਨੇ ਹੀ ਸਿੱਖ ਪੰਜਾਬੀ ਦੇ ਹੋਰ ਨੇੜੇ ਹੋ ਗਏ ਸਨ। ਪੰਜਾਬੀ ਧਰਮ ਨਾਲ ਜੋੜ ਲਈ ਗਈ ਸੀ ਜੋ ਨਹੀਂ ਸੀ ਜੋੜਨੀ ਚਾਹੀਦੀ। ਪੋਲੀਟੀਕਲ ਸਾਇੰਸ ਦੇ ਇੱਕ ਸਿੱਖ ਪ੍ਰਫੈਸਰ ਨੂੰ ਆਪਣਾ ਮਜ਼ਮੂਨ ਹਿੰਦੀ ਵਿੱਚ ਨਹੀਂ ਸੀ ਪੜ੍ਹਾਉਣਾ ਆਉਂਦਾ। ਹਿੰਦੀ ਬੋਲਦਾ ਤਾਂ ਮਖੌਲ ਉਡਦਾ ਸੀ। ਉਹ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਹੀ ਪੜ੍ਹਾ ਸਕਦਾ ਸੀ। ਹਿੰਦੀ ਮਾਧਿਅਮ ਵਾਲੇ ਮੁੰਡੇ ਬਹੁਗਿਣਤੀ ਵਿੱਚ ਸਨ। ਉਹ ਪ੍ਰੋਫੈਸਰ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਸਨ ਕਿ ਸਾਨੂੰ ਤਾਂ ਜੀ ਹਿੰਦੀ ਵਿੱਚ ਈ ਪੜ੍ਹਾਓ। ਹਾਲਾਂ ਕਿ ਪੰਜਾਬੀ ਚੰਗੀ ਭਲੀ ਸਮਝਦੇ ਸਨ। ਇੱਕ ਦਿਨ ਸਾਡੇ ਨਾਲ ਦਾ ਭਾਊ ਕਮੀਜ਼ ਦੀਆਂ ਬਾਹਾਂ ਟੁੰਗ ਕੇ ਕਹਿਣ ਲੱਗਾ, “ਪ੍ਰੋਫੈਸਰ ਸਾਹਿਬ ਤੁਸੀਂ ਕੰਟੀਨ `ਚ ਚਾਹ ਪਾਣੀ ਪੀ ਆਓ। ਜੇ ਤਾਂ ਏਥੇ ਪੰਜਾਬੀ ਵਿੱਚ ਪੜ੍ਹਨ ਵਾਲੇ ਈ ਰਹਿਗੇ ਫੇਰ ਪੰਜਾਬੀ `ਚ ਪੜ੍ਹਾ ਦਿਓ ਨਹੀਂ ਫੇਰ ਔਖੇ ਸੌਖੇ ਹਿੰਦੀ ਸਿੱਖ ਲਿਓ!”

ਇਹ ਉਹੀ ਭਾਊ ਸੀ ਜੀਹਨੇ ਦੁਸਹਿਰੇ ਦੇ ਦਿਨੀਂ ਕਲਾਸ ਰੂਮ ਵਿੱਚ ਸੀਲਿੰਗ ਪੱਖਿਆਂ ਦੇ ਫਰਾਂ ਉਤੇ ਗਿੱਦੜਬਾਹੇ ਦੀ ਨਸਵਾਰ ਭੁੱਕ ਦਿੱਤੀ ਸੀ। ਜਦੋਂ ਪ੍ਰੋਫੈਸਰ ਨੇ ਪੱਖੇ ਚਲਵਾਏ ਤਾਂ ਨਸਵਾਰ ਸਾਰੇ ਕਮਰੇ ਵਿੱਚ ਖਿੰਡ ਗਈ। ਹਾਜ਼ਰੀ ਲਾਉਣ ਵੇਲੇ ‘ਯੈੱਸ ਸਰ’ ਕਹਿਣ ਦੀ ਥਾਂ ਸਾਰੇ ਨਿੱਛਾਂ ਈ ਮਾਰੀ ਜਾਣ। ਪ੍ਰੋਫੈਸਰ ਸਾਹਿਬ ਤੋਂ ਵੀ ਨਿੱਛਾਂ ਮਾਰਦਿਆਂ ਰੋਲ ਨੰਬਰ ਨਾ ਬੋਲੇ ਗਏ। ਹਾਜ਼ਰੀ ਦੀ ਥਾਂ ਪਈ ਨਿੱਛ ਉਤੇ ਨਿੱਛ ਵੱਜੀ ਜਾਵੇ! ਕਈ ਮਨਚਲੇ ਛਿੱਕਾਂ ਦੇ ਨਾਲ ਸੀਟੀਆਂ ਵਜਾਈ ਜਾਣ! !

