ਲੇਖ਼ਕ

Tuesday, 13 October 2009 18:09

16 - ਦਿੱਲੀ ਦਾ ਖਾਲਸਾ ਕਾਲਜ

Written by
Rate this item
(0 votes)

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਉਦੋਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਹੀਂ ਸੀ ਗਿਆ। ਉਹ ਕਰੋਲ ਬਾਗ ਨੇੜੇ ਦੇਵ ਨਗਰ ਵਿੱਚ ਸੀ। ਹੁਣ ਉਥੇ ਈਵਨਿੰਗ ਕਾਲਜ ਹੈ। ਉਹਦੇ ਇੱਕ ਪਾਸੇ ਟੈਕਸੀ ਸਟੈਂਡ ਹੁੰਦਾ ਸੀ ਤੇ ਦੂਜੇ ਪਾਸੇ ਦੇਸ਼ ਬੰਧੂ ਗੁਪਤਾ ਰੋਡ। ਕਾਲਜ ਦਾ ਕੈਂਪਸ ਤੰਗ ਜਿਹਾ ਸੀ ਜਿਸ ਵਿੱਚ ਵਾਲੀਬਾਲ ਦੇ ਗਰਾਊਂਡ ਤੋਂ ਬਿਨਾਂ ਕੋਈ ਖੇਡ ਮੈਦਾਨ ਨਹੀਂ ਸੀ। ਸਕੂਲ ਵੱਲ ਦੇ ਪਾਸੇ ਬਾਸਕਟਬਾਲ ਦਾ ਕੋਰਟ ਸੀ। ਬਹੁਮੰਜ਼ਲੀ ਇਮਾਰਤ ਦੇ ਅੱਧੇ ਹਿੱਸੇ ਵਿੱਚ ਕਾਲਜ ਦੇ ਪੰਦਰਾਂ ਸੌ ਵਿਦਿਆਰਥੀ ਪੜ੍ਹਦੇ ਸਨ। ਦੂਜੇ ਹਿੱਸੇ `ਚ ਸਕੂਲ ਚਲਦਾ ਸੀ। ਪੀਰੀਅਡ ਬਦਲਣ ਸਮੇਂ ਪੌੜੀਆਂ ਵਿੱਚ ਜਮਘਟਾ ਹੋ ਜਾਂਦਾ। ਮੁੰਡਿਆਂ ਦੇ ਤੰਗ ਮੂਹਰੀ ਦੀਆਂ ਪੈਂਟਾਂ ਤੇ ਕੁੜੀਆਂ ਦੇ ਘੁੱਟਵੀਆਂ ਪਜਾਮੀਆਂ ਪਾਈਆਂ ਹੁੰਦੀਆਂ। ਸਾਰੇ ਕਸੇ ਕਸੇ ਫਿਰਦੇ। ਬਹਿਣ ਉੱਠਣ ਲੱਗਿਆਂ ਪੈਂਟਾਂ ਪਜਾਮੀਆਂ ਪਾਟ ਜਾਣ ਦਾ ਡਰ ਸੀ। ਇੱਕ ਵਾਰ ਮੇਰੀ ਪੈਂਟ ਦਾ ਕੰਮ ਤਮਾਮ ਹੋ ਗਿਆ ਸੀ ਤੇ ਮੈਂ ਲੁਕਦਾ ਲਕਾਉਂਦਾ ਆਪਣੇ ਟਿਕਾਣੇ ਪੁੱਜਾ ਸਾਂ। ਭੀੜੇ ਕਪੜੇ ਪਾਉਣੇ ਉਦੋਂ ਦਾ ਫੈਸ਼ਨ ਸੀ।

ਕਾਲਜ ਵਿੱਚ ਐੱਮ.ਏ, ਐੱਮ.ਐੱਸ ਸੀ.ਅੱਠ ਨੌਂ ਮਜ਼ਮੂਨਾਂ ਦੀ ਸੀ। ਪੰਜਾਬੀ ਆਨਰਜ਼ ਦੀਆਂ ਕਲਾਸਾਂ ਕਾਫੀ ਵੱਡੀਆਂ ਸਨ ਪਰ ਪੰਜਾਬੀ ਐੱਮ.ਏ.ਕਰਨ ਵਾਲੇ ਅਸੀਂ ਛੇ ਵਿਦਿਆਰਥੀ ਸਾਂ। ਪੰਜ ਕੁੜੀਆਂ ਸਨ ਤੇ ਮੁੰਡਾ ਮੈਂ ਇਕੱਲਾ ਹੀ ਸੀ। ਸਾਡੀਆਂ ਜਮਾਤਾਂ ਹਫ਼ਤੇ `ਚ ਚਾਰ ਦਿਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਲੱਗਦੀਆਂ ਤੇ ਦੋ ਦਿਨ ਕਾਲਜ ਵਿੱਚ ਲੱਗਦੀਆਂ। ਕਾਲਜ ਦਾ ਕੋਈ ਹੋਸਟਲ ਨਹੀਂ ਸੀ ਜਿਸ ਕਰਕੇ ਮੈਨੂੰ ਕਾਲਜ ਤੋਂ ਪੌਣਾ ਕੁ ਮੀਲ ਦੂਰ ਸਰਕਾਰੀ ਕੁਆਟਰਾਂ ਦੇ ਕਲੱਬ ਵਿੱਚ ਰਹਿਣਾ ਪੈ ਰਿਹਾ ਸੀ। ਉਸ ਤੋਂ ਕੁੱਝ ਕਦਮ ਅੱਗੇ ਅਨੰਦ ਪਰਬਤ ਸੀ। ਨੇੜੇ ਹੀ ਰੋਹਤਕ ਰੋਡ ਸੀ ਜਿਸ ਦਾ ਨਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ। ਸਾਰਾ ਨਕਸ਼ਾ ਅੱਜ ਵੀ ਮੇਰੀਆਂ ਅੱਖਾਂ ਅੱਗੇ ਉਵੇਂ ਦਾ ਉਵੇਂ ਹੈ।

