ਲੇਖ਼ਕ

Tuesday, 13 October 2009 09:54

14 - ਅੰਮ੍ਰਿਤਸਰ ਦੀ ਥਾਂ ਦਿੱਲੀ

Written by
Rate this item
(0 votes)

ਪੰਜਾਬੀ ਦੀ ਐੱਮ.ਏ.ਕਰਨ ਲਈ ਘਰੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਚੱਲਿਆ ਸਾਂ ਪਰ ਜਾ ਪੁੱਜਾ ਖਾਲਸਾ ਕਾਲਜ ਦਿੱਲੀ। ਮੇਰੇ ਕੈਰੀਅਰ ਵਿੱਚ ਅਚਾਨਕ ਮੋੜ ਆ ਜਾਂਦੇ ਰਹੇ। ਫੌਜ `ਚ ਭਰਤੀ ਹੁੰਦਾ ਹੁੰਦਾ ਮੈਂ ਪਟਿਆਲੇ ਐੱਮ.ਏ.ਕਰਨ ਚੱਲ ਪਿਆ ਸਾਂ ਤੇ ਪਟਿਆਲੇ ਜਾਂਦਾ ਜਾਂਦਾ ਮੁਕਤਸਰ ਬੀ.ਐੱਡ ਕਰਨ ਰੁਕ ਗਿਆ ਸਾਂ। ਬੀ.ਐੱਡ ਕਰ ਕੇ ਕਾਲਜ ਤੇ ਯੂਨੀਵਰਸਿਟੀ ਵੱਲੋਂ ਖੇਡਣ ਲਈ ਮੈਂ ਰੈਗੂਲਰ ਵਿਦਿਆਰਥੀ ਦੇ ਤੌਰ `ਤੇ ਐੱਮ.ਏ.ਕਰਨੀ ਚਾਹੁੰਦਾ ਸਾਂ। ਚੋਣ ਫਿਰ ਪਟਿਆਲੇ ਤੇ ਅੰਮ੍ਰਿਤਸਰ ਵਿਚਾਲੇ ਸੀ। ਪਹਿਲਾਂ ਇਹ ਦੱਸ ਦੇਵਾਂ ਕਿ ਮੈਂ ਪਟਿਆਲੇ ਦੀ ਥਾਂ ਅੰਮ੍ਰਿਤਸਰ ਨੂੰ ਪਹਿਲ ਕਿਉਂ ਦਿੱਤੀ?

ਮਈ 1962 ਵਿੱਚ ਪੰਜਾਬ ਯੂਨੀਵਰਸਿਟੀ ਦਾ ਇੱਕ ਕੋਚਿੰਗ ਕੈਂਪ ਲੱਡਾ ਕੋਠੀ ਲੱਗਾ। ਉਥੇ ਮੈਂ ਹਾਕੀ ਦੀ ਥਾਂ ਅਥਲੈਟਿਕਸ ਦੀ ਕੋਚਿੰਗ ਲੈਣ ਗਿਆ। ਲੱਡਾ ਕੋਠੀ ਧੂਰੀ ਤੇ ਸੰਗਰੂਰ ਦੇ ਵਿਚਾਲੇ ਬੜੀ ਰਮਣੀਕ ਜਗ੍ਹਾ ਹੈ। ਕਦੇ ਉਹ ਰਾਜੇ ਮਹਾਰਾਜਿਆਂ ਦੀ ਆਰਾਮਗਾਹ ਸੀ। ਕੰਪਲੈਕਸ ਦੇ ਵਿਚਕਾਰ ਦੀ ਨਹਿਰ ਲੰਘਦੀ ਹੈ। ਇੱਕ ਪਾਸੇ ਰਹਾਇਸ਼ੀ ਕਮਰੇ ਹਨ ਤੇ ਦੂਜੇ ਪਾਸੇ ਖੁੱਲ੍ਹੇ ਖੇਡ ਮੈਦਾਨ। ਇਹ ਆਫ਼ ਸੀਜ਼ਨ ਦਾ ਕੋਚਿੰਗ ਕੈਂਪ ਸੀ ਇਸ ਲਈ ਕਰਾਸ ਕੰਟਰੀਆਂ ਵਧੇਰੇ ਲੱਗਦੀਆਂ ਸਨ। ਅਸੀਂ ਪਿੰਡ ਲੱਡੇ ਦੀਆਂ ਨਿਆਈਂਆਂ ਵਿੱਚ ਦੀ ਦੌੜਦੇ ਹੋਏ ਮਸਤੂਆਣੇ ਵੱਲ ਨਿਕਲ ਜਾਂਦੇ। ਪਾਥੀਆਂ ਪੱਥਦੀਆਂ ਕੁੜੀਆਂ ਖੜ੍ਹੀਆਂ ਹੋ ਕੇ ਦੌੜਦੇ ਮੁੰਡਿਆਂ ਨੂੰ ਵੇਖਦੀਆਂ। ਅਸੀਂ ਵੀ ਟੇਢਾ ਟੇਢਾ ਝਾਕਦੇ। ਬਜ਼ੁਰਗ ਮੱਥਿਆਂ `ਤੇ ਹੱਥਾਂ ਦਾ ਉਹਲਾ ਜਿਹਾ ਬਣਾ ਕੇ ਦੂਰ ਤਕ ਵੇਖਦੇ ਰਹਿੰਦੇ। ਉਹ ਸੋਚਦੇ ਬਈ ਇਹਨਾਂ ਨੂੰ ਕੀ ਬਣੀ? ਕਿਤੇ ਇਹਨਾਂ ਮਗਰ ਪੁਲਿਸ ਈ ਨਾ ਲੱਗੀ ਹੋਵੇ! ਨਹੀਂ ਤਾਂ ਕੌਣ ਡੰਡੀਆਂ ਤੇ ਪਹਿਆਂ ਵਿੱਚ ਦੌੜਦਾ?