ਦਿਵਾਲੀ ਦੇ ਦਿਨਾਂ ਵਿੱਚ ਭਾਊ ਨੇ ਬੈਂਚਾਂ ਹੇਠਾਂ ਗੱਠੇ ਪਟਾਕੇ ਰੱਖ ਦਿੱਤੇ। ਜਦੋਂ ਕੋਈ ਬੈਂਚ `ਤੇ ਬੈਠੇ ਤਾਂ ਭਾਰ ਨਾਲ ਪਟਾਕਾ ਚੱਲ ਜਾਵੇ। ਪਈ ਠਾਹ ਠੂਹ ਹੋਵੇ। ਇਓਂ ਉਸ ਨੇ ਕਾਲਜ ਦੇ ਕਮਰੇ ਵਿੱਚ ਈ ਚਾਂਦਮਾਰੀ ਕਰਵਾ ਦਿੱਤੀ। ਭਾਊ ਫਿੱਟਣੀਆਂ ਦਾ ਫੇਟ ਸੀ ਜਿਹੜਾ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦਾ ਸੀ। ਰਾਹ ਜਾਂਦਾ ਲੜਾਈ ਮੁੱਲ ਲੈ ਲੈਂਦਾ ਸੀ ਤੇ ਠਾਣੇ ਵੀ ਜਾਂਦਾ ਰਹਿੰਦਾ ਸੀ। ਪਤਾ ਨਹੀਂ ਹੁਣ ਉਹ ਕਿਥੇ ਹੋਵੇਗਾ ਤੇ ਉਹਦਾ ਕੀ ਹਾਲ ਹੋਵੇਗਾ? ਕਿਤੇ ਪੜ੍ਹਦਾ ਸੁਣਦਾ ਹੋਵੇ ਤਾਂ ਮੇਰੀ ਫਤਿਹ ਬੁਲਾਈ ਪਰਵਾਨ ਕਰੇ।

ਬੀ.ਏ.ਵਿੱਚ ਅੰਗਰੇਜ਼ੀ ਲਾਜ਼ਮੀ ਸੀ ਜਿਸ ਦੇ ਪੰਜਾਹ ਪੰਜਾਹ ਨੰਬਰਾਂ ਦੇ ਤਿੰਨ ਪਰਚੇ ਸਨ। ਡੇਢ ਸੌ ਨੰਬਰਾਂ ਦੇ ਦੋ ਪਰਚੇ ਪੰਜਾਬੀ ਦੇ ਸਨ ਤੇ ਡੇਢ ਸੌ ਦੇ ਈ ਦੋ ਪਰਚੇ ਰਾਜਨੀਤੀ ਸ਼ਾਸਤਰ ਦੇ ਸਨ। ਪੰਜਾਹ ਅੰਕ ਹਿੰਦੀ ਐਡੀਸ਼ਨਲ ਆਪਸ਼ਨਲ ਦੇ ਸਨ। ਅੰਗਰੇਜ਼ੀ ਦੀ ਸ਼ਾਰਦਾ ਗਾਈਡ ਦੋ ਹਜ਼ਾਰ ਤੋਂ ਵੱਧ ਸਫ਼ਿਆਂ ਦੀ ਸੀ। ਪ੍ਰੋਫੈਸਰਾਂ ਦੀ ਤਨਖਾਹ ਉਦੋਂ ਦੋ ਸੌ ਰੁਪਏ ਮਹੀਨਾ ਹੁੰਦੀ ਸੀ ਤੇ ਸਾਡੀ ਫੀਸ ਬਾਰਾਂ ਰੁਪਏ ਮਹੀਨਾ। ਸਾਰੇ ਮਜ਼ਮੂਨਾਂ ਦੀਆਂ ਕਿਤਾਬਾਂ ਕਾਪੀਆਂ ਚਾਲੀ ਪੰਜਾਹ ਰੁਪਿਆਂ `ਚ ਆ ਜਾਂਦੀਆਂ ਸਨ। ਉਹਨੀਂ ਦਿਨੀਂ ਹਦਾਇਤਨਾਮਾ ਖਾਵੰਦ, ਸਦਾ ਜਵਾਨੀ ਤੇ ਭੋਜਨ ਰਾਹੀਂ ਸਿਹਤ ਕਿਤਾਬਾਂ ਮੈਂ ਘੰਟਾ ਘਰ ਨੇੜਲੀ ਦੁਕਾਨ ਤੋਂ ਦੋ ਰੁਪਏ ਵਿੱਚ ਖਰੀਦੀਆਂ ਸਨ।