ਉਦੋਂ ਦਿੱਲੀ ਦੀ ਆਬਾਦੀ ਚੌਵੀ ਪੱਚੀ ਲੱਖ ਸੀ। ਹੁਣ ਤਾਂ ਲੁਧਿਆਣਾ ਹੀ ਉਦੋਂ ਦੇ ਦਿੱਲੀ ਜਿੱਡਾ ਹੋ ਗਿਆ ਹੈ। ਮਸ਼ੀਨ ਵਾਲੇ ਠੰਢੇ ਪਾਣੀ ਦਾ ਗਲਾਸ ਪਹਿਲਾਂ ਪੰਜੀ ਦਾ ਮਿਲਦਾ ਸੀ ਜੋ ਦੋ ਸਾਲਾਂ ਪਿਛੋਂ ਦਸੀ ਦਾ ਹੋ ਗਿਆ ਸੀ। ਪਹਿਲੇ ਦਿਨ ਪੰਜੀ ਦਿੰਦਿਆਂ ਮੈਂ ਹੈਰਾਨ ਹੋਇਆ ਸਾਂ ਕਿ ਏਥੇ ਤਾਂ ਫੋਕੇ ਪਾਣੀ ਦਾ ਗਲਾਸ ਵੀ ਮੁੱਲ ਵਿਕਦੈ। ਮੈਂ ਪਿਆਓ ਸਮਝ ਕੇ ਪੀ ਬੈਠਾ ਸਾਂ। ਚਾਹ ਦਾ ਕੱਪ ਪੱਚੀ ਪੈਸੇ ਦਾ ਸੀ ਤੇ ਯੂਨੀਵਰਸਿਟੀ ਜਾਣ ਵਾਲੀ ਬੱਸ ਦੀ ਟਿਕਟ ਦੇ ਵੀ ਪੱਚੀ ਪੈਸੇ ਲੱਗਦੇ ਸਨ। ਸਵੇਰੇ ਮੈਂ ਪੜ੍ਹਨ ਜਾਣ ਲੱਗਾ ਦੁੱਧ ਦੇ ਨਾਲ ਬੰਦ ਤੇ ਬਰੈੱਡ ਬਗੈਰਾ ਖਾ ਜਾਂਦਾ ਸਾਂ ਤੇ ਦੁਪਹਿਰੇ ਯੂਨੀਵਰਸਿਟੀ ਦੀ ਕੰਧ `ਤੇ ਬਹਿ ਕੇ ਛੱਲੀਆਂ ਚੱਬ ਲੈਂਦਾ ਸਾਂ। ਇੱਕ ਛੱਲੀ ਦਸੀ ਦੀ ਆਉਂਦੀ ਸੀ। ਤਿੰਨ ਚਾਰ ਛੱਲੀਆਂ ਨਾਲ ਢਿੱਡ ਭਰ ਜਾਂਦਾ ਸੀ। ਛੱਲੀਆਂ ਭੁੰਨਣ ਵਾਲੀ ਕਾਲੀ ਮਿਰਚ ਤੇ ਲੂਣ ਵਾਲਾ ਨਿੰਬੂ ਦਾਣਿਆਂ ਉਤੇ ਘਸਾ ਕੇ ਛੱਲੀਆਂ ਸੁਆਦੀ ਬਣਾ ਦਿੰਦੀ ਸੀ। ਛੱਲੀਆਂ ਤਾਂ ਪਿੰਡ ਵੀ ਬਥੇਰੀਆਂ ਚੱਬੀਆਂ ਸਨ ਪਰ ਦਿੱਲੀ ਦੀਆਂ ਛੱਲੀਆਂ ਦਾ ਸੁਆਦ ਅਜੇ ਵੀ ਮੇਰੇ ਮੂੰਹ ਵਿੱਚ ਹੈ।

ਇਕ ਦਿਨ ਮੇਰੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਪੁੱਛਣ ਲੱਗੀਆਂ, “ਵੀਰ ਜੀ, ਤੁਸੀਂ ਰੋਟੀ ਖਾਣ ਵੇਲੇ ਕਿਥੇ ਜਾਂਦੇ ਓ?” ਮੈਂ ਟਪਲਾ ਮਾਰਿਆ, “ਐਧਰ ਰੂਪ ਨਗਰ ਵੱਲ ਇੱਕ ਢਾਬਾ ਐ, ਓਥੇ ਰੋਟੀ ਖਾਣ ਚਲਾ ਜਾਨੈਂ।” ਉਹਨਾਂ ਨੇ ਮੈਨੂੰ ਕਿਤੇ ਕੰਧ `ਤੇ ਬੈਠੇ ਛੱਲੀਆਂ ਚੱਬਦੇ ਹੋਏ ਵੇਖ ਲਿਆ ਸੀ। ਮੈਂ ਕੰਧ ਉਤੇ ਬਹਿ ਕੇ ਹਵਾ ਦੇ ਬੁੱਲੇ ਮਾਣਦਾ ਸਾਂ ਤੇ ਲੰਘਣ ਟੱਪਣ ਵਾਲੀਆਂ ਦੇ ਨਜ਼ਾਰੇ ਵੀ ਲੈ ਲੈਂਦਾ ਸਾਂ। ਇੱਕ ਕਹਿਣ ਲੱਗੀ, “ਕਿਤੇ ਛੱਲੀਆਂ ਚੱਬ ਕੇ ਈ ਤਾਂ ਨਹੀਂ ਡੰਗ ਸਾਰੀ ਜਾਂਦੇ?” ਬਾਤ ਉਹਨੇ ਬੁੱਝ ਲਈ ਸੀ। ਜਦੋਂ ਮੈਂ ਸਵੇਰੇ ਘਰੋਂ ਤੁਰਦਾ ਸਾਂ ਤਾਂ ਤੰਦੂਰ ਅਜੇ ਤਪਿਆ ਨਹੀਂ ਸੀ ਹੁੰਦਾ। ਰੋਟੀ ਮੈਂ ਨਾਲ ਨਹੀਂ ਸਾਂ ਲਿਜਾ ਸਕਦਾ। ਯੂਨੀਵਰਸਿਟੀ ਦੇ ਨੇੜੇ ਕੋਈ ਢਾਬਾ ਵੀ ਨਹੀਂ ਸੀ ਇਸ ਲਈ ਛੱਲੀਆਂ ਚੱਬ ਕੇ ਡੰਗ ਸਾਰਨਾ ਮੇਰੀ ਮਜਬੂਰੀ ਸੀ। ਮੈਂ ਕੱਚੇ ਹੁੰਦਿਆਂ ਕਿਹਾ, “ਹਾਂ, ਛੱਲੀਆਂ ਵੀ ਚੱਬ ਲੈਨਾਂ। ਤੁਸੀਂ ਵੀ ਚੱਬਣੀਆਂ ਹੋਈਆਂ ਤਾਂ ਲੈ ਆਵਾਂਗਾ।”