ਕਿਤੇ ਕਿਤੇ ਕੁੱਤੇ ਵੀ ਭੌਂਕਦੇ। ਉਨ੍ਹਾਂ ਦੇ ਭੌਂਕਣ ਦਾ ਇੱਕ ਕਾਰਨ ਸਾਡੇ ਰੰਗ ਬਰੰਗੇ ਕੱਛੇ ਹੁੰਦਾ। ਰੰਗ ਬਰੰਗੀਆਂ ਧਾਰੀਆਂ ਵਾਲੇ ਕੱਛੇ ਤੇ ਬੁਨੈਣਾਂ ਉਤੇ ਕਾਲਜਾਂ ਦੇ ਨਾਵਾਂ ਵਾਲੇ ਠੱਪਿਆਂ ਨਾਲ ਅਸੀਂ ਲੱਗਦੇ ਵੀ ਬਾਜ਼ੀਗਰਨੀਆਂ ਵਰਗੇ ਸਾਂ। ਜੇ ਕੁੱਤੇ ਨਾ ਭੌਂਕਦੇ ਤਾਂ ਕਈ ਮੁੰਡੇ ਆਪ ਈ ਭੌਂਕ ਪੈਂਦੇ। ਮੱਛਰੀ ਮੁੰਡ੍ਹੀਰ ਦਾ ਕੀ ਸੀ? ਉਂਜ ਵੀ ਮੁੰਡ੍ਹੀਰ ਤੇ ਕੁਤ੍ਹੀੜ ਇਕੋ ਜਿਹੀ ਹੁੰਦੀ ਹੈ। ਕੋਚਿੰਗ ਕੈਂਪ ਦੇ ਅਖੀਰਲੇ ਦਿਨ ਟਰਾਇਲ ਹੋਏ। ਮੈਂ ਗੋਲਾ ਤੇ ਡਿਸਕਸ ਸੁੱਟਣ `ਚ ਫਸਟ ਆ ਗਿਆ। ਫਸਟ ਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਚੈਂਪੀਅਨ ਸੁਟਾਵੇ ਕੈਂਪ ਵਿੱਚ ਨਹੀਂ ਸੀ ਆਏ। ਅੰਮ੍ਰਿਤਸਰ ਦੇ ਖਾਲਸਾ ਕਾਲਜ ਦਾ ਡੀ.ਪੀ.ਈ.ਉਥੇ ਆਇਆ ਹੋਇਆ ਸੀ। ਮੈਨੂੰ ਫਸਟ ਆਇਆ ਵੇਖ ਕੇ ਉਸ ਨੇ ਮੈਨੂੰ ਅੱਗੇ ਪੜ੍ਹਨ ਬਾਰੇ ਪੁੱਛਿਆ। ਮੈਂ ਐੱਮ.ਏ.ਕਰਨ ਦੀ ਇੱਛਾ ਦੱਸੀ ਤਾਂ ਉਸ ਨੇ ਕਿਹਾ, “ਤੂੰ ਸਾਡੇ ਕਾਲਜ ਵਿੱਚ ਆ ਜਾ, ਤੇਰੀ ਫੀਸ ਤੇ ਹੋਸਟਲ ਦਾ ਖਰਚਾ ਮੁਆਫ਼ ਹੋਵੇਗਾ।”

ਮੈਨੂੰ ਹੋਰ ਕੀ ਚਾਹੀਦਾ ਸੀ? ਮੈਂ ਫਾਜ਼ਿਲਕਾ ਤੇ ਮੁਕਤਸਰ ਦੋਹਾਂ ਕਾਲਜਾਂ ਦਾ ਵਧੀਆ ਅਥਲੀਟ ਸਾਂ ਪਰ ਉਥੇ ਮੇਰੀ ਫੀਸ ਵੀ ਮੁਆਫ਼ ਨਹੀਂ ਸੀ ਹੋਈ। ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਮੁਫ਼ਤ ਪੜ੍ਹਾਈ ਦੀ ਪੇਸ਼ਕਸ਼ ਬਹੁਤ ਵੱਡੀ ਸੀ। ਸੁਣਿਆ ਹੋਇਆ ਸੀ ਕਿ ਉਥੇ ਤਾਂ ਖਿਡਾਰੀਆਂ ਨੂੰ ਦੁੱਧ ਤੇ ਆਂਡੇ ਵੀ ਮਿਲਦੇ ਸਨ। ਟਰੈਕ ਸੂਟ ਤੇ ਦੌੜਨ ਵਾਲੇ ਬੂਟ ਵੀ ਦਿੱਤੇ ਜਾਂਦੇ ਸਨ। ਕਿਸੇ ਦਾ ਇਹ ਕਿਹਾ ਵੀ ਚੇਤੇ ਆਇਆ ਕਿ ਅੰਬਰਸਰ ਦਾ ਤਾਂ ਪਾਣੀ ਹੀ ਘਿਓ ਵਰਗੈ। ਕਈ ਗੱਲਾਂ ਸਨ ਜਿਨ੍ਹਾਂ ਕਰਕੇ ਮੈਂ ਪਟਿਆਲੇ ਦੀ ਥਾਂ ਅੰਮ੍ਰਿਤਸਰ ਪੜ੍ਹਨ ਨੂੰ ਪਹਿਲ ਦਿੱਤੀ।

ਅੱਠ ਜੁਲਾਈ 1962 ਦਾ ਦਿਨ ਸੀ ਯਾਨੀ ਕਿ ਮੇਰਾ 22ਵਾਂ ਜਨਮ ਦਿਨ। ਮੈਂ ਆਪਣੇ ਪਿੰਡ ਚਕਰ ਹੀ ਸਾਂ। ਉਦੋਂ ਸਾਡੇ ਘਰਾਂ `ਚ ਜਨਮ ਦਿਨ ਮਨਾਉਣ ਦਾ ਰਿਵਾਜ ਨਹੀਂ ਸੀ ਤੁਰਿਆ। ਜਨਮ ਦਿਨ ਮਨਾਉਣਾ ਤਾਂ ਇੱਕ ਪਾਸੇ ਰਿਹਾ ਬਹੁਤਿਆਂ ਨੂੰ ਜਨਮ ਦਿਨ ਦਾ ਪਤਾ ਹੀ ਨਹੀਂ ਸੀ ਹੁੰਦਾ। ਮੇਰਾ ਵੀ ਕਿਹੜਾ ਪੱਕਾ ਪਤੈ ਕਿ ਅੱਠ ਜੁਲਾਈ ਹੀ ਹੈ। ਪਿੰਡ ਦੇ ਚੌਕੀਦਾਰ ਨੇ ਅਟੇ ਸਟੇ ਨਾਲ ਜਿਹੜੀ ਤਰੀਕ ਲਿਖਾ ਦਿੱਤੀ ਉਹੀ ਮੇਰਾ ਜਨਮ ਦਿਨ ਬਣ ਗਿਆ!

ਮੇਰਾ ਵੱਡਾ ਭਰਾ ਸਾਈਕਲ ਉਤੇ ਮੈਨੂੰ ਬੱਧਨੀ ਤੋਂ ਬੱਸ ਚੜ੍ਹਾਉਣ ਚੱਲਿਆ। ਅਗਾਂਹ ਮੈਂ ਮੋਗੇ ਤੋਂ ਅੰਮ੍ਰਿਤਸਰ ਨੂੰ ਬੱਸ ਫੜਨੀ ਸੀ। ਮੇਰੇ ਕੋਲ ਸਰਟੀਫਿਕੇਟ ਤੇ ਦਾਖਲੇ ਜੋਗੇ ਪੈਸੇ ਸਨ। ਸਾਈਕਲ ਅਜੇ ਲੋਪੋਂ ਨਹੀਂ ਸੀ ਲੰਘਿਆ ਕਿ ਟਾਇਰ ਦਾ ਪਟਾਕਾ ਪੈ ਗਿਆ। ਭਰਾ ਸਾਈਕਲ ਮੋੜ ਕੇ ਪਿੰਡ ਲੈ ਗਿਆ ਤੇ ਮੈਂ ਤਿੰਨ ਮੀਲ ਤੁਰ ਕੇ ਬੱਧਨੀ ਤੋਂ ਬੱਸ ਜਾ ਚੜ੍ਹਿਆ। ਬਾਰਸ਼ਾਂ ਦੇ ਦਿਨ ਸਨ ਜਿਸ ਕਰਕੇ ਥਾਓਂ ਥਾਈਂ ਪਾਣੀ ਖੜ੍ਹਾ ਸੀ। ਸਾਡੀ ਬੱਸ ਡਾਲੇ ਤੇ ਬੁੱਘੀਪੁਰੇ ਦੇ ਵਿਚਾਲੇ ਖੁੱਭ ਗਈ। ਸਵਾਰੀਆਂ ਨੇ ਹੇਠਾਂ ਉਤਰ ਕੇ ਬਥੇਰੇ ਧੱਕੇ ਲਾਏ ਪਰ ਉਹ ਹੋਰ ਵੀ ਖੁੱਭਦੀ ਗਈ। ਓਦੋਂ ਉਸ ਰੂਟ ਉਤੇ ਦੋ ਘੰਟਿਆਂ ਬਾਅਦ ਬੱਸ ਚਲਦੀ ਸੀ। ਪਿੱਛੋਂ ਕੋਈ ਬੱਸ ਨਾ ਆਈ। ਬੱਸ ਨੂੰ ਕੱਢਦਿਆਂ ਕਢਾਉਂਦਿਆਂ ਬਹੁਤ ਦੇਰ ਲੱਗ ਗਈ ਤੇ ਜਦੋਂ ਬੱਸ ਮੋਗੇ ਪੁੱਜੀ ਤਾਂ ਅੰਮ੍ਰਿਤਸਰ ਜਾਣ ਵਾਲੀ ਆਖਰੀ ਬੱਸ ਵੀ ਜਾ ਚੁੱਕੀ ਸੀ। ਮੋਗੇ ਮੇਰੀ ਕੋਈ ਠਾਹਰ ਨਹੀਂ ਸੀ। ਮੈਂ ਜਾਂਦਾ ਤਾਂ ਕਿਥੇ ਜਾਂਦਾ?

ਸਾਡੇ ਘਰ ਸੋਵੀਅਤ ਦੇਸ ਰਸਾਲਾ ਆਇਆ ਕਰਦਾ ਸੀ। ਉਹਦੇ ਵਿੱਚ ਰੂਸ ਦੀਆਂ ਤਸਵੀਰਾਂ ਛਪੀਆਂ ਹੁੰਦੀਆਂ ਸਨ ਤੇ ਹੇਠਾਂ ਲਿਖਿਆ ਹੁੰਦਾ ਸੀ-ਮਾਸਕੋ ਦੇ ਲਾਲ ਚੌਂਕ ਵਿਚ। ਕਿਸੇ ਥਾਂ ਲਿਖਿਆ ਹੁੰਦਾ ਸੀ-ਰਾਜਧਾਨੀ ਦੀਆਂ ਸੜਕਾਂ `ਤੇ। ਮੈਂ ਅਜੇ ਤਕ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵੀ ਨਹੀਂ ਸੀ ਵੇਖੀ। ਰਾਜਧਾਨੀ ਵੇਖਣ ਦੀ ਇੱਛਾ ਜ਼ਰੂਰ ਸੀ ਪਰ ਕੋਈ ਬਿਧ ਨਹੀਂ ਸੀ ਬਣੀ। ਖੜ੍ਹਾ ਖੜ੍ਹਾ ਮੈਂ ਸੋਚਣ ਲੱਗਾ, “ਮਨਾਂ ਜੇ ਅੱਜ ਦਿੱਲੀ ਨੂੰ ਗੱਡੀ ਚੜ੍ਹ ਚੱਲਾਂ ਤਾਂ ਰਾਤ ਵੀ ਕੱਟੀ ਜਾਵੇਗੀ ਤੇ ਰਾਜਧਾਨੀ ਵੀ ਵੇਖੀ ਜਾਵੇਗੀ। ਲਾਲ ਚੌਂਕ ਨਾ ਸਹੀ ਲਾਲ ਕਿਲਾ ਹੀ ਸਹੀ।”

