You are here:ਮੁਖ ਪੰਨਾ»ਕਵਿਤਾਵਾਂ»ਪੰਜਾਬੀ ਕਵਿਤਾਵਾਂ

ਲੇਖ਼ਕ

Saturday, 02 August 2025 09:35

ਪੰਜਾਬੀ ਕਵਿਤਾਵਾਂ

Written by
Rate this item
(0 votes)

1.

ਨਾਨਕ

ਮਾਫ਼ ਕਰਨਾ

ਸਾਡੇ ਲਈ ਬਹੁਤ ਮੁਸ਼ਕਿਲ ਹੈ

ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ

ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ

ਤਿੜਕੀਆਂ ਅੱਡੀਆਂ

ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ

ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ

ਗੱਲ੍ਹਾਂ ਦਾ ਚਿਪਕਿਆ ਮਾਸ

ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ

ਦਗਦੀਆਂ ਮਘਦੀਆਂ ਤੇਜ਼ ਅੱਖਾਂ

ਅੱਖਾਂ ਜੋ -

ਪਰਿਵਾਰ ਨੂੰ

ਸਰਕਾਰ ਨੂੰ

ਤੇ ਹਰ ਸੰਸਕਾਰ ਨੂੰ

ਟਿੱਚ ਜਾਣਦੀਆਂ

ਬਹੁਤ ਖਤਰਨਾਕ ਸਿੱਧ ਹੋ ਸਕਦੈ

ਸਾਡੇ ਲਈ ਅਸਲੀ ਨਾਨਕ

ਅਜਿਹੇ ਨਾਨਕ ਦਾ ਅਸੀਂ

ਧਿਆਨ ਨਹੀਂ ਧਰ ਸਕਦੇ

ਜੋ ਘਰਾਂ ਨੂੰ ਉਜਾੜ ਸਕਦਾ

ਨਿਆਣੇ ਵਿਗਾੜ ਸਕਦਾ

ਕਿਸੇ ਕਾਅਬੇ ਵੱਲ ਪੈਰ ਕਰਕੇ

ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ

ਲਿਹਾਜ਼ਾ

ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ

ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ

ਮਸਲਨ

ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ

ਵਹਿਣਾਂ ਨੂੰ ਮੋੜਨ ਦਾ

ਮਰਿਆਦਾ ਨੂੰ ਤੋੜਨ ਦਾ

ਐਲਾਨਨਾਮਾ ਛਾਪ ਸਕਦੇ ਹਾਂ

ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ

ਸਾਨੂੰ ਤਾਂ ਚਾਹੀਦੀ ਏ

ਖ਼ੈਰ

ਸੁੱਖ

ਸ਼ਾਂਤੀ

ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ

ਵਧਦੀਆਂ ਵੇਲਾਂ

ਤੇ ਵੇਲਾਂ ਨੂੰ ਲਗਦੇ ਰੁਪਈਏ

ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ

ਨਾਨਕ ਹੀ ਸੂਟ ਕਰਦਾ ਹੈ

ਸ਼ਾਂਤ

ਲੀਨ

ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ

ਹੱਥ ‘ਚੋਂ ਫੁਟਦੀ ਮਿਹਰ

ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ

ਸਨ ਸਿਲਕੀ ਸ਼ਫਾਫ ਦਾਹ੍ੜੀ

ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ

ਫੇਅਰ ਐਂਡ ਲਵਲੀ

ਸੁਰਖ ਟਿਪਸੀ ਹੋਂਠ

ਮੁਲਾਇਮ ਜੈਮਿਨੀ ਪੈਰ

ਕੂਲੇ ਬਾਰਬੀ ਹੱਥ

ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ

ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ

ਰਾਹਾਂ ਨੂੰ ਰੱਦ ਕਰਨ ਵਾਲੇ

ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ

ਸਾਡੀ ਕੋਈ ਕੰਧ ਨਹੀਂ ਝੱਲ ਸਕਦੀ

ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ

ਘਰ ਨਹੀਂ ਢੁਆਉਣੇ

ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ

ਹੱਥੋਂ ਨਹੀਂ ਗੁਆਉਣੇ

ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ

ਮਾਫ਼ ਕਰਨਾ

2.

