ਮੇਰੇ ਘਰ ਦਿਆਂ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਮੈਂ ਰਾਜਧਾਨੀ ਦਿੱਲੀ ਦੇ ਕਾਲਜ ਵਿੱਚ ਪੜ੍ਹਾਂਗਾ। ਦਿੱਲੀ ਤੋਂ ਮੁੜ ਕੇ ਜਦੋਂ ਮੈਂ ਸਾਰੀ ਕਹਾਣੀ ਸੁਣਾਈ ਤਾਂ ਉਹ ਬੜੇ ਹੈਰਾਨ ਹੋਏ। ਪੁੱਛਣ ਲੱਗੇ, “ਦਿੱਲੀ ਦੀ ਪੜ੍ਹਾਈ ਦਾ ਖਰਚ ਕਿੰਨਾ ਕੁ ਆਊ?” ਮੈਂ ਕਿਹਾ, “ਉਹ ਕਹਿੰਦੇ ਸੀ ਕਿ ਬਹੁਤਾ ਨੀ ਆਉਣਾ। ਫੇਰ ਵੀ ਸਾਲ ਦਾ ਦੋ ਕੁ ਹਜ਼ਾਰ ਤਾਂ ਆ ਈ ਜਾਊ।”
ਉਨ੍ਹਾਂ ਦਿਨਾਂ `ਚ ਦੋ ਹਜ਼ਾਰ ਵੀ ਵੱਡੀ ਰਕਮ ਸੀ। ਪਹਿਲਾਂ ਬੀ.ਐੱਡ.ਕਰਨ ਉਤੇ ਵੀ ਦੋ ਢਾਈ ਹਜ਼ਾਰ ਲੱਗ ਚੁੱਕਾ ਸੀ। ਏਨੇ ਪੈਸਿਆਂ ਨਾਲ ਦੋ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ। 1960 ਵਿੱਚ ਹੋਈ ਮੁਰੱਬੇਬੰਦੀ ਪਿੱਛੋਂ ਸਾਡੇ ਬਾਪ ਦੇ ਹਿੱਸੇ ਬਾਰਾਂ ਕਿੱਲੇ ਜ਼ਮੀਨ ਆਉਂਦੀ ਸੀ ਜਿਸ ਦੇ ਦੋ ਕਿੱਲਿਆਂ ਵਿੱਚ ਛੱਪੜ ਤੇ ਥੇਹ ਸੀ ਤੇ ਕੁੱਝ ਕਿੱਲਿਆਂ `ਚ ਕੱਲਰ ਸਨ। ਹਾੜ੍ਹੀ ਦੇ ਮਸਾਂ ਸੌ ਸਵਾ ਮਣ ਦਾਣੇ ਹੁੰਦੇ ਸਨ। ਸਾਉਣੀ ਮੀਹਾਂ ਤੇ ਸੇਮ ਨਾਲ ਮਾਰੀ ਜਾਂਦੀ ਸੀ। ਕਪਾਹ ਦਾ ਕੋਈ ਭਰੋਸਾ ਨਹੀਂ ਸੀ ਤੇ ਝੋਨਾ ਅਜੇ ਲੱਗਣ ਨਹੀਂ ਸੀ ਲੱਗਾ। ਮਾਂਹਾਂ ਮੋਠਾਂ ਨੂੰ ਨਦੀਨ ਲੈ ਬਹਿੰਦਾ। ਮੱਕੀ ਮਸਾਂ ਖਾਣ ਜੋਗੀ ਹੁੰਦੀ ਸੀ। ਬਾਪੂ ਭਾਵੇਂ `ਕੱਲਾ ਪੁੱਤ ਸੀ ਪਰ ਅੱਗੋਂ ਅਸੀਂ ਪੰਜ ਭਰਾ ਸਾਂ ਤੇ ਤਿੰਨ ਭੈਣਾਂ। ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਬਾਪੂ ਨੇ ਬਹਾਵਲਪੁਰ ਤੋਂ ਉੱਜੜ ਕੇ ਕੁੱਝ ਸਾਲ ਬੰਗਾਲ ਬਿਹਾਰ ਵੱਲ ਟਰੱਕ ਚਲਾਇਆ ਸੀ। ਟਰੱਕ ਦੇ ਐਕਸੀਡੈਂਟ ਪਿੱਛੋਂ ਉਹ ਪਿੰਡ ਪਰਤ ਆਏ ਸਨ ਤੇ ਬਾਬੇ ਨਾਲ ਖੇਤੀ ਕਰਨ ਲੱਗ ਪਏ ਸਨ।ਸਾਡੇ ਬਾਪੂ ਨੂੰ ਬਾਬੇ ਨੇ ਬੇਸ਼ਕ ਅੱਠ ਜਮਾਤਾਂ ਤਕ ਪੜ੍ਹਾਇਆ ਸੀ ਪਰ ਉਹ ਉਸ ਜ਼ਮਾਨੇ ਦੇ ਮੁਤਾਬਿਕ ਤਰੱਕੀ ਨਹੀਂ ਸਨ ਕਰ ਸਕੇ। ਅੱਠਵੀਂ ਚੋਂ ਫੇਲ੍ਹ ਹੋ ਕੇ ਉਹ ਲਾਹੌਰ ਡਰਾਈਵਿੰਗ ਸਿੱਖਣ ਚਲੇ ਗਏ ਸਨ। ਉਥੇ ਡਰਾਈਵਿੰਗ ਦਾ ਲਾਇਸੰਸ ਵੀ ਲੈ ਲਿਆ ਸੀ ਤੇ ਅਫਰੀਕਾ ਦਾ ਪਾਸਪੋਰਟ ਵੀ ਬਣਾ ਲਿਆ ਸੀ। ਉਹ ਪਾਸਪੋਰਟ ਅਜੇ ਵੀ ਸਾਡੇ ਪਾਸ ਹੈ ਜਿਸ ਦੇ ਬਣਨ ਦਾ ਸਾਲ 1938 ਹੈ। ਉਦੋਂ ਮੇਰੇ ਵੱਡੇ ਭਰਾ ਦਾ ਜਨਮ ਹੋ ਚੁੱਕਾ ਸੀ। ਨੇੜ ਤੇੜ ਦਿਆਂ ਦੇ ਕਹਿਣ `ਤੇ ਸਾਡੇ ਬਾਬੇ ਨੇ ਬਾਪੂ ਨੂੰ ਅਫਰੀਕਾ ਨਾ ਜਾਣ ਦਿੱਤਾ ਕਿਉਂਕਿ ਉਹ ਉਨ੍ਹਾਂ ਦਾ `ਕੱਲਾ ਪੁੱਤ ਸੀ।