You are here:ਮੁਖ ਪੰਨਾ»ਪੱਤਰਕਾਰੀ»ਜਨੂੰਨ ਦਾ ਇੱਕ ਹੋਰ ਪਲਟਾ ਮਾਰਨ ਵਾਲੀ ਸੁਣੀਂਦੀ ਹੈ ਭਾਰਤ ਦੇਸ਼ ਦੀ ਰਾਜਨੀਤੀ

ਲੇਖ਼ਕ

Wednesday, 02 July 2025 12:44

ਜਨੂੰਨ ਦਾ ਇੱਕ ਹੋਰ ਪਲਟਾ ਮਾਰਨ ਵਾਲੀ ਸੁਣੀਂਦੀ ਹੈ ਭਾਰਤ ਦੇਸ਼ ਦੀ ਰਾਜਨੀਤੀ

Written by
Rate this item
(0 votes)

ਸਾਡੀ ਹਾਲਤ ਉਸ ਹਿਰਨ ਵਾਲੀ ਹੈ, ਜਿਹੜਾ ਮਾਰੂਥਲ ਵਿੱਚ ਜਾ ਵੜਦਾ ਹੈ ਅਤੇ ਫਿਰ ਗਰਮੀ ਅਤੇ ਪਿਆਸ ਲੱਗਣ ਨਾਲ ਬੁਰੀ ਤਰ੍ਹਾਂ ਹਾਲੋਂ ਬੇਹਾਲ ਹੋਇਆ ਪਾਣੀ ਦੀ ਝਾਕ ਵਿੱਚ ਭਟਕਦਾ ਆਪਣੀ ਬਚੀ-ਖੁਚੀ ਤਾਕਤ ਵੀ ਦੌੜਾਂ ਲਾ-ਲਾ ਕੇ ਗੁਆ ਲੈਂਦਾ ਹੈ। ਅਸੀਂ ਭਾਰਤੀ ਲੋਕ ਹਰ ਚੋਣ ਵਿੱਚ ਕਿਸੇ ਭਲੇ ਲਈ ਇੱਕ ਵਾਰੀ ਹੋਰ ਆਸ ਰੱਖ ਲੈਂਦੇ ਤੇ ਕਿਸੇ ਵੀ ਪਾਸਿਉਂ ਮਿਲੇ ਉਸਦੇ ਸੰਕੇਤ, ਵਾਅਦੇ, ਲਾਰੇ ਜਾਂ ਝਾਕ ਵਿੱਚ ਉਸ ਪਾਸੇ ਉਲਾਰ ਹੋ ਕੇ ਵੋਟਾਂ ਪਾਉਣ ਚੱਲ ਪੈਂਦੇ ਹਾਂ। ਪਰ ਮਸਾਂ ਇੱਕ ਸਾਲ ਨਹੀਂ ਲੰਘਦਾ ਕਿ ਉਹ ਝਾਕ ਵੀ ਝੂਠੀ ਸਾਬਤ ਹੁੰਦੀ ਹੈ। ਫਿਰ ਅਸੀਂ ਕਿੰਨਾ ਚਿਰ ਵੋਟ ਦੇਣ ਵੇਲੇ ਕੀਤੀ ਗਈ ਇੱਕ ਹੋਰ ਗਲਤੀ ਨੂੰ ਮੰਨਣ ਤੋਂ ਬਚਦੇ ਹੋਏ ਸੱਚ ਕਬੂਲਣ ਦੀ ਥਾਂ ਇਹ ਦਲੀਲ ਵਰਤੀ ਜਾਂਦੇ ਹਾਂ ਕਿ ਹਾਲੇ ਬਹੁਤਾ ਵਕਤ ਨਹੀਂ ਹੋਇਆ, ਸਰਕਾਰ ਕੁਝ ਤਾਂ ਕਰੇਗੀ, ਸਾਡੇ ਵਰਗੇ ਲੋਕਾਂ ਦੀ ਆਸ ਦਾ ਸਵਾਲ ਨਹੀਂ, ਇਸ ਸਰਕਾਰ ਨੂੰ ਚਲਾਉਣ ਵਾਲਿਆਂ ਨੇ ਅਗਲੀ ਵਾਰ ਲੋਕਾਂ ਕੋਲ ਜਾਣ ਲਈ ਕੁਝ ਨਾ ਕੁਝ ਤਾਂ ਕਰਨਾ ਹੈ। ਸਾਡੀ ਇਹੋ ਜਿਹੀ ਸੋਚ ਵੀ ਆਖਰ ਝੂਠੀ ਦਿਸਣ ਲੱਗ ਪੈਂਦੀ ਹੈ ਤਾਂ ਅਸੀਂ ਇਸ ਨਵੀਂ ਸੋਚ ਦੇ ਬੋਝ ਹੇਠ ਦੱਬ ਜਾਂਦੇ ਹਾਂ ਕਿ ਹਾਲਾਤ ਮੁਤਾਬਕ ਅਸੀਂ ਜੇ ਹਕੀਕੀ ਹਾਲਾਤ ਦੀ ਗੱਲ ਕੀਤੀ ਤਾਂ ਲੋਕ ਸਾਨੂੰ ਪਿਛਲੀ ਵੋਟ ਵੇਲੇ ਕੀਤੀ ਭੁੱਲ ਦਾ ਮਿਹਣਾ ਦੇਣਗੇ। ਇਹ ਸਾਡੇ ਆਮ ਲੋਕਾਂ ਦੀ ਹਾਲਤ ਹੈ। ਆਗੂ ਬਣਨ ਵਾਲਿਆਂ ਦੀ ਇੱਦਾਂ ਦੀ ਮੋਟੀ ਚਮੜੀ ਹੁੰਦੀ ਹੈ ਕਿ ਉਹ ਇਹੋ ਜਿਹੀਆਂ ਗੱਲਾਂ ਸੋਚਣਾ ਹੀ ਬੰਦ ਕਰ ਦਿੰਦੇ ਹਨ। ਕੋਈ ਕੀ ਆਖਦਾ ਹੈ, ਫਿਰ ਕਦੇ ਉਹ ਇਸਦੀ ਪ੍ਰਵਾਹ ਹੀ ਨਹੀਂ ਕਰਿਆ ਕਰਦੇ।

ਇਸਦੀ ਸਭ ਤੋਂ ਤਕੜੀ ਮਿਸਾਲ ਇਹੋ ਸੀ ਕਿ ਜਦੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਸਤੇ ਜ਼ੋਰ ਲਾ ਰਹੇ ਸਨ, ਉਨ੍ਹਾਂ ਇਹ ਗੱਲ ਕਹੀ ਸੀ ਕਿ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਨਾਗਰਿਕ ਦੇ ਬੈਂਕ ਖਾਤੇ ਵਿੱਚ ਤਿੰਨ-ਤਿੰਨ ਲੱਖ ਅਤੇ ਪੰਜ ਜੀਆਂ ਵਾਲੇ ਪਰਿਵਾਰ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਏ ਜਮ੍ਹਾਂ ਕਰਾਏ ਜਾਣਗੇ। ਭਾਰਤ ਵਿੱਚ ਆਮ ਲੋਕ ਉਸ ਆਗੂ ਦੇ ਅਗਵਾਈ ਸਾਂਭਣ ਪਿੱਛੋਂ ਝਾਕ ਰੱਖਣ ਲੱਗ ਪਏ ਕਿ ਸਮਾਂ ਲੱਗ ਸਕਦਾ ਹੈ, ਖਾਤੇ ਵਿੱਚ ਪੰਦਰਾਂ ਲੱਖ ਰੁਪਏ ਜ਼ਰੂਰ ਆਉਣਗੇ। ਬੀਤੇ ਤਜਰਬੇ ਦੇ ਅਧਾਰ ਉੱਤੇ ਅਸੀਂ ਕਹਿੰਦੇ ਰਹੇ ਕਿ ਮੋਰਾਰਜੀ ਡਿਸਾਈ ਦੀ ਸਰਕਾਰ ਬਣਨੋਂ ਪਹਿਲਾਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਚਲਦੀ ਚੋਣ ਮੁਹਿੰਮ ਦੌਰਾਨ ਖੜ੍ਹੇ ਪੈਰ ਬਣਾਈ ਹੋਈ ਜਨਤਾ ਪਾਰਟੀ ਦੇ ਸਾਰੇ ਆਗੂ ਕਹਿੰਦੇ ਸਨ ਕਿ ਆਉਂਦੇ ਸਾਰ ਸਭ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ, ਪਰ ਬਾਅਦ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਹੋਇਆ। ਲੋਕ ਸਾਡੀ ਇਹ ਗੱਲ ਨਹੀਂ ਸੀ ਸੁਣਦੇ। ਛੇ ਮਹੀਨੇ ਬਾਅਦ ਇੱਕ ਦਿਨ ਭਾਰਤ ਦੀ ਮੌਜੂਦਾ ਸਰਕਾਰ ਦੇ ਚਹੇਤੇ ਇੱਕ ਚੈਨਲ ਉੱਤੇ ਭਾਜਪਾ ਦੇ ਉਸ ਵੇਲੇ ਦੇ ਪ੍ਰਧਾਨ ਅਮਿਤ ਸ਼ਾਹ ਦੀ ਇੱਕ ਇੰਟਰਵਿਊ ਆਈ ਤਾਂ ਇਹ ਸਵਾਲ ਉਸ ਅੱਗੇ ਕੀਤਾ ਗਿਆ। ਉਸਨੇ ਇੱਕ ਸੈਕਿੰਡ ਵੀ ਖਰਾਬ ਕਰਨ ਦੀ ਲੋੜ ਨਹੀਂ ਸਮਝੀ ਅਤੇ ਝੱਟ ਇਹ ਆਖ ਦਿੱਤਾ ਕਿ ‘ਵੋ ਤੋਂ ਏਕ ਚੁਨਾਵ ਜੁਮਲਾ ਥਾ।’ ਇਸਦਾ ਅਰਥ ਬੜਾ ਸਾਫ ਸੀ ਕਿ ਵੋਟਾਂ ਲੈਣ ਲਈ ਚੋਗਾ ਪਾਇਆ ਗਿਆ ਸੀ, ਤੁਸੀਂ ਉਹ ਚੁਗ ਲਿਆ ਸੀ ਤਾਂ ਤੁਹਾਡੀ ਭੁੱਲ ਸੀ, ਤੁਹਾਡੇ ਵੱਲੋਂ ਇੱਦਾਂ ਦੀ ਭੁੱਲ ਕਰਨ ਦੀ ਜ਼ਿੰਮੇਵਾਰੀ ਭਾਰਤ ਦਾ ਪ੍ਰਧਾਨ ਮੰਤਰੀ ਚੁੱਕਣ ਵਾਸਤੇ ਤਿਆਰ ਨਹੀਂ ਹੋ ਸਕਦਾ। ਸਾਫ ਇਹ ਮੰਨਣ ਦੇ ਬਾਵਜੂਦ ਕਿ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਸੱਤਾ ਸੰਭਾਲੀ ਸੀ, ਲੀਡਰਾਂ ਦੀ ਉਹੋ ਟੀਮ ਅੱਜ ਤਕ ਜਿੱਤਾਂ ਜਿੱਤ ਰਹੀ ਹੈ।

ਸਾਡੇ ਲੋਕ ਇਹੋ ਜਿਹੇ ਧੋਖਿਆਂ ਦਾ ਸ਼ਿਕਾਰ ਹੋਣਾ ਗਿੱਝ ਚੁੱਕੇ ਹਨ। ਇੰਦਰਾ ਗਾਂਧੀ ਨੇ ਜਦੋਂ ‘ਗਰੀਬੀ ਹਟਾਉ’ ਦਾ ਨਾਅਰਾ ਲਾਇਆ ਸੀ, ਉਸਦੇ ਪਿੱਛੇ ਸਾਰੇ ਭਾਰਤ ਦੇ ਗਰੀਬ ਇਸ ਆਸ ਵਿੱਚ ਆਣ ਖੜ੍ਹੇ ਹੋਏ ਸਨ ਕਿ ਇਹ ਭਵਿੱਖ ਦੀ ਪੀੜ੍ਹੀ ਵਾਸਤੇ ਕੁਝ ਚੰਗਾ ਕਰਨ ਲੱਗੀ ਹੈ। ਨਤੀਜਾ ਕੁਝ ਨਹੀਂ ਸੀ ਨਿਕਲਿਆ ਅਤੇ ਲੋਕ ਜਿਹੋ ਜਿਹੀ ਜੂਨ ਉਦੋਂ ਭੁਗਤਦੇ ਸਨ, ਅਗਲੀ ਪੀੜ੍ਹੀ ਵੀ ਉਹੋ ਜਿਹੀ ਜਾਂ ਉਸ ਤੋਂ ਵੀ ਬਦਤਰ ਜੂਨ ਭੁਗਤਦੀ ਵੇਖੀ ਗਈ ਸੀ ਅਤੇ ਕਾਂਗਰਸ ਪਾਰਟੀ ਕਦੀ ਹਾਰਦੀ ਅਤੇ ਕਦੀ ਜਿੱਤਦੀ ਅੱਜ ਤਕ ਸਿਆਸੀ ਮੈਦਾਨ ਵਿੱਚ ਪੈਰ ਜਮਾਈ ਬੈਠੀ ਹੈ। ਅਸੀਂ ਸਿਰਫ ਦੋ ਕੇਂਦਰੀ ਪਾਰਟੀਆਂ ਦੀ ਗੱਲ ਕੀਤੀ ਹੈ, ਤੀਜੀ ਕਿਸੇ ਦੀ ਗੱਲ ਇਸ ਲਈ ਨਹੀਂ ਕੀਤੀ ਕਿ ਫਿਰ ਤੀਸਰੀ, ਚੌਥੀ ਜਾਂ ਪੰਜਵੀਂ ਤਕ ਗੱਲ ਸੀਮਿਤ ਨਹੀਂ ਰਹਿਣੀ, ਭਾਰਤ ਦੀ ਹਰ ਪਾਰਟੀ ਇਹੋ ਕੁਝ ਕਰ ਰਹੀ ਹੋਣ ਕਾਰਨ ਉਨ੍ਹਾਂ ਦਾ ਜ਼ਿਕਰ ਕਰਨ ਦੇ ਲਈ ਪਹਿਲਾਂ ਅਤੇ ਪਿੱਛੋਂ ਦਾ ਫੈਸਲਾ ਕਰਨਾ ਸਾਡੇ ਲਈ ਬੜਾ ਔਖਾ ਹੋ ਸਕਦਾ ਹੈ। ਸਾਰੀਆਂ ਪਾਰਟੀਆਂ ਦੇ ਲਗਭਗ ਸਾਰੇ ਆਗੂ ਇਹ ਗੱਲ ਜਾਣ ਚੁੱਕੇ ਹਨ ਕਿ ਲੋਕਾਂ ਦਾ ਚੇਤਾ ਬੜਾ ਥੋੜ੍ਹ-ਚਿਰਾ ਹੁੰਦਾ ਹੈ ਅਤੇ ਜਿਸ ਨੂੰ ਅੱਜ ਬਹੁਤ ਕੁਲੱਛਣਾ ਕਹਿ ਕੇ ਲੋਕ ਰੱਦ ਕਰਦੇ ਹਨ, ਮਸਾਂ ਪੰਜ ਸਾਲ ਨਹੀਂ ਲੰਘਦੇ ਕਿ ਫਿਰ ਉਸੇ ਨੂੰ ਵੋਟਾਂ ਪਾਉਣ ਨੂੰ ਤਿਆਰ ਹੋ ਸਕਦੇ ਹਨ।

ਅੱਜਕੱਲ੍ਹ ਇਸ ਤੋਂ ਵੀ ਬੁਰੀ ਖੇਡ ਚੱਲ ਪਈ ਹੈ। ਲਗਾਤਾਰ ਕੀਤੇ ਸਿਆਸੀ ਤਜਰਬਿਆਂ ਤੋਂ ਲੀਡਰਾਂ ਨੇ ਤਾਂ ਬਹੁਤ ਕੁਝ ਸਿੱਖਿਆ ਹੈ, ਪਰ ਲੋਕ ਕੁਝ ਨਹੀਂ ਸਿੱਖ ਸਕੇ। ਇੰਦਰਾ ਗਾਂਧੀ ਨੇ ਪਹਿਲੀ ਵਾਰੀ ਇਹ ਫਾਰਮੂਲਾ ਵਰਤਣ ਦਾ ਯਤਨ ਕੀਤਾ ਸੀ ਤੇ ਇਹ ਕਾਮਯਾਬ ਵੀ ਹੋਇਆ ਸੀ ਕਿ ਹਰ ਚੜ੍ਹਦੇ ਦਿਨ ਕੋਈ ਨਵਾਂ ਸ਼ੋਸ਼ਾ ਛੱਡ ਦਿਉ ਤੇ ਜਦੋਂ ਤਕ ਵਿਰੋਧੀ ਧਿਰ ਦੇ ਆਗੂ ਉਸਦਾ ਜਵਾਬ ਦੇਣ ਜਾਂ ਆਮ ਲੋਕ ਉਸ ਬਾਰੇ ਸੋਚ ਕੇ ਕੋਈ ਫੈਸਲਾ ਲੈਣ ਦਾ ਯਤਨ ਕਰਨ, ਉਦੋਂ ਤਕ ਅਗਲਾ ਨਵਾਂ ਸ਼ੋਸ਼ਾ ਛੱਡ ਦਿਉ ਤੇ ਪਿਛਲਾ ਮੁੱਦਾ ਲੋਕਾਂ ਦੇ ਚੇਤੇ ਵਿੱਚੋਂ ਕੱਢ ਦਿਉ। ਅੱਜਕੱਲ੍ਹ ਇਸ ਫਾਰਮੂਲੇ ਦੀ ਵਰਤੋਂ ਜੇ ਕੋਈ ਮੁਕੰਮਲ ਕਾਮਯਾਬੀ ਨਾਲ ਕਰ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਕੁਝ ਸਾਲ ਪਹਿਲਾਂ ਇੱਕ ਦਿਨ ਲੋਕ ਸਭਾ ਵਿੱਚ ਖੜੋ ਕੇ ਉਨ੍ਹਾਂ ਨੇ ਇੱਕ ਚਿੱਟ ਪੜ੍ਹਨੀ ਸ਼ੁਰੂ ਕੀਤੀ, ਜਿਸ ਵਿੱਚ ਲਿਖਿਆ ਸੀ ਕਿ ਮੈਨੂੰ ਭਾਰਤ ਦੀ ਤਰੱਕੀ ਦੀ ਚਿੰਤਾ ਹੈ, ਸਮੱਸਿਆਵਾਂ ਦੇ ਹੱਲ ਲੱਭਣ ਦੀ ਚਿੰਤਾ ਹੈ ਤੇ ਵਿਰੋਧੀ ਧਿਰ ਦੇ ਆਗੂ ਇਸਦੀ ਥਾਂ ਮੈਨੂੰ ਹਟਾਉਣ ਦੀ ਚਿੰਤਾ ਵਿੱਚ ਡੁੱਬੇ ਹੋਏ ਹਨ। ਮੋਹਰੇ ਬੈਠੇ ਕਾਂਗਰਸੀ ਆਗੂਆਂ ਨੇ ਦੁਹਾਈ ਪਾ ਦਿੱਤੀ ਕਿ ਤੁਸੀਂ ਸਾਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹੋ। ਅੱਗੋਂ ਨਰਿੰਦਰ ਮੋਦੀ ਨੇ ਕਿਹਾ ਸੀ, ‘ਤੁਸੀਂ ਗੱਲ ਪੂਰੀ ਨਹੀਂ ਹੋਣ ਦਿੱਤੀ, ਮੈਂ ਤਾਂ ਕੁਝ ਕਿਹਾ ਹੀ ਨਹੀਂ, ਆਪਣੀ ਗੱਲ ਕਹਿਣ ਤੋਂ ਪਹਿਲਾਂ ਆਪਣੇ ਅੱਗੇ ਪਈ ਇੱਕ ਚਿੱਟ ਐਂਵੇਂ ਚੁੱਕੀ ਅਤੇ ਪੜ੍ਹ ਦਿੱਤੀ ਹੈ, ਇਹ ਗੱਲ ਮੈਂ ਨਹੀਂ ਕਹੀ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫਲਾਣੇ ਸਾਲ ਵਿੱਚ ਲੋਕ ਸਭਾ ਵਿੱਚ ਕਹੀ ਸੀ ਤੇ ਰਿਕਾਰਡ ਉੱਤੇ ਹੈ।’ ਉਸਦੇ ਇੰਨਾ ਕਹਿਣ ਨਾਲ ਕਾਂਗਰਸੀ ਆਗੂ ਬੋਲਣ ਜੋਗੇ ਨਹੀਂ ਸਨ ਰਹਿ ਗਏ। ਇਸ ਤੋਂ ਬਾਅਦ ਉਸਨੇ ਕੁਝ ਹੋਰ ਇੱਦਾਂ ਦੀਆਂ ਗੱਲ ਕਹਿ ਦਿੱਤੀਆਂ ਅਤੇ ਨਾਲ ਇਹ ਕਹਿ ਦਿੱਤਾ ਕਿ ਇਹ ਸ਼ਬਦ ਤੁਹਾਡੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਾਂ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਦੇ ਸਨ ਤੇ ਜਿੱਦਾਂ ਆਪਣੀ ਵਿਰੋਧੀ ਧਿਰ ਬਾਰੇ ਉਹ ਦੋਵੇਂ ਪ੍ਰਧਾਨ ਮੰਤਰੀ ਕਿਹਾ ਕਰਦੇ ਸਨ, ਜੇ ਉਹੀ ਮੈਂ ਕਹਿੰਦਾ ਹਾਂ ਤਾਂ ਤੁਸੀਂ ਸੁਣਦੇ ਵੀ ਨਹੀਂ।

ਕਹਿਣ ਤੋਂ ਇਹ ਤਾਂ ਭਾਵ ਹੈ ਸੀ ਕਿ ਉਸ ਵਕਤ ਦੀ ਹਾਕਮ ਅਤੇ ਵਿਰੋਧੀ ਧਿਰ ਜਿੱਦਾਂ ਦਾ ਵਿਹਾਰ ਕਰ ਰਹੀਆਂ ਸਨ, ਕਈ ਦਹਾਕੇ ਨਿਕਲ ਜਾਣ ਮਗਰੋਂ ਅੱਜ ਦੀ ਸਰਕਾਰ ਅਤੇ ਵਿਰੋਧੀ ਧਿਰ ਵੀ ਉਹੋ ਜਿਹਾ ਕਰਦੀਆਂ ਹਨ, ਪਰ ਵੱਡੀ ਗੱਲ ਇਹ ਹੈ ਕਿ ਲੋਕ ਵੀ ਇੰਨੇ ਸਾਲ ਲੰਘਣ ਮਗਰੋਂ ਓਦਾਂ ਦੇ ਹੀ ਹਨ, ਸਿਆਣੇ ਨਹੀਂ ਹੋ ਸਕੇ। ਅੱਜ ਵੀ ਲੋਕ ਆਪਣੇ ਲੀਡਰਾਂ ਦੀ ਚਲਾਕੀ ਸਮਝਣ ਦੀ ਥਾਂ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਜਦੋਂ ਪਤਾ ਲਗਦਾ ਹੈ ਕਿ ਇੱਕ ਠੱਗੀ ਇਸ ਵਾਰੀ ਹੋਰ ਵੱਜ ਗਈ ਹੈ ਤਾਂ ਇਸ ਤੋਂ ਨਰਾਜ਼ ਹੋਣ ਦੀ ਥਾਂ ਇਹ ਕਹਿ ਕੇ ਹੱਸ ਛੱਡਦੇ ਹਨ ਕਿ ਅਸੀਂ ਤਾਂ ਭੇਡਾਂ ਹਾਂ ਤੇ ਭੇਡਾਂ ਦੀ ਉੱਨ ਇੱਦਾਂ ਹੀ ਲਹਿੰਦੀ ਰਹਿਣੀ ਹੈ, ਕਾਂਗਰਸੀ ਲਾਹੁਣ ਜਾਂ ਭਾਜਪਾਈ, ਕੋਈ ਫਰਕ ਨਹੀਂ ਪੈਂਦਾ। ਭਾਰਤ ਦੇ ਲੋਕਾਂ ਦੀ ਇਹ ਸੋਚ ਸਿਆਸੀ ਆਗੂਆਂ ਨੂੰ ਹਮੇਸ਼ਾ ਰਾਸ ਆਈ ਹੈ ਤੇ ਅੱਗੋਂ ਵੀ ਆਈ ਰਹਿਣੀ ਹੈ ਅਤੇ ਗੁੱਸਾ ਕਰਨ ਨਾਲੋਂ ਲੋਕ ਆਪਣੀ ਨਾਸਮਝੀ ਉੱਤੇ ਹੱਸਣਾ ਸਿੱਖ ਗਏ ਹੋਣ ਕਰ ਕੇ ਲੀਡਰਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਰਹਿ ਗਈ।

ਦੂਸਰੀ ਗੱਲ ਇਹ ਕਿ ਅਸੀਂ ਆਪਣੇ ਗਵਾਂਢ ਵਿੱਚ ਅੰਗਰੇਜ਼ਾਂ ਦੀ ਕ੍ਰਿਪਾ ਨਾਲ ਬਣੇ ਦੇਸ਼ ਪਾਕਿਸਤਾਨ ਬਾਰੇ ਇਹ ਜਾਣਦੇ ਸਾਂ ਕਿ ਉੱਥੋਂ ਦੇ ਲੀਡਰ ਆਪਣੇ ਲੋਕਾਂ ਨੂੰ ਇਸਲਾਮ ਦੀ ਚੜ੍ਹਦੀ ਕਲਾ ਅਤੇ ਉਸ ਦੇਸ਼ ਨੂੰ ਭਾਰਤ ਤੋਂ ਖਤਰਾ ਹੋਣ ਦੀ ਦੁਹਾਈ ਚੁੱਕ ਕੇ ਰਾਜ ਕਰੀ ਜਾਂਦੇ ਹਨ। ਇਹੋ ਫਾਰਮੂਲਾ ਭਾਰਤੀ ਲੀਡਰਾਂ ਨੇ ਵਰਤਣਾ ਸਿੱਖ ਲਿਆ ਹੈ। ਕਾਂਗਰਸ ਅਤੇ ਭਾਜਪਾ ਦੇ ਲੀਡਰਾਂ ਦਾ ਵੱਡਾ ਫਰਕ ਇੰਨਾ ਹੈ ਕਿ ਕਾਂਗਰਸ ਵਾਲਿਆਂ ਕੋਲ ਸਿਰਫ ਇੱਕੋ ਦਾਅ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀ ਦੁਹਾਈ ਤੇ ਇਸ ਨੂੰ ਕਾਇਮ ਰੱਖਣ ਲਈ ਭਾਰਤੀ ਲੋਕਾਂ ਨੂੰ ਉਕਸਾਈ ਜਾਣ ਤਕ ਦਾ ਹੁੰਦਾ ਸੀ, ਭਾਜਪਾ ਨੇ ਦੋ ਦਾਅ ਚੁਣ ਲਏ ਹਨ। ਦੇਸ਼ ਦੀ ਅਖੰਡਤਾ ਨੂੰ ਖਤਰੇ ਦੀ ਦੁਹਾਈ ਉਹ ਵੀ ਦਿੰਦੇ ਸਨ ਅਤੇ ਖਤਰਾ ਹੋਣ ਦੀ ਦੁਹਾਈ ਇਹ ਵੀ ਦਿੰਦੇ ਹਨ। ਅਸੀਂ ਉਸ ਰਾਜ ਵਿੱਚ ਵੀ ਇਸ ਦੁਹਾਈ ਨੂੰ ਸੁਣ ਕੇ ਜਜ਼ਬਾਤੀ ਹੋ ਜਾਂਦੇ ਹੁੰਦੇ ਸਾਂ ਤੇ ਇਨ੍ਹਾਂ ਦੇ ਰਾਜ ਵਿੱਚ ਵੀ ਇੱਦਾਂ ਦਾ ਬਿਗਲ ਵੱਜਦਾ ਸੁਣ ਕੇ ਜਜ਼ਬਾਤੀ ਹੋ ਜਾਂਦੇ ਹਾਂ। ਦੂਸਰਾ ਮਸਲਾ ਰਾਜਨੀਤੀ ਲਈ ਧਰਮ ਦੀ ਵਰਤੋਂ ਦਾ ਭਾਜਪਾ ਕੋਲ ਹੈ, ਜਿਹੜਾ ਕਾਂਗਰਸੀ ਨਹੀਂ ਸਨ ਚੁੱਕਦੇ, ਪਰ ਚੋਣਾਂ ਦੌਰਾਨ ਰਾਜਸੀ ਲੋੜ ਦੇ ਮੁਹਤਾਜ ਹੋ ਕੇ ਇਸਦੀ ਸਿੱਧੀ ਤੇ ਅਸਿੱਧੀ ਵਰਤੋਂ ਉਹ ਵੀ ਕਰ ਲਿਆ ਕਰਦੇ ਸਨ। ਭਾਜਪਾ ਸਿੱਧੇ ਤੌਰ ਉੱਤੇ ਇਸ ਮੁੱਦੇ ਨੂੰ ਵਰਤ ਕੇ ਭਾਰਤ ਦੀ ਸਭ ਤੋਂ ਵੱਡੀ ਧਾਰਮਿਕ ਅਬਾਦੀ ਨੂੰ ਉਕਸਾਉਂਦੀ ਹੈ। ਜਦੋਂ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕਮਾਂਡ ਸੰਭਾਲੀ ਤਾਂ ਭਾਜਪਾ ਆਗੂ ਇਹ ਨਹੀਂ ਸਨ ਕਹਿੰਦੇ ਕਿ ਭਾਜਪਾ ਰਾਜ ਕਈ ਸਾਲਾਂ ਪਿੱਛੋਂ ਆਇਆ ਹੈ, ਸਗੋਂ ਇਹ ਆਖਦੇ ਸਨ ਕਿ ਅੱਠ ਸੌ ਸਾਲਾਂ ਪਿੱਛੋਂ ਸਾਡਾ ਰਾਜ ਮੁੜ ਕੇ ਆਇਆ ਹੈ। ‘ਅੱਠ ਸੌ ਸਾਲਾਂ ਪਿੱਛੋਂ’ ਕਹਿਣ ਦਾ ਅਰਥ ਇਹ ਸੀ ਕਿ ਮੁਗਲਾਂ ਦੀ ਭਾਰਤ ਵਿੱਚ ਆਮਦ ਪਿੱਛੋਂ ਇਨ੍ਹਾਂ ਦੇ ਧਰਮ ਦੀ ਬੁਲੰਦੀ ਨਹੀਂ ਸੀ ਰਹਿ ਗਈ ਤੇ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਖਾਸ ਅਕਸ ਕਾਰਨ ਉਸ ਧਰਮ ਦੀ ਚੜ੍ਹਤ ਦੇ ਦਿਨ ਫਿਰ ਸਕਦੇ ਹਨ। ਬਾਅਦ ਵਿੱਚ ਇੱਦਾਂ ਦੀ ਗੱਲ ਭਾਰਤ ਸਰਕਾਰ ਹੀ ਨਹੀਂ, ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦੇ ਫੈਸਲਿਆਂ ਵਿੱਚ ਵੀ ਦੇਖੀ ਜਾਣ ਲੱਗ ਪਈ। ਦੇਸ਼ ਦੇ ਮੁੱਖ ਜੱਜ ਨੇ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਸੀ ਰੱਖੀ ਕਿ ਬਾਬਰੀ ਮਸਜਿਦ ਬਨਾਮ ਰਾਮ ਜਨਮ ਭੂਮੀ ਦੇ ਕੇਸ ਵਿੱਚ ਫੈਸਲਾ ਭਾਵੇਂ ਕਾਨੂੰਨੀ ਪੱਖੋਂ ਦੇਣਾ ਸੀ, ਪਰ ਫੈਸਲਾ ਲਿਖਣ ਤੋਂ ਪਹਿਲਾਂ ਇਸ ਚਿਰੋਕਣੇ ਲਟਕਦੇ ਮਾਮਲੇ ਬਾਰੇ ਉਹ ਭਗਵਾਨ ਤੋਂ ਸੇਧ ਲੈਣ ਵਾਸਤੇ ਮੰਦਰ ਵਿੱਚ ਗਿਆ ਸੀ। ਜੇ ਭਲਾ ਕੋਈ ਮੁਸਲਿਮ ਜੱਜ ਕਹਿੰਦਾ ਕਿ ਉਹ ਫੈਸਲਾ ਲਿਖਣ ਤੋਂ ਪਹਿਲਾਂ ਮਸਜਿਦ ਵਿੱਚ ਗਿਆ ਜਾਂ ਕੋਈ ਈਸਾਈ ਜੱਜ ਕਹਿੰਦਾ ਕਿ ਫੈਸਲੇ ਲਈ ਸੇਧ ਲੈਣ ਉਹ ਈਸਾ ਦੇ ਦਰਬਾਰ ਵਿੱਚ ਗਿਆ ਸੀ ਤਾਂ ਬੜਾ ਹੰਗਾਮਾ ਹੋ ਸਕਦਾ ਸੀ, ਪਰ ਸੁਪਰੀਮ ਕੋਰਟ ਦੇ ਮੁਖੀ ਜੱਜ ਦਾ ਬਿਆਨ ਮੁੱਦਾ ਨਹੀਂ ਸੀ ਬਣਿਆ।

ਅਸੀਂ ਪੰਜਾਬ ਦੇ ਲੋਕਾਂ ਨੇ ਇਸ ਤਰ੍ਹਾਂ ਧਰਮ ਦੀ ਵਰਤੋਂ ਸਿਆਸੀ ਲਾਭਾਂ ਲਈ ਹੁੰਦੀ ਕਈ ਵਾਰੀ ਵੇਖੀ ਤੇ ਭੁਗਤੀ ਹੋਈ ਹੈ। ਭ੍ਰਿਸ਼ਟਾਚਾਰ ਦੀਆਂ ਸਿਖਰਾਂ ਛੋਂਹਦੀ ਸਰਕਾਰ ਦੀ ਅਗਵਾਈ ਕਰਨ ਮਗਰੋਂ ਵੀ ਜੇ ਕੋਈ ਧਾਰਮਿਕ ਖੇਤਰ ਵਿੱਚ ਆਪਣੀ ਅਗੇਤ ਸਥਾਪਤ ਕਰਨ ਵਿੱਚ ਸਫਲ ਰਹਿ ਸਕੇ ਤਾਂ ਉਹ ਸਿਆਸੀ ਪੱਖੋਂ ਆਪਣੀ ਚੜ੍ਹਤ ਦੀ ਵੀ ਮੁਕੰਮਲ ਆਸ ਰੱਖ ਸਕਦਾ ਹੈ। ਸਾਡੇ ਲੋਕਾਂ ਦੀ ਸੋਚ ਦੀ ਇਹ ਕਮਜ਼ੋਰੀ ਹੈ ਕਿ ਕੋਈ ਬੰਦਾ ਲੱਖ ਝੂਠ ਬੋਲੀ ਜਾਵੇ ਅਤੇ ਲੱਖ ਪਾਪ ਕਰੀ ਜਾਵੇ, ਜੇ ਉਹ ਧਾਰਮਿਕ ਅਸਥਾਨਾਂ ਉੱਤੇ ਹਾਜ਼ਰੀ ਭਰਦੇ ਵਕਤ ਮੀਡੀਆ ਕੈਮਰਿਆਂ ਦੇ ਸਾਹਮਣੇ ਖੜੋ ਕੇ ਆਪਣੀ ਧਾਰਮਿਕਤਾ ਦਾ ਪ੍ਰਗਟਾਵਾ ਕਰ ਦੇਵੇ ਤਾਂ ਲੋਕ ਬਾਕੀ ਸਭ ਕੁਝ ਅਣਗੌਲਿਆ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਫਿਰ ਉਹੋ ਕੁਝ ਹੁੰਦਾ ਹੈ, ਜਿਹੜਾ ਭਾਰਤ ਦੀ ਕੌਮੀ ਪੱਧਰ ਦੀ ਸਿਆਸਤ ਵਿੱਚ ਹੁੰਦਾ ਦੇਖਦੇ ਹਾਂ। ਭਾਰਤ ਦੀ ਕੌਮੀ ਪੱਧਰ ਦੀ ਸਿਆਸਤ ਤਾਂ ਸਗੋਂ ਰਾਜਾਂ ਵਿਚਲੀਆਂ ਧਰਮ ਦੀ ਵਰਤੋਂ ਕਰ ਕੇ ਚਲਦੀਆਂ ਪਾਰਟੀਆਂ ਨੂੰ ਇਸ ਕੰਮ ਵਿੱਚ ਰਾਹ ਅਤੇ ਦਾਅ ਸਿਖਾਉਣ ਦਾ ਕੰਮ ਕਰਦੀ ਹੈ। ਛੇ ਸਾਲ ਪਹਿਲਾਂ ਲੋਕ ਸਭਾ ਚੋਣਾਂ ਵੇਲੇ ਭਖਵੀਂ ਚੋਣ ਮੁਹਿੰਮ ਚਲਾਉਣ ਨਾਲ ਵੀ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਜਦੋਂ ਆਪਣੀ ਜਿੱਤ ਦਾ ਯਕੀਨ ਨਹੀਂ ਸੀ ਬੱਝਾ ਤਾਂ ਆਖਰੀ ਪੜਾਅ ਦਾ ਪ੍ਰਚਾਰ ਬੰਦ ਹੁੰਦੇ ਸਾਰ ਉਹ ਕੇਦਾਰਨਾਥ ਧਾਮ ਵਿਖੇ ਇੱਕ ਗੁਫਾ ਅੰਦਰ ਸਮਾਧੀ ਲਾਉਣ ਜਾ ਪੁੱਜਾ ਸੀ, ਪਰ ਬੈਠਦੇ ਵਕਤ ਵੀ ਆਸੇ-ਪਾਸੇ ਇਹ ਦੇਖ ਰਿਹਾ ਸੀ ਕਿ ਕੈਮਰਿਆਂ ਦਾ ਫੋਕਸ ਠੀਕ ਹੋਣਾ ਚਾਹੀਦਾ ਹੈ। ਉਦੋਂ ਵਰਤਿਆ ਇਹ ਦਾਅ ਦੂਜੀ ਵਾਰ ਵਰਤਦਾ ਹੁੰਦਾ ਤਾਂ ਲੋਕ ਪਛਾਣ ਲੈਂਦੇ, ਇਸ ਕਾਰਨ ਪਿਛਲੇ ਸਾਲ ਉਸਨੇ ਚੋਣਾਂ ਦੇ ਆਖਰੀ ਗੇੜ ਦੇ ਦੌਰਾਨ ਇੱਕ ਉਚੇਚੀ ਦਿੱਤੀ ਗਈ ਇੰਟਰਵਿਊ ਵਿੱਚ ਇਹ ਕਹਿ ਦਿੱਤਾ ਸੀ ਕਿ ‘ਮੈਂ ਬਾਇਲੋਜੀਕਲ ਨਹੀਂ, ਮੈਨੂੰ ਤਾਂ ਭਗਵਾਨ ਨੇ ਕਿਸੇ ਖਾਸ ਮਕਸਦ ਲਈ ਦੁਨੀਆ ਵਿੱਚ ਭੇਜਿਆ ਹੈ।’ ਕਹਿਣ ਤੋਂ ਭਾਵ ਇਹ ਕਿ ਜਿਵੇਂ ਭਗਵਾਨ ਸਮੇਂ ਸਮੇਂ ਦੁਨੀਆ ਵਿੱਚ ਵਸਦੇ ਲੋਕਾਂ ਦਾ ਪਾਰ ਉਤਾਰਾ ਕਰਨ ਲਈ ਆਪਣੇ ਅਵਤਾਰ ਭੇਜਦਾ ਰਿਹਾ ਸੀ, ਨਰਿੰਦਰ ਮੋਦੀ ਸਾਹਿਬ ਅੱਜ ਵਾਲੇ ਦੁਨਿਆਵੀ ਲੋਕਾਂ ਦੇ ਪਾਰ ਉਤਾਰੇ ਲਈ ਭਗਵਾਨ ਨੇ ਖਾਸ ਮਕਸਦ ਲਈ ਭੇਜੇ ਹੋਏ ਹਨ। ਇੱਡੀ ਵੱਡੀ ਗੱਲ ਸੁਣ ਲੈਣ ਦੇ ਬਾਅਦ ਦੇਸ਼ ਦਾ ਸਭ ਤੋਂ ਵੱਧ ਗਿਣਤੀ ਵਾਲਾ ਭਾਈਚਾਰਾ ਉਨ੍ਹਾਂ ਦੇ ਮਗਰ ਲੱਗੀ ਲਾਈਨ ਤੋਂ ਹਟ ਕੇ ਹੋਰ ਸਿਆਸੀ ਪੱਖਾਂ ਦੇ ਲੀਡਰਾਂ ਵੱਲ ਜਾਣਾ ਤਾਂ ਇੱਕ ਪਾਸੇ ਰਹਿ ਗਿਆ, ਇੱਧਰ-ਉੱਧਰ ਕਿਸੇ ਪਾਸੇ ਝਾਕਣਾ ਵੀ ਪਾਪ ਸਮਝਣ ਲੱਗ ਸਕਦਾ ਸੀ।

ਕਹਿੰਦੇ ਹਨ ਕਿ ਬੀਤੇ ਵਕਤ ਵਿੱਚ ਕਦੇ ਲੁਕਮਾਨ ਨਾਂਅ ਦਾ ਕੋਈ ਹਕੀਮ ਹੁੰਦਾ ਸੀ, ਜਿਹੜਾ ਹਰ ਕਿਸੇ ਬਿਮਾਰੀ ਦਾ ਇਲਾਜ ਕਰਨ ਦੇ ਨੁਸਖੇ ਜਾਣਦਾ ਸੀ। ਅੱਜਕੱਲ੍ਹ ਜਿਸ ਕਿਸੇ ਦਾ ਦਾਅ ਫਿੱਟ ਬੈਠ ਜਾਂਦਾ ਹੈ, ਉਸ ਲੀਡਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸਿਆਸਤ ਦੇ ਲੁਕਮਾਨੀ ਨੁਸਖੇ ਜਾਣਦਾ ਹੈ, ਇਸ ਲਈ ਹੋਰ ਕੋਈ ਇਸਦੀ ਟੱਕਰ ਦਾ ਸਾਬਤ ਨਹੀਂ ਹੋ ਰਿਹਾ। ਅਸੀਂ ਪਿਛਲੇ ਸਮਿਆਂ ਵਿੱਚ ਇੱਦਾਂ ਦੇ ਨੁਸਖੇ ਵਰਤਣ ਵਾਲਿਆਂ ਦਾ ਵੀ ਕਦੇ ਨਾ ਕਦੇ ਟਕਰਾਅ ਹੁੰਦਾ ਤੇ ਆਮ ਲੋਕਾਂ ਵਿੱਚ ਕੁਝ ਚਿਰ ਲਈ ਭੰਬਲਭੁਸੇ ਦੀ ਸਥਿਤੀ ਬਣਦੀ ਵੇਖੀ ਹੋਈ ਹੈ, ਜਿਹੜੀ ਬਹੁਤਾ ਚਿਰ ਨਹੀਂ ਰਹਿੰਦੀ ਹੁੰਦੀ ਅਤੇ ਫਿਰ ਆਮ ਲੋਕ ਇੱਕ ਪਿੱਛੋਂ ਦੂਸਰਾ ਭੇਡ-ਚਾਲ ਵਿੱਚ ਕਿਸੇ ਇੱਕ ਆਗੂ ਨਾਲ ਖੜੋਣਾ ਸ਼ੁਰੂ ਕਰ ਦਿੰਦੇ ਸਨ। ਇਹੋ ਜਿਹੀ ਖਿੱਚੋਤਾਣ ਇਸ ਵਕਤ ਵੀ ਭਾਰਤ ਵਿੱਚ ਚਲਦੀ ਜਾਪਦੀ ਹੈ। ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਅਤੇ ਇਸ ਬਹਾਨੇ ਲੋਕਾਂ ਨੂੰ ਧਰਮ ਦੇ ਨਾਂਅ ਉੱਤੇ ਵਰਤਣ ਲਈ ਜਿੱਦਾਂ ਦੀ ਖਿੱਚੋਤਾਣ ਦੋਵਾਂ ਧਿਰਾਂ ਵਿੱਚ ਇਸ ਵੇਲੇ ਹੁੰਦੀ ਪਈ ਹੈ, ਇੱਦਾਂ ਦੀ ਖਿੱਚੋਤਾਣ ਕੌਮੀ ਪੱਧਰ ਉੱਤੇ ਵੀ ਹੋਣ ਦੇ ਚਰਚੇ ਸੁਣਨੇ ਫਿਰ ਸ਼ੁਰੂ ਹੋ ਗਏ ਹਨ। ਅਗਲੇ ਸਮੇਂ ਵਿੱਚ ਇਹ ਚਰਚੇ ਜਾਂ ਟਕਰਾਅ ਤੇਜ਼ ਵੀ ਹੋ ਸਕਦੇ ਹਨ, ਪਰ ਵਕਤ ਦੀ ਅਜੋਕੀ ਘੜੀ ਜਿਹੜੀ ਧਿਰ ਕੇਂਦਰ ਵਿੱਚ ਸੱਤਾ ਦੀ ਕਮਾਂਡ ਸਾਂਭੀ ਬੈਠੀ ਹੈ, ਉਹ ਛੇਤੀ ਕੀਤੇ ਕਿਸੇ ਹੋਰ ਦੇ ਪੈਰ ਲੱਗਣ ਨਹੀਂ ਦਿੰਦੀ ਜਾਪਦੀ। ਇਹ ਹਾਲਤ ਅੱਜ ਦੀ ਘੜੀ ਹੈ, ਵਕਤ ਦੇ ਰੰਗਾਂ ਦਾ ਕੁਝ ਪਤਾ ਨਹੀਂ ਹੁੰਦਾ ਕਿ ਕਦੋਂ ਕਿੱਧਰ ਨੂੰ ਪਲਟੀ ਮਾਰ ਜਾਣ, ਇਸ ਲਈ ਭਾਰਤ ਦਾ ਅਗਲਾ ਸਮਾਂ ਕਿੱਦਾਂ ਦਾ ਹੋਵੇਗਾ, ਅਗੇਤੇ ਅੰਦਾਜ਼ੇ ਲਾਉਣ ਵਾਲਿਆਂ ਨੂੰ ਜੋ ਮਰਜ਼ੀ ਸੋਚਣ ਦੀ ਖੁੱਲ੍ਹ ਹੈ। ਭਾਰਤੀ ਫੌਜ ਦੀ ਕਿਸੇ ਅਫਸਰ ਬੀਬੀ ਦੇ ਬਾਰੇ ਬਦ-ਕਲਾਮੀ, ਕਰਨਾਟਕ ਦੀ ਡਿਪਟੀ ਕਮਿਸ਼ਨਰ ਬੀਬੀ ਨੂੰ ਪਾਕਿਸਤਾਨੀ ਕਹਿਣ ਜਾਂ ਪਾਉਂਟਾ ਸਾਹਿਬ ਦੇ ਸਿੱਖ ਐੱਸ ਡੀ ਐੱਮ ਬਾਰੇ ਕੀਤੀ ਗਈ ਬੇਹੂਦਾ ਟਿੱਪਣੀ, ਇਹ ਸਾਰੀਆਂ ਗੱਲਾਂ ਕਿਸੇ ਖਾਸ ਪਾਸੇ ਸੇਧਤ ਹੋ ਸਕਦੀਆਂ ਹਨ, ਪਰ ਕਿਸ ਪਾਸੇ ਵੱਲ ਸੇਧਤ ਹਨ, ਇਸ ਬਾਰੇ ਅਜੇ ਤਕ ਸਥਿਤੀ ਬਹੁਤੀ ਸਪਸ਼ਟ ਨਹੀਂ ਹੋ ਰਹੀ। ਹੋ ਸਕਦਾ ਹੈ ਕਿ ਇਸ ਖੇਡ ਦੇ ਓਹਲੇ ਦੀਆਂ ਚੁਣੌਤੀਆਂ ਤੋਂ ਪਰਦਾ ਚੁੱਕਣ ਵਿੱਚ ਅਗਲਾ ਸਮਾਂ ਬਹੁਤੀ ਦੇਰ ਨਾ ਕਰੇ, ਕੁਝ ਵੀ ਹੋ ਸਕਦਾ ਹੈ।

Read 187 times Last modified on Wednesday, 02 July 2025 12:47
ਜਤਿੰਦਰ ਪੰਨੂੰ

  • Jalandhar, Punjab, India.
  • Phone: (91 - 98140 - 68455)
  • Email: (pannu_jatinder@yahoo.co.in)