ਕੁੜੀਆਂ ਬੜੀਆਂ ਪਿਆਰੀਆਂ ਸਨ। ਉਦੋਂ ਮੈਂ ਵੀ ਬਣਦਾ ਫੱਬਦਾ ਸਾਂ। ਉਹ ਕਹਿਣ ਲੱਗੀਆਂ, “ਵੀਰ ਜੀ, ਅਸੀਂ ਇੱਕ ਇਕ ਫੁਲਕਾ ਵੱਧ ਲੈ ਆਇਆ ਕਰਾਂਗੀਆਂ। ਤੁਸੀਂ ਸਾਡੇ ਨਾਲ ਈ ਰੋਟੀ ਖਾ ਲਿਆ ਕਰੋ।” ਮੈਂ ਕਿਹਾ, “ਕਿਸੇ ਦਿਨ ਸੁਦ `ਤੇ ਤਾਂ ਖਾ ਸਕਦਾਂ, ਹਰ ਰੋਜ਼ ਨਹੀਂ।” ਮੇਰਾ ਪੇਂਡੂ ਪਿਛੋਕੜ ਮੈਨੂੰ ਭਾਪਿਆਂ ਦੀਆਂ ਕੁੜੀਆਂ ਨਾਲ ਬਹੁਤਾ ਘੁਲਣ ਮਿਲਣ ਨਹੀਂ ਸੀ ਦੇ ਰਿਹਾ ਪਰ ਚਿੱਤੋਂ ਮੈਂ ਕੁੜੀਆਂ ਦੀ ਸੰਗਤ ਮਾਣ ਕੇ ਖ਼ੁਸ਼ ਸਾਂ। ਉਨ੍ਹਾਂ ਕੋਲੋਂ ਅਤਰ ਫੁਲੇਲ ਦੀਆਂ ਮਹਿਕਾਂ ਆਉਂਦੀਆਂ ਸਨ। ਹੱਸਦੀਆਂ ਤਾਂ ਉਨ੍ਹਾਂ ਦੇ ਚਿੱਟੇ ਦੰਦ ਚਮਕਦੇ। ਗੋਰੀਆਂ ਗੱਲ੍ਹਾਂ `ਚ ਟੋਏ ਪੈਂਦੇ। ਇੱਕ ਕੁੜੀ ਕੁੱਝ ਵਧੇਰੇ ਹੀ ਮੋਹ ਕਰਦੀ ਸੀ। ਉਹ ਪੁੱਛਣ ਲੱਗੀ, “ਵੀਰ ਜੀ, ਤੁਸੀਂ ਕਿੰਨੇ ਫੁਲਕੇ ਖਾ ਲੈਂਦੇ ਓ?” ਮੇਰਾ ਜੀਅ ਤਾਂ ਕਰਦਾ ਸੀ ਕਿ ਕਹਿ ਦੇਵਾਂ, “ਜੇ ਕਿਤੇ ਤੂੰ ਫੁਲਕੇ ਲਾਹ ਕੇ ਦੇਈ ਚੱਲੇਂ ਤਾਂ ਮੈਂ ਰੱਜਾਂ ਈ ਨਾ!” ਪਰ ਮੈਂ ਕਿਹਾ, “ਭੈਣ ਜੀ, ਮੈਂ ਵੇਖਣ ਨੂੰ ਈ ਛਾਬਾ ਰੋਟੀਆਂ ਦਾ ਖਾਣ ਵਾਲਾ ਲੱਗਦਾਂ। ਊਂ ਮੈਂ ਤਾਂ ਤਿੰਨਾਂ ਚਹੁੰ ਫੁਲਕਿਆਂ ਨਾਲ ਈ ਰੱਜ ਜਾਨਾਂ।”

ਮੇਰਾ ਹੱਥ ਜੇਬ ਵੱਲੋਂ ਕੁੱਝ ਤੰਗ ਸੀ ਜਿਸ ਕਰਕੇ ਮੈਂ ਕਾਫੀ ਹਾਊਸ ਵੱਲ ਬਹੁਤ ਘੱਟ ਜਾਂਦਾ। ਜੇ ਜਮਾਤਣਾਂ ਕਾਫੀ ਪੀਣ ਦੀ ਸੁਲ੍ਹਾ ਮਾਰਦੀਆਂ ਤਦ ਵੀ ਮੈਂ ਟਾਲਾ ਵੱਟ ਜਾਂਦਾ। ਕੈਂਪਸ ਵਿਚਲਾ ਵਿਹਲਾ ਵਕਤ ਮੈਂ ਕਾਫੀ ਹਾਊਸ ਜਾਣ ਦੀ ਥਾਂ ਲਾਇਬ੍ਰੇਰੀ ਵਿੱਚ ਗੁਜ਼ਾਰਦਾ। ਉਥੇ ਪੰਜਾਬੀ ਦੀਆਂ ਕਿਤਾਬਾਂ ਕਾਫੀ ਗਿਣਤੀ ਵਿੱਚ ਸਨ। ਵਿਸ਼ਵ ਦੀਆਂ ਵਧੀਆ ਪੁਸਤਕਾਂ ਦੇ ਪੰਜਾਬੀ ਅਨੁਵਾਦ ਵੀ ਪਏ ਸਨ। ਰੈਫਰੈਂਸ ਸੈਕਸ਼ਨ ਕੋਸ਼ਾਂ, ਮਹਾਨ ਕੋਸ਼ਾਂ ਤੇ ਵਿਸ਼ਵ ਕੋਸ਼ਾਂ ਨਾਲ ਭਰਿਆ ਪਿਆ ਸੀ। ਲਾਇਬ੍ਰੇਰੀ ਵਿਚੋਂ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਪੁਸਤਕਾਂ ਪੜ੍ਹਨ ਦੀ ਚੇਟਕ ਵੀ ਲੱਗ ਗਈ। ਮੈਂ ਮਨਪਸੰਦ ਪੁਸਤਕਾਂ ਇਸ਼ੂ ਕਰਵਾਉਂਦਾ ਤੇ ਹਰ ਰੋਜ਼ ਸੌ ਡੇਢ ਸੌ ਸਫ਼ੇ ਪੜ੍ਹੇ ਬਿਨਾਂ ਮੈਨੂੰ ਨੀਂਦ ਨਾ ਆਉਂਦੀ। ਮੈਂ ਟੀ.ਵੀ.ਵੇਖਣ ਜਾਂ ਰੇਡੀਓ ਸੁਣਨ ਦੀ ਥਾਂ ਅੱਜ ਵੀ ਕਿਤਾਬਾਂ ਰਸਾਲੇ ਪੜ੍ਹਨ ਨੂੰ ਪਹਿਲ ਦਿੰਦਾ ਹਾਂ। ਮੇਰੇ ਜਾਗਣ ਦਾ ਅੱਧੋਂ ਬਹੁਤਾ ਵਕਤ ਪੜ੍ਹਨ ਲਿਖਣ ਦੇ ਲੇਖੇ ਲੱਗਦਾ ਹੈ।

ਯੂਨੀਵਰਸਿਟੀ ਦੀ ਲਾਇਬ੍ਰੇਰੀ `ਚੋਂ ਮੈਂ ਸ਼ਾਮ ਨੂੰ ਮੁੜਦਾ। ਫਿਰ ਮੈਂ ਤੇ ਅਮਰਜੀਤ ਅਥਲੈਟਿਕਸ ਦੀ ਪ੍ਰੈਕਟਿਸ ਕਰਨ ਚਲੇ ਜਾਂਦੇ। ਖਾਲਸਾ ਕਾਲਜ ਦਾ ਕੋਈ ਖੇਡ ਮੈਦਾਨ ਨਾ ਹੋਣ ਕਾਰਨ ਅਸੀਂ ਕਦੇ ਅਨੰਦ ਪਰਬਤ ਕੋਲ ਮਿਲਟਰੀ ਵਾਲਿਆਂ ਦੇ ਡਿਫੈਂਸ ਗਰਾਊਂਡ ਵਿੱਚ ਚਲੇ ਜਾਂਦੇ ਤੇ ਕਦੇ ਇੰਡੀਆ ਗੇਟ ਨੈਸ਼ਨਲ ਸਟੇਡੀਅਮ ਪਹੁੰਚ ਜਾਂਦੇ। ਉਥੇ ਦਿੱਲੀ ਯੂਨੀਵਰਸਿਟੀ ਦੇ ਤੇ ਨੈਸ਼ਨਲ ਪੱਧਰ ਦੇ ਹੋਰ ਅਥਲੀਟ ਵੀ ਮਿਲ ਪੈਂਦੇ। ਸਾਡਾ ਆਉਣ ਜਾਣ ਦਾ ਕਿਰਾਇਆ ਕਾਲਜ ਨੇ ਦੇਣਾ ਹੁੰਦਾ ਸੀ ਤੇ ਇੱਕ ਖਿਡਾਰੀ ਪਿੱਛੇ ਅੱਧਾ ਲੀਟਰ ਦੁੱਧ ਦੀ ਰਿਫਰੈੱਸ਼ਮੈਂਟ ਲੱਗੀ ਹੋਈ ਸੀ।

ਮਾੜੀ ਮੋਟੀ ਚੁਸਤੀ ਚਲਾਕੀ ਮੈਂ ਸਕੂਲ ਵੇਲੇ ਤੋਂ ਹੀ ਸਿੱਖਿਆ ਹੋਇਆ ਸਾਂ। ਮੱਲ੍ਹੇ ਦੇ ਸਕੂਲ ਅਸੀਂ ਇਮਤਿਹਾਨ ਵਾਲੇ ਪਰਚਿਆਂ ਦੇ ਬੰਡਲ ਵੇਚ ਖਾਧੇ ਸਨ। ਉਸੇ ਚੁਸਤੀ ਦੀ ਵਰਤੋਂ ਮੈਂ ਕਾਲਜ ਦੀ ਅਥਲੈਟਿਕ ਟੀਮ ਦਾ ਸੈਕਟਰੀ ਬਣ ਕੇ ਕਰਨੀ ਸ਼ੁਰੂ ਕਰ ਲਈ। ਕਾਲਜ ਦੇ ਦਸ ਅਥਲੀਟਾਂ ਨੂੰ ਰਿਫਰੈੱਸ਼ਮੈਂਟ ਲੱਗੀ ਹੋਈ ਸੀ। ਮੈਂ ਗਰਾਊਂਡ ਵਿੱਚ ਉਨ੍ਹਾਂ ਦੀ ਹਾਜ਼ਰੀ ਲਾ ਕੇ ਅੱਧਾ ਲੀਟਰ ਦੇ ਹਿਸਾਬ ਨਾਲ ਹਲਵਾਈ ਤੋਂ ਦੁੱਧ ਪਿਆਉਣਾ ਹੁੰਦਾ ਸੀ। ਪੂਰੇ ਦਸ ਅਥਲੀਟ ਤਾਂ ਪ੍ਰੈਕਟਿਸ ਸਮੇਂ ਕਦੇ ਹਾਜ਼ਰ ਹੀ ਨਹੀਂ ਸਨ ਹੁੰਦੇ ਪਰ ਮੈਂ ਕਾਪੀ ਉਤੇ ਨਕਲੀ ਹਾਜ਼ਰੀ ਭਰ ਕੇ ਦੁੱਧ ਹਮੇਸ਼ਾਂ ਪੰਜ ਲੀਟਰ ਭਰਦਾ। ਦੁੱਧ ਸਾਰਾ ਉਹੀ ਪੀਂਦੇ ਜਿਹੜੇ ਹਾਜ਼ਰ ਹੁੰਦੇ। ਪੀਣਾ ਵੀ ਉਨ੍ਹਾਂ ਦਾ ਹੀ ਬਣਦਾ ਸੀ ਜਿਹੜੇ ਜ਼ੋਰ ਲਾਉਂਦੇ। ਗ਼ੈਰਹਾਜ਼ਰਾਂ ਦੇ ਦਸਖ਼ਤਾਂ ਦੀ ਘੁੱਗੀ ਵੀ ਉਹੀ ਮਾਰ ਦਿੰਦੇ। ਇਓਂ ਮੈਨੂੰ, ਅਮਰਜੀਤ ਨੂੰ ਤੇ ਕੁੱਝ ਹੋਰਨਾਂ ਨੂੰ ਲੀਟਰ ਲੀਟਰ ਦੁੱਧ ਪੀਣ ਨੂੰ ਮਿਲ ਜਾਂਦਾ। ਜਿੱਦਣ ਅਸੀ ਦੋ ਤਿੰਨ ਹੀ ਹੁੰਦੇ ਤਾਂ ਦੁੱਧ ਦੇ ਨਾਲ ਖੋਏ ਦੇ ਪੇੜੇ ਵੀ ਖਾਂਦੇ। ਮੈਂ ਹਿਸਾਬ ਲਾਇਆ ਕਿ ਮਹੀਨੇ `ਚ ਮੁਫ਼ਤ ਦਾ ਚਾਲੀ ਪੰਜਾਹ ਲੀਟਰ ਦੁੱਧ ਤਾਂ ਮੈਂ `ਕੱਲਾ ਹੀ ਪੀ ਜਾਂਦਾ ਹੋਵਾਂਗਾ! ਤਦੇ ਤਾਂ ਮੇਰਾ `ਕੱਲੀਆਂ ਛੱਲੀਆਂ ਨਾਲ ਸਰੀ ਜਾਂਦਾ ਸੀ।

ਜਿਹੜੇ ਹਲਵਾਈ ਤੋਂ ਅਸੀਂ ਦੁੱਧ ਪੀਂਦੇ ਸਾਂ ਉਹਦੀ ਦੁਕਾਨ ਕਲੱਬ ਦੇ ਨੇੜੇ ਈ ਸੀ। ਮੈਂ ਆਏ ਗਏ ਨੂੰ ਵੀ ਉਹਦੇ ਕੋਲੋਂ ਈ ਦੁੱਧ ਪਿਆਉਂਦਾ ਕਿਉਂਕਿ ਉਹਦੇ ਬਿੱਲ ਉਤੇ ਹੀ ਕਾਲਜ ਤੋਂ ਪੈਸੇ ਵਸੂਲਣੇ ਹੁੰਦੇ ਸਨ। ਮੇਰੀਆਂ ਹਮਜਮਾਤਣਾਂ ਜਿਹੜੀਆਂ ਮੈਨੂੰ ਇੱਕ ਇਕ ਫੁਲਕਾ ਵੱਧ ਲਿਆ ਕੇ ਆਪਣੇ ਨਾਲ ਰੋਟੀ ਖਾਣ ਲਈ ਕਹਿੰਦੀਆਂ ਸਨ, ਕਿਤੇ ਮੇਰਾ ਜੁਗਾੜ ਵੇਖ ਲੈਂਦੀਆਂ ਤਾਂ ਦੰਗ ਰਹਿ ਜਾਂਦੀਆਂ। ਮੈਂ ਉਨ੍ਹਾਂ ਨੂੰ ਦੁੱਧ ਵਿੱਚ ਨੁਹਾ ਦਿੰਦਾ ਤੇ ਪੇੜੇ ਖੁਆ ਕੇ ਮੂੰਹ ਮੁੜਵਾ ਛਡਦਾ! ਉਹ ਵੀ ਕੀ ਯਾਦ ਕਰਦੀਆਂ ਕਿ ਉਨ੍ਹਾਂ ਦਾ ਜਮਾਤੀ ਪੇਂਡੂ ਮੁੰਡਾ ਨਿਰਾ ਛੱਲੀਆਂ ਜੋਗਾ ਈ ਨਹੀਂ! !

ਬਾਅਦ ਵਿੱਚ ਮੈਂ ਖ਼ੁਦ ਪ੍ਰੋਫੈਸਰ ਤੇ ਪ੍ਰਿੰਸੀਪਲ ਲੱਗਾ ਰਿਹਾ ਹਾਂ। ਮੈਨੂੰ ਖਿਡਾਰੀਆਂ ਵੱਲੋਂ ਇੱਕ ਦੂਜੇ ਦੀ ਰਿਫਰੈੱਸ਼ਮੈਂਟ ਖਾ ਜਾਣ ਦਾ ਪਤਾ ਹੁੰਦਾ ਸੀ ਪਰ ਮੈਂ ਚੋਰ ਦੀ ਮਾਂ ਵਾਂਗ ਉਨ੍ਹਾਂ ਨੂੰ ਕੁੱਝ ਕਹਿੰਦਾ ਨਹੀਂ ਸਾਂ। ਇਹ ਸਤਰਾਂ ਲਿਖਦਿਆਂ ਮੈਂ ਮਹਿਸੂਸ ਕਰ ਰਿਹਾਂ ਕਿ ਸੀਗਾ ਤਾਂ ਮੈਂ ਖਾਲਸਾ ਕਾਲਜ ਦਿੱਲੀ ਦੇ ਸਪੋਰਟਸ ਫੰਡ ਦਾ ਚੋਰ ਪਰ ਸੀਗਾ ਸਿਰਫ ਦੁੱਧ ਚੋਰ। ਮੈਂ ਆਪਣੇ ਸਾਥੀ ਖਿਡਾਰੀਆਂ ਦੀ ਗਰਾਊਂਡ `ਚ ਗ਼ੈਰਹਾਜ਼ਰੀ ਦਾ ਭਰਪੂਰ ਲਾਹਾ ਲਿਆ। ਮੈਂ ਕਾਲਜ ਤੋਂ ਜਿੰਨੇ ਪੈਸੇ ਵਸੂਲੇ ਉਹ ਦੁੱਧ ਪੀਣ ਤੇ ਖੋਆ ਖਾਣ `ਤੇ ਈ ਲਾਏ, ਐਵੇਂ ਫਿਲਮਾਂ ਵੇਖਣ ਜਾਂ ਫਜ਼ੂਲ ਖਰਚੀ `ਚ ਨੀ ਗੁਆਏ। ਮੈਨੂੰ ਲੱਗਦੈ ਕਿ ਸ.ਪ੍ਰੀਤਮ ਸਿੰਘ ਹੋਰਾਂ ਨੂੰ ਸਾਡੀ ਕਾਰਸਤਾਨੀ ਦਾ ਕੁੱਝ ਨਾ ਕੁੱਝ ਤਾਂ ਇਲਮ ਹੋਵੇਗਾ ਹੀ, ਪਰ ਉਨ੍ਹਾਂ ਨੇ ਸਾਨੂੰ ਰੋਕਿਆ ਨਹੀ। ਕੀ ਪਤਾ ਉਹ ਵੀ ਵਿਦਿਆਰਥੀ ਹੋਣ ਸਮੇਂ ਇਹੋ ਜਿਹਾ ਕੁਛ ਈ ਕਰਦੇ ਰਹੇ ਹੋਣ?

ਕਲੱਬ `ਚ ਰਹਿੰਦਿਆਂ ਅਜੇ ਦੋ ਚਾਰ ਦਿਨ ਹੀ ਹੋਏ ਸਨ ਕਿ ਮੈਂ ਪੱਗ ਨੂੰ ਮਾਵਾ ਲੁਆਉਣ ਲਲਾਰੀ ਕੋਲ ਗਿਆ। ਉਹਦੇ ਖੋਖੇ ਦੇ ਨਾਲ ਹੀ ਸਕੂਟਰ ਮਕੈਨਿਕਾਂ ਦਾ ਖੋਖਾ ਸੀ। ਉਹਦੇ ਅੱਗੇ ਇੱਕ ਮਕੈਨਿਕ ਸਕੂਟਰ ਟੇਢਾ ਕਰੀ ਬੈਠਾ ਸੀ। ਉਸ ਨੇ ਸਿਰ ਚੁੱਕਿਆ ਤਾਂ ਮੈਂ ਸਿਆਣ ਲਿਆ ਕਿ ਉਹ ਤਾਂ ਸਾਡੇ ਪਿੰਡ ਦੇ ਸਰਦਾਰੇ ਟੀਹੇ ਦਾ ਲੜਕਾ ਬੰਤ ਹੈ। ਬੰਤ ਨੇ ਵੀ ਮੈਨੂੰ ਪਛਾਣ ਲਿਆ। ਅਸੀਂ ਮੱਲ੍ਹੇ ਅੱਗੜ ਪਿੱਛੜ ਪੜ੍ਹਦੇ ਰਹੇ ਸਾਂ। ਅਜੇ ਅਸੀਂ ਮਿਲ ਹੀ ਰਹੇ ਸਾਂ ਕਿ ਖੋਖੇ ਅੰਦਰੋਂ ਸਾਡੇ ਪਿੰਡ ਦੇ ਬਾਜ਼ੀਗਰਾਂ ਦਾ ਮੁਣਸ਼ੀ ਬਾਹਰ ਆ ਗਿਆ। ਉਹ ਬੜਾ ਸ਼ੁਕੀਨ ਹੁੰਦਾ ਸੀ। ਉਹਦੇ ਪਿੱਛੇ ਨਛੱਤਰ ਛੱਤੋ, ਚੰਦੇ ਕਾ ਪ੍ਰੀਤਾ ਤੇ ਕਰਤਾਰਾ ਖੋਖੇ `ਚੋਂ ਬਾਹਰ ਨਿਕਲੇ। ਮੈਂ ਕਿਹਾ, “ਆਹ ਤਾਂ ਨਿੱਕੇ ਜਿਹੇ ਖੋਖੇ `ਚ ਸਾਰਾ ਪਿੰਡ ਈ ਤਾੜੀ ਬੈਠੇ ਓਂ। ਸੁੱਖ ਤਾਂ ਹੈ?” ਉਹ ਹੱਸੇ, “ਆ ਜਾ ਬੱਸ ਤੇਰੀ ਓ ਕਸਰ ਸੀ। ਕਰਦੇ ਆਂ ਕੋਈ ਜੁਗਾੜ!”

ਜੁਗਾੜ ਉਹਨਾਂ ਦਾ ਏਹੋ ਸੀ ਕਿ ਮਕੈਨਕੀ ਦੇ ਜਿੰਨੇ ਪੈਸੇ ਬਣਾਉਂਦੇ ਉਹਨਾਂ ਦੀ ਦੇਸੀ ਸ਼ਰਾਬ ਲੈ ਕੇ ਮਸਤੀ ਮਾਰਦੇ ਤੇ ਬੰਦ ਹੋਈਆਂ ਦੁਕਾਨਾਂ ਮੂਹਰਲੇ ਫੱਟਿਆਂ ਉਤੇ ਸੌਂ ਜਾਂਦੇ। ਸਵੇਰੇ ਉਹ ਧੌਲੇ ਕੂੰਏਂ ਵੱਲ ਜੰਗਲ ਪਾਣੀ ਜਾਂਦੇ ਤੇ ਮਿਊਂਸਪਲ ਕਮੇਟੀ ਦੇ ਨਲਕਿਆਂ ਹੇਠ ਨਹਾ ਲੈਂਦੇ। ਮੈਂ ਆਪਣੇ ਪੇਂਡੂ ਮਲੰਗਾਂ ਨਾਲ ਇੱਕ ਦੋ ਰਾਤਾਂ ਹੀ ਕੱਟ ਸਕਿਆ। ਉਨ੍ਹਾਂ ਦਾ ਮੈਨੂੰ ਇਹ ਸੁਖ ਜ਼ਰੂਰ ਰਿਹਾ ਕਿ ਉਦਰੇਵੇਂ `ਚ ਮੈਂ ਉਨ੍ਹਾਂ ਕੋਲ ਚਲਾ ਜਾਂਦਾ ਜਾਂ ਉਨ੍ਹਾਂ ਨੂੰ ਆਪਣੇ ਕੋਲ ਸੱਦ ਲੈਂਦਾ। ਫਿਰ ਅਸੀਂ ਪਿੰਡ ਦੀਆਂ ਗੱਲਾਂ ਕਰ ਕੇ ਪਿੰਡ ਦਾ ਹੇਰਵਾ ਹਟਾਉਂਦੇ।

ਇਕ ਵਾਰ ਕਰਤਾਰੇ ਨੂੰ ਸੜਕ `ਤੇ ਡਿੱਗੀ ਪਈ ਟੀਕਿਆਂ ਦੀ ਸ਼ੀਸ਼ੀ ਲੱਭ ਗਈ। ਉਹ ਪੂੰਝ ਪਾਂਝ ਕੇ ਕਹਿਣ ਲੱਗਾ, “ਮੈਨੂੰ ਲੱਗਦੈ ਇਹਦੇ `ਚ ਤਾਕਤ ਦੇ ਟੀਕੇ ਆ। ਆਪਣੇ ਪਿੰਡ ਆਲਾ ਡਾਕਟਰ ਬਲਦੇਵ ਇਹੋ ਜੀ ਸ਼ੀਸ਼ੀ `ਚੋਂ ਈ ਤਾਕਤ ਦੇ ਟੀਕੇ ਲਾਉਂਦਾ ਹੁੰਦਾ। ਚਲੋ ਆਪਾਂ ਵੀ ਲੁਆਈਏ।” ਨਾਲ ਦਿਆਂ ਨੇ ਕਿਹਾ, “ਕੀ ਪਤਾ ਤਾਕਤ ਦੇ ਨਾ ਹੋਣ, ਕਿਸੇ ਬਿਮਾਰੀ ਦੇ ਹੋਣ, ਪਹਿਲਾਂ ਆਪਣੇ ਪਿੰਡ ਆਲੇ ਪਾੜ੍ਹੇ ਤੋਂ ਪੜ੍ਹਾ ਲਈਏ।” ਉਹ ਕਲੱਬ `ਚ ਆ ਕੇ ਮੈਨੂੰ ਆਖਣ ਲੱਗੇ, “ਪੜ੍ਹ ਕੇ ਦੱਸ ਭਲਾ ਇਹ ਕਾਹਦੇ ਟੀਕੇ ਐ?” ਮੈਂ ਆਖਿਆ, “ਮੈਂ ਤਾਂ ਦਵਾਈ ਦਾ ਨਾਂ ਈ ਪੜ੍ਹ ਸਕਦਾਂ। ਬਿਮਾਰੀ ਬਾਰੇ ਤਾਂ ਡਾਕਟਰ ਈ ਦੱਸੂ ਜਾਂ ਫਿਰ ਦਵਾਈਆਂ ਦੀ ਦੁਕਾਨ ਵਾਲੇ ਦੱਸ ਸਕਦੇ ਐ।”

ਕਰਤਾਰੇ ਨੇ ਮੈਥੋਂ ਸ਼ੀਸ਼ੀ ਫੜੀ ਤੇ ਇਹ ਕਹਿੰਦਿਆਂ, “ਪੰਦਰਾਂ ਪੜ੍ਹ ਕੇ ਵੀ ਦਵਾਈ ਪੜ੍ਹਨੀ ਨੀ ਆਉਂਦੀ। ਇਹਦਾ ਤਾਂ ਰੰਗ ਈ ਦੱਸਦੈ ਬਈ ਲਹੂ ਵਧਾਉਣ ਆਲੇ ਤਾਕਤ ਦੇ ਟੀਕੇ ਐ। ਲਓ ਮੈਂ ਲੁਆਉਨੈਂ ਪਹਿਲਾਂ।” ਤੇ ਉਹ ਰਵਾਂ ਰਵੀਂ ਤੁਰ ਪਿਆ। ਉਹਨੂੰ ਬਥੇਰਾ ਰੋਕਿਆ ਬਈ ਕਿਤੇ ਜ਼ਹਿਰ ਦੇ ਟੀਕੇ ਈ ਨਾ ਹੋਣ ਪਰ ਉਹ ਨਾ ਹੀ ਰੁਕਿਆ। ਸ਼ੀਸ਼ੀ ਉਸ ਨੂੰ ਲੱਭੀ ਸੀ, ਉਹ ਉਹਦੇ ਨਾਲ ਜੋ ਕੁਛ ਮਰਜ਼ੀ ਕਰ ਸਕਦਾ ਸੀ। ਬੰਤ ਉਨ੍ਹਾਂ ਦਾ ਮੋਹਰੀ ਸੀ। ਜਿਵੇਂ ਮੈਂ ਹੁਣ ਸਫੈਦ ਦਾੜ੍ਹੀ ਵਾਲਾ ਬਜ਼ੁਰਗ ਹਾਂ ਉਵੇਂ ਬੰਤ ਵੀ ਸੰਤ ਬਾਬਾ ਬੰਤ ਸਿੰਘ ਬਣਿਆ ਬੈਠੈ ਤੇ ਦੂਰ ਦੂਰ ਤੋਂ ਸੰਗਤਾਂ ਉਹਨੂੰ ਮੱਥੇ ਟੇਕਣ ਆਉਂਦੀਐਂ।

ਰਿਫਰੈੱਸ਼ਮੈਂਟ ਦੇ ਦੁੱਧ ਦੀਆਂ ਬਹਾਰਾਂ ਅਗੱਸਤ ਤੋਂ ਨਵੰਬਰ ਤਕ ਹੀ ਰਹੀਆਂ। ਨਵੰਬਰ ਵਿੱਚ ਦਿੱਲੀ ਯੂਨੀਵਰਸਿਟੀ ਦੀ ਅਥਲੈਟਿਕਸ ਮੀਟ ਹੋ ਗਈ ਜਿਸ ਵਿੱਚ ਮੈਂ ਗੋਲਾ ਤੇ ਡਿਸਕਸ ਸੁੱਟਣ `ਚ ਸੈਕੰਡ ਰਿਹਾ। ਇਓਂ ਮੈਂ ਦੁੱਧ ਦਾ ਕੁੱਝ ਨਾ ਕੁੱਝ ਮੁੱਲ ਕਾਲਜ ਨੂੰ ਮੋੜ ਦਿੱਤਾ। ਫਿਰ ਮੇਰਾ ਧਿਆਨ ਪੂਰਾ ਹੀ ਪੜ੍ਹਾਈ ਵੱਲ ਹੋ ਗਿਆ। ਮੈਂ ਇਕੋ ਵਾਰ ਪਿੰਡ ਗਿਆ ਸਾਂ ਤੇ ਕੁੱਝ ਪੈਸੇ ਹੋਰ ਲੈ ਆਇਆ ਸਾਂ। ਘਿਓ ਦੀ ਇੱਕ ਪੀਪੀ ਹੋਰ ਲੈ ਆਂਦੀ ਸੀ। ਸਿਆਲ `ਚ ਜੰਮਿਆਂ ਹੋਇਆ ਘਿਓ ਲੱਗਦਾ ਵੀ ਬਹੁਤ ਸੁਆਦ ਸੀ। ਕਈ ਵਾਰ ਮੈਂ ਰੋਟੀ ਉਤੇ ਰੱਖ ਕੇ ਉਂਜ ਈ ਖਾ ਲੈਂਦਾ। ਕਦੇ ਕਦੇ ਤੰਦੂਰ ਵਾਲੇ ਤੋਂ ਪਰਾਉਂਠੇ ਲੁਹਾਉਂਦਾ ਤੇ ਉਹ ਬੜੇ ਸ਼ੌਂਕ ਨਾਲ ਕਈ ਤੈਹਾਂ ਵਾਲੇ ਪਰਾਉਂਠੇ ਰਾੜ੍ਹ ਕੇ ਖੁਆਉਂਦਾ। ਦਿੱਲੀ ਮੈਨੂੰ ਰਾਸ ਆ ਗਈ ਸੀ।