ਫਿਰ ਬਾਪੂ ਨੇ ਮਿਸਤਰੀ ਸੰਤਾ ਸਿੰਘ ਨਾਲ ਆਟਾ ਪੀਹਣ ਦੀ ਮਸ਼ੀਨ ਲਾ ਲਈ। ਕਿਸੇ ਨੇ ਤੁਕਾਂ ਜੋੜ ਦਿੱਤੀਆਂ-ਏਕ ਦੋ ਤੀਨ, ਬਾਬੇ ਸੰਤੇ ਦੀ ਮਸ਼ੀਨ, ਘੁੱਗੂ ਸੱਚ ਬੋਲਦਾ … ਦਾਣੇ ਲੈਂਦਾ ਵੱਧ, ਆਟਾ ਘੱਟ ਤੋਲਦਾ …।ਦੱਸਦੇ ਹਨ ਕਿ ਸਿਆਲ ਦਾ ਠੰਢਾ ਦਿਨ ਸੀ। ਰਿਵੀ ਚੱਲ ਰਹੀ ਸੀ। ਪਿੰਡ ਦਾ ਇੱਕ ਨੌਜੁਆਨ ਖੇਸ ਦੀ ਬੁੱਕਲ ਮਾਰ ਕੇ ਮਸ਼ੀਨ ਦੇ ਪਟੇ ਕੋਲ ਖੜ੍ਹਾ ਸੀ। ਉਹਦੀ ਮਾੜੀ ਕਿਸਮਤ ਕਿ ਖੇਸ ਦਾ ਲੜ ਹਵਾ ਨਾਲ ਪਟੇ `ਚ ਜਾ ਫਸਿਆ ਤੇ ਜੁਆਨ ਨੂੰ ਨਾਲ ਹੀ ਲਪੇਟ ਕੇ ਲੈ ਗਿਆ। ਉਹ ਅਜਿਹਾ ਉਲਝਿਆ ਕਿ ਇੰਜਣ ਬੰਦ ਹੋਣ ਤਕ ਉਹ ਭੌਣੀਆਂ ਉਤੋਂ ਗੇੜਾ ਖਾ ਗਿਆ ਤੇ ਉਸ ਦੀ ਧੌਣ ਦਾ ਮਣਕਾ ਟੁੱਟ ਗਿਆ। ਜੁਆਨ ਜਹਾਨ ਮੁੰਡੇ ਦੀ ਪਲਾਂ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਬਾਪੂ ਹੋਰਾਂ ਨੇ ਮਸ਼ੀਨ ਬੰਦ ਕਰ ਦਿੱਤੀ। ਉਹ ਮਸ਼ੀਨ ਸਾਡੇ ਬਾਹਰਲੇ ਘਰ ਲੱਗੀ ਹੁੰਦੀ ਸੀ ਜਿਸ ਦਾ ਮੈਨੂੰ ਮਾੜਾ ਮਾੜਾ ਚੇਤਾ ਹੈ।ਮੈਨੂੰ ਇਹ ਵੀ ਚੇਤਾ ਹੈ ਕਿ ਮੁਰੱਬੇਬੰਦੀ ਤੋਂ ਪਹਿਲਾਂ ਸਾਡੇ ਖੇਤ ਕਈ ਥਾਈਂ ਖਿਲਰੇ ਹੋਏ ਸਨ। ਉਨ੍ਹਾਂ ਖੇਤਾਂ ਨੂੰ ਟਾਕੀਆਂ ਕਹਿੰਦੇ ਸਨ। ਜਦੋਂ ਭਰਾ ਅੱਡ ਹੁੰਦੇ ਤਾਂ ਖੇਤਾਂ ਦੀਆਂ ਟਾਕੀਆਂ ਬਣਾ ਕੇ ਵੰਡ ਲੈਂਦੇ। ਕੁੱਝ ਟਾਕੀਆਂ ਸੇਂਜੂ ਸਨ ਪਰ ਬਹੁਤੀਆਂ ਮਾਰੂ ਸਨ। ਨਿਆਈਂ ਵਾਲੇ ਖੇਤਾਂ ਨੂੰ ਬਿੱਘੇ ਕਿਹਾ ਜਾਂਦਾ ਸੀ ਜਿਥੇ ਸਾਡਾ ਵੀ ਇੱਕ ਬਿੱਘਾ ਸੀ। ਉਥੇ ਅਸੀਂ ਪੱਠੇ ਉਗਾਉਂਦੇ ਤੇ ਸਿਰਾਂ ਉਤੇ ਢੋਂਦੇ। ਇੱਕ ਖੇਤ ਦਾ ਨਾਂ ਬੋੜਾ ਖੂਹ ਸੀ। ਉਸ ਤੋਂ ਅੱਗੇ ਮੈਰਾ, ਚੀਮੇਆਣਾ, ਜੰਡ ਵਾਲਾ, ਦੈੜਾਂ, ਬਾਵਿਆਂ ਵਾਲੀ ਰੋਹੀ, ਕੁਟੀਆਂ ਤੇ ਢਾਬ ਵਾਲੇ ਖੇਤ ਸਨ। ਸੂਏ ਦੇ ਦੂਜੇ ਪਾਸੇ ਛਪੜੀ ਵਾਲਾ, ਗਿੱਦੜਾਂ ਵਾਲਾ, ਰੋਹੀ, ਜੌੜੇ ਖਾਲ ਤੇ ਤਿਰਕਾਂ ਸਨ। ਉਨ੍ਹਾਂ ਖੇਤਾਂ ਨੂੰ ਨਾ ਸਿੱਧੇ ਰਾਹ ਸਨ ਤੇ ਨਾ ਸਿੱਧੇ ਖਾਲੇ। ਬਹੁਤੇ ਖੇਤਾਂ ਨੂੰ ਡੰਡੀ ਪੈ ਕੇ ਜਾਈਦਾ ਸੀ। ਮੁਰੱਬੇਬੰਦੀ ਨਾਲ ਸਾਡੇ ਖੇਤ ਤਿਰਕਾਂ ਤੇ ਗਿੱਦੜਾਂ ਵਾਲੇ `ਕੱਠੇ ਹੋ ਗਏ ਅਤੇ ਸਿੱਧੇ ਰਾਹ ਤੇ ਸਿੱਧੀਆਂ ਪਹੀਆਂ ਬਣ ਗਈਆਂ।ਪੰਜਾਬ ਦੀ ਖੇਤੀਬਾੜੀ ਵਿੱਚ ਮੁਰੱਬੇਬੰਦੀ ਨੇ ਬਹੁਤ ਸੁਧਾਰ ਲਿਆਂਦਾ ਤੇ ਹਰੇ ਇਨਕਲਾਬ ਦਾ ਮੁੱਢ ਬੰਨ੍ਹਿਆ। ਟਿਊਬਵੈੱਲ ਮੁਰੱਬੇਬੰਦੀ ਪਿੱਛੋਂ ਹੀ ਲੱਗਣੇ ਸ਼ੁਰੂ ਹੋਏ। ਫਿਰ ਇੰਜਣ ਤੇ ਟ੍ਰੈਕਟਰ ਆਏ ਤੇ ਬਿਜਲੀ ਦੀਆਂ ਮੋਟਰਾਂ ਚੱਲਣ ਲੱਗੀਆਂ। ਮਸਨੂਈ ਖਾਦਾਂ, ਕੀੜੇ ਮਾਰ ਤੇ ਨਦੀਨ ਨਾਸ਼ਕ ਦਵਾਈਆਂ ਅਤੇ ਡਰਿਲਾਂ ਤੇ ਕੰਬਾਈਨਾਂ ਨੇ ਖੇਤੀਬਾੜੀ ਦਾ ਨਕਸ਼ਾ ਹੀ ਬਦਲ ਦਿੱਤਾ। ਮੈਨੂੰ ਪਿੰਡਾਂ ਦੇ ਵਿੰਗ ਤੜਿੰਗੇ ਪਹੇ ਯਾਦ ਹਨ ਜੋ ਖੇਤਾਂ ਤੋਂ ਨੀਵੇਂ ਹੁੰਦੇ ਸਨ ਤੇ ਮੀਂਹ ਪੈਣ ਉਤੇ ਉਨ੍ਹਾਂ `ਚ ਖੋਭੇ ਹੋ ਜਾਇਆ ਕਰਦੇ ਸਨ। ਪਿੰਡ ਦੀਆਂ ਬੀਹੀਆਂ ਵਿੱਚ ਵੀ ਚਾਲ੍ਹੇ ਹੁੰਦੇ ਸਨ ਜਿਸ ਕਰਕੇ ਫਸਲਾਂ ਸਿਰਾਂ `ਤੇ ਹੀ ਢੋਈਆਂ ਜਾਂਦੀਆਂ ਸਨ।ਕਹਿਣ ਨੂੰ ਤਾਂ ਭਾਵੇਂ ਕੋਈ ਕੁੱਝ ਕਹੀ ਜਾਵੇ ਪਰ ਕਿਸਾਨੀ ਦਾ ਜੋ ਜੀਵਨ ਮੈਂ ਆਪਣੀ ਕਿਸ਼ੋਰ ਅਵੱਸਥਾ ਤਕ ਵੇਖਿਆ ਉਹ ਨਰਕ ਤੋਂ ਘੱਟ ਨਹੀਂ ਸੀ। ਕਿਸਾਨਾਂ ਕੋਲ ਸੁਖ ਦਾ ਕੋਈ ਸਾਧਨ ਨਹੀਂ ਸੀ। ਪਿੰਡਾਂ `ਚ ਕਿਤੇ ਬਿਜਲੀ ਨਹੀਂ ਸੀ ਆਈ। ਨਲਕੇ ਨਹੀਂ ਸਨ ਲੱਗੇ ਅਤੇ ਪਾਣੀ ਖੂਹਾਂ ਤੇ ਖੂਹੀਆਂ ਦਾ ਪੀਤਾ ਜਾਂਦਾ ਸੀ। ਨ੍ਹਾਉਣ ਲਈ ਕੋਈ ਗੁਸਲਖਾਨਾ ਨਹੀਂ ਸੀ। ਖੁੱਲ੍ਹਾ ਨ੍ਹਾਉਣਾ ਹੋਵੇ ਤਾਂ ਹਲਟੀ ਜਾਂ ਤਲਾਅ `ਤੇ ਜਾਈਦਾ ਸੀ। ਔਰਤਾਂ ਮੰਜੇ ਉਹਲੇ ਪਟੜਾ ਰੱਖ ਕੇ ਨ੍ਹਾਉਂਦੀਆਂ ਤੇ ਨ੍ਹੇਰੇ ਸਵੇਰੇ ਜੰਗਲ ਪਾਣੀ ਜਾਂਦੀਆਂ ਜਿਸ ਨੂੰ ਉਹ ‘ਬਾਹਰ’ ਜਾਣਾ ਕਹਿੰਦੀਆਂ।ਤੰਗੀ ਏਨੀ ਸੀ ਕਿ ਵਾਂਢੇ ਜਾਣ ਲਈ ਲੀੜੇ ਕਪੜੇ ਤੇ ਜੁੱਤੀਆਂ ਮੰਗਵੀਆਂ ਪਾਈਆਂ ਜਾਂਦੀਆਂ ਤੇ ਇਕੋ ਕੈਂਠਾ ਕਦੇ ਕਿਸੇ ਜਾਨੀ ਦੇ ਗਲ ਦਾ ਸ਼ਿੰਗਾਰ ਬਣਦਾ ਕਦੇ ਕਿਸੇ ਦਾ। ਉਹ ਸਾਕ ਸਕੀਰੀਆਂ ਵਿੱਚ ਵੀ ਲਿਆ ਦਿੱਤਾ ਜਾਂਦਾ। ਜੀਹਦੇ ਘਰ ਕੋਈ ਪ੍ਰਾਹੁਣਾ ਸਾਈਕਲ ਲੈ ਆਉਂਦਾ ਉਸ ਘਰ ਦੇ ਜੀਆਂ ਦੀ ਝੂਟੇ ਲੈਂਦਿਆਂ ਵਾਰੀ ਨਾ ਆਉਂਦੀ। ਨਿੱਕੇ ਨਿਆਣੇ ਸਾਈਕਲ ਦੀ ਟੱਲੀ ਵਜਾਉਣੋ ਨਾ ਹਟਦੇ। ਆਂਢੀਆਂ ਗੁਆਂਢੀਆਂ ਨੂੰ ਦੱਸਦੇ ਬਈ ਸਾਡੇ ਘਰ ਸੈਂਕਲ ਖੜ੍ਹਾ! ਲੱਡੂ ਵਿਆਹ ਵੇਲੇ ਈ ਮਿਲਦੇ ਜੋ ਜਾਨੀ ਤੇ ਮੇਲੀ ਦਸ ਦਸ ਵੀਹ ਵੀਹ ਖਾਣ ਤਕ ਜਾਂਦੇ। ਖੰਡ ਤੇ ਮਠਿਆਈ ਜਿੰਦੇ ਲਾ ਕੇ ਰੱਖਣੀ ਪੈਂਦੀ। ਉਹਨੀਂ ਦਿਨੀਂ ਜਾਨੀਆਂ ਨੂੰ ਮੁਫ਼ਤ ਸ਼ਰਾਬ ਕੋਈ ਨਹੀਂ ਸੀ ਪਿਆਉਂਦਾ ਹੁੰਦਾ। ਉਹ ਕੋਲੋਂ ਪੈਸੇ ਪਾ ਕੇ ਸਾਂਝੀ ਬੋਤਲ ਖਰੀਦਦੇ। ਉਹ ਪੀਂਦੇ ਘੱਟ ਤੇ ਵਿਖਾਉਂਦੇ ਵੱਧ। ਬਨੇਰਿਆਂ `ਤੇ ਬੈਠੀਆਂ ਤੀਵੀਂਆਂ ਗੀਤ ਗਾਉਂਦੀਆਂ-ਪ੍ਰਾਹੁਣਿਆਂ ਰੋਟੀ ਖਾਂਦਿਆਂ ਤੈਂ ਬੋਤਲ ਕਿਓਂ ਨਾ ਰੱਖੀ, ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ …।ਖੇਤੀ ਦਾ ਕੰਮ ਬਹੁਤ ਹੀ ਕਰੜਾ ਸੀ। ਤੜਕੇ ਤੋਂ ਦੁਪਹਿਰ ਤਕ ਬਲਦਾਂ ਨਾਲ ਹਲ ਚਲਦੇ। ਦੁਪਹਿਰੇ ਬਲਦ ਤਾਂ ਰੁੱਖਾਂ ਦੀ ਛਾਵੇਂ ਬੰਨ੍ਹ ਦਿੱਤੇ ਜਾਂਦੇ ਪਰ ਹਾਲੀ ਚਰ੍ਹੀ ਵੱਢਦੇ ਤੇ ਪੱਠਾ ਦੱਥਾ ਕਰਦੇ। ਤਾਂ ਹੀ ਤਾਂ ਕਿਹਾ ਜਾਂਦਾ ਸੀ-ਹਲ ਛੱਡ ਕੇ ਚਰ੍ਹੀ ਨੂੰ ਜਾਣਾ, ਜੱਟ ਦੀ ਜੂੰਨ ਬੁਰੀ।ਚਰ੍ਹੀ ਦੀਆਂ ਭਰੀਆਂ ਟੋਕੇ ਉਤੇ ਕੁਤਰੀਆਂ ਜਾਂਦੀਆਂ ਜਿਨ੍ਹਾਂ ਦਾ ਮੈਨੂੰ ਵੀ ਤਜਰਬਾ ਹੈ। ਭਾਦੋਂ ਦੇ ਹੁੰਮਸ ਵਿੱਚ ਚਰ੍ਹੀ ਕੁਤਰਦਿਆਂ ਮੁੜ੍ਹਕੇ `ਚ ਨ੍ਹਾ ਲਈਦਾ ਸੀ। ਕੱਤੇ ਮੱਘਰ `ਚ ਕੜਬ ਤੇ ਮੱਕੀ ਦੇ ਟਾਂਡੇ ਕੁਤਰਦਿਆਂ ਆਂਦਰਾਂ ਖਿੱਚੀਆਂ ਜਾਂਦੀਆਂ ਸਨ। ਮਸ਼ੀਨ ਗੇੜਨ ਉਤੇ ਜ਼ੋਰ ਬਹੁਤ ਲੱਗਦਾ ਸੀ। ਕਿਸਾਨੀ ਦੇ ਸਾਰੇ ਕੰਮ ਹੀ ਕਠਨ ਸਨ। ਕਦੇ ਹਲਟ ਦੇ ਗੇੜੇ ਪਏ ਰਹਿਣਾ ਤੇ ਕਦੇ ਜੇਠ ਦੀ ਗਰਮੀ ਵਿੱਚ ਫਲ੍ਹਿਆਂ ਮਗਰ ਤੁਰੇ ਫਿਰਨਾ। ਤਿੱਖੜ ਦੁਪਹਿਰੇ ਪੈਰੀਆਂ ਪੁੱਟਣੀਆਂ, ਸਲੰਘਾਂ ਨਾਲ ਲਾਂਗਾ ਖਿਲਾਰਨਾ, ਤੰਗਲੀਆਂ ਨਾਲ ਧੜਾਂ ਉਡਾਉਣੀਆਂ ਤੇ ਛੱਜਲੀਆਂ ਭਰ ਕੇ ਬੋਹਲ ਲਾਉਣੇ। ਕੰਡ ਲੜਦੀ ਹੋਣੀ ਪਰ ਤੂੜੀ ਦੀਆਂ ਪੰਡਾਂ ਫਿਰ ਵੀ ਨੀਰੇ ਵਾਲੇ ਕੋਠੇ `ਚ ਚੜ੍ਹਾਉਣੀਆਂ ਤੇ ਜੇਠ ਹਾੜ੍ਹ `ਚ ਰੂੜੀਆਂ ਦਾ ਰੇਹ ਕੱਢਣਾ। ਤਪਸ਼ ਨਾਲ ਸਰੀਰ `ਚੋਂ ਸੇਕ ਮਾਰਦਾ ਸੀ। ਸੂਏ ਦਾ ਪਾਣੀ ਲਾਉਂਦਿਆਂ ਮੋਘੇ ਤਕ ਖਾਲੇ ਖਾਲ ਪਏ ਜਾਣਾ ਤੇ ਅੱਡੀਆਂ ਨਾਲ ਖੱਡਾਂ ਬੰਦ ਕਰਦੇ ਡਿਕੋਡੋਲੇ ਖਾਈ ਜਾਣੇ। ਨਾ ਕੋਈ `ਨ੍ਹੇਰਾ ਵੇਖਦਾ ਸੀ ਨਾ ਸਵੇਰਾ। ਤਦੇ ਤਾਂ ਕਿਹਾ ਜਾਂਦੈ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਈ ਫਸਲਾਂ ਪਲਦੀਆਂ ਸੀ।ਮੈਂ ਕਿਸਾਨ ਘਰ ਦਾ ਜੰਮਪਲ ਹੋਣ ਕਾਰਨ ਉਨ੍ਹਾਂ ਸਾਰੇ ਕੰਮਾਂ ਦੀ ਕੁਠਾਲੀ ਵਿੱਚ ਢਲਿਆ ਜਿਹੜੇ ਕਿਸਾਨਾਂ ਦੇ ਮੁੰਡਿਆਂ ਨੂੰ ਕਰਨੇ ਹੀ ਪੈਂਦੇ ਸਨ। ਮੈਂ ਰੰਬੇ ਨਾਲ ਗੁਡਾਈਆਂ ਕੀਤੀਆਂ ਤੇ ਦਾਤੀ ਨਾਲ ਕਣਕ ਵੱਢੀ। ਮਾੜੀ ਮੋਟੀ ਕਹੀ ਵੀ ਵਾਹੀ। ਮੇਰੇ ਚੰਗੇ ਭਾਗ ਸਨ ਕਿ ਮੈਂ ਭੂਆ ਦੇ ਘਰ ਕਾਫੀ ਸੁਖਾਲਾ ਰਿਹਾ। ਉਥੇ ਮੈਂ ਡੰਗਰਾਂ ਨੂੰ ਪਾਣੀ ਪਿਆਉਂਦਾ, ਖੇਤਾਂ ਵਿੱਚ ਕਾਮਿਆਂ ਦੀ ਰੋਟੀ ਲੈ ਜਾਂਦਾ, ਖੂਹ `ਤੇ ਨੱਕੇ ਮੋੜ ਦਿੰਦਾ ਤੇ ਨਰਮੇ ਦੀਆਂ ਚੋਣੀਆਂ ਦਾ ਹਿਸਾਬ ਕਿਤਾਬ ਰੱਖਦਾ।ਜਦੋਂ ਪੁਰਾਣਿਆਂ ਦੀ ਥਾਂ ਨਵੇਂ ਪੈਸੇ ਚੱਲੇ ਤਾਂ ਚੋਣੀਆਂ ਨਵੇਂ ਪੈਸਿਆਂ ਦਾ ਹਿਸਾਬ ਵੀ ਪੁਰਾਣੇ ਪੈਸਿਆਂ ਵਿੱਚ ਹੀ ਕਰਾਉਂਦੀਆਂ। ਕਿੱਲੋਗਰਾਮਾਂ ਦੇ ਸੇਰ ਤੇ ਸੇਰਾਂ ਦੇ ਕਿੱਲੋਗਰਾਮ ਕਈ ਸਾਲ ਬਣਦੇ ਰਹੇ। ਜਿਹੜੀ ਚੁਗਾਈ ਪੁਰਾਣੇ ਤਿੰਨ ਪੈਸਿਆਂ ਦੀ ਸੇਰ ਹੁੰਦੀ ਸੀ ਉਹ ਨਵੇਂ ਪੰਜ ਪੈਸੇ ਕਿੱਲੋ ਹੋ ਗਈ ਸੀ। ਸਵਾਰੀਆਂ ਬੱਸ ਦੀ ਟਿਕਟ ਲੈਂਦੀਆਂ ਨਵੇਂ ਪੁਰਾਣੇ ਪੈਸਿਆਂ ਦੇ ਚੱਕਰ ਵਿੱਚ ਪਈਆਂ ਰਹਿੰਦੀਆਂ। ਇਹੋ ਰੌਲਾ ਬਜਾਜੀ ਦੀਆਂ ਦੁਕਾਨਾਂ ਵਿੱਚ ਗਜ਼ਾਂ ਤੇ ਮੀਟਰਾਂ ਦਾ ਸੀ। ਹੈਰਾਨੀ ਦੀ ਗੱਲ ਹੈ ਕਿ ਮੈਂ ਹਾਲੇ ਵੀ ਗੋਲਾ ਸੁੱਟਣ ਦੀ ਦੂਰੀ ਨੂੰ ਮੀਟਰਾਂ ਤੋਂ ਫੁੱਟਾਂ ਵਿੱਚ ਬਦਲਾਅ ਕੇ ਹੀ ਜਾਣ ਸਕਦਾਂ ਕਿ ਗੋਲਾ ਕਿੰਨੀ ਦੂਰ ਗਿਆ? ਮੇਰੇ ਦਿਮਾਗ ਵਿੱਚ ਬੈਠੇ ਮਣ, ਮੀਲ, ਗਜ਼, ਫੁੱਟ ਤੇ ਇੰਚ ਅਜੇ ਤਕ ਨਹੀਂ ਨਿਕਲੇ। ਸਫਰ ਦੀ ਦੂਰੀ ਮੈਨੂੰ ਕਿਲੋਮੀਟਰਾਂ ਦੀ ਥਾਂ ਮੀਲਾਂ ਨਾਲ ਵਧੇਰੇ ਸਮਝ ਆਉਂਦੀ ਹੈ।ਮੈਂ ਦੌੜ ਕੇ ਪੰਜਾਹ ਫੁੱਟ ਦੂਰ ਗੋਲਾ ਸੁੱਟਣ ਲੱਗ ਪਿਆ ਸਾਂ। ਵੈਸੇ ਦੌੜ ਕੇ ਗੋਲਾ ਸੁੱਟਣਾ ਫਾਊਲ ਹੁੰਦਾ ਹੈ। ਮੈਂ ਹੁੱਬ ਕੇ ਕਹਿੰਦਾ, “ਕੀ ਹੋਇਆ ਜੇ ਫਾਊਲ ਐ ਤਾਂ? ਇੱਕ ਵਾਰ ਤਾਂ ਪ੍ਰਦੁੱਮਣ ਸਿੰਘ ਦਾ ਏਸ਼ੀਆ ਦਾ ਰਿਕਾਰਡ ਤੋੜ ਦਿੱਤਾ ਨਾ!” ਸਰਕਲ ਵਿਚੋਂ ਮੈਂ ਅਠੱਤੀ ਉਣਤਾਲੀ ਫੁੱਟ ਦੂਰ ਹੀ ਗੋਲਾ ਸੁੱਟ ਸਕਦਾ ਸਾਂ। ਮੇਰਾ ਪੈਂਤਰਾ ਕੋਈ ਬਹੁਤਾ ਵਧੀਆ ਨਹੀਂ ਸੀ।ਜਿਨ੍ਹਾਂ ਦਿਨਾਂ `ਚ ਮੈਂ ਦਿੱਲੀ ਗਿਆ ਘਰ ਦਾ ਗੁਜ਼ਾਰਾ ਤੰਗੀਤੁਰਸ਼ੀ ਨਾਲ ਚੱਲ ਰਿਹਾ ਸੀ। ਬੀ.ਏ.ਤਕ ਮੇਰੀ ਪੜ੍ਹਾਈ ਦਾ ਕੋਈ ਖਾਸ ਖਰਚ ਨਹੀਂ ਸੀ ਆਇਆ। ਪਹਿਲਾਂ ਪਿੰਡ ਤੇ ਪਿੱਛੋਂ ਭੂਆ ਦੇ ਘਰ ਰਹਿ ਕੇ ਪੜ੍ਹਦਾ ਰਿਹਾ ਸਾਂ। ਬੀ.ਐੱਡ.ਵਿੱਚ ਹੀ ਦੋ ਢਾਈ ਹਜ਼ਾਰ ਦਾ ਖਰਚਾ ਆਇਆ ਸੀ। ਮੈਨੂੰ ਮੇਰੇ ਫੁੱਫੜ ਸ.ਹੀਰਾ ਸਿੰਘ ਵੱਲੋਂ ਵੀ ਮਾਇਕ ਮਦਦ ਮਿਲ ਜਾਂਦੀ ਸੀ ਜਿਸ ਦਾ ਮੇਰੇ ਉਤੇ ਬੜਾ ਉਪਕਾਰ ਹੈ। ਮੇਰਾ ਬਾਬਾ ਭਾਵੇਂ ਮੇਰੀਆਂ ਕਿਤਾਬਾਂ ਤੇ ਫੀਸਾਂ ਬਗੈਰਾ ਦਾ ਖਰਚਾ ਭੂਆ ਦੇ ਨਾਂਹ ਨਾਂਹ ਕਰਦਿਆਂ ਵੀ ਭੂਆ ਨੂੰ ਦੇ ਆਉਂਦਾ ਸੀ ਪਰ ਮੈਂ ਫੁੱਫੜ ਹੋਰਾਂ ਦਾ ਅਹਿਸਾਨ ਕਦੇ ਨਹੀਂ ਭੁੱਲਿਆ। ਸਾਧਾਰਨ ਕਿਰਤੀ ਕਿਸਾਨਾਂ ਨੂੰ ਆਪਣੇ ਧੀਆਂ ਪੁੱਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਣੇ ਬੜੇ ਔਖੇ ਹਨ। ਉਦੋਂ ਤਾਂ ਬਹੁਤੇ ਹੀ ਔਖੇ ਸਨ।ਬਾਬੇ ਹੋਰੀਂ ਤਿੰਨ ਭਰਾ ਸਨ ਤੇ ਤਿੰਨਾਂ ਦੀ ਵਾਹੀ ਮੁਰੱਬੇਬੰਦੀ ਤਕ `ਕੱਠੀ ਰਹੀ। ਤਿੰਨ ਘਰਾਂ ਦੀ ਸਾਂਝੀ ਵਾਹੀ ਨਾਲ ਤਿੰਨ ਹਲਾਂ ਦੀ ਤਿੰਨ ਕੁ ਸੌ ਮਣ ਕਣਕ ਹੁੰਦੀ ਸੀ ਜਿਸ `ਚੋਂ ਅਗਲੀ ਬਿਜਾਈ ਲਈ ਬੀਜ ਵੀ ਰੱਖਣਾ ਪੈਂਦਾ ਸੀ। ਸਾਉਣੀ ਦੀ ਕੋਈ ਖ਼ਾਸ ਫਸਲ ਨਹੀਂ ਸੀ ਹੁੰਦੀ। ਮੱਕੀ ਕਦੇ ਕਰੰਡੀ ਜਾਂਦੀ, ਕਦੇ ਤੇਲਾ ਪੈ ਜਾਂਦਾ ਤੇ ਕਦੇ ਚੰਗੀ ਭਲੀ ਨੂੰ ਝਖੇੜਾ ਮਾਰ ਜਾਂਦਾ। ਕਪਾਹਾਂ ਨੂੰ ਸੁੰਡੀਆਂ ਤੇ ਬਾਰਸ਼ਾਂ ਲੈ ਬਹਿੰਦੀਆਂ। ਦਾਲਾਂ ਵੀ ਕਦੇ ਹੁੰਦੀਆਂ ਕਦੇ ਨਾ ਹੁੰਦੀਆਂ। ਲੈ ਦੇ ਕੇ ਆੜ੍ਹਤੀਏ ਦਾ ਲੈਣ ਦੇਣ ਈ ਮਸਾਂ ਪੂਰਾ ਹੁੰਦਾ। ਏਨਾ ਸ਼ੁਕਰ ਸੀ ਕਿ ਸਾਡੇ ਬਾਬੇ ਕਦੇ ਕਰਜ਼ਾਈ ਨਾ ਹੋਏ।ਬਚਪਨ ਵਿੱਚ ਮੈਂ ਡੰਗਰ ਵੀ ਚਾਰੇ ਤੇ ਪੱਠੇ ਖੋਤ ਕੇ ਵੀ ਲਿਆਉਂਦਾ ਰਿਹਾ। ਕਦੇ ਕਦੇ ਲਵੇਰੇ ਦੀ ਟੋਟ ਪੈ ਜਾਂਦੀ ਤਾਂ ਸਾਡਾ ਟੱਬਰ ਕੜਾਪਾ ਕੱਟਦਾ। ਅਸੀਂ ਦੁੱਧ ਪੀਣ ਨੂੰ ਤਰਸ ਜਾਂਦੇ। ਹੁਣ ਸਾਡਾ ਸਾਰਾ ਲਾਣਾ ਖੁਸ਼ਹਾਲ ਹੈ ਪਰ ਉਹ ਕੰਗਾਲੀ ਦੇ ਦਿਨ ਵੀ ਯਾਦ ਹਨ ਜਦੋਂ ਮੈਨੂੰ ਖੰਘ ਹਟਾਉਣ ਲਈ ਕਈ ਦਿਨ ਕਲਕੀ ਹੋਈ ਖੰਡ ਵੀ ਨਸੀਬ ਨਹੀਂ ਸੀ ਹੋਈ। ਮੈਂ ਹਰ ਵੇਲੇ ਖੰਘਦਾ ਰਹਿੰਦਾ ਤੇ ਮਿੱਟੀ ਖਾ ਬਹਿੰਦਾ। ਇਹ ਸਤਰਾਂ ਲਿਖਦਿਆਂ ਮੈ ਮਹਿਸੂਸ ਕਰ ਰਿਹਾਂ, ਜੇ ਮੈਂ ਤੰਗੀ ਦੇ ਦਿਨ ਨਾ ਵੇਖੇ ਹੁੰਦੇ ਤਾਂ ਸ਼ਾਇਦ ਹੁਣ ਨੂੰ ਬੜਾ ਫਜ਼ੂਲ ਖਰਚ ਤੇ ਅੱਯਾਸ਼ ਹੋ ਗਿਆ ਹੁੰਦਾ। ਮੈਨੂੰ ਅਜੇ ਵੀ ਤੰਗੀ `ਚ ਰਹਿਣਾ ਆਉਂਦੈ। ਮੈਂ ਸਸਤੀ ਚੀਜ਼ ਵਸਤ ਪਹਿਲਾਂ ਵਰਤਦਾਂ ਤੇ ਮਹਿੰਗੀ ਸੰਭਾਲ ਸੰਭਾਲ ਕੇ ਰੱਖਦਾਂ। ਕਈ ਵਾਰ ਤਾਂ ਉਹ ਵਰਤੀ ਵੀ ਨਹੀਂ ਜਾਂਦੀ। ਮਹਿੰਗੀ ਵਸਤ ਵਰਤਣ ਦਾ ਹੀਆ ਹੀ ਨਹੀਂ ਪੈਂਦਾ। ਮੈਨੂੰ ਸੱਜਣਾਂ ਮਿੱਤਰਾਂ ਨੇ ਸੋਨੇ ਦੀਆਂ ਨਿੱਬ ਵਾਲੇ ਪੈੱਨ ਦਿੱਤੇ ਹੋਏ ਹਨ ਜੋ ਨਿੱਬ ਘਸ ਜਾਣ ਦੇ ਡਰੋਂ ਅਣਵਰਤੇ ਪਏ ਹਨ।ਜਦੋਂ ਮੈਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ਪ੍ਰਿੰਸੀਪਲ ਲੱਗਾ ਤਾਂ ਪਹਿਲੇ ਸਾਲ `ਕੱਲੇ ਨੂੰ ਰਹਿਣਾ ਪਿਆ ਸੀ। ਮੈਂ ਕੋਈ ਨੌਕਰ ਨਹੀਂ ਸੀ ਰੱਖਿਆ। ਇੱਕ ਮਾਈ ਤੋਂ ਦੁਪਹਿਰ ਵੇਲੇ ਮੱਕੀ ਦੀਆਂ ਰੋਟੀਆਂ ਲੁਹਾ ਲੈਂਦਾ। ਤਿੰਨ ਦੁਪਹਿਰ ਨੂੰ ਖਾਂਦਾ, ਤਿੰਨ ਰਾਤ ਨੂੰ ਤੇ ਦੋ ਸਵੇਰੇ ਦਹੀਂ `ਚ ਚੂਰ ਕੇ ਖਾ ਲੈਂਦਾ। ਰੋਟੀ ਬਚ ਜਾਂਦੀ ਤਾਂ ਜਨੌਰਾਂ ਨੂੰ ਭੋਰ ਕੇ ਪਾ ਦਿੰਦਾ। ਬਚਪਨ ਵਿੱਚ ਹੰਢਾਈ ਤੰਗੀ ਨੇ ਮੈਨੂੰ ਸਾਰੀ ਉਮਰ ਬੜਾ ਸੁਖ ਤੇ ਸੰਤੋਖ ਦਿੱਤਾ ਹੈ। ਮਾੜੀ ਮੋਟੀ ਤਕਲੀਫ਼ ਕਦੇ ਤਕਲੀਫ਼ ਨਹੀਂ ਲੱਗੀ। ਅੜੇ ਥੁੜੇ ਤੇ ਕਸ਼ਟ ਵੇਲੇ ਆਖੀਦੈ, “ਕੋਈ ਗੱਲ ਨੀ, ਕਿਹੜੀ ਪਰਲੋ ਆ ਚੱਲੀ ਐ?” ਮੈਨੂੰ ਅਮੀਰਾਂ ਦੇ ਚੋਜ ਐਵੇਂ ਹੋਛਾ ਵਿਖਾਵਾ ਲੱਗਦੇ ਹਨ। ਕਿਸੇ ਨੇ ਕਿਸੇ ਦੀ ਅਮੀਰੀ ਤੋਂ ਭਲਾ ਕੀ ਲੈਣਾ ਹੁੰਦੈ? ਕਿਸੇ ਕੋਲ ਚਾਰ ਪੈਸੇ ਵੱਧ ਹੋਏ ਤਾਂ ਉਹਦੇ ਘਰ ਹੋਣਗੇ। ਕਿਸੇ ਨੂੰ ਉਹਨਾਂ ਦਾ ਕੀ ਭਾਅ? ਜਿਨ੍ਹਾਂ ਕੋਲ ਪੈਸੇ ਘੱਟ ਹਨ ਉਹ ਕਿਉਂ ਮਰੇੜੇ ਵੱਜਣ? ਗੁਰਦਾਸ ਮਾਨ ਨੇ ਬੜਾ ਸੋਹਣਾ ਗਾਇਐ-ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ …।ਦਿੱਲੀ ਤੋਂ ਮੁੜ ਕੇ ਦਿੱਲੀ ਦੇ ਖਾਲਸਾ ਕਾਲਜ ਵਿੱਚ ਦਾਖਲੇ ਦੀ ਗੱਲ ਘਰ ਦਿਆਂ ਨੂੰ ਦੱਸੀ ਤਾਂ ਉਨ੍ਹਾਂ ਨੂੰ ਖਰਚੇ ਦਾ ਫਿਕਰ ਪੈ ਗਿਆ। ਉਨ੍ਹਾਂ ਨੇ ਖੜ੍ਹੇ ਪੈਰ ਬੋਤੀ ਵੇਚੀ ਜੋ ਛੇ ਸੌ ਨੂੰ ਵਿਕੀ। ਮੈਂ ਜੁਲਾਈ `ਚ ਦਿੱਲੀ ਜਾ ਕੇ ਸਤੰਬਰ ਅਕਤੂਬਰ ਦੀਆਂ ਛੁੱਟੀਆਂ ਵਿੱਚ ਪਿੰਡ ਮੁੜਨਾ ਸੀ। ਏਨੇ ਪੈਸਿਆਂ ਨਾਲ ਮੇਰੇ ਦੋ ਤਿੰਨ ਮਹੀਨੇ ਲੰਘ ਜਾਣੇ ਸਨ। ਮੈਂ ਲੋੜੀਂਦਾ ਸਮਾਨ ਬੰਨ੍ਹਿਆ ਤੇ ਘਿਓ ਦੀ ਪੀਪੀ ਚੁੱਕ ਕੇ ਦਿੱਲੀ ਨੂੰ ਬੱਸ ਚੜ੍ਹ ਗਿਆ। ਮੰਜਾ ਮੈਨੂੰ ਅਮਰਜੀਤ ਹੋਰਾਂ ਨੇ ਦੇ ਦਿੱਤਾ ਜਿਸ ਨੂੰ ਕਲੱਬ ਦੇ ਕਮਰੇ `ਚ ਡਾਹ ਕੇ ਮੈਂ ਬਿਸਤਰਾ ਵਿਛਾ ਲਿਆ। ਬਾਲਟੀ, ਸਟੋਵ ਤੇ ਸਾਬਣ ਤੇਲ ਖਰੀਦ ਕੇ ਆਟੇ ਦਾ ਪੀਪਾ ਲੈ ਲਿਆ। ਕਲੱਬ ਦੇ ਨੇੜੇ ਹੀ ਤੰਦੂਰ ਸੀ ਜਿਥੇ ਆਟਾ ਫੜਾ ਕੇ ਰੋਟੀ ਲੁਹਾ ਲਈਦੀ ਸੀ ਤੇ ਚੁਆਨੀ ਦੀ ਦਾਲ ਸਬਜ਼ੀ ਡੰਗ ਸਾਰ ਦਿੰਦੀ ਸੀ। ਚਾਹ ਮੈਂ ਖ਼ੁਦ ਬਣਾ ਲੈਂਦਾ ਸਾਂ। ਘਿਓ ਘਰ ਦਾ ਸੀ ਜਿਸ ਨਾਲ ਮੈਂ ਤੜਕਾ ਲਾ ਕੇ ਰੋਟੀ ਖਾਂਦਾ। ਕਲੱਬ ਵਿੱਚ ਆਥਣ ਸਵੇਰੇ ਬੜੀ ਰੌਣਕ ਹੁੰਦੀ ਸੀ। ਦਿੱਲੀ ਵਿੱਚ ਮੇਰਾ ਜੀਅ ਲੱਗ ਗਿਆ ਤੇ ਦਿਨ ਤੀਆਂ ਵਾਂਗ ਲੰਘਣ ਲੱਗੇ।ਪੈਸੇ ਮੈਂ ਸ.ਪ੍ਰੀਤਮ ਸਿੰਘ ਹੋਰਾਂ ਨੂੰ ਫੜਾ ਦਿੱਤੇ ਸਨ ਕਿ ਲੋੜ ਪਈ `ਤੇ ਲੈਂਦਾ ਰਹਾਂਗਾ। ਉਹ ਮੇਰੇ ਗਾਰਡੀਅਨ ਬਣੇ ਰਹੇ। ਪਤਾ ਨਹੀਂ ਕੀ ਗੱਲ ਹੋਈ, ਇੱਕ ਦਿਨ ਮੈਂ ਕੁੱਝ ਵਧੇਰੇ ਹੀ ਉਦਾਸ ਹੋ ਗਿਆ ਤੇ ਮੇਰਾ ਦਿਲ ਕਰੇ ਕਿ ਦਿੱਲੀ ਛੱਡ ਕੇ ਪਿੰਡ ਚਲਾ ਜਾਵਾਂ। ਪਰ ਪ੍ਰੀਤਮ ਸਿੰਘ ਹੋਰਾਂ ਨੇ ਸਮਝਾ ਬੁਝਾ ਕੇ ਮੈਨੂੰ ਜਾਣ ਨਾ ਦਿੱਤਾ। ਉਹ ਐਤਵਾਰ ਨੂੰ ਮੀਟ ਬਣਾਉਂਦੇ ਤੇ ਤਕੀਦ ਕਰਦੇ ਕਿ ਦੁਪਹਿਰ ਦੀ ਰੋਟੀ ਉਨ੍ਹਾਂ ਦੇ ਘਰ ਖਾਇਆ ਕਰਾਂ। ਮੇਰਾ ਉਦਰੇਵਾਂ ਲਹਿ ਜਾਂਦਾ। ਉਨ੍ਹਾਂ ਦੇ ਪਿਆਰ ਤੇ ਰਹਿਨੁਮਾਈ ਦਾ ਵੀ ਮੇਰੇ ਸਿਰ ਬੜਾ ਕਰਜ਼ਾ ਹੈ। ਪਤਾ ਨਹੀਂ ਇਹ ਕਰਜ਼ਾ ਕਿਵੇਂ ਲੱਥੇਗਾ?
Additional Info
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪ੍ਰਿੰਸੀਪਲ ਸਰਵਣ ਸਿੰਘਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ। Latest from ਪ੍ਰਿੰਸੀਪਲ ਸਰਵਣ ਸਿੰਘ |