ਇਸ ਸੋਚ ਨੂੰ ਇਸ ਕਰਕੇ ਵੀ ਹੁੰਗਾਰਾ ਮਿਲ ਗਿਆ ਕਿ ਇੱਕ ਦਿਨ ਬੀ.ਐੱਡ.ਵਾਲੇ ਪੰਜਾਬੀ ਦੇ ਪ੍ਰੋਫੈਸਰ ਕੋਛੜ ਨੇ ਸਾਨੂੰ ਦੱਸਿਆ ਸੀ ਪਈ ਦਿੱਲੀ ਦੇ ਖਾਲਸਾ ਕਾਲਜ ਵਿੱਚ ਵੀ ਪੰਜਾਬੀ ਦੀ ਐੱਮ.ਏ.ਕਰਾਈ ਜਾਂਦੀ ਹੈ। ਪੈਸੇ ਤੇ ਸਰਟੀਫਿਕੇਟ ਮੇਰੇ ਕੋਲ ਸਨ। ਮਨ ਨੇ ਕਿਹਾ, “ਚੱਲ ਖਾਲਸਾ ਕਾਲਜ ਦਿੱਲੀ ਦਾ ਈ ਗੇੜਾ ਮਾਰ ਆਉਨੇ ਆਂ। ਕੋਈ ਪੁੱਛੇਗਾ ਤਾਂ ਆਖਾਂਗਾ ਦਾਖਲੇ ਦਾ ਪਤਾ ਕਰਨ ਗਿਆ ਸੀ।”

ਦਿੱਲੀ ਜਾਣ ਲਈ ਰੇਲ ਗੱਡੀ ਲੁਧਿਆਣੇ ਤੋਂ ਵੀ ਫੜੀ ਜਾ ਸਕਦੀ ਸੀ ਤੇ ਕੋਟਕਪੂਰੇ ਜਾ ਕੇ ਵੀ ਚੜ੍ਹਿਆ ਜਾ ਸਕਦਾ ਸੀ। ਬੱਸਾਂ ਦੋਹੀਂ ਪਾਸੀਂ ਜਾਣ ਲਈ ਤਿਆਰ ਸਨ। ਮੈਂ ਸੋਚੀਂ ਪੈ ਗਿਆ ਕਿ ਕਿਹੜੀ ਬੱਸ ਚੜ੍ਹਾਂ? ਦੁਚਿੱਤੀ `ਚ ਮੈਂ ਉਂਜ ਈ ਇੱਕ ਸੱਜਣ ਤੋਂ ਪੁੱਛ ਲਿਆ, “ਬਾਈ ਜੀ, ਦਿੱਲੀ ਜਾਣ ਨੂੰ ਰੇਲ ਗੱਡੀ ਕੋਟਕਪੂਰੇ ਤੋਂ ਫੜਨੀ ਠੀਕ ਰਹੂ ਜਾਂ ਲੁਧਿਆਣੇ ਤੋਂ?” ਉਹਦੇ ਚੀਰਾ ਬੱਧਾ ਹੋਇਆ ਸੀ ਤੇ ਚਾਦਰਾ ਲਾਇਆ ਹੋਇਆ ਸੀ। ਮੋਢੇ `ਤੇ ਪਰਨਾ ਸੀ ਤੇ ਪੈਰੀਂ ਗੁਰਗਾਬੀ ਸੀ। ਉਹ ਪੁੱਛਣ ਲੱਗਾ, “ਤੈਂ ਦਿੱਲੀ ਜਾਣੈ?” ਮੇਰੇ ਹਾਂ ਕਹਿਣ `ਤੇ ਉਸ ਨੇ ਦੂਜਾ ਸੁਆਲ ਪੁੱਛਿਆ, “ਕਿੰਨੇ ਜਣੇ ਓਂ?” ਮੈ ਆਖਿਆ, “ਮੈਂ `ਕੱਲਾ ਈ ਆਂ।” ਉਹ ਕਹਿਣ ਲੱਗਾ, “ਜੇ ਤੂੰ `ਕੱਲਾ ਈ ਐਂ ਤਾਂ ਫੇਰ ਭਾਵੇਂ ਸਾਡੇ ਟਰੱਕ `ਤੇ ਈ ਚੜ੍ਹਿਆ ਚੱਲ। ਨਾਲੇ ਤੇਰਾ ਕਿਰਾਇਆ ਬਚ-ਜੂ।”

ਉਹਦੇ ਟਰੱਕ ਦਾ ਨੰਬਰ ਪੀ.ਐੱਂਨ.ਐੱਫ.5555 ਸੀ ਜੋ ਸ਼ਾਇਦ ਚਾਰੇ ਪਾਂਜੇ ਹੋਣ ਕਰਕੇ ਮੈਨੂੰ ਅਜੇ ਵੀ ਯਾਦ ਹੈ। ਉਂਜ ਵੀ ਉਹ ਟਰੱਕ ਤੇ ਟਰੱਕ ਦਾ ਡਰਾਈਵਰ ਭੁੱਲਣ ਵਾਲਾ ਨਹੀਂ। ਜੇ ਉਹ ਨਾ ਮਿਲਦਾ ਤਾਂ ਸੰਭਵ ਸੀ ਮੈਂ ਦਿੱਲੀ ਨਾ ਹੀ ਜਾਂਦਾ। ਸਾਈਕਲ ਦਾ ਪੈਂਚਰ ਹੋਣਾ, ਬੱਸ ਦਾ ਖੁੱਭਣਾ ਤੇ ਟਰੱਕ ਡਰਾਈਵਰ ਦਾ ਮਿਲਣਾ ਕੁਦਰਤੀ ਢੋਅ ਸਨ। ਮੌਕਾ ਮੇਲ ਸਨ। ਅੰਮ੍ਰਿਤਸਰ ਵਾਲੀ ਬੱਸ ਮਿਲ ਜਾਂਦੀ ਤਾਂ ਮੈਂ ਕਦੋਂ ਦਾ ਹਰੀਕਾ ਪੱਤਣ ਲੰਘਿਆ ਹੋਣਾ ਸੀ ਤੇ ਅਗਲੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਇਆ ਹੋਣਾ ਸੀ।

