ਜੁਲਾਈ ਦਾ ਮਹੀਨਾ ਸੀ ਕਦੇ ਕਣੀਆਂ ਦੀ ਕਿਣਮਿਣ ਤੇ ਕਦੇ ਤੇਜ ਮੀਂਹ ਦਾ ਛੜਾਕਾ ਪੈ ਰਿਹਾ ਸੀ। ਮੇਰੇ ਗੁਆਂਢ ਤੋਂ ਮੇਰੀ ਦਰਾਣੀ, ਜੋ ਮੇਰੀ ਸਹੇਲੀ ਤੇ ਭੈਣ ਵੀ ਬਣੀ ਹੋਈ ਸੀ, ਮੇਰੇ ਕੋਲ਼ ਆਈ। ਕਹਿਣ ਲੱਗੀ ਭੈਣੇ ਆਪਣੇ ਪਿੰਡ ਵਿੱਚੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ 15/20 ਸ਼ਰਧਾਲੂ ਜਾ ਰਹੇ ਹਨ। ਉਨ੍ਹਾਂ ਵਿੱਚ ਚਾਚਾ ਜੀ ਅਤੇ ਚਾਚੀ ਜੀ ਵੀ ਜਾ ਰਹੇ ਹਨ। ਮੈਂ ਵੀ ਉਨ੍ਹਾਂ ਦੇ ਨਾਲ਼ ਜਾ ਰਹੀ ਹਾਂ। ਮੈਂ ਤੈਨੂੰ ਕਹਿਣ ਆਈ ਹਾਂ ਕਿ ਤੂੰ ਵੀ ਸਾਡੇ ਨਾਲ਼ ਚੱਲ। ਆਪਣਾ ਦੋਹਾਂ ਦਾ ਸਾਥ ਵਧੀਆ ਰਹੇਗਾ। ਜਦੋਂ ਅਸੀਂ ਗੱਲਾਂ ਕਰ ਰਹੀਆਂ ਸੀ ਤਾਂ ਮੇਰੀ ਸੱਸ (ਬੀ ਜੀ) ਵੀ ਸੁਣ ਰਹੇ ਸਨ। ਜਦੋਂ ਮੇਰੀ ਸਹੇਲੀ ਚਲੀ ਗਈ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਪੁੱਤ ਉਹ ਕੀ ਕਹਿੰਦੀ ਸੀ? ਮੈਂ ਦੱਸਿਆ ਤਾਂ ਉਹ ਕਹਿੰਦੇ ਪੁੱਤ ਹੇਮਕੁੰਟ ਜਾਣ ਲਈ ਤਾਂ ਮੇਰਾ ਵੀ ਬਹੁਤ ਦਿਲ ਕਰਦਾ ਹੈ। ਤੇਰੀ ਚਾਚੀ ਨਾਲ਼ ਮੇਰਾ ਵੀ ਸਾਥ ਬਣ ਜਾਏਗਾ। ਮੈਂ ਕਿਹਾ ਬੀ ਜੀ ਨੇਕੀ ਕੀ ਤੇ ਪੁੱਛ-ਪੁੱਛ ਕੇ, ਤੁਸੀਂ ਵੀ ਚੱਲੋ। ਇਹ ਤਾਂ ਹੋਰ ਵੀ ਵਧੀਆ ਗੱਲ ਹੈ। ਉਹ ਕਹਿੰਦੇ ਪਰ ਆਪਾਂ ਦੋਹਾਂ ਵਿੱਚੋਂ ਇੱਕ ਨੂੰ ਤਾਂ ਘਰ ਰਹਿਣਾ ਪਏਗਾ। ਬਾਕੀ ਘਰ ਦਿਆਂ ਦਾ ਰੋਟੀ ਟੁੱਕ ਵੀ ਕਰਨਾ ਹੋਇਆ। ਮੈਂ ਕਿਹਾ ਕਿ ਬੀ ਜੀ ਹੁਣ ਸਬੱਬ ਬਣਿਆਂ ਹੋਇਆ ਹੈ ਅਤੇ ਪਿੰਡ ਦਾ ਸਾਥ ਹੈ। ਹੁਣ ਤੁਸੀਂ ਹੋ ਆਓ। ਮੈਂ ਫਿਰ ਦਰਸ਼ਣ ਕਰ ਲਾਂਗੀ।
ਸੋ ਬੀ ਜੀ ਯਾਤਰਾ ਉੱਤੇ ਚਲੇ ਗਏ ਅਤੇ ਹਫ਼ਤੇ ਪਿੱਛੋਂ ਵਾਪਸ ਆਏ। ਉਹ ਬਹੁਤ ਖੁਸ਼ ਸਨ। ਮੈਨੂੰ ਕਹਿੰਦੇ ਪੁੱਤ ਤੂੰ ਵੀ ਜਰੂਰ ਜਾਵੀਂ। ਬਹੁਤ ਸੋਹਣੀ ਥਾਂ ਹੈ। ਮੈਂ ਉਸ ਦਿਨ ਤੋਂ ਹੀ ਆਪਣੇ ਮਨ ਵਿੱਚ ਇੱਛਾ ਪਾਲ਼ ਲਈ ਕਿ ਹੇਮਕੁੰਟ ਸਾਹਿਬ ਦੇ ਦਰਸ਼ਨ ਜਰੂਰ ਕਰਨੇ ਹਨ। ਕੋਈ ਸਾਲ ਕੁ ਪਿੱਛੋਂ, 1995 ਦਾ ਅਗਸਤ ਦਾ ਮਹੀਨਾ ਸੀ। ਮੈਂ ਉਸ ਸਮੇਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਖਾਤਰ ਉਨ੍ਹਾਂ ਨਾਲ਼ ਚੰਡੀਗੜ੍ਹ ਰਹਿੰਦੀ ਸੀ। ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲਗਦੇ ਮੇਰੇ ਇੱਕ ਭੂਆ ਜੀ ਮੇਰ ਗੁਆਂਢ ਹੀ ਰਹਿੰਦੇ ਸੀ। ਇੱਕ ਦਿਨ ਮੈਨੂੰ ਉਨ੍ਹਾਂ ਨੇ ਪੁੱਛਿਆ, “ਹਰਜੀ (ਹਰਜੋਗਿੰਦਰ) ਆਪਾਂ ਹੇਮਕੁੰਟ ਸਾਹਿਬ ਚੱਲੀਏ।” ਸੁਣਕੇ ਮੈਨੂੰ ਤਾਂ ਚੜ੍ਹ ਗਿਆ ਚਾਅ। ਅਸੀਂ ਅਗਲੇ ਹਫ਼ਤੇ ਦਾ ਹੀ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸਾਡੇ ਨਲ਼ ਦੋ ਕਾਰਾਂ ਹੋਰ ਵੀ ਜਾ ਰਹੀਆਂ ਸਨ।
ਸਫਰ ਤੋਂ ਪਹਿਲੀ ਰਾਤ ਮੈਂ ਪਲ ਵੀ ਨਾ ਸੁੱਤੀ। ਸਾਰੀ ਰਾਤ ਮੈਂ ਪਾਸੇ ਮਾਰਦਿਆਂ ਕੱਢੀ। ਮੇਰਾ ਦਿਲ ਹੇਮਕੁੰਟ ਜਾਣ ਲਈ ਬਹੁਤ ਉਤਾਵਲਾ ਸੀ। ਦਿਲ ਕਹੇ ਮੇਰੇ ਖੰਭ ਹੋਣ ਅਤੇ ਹੁਣੇ ਉਡਾਰੀ ਮਾਰ ਪਹੁੰਚ ਜਾਵਾਂ ਬਾਬਿਆਂ ਦੇ ਦੁਆਰ। ਇਸ ਦੇ ਨਾਲ਼-ਨਾਲ਼ ਮੇਰੇ ਮਨ ਅੰਦਰ ਡਰ ਅਤੇ ਖੁਸ਼ੀ ਦੇ ਬਲਬਲਿਆਂ ਨੇ ਯੁੱਧ ਛੇੜਿਆ ਹੋਇਆ ਸੀ। ਡਰ, ਕਿ ਕਹਿੰਦੇ ਹਨ ਉੱਥੋਂ ਦਾ ਰਸਤਾ ਬਹੁਤ ਮੁਸ਼ਕਲ ਹੈ ਅਤੇ ਉੱਤੋਂ ਚੜ੍ਹਾਈ ਵੱਟ ਕੱਢ, ਮੈਂ ਸਫਰ ਕਿਵੇਂ ਪੂਰਾ ਕਰਾਂਗੀ। ਖੁਸ਼ੀ, ਕਿ ਬਾਬਿਆਂ ਦੇ ਚਰਨ ਛੋਅ ਉਸ ਪਵਿੱਤਰ ਧਰਤੀ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ਼ ਕਰ ਸਕਾਂਗੀ। ਸਵੇਰ ਮਸਾਂ ਹੋਈ। ਮੈਂ ਉੱਠੀ, ਨਹਾ ਧੋ ਕੇ ਪਾਠ ਕੀਤਾ ਤੇ ਆਪਣੀ 11/12 ਸਾਲ ਦੀ ਬੇਟੀ ਨੂੰ ਉਠਾਇਆ ਜਿਸ ਨੂੰ ਮੈਂ ਆਪਣੇ ਨਾਲ਼ ਲੈ ਕੇ ਜਾਣਾ ਸੀ। ਅਸੀਂ ਲੋੜੀਂਦਾ ਸਾਮਾਨ ਆਪਣੇ ਬੈਗ ਵਿੱਚ ਪਾ ਕੇ ਤਿਆਰ ਹੋ ਗਈਆਂ। ਡੋਰ ਬੈੱਲ ਵੱਜੀ ਤਾਂ ਮੈਂ ਭੱਜ ਕੇ ਦਰਵਾਜਾ ਖੋਹਲਿਆ। ਅੱਗੋਂ ਭੂਆ ਜੀ ਬੋਲੇ ਕਿ ਬਈ ਤਿਆਰ ਹੋ ਤੇ ਮੈਂ ਕਿਹਾ ਹਾਂ ਭੂਆ ਜੀ ਬਿਲਕੁੱਲ ਤਿਆਰ-ਬਰ-ਤਿਆਰ।
ਅਸੀਂ ਚੰਡੀਗੜ੍ਹ ਤੋਂ ਨਾਢਾ ਸਾਹਿਬ ਗੁਰਦੁਆਰੇ ਜਾ ਕੇ ਸੀਸ ਨਿਵਾਇਆ ਅਤੇ ਅੱਗੇ ਚਾਲੇ ਪਾ ਦੱਤੇ। ਥੋੜ੍ਹੀ ਦੇਰ ਪਿੱਛੋਂ ਪਹਾੜਾਂ ਦੀ ਚੜ੍ਹਾਈ ਸ਼ੁਰੂ ਹੋ ਗਈ। ਪਹਿਲਾਂ ਤਾਂ ਮੈਂ ਠੀਕ ਠਾਕ ਬੈਠੀ ਰਹੀ ਪਰ ਜਦੋਂ ਜਿਆਦਾ ਚੜ੍ਹਾਈ ਆਉਣ ਲੱਗੀ ਤਾਂ ਮੈਨੂੰ ਡਰ ਜਿਹਾ ਲੱਗਣ ਲੱਗਾ। ਫੇਰ ਬੱਸ ਵਾਹਿਗੁਰੂ ਦਾ ਜਾਪ ਆਰੰਭ ਕਰ ਦਿੱਤਾ। ਜਦੋਂ ਅਸੀਂ ਰਿਸ਼ੀਕੇਸ ਟੱਪ ਗਏ ਮੈਂ ਇਸ ਦੁਨਿਆਂ ਦੀਆਂ ਸਾਰੀਆਂ ਲਾਲਸਾਵਾਂ ਭੁੱਲ ਗਈ। ਮੇਰਾ ਧਿਆਨ ਸ਼ੁੰਦਰ ਵਾਦੀ ਦੇ ਲੁਭਾਉਣੇ ਰੰਗਾਂ ਨੇ ਮੋਹ ਲਿਆ। ਸੜਕ ਦੇ ਨਾਲ਼-ਨਾਲ਼ ਗੰਗਾ ਨਦੀ ਆਪਣੇ ਰੰਗ ਵਿੱਚ ਮਸਤ ਰਾਗ ਅਲਾਪਦੀ ਕਦੇ ਸੜਕ ਦੇ ਨੇੜੇ ਆ ਜਾਂਦੀ ਅਤੇ ਕਦੇ ਦੂਰ ਹੋ ਜਾਂਦੀ। ਸੜਕ ਦੇ ਕੂਹਣੀ ਮੋੜ ਦੇਖ ਕੇ ਖਿਆਲ ਆਉਂਦਾ ਕਿ ਕਾਰ ਏਥੋਂ ਦੀ ਕਿਵੇਂ ਲੰਘੇਗੀ। ਹਰ ਥਾਂ ਤੇ ਹੀ ਨਜ਼ਾਰਾ ਵਿਲੱਖਣ ਸੀ। ਦੇਖ-ਦੇਖ ਕੇ ਸੋਚ ਹੈਰਾਨ ਹੋ ਰਹੀ ਸੀ ਕਿ ਸੱਚੇ ਸਤਿਗੁਰ ਨੇ ਰਚਨਾ ਕਿਸ ਤਰ੍ਹਾਂ ਦੀ ਬਣਾਈ ਹੈ। ਉੱਚੇ ਪਰਬਤਾਂ ਨੂੰ ਦੇਖ-ਦੇਖ ਅਤੇ ਗੰਗਾ ਦੇ ਗੀਤ ਸੁਣ-ਸੁਣ ਕੇ ਮਨ ਗਦਗਦ ਹੋ ਉੱਠਿਆ। ਉੱਚੀਆਂ ਚੋਟੀਆਂ ਵਾਲ਼ੇ ਪਹਾੜਾਂ ਵਿੱਚੋਂ ਗਿਰਦੇ ਝਰਨਿਆਂ ਦੀ ਛਾਂ-ਛਾਂ ਇਸ ਤਰ੍ਹਾਂ ਅਨੁਭਵ ਹੋ ਰਹੀ ਸੀ ਜਿਵੇਂ ਕਿ ਉਹ ਸਾਗਰ ਸ਼ਹੁ ਵੱਲ ਜਾ ਰਹੀ ਗੰਗਾ ਨੂੰ ਪੁਕਾਰ ਕਰ ਰਹੇ ਹੋਣ ਕਿ ਉਹ ਉਨ੍ਹਾਂ ਨੂੰ ਵੀ ਨਾਲ਼ ਲੈ ਚੱਲੇ।
ਅਸੀਂ ਸ਼ਾਮ ਨੂੰ ਗੋਬਿੰਦ ਘਾਟ ਪਹੁੰਚ ਗਏ। ਜਿੱਥੋਂ ਗੰਗਾ ਨਦੀ ਸਾਨੂੰ ਬਿਲਕੁੱਲ ਨੇੜੇ ਦਿਖਾਈ ਦੇ ਰਹੀ ਸੀ। ਸਵੇਰੇ ਜਲਦੀ ਉੱਠ ਕੇ ਅਸੀਂ ਟੂਟੀਆਂ ਤੇ ਇਸ਼ਨਾਨ ਕੀਤਾ ਅਤੇ ਅਗਲੀ ਯਾਤਰਾ ਲਈ ਤਿਆਰ ਹੋ ਗਏ। ਜਦੋਂ ਅਸੀਂ ਗੋਬਿੰਦ ਘਾਟ ਤੋਂ ਤੁਰਨਾ ਸੀ ਤਾਂ ਸਾਨੂੰ ਕਿਹਾ ਗਿਆ ਕਿ ਜੋ ਰਸਤੇ ਵਿੱਚ ਚਾਹੀਦਾ ਹੈ ਆਪਣਾ ਸਮਾਨ ਲੈ ਲਵੋ । ਅਸੀਂ ਦੋ-ਦੋ ਸੋਟੀਆ ਬਾਕੀ ਥੋੜਾ-ਬਹੁਤ ਖਾਣ ਦਾ ਸਾਮਾਨ ਵਗੈਰਾ ਲੈ ਲਿਆ। 1995 ਦੇ ਦਿਨਾਂ ਵਿੱਚ ਘੱਟ ਲੋਕ ਹੀ ਯਾਤਰਾ ਉੱਤੇ ਜਾਂਦੇ ਸਨ। ਮੇਰੇ ਨਾਲ਼ ਭੂਆ ਜੀ ਦੀ ਲੜਕੀ ਸੀ ਜੋ ਉਮਰ ਵੱਚ 20ਕੁ ਸਾਲ ਦੀ ਹੋਵੇਗੀ, ਇਸ਼ਾਰਾ ਕਰ ਕੇ ਮੈਨੂੰ ਕਹਿੰਦੀ ਦੀਦੀ ਆਪਾਂ ਬਰਫ ਨਾਲ਼ ਢਕੀ ਉਸ ਚੋਟੀ ਤੇ ਜਾਣਾ ਹੈ। ਮੈਂ ਦੇਖ ਕੇ ਘਬਰਾ ਗਈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਮਾਲਕਾ ਜਿਵੇਂ ਤੂੰ ਸਾਨੂੰ ਏਥੇ ਤੱਕ ਲੈ ਕੇ ਆਇਆ ਹੈਂ ਉਵੇਂ ਹੀ ਹੁਣ ਅੱਗੇ ਵੀ ਤੂੰ ਹੀ ਸਹਾਈ ਹੋਣਾ। ਚੱਲੋ ਜੀ ਅਸੀਂ ਗੋਬਿੰਦ ਘਾਟ ਤੋਂ ਪੁਲ਼ ਪਾਰ ਕਰਕੇ ਉੱਪਰ ਜਾਣ ਲਈ ਤਿਆਰ ਹੋ ਗਏ। ਸਾਰੀ ਸੰਗਤ ਸਲਾਹ ਕਰਨ ਲੱਗੀ ਕਿ ਕੀ ਖੱਚਰ ਦੀ ਸਵਾਰੀ ਲੈਣੀ ਹੈ ਜਾਂ ਤੁਰ ਕੇ ਜਾਣਾ ਹੈ। ਮੈਂ ਕਿਹਾ ਕਿ ਭੂਆ ਜੀ ਜੇ ਤੁਸੀਂ ਤੁਰ ਕੇ ਚੱਲੋਗੇ ਤਾਂ ਮੈਂ ਵੀ ਤੁਰ ਕੇ ਹੀ ਜਾਵਾਂਗੀ। ਮੈਂ ਆਪਣੀ ਬੇਟੀ ਨੂੰ ਖੱਚਰ ਉੱਤੇ ਬਠਾ ਦਿੱਤਾ। ਮੈਂ ਅਤੇ ਭੂਆ ਜੀ ਦੀਆਂ ਬੇਟੀਆਂ ਨੇ ਤੁਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਤਾਂ ਮੈਨੂੰ ਇੰਝ ਲੱਗਿਆ ਕਿ ਮੇਰੇ ਕੋਲੋਂ ਚੜ੍ਹਾਈ ਨਹੀਂ ਚੜ੍ਹੀ ਜਾਣੀ। ਪਰ ਜਦੋਂ ਚੜ੍ਹਾਈ ਸ਼ੁਰੂ ਹੋਈ ਆਪਣੇ ਆਪ ਹੀ ਮਨ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਆਰੰਭ ਹੋ ਗਿਆ। ਪਤਾ ਵੀ ਨਾ ਲੱਗਿਆ ਕਿ ਕਦੋਂ ਚੜ੍ਹਾਈ ਦਾ ਭੈਅ ਲਾਪਤਾ ਹੋ ਗਿਆ ਅਤੇ ਕੁਦਰਤ ਦੇ ਰੂਪ ਵਿੱਚ ਉਸ ਦਾਤੇ ਦੇ ਤਰ੍ਹਾਂ-ਤਰ੍ਹਾਂ ਦੇ ਰੰਗ ਨਜ਼ਾਰੇ ਅੱਖਾਂ ਨੂੰ ਪਿਆਰੇ ਲੱਗਣ ਲੱਗੇ। ਤੇ ਮਨ ਵਿੱਚ ਕਵਿਤਾ ਨੇ ਮਸਤੀ ਦਿੱਤੀ ਕਿ ਕੁੱਝ ਦੁਰਾਡੇ ਉੱਚ ਚੋਟੀਆਂ ਬਰਫਾਂ ਦੇ ਨਾਲ਼ ਭਰੀਆਂ। ਚਿੱਟਾ ਸ਼ਾਲ ਜਿਵੇਂ ਲੈ ਖੜੀਆਂ, ਇੰਦਰ ਦੇ ਖਾੜੇ ਦੀਆਂ ਪਰੀਆਂ। ਮਨ ਵਿੱਚ ਵਿਚਾਰ ਆਇਆ, ‘ਛਾਤੀ ਨਾਲ਼ ਲਗਾਕੇ ਕਿਰਨਾਂ ਸਾਗਰ ਅੰਬਰੀ ਉੱਡਿਆ, ਚੋਟੀ ਉੱਤੇ ਬੈਠਾ ਪਾਣੀ, ਏਹੋ ਰਾਗ ਅਲਾਪਦਾ’। ਉਨ੍ਹਾਂ ਦੇ ਪੈਰਾਂ ਵਿੱਚ ਕੁਦਰਤ ਦੀ ਵਿਛਾਈ ਹੋਈ ਖੀਨਖਾਬੀ ਹਰਿਆਲੀ ਕਾਰਪਟ ਵੀ ਜੀ ਆਇਆਂ ਦਾ ਗੀਤ ਗਾ ਰਹੀ ਸੀ। ਜਦੋਂ ਅਸੀਂ ਕਿਸੇ ਬਰਫੀਲੇ ਪਹਾੜ ਕੋਲ਼ੋਂ ਦੀ ਲੰਘਣਾ ਤਾਂ ਸਰੀਰ ਨੂੰ ਛੇੜ ਕੇ ਲੰਘਦੀ ਠੰਡੀ-ਠੰਡੀ ਹਵਾ ਚੰਗੀ-ਚੰਗੀ ਲੱਗਣੀ। ਕਦੇ-ਕਦੇ ਰਾਹ ਵਿੱਚ ਬੈਠ ਕੇ ਸਾਹ ਵੀ ਲੈ ਲੈਣਾ ਤੇ ਫਿਰ ਅੱਗੇ ਤੁਰ ਪੈਣਾ। ਮਨ ਨੂੰ ਸੱਚੀ-ਮੁੱਚੀਂ ਇੰਜ ਲੱਗਦਾ ਸੀ ਜਿਵੇਂ ਸਮੁੱਚੀ ਕੁਦਰਤ ਨੂੰ ਗਲਵੱਕੜੀ ਵਿੱਚ ਲੈ ਕੇ ਮੈਂ ਉਸਦਾ ਮੱਥਾ ਚੁੰਮ ਰਹੀ ਹੋਵਾਂ। ਗੁਰੂ ਨਾਨਕ ਦੇਵ ਜੀ ਦਾ ਸ਼ਬਦ, ‘ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ’ ਤਨ ਮਨ ਵਿੱਚ ਰਚਕੇ ਇੱਕ-ਮਿੱਕ ਹੋਏ ਰੂਹ ਨੂੰ ਖੇੜੇ ਅਤੇ ਸਰੂਰ ਵਿੱਚ ਲੈ ਗਿਆ।