ਅਸੀਂ ਨਾਨਕ ਦੇ ਕੀ ਲੱਗਦੇ ਹਾਂ

ਨਾਨਕ ਤਾਂ ਪਹਿਲੇ ਦਿਨ ਹੀ

ਵਿਦਿਆਲੇ ਨੂੰ

ਵਿਦਿਆ ਦੀ ਵਲਗਣ ਨੂੰ

ਰੱਦ ਕੇ ਘਰ ਮੁੜੇ

ਘਰ ਮੁੜੇ ਘਰੋਂ ਜਾਣ ਲਈ

ਘਰੋਂ ਗਏ ਘਰ ਨੂੰ ਵਿਸਥਾਰਨ ਲਈ

ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਕਾਰ ਨਹੀਂ ਸਕਦੇ

ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ –

ਗੁਰੂ ਨਾਨਕ ਵਿਦਿਆਲਾ

ਗੁਰੂ ਨਾਨਕ ਮਹਾਂਵਿਦਿਆਲਾ

ਗੁਰੂ ਨਾਨਕ ਵਿਸ਼ਵਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ

ਗਿਆਨੀ

ਵਿਦਿਆ ਦਾਨੀ

ਘਰਾਂ ਦੇ ਕੈਦੀ

ਪਤਵੰਤੇ ਸੱਜਣ

ਨਾਨਕ ਦੇ ਕੀ ਲੱਗਦੇ ਹਾਂ

3.

ਮੁਹੱਬਤ

ਮੇਰੀ ਆਤਮਾ ਹਰ ਵੇਲੇ

ਤੇਰੀ ਸੁੱਚੀ ਆਤਮਾ ਦੀ ਪਰਿਕਰਮਾ ’ਚ ਹੈ

ਮੇਰਾ ਤਪਦਾ ਮਨ ਹਰ ਵੇਲੇ

ਤੇਰੇ ਸੀਨੇ ’ਚ ਪਨਾਹ ਮੰਗਦਾ ਹੈ

ਤੇਰੇ ਵਿੱਚ ਸਿਮਟ ਜਾਣਾ ਹੀ

ਸਭ ਤੋਂ ਵੱਧ ਫੈਲ ਜਾਣਾ ਲੱਗਦਾ ਹੈ

ਮੁਹੱਬਤ ਦਾ ਆਪਣਾ ਨਾਂ ਹੀ ਸਭ ਤੋਂ ਸੋਹਣਾ ਹੈ

ਹੋਰ ਸਭ ਰਿਸ਼ਤੇ ਮੁਹੱਬਤ ਦੇ ਮੁਥਾਜ

ਮੁਹੱਬਤ ਨੂੰ ਕਿਸੇ ਦੀ ਮੁਥਾਜੀ ਨਹੀਂ

ਐ ਮੁਹੱਬਤ

ਤੇਰਾ ਚਿਹਰਾ

ਰੂਹ ’ਤੇ ਉੱਕਰੀ ਇਬਾਰਤ ਦਾ

ਕਿੰਨਾ ਸੋਹਣਾ ਅਕਸ ਹੈ

4.

ਪਿਆਰ

ਕੁਝ ਇਸ ਤਰ੍ਹਾਂ ਅਸੀਂ ਘੁਲ ਮਿਲੇ ਹਾਂ ਇੱਕ ਦੂਏ ਵਿੱਚ

ਕਿ ਸ਼ਨਾਖ਼ਤ ਕਰਨੀ ਮੁਮਕਿਨ ਨਹੀਂ

ਕਿ ਕੌਣ ਪਾਣੀ ਤੇ ਕੌਣ ਪਿਆਸ ਹੈ

ਸ਼ਾਇਦ ਅਸੀਂ ਦੋਵੇਂ ਪਿਆਸ ਹੀ ਸਾਂ

ਜੋ ਇੱਕ ਦੂਏ ਨੂੰ ਪਾਣੀ ਬਣ ਕੇ ਮਿਲੇ ਹਾਂ

ਸਾਡੀਆਂ ਰੂਹਾਂ ਦੇ ਲਿਬਾਸ ਸਾਡੇ ਜਿਸਮ

ਇੱਕ ਦੂਜੇ ਲਈ ਪਾਰਦਰਸ਼ੀ ਹੋ ਗਏ

ਅਸੀਂ ਦੋਵੇਂ ਤਪੱਸਿਆ ਵਰਗੇ ਸਾਂ

ਜੋ ਇੱਕ ਦੂਜੇ ਦੀ ਝੋਲੀ ’ਚ

ਫਲ ਬਣ ਕੇ ਡਿੱਗੇ ਹਾਂ

ਸੱਚਮੁੱਚ ਪਤਾ ਨਹੀਂ ਲੱਗਦਾ

ਕੌਣ ਕਿਸ ਦੇ ਸਾਹੀਂ ਘੁਲਿਆ ਹੈ

ਦੋਨੋਂ ਇੱਕ ਦੂਏ ਦੀਆਂ ਧੜਕਣਾਂ ’ਚ ਧੜਕਦੇ ਹਾਂ

ਪਿਆਰ ਦੀ ਜੋਤ ਨਾਲ

ਹਨੇਰੇ ਖੂੰਜਿਆਂ ’ਚ ਪਨਾਹ ਭਾਲਦੀ ਮਰਿਆਦਾ

ਹਾਰ ਕੇ ਬੂਹਿਓਂ ਬਾਹਰ ਹੋ ਗਈ ਹੈ

ਪਿਆਰ ਦੀ ਅਗਰਬੱਤੀ ਨਾਲ

ਮਨ-ਮਹਿਲ ਪਾਕਿ ਹੋ ਗਿਆ ਹੈ

ਤੇਰੇ ਸਿਮਰਨ ਦਾ

ਆਖੰਡ ਪਾਠ ਚਲਦਾ ਹੈ

5.

ਪ੍ਰੇਮ

ਖੁੱਲ੍ਹੀਆਂ ਅੱਖਾਂ ਨਾਲ

ਜਿੰਨਾ ਕੁਝ ਦਿਸਦਾ ਹੈ ਨਜ਼ਰ ਦੀ ਸੀਮਾ ਤਕ

ਤੇਰੇ ਹੀ ਆਕਾਰ ਦਾ ਵਿਸਥਾਰ ਏ

ਬੰਦ ਅੱਖਾਂ ਨਾਲ

ਅੰਦਰ ਬਾਹਰ ਤੇਰੀ ਅਸੀਮਤਾ ਮਹਿਸੂਸ ਹੁੰਦੀ

ਸਾਰੀ ਭਟਕਣ ਤੇਰੀ ਸਾਰੀ ਅਸੀਮਤਾ ਨੂੰ

ਇੱਕੋ ਵਾਰੀ ਛੂਹ ਲੈਣ ਦੀ ਏ

ਸਾਰੇ ਹੌਲ਼ੇ ਭਾਰੇ ਸ਼ਬਦ

ਤੇਰੀ ਪਰਿਕਰਮਾ ਕਰਦੇ

ਪ੍ਰੇਮ-ਗੀਤ ਬਣਨਾ ਚਾਹੁੰਦੇ

ਸਾਰੀ ਮੁਸਕਰਾਹਟ ਤੇਰੀ ਹੋਣਾ ਚਾਹੁੰਦੀ

ਸਾਰੇ ਰੰਗ ਇੱਕ ਦੂਏ ’ਚ ਘੁਲ ਮਿਲ ਕੇ

ਇੱਕ ਰੰਗ ਬਣਨਾ ਸੋਚਦੇ

ਪ੍ਰੇਮ ਤੋਂ ਅਗਾਂਹ ਕੋਈ ਪ੍ਰਵਚਨ ਨਹੀਂ ਜਾਂਦਾ

ਪ੍ਰੇਮ ਦੇ ਸੰਕਲਪ ਦਾ ਕੋਈ ਵਿਕਲਪ ਨਹੀਂ

ਤ੍ਰਿਸ਼ਨਾ ਨੂੰ ਉਪਦੇਸ਼ ਦੀ ਸੰਗਲੀ ਨਾਲ ਬੰਨ੍ਹਣ ਦੀ ਬਜਾਏ

ਤੇਰੇ ਧੁਰ ਅੰਦਰ ਨਾਲ ਮਿਲਾਉਂਦੇ

ਪ੍ਰੇਮ ਦੇ ਆਦਿ-ਮਾਰਗ ’ਤੇ ਤੋਰ ਕੇ

ਤੇਰੇ ਨਾਲ ਮੇਲ ਕੇ ਅੰਤ ਕਰਨਾ ਚਾਹੁੰਨਾਂ

ਇਹ ਮੈਂ ਤੋਂ ਤੂੰ ਵੱਲ ਦਾ ਮਾਰਗ

ਪ੍ਰੇਮ ਮਾਰਗ, ਭਗਤੀ ਮਾਰਗ

ਮੇਰੇ ਧੁਰ ਅੰਦਰ ਨੂੰ

ਤੇਰੇ ਸਭ ਕਾਸੇ ਨਾਲ ਜੋੜਦਾ

6.

ਇਸ਼ਕ

ਪੌਣਾਂ ਨੱਚੀਆਂ ਦਿਸ਼ਾਵਾਂ ਹੱਸੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਕਤਰਾ ਕਤਰਾ ਛੱਲਾਂ ਹੋਇਆ

ਤਾਰਾ ਤਾਰਾ ਗੱਲਾਂ ਹੋਇਆ

ਕੋਈ ਫ਼ਰਕ ਨਾ ਚੜ੍ਹੀਆਂ ਲੱਥੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਰਾਤ ਦਿਨਾਂ ਦਾ ਗੇੜਾ ਰੁੱਕਿਆ

ਗਲਤ ਸਹੀ ਦਾ ਝੇੜਾ ਮੁੱਕਿਆ

ਸਭ ਝੂਠੀਆਂ ਹੋਈਆਂ ਸੱਚੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਆਪਣੀ ਹੋਈ ਸਾਰੀ ਧਰਤੀ

ਰੌਲੇ ਅੰਦਰ ਵੀ ਚੁੱਪ ਵਰਤੀ

ਸਰਸਬਜ਼ ਨੇ ਟਿੱਬੀਆਂ ਢੱਕੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਜਨਮ ਮੌਤ ਜੋ ਸਕੀਆਂ ਭੈਣਾਂ

ਮੇਰੇ ਸ਼ਗਨ ਕਰੇਂਦੀਆਂ ਨੈਣਾਂ

ਸਭ ਸੱਸੀਆਂ ਸੋਹਣੀਆਂ ਨੱਚੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

ਰਾਂਝਾ ਸੈਦਾ ਵੀਰੇ ਵੀਰੇ

ਚਾਰੇ ਪਾਸੇ ਦਿਸਦੀ ਹੀਰੇ

ਇੱਕ ਹੋਈਆਂ ਮੁੰਦਰਾਂ ਨੱਤੀਆਂ ਨੀਂ

ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ

7.

ਸਖੀਏ

ਤਨ ਤਰੰਗਤ ਅਤੇ ਮਨ ਮਦਹੋਸ਼ ਹੋਵੇ

ਰੂਹ ਰਾਗ ਦੇ ਨਾਲ ਭਰਪੂਰ ਸਈਏ