ਜਾਗ੍ਰਤੀ ਰਿਸਾਲਾ ਚਾਰ ਆਨੇ ਦਾ ਮਿਲਦਾ ਸੀ ਪਰ ਸੋਵੀਅਤ ਦੇਸ ਮੁਫ਼ਤ ਆਉਂਦਾ ਸੀ। ਪ੍ਰੀਤ ਲੜੀ ਸਭ ਤੋਂ ਵੱਧ ਵਿਕਦਾ ਸੀ। ‘ਪੰਜਾਬੀ ਦੁਨੀਆ’ ਦੀ ਕੀਮਤ ਅੱਠ ਆਨੇ ਸੀ। ਕਰਤਾਰ ਸਿੰਘ ਬਲੱਗਣ ਦਾ ਮੈਗਜ਼ੀਨ ‘ਕਵਿਤਾ’ ਵੀ ਪੜ੍ਹਨ ਨੂੰ ਮਿਲ ਜਾਂਦਾ ਸੀ। ਇਨ੍ਹਾਂ ਪਰਚਿਆਂ ਨੇ ਮੈਨੂੰ ਸਾਹਿਤ ਪੜ੍ਹਨ ਦੀ ਲਗਨ ਲਾਈ। ਚਾਹ ਦੀ ‘ਬਾਟੀ’ ਪੰਜ ਆਨੇ ਦੀ ਸੀ ਜੀਹਦੇ ਛੇ ਕੱਪ ਬਣਦੇ ਸਨ। ਮਲਾਈ ਵਾਲੀ ਮਿੱਠੀ ਲੱਸੀ ਦਾ ਕੰਗਣੀ ਵਾਲਾ ਗਲਾਸ ਚਾਰ ਆਨੇ ਦਾ ਸੀ ਜੀਹਦੇ `ਚ ਭੰਨੀ ਹੋਈ ਬਰਫ ਪਾਈ ਹੁੰਦੀ ਸੀ। ਚਾਹ ਨਾਲ ਗਾਹਕ ਪਾਈਆ ਪਾਈਆ ਬਰਫੀ ਆਮ ਖਾ ਜਾਂਦੇ ਸਨ। ਫਾਜ਼ਿਲਕਾ ਦੀ ਤਿੱਲੇਦਾਰ ਜੁੱਤੀ ਪੰਜ ਰੁਪਏ `ਚ ਆ ਜਾਂਦੀ ਸੀ ਜਿਹੜੀ ਹੁਣ ਪੰਜ ਸੌ ਤੋਂ ਉਤੇ ਹੈ। ਪੱਗ ਅਸੀਂ ਮਾਵੇ ਵਾਲੀ ਬੰਨ੍ਹਦੇ ਸਾਂ ਜੋ ਹਰ ਵਾਰ ਰੰਗਾਉਣੀ ਪੈਂਦੀ ਸੀ। ਭੰਗ ਦਾ ਪਕੌੜਾ ਇੱਕ ਆਨੇ ਦਾ ਇੱਕ ਸੀ।

ਭੰਗ ਦੇ ਪਕੌੜਿਆਂ ਦਾ ਸ਼ਾਇਦ ਮੈਨੂੰ ਪਤਾ ਨਾ ਲੱਗਦਾ ਜੇ ਅਸੀਂ ਪੰਜਾਬੀ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਨਾ ਕਰਵਾਉਂਦੇ। ਅਸੀਂ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਸੁਰਜੀਤ ਰਾਮਪੁਰੀ ਤੇ ਗੁਰਚਰਨ ਰਾਮਪੁਰੀ ਤਕ ਪੰਦਰਾਂ ਕੁ ਕਵੀ ਕਾਲਜ ਵਿੱਚ ਸੱਦੇ ਸਨ। ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਕਵੀ ਦਰਬਾਰ ਦੀ ਪਰਧਾਨਗੀ ਕਰਨੀ ਸੀ। ਅਸੀਂ ਕਵੀ ਦਰਬਾਰ ਲਈ ਪੈਸੇ `ਕੱਠੇ ਕਰਨ ਤੁਰੇ ਤਾਂ ਬਲਕਾਰ ਭੱਟੀ ਕਹਿਣ ਲੱਗਾ, “ਪਹਿਲਾਂ ਭੰਗ ਦੇ ਪਕੌੜੇ ਖਾ ਲਈਏ ਫਿਰ ਨਸ਼ੇ `ਚ ਢੀਠ ਜੇ ਹੋ ਕੇ ਮੰਗੀ ਜਾਵਾਂਗੇ।” ਉਹੀ ਗੱਲ ਹੋਈ। ਅਸੀਂ ਢੀਠ ਹੋਏ ਉਦੋਂ ਤਕ ਮੰਗਣੋ ਨਾ ਹਟਦੇ ਜਦੋਂ ਤਕ ਅਗਲਾ ਪੰਜ ਦਸ ਰੁਪਏ ਦੇ ਕੇ ਖਹਿੜਾ ਨਾ ਛੁਡਾਉਂਦਾ।

ਮੈਨੂੰ ਭੰਗ ਕੁੱਝ ਵਧੇਰੇ ਹੀ ਚੜ੍ਹ ਗਈ ਤੇ ਮੈਂ ਮੰਗਣਾ ਛੱਡ ਕੇ ਹੱਸਣ ਲੱਗ ਪਿਆ। ਜਦੋਂ ਮੈਂ ਹੱਸਣੋਂ ਨਾ ਹਟਿਆ ਤਾਂ ਨਾਲ ਦਿਆਂ ਨੇ ਮੈਨੂੰ ਪਿੰਡ ਵੱਲ ਨੂੰ ਤੋਰ ਦਿੱਤਾ। ਮੈਂ ਕੁਛ ਵਾਟ ਤਾਂ ਸਾਈਕਲ ਉਤੇ ਚੜ੍ਹ ਕੇ ਗਿਆ ਤੇ ਫਿਰ ਸਾਈਕਲ ਮੋਢੇ ਉਤੇ ਟੰਗ ਕੇ ਘਰ ਪਹੁੰਚਿਆ। ਘਰ ਜਾ ਕੇ ਧਰਤੀ ਮੇਰੇ ਆਲੇ ਦੁਆਲੇ ਘੁੰਮਣ ਲੱਗੀ। ਰੋਟੀ ਉਤੇ ਰੋਟੀ ਰਖਾਈ ਜਾਵਾਂ ਪਰ ਖਾਧੀ ਕੋਈ ਵੀ ਨਾ ਜਾਵੇ। ਰਾਤ ਨੂੰ ਬਿਸਤਰੇ `ਚ ਪਿਆਂ ਵੀ ਲੱਗੀ ਜਾਵੇ ਜਿਵੇਂ ਖੁਰਲੀ `ਚ ਪਿਆ ਹੋਵਾਂ। ਮੰਜਾ ਜਿਵੇਂ ਮੈਨੂੰ ਕੋਈ ਉਤਾਂਹ ਨੂੰ ਉਡਾਈ ਜਾਂਦਾ ਹੋਵੇ ਤੇ ਫਿਰ ਅੱਧ ਅਸਮਾਨੋਂ ਭੁੰਜੇ ਸੁੱਟ ਰਿਹਾ ਹੋਵੇ। ਭੰਗ ਦਾ ਨਜ਼ਾਰਾ ਮੈਂ ਪਹਿਲੀ ਵਾਰ ਵੇਖ ਰਿਹਾ ਸਾਂ। ਉਸ ਤੋਂ ਬਾਅਦ ਮੈਂ ਕਦੇ ਭੰਗ ਦੇ ਪਕੌੜੇ ਨਹੀਂ ਖਾਧੇ ਹਾਲਾਂ ਕਿ ਤਖਤੂਪੁਰੇ ਦੇ ਮੇਲੇ `ਚ ਇੱਕ ਨਿਹੰਗ ਇੱਕ ਰੁਪਏ ਦੇ ਪਕੌੜੇ ਨਾਲ ਡੁਬਈ ਪੁਚਾ ਰਿਹਾ ਸੀ!