ਰਸਤੇ ਵਿੱਚ ਮੈਨੂੰ ਇੱਕ ਬੀਬੀ ਮਿਲ਼ੀ ਜੋ ਹੇਮਕੁੰਟ ਤੋਂ ਹੇਠਾਂ ਨੂੰ ਜਾ ਰਹੀ ਸੀ ਅਤੇ ਮੈਨੂੰ ਇੱਕ ਰੱਜੇ ਪੁੱਜੇ ਘਰ ਦੀ ਕੋਮਲ ਲੜਕੀ ਵਜੋਂ ਜਾਣਦੀ ਸੀ। ਉਹ ਮੈਨੂੰ ਕਹਿਣ ਲੱਗੀ ਅੱਗੇ ਪੈਂਡਾ ਬੜਾ ਕਠਨ ਹੈ, ਥੱਕ ਜਾਵੇਂਗੀ, ਚੰਗਾ ਇਹੋ ਹੀ ਹੈ ਕਿ ਸਵਾਰੀ ਲਈ ਖੱਚਰ ਕਰਲੈ। ਸ਼ਿਸ਼ਟਾਚਾਰ ਦੇ ਨਾਤੇ ਮੈਂ ਕਿਹਾ ਤੇਰੀ ਗੱਲ ਠੀਕ ਐ। ਪਰ ਮੇਰਾ ਦਿਲ ਕੁੱਝ ਹੋਰ ਹੀ ਕਹਿ ਰਿਹਾ ਸੀ, ‘ਜਿਸਦਾ ਮਨ ਜੋਤ ਸਰੂਪ ਨਾਲ਼ ਜੁੜਿਆ ਹੋਵੇ ਉਸ ਵਾਸਤੇ ਕਿਹੜੀਆਂ ਚੜ੍ਹਾਈਆਂ, ਕਿਹੜੀਆਂ ਉਚਾਈਆਂ ਤੇ ਕਿਹੜੀਆਂ ਥਕਾਈਆਂ?’ ਉਸ ਵੇਲ਼ੇ ਮੈਂ ਜਿਸ ਅਵਸਥਾ ਵਿੱਚ ਸੀ, ਮੈਨੂੰ ਜੋ ਨਜਾਰਾ ਆ ਰਿਹਾ ਸੀ ਉਹ ਮੈਂ ਹੀ ਜਾਣਦੀ ਸਾਂ। ਉਸ ਆਨੰਦ ਨੇ ਸ਼ਬਦਾਂ ਦੇ ਵਰਨਣ ਵਿੱਚ ਕਦੋਂ ਆਉਣੈ ਤੇ ਕਿਵੇਂ ਆਉਣੈ? ਮੇਰਾ ਤਾਂ ਦਿਲ ਲੋਚਦਾ ਸੀ ਕਿ ਇੱਥੇ ਹੀ ਕਿਸੇ ਗੁਫਾ ਵਿੱਚ ਚੌਕੜੀ ਮਾਰ ਕੇ ਪੱਕੀ ਹੀ ਰਹਿ ਪਵਾਂ। ਪਰ …। ਅਸੀਂ 13 ਕਿਲੋਮੀਟਰ ਦੀ ਚੜ੍ਹਾਈ ਚੜ੍ਹ ਕੇ ਗੋਬਿੰਦ ਧਾਮ ਪਹੁੰਚ ਗਏ।
ਉੱਥੇ ਜਾ ਕੇ ਸਾਡੇ ਸਾਥੀਆਂ ਨੇ ਦੋ ਤਿੰਨ ਕਮਰੇ ਲੈ ਲਏ। ਉਨ੍ਹਾਂ ਦੀ ਸਫਾਈ ਠੀਕ ਨਹੀਂ ਸੀ। ਮੱਕੜੀਆਂ ਦੇ ਜਾਲ਼ੇ ਵਗੈਰਾ ਲੱਗੇ ਹੋਏ ਸਨ। ਪਰ ਅਣਸਰਦੇ ਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ। ਮੇਰੀ ਬੇਟੀ ਡਰ ਰਹੀ ਸੀ ਕਿ ਮੰਮਾਂ ਕੋਈ ਭੂੰਡ ਆ ਜਾਵੇਗਾ। ਪਰ ਮੈਂ ਕਿਹਾ ਕਿ ਰੱਬ-ਰੱਬ ਕਰਕੇ ਸੌਂ ਜਾ ਕੁੱਝ ਨਹੀਂ ਹੁੰਦਾ। ਕਮਰੇ ਵਿੱਚ ਇੱਕ ਬਾਰੀ ਸੀ ਜਿਸ ਵਿੱਚੋਂ ਬਰਫ ਨਾਲ਼ ਢਕੇ ਹੋਏ ਚਾਂਦੀ ਰੰਗੇ ਪਹਾੜ ਨਜ਼ਰ ਆ ਰਹੇ ਸਨ। ਚੰਦ ਚਾਨਣੀ ਰਾਤ ਇਹਨਾਂ ਉੱਤੇ ਹੋਰ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਹੀ ਸੀ। ਚੰਨ ਬੱਦਲਾਂ ਨਾਲ਼ ਲੁਕਣ ਮੀਚੀ ਖੇਡ ਰਿਹਾ ਸੀ। ਵਿੱਚੋਂ ਹੀ ਕਦੇ-ਕਦੇ ਉਹ ਸਾਨੂੰ ਵੀ ਝਾਤ ਆਖ ਜਾਂਦਾ। ਕੁਦਰਤ ਦੇ ਇਹ ਕਲੋਲ ਦੇਖਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ।
ਫਿਰ ਉਹਲੇ ਹੋ ਗਈ ਰਾਤ ਸੀ, ਸੰਦਲੀ ਹੋਈ ਸਵੇਰ। ਚਾਨਣ ਸਾਰੇ ਪਸਰਿਆ, ਹੋਇਆ ਦੂਰ ਹਨੇਰ। ਪਹਾੜੀ ਪੰਛੀਆਂ ਨੇ ਆਪਣੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਸਾਰੇ ਯਾਤਰੀ ਉਠ ਗਏ। ਸਾਡੀ ਸੰਗਤ ਛੇਤੀ-ਛੇਤੀ ਤਿਆਰ ਹੋ ਗਈ ਤਾਂ ਕਿ ਸਮੇਂ ਸਿਰ ਹੇਮਕੁੰਟ ਵੱਲ ਜਾਇਆ ਜਾਵੇ। ਤੁਰਨ ਵੇਲ਼ੇ ਦੇਖਿਆ ਕਿ ਆਸਮਾਨ ਵਿੱਚ ਬੱਦਲ਼ਾਂ ਨੇ ਝੁਰਮਟ ਪਾਇਆ ਹੋਇਆ ਹੈ ਸ਼ਾਇਦ ਮੀਂਹ ਪਵੇਗਾ। ਸਾਰਿਆਂ ਨੇ ਸਲਾਹ ਕੀਤੀ ਕਿ ਆਪਾਂ ਹੁਣ ਖੱਚਰਾਂ ਲੈ ਲਈਏ। ਕੱਲ੍ਹ ਦੇ ਵੀ ਥੱਕੇ ਹੋਏ ਹਾਂ ਤੇ ਉੱਪਰ ਜਾਣ ਲਈ ਚੜ੍ਹਾਈ ਵੀ ਤਿੱਖੀ ਹੈ। ਸਾਰੇ ਇਸ ਵਿਚਾਰ ਨਾਲ਼ ਸਹਿਮਤ ਹੋ ਗਏ।
