ਕਦਮ ਚੁੱਕੋ ਵੱਲ ਮੰਜ਼ਲ, ਸਭ ਮਿਟੇਗਾ ਫਾਸਲਾ।
ਆ ਮਿਲਣ ਪਾਂਧੀ ਨਵੇਂ, ਵਧਦਾ ਰਹੇ ਇਹ ਕਾਫਲਾ।
ਦਿਲ ਚ ਨਿਸ਼ਚਾ ਧਾਰ ਜਿਹੜਾ, ਆ ਮਿਲੇ ਤੂਫ਼ਾਨ ਨੂੰ
ਪਾ ਰਿਹਾ ਇਤਿਹਾਸ ਉਸ ਦੀ, ਅੱਜ ਤੀਕਰ ਵਾਰਤਾ।
ਸੱਚ ਝੱਖੜ ਸੰਗ ਟਕਰਾਂਦਾ ਰਿਹਾ ਅਜ਼ਲਾਂ ਤੋਂ ਹੀ,
ਰੁਕ ਨਹੀਂ ਸਕਦਾ ਕਦੇ ,ਚਲਦਾ ਰਵੇ ਇਹ ਸਿਲਸਿਲਾ।
ਰੋਸ਼ਨੀ ਸੂਰਜ ਨੇ ਦੇਣੀ ਦਿਨ ਨੇ ਤਾਂ ਚੜ੍ਹਨੈ ਜਰੂਰ,
ਥਾਂ ਕਿਸੇ ਵੀ ਰਹਿ ਸਕੇ ਨਾ, ਸਦ ਹੀ ਪਹਿਰਾ ਰਾਤ ਦਾ।
ਹੱਸਦੇ ਰਹਿਣਾ ਤੇ ਸਭ ਨੂੰ ਵੰਡਣਾ ਬਸ ਪਿਆਰ ਹੀ,
ਮੇਲ ਬਣਿਆ ਹੀ ਰਹੇ ਰੱਖਣਾ ਬਣਾ ਕੇ ਰਾਬਤਾ।
ਮੌਤ ਵੀ ਤਾਂ ਖਤਮ ਮੂਲੋਂ ਏਸ ਨੂੰ ਨਾ ਕਰ ਸਕੇ,
ਜਿੰਦਗੀ ਹੈ ਇਸ ਤਰਾਂ ਦਾ ਇੱਕ ਸੁਹਾਣਾ ਹਾਦਸਾ।
ਵੰਡਦੇ ਰਹਿਣਾ ਮੁਹੱਬਤ ਖਤਮ ਹੋਵੇ ਹਰ ਸਿਤਮ
ਧੁਰ ਦਿਲੋਂ ‘ਰੂਪਾਲ’ ਦੀ ਤਾਂ ਇੱਕ ਏਹੋ ਕਾਮਨਾ।