ਮੈਂ ਗਿਅ੍ਹਾਰਵੀਂ `ਚ ਪੜ੍ਹਦਾ ਸਾਂ ਜਦੋਂ ਮੈੱਲਬੌਰਨ ਦੀਆਂ ਓਲੰਪਿਕ ਖੇਡਾਂ ਹੋਈਆਂ। ਖੇਡਾਂ ਦੇ ਨਤੀਜੇ ਮੈਂ ਟ੍ਰਿਬਿਊਨ `ਚੋਂ ਪੜ੍ਹਦਾ ਤੇ ਤਸਵੀਰਾਂ ਇਲੱਸਟ੍ਰੇਟਿਵ ਵੀਕਲੀ `ਚ ਵੇਖਦਾ। ਕਾਲਜ ਦੀ ਲਾਇਬ੍ਰੇਰੀ `ਚੋਂ ਪਹਿਲੀ ਪੁਸਤਕ ਮੈਂ ਬੀਰ ਸਿੰਘ ਦੀ ਲਿਖੀ ‘ਮੁਲਕ ਮਾਹੀ ਦਾ ਵੱਸੇ’ ਪੜ੍ਹੀ ਸੀ। ਭਾਈ ਵੀਰ ਸਿੰਘ ਹੋਰ ਸੀ ਜੀਹਦਾ ਨਾਵਲ ਸੁੰਦਰੀ ਪੜ੍ਹਿਆ। ਫਿਰ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹ ਧਰੇ। ਹਾਲਾਂ ਕਿ ਸਾਰੇ ਪੜ੍ਹਨ ਦੀ ਲੋੜ ਨਹੀਂ ਸੀ। ਉਹਨੀਂ ਦਿਨੀਂ ਕਾਲਜ ਦੀ ਲਾਇਬ੍ਰੇਰੀ ਵਿੱਚ ਪੰਜਾਬੀ ਦੀਆਂ ਕਿਤਾਬਾਂ ਦੀ ਇਕੋ ਅਲਮਾਰੀ ਸੀ ਜੋ ਮੈਂ ਸਾਰੀ ਪੜ੍ਹ ਲਈ। ਮੈਨੂੰ ਸਭ ਤੋਂ ਵੱਧ ਕੰਵਲ ਦੇ ਨਾਵਲ ‘ਪੂਰਨਮਾਸ਼ੀ’ ਨੇ ਪ੍ਰਭਾਵਿਤ ਕੀਤਾ। ਉਹਦੇ ਕਈ ਪੈਰੇ ਮੈਨੂੰ ਮੂੰਹ ਜ਼ਬਾਨੀ ਯਾਦ ਹੋ ਗਏ। ਹਲ ਵਾਹੁੰਦੇ ਜਗੀਰ ਹੋਰਾਂ ਦੀ ਵਾਰਤਾਲਾਪ ਮੈਂ ਅੱਜ ਵੀ ਸੁਣਾ ਸਕਦਾਂ।

ਸਾਡੇ ਪੰਜਾਬੀ ਦੇ ਸਿਲੇਬਸ ਵਿੱਚ ਹਰੀ ਸਿੰਘ ਦਿਲਬਰ ਦੀ ਕਿਤਾਬ ਹਿਲੂਣੇ, ਲਾਲ ਸਿੰਘ ਕਮਲਾ ਅਕਾਲੀ ਦੀ ਮਨ ਦੀ ਮੌਜ, ਨਰਿੰਦਰਪਾਲ ਸਿੰਘ ਦੀ ਇੱਕ ਰਾਹ ਇੱਕ ਪੜਾਅ, ਗੁਰਬਖ਼ਸ਼ ਸਿੰਘ ਦੀ ਜ਼ਿੰਦਗੀ ਦੀ ਰਾਸ, ਵਾਰ ਸ਼ਾਹ ਮੁਹੰਮਦ, ਕਾਵਿ ਸੰਗ੍ਰਹਿ ਪੁਰਾਣਾ ਮਾਖਿਓਂ ਤੇ ਕਰਤਾਰ ਸਿੰਘ ਦੁੱਗਲ ਦੀਆਂ ਪੁਸਤਕਾਂ ਮਿੱਠਾ ਪਾਣੀ ਤੇ ਕਰਾਮਾਤ ਸਨ। ਉਹਨੀਂ ਦਿਨੀਂ ਖੇਡਾਂ ਤੇ ਖਿਡਾਰੀਆਂ ਬਾਰੇ ਮੈਨੂੰ ਕੋਈ ਕਿਤਾਬ ਪੜ੍ਹਨ ਨੂੰ ਨਹੀਂ ਮਿਲੀ। ਮਿਲ ਜਾਂਦੀ ਤਾਂ ਮੂੰਹ ਜ਼ੁਬਾਨੀ ਯਾਦ ਹੋ ਜਾਂਦੀ। ਫਿਲਮਾਂ ਦੇ ਕਈ ਗਾਣੇ ਮੈਨੂੰ ਜ਼ੁਬਾਨੀ ਯਾਦ ਹੋ ਗਏ ਸਨ। ਸਿਨਮੇ ਦੀ ਟਿਕਟ ਪੰਜ ਆਨੇ ਤੇ ਦਸ ਆਨੇ ਦੀ ਸੀ। ਜਦੋਂ ਕੋਈ ਪੰਜਾਬੀ ਦੀ ਫਿਲਮ ਲੱਗਦੀ ਤਾਂ ਮੈਂ ਚੋਰੀ ਛਿੱਪੇ ਜ਼ਰੂਰ ਵੇਖਦਾ। ਉਨ੍ਹੀਂ ਦਿਨੀਂ ਪਾਕਿਸਤਾਨ ਦੀਆਂ ਪੰਜਾਬੀ ਫਿਲਮਾਂ ਫਾਜ਼ਿਲਕਾ ਦੇ ਰਾਜਾ ਥੇਟਰ `ਚ ਆਮ ਈ ਲੱਗਦੀਆਂ ਸਨ। ਕਦੇ ਯੱਕੇ ਵਾਲੀ, ਕਦੇ ਮਾਹੀ ਮੁੰਡਾ, ਕਦੇ ਹੀਰ ਰਾਂਝਾ ਤੇ ਕਦੇ ਦੁੱਲਾ ਭੱਟੀ। ਪੰਜਾਬੀ ਫਿਲਮਾਂ ਵੇਖ ਕੇ ਮੈਂ ਕੁੜਤਾ ਪਾਉਣ ਤੇ ਚਾਦਰਾ ਲਾਉਣ ਦਾ ਸ਼ੁਕੀਨ ਹੋ ਗਿਆ ਸਾਂ। ਚਾਦਰਾ ਤਾਂ ਮੈਂ ਪ੍ਰਿੰਸੀਪਲ ਬਣਨ ਤਕ ਵੀ ਬੰਨ੍ਹਦਾ ਰਿਹਾਂ। ਚਾਦਰੇ ਜਿੰਨੀ ਮੌਜ ਪਤਲੂਣਾਂ ਪਜਾਮਿਆਂ `ਚ ਨਹੀਂ।

ਕਾਲਜ ਦੇ ਪਿਛਵਾੜੇ ਖੇਡਣ ਵਾਲਾ ਰੜਾ ਮੈਦਾਨ ਸੀ। ਮੈਦਾਨ ਦੇ ਚੜ੍ਹਦੇ ਪਾਸੇ ਹਾਕੀ ਖੇਡੀ ਜਾਂਦੀ ਤੇ ਛਿਪਦੇ ਪਾਸੇ ਫੁਟਬਾਲ। ਉਥੇ ਹੀ ਚਾਰ ਸੌ ਮੀਟਰ ਦਾ ਟਰੈਕ ਲੱਗ ਜਾਂਦਾ ਜਿਸ ਉਤੇ ਸਾਲਾਨਾ ਅਥਲੈਟਿਕ ਮੀਟ ਹੁੰਦੀ ਸੀ। ਟਰੈਕ `ਤੇ ਹੀ ਸਾਈਕਲ ਦੌੜਾਏ ਜਾਂਦੇ। ਮੈਂ ਸਾਈਕਲ ਦੌੜ ਵਿੱਚ ਵੀ ਫਸਟ ਆਇਆ ਸਾਂ ਹਾਲਾਂ ਕਿ ਸਾਈਕਲ ਮੈਨੂੰ ਬਾਰ੍ਹਵੀਂ `ਚ ਮਿਲਿਆ ਸੀ। ਮੈਂ ਸੁਲੇਮਾਨਕੀ ਸੜਕ ਉਤੇ ਸਾਈਕਲ ਦੌੜਾਉਣ ਦੀ ਪ੍ਰੈਕਟਿਸ ਕਰਦਾ। ਸੜਕ `ਤੇ ਜਾਂਦੇ ਕਿਸੇ ਸਾਈਕਲ ਸਵਾਰ ਨੂੰ ਉਕਸਾ ਲੈਂਦਾ ਤੇ ਉਹਦੇ ਬਰਾਬਰ ਸਾਈਕਲ ਦੌੜਾਉਣ ਲੱਗਦਾ। ਜਦੋਂ ਹੰਭਣ ਹਾਰਨ ਲੱਗਦਾ ਤਾਂ ਰਤਾ ਕੁ ਅੱਗੇ ਨਿਕਲ ਕੇ ਸਾਈਕਲ ਸੱਜੇ ਹੱਥ ਮੋੜ ਲੈਂਦਾ। ਪੱਕੀ ਸੜਕ ਤੋਂ ਕੋਠੇ ਨੂੰ ਤਿੰਨ ਰਾਹ ਮੁੜਦੇ ਸਨ। ਹਾਰਨ ਤੋਂ ਪਹਿਲਾਂ ਹੀ ਮੈਂ ਨੇੜੇ ਆਏ ਰਾਹ ਮੁੜ ਪੈਂਦਾ। ਜੇ ਮੁਕਾਬਲਾ ਕਰਨ ਵਾਲਾ ਪਿੱਛੇ ਰਹਿੰਦਾ ਦਿਸਦਾ ਤਾਂ ਤਿੰਨ ਮੀਲ ਦੂਰ ਜਾ ਕੇ ਕਬੂਲਸ਼ਾਹ ਦੇ ਝੁੱਗਿਆਂ ਕੋਲੋਂ ਮੁੜਦਾ। ਇਸ ਚਾਲ ਨਾਲ ਮੇਰੀ ਪ੍ਰੈਕਟਿਸ ਵੀ ਹੋ ਜਾਂਦੀ ਤੇ ਮੈਂ ਹਾਰਨ ਤੋਂ ਵੀ ਬਚਿਆ ਰਹਿੰਦਾ।

Additional Info

  • Writings Type:: A single wirting
Read 3215 times Last modified on Tuesday, 13 October 2009 17:55
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।