ਅਜੇ ਅਸੀਂ ਤਿੰਨ ਕੁ ਕਿਲੋਮੀਟਰ ਹੀ ਗਏ ਹੋਵਾਂਗੇ ਕਿ ਕਿਣ ਮਿਣ ਸ਼ੁਰੂ ਹੋ ਗਈ। ਉਚਾਈ ਜ਼ਿਆਦਾ ਹੋਣ ਕਰਕੇ ਘੋੜੇ ਅਤੇ ਖੱਚਰਾਂ ਚੰਗੀ ਤਰ੍ਹਾਂ ਨਹੀਂ ਚੱਲ ਰਹੀਆਂ ਸਨ। ਉਨ੍ਹਾਂ ਦੇ ਮਾਲਕਾਂ ਨੇ ਕਿਹਾ ਕਿ ਆਗੇ ਚੜ੍ਹਾਈ ਜ਼ਿਆਦਾ ਹੈ, ਮੀਂਹ ਪੜ ਰਹਾ ਹੈ ਜਾਨਵਰ ਕਾ ਪਾਓਂ ਫਿਸਲ ਰਹਾ ਹੈ, ਹਮ ਆਗੇ ਨਹੀਂ ਜਾ ਸਕਤੇ। ਕਿਸੇ ਜਾਨਵਰ ਕਾ ਨੁਕਸਾਨ ਨਾ ਹੋ ਸਕਤਾ ਹੈ। ਸੋ ਅਸੀਂ ਅੱਧ ਵਿੱਚ ਹੀ ਘੋੜੇ ਖੱਚਰਾਂ ਤੋਂ ਉੱਤਰ ਗਏ। ਅਜੇ ਤਿੰਨ ਕਿਲੋਮੀਟਰ ਦਾ ਹੋਰ ਸਫਰ ਰਹਿੰਦਾ ਸੀ। ਮੈਂ ਆਪਣੀ ਬੇਟੀ ਨੂੰ ਕਾਂਡੀ ਵਿੱਚ ਬੈਠਾ ਦਿੱਤਾ। ਕਾਂਡੀ – ਜੋ ਆਦਮੀ ਦੀ ਪਿੱਠ ਉੱਤੇ ਇੱਕ ਟੋਕਰੀ ਲੱਗੀ ਹੁੰਦੀ ਹੈ। ਮੈਂ ਹੌਲ਼ੀ-ਹੌਲ਼ੀ ਅੱਗੇ ਤੁਰਦੀ ਗਈ ਅਤੇ ਨਾਲ਼-ਨਾਲ਼ ਹੀ ਚੋਟੀਆਂ ਦੇ ਬਰਫ ਲੱਦੇ ਤਿੱਖੇ ਨੈਣ ਨਕਸ਼ ਮਾਣਦੀ ਗਈ। ਕਦੇ-ਕਦੇ ਮੈਂ ਡੂੰਘੀਆਂ ਖੱਡਾਂ ਨੂੰ ਵੀ ਦੇਖ ਲੈਂਦੀ। ਅਸੀਂ ਸਾਰੇ 11 ਵਜੇ ਦੇ ਕਰੀਬ ਗੁਰੂ ਦੇ ਦਰਬਾਰ ਪਹੁੰਚ ਗਏ। ਉੱਥੇ ਜਾ ਕੇ ਸਭ ਤੋਂ ਪਹਿਲਾਂ ਕੁੰਡ ਵਿੱਚ ਇਸ਼ਨਾਨ ਕੀਤਾ। ਜਦੋਂ ਪਹਿਲੀ ਡੁਬਕੀ ਲਾਈ ਤਾਂ ਸਾਰੇ ਸਰੀਰ ਵਿੱਚ ਕੰਬਣੀ ਛਿੜ ਗਈ। ਬੱਸ ਫੇਰ ਵਾਹਿਗੁਰੂ-ਵਾਹਿਗੁਰੂ ਕਰਦਿਆਂ ਪੂਰਾ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਵਿੱਚ ਜਾ ਕੇ ਗੁਰੂ ਨੂੰ ਮੱਥਾ ਟੇਕਿਆ। ਕਿਉਂਕਿ ਉੱਥੇ 12 ਵਜੇ ਤੋਂ ਪਹਿਲੋਂ ਸਮਾਪਤੀ ਦੀ ਅਰਦਾਸ ਹੋ ਜਾਂਦੀ ਹੈ। ਉਸ ਤੋਂ ਪਿੱਛੋਂ ਫੇਰ ਉੱਥੋਂ ਹੀ ਉਨ੍ਹਾਂ ਸੱਤਾਂ ਚੋਟੀਆਂ ਦੇ ਦਰਸ਼ਨ ਕੀਤੇ ਜਿਨ੍ਹਾਂ ਵਿੱਚੋਂ ਚਸ਼ਮੇ ਫੁੱਟ ਕੇ ਤੇ ਝਰਨਿਆਂ ਦਾ ਜਲ ਆ ਕੇ ਉਸ ਕੁੰਡ ਵਿੱਚ ਪੈ ਰਿਹਾ ਸੀ। ਉੱਥੋਂ ਵਿਹਲੇ ਹੋ ਕੇ ਇੱਕ ਵੇਰ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਇਆ।