ਲੁਧਿਆਣੇ ਤਕ ਮੈਂ ਡਰਾਈਵਰ ਦੇ ਕੋਲ ਬੈਠਾ ਗਿਆ। ਲੁਧਿਆਣਾ ਲੰਘ ਕੇ ਇੱਕ ਢਾਬੇ `ਤੇ ਟਰੱਕ ਦੇ ਡਰਾਈਵਰ ਤੇ ਕਲੀਨਰ ਨੇ ਰੋਟੀ ਖਾਧੀ ਤੇ ਮੈਨੂੰ ਵੀ ਖੁਆਈ। ਮੈਨੂੰ ਰੋਟੀ ਦੇ ਪੈਸੇ ਵੀ ਨਾ ਦੇਣ ਦਿੱਤੇ। ਚਾਹ ਪੀ ਕੇ ਤੁਰਨ ਲੱਗੇ ਤਾਂ ਡਰਾਈਵਰ ਨੇ ਮੈਨੂੰ ਕਿਹਾ, “ਨੀਂਦ ਆਉਂਦੀ ਐ ਤਾਂ ਟਰੱਕ ਦੇ ਉਪਰ ਚੜ੍ਹ ਕੇ ਸੌਂ ਜਾ। ਚੀਜ਼ ਵਸਤ ਚੰਗੀ ਤਰ੍ਹਾਂ ਸੰਭਾਲ ਲੀਂ ਕਿਤੇ ਉਡ ਨਾ ਜਾਵੇ? ਪੈਸੇ ਮੂਹਰਲੀ ਜੇਬ ਦੀ ਥਾਂ ਪੈਂਟ ਦੀ ਪਿਛਲੀ ਜੇਬ `ਚ ਪਾ ਲੀਂ। ਉਤੇ ਹਵਾ ਬਹੁਤ ਲੱਗਦੀ ਐ, ਜਿਹੜਾ ਕਾਗਜ਼ ਕਮੀਜ਼ ਦੀ ਜੇਬ `ਚ ਹੋਵੇ ਉਡ ਜਾਂਦੈ।”

ਮੈਂ ਤੇ ਕਲੀਨਰ ਟਰੱਕ ਦੇ ਉਤੇ ਚੜ੍ਹ ਕੇ ਸੌਂ ਗਏ। ਦਿੱਲੀ ਨੇੜੇ ਜਾ ਕੇ ਅੱਖ ਖੁੱਲ੍ਹੀ ਤਾਂ ਸੱਜੇ ਹੱਥ ਉੱਚੇ ਟਾਵਰਾਂ ਦੀਆਂ ਲਾਲ ਬੱਤੀਆਂ ਜਗਦੀਆਂ ਦਿਸੀਆਂ। ਬਾਅਦ `ਚ ਪਤਾ ਲੱਗਾ ਕਿ ਉਹ ਰੇਡੀਓ ਸਟੇਸ਼ਨ ਦੇ ਟਾਵਰ ਸਨ। ਦਿੱਲੀ `ਚ ਦਾਖਲ ਹੁੰਦਿਆਂ ਡਰਾਈਵਰ ਨੇ ਮੈਨੂੰ ਹੇਠਾਂ ਉੱਤਰ ਆਉਣ ਨੂੰ ਕਿਹਾ ਤੇ ਪੁੱਛਿਆ, “ਦਿੱਲੀ `ਚ ਜਾਣਾ ਕਿਥੇ ਐ?” ਮੈਂ ਖਾਲਸਾ ਕਾਲਜ ਦਾ ਨਾਂ ਲਿਆ ਤਾਂ ਉਹ ਕਹਿਣ ਲੱਗਾ, “ਦਿੱਲੀ ਬਹੁਤ ਵੱਡੀ ਐ। ਮੈਨੂੰ ਖਾਲਸਾ ਕਾਲਜ ਦਾ ਕੋਈ ਪਤਾ ਨੀ ਕਿਧਰ ਐ? ਤੂੰ ਇਓਂ ਦੱਸ ਬਈ ਰੇਲਵੇ ਸਟੇਸ਼ਨ ਕੋਲ ਉਤਰਨੈ ਜਾਂ ਬੱਸ ਅੱਡੇ ਕੋਲ?”

ਮੈਂ ਰੇਲਵੇ ਸਟੇਸ਼ਨ ਦਾ ਨਾਂ ਲੈ ਦਿੱਤਾ। ਉਹ ਮੈਨੂੰ ਸਟੇਸ਼ਨ ਨੇੜੇ ਉਤਾਰ ਕੇ ਅਗਾਂਹ ਨਿਕਲ ਗਿਆ ਤੇ ਦਿੱਲੀ ਦੇ ਜੇਬ ਕਤਰਿਆਂ ਤੋਂ ਸਾਵਧਾਨ ਕਰ ਗਿਆ। ਮੈਂ ਇੱਕ ਜਿਹੇ ਸਸਤੇ ਹੋਟਲ ਵਿੱਚ ਜਾ ਕੇ ਨ੍ਹਾਤਾ ਧੋਤਾ ਤੇ ਹੋਟਲ ਵਾਲਿਆਂ ਤੋਂ ਖਾਲਸਾ ਕਾਲਜ ਦਾ ਰਾਹ ਪੁੱਛਿਆ। ਕਾਲਜ ਦਾ ਉਨ੍ਹਾਂ ਨੂੰ ਵੀ ਨਹੀਂ ਸੀ ਪਤਾ ਪਰ ਉਨ੍ਹਾਂ ਨੇ ਮੈਨੂੰ ਗੁਰਦਵਾਰਾ ਸੀਸ ਗੰਜ ਵੱਲ ਤੋਰ ਦਿੱਤਾ ਅਖੇ ਉਥੋਂ ਪਤਾ ਲੱਗ ਜਾਵੇਗਾ। ਗੁਰਦਵਾਰੇ ਦਾ ਸੁਨਹਿਰੀ ਗੁੰਬਦ ਹੋਟਲ ਤੋਂ ਹੀ ਦਿਸਦਾ ਸੀ। ਮੈਂ ਗੁਰਦਵਾਰੇ ਜਾ ਕੇ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਬਾਹਰ ਆ ਕੇ ਨੀਲਾ ਦਸਤਾਰਾ ਸਜਾਈ ਖੜ੍ਹੇ ਇੱਕ ਸਿੰਘ ਤੋਂ ਖਾਲਸਾ ਕਾਲਜ ਬਾਰੇ ਪੁੱਛਿਆ। ਉਹ ਰਾਹ ਦੱਸਣ ਦੀ ਥਾਂ ਉਲਟਾ ਮੈਥੋਂ ਪੁੱਛਣ ਲੱਗ ਪਿਆ, “ਤੂੰ ਖਾਲਸਾ ਕਾਲਜ ਕੀ ਕਰਨ ਜਾਣੈ?” ਮੈਂ ਆਖਿਆ, “ਮੈਂ ਦਾਖਲ ਹੋਣੈ।” ਉਹ ਕਹਿਣ ਲੱਗਾ, “ਕੜਾ ਤਾਂ ਤੇਰੇ ਪਾਇਆ ਨੀ, ਤੈਨੂੰ ਦਾਖਲ ਕਿਹੜਾ ਕਰ-ਲੂ?” ਮੈਂ ਮਨ `ਚ ਕਿਹਾ, “ਇਹ ਪਤੰਦਰ ਰਾਹ `ਚ ਈ ਪ੍ਰਿੰਸੀਪਲ ਬਣਿਆ ਖੜ੍ਹੈ!

ਕੜਾ ਮੇਰੇ ਪਾਇਆ ਹੁੰਦਾ ਸੀ ਜੋ ਹਾਕੀ ਖੇਡਣ ਵੇਲੇ ਲਾਹੁਣਾ ਪੈਂਦਾ ਸੀ, ਨਹੀਂ ਤਾਂ ਸੱਜੇ ਹੱਥ ਪਾਏ ਕੜੇ ਨਾਲ ਖੱਬਾ ਗੂਠਾ ਛਿੱਲਿਆ ਜਾਂਦਾ ਸੀ। ਕੜਾ ਪਾਉਣਾ ਮੈਂ ਭੁੱਲ ਆਇਆ ਸਾਂ। ਮੈਂ ਉਸੇ ਵੇਲੇ ਗੁਰਦਵਾਰੇ ਮੂਹਰੇ ਬੈਠੇ ਕੜਿਆਂ ਵਾਲੇ ਤੋਂ ਚੁਆਨੀ ਦਾ ਕੜਾ ਲੈ ਕੇ ਪਾ ਲਿਆ। ਮੁੜ ਕੇ ਮੈਂ ਨੀਲੇ ਦਸਤਾਰੇ ਵਾਲੇ ਸਿੰਘ ਕੋਲੋਂ ਕਾਲਜ ਦਾ ਪਤਾ ਪੁੱਛਣ ਗਿਆ ਤਾਂ ਉਹ ਆਪਣਾ ਫਰਜ਼ ਨਿਭਾ ਕੇ ਅਲੋਪ ਹੋ ਚੁੱਕਾ ਸੀ। ਇੱਕ ਹੋਰ ਸੱਜਣ ਨੇ ਦੱਸਿਆ, “ਪੱਚੀ ਨੰਬਰ ਬੱਸ ਚੜ੍ਹ ਜਾਹ, ਸਿੱਧੀ ਖਾਲਸਾ ਕਾਲਜ ਦੇਵ ਨਗਰ ਜਾਊ।”

ਬੱਸ ਅੱਡਾ ਸਾਹਮਣੇ ਹੀ ਸੀ। ਮੈਂ ਬੱਸ ਵਿੱਚ ਬੈਠਾ ਤਾਂ ਮੇਰੇ ਨਾਲ ਦੀ ਸੀਟ `ਤੇ ਖਾਲਸਾ ਕਾਲਜ ਦਾ ਹੀ ਇੱਕ ਵਿਦਿਆਰਥੀ ਬੈਠਾ ਸੀ। ਉਸ ਤੋਂ ਮੈਨੂੰ ਕਾਲਜ ਦੀ ਕਾਫੀ ਜਾਣਕਾਰੀ ਮਿਲੀ ਤੇ ਮੈਂ ਉਹਦੇ ਨਾਲ ਹੀ ਕਾਲਜ ਅੰਦਰ ਚਲਾ ਗਿਆ। ਭਾਪਿਆਂ ਦੇ ਮੁੰਡੇ ਤਿੱਖੀਆਂ ਟੂਟੀਆਂ ਤੇ ਚਮਕਦੇ ਮਾਵੇ ਵਾਲੀਆਂ ਘੋਟਵੀਆਂ ਪੱਗਾਂ ਬੰਨ੍ਹੀ ਫਿਰਦੇ ਸਨ। ਤਿੰਨ-ਰੰਗੀਆਂ ਫਿਫਟੀਆਂ ਲਾਈਆਂ ਸਨ। ਦਾੜ੍ਹੀਆਂ ਨੂੰ ਫਿਕਸੋ ਨਾਲ ਜਮਾਇਆ ਹੋਇਆ ਸੀ। ਪੈਂਟਾਂ ਵੀ ਬੜੀਆਂ ਘੁੱਟਵੀਆਂ ਪਾਈਆਂ ਸਨ। ਪੰਜਾਬ `ਚ ਅਜੇ ਏਨੀਆਂ ਕਸਵੀਆਂ ਪੈਂਟਾਂ ਦਾ ਫੈਸ਼ਨ ਨਹੀਂ ਸੀ ਚੱਲਿਆ। ਕਾਲਜ ਵੀ ਤੰਗ ਜਿਹੀ ਥਾਂ ਸੀ। ਮੇਰਾ ਪਹਿਲਾ ਪ੍ਰਭਾਵ ਸੀ ਕਿ ਇਹ ਕਾਲਜ ਮੇਰੇ ਵਰਗੇ ਪੇਂਡੂਆਂ ਦੇ ਪੜ੍ਹਨ ਵਾਲਾ ਨਹੀਂ। ਨਾਲੇ ਮੈਂ ਕਿਹੜਾ ਇਥੇ ਮਿਥ ਕੇ ਆਇਆ ਸਾਂ?

ਮੇਰੀ ਪੰਜਾਬ ਸਟਾਈਲ ਗੋਲ ਪੱਗ ਵੇਖ ਕੇ ਮੇਰੇ ਵਰਗਾ ਹੀ ਇੱਕ ਮੁੰਡਾ ਮੈਨੂੰ ਮਿਲ ਪਿਆ। ਉਸ ਨੇ ਆਪਣਾ ਨਾਂ ਅਮਰਜੀਤ ਤੇ ਪਿੰਡ ਪੰਨੀਵਾਲਾ ਦੱਸਿਆ। ਸਾਡੀ ਜਾਣ ਪਛਾਣ ਹੋਈ ਜਿਸ ਨਾਲ ਪਤਾ ਲੱਗਾ ਕਿ ਉਹ ਵੀ ਅਥਲੀਟ ਸੀ। ਉਹ ਮੈਨੂੰ ਖੇਡਾਂ ਦੇ ਇਨਚਾਰਜ ਸ.ਪ੍ਰੀਤਮ ਸਿੰਘ ਬੈਂਸ ਦੇ ਦਫਤਰ ਵਿੱਚ ਲੈ ਗਿਆ। ਉਹ ਪਿੱਛੋਂ ਜ਼ਿਲਾ ਜਲੰਧਰ ਤੋਂ ਸਨ। ਉਨ੍ਹਾਂ ਨੂੰ ਡੀਪੀ ਸਾਹਿਬ ਦੀ ਥਾਂ ਸਾਰੇ ਸਰਦਾਰ ਜੀ ਕਹਿੰਦੇ ਸਨ। ਉਨ੍ਹਾਂ ਨੇ ਮੇਰੇ ਨਾਲ ਬੜੀ ਅਪਣੱਤ ਜਤਾਈ। ਮੇਰੇ ਸਰਟੀਫਿਕੇਟ ਵੇਖ ਕੇ ਕਿਹਾ, “ਤੂੰ ਏਥੇ ਈ ਦਾਖਲ ਹੋ ਜਾ। ਏਥੇ ਪੰਜਾਬੀ ਦਾ ਬੜਾ ਵਧੀਆ ਸਟਾਫ ਐ। ਮੈਂ ਵੀ ਮਦਦ ਕਰਾਂਗਾ। ਆਹ ਅਮਰਜੀਤ ਆ, ਏਹਦੇ ਨਾਲ ਤੇਰਾ ਜੀਅ ਲੱਗਿਆ ਰਹੇਗਾ।”

ਮੈਂ ਕਿਹਾ, “ਸਰ, ਮੈਂ ਤਾਂ ਘਰੋਂ ਖਾਲਸਾ ਕਾਲਜ ਅੰਬਰਸਰ ਦਾਖਲ ਹੋਣ ਚੱਲਿਆ ਸਾਂ। ਉਹਨਾਂ ਨੇ ਕਿਹਾ ਸੀ ਕਿ ਮੇਰੀ ਪੜ੍ਹਾਈ ਫਰੀ ਹੋਵੇਗੀ।” ਪ੍ਰੀਤਮ ਸਿੰਘ ਨੇ ਕਿਹਾ, “ਏਥੇ ਵੀ ਤੇਰਾ ਬਾਹਲਾ ਖਰਚਾ ਨੀ ਹੋਣ ਦਿੰਦੇ।” ਨਾਲ ਈ ਅਮਰਜੀਤ ਨੇ ਕਹਿ ਦਿੱਤਾ, “ਸਾਡੇ ਘਰ ਦੇ ਕੋਲ ਕਲੱਬ ਦਾ ਕਮਰਾ ਹੈਗਾ। ਉਹਦੇ `ਚ ਰਹੀ ਜਾਈਂ। ਅਸੀਂ ਓਥੇ ਈ ਵੇਟ ਟ੍ਰੇਨਿੰਗ ਕਰਦੇ ਆਂ ਤੇ ਬੈਡਮਿੰਟਨ ਖੇਡਦੇ ਆਂ।” ਪ੍ਰੀਤਮ ਸਿੰਘ ਨੇ ਨਸੀਹਤ ਦਿੱਤੀ, “ਅੰਬਰਸਰ ਦੇ ਭਾਊਆਂ ਨਾਲ ਰਲ ਕੇ ਮੁੰਡੇ ਵਿਗੜ ਜਾਂਦੇ ਆ ਤੇ ਲੜਾਈਆਂ ਝਗੜਿਆਂ `ਚ ਪੈ ਜਾਂਦੇ ਆ। ਏਥੇ ਪੜ੍ਹੇਂਗਾ ਤਾਂ ਬਚਿਆ ਰਹੇਂਗਾ। ਭਾਪਿਆਂ ਦੇ ਮੁੰਡੇ ਤਾਂ ਕੁੜੀਆਂ ਵਰਗੇ ਹੁੰਦੇ ਆ। ਨਾਲੇ ਪੰਜਾਬ ਯੂਨੀਵਰਸਿਟੀ ਦਾ ਚੈਂਪੀਅਨ ਬਣਨ ਨਾਲੋਂ ਦਿੱਲੀ ਯੂਨੀਵਰਸਿਟੀ ਦਾ ਚੈਂਪੀਅਨ ਬਣਨਾ ਕਿਤੇ ਸੁਖਾਲੈ। ਏਥੇ ਤੇਰਾ ਕੈਰੀਅਰ ਬੈਟਰ ਬਣੇਗਾ।”

ਮੈਂ ਉਨ੍ਹਾਂ ਦੀਆਂ ਗੱਲਾਂ ਦਾ ਕਾਇਲ ਹੋ ਗਿਆ ਤੇ ਅਮਰਜੀਤ ਦਾਖਲਾ ਫਾਰਮ ਫੜ ਲਿਆਇਆ। ਤਦ ਤਕ ਪ੍ਰੀਤਮ ਸਿੰਘ ਹੋਰਾਂ ਨੇ ਪੰਜਾਬੀ ਦੇ ਪ੍ਰੋ.ਜੋਗਿੰਦਰ ਸਿੰਘ ਸੋਢੀ ਨੂੰ ਸੱਦ ਲਿਆ। ਸੋਢੀ ਸਾਹਿਬ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਪਤੀ ਸਨ। ਉਨ੍ਹਾਂ ਨੇ ਮੇਰੇ ਪੰਜਾਬੀ ਦੇ ਨੰਬਰ ਵੇਖ ਕੇ ਕਿਹਾ, “ਏਥੇ ਤੂੰ ਫਸਟ ਡਿਵੀਜ਼ਨ ਲੈ ਸਕਦੈਂ। ਅਸੀਂ ਤੇਰੀ ਪੂਰੀ ਮਦਦ ਕਰਾਂਗੇ। ਅੰਬਰਸਰ ਤੂੰ ਪੜ੍ਹਾਈ `ਚ ਮਾਰ ਖਾਵੇਂਗਾ। ਏਥੇ ਚੰਗਾ ਰਹੇਂਗਾ।”

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਅਜੇ ਦੁਬਧਾ ਵਿੱਚ ਸਾਂ ਕਿ ਸੋਢੀ ਸਾਹਿਬ ਮੇਰਾ ਫਾਰਮ ਖ਼ੁਦ ਭਰਨ ਲੱਗ ਪਏ। ਮੈਨੂੰ ਪ੍ਰਿੰਸੀਪਲ ਗੁਰਬਚਨ ਸਿੰਘ ਬੱਲ ਪਾਸ ਵੀ ਉਹੀ ਲੈ ਕੇ ਗਏ। ਮੇਰਾ ਖਿਡਾਰੀ ਹੋਣਾ ਤੇ ਪੰਜਾਬੀ ਵਿੱਚ ਹੁਸ਼ਿਆਰ ਹੋਣਾ ਦੱਸਿਆ। ਪ੍ਰਿੰਸੀਪਲ ਨੇ ਦਾਖਲਾ ਫਾਰਮ `ਤੇ ਦਸਤਖ਼ਤ ਕਰ ਦਿੱਤੇ। ਹੁਣ ਦਾਖਲਾ ਫੀਸ ਭਰਨੀ ਸੀ। ਮੈਨੂੰ ਦੁਚਿੱਤੀ `ਚ ਪਿਆ ਵੇਖ ਕੇ ਸ.ਪ੍ਰੀਤਮ ਸਿੰਘ ਨੇ ਕਲੱਰਕ ਨੂੰ ਸੱਦਿਆ ਤੇ ਪਤਾ ਨਹੀਂ ਉਸ ਨੂੰ ਕੀ ਆਖਿਆ ਕਿ ਉਹ ਮੇਰਾ ਫਾਰਮ ਲੈ ਕੇ ਥੋੜ੍ਹੀ ਦੇਰ ਬਾਅਦ ਰੋਲ ਨੰਬਰ ਦੀ ਸਲਿਪ ਦੇ ਗਿਆ। ਸਰਦਾਰ ਜੀ ਨੇ ਕਿਹਾ, “ਦੇਖ ਸਰਵਣ ਸਿੰਘ, ਤੂੰ ਇਸ ਕਾਲਜ ਦਾ ਸਟੂਡੈਂਟ ਬਣ ਗਿਐਂ। ਕਾਲਜ ਨੇ ਤੈਥੋਂ ਕੋਈ ਪੈਸਾ ਨੀ ਲਿਆ। ਤੇਰਾ ਜੀਅ ਕਰੇ ਪਿੰਡੋਂ ਮੁੜ ਆਈਂ। ਜੀਅ ਕਰੇ ਅੰਬਰਸਰ ਚਲਾ ਜਾਈਂ।” ਉਨ੍ਹਾਂ ਨੇ ਚਾਹ ਪਿਆਈ ਤੇ ਮੈਂ ਅਮਰਜੀਤ ਨਾਲ ਉਨ੍ਹਾਂ ਦੇ ਘਰ ਚਲਾ ਗਿਆ।

ਘਰ ਜਾ ਕੇ ਰੋਟੀ ਖਾਧੀ। ਅਮਰਜੀਤ ਹੋਰਾਂ ਦਾ ਘਰ ਮੈਨੂੰ ਆਪਣੀ ਭੂਆ ਦੇ ਘਰ ਵਰਗਾ ਹੀ ਲੱਗਾ। ਉਸ ਦੀ ਮਾਤਾ ਨੇ ਬੜਾ ਪਿਆਰ ਜਤਾਇਆ ਤੇ ਪਿਤਾ ਸ.ਹਜ਼ੂਰਾ ਸਿੰਘ ਨੇ ਪਿੰਡਾਂ ਦਾ ਹਾਲ ਚਾਲ ਪੁੱਛਿਆ। ਉਸ ਦੇ ਦੋ ਭਰਾ ਪ੍ਰੀਤਮ ਤੇ ਹਰਬੰਸ ਸਨ ਜਿਨ੍ਹਾਂ ਨੂੰ ਮਿਲਦਿਆਂ ਹੀ ਮੈਂ ਉਨ੍ਹਾਂ ਨਾਲ ਘੁਲ ਮਿਲ ਗਿਆ। ਅਮਰਜੀਤ ਨੇ ਕਲੱਬ ਦਾ ਉਹ ਕਮਰਾ ਵਿਖਾਇਆ ਜਿਥੇ ਮੈਂ ਬਿਨਾਂ ਕਿਰਾਏ ਦੇ ਰਹਿ ਸਕਦਾ ਸਾਂ। ਬਿਜਲੀ ਅਮਰਜੀਤ ਕੇ ਘਰੋਂ ਮਿਲ ਜਾਣੀ ਸੀ। ਉਥੇ ਨਲਕਾ ਲੱਗਾ ਹੋਇਆ ਸੀ, ਪਿੱਪਲ ਤੇ ਤੂਤ ਦੀ ਛਾਂ ਸੀ ਤੇ ਬੈਡਮਿੰਟਨ ਦਾ ਪੱਕਾ ਕੋਰਟ ਸੀ। ਵੇਟ ਟ੍ਰੇਨਿੰਗ ਲਈ ਵੇਟ ਸੈੱਟ ਪਿਆ ਸੀ। ਨੇੜੇ ਈ ਚਾਹ ਦੀ ਦੁਕਾਨ ਸੀ ਤੇ ਕੋਲ ਹੀ ਤੰਦੂਰ ਸੀ। ਇਹ ਤਾਂ ਪੰਜੇ ਘਿਉ ਵਿੱਚ ਸਨ। ਰਾਤ ਦੀ ਗੱਡੀ ਪਿੰਡ ਨੂੰ ਮੁੜਦਿਆਂ ਮੈਂ ਸੋਚਦਾ ਆਇਆ ਕਿ ਚੰਗਾ ਹੀ ਹੋਇਆ ਜਿਹੜੀ ਮੋਗੇ ਤੋਂ ਅੰਬਰਸਰ ਨੂੰ ਜਾਣ ਵਾਲੀ ਆਖ਼ਰੀ ਬੱਸ ਮੈਥੋਂ ਪਹਿਲਾਂ ਨਿਕਲ ਚੁੱਕੀ ਸੀ।

Additional Info

  • Writings Type:: A single wirting
Read 3219 times Last modified on Tuesday, 13 October 2009 17:57
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।