ਅਸਾਡੀ ਤਾਂਘ ਏ ਪੰਜਾਬੀ ਬਣੇ ਰੁਜਗਾਰ ਦੀ ਭਾਸ਼ਾ।
ਰਹੇ ਹਰ ਦਿਲ ਜ਼ਬਾਂ ਉੱਤੇ ਸਜੇ ਪਰਿਵਾਰ ਦੀ ਭਾਸ਼ਾ।
ਅਸਾਡੇ ਖੂਨ ਵਿਚ ਘੁਲ ਗਈ ਹੈ ਬੋਲੀ ਪੁਰਖਿਆਂ ਦੀ ਜੋ,
ਭਲਾ ਕਿਉ ਬਣ ਨਹੀਂ ਸਕਦੀ ਸਮੂਹ ਸੰਸਾਰ ਦੀ ਭਾਸ਼ਾ।
ਜੋ ਭਾਸ਼ਾ ਅਧਿਨਿਯਮ ਬਣਿਆ ਜੇ ਲਾਗੂ ਓਸਨੂੰ ਕਰਦੇ
ਤਾਂ ਦਿਸਦੀ ਦਫਤਰਾਂ ਅੰਦਰ ਮੇਰੀ ਸਰਕਾਰ ਦੀ ਭਾਸ਼ਾ।
ਗੁਰੂ ਪੀਰਾਂ ਨੇ ਇਸ ਰਾਹੀਂ ਸੀ ਜੀਵਨ ਜਾਚ ਦੱਸੀ ਜੋ
ਅਜੇ ਤਕ ਸਿਰ ਨਿਵਾਉਂਦੇ ਸਭ ਹੈ ਇਹ ਸਤਿਕਾਰ ਦੀ ਭਾਸ਼ਾ।
ਖੁਦਾ ਨੇ ਤਾਂ ਜਗਤ ਸਾਰਾ ਬਣਾਇਆ ਹੈ ਸ਼ਬਦ ਵਿੱਚੋਂ
ਸ਼ਬਦ ਪ੍ਰਗਟ ਹੈ ਬਾਣੀ ਤੋਂ ਸੁਣੋ ਨਿਰੰਕਾਰ ਦੀ ਭਾਸ਼ਾ।
ਉਚਾਰੇ ਬੋਲ ਮਿੱਠੇ ਤਾਂ ਸੁਣੋ ਨਾਨਕ ਤੇ ਬੁੱਲੇ ਦੇ
ਕੋਈ ਕਿੱਦਾਂ ਇਹਨੂੰ ਕਹਿ ਦਏ, ਭਲਾ ਗੰਵਾਰ ਦੀ ਭਾਸ਼ਾ।
ਮੇਰੀ ਲੋਰੀ ਮੇਰਾ ਬਚਪਨ ਹੱਸਣ ਰੋਣਾ ਪੰਜਾਬੀ ਹੈ
ਮੇਰੇ ਹੈ ਇਸ਼ਕ ਦੀ ਬੋਲੀ ਇਹ ਮੇਰੇ ਪਿਆਰ ਦੀ ਭਾਸ਼ਾ।
ਇਹਦੀ ਹੈ ਧੁਨ ਬੜੀ ਸੋਹਣੀ ਉਚਾਰਣ ਹੈ ਬੜਾ ਢੁਕਵਾਂ
ਨਾ ਕੇਵਲ ਜਨ ਸਧਾਰਨ ਦੀ ਇਹੋ ਫ਼ਨਕਾਰ ਦੀ ਭਾਸ਼ਾ।
ਸਦਾ ਵੰਡੇ ਮੁਹੱਬਤ ਇਹ ਕਲਾਵੇ ਵਿੱਚ ਲੈ ਸਭ ਨੂੰ
ਦਿਸੇ ਜੇ ਜ਼ੁਲਮ ਹੁੰਦਾ ਤਾਂ ਬਣੇ ਤਲਵਾਰ ਦੀ ਭਾਸ਼ਾ।
"ਰੁਪਾਲ" ਏਹੋ ਦੁਆ ਮੇਰੀ ਸਪੁੱਤਰ ਪੁੱਤ ਹੋ ਜਾਵਣ
ਪੜ੍ਹਨ ਬੋਲਣ ਲਿਖਣ ਏਹੋ ਬਣੇ ਨਰ-ਨਾਰ ਦੀ ਭਾਸ਼ਾ।
***