ਕੁਦਰਤ ਦੇ ਰੰਗਲੇ ਰੂਪ ਦਾ ਸੁਹੱਪਣ ਮਾਣਦੇ ਹੋਏ ਅਸੀਂ ਵਾਪਸ ਚਾਲੇ ਪਾ ਦਿੱਤੇ। ਮੇਰੀ ਬੇਟੀ ਮੈਨੂੰ ਕਹਿਣ ਲੱਗੀ ਕਿ ਮੱਮਾਂ ਮੈਂ ਨਹੀਂ ਹੁਣ ਕਾਂਡੀ ਤੇ ਬੈਠਣਾ। ਮੈਨੂੰ ਡਰ ਲੱਗਦਾ ਹੈ ਅਤੇ ਨਾਲ਼ੇ ਚੱਕਰ ਆਉਂਦੇ ਹਨ। ਮੈਂ ਕਿਹਾ ਚਲੋ ਫੇਰ ਤੁਰ ਕੇ ਚੱਲਦੇ ਹਾਂ। ਪਰ ਆਸੇ ਪਾਸੇ ਬਿਲਕੁੱਲ ਨਹੀਂ ਦੇਖਣਾ। ਬੱਸ ਆਪਣੇ ਪੈਰਾਂ ਵੱਲ ਹੀ ਦੇਖ ਕੇ ਅੱਗੇ ਤੁਰੀ ਜਾਣਾ ਹੈ। ਅਸੀਂ 6 ਕਿਲੋਮੀਟਰ ਚੱਲ ਕੇ ਨੀਚੇ ਗੋਬਿੰਦ ਧਾਮ ਪਹੁੰਚ ਗਏ। ਸਾਡੇ ਨਾਲ਼ ਦੇ ਸਾਥੀ ਕਹਿੰਦੇ ਕਿ ਆਪਾਂ ਹੁਣ ਘੋੜੇ ਲੈ ਲਈਏ।
ਗੋਬਿੰਦ ਘਾਟ ਤੋਂ ਅੱਗੇ ਜਾਣ ਵਿੱਚ ਸਮਾਂ ਬਚ ਜਾਵੇਗਾ ਤੇ ਆਪਾਂ ਚੰਡੀਗੜ੍ਹ ਨੂੰ ਜਲਦੀ ਚਾਲੇ ਪਾ ਦੇਵਾਂਗੇ। ਘੋੜੇ ਵਾਲ਼ੇ ਨਾਲ਼ ਗੱਲ ਕੀਤੀ ਤਾਂ ਉਸ ਨੇ ਸਾਰਿਆਂ ਲਈ ਸਵਾਰੀ ਦਾ ਪਰਬੰਧ ਕਰ ਦਿੱਤਾ। ਜਿਸ ਘੋੜੀ ਉੱਤੇ ਮੈਂ ਚੜ੍ਹਨਾ ਸੀ ਉਸਦਾ ਮਾਲਕ ਸ਼ੋਹਲੇ ਫਿਲਮ ਦਾ ਡਾਇਲੌਗ ਮਾਰ ਕੇ ਕਹਿੰਦਾ, “ਅਰੇ ਬਸੰਤੀ ਤੂੰ ਬਸੰਤੀ ਕੋ ਬਠਾ ਲੇ”। ਇਹ ਸੁਣ ਕੇ ਸਾਰੇ ਸਾਥੀ ਹੱਸਣ ਲੱਗ ਪਏ। ਵਾਪਸੀ ਸਮੇਂ ਮੈਨੂੰ ਉਸ ਘੋੜੀ ਦੀ ਸਵਾਰੀ ਬਹੁਤੀ ਚੰਗੀ ਨਹੀਂ ਲੱਗੀ। ਕਿਉਂਕਿ ਜਦੋ ਤਾਂ ਘੋੜੀ ਦੀ ਸਵਾਰੀ ਹੁੰਦੀ ਸੀ ਉਦੋਂ ਤਾਂ ਚੰਗਾ ਲੱਗਦਾ ਸੀ ਪਰ ਵਿੱਚ-ਵਿੱਚ ਜਦੋਂ ਉੱਤਰ ਕੇ ਪੈਦਲ ਤੁਰਨਾ ਪੈਂਦਾ ਸੀ ਤਾਂ ਬਹੁਤ ਔਖਾ ਲੱਗਦਾ ਸੀ। ਦੂਸਰਾ ਘੋੜੀ ਰਸਤੇ ਦੇ ਨਾਲ਼ੇ ਵਾਲ਼ੇ ਕਿਨਾਰੇ ਨਾਲ਼ ਚੱਲਦੀ ਸੀ। ਏਥੇ ਮੈਨੂੰ ਆਪਣੀ ਭੈਣ ਦੀ ਕਹੀ ਹੋਈ ਗੱਲ ਯਾਦ ਆ ਗਈ, ਜਿਹੜੀ ਮੇਰੇ ਤੋਂ ਪਹਿਲਾਂ ਹੇਮਕੁੰਡ ਸਾਹਿਬ ਦੀ ਯਾਤਰਾ ਕਰਕੇ ਗਈ ਸੀ। ਉਸਦਾ ਕਹਿਣਾ ਸੀ ਕਿ ਭੈਣੇ ਖੱਚਰਾਂ ਰਸਦੇ ਦੇ ਖੱਡ ਵਾਲ਼ੇ ਕਿਨਾਰੇ ਨਾਲ਼ ਚੱਲਦੀਆਂ ਹਨ। ਜਦੋਂ ਇਸ ਵਾਰੇ ਮੈਂ ਭਾਈ ਨੂੰ ਕਿਹਾ ਬਈ ਇਸ ਨੂੰ ਦੂਸਰੇ ਪਾਸੇ ਕਰ ਤਾਂ ਕਹਿੰਦਾ ਆਰਾਮ ਸੇ ਬੈਠ ਜਾਓ ਕੁੱਛ ਨਹੀਂ ਹੋਤਾ। ਭੈਣ ਨੇ ਅੱਗੇ ਦੱਸਿਆ ਸੀ ਕਿ ਮੈਂ ਤਾਂ ਰੱਬ ਅੱਗੇ ਹੱਥ ਜੋੜੇ ਤੇ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਇਸ ਵਾਰ ਸਹੀ ਸਲਾਮਤ ਲੈ ਚੱਲੋ ਮੈਂ ਮੁੜਕੇ ਏਧਰ ਮੂੰਹ ਨਹੀਂ ਕਰਦੀ। ਮੇਰੇ ਗੋਬਿੰਦ ਮੇਰੀ ਤਾਂ ਇਹ ਪਹਿਲੀ ਤੇ ਆਖਰੀ ਯਾਤਰਾ ਹੈ।
ਮੇਰੇ ਮਨ ਵਿੱਚ ਭੈਣ ਦੀ ਕਹੀ ਹੋਈ ਗੱਲ ਯਾਦ ਆਈ ਤਾਂ ਮੈਂ ਵੀ ਕਿਹਾ ਕਿ ਬਾਈ ਜੀ ਯਹ ਘੋੜੀ ਕਿਨਾਰੇ ਪੇ ਕਿਉਂ ਚਲਤੀ ਹੈ? ਤਾਂ ਉਹ ਕਹਿੰਦਾ ਕਿ ਇਨ ਕੀ ਆਦਤ ਬਣ ਗਈ ਹੈ। ਕਿਉਂਕਿ ਦੂਸਰੀ ਤਰਫ਼ ਤੋ ਲੋਗ ਚਲਤੇ ਹੈਂ। ਇਸ ਲਈ ਯਹ ਫਿਰ ਏਕ ਸਾਈਡ ਪੇ ਹੋ ਜਾਤੀ ਹੈਂ। ਆਪ ਚਿੰਤਾ ਮੱਤ ਕਰੋ। ਮੈਂ ਕਿਹਾ ਮੇਰੀ ਚਿੰਤਾ ਤੋ ਮੇਰੇ ਗੋਬਿੰਦ ਕੋ ਹੈ ਮੇਰੇ ਕੋ ਨਹੀਂ। ਅਸੀਂ ਗੋਬਿੰਦ ਘਾਟ ਪਹੁੰਚੇ ਤਾਂ ਘੋੜੀ ਤੋਂ ਉੱਤਰੇ ਲੱਤਾਂ ਦਾ ਬੁਰਾ ਹਾਲ ਸੀ। ਇੰਝ ਲੱਗਦਾ ਸੀ ਜਿਵੇਂ ਧਰਤੀ ਉੱਤੇ ਖੜ੍ਹਾ ਨਾ ਹੋ ਹੋਵੇ। ਪਰ ਫੇਰ ਹੌਲ਼ੀ-ਹੌਲ਼ੀ ਸਭ ਠੀਕ ਹੋ ਗਿਆ। ਗੁਰਦੁਆਰਾ ਗੋਬਿੰਦ ਘਾਟ ਆ ਕੇ ਗੁਰੂ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਵਾਰ-ਵਾਰ ਸ਼ੁਕਰਾਨਾ ਕੀਤਾ। ਜਿਸ ਨੇ ਹੱਥ ਦੇ ਕੇ ਸਾਡੀ ਰੱਖਿਆ ਕੀਤੀ ਅਤੇ ਸਾਨੂੰ ਆਪਣੇ ਪੈਰਾਂ ਉੱਤੇ ਤੋਰ ਲੈ ਕੇ ਗਏ। ਵਾਪਸ ਆ ਕੇ ਆਪੋ ਆਪਣੀਆਂ ਕਾਰਾਂ ਵਿੱਚ ਬੈਠੇ ਅਤੇ ਚੰਡੀਗੀੜ੍ਹ ਵਾਸਤੇ ਚਾਲੇ ਪਾ ਦਿੱਤੇ। ਉੱਪਰੋਂ ਮੀਂਹ ਦੀ ਝੜੀ ਲੱਗ ਗਈ। ਰਸਤੇ ਵਿੱਚ ਉਸ ਦਾਤੇ ਦੀਆਂ ਸਿਫ਼ਤਾਂ ਦੇ ਇਲਾਹੀ ਦਰਸ਼ਨਾਂ ਦੀਆਂ ਝਲਕੀਆਂ ਆਪਣੇ ਮਨਾਂ ਵਿੱਚ ਸੰਭਾਲ਼ ਲਈਆਂ। ਬਾਹਰ ਕੁਦਰਤ ਵਿੱਚ ਮੀਂਹ ਦੀ ਝੜੀ ਅਤੇ ਮਨ ਅੰਦਰ ਉਸ ਦਾਤੇ ਦੀਆਂ ਸਿਫਤਾਂ ਦੀ ਰਹਿਮਤ ਬਰਸਦੀ ਰਹੀ। ਵਾਪਿਸ ਆਉਂਦੇ ਸਮੇਂ ਕੁੱਝ ਸਮੇਂ ਲਈ ਅਸੀਂ ਪਾਉਂਟਾ ਸਾਹਿਬ ਵੀ ਰੁਕੇ। ਇਹ ਗੁਰਦੁਆਰਾ ਦਸਵੇਂ ਪਾਤਿਸ਼ਾਹ ਦਾ ਹੈ ਜੋ ਇੱਕ ਬੜੀ ਹੀ ਰਮਣੀਕ ਜਗ੍ਹਾ ਉੱਤੇ ਨਦੀ ਦੇ ਕਿਨਾਰੇ ਹੈ। ਉਸ ਥਾਂ ਦੇ ਜੀਅ ਭਰ ਕੇ ਦਰਸ਼ਨ ਕੀਤੇ। ਫਿਰ ਸਿੱਧੇ ਚੰਡੀਗੜ੍ਹ ਆਪੋ ਆਪਣੇ ਘਰ ਪਹੁੰਚ ਗਏ। ਮੈਂ ਤਾਂ ਘਰ ਪਹੁੰਚ ਕੇ ਵੀ ਕਈ ਦਿਨ ਉਨ੍ਹਾਂ ਨਦੀਆਂ, ਨਾਲ਼ਿਆਂ, ਚਸ਼ਮਿਆਂ, ਝਰਨਿਆਂ ਤੇ ਪਹਾੜਾਂ ਨਾਲ਼ ਗੱਲਾਂ ਕਰਦੀ ਰਹੀ। ਜਿਹੜੇ ਕੇ ਮੇਰੀ ਯਾਦ ਵਿੱਚ ਅਜੇ ਵੀ ਉੱਕਰੇ ਹੋਏ ਹਨ। ਹੁਣ ਵੀ ਜਦੋਂ ਮੈਂ ਨਿੱਤਨੇਮ ਕਰਨ ਬੈਠਦੀ ਹਾਂ ਆਪਣੀ ਸੁਰਤੀ ਨੂੰ ਹਰ ਪਾਸੇ ਤੋਂ ਸਮੇਟ ਕੇ ਹੇਮਕੁੰਟ ਦੀ ਯਾਤਰਾ ਨਾਲ਼ ਜੋੜ ਲੈਂਦੀ ਹਾਂ। ਉਹ ਕਿਹੋ ਜਿਹੀ ਸੁਲੱਖਣਾ ਸਮਾਂ ਸੀ ਜਦੋਂ ਅਸੀਂ ਹੇਮ ਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ!