You are here:ਮੁਖ ਪੰਨਾ»ਰਚਨਾ ਅਧਿਐਨ»‘ਅੰਦਰੇਟੇ ਦਾ ਜੋਗੀ’ ਪੜ੍ਹਦਿਆਂ…

ਲੇਖ਼ਕ

Saturday, 05 July 2025 10:41

‘ਅੰਦਰੇਟੇ ਦਾ ਜੋਗੀ’ ਪੜ੍ਹਦਿਆਂ…

Written by
Rate this item
(0 votes)

ਨਿਊ ਯਾਰਕ ਵਿਚ ਰਹਿਣ ਵਾਲੇ ਡਾ. ਪ੍ਰੇਮ ਮਾਨ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਅਤੇ ਸਾਹਿਤ ਦੀਆਂ ਸੂਖਮ-ਰਮਜ਼ਾਂ ਦੀ ਸਮਝ ਰੱਖਣ ਵਾਲੇ ਜ਼ਹੀਨ ਇਨਸਾਨ ਹਨ, ਜਿਨ੍ਹਾਂ ਨੇ 48 ਸਾਲਾਂ ਬਾਅਦ ‘ਅੰਦਰੇਟੇ ਦਾ ਜੋਗੀ’ ਰਾਹੀਂ ਕਲਮ ਦੀ ਚੁੱਪ ਨੂੰ ਤੋੜਿਆ ਹੈ। 1970 ਵਿਚ ‘ਚੁਬਾਰੇ ਦੀ ਇੱਟ’ (ਕਹਾਣੀ ਸੰਗ੍ਰਹਿ) ਤੇ 1972 ਵਿਚ ‘ਪਲਕਾਂ ਡੱਕੇ ਹੰਝੂ’ (ਗਜ਼ਲ ਸੰਗ੍ਰਹਿ) ਤੋਂ ਬਾਅਦ 2020 ਵਿਚ ਰੇਖਾ-ਚਿੱਤਰਾਂ ਦੀ ਇਹ ਪੁਸਤਕ ਪੰਜਾਬੀ ਪਿਆਰਿਆਂ ਦੀ ਨਜ਼ਰ-ਏ-ਅਨਾਇਤ ਹੈ। ਇਸ ਵਿਚ ਅੱਠ ਰੇਖਾ-ਚਿੱਤਰ ਹਨ ਤੇ ਇਕ ਸਾਹਿਤਕ ਯਾਦਾਂ ‘ਚ ਗੜੁੱਚਿਆ ਲੇਖ ਹੈ।

ਇਹ ਰੇਖਾ-ਚਿੱਤਰ, ਦਰਅਸਲ ਸ਼ਖਸੀ ਸੁੱਚਮ ਤੇ ਉਚਮ ਨੂੰ ਪਾਰਦਰਸ਼ਤਾ ਨਾਲ ਪੇਸ਼ ਕਰਦੇ ਨੇ। ਨਿੱਜੀ ਗੁਫਤਗੂ ਤੇ ਮੁਲਾਕਾਤਾਂ ਦੌਰਾਨ ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਉਨ੍ਹਾਂ ਦੇ ਹੁੰਗਾਰਿਆਂ ਵਿਚੋਂ ਵਿਅਕਤੀ ਦੇ ਅੰਦਰ ਬੈਠਾ ਉਹ ਮਨੁੱਖ ਬੋਲਦਾ ਹੈ, ਜਿਸ ਨੂੰ ਸਮਝਣ ਅਤੇ ਉਸ ਦੀ ਰੂਹ ਦੇ ਦੀਦਾਰ ਲਈ ਇਹ ਰੇਖਾ-ਚਿੱਤਰ ਲਿਖੇ ਗਏ ਨੇ। ਡਾ. ਮਾਨ ਦੀ ਖੂਬੀ ਹੈ ਕਿ ਉਹ ਖੁਦ ਇਨ੍ਹਾਂ ਰੇਖਾ-ਚਿੱਤਰਾਂ ਵਿਚੋਂ ਗਾਇਬ ਹਨ ਅਤੇ ਸਿਰਫ ਸਬੰਧਤ ਵਿਅਕਤੀ ਸਮੁੱਚ ਵਿਚ ਹਾਜ਼ਰ-ਨਾਜ਼ਰ, ਮਨ ਦੀਆਂ ਤਹਿਆਂ ਫਰੋਲਦਾ ਹੈ। ਬਿਨ-ਉਚੇਚ ਤੇ ਸਧਾਰਨਤਾ ਭਰੀ ਲਿਖਤ ਵਿਚੋਂ ਵਿਅਕਤੀ ਨੂੰ ਪੜ੍ਹਨਾ ਅਸਾਨ ਹੈ।

ਮਹਾਨ ਚਿੱਤਰਕਾਰ ਸ. ਸੋਭਾ ਸਿੰਘ ਦਾ ਰੇਖਾ-ਚਿੱਤਰ, 1971 ਵਿਚ ਅੰਦਰੇਟੇ ਵਿਖੇ ਹੋਈ ਮਿਲਣੀ `ਤੇ ਆਧਾਰਤ ਹੈ। ਕਮਾਲ ਇਹ ਹੈ ਕਿ ਡਾ. ਮਾਨ ਨੇ ਇਸ ਮਿਲਣੀ ਦੀਆਂ ਲਿਖਤੀ ਯਾਦਾਂ ਨੂੰ 2015 ਤੀਕ ਸਾਂਭੀ ਰੱਖਿਆ। ਉਨ੍ਹਾਂ ਨਾਲ 5 ਘੰਟਿਆਂ ਦੀ ਮਿਲਣੀ ਦੌਰਾਨ ਉਸ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ, ਗੱਲਬਾਤ ਵਿਚੋਂ ਉਸ ਸਮੇਂ ਦੇ ਕਈ ਵੱਡੇ ਲੇਖਕਾਂ ਦੇ ਰੰਗ ਵੀ ਉਘੜਦੇ ਨੇ।

ਉਘੇ ਲੇਖਕ ਬਲਬੀਰ ਮੋਮੀ ਨਾਲ ਉਨ੍ਹਾਂ ਦੀ ਸਾਂਝ 1971 ਤੋਂ ਹੈ। ਉਨ੍ਹਾਂ ਨੇ ਮੋਮੀ ਦੇ ਵਿਅਕਤੀਤਵ ਨੂੰ ਚਿਤਰਦਿਆਂ ਉਸ ਦੇ ਸਾਖਸ਼ਾਤ ਦੀਦਾਰੇ ਕਰਵਾ ਦਿੱਤੇ ਹਨ, ਜੋ ਮੇਰੀ ਚੇਤਨਾ ਦਾ ਵੀ ਹਿੱਸਾ ਹਨ, ਕਿਉਂਕਿ ਬਰੈਂਪਟਨ ਵਿਚ ਰਹਿੰਦਿਆਂ ਅਕਸਰ ਹੀ ਉਨ੍ਹਾਂ ਨੂੰ ਮਿਲਦਾ ਸਾਂ। ਬਲਬੀਰ ਮੋਮੀ ਦਾ ਅੱਥਰਾਪਣ, ਬੇਬਾਕੀ ਅਤੇ ਉਸ ਦੀਆਂ ਪ੍ਰੇਮ-ਸਾਂਝਾਂ ਦਾ ਜ਼ਿਕਰ ਕਰਦਿਆਂ ਪੰਜਾਬੀ ਲੇਖਕਾਵਾਂ ਦੇ ਨਾਮ ਨਾ ਦੇਣਾ, ਡਾ. ਮਾਨ ਦੀ ਲੇਖਣੀ ਦਾ ਇਕ ਪਾਕ ਤੇ ਪਰਪੱਕ ਪਹਿਲੂ ਦਰਸਾਉਂਦਾ ਹੈ ਕਿ ਉਹ ਕਿਸੇ ਦੇ ਸਬੰਧਾਂ ‘ਚੋਂ ਅੱਖਰਾਂ ਰਾਹੀਂ ਚਟਖਾਰੇ ਨਹੀਂ ਲੈਂਦਾ ਅਤੇ ਨਾ ਹੀ ਉਹ ਚਾਹੁੰਦਾ ਕਿ ਔਰਤ ਲੇਖਕਾਵਾਂ ਨੂੰ ਨਮੋਸ਼ੀ ਹੰਢਾਉਣੀ ਪਵੇ। ਉਹ ਤਾਂ ਡਾ. ਮੋਮੀ ਨੂੰ ਇਸ ਲਿਖਤ ਰਾਹੀਂ ਇਹ ਸੁਝਾਅ ਵੀ ਦੇ ਗਏ ਕਿ ਨਿੱਜੀ ਜ਼ਿੰਦਗੀ ਦੀਆਂ ਕੁਝ ਕੁ ਪਰਤਾਂ ਨੂੰ ਖੁਦ ਤੀਕ ਹੀ ਸੀਮਤ ਕਰਨਾ ਜ਼ਰੂਰੀ ਹੁੰਦਾ, ਕਿਉਂਕਿ ਇਸ ਰੇਖਾ-ਚਿੱਤਰ ਰਾਹੀਂ ਉਹ ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ ਅਤੇ ਸ਼ਿਵ ਕੁਮਾਰ ਨਾਲ ਮੋਮੀ ਦੇ ਸਾਥ ਵਿਚ ਬਿਤਾਏ ਪਲ ਵੀ ਸਾਂਝੇ ਕਰ ਦਿੰਦਾ ਹੈ। ਇਹ ਵੀ ਲਿਖਤ ਦੀ ਖੂਬਸੂਰਤੀ ਹੁੰਦੀ ਕਿ ਇਕ ਵਿਅਕਤੀ ਰਾਹੀਂ ਦੂਸਰੇ ਵਿਅਕਤੀਆਂ ਦੇ ਅੰਦਰ ਵੀ ਝਾਕਿਆ ਜਾ ਸਕੇ।

ਦਲਜੀਤ ਮੋਖਾ ਦੇ ਚਿਤਰਨ ਵਿਚੋਂ ਹੁਸ਼ਿਆਰਪੁਰ ਸਰਕਾਰੀ ਕਾਲਜ ਦੇ ਪੁਰਾਣੇ ਦਿਨਾਂ ਅਤੇ ਉਸ ਸਮੇਂ ਦੇ ਸਾਥੀਆਂ ਦੀਆਂ ਬੇਫਿਕਰੀਆਂ, ਸਾਹਿਤਕ ਸਮਝਾਂ ਅਤੇ ਸਮਾਜਿਕ ਚੇਤਨਾ ਸਾਹਮਣੇ ਆਉਂਦੀਆਂ ਨੇ। ਦਲਜੀਤ ਮੋਖਾ ਦੀਆਂ ਖੂਬੀਆਂ ਅਤੇ ਅੱਲੜ੍ਹ ਉਮਰ ਦੀਆਂ ਮੁਹੱਬਤੀ ਸਾਂਝਾਂ ਨੂੰ ਸ਼ਬਦਾਂ ਵਿਚ ਉਕਰਦਿਆਂ, ਆਪਣੇ ਮਿੱਤਰ ਨੂੰ ਸੰਜੀਵ ਹੀ ਕਰ ਦਿੱਤਾ, ਜੋ ਬੜੀ ਜਲਦੀ ਇਸ ਜਹਾਨ ਨੂੰ ਅਲਵਿਦਾ ਕਹਿ, 47 ਸਾਲਾਂ ਦੀ ਸਾਂਝ ਤੋੜ ਗਿਆ। ਨਹੀਂ ਮਿਲਦੇ ਅਜੋਕੇ ਸਮੇਂ ਵਿਚ ਦਲਜੀਤ ਮੋਖਾ ਵਰਗੇ ਮਿੱਤਰ-ਪਿਆਰੇ, ਜਿਨ੍ਹਾਂ ਦੀ ਜ਼ਹਿਨੀਅਤ ਵਿਚ ਮੋਹ ਅਤੇ ਫਕੀਰਾਨਾ ਮਸਤੀ ਦਾ ਆਲਮ ਤਾਰੀ ਰਹਿੰਦਾ ਹੋਵੇ।

ਦੀਪਕ ਜੈਤੋਈ ਅਤੇ ਚਾਨਣ ਗੋਬਿੰਦਪੁਰੀ ਨਾਲ ਉਸ ਦੀ ਸਾਂਝ ਸੱਤਰਵਿਆਂ ਵਿਚ ਹੀ ਪੈਦਾ ਹੋ ਗਈ ਸੀ ਅਤੇ ਉਨ੍ਹਾਂ ਦੇ ਗਜ਼ਲ ਸੰਗ੍ਰਹਿ ਦਾ ਮੁੱਖ-ਬੰਦ ਦੀਪਕ ਜੈਤੋਈ ਨੇ ਲਿਖਿਆ ਸੀ ਅਤੇ ਚਾਨਣ ਗੋਬਿੰਦਪੁਰੀ ਨੂੰ ਸਮਰਪਿਤ ਸੀ। ਉਨ੍ਹਾਂ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀਆਂ ਪਾਕੀਜ਼ ਪੈੜਾਂ ਦਾ ਜ਼ਿਕਰ ਕੀਤਾ ਗਿਆ ਹੈ।

ਪੰਜਾਬੀ ਦੇ ਸਮਰੱਥ ਗਜ਼ਲਗੋ ਡਾ. ਜਗਤਾਰ ਦਾ, ਜਗਤਾਰ ਪਪੀਹਾ ਤੋਂ ਜਗਤਾਰ ਬਣਨ ਦੀ ਗਾਥਾ ਅਤੇ ਪੰਜਾਬੀ ਅਦਬ ਵਿਚ ਉਸ ਦੇ ਵਿਲੱਖਣ ਮੁਕਾਮ ਸਥਾਪਤ ਕਰਨ ਦੀ ਯਾਤਰਾ, ਬੇਬਾਕੀ ਅਤੇ ਬਾਹਰੀ ਅੱਖੜਤਾ ਵਿਚੋਂ ਸਿੰਮਦੀ ਮੁਹੱਬਤੀ ਸਾਂਝ ਨੂੰ ਖੂਬਸੂਰਤ ਸ਼ਬਦਾਂ ਰਾਹੀਂ ਡਾ. ਮਾਨ ਨੇ ਡਾ. ਜਗਤਾਰ ਦੇ ਅੰਤਰੀਵ ਨੂੰ ਫਰੋਲਿਆ ਹੈ।

ਉਘੇ ਸਟੇਜੀ ਕਵੀ ਚਰਨ ਸਿੰਘ ਸਫਰੀ ਵਲੋਂ ਗੀਤਕਾਰੀ ਰਾਹੀਂ ਧਾਰਮਿਕ ਖੇਤਰ ਵਿਚਲੀ ਸਾਹਿਤਕ ਦੇਣ ਨੂੰ ਅਕੀਦਤ ਭੇਟ ਕਰਦਿਆਂ ਸ. ਸਫਰੀ ਦਾ ਜ਼ਿੰਦਗੀ ਜਿਉਣ ਦਾ ਅੰਦਾਜ਼ ਬਿਆਨ ਕੀਤਾ ਹੈ। ਅਜੇ ਤਨਵੀਰ ਭਾਵੇਂ ਕੈਲੀਫੋਰਨੀਆ ਵਿਚ ਕਾਰੋਬਾਰ ਕਰਦਾ ਹੈ, ਪਰ ਉਸ ਦੀ ਵਿਲੱਖਣਤਾ ਇਸ ਵਿਚ ਹੈ ਕਿ ਉਹ ਅਦਬ ਨੂੰ ਪਿਆਰ ਕਰਦਾ ਹੈ। ਆਪਣੇ ਰੁਝੇਵਿਆਂ ਵਿਚੋਂ ਪੰਜਾਬੀ ਗਜ਼ਲ ਅਤੇ ਕਵਿਤਾ ਨੂੰ ਸ਼ਿੱਦਤ ਨਾਲ ਪੜ੍ਹਨ ਅਤੇ ਇਨ੍ਹਾਂ ਨੂੰ ਮਾਣਨ ਦਾ ਆਸ਼ਕ ਹੈ।

ਡਾ. ਮਾਨ ਵਲੋਂ ਉਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਰੇਖਾ ਚਿੱਤਰ ਵਿਚੋਂ ਤੁਸੀਂ ਪ੍ਰੇਮ ਪ੍ਰਕਾਸ਼ ਦੀ ਨਿੱਜੀ ਜ਼ਿੰਦਗੀ, ਘਰ ਦੇ ਪਿਛਵਾੜੇ ਵਿਚ ਬਣੇ ਕਮਰੇ ਦੇ ਨਕਸ਼ ਅਤੇ ਉਸ ਦੀ ਔਰਤ ਦੋਸਤਾਂ ਨਾਲ ਦਿਲਲਗੀ ਨੂੰ ਚਿਤਵ ਸਕਦੇ ਹੋ। ਉਸ ਦੀਆਂ ਕਹਾਣੀਆਂ ਵਿਚ ਚਿੱਤਰੇ ਹੋਏ ਪਾਤਰਾਂ ਨੂੰ ਪ੍ਰੇਮ ਪ੍ਰਕਾਸ਼ ਦੀ ਬੇਬਾਕੀ ਤੇ ਦਿਲਦਾਰੀ ਵਿਚੋਂ ਅਚੇਤ ਤੇ ਸੁਚੇਤ ਰੂਪ ਵਿਚ ਪੜ੍ਹ ਸਕਦੇ ਹੋ।

ਚੰਡੀਗੜ੍ਹ ਦੀਆਂ ਸਾਹਿਤਕ ਯਾਦਾਂ ਵਿਚ ਡਾ. ਮਾਨ ਨੇ ਆਪਣੇ ਸਾਹਿਤਕ ਮਿੱਤਰਾਂ ਦੇ ਦੀਦਾਰੇ ਕਰਵਾਏ ਹਨ, ਜੋ ਉਸ ਦੀ ਅਦਬੀ ਫੱਕਰਤਾ ਦਾ ਹੀ ਹਿੱਸਾ ਸਨ, ਜਦ ਉਹ 1971 ਤੋਂ 1975 ਤੱਕ ਚੰਡੀਗੜ੍ਹ ਵਿਚ ਪੜ੍ਹਾਉਂਦੇ ਸਨ। ਉਨ੍ਹਾਂ ਦੀਆਂ ਆਦਤਾਂ, ਔਗੁਣ ਅਤੇ ਵਿਲੱਖਣਤਾਵਾਂ ਪਾਠਕ ਦੇ ਸਨਮੁੱਖ ਹੁੰਦੀਆਂ ਨੇ, ਜਿਨ੍ਹਾਂ ਨੂੰ ਡਾ. ਮਾਨ ਇੰਨੇ ਸਾਲ ਬੀਤਣ ਦੇ ਬਾਵਜੂਦ ਚੇਤਿਆਂ ‘ਚੋਂ ਵਿਸਾਰ ਨਹੀਂ ਸਕੇ।

ਦਰਅਸਲ ਡਾ. ਮਾਨ ਦਾ ਅੰਦਾਜ਼-ਏ-ਬਿਆਨ ਹੀ ਬਿਨ ਤੁਕੱਲਫ ਤੇ ਸਹਿਜਮਈ ਏ। ਉਹ ਗੱਲਾਂ ਰਾਹੀਂ ਹੀ ਸਾਹਮਣੇ ਬੈਠੇ ਵਿਅਕਤੀ ਦੇ ਅੰਦਰ ਝਾਕਣ ਅਤੇ ਉਸ ਦੀ ਅਕ੍ਰਿਤੀ ਨੂੰ ਹਰਫਾਂ ਵਿਚ ਢਾਲਣ ਦੇ ਸਮਰੱਥ ਨੇ।

ਡਾ. ਪ੍ਰੇਮ ਮਾਨ ਇਸ ਗੱਲ ਲਈ ਵੀ ਵਧਾਈ ਦੇ ਪਾਤਰ ਹਨ ਕਿ ਇਕਨਾਮਿਕਸ ਦੇ ਪ੍ਰੋਫੈਸਰ ਹੁੰਦਿਆਂ ਉਨ੍ਹਾਂ ਨੇ 1975 ਤੀਕ ਬਹੁਤ ਸਾਰੀਆਂ ਅਦਬੀ ਸ਼ਖਸੀਅਤਾਂ ਨਾਲ ਸਾਂਝਾਂ ਪਾਈਆਂ, ਜੋ ਹੁਣ ਤੀਕ ਬਰਕਰਾਰ ਨੇ। ਇਨ੍ਹਾਂ ਸੱਜਣਾਂ ਦੀ ਸੰਗਤ ਵਿਚੋਂ ਉਨ੍ਹਾਂ ਨੂੰ ਸਾਹਿਤਕ ਬਾਰੀਕੀਆਂ ਨੂੰ ਸਮਝਣ ਅਤੇ ਇਸ ਦੇ ਸੁੱਚਮ ਨੂੰ ਲਿਖਤਾਂ ਵਿਚ ਉਜਾਗਰ ਕਰਨ ਦਾ ਸ਼ਰਫ ਹਾਸਲ ਹੋਇਆ।

ਡਾ. ਪ੍ਰੇਮ ਮਾਨ ਬਹੁਤ ਹੀ ਸੰਜੀਦਾ, ਸੁਹਜਭਾਵੀ, ਸਹਿਜਮਈ ਅਤੇ ਸਮਰੱਥ ਸਾਹਿਤਕਾਰ ਹਨ, ਜਿਨ੍ਹਾਂ ਦਾ ਸ਼ੌਕ ਵੱਧ ਤੋਂ ਵੱਧ ਵਧੀਆ ਪੜ੍ਹਨਾ ਅਤੇ ਘੱਟ ਲਿਖਣਾ ਹੈ। ‘ਅੰਦਰੇਟੇ ਦਾ ਜੋਗੀ’ ਰਾਹੀਂ ਉਨ੍ਹਾਂ ਨੇ ਸਾਹਿਤਕ ਖੇਤਰ ਵਿਚ ਮੁੜ ਤੋਂ ਦਸਤਕ ਦੇ ਕੇ ਅਵਚੇਤਨ ਵਿਚਲੇ ਸ਼ੌਕ ਨੂੰ ਪੁਨਰ-ਸੰਜੀਵ ਕੀਤਾ ਹੈ, ਜੋ ਅਠਤਾਲੀ ਸਾਲਾਂ ਤੀਕ ਉਨ੍ਹਾਂ ਦੇ ਅੰਤਰੀਵ ਬੈਠਾ ਰਿਹਾ।

ਇਕ ਹੀ ਬੈਠਕ ਵਿਚ ਪੜ੍ਹਨ ਵਾਲੇ ਇਨ੍ਹਾਂ ਅੱਡਰੇ ਤੇ ਅਨੂਠੇ ਰੇਖਾ-ਚਿੱਤਰਾਂ ਦਾ ਸੁਆਗਤ ਹੈ। ਆਸ ਹੈ, ਭਵਿੱਖ ਵਿਚ ਡਾ. ਮਾਨ ਹੋਰ ਅਦਬੀ ਲਿਖਤਾਂ ਰਾਹੀਂ ਸਾਹਿਤਕ ਖੇਤਰ ਵਿਚ ਭਰਪੂਰ ਹਾਜ਼ਰੀ ਲਵਾਉਂਦੇ ਰਹਿਣਗੇ।

Read 204 times