ਫਿਰ ਵੀ ਕਦੇ ਕਦੇ ਮੈਂ ਪਿੰਡ ਲਈ ਵੈਰਾਗ ਜਾਂਦਾ। ਘਰ ਦੇ ਜੀਅ, ਦੋਸਤ ਮਿੱਤਰ ਤੇ ਖੇਤਾਂ ਦੇ ਰੁੱਖ ਯਾਦ ਆਉਂਦੇ। ਬੰਨਿਆਂ ਦੇ ਝਾੜਾਂ ਬੂਟਿਆਂ ਲਈ ਖੋਹ ਪਈ ਜਾਂਦੀ। ਕੱਟੀਆਂ ਵੱਛੀਆਂ ਦਾ ਰੰਭਣਾ ਯਾਦ ਆਉਂਦਾ। ਮੈਂ ਕਾਲਜ ਦੇ ਮੈਗਜ਼ੀਨ ਵਿੱਚ ‘ਪਿੰਡ ਨੂੰ ਚਿੱਠੀ’ ਲਿਖੀ ਜਿਸ ਵਿੱਚ ਪਿੰਡ ਲਈ ਅੰਤਾਂ ਦਾ ਮੋਹ ਤੇ ਤਪਾਕ ਜਤਾਇਆ। ਮੇਰੀ ਉਹ ਚਿੱਠੀ ਮੇਰੇ ਪ੍ਰੋਫੈਸਰਾਂ ਨੇ ਸਲਾਹੀ ਤੇ ਮੈਨੂੰ ਹੋਰ ਲਿਖਣ ਲਈ ਪ੍ਰੇਰਿਆ। ਮੈਂ ਡਾਇਰੀ ਲਿਖਣੀ ਸ਼ੁਰੂ ਕਰ ਲਈ ਜੋ ਮੇਰੇ ਪਾਸ ਅੱਜ ਵੀ ਮੌਜੂਦ ਹੈ। ਉਹਦੀਆਂ ਕੁੱਝ ਸਤਰਾਂ ਹਾਜ਼ਰ ਹਨ:

-ਦਿਨ ਚੰਗੇ ਲੰਘ ਰਹੇ ਹਨ। ਹਰਸ਼ ਵਿਚ, ਹਾਸੇ ਵਿਚ, ਗ਼ਮ ਵਿੱਚ ਤੇ ਸੋਚਾਂ ਵਿਚ। ਅੱਜ ਦਾ ਦਿਨ ਖੇੜੇ ਵਾਲਾ ਲੰਘਿਆ ਹੈ। ਹਾਣ ਦੀਆਂ ਅੱਖਾਂ `ਚ ਪਿਆਰ ਦਾ ਬਾਗ਼ ਖਿੜਿਆ ਵੇਖਿਆ ਹੈ।

-ਅੱਜ ਪਿਆਰ ਦੇ ਬੋਲ ਲਿਖਣ ਨੂੰ ਜੀਅ ਕਰਦਾ ਹੈ। ਪਰ ਹੁੰਗ੍ਹਾਰਾ? ਹੁੰਗ੍ਹਾਰੇ ਬਿਨਾਂ ਬੋਲ ਰੂਹ ਤੋਂ ਸੱਖਣੇ ਹੁੰਦੇ ਹਨ।

-ਅਸੀਂ ਬਾਗ਼ੀ ਹੋਣਾ ਚਾਹੁੰਦੇ ਹਾਂ ਤਾਂ ਕਿ ਸਾਡੇ ਜਜ਼ਬਿਆਂ ਨੂੰ ਚੈਨ ਆਵੇ। ਸਾਡਾ ਕੀ ਸੁਧਰੇਗਾ ਤੇ ਕੀ ਵਿਗੜੇਗਾ ਇਹਦੀ ਸਾਨੂੰ ਕੋਈ ਸਾਰ ਨਹੀਂ।

-ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ, “ਜਦੋਂ ਤੇਰੇ ਖੇਤਾਂ ਵਿੱਚ ਪੈਲੀਆਂ ਲਹਿਰਾਉਣਗੀਆਂ, ਬੋਹਲ ਲੱਗਣਗੇ ਤੇ ਤੂੰ ਆਪਣੀ ਮਿਹਨਤ ਦਾ ਫਲ ਪਾ ਕੇ ਮੇਰੀ ਉਡੀਕ ਕਰੇਂਗਾ ਤਾਂ ਮੈਂ ਤੇਰੇ ਕੋਲ ਖੁਦ ਚਲੀ ਆਵਾਂਗੀ। ਫਿਰ ਆਪਾਂ ਵਾਹੀਆਂ ਦੇ ਗੀਤ, ਨਿਸਰਦੀਆਂ ਪੈਲੀਆਂ ਦੇ ਗੀਤ ਤੇ ਬਣਦੇ ਬੋਹਲਾਂ ਦੇ ਗੀਤ ਗਾਵਾਂਗੇ। ਉਨ੍ਹਾਂ ਗੀਤਾਂ ਵਿੱਚ ਸਾਡੇ ਜੀਵਨ ਦੀ ਖ਼ੁਸ਼ੀ ਨੱਚੇਗੀ ਤੇ ਸਾਡੀ ਮਿਹਨਤ ਹੱਸੇਗੀ।” ਪ੍ਰੇਮਿਕਾ ਦੇ ਹੁਲਾਰਵੇਂ ਬੋਲ ਸੁਣ ਕੇ ਪ੍ਰੇਮੀ ਪਿਆਰ ਦੇ ਆਸਰੇ ਕਿਰਤ ਵਿੱਚ ਰੁੱਝ ਜਾਂਦਾ ਹੈ ਤੇ ਬੰਜਰਾਂ ਪੈਲੀਆਂ ਦੇ ਝੱਲ ਬਣ ਜਾਂਦੀਆਂ ਹਨ।

ਉਦੋਂ ਚੜ੍ਹਦੀ ਜੁਆਨੀ ਦਾ ਰੁਮਾਂਸ ਤੇ ਆਦਰਸ਼ ਸੀ ਅਤੇ ਇਹੋ ਜਿਹੇ ਰੁਮਾਂਚਿਕ ਤੇ ਆਦਰਸ਼ਕ ਫਿਕਰਿਆਂ ਨਾਲ ਮੇਰੀ ਡਾਇਰੀ ਭਰ ਗਈ ਸੀ। ਬਿਨਾਂ ਸ਼ੱਕ ਇਹਨਾਂ ਉਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਅਸਰ ਸੀ।

Additional Info

  • Writings Type:: A single wirting
Read 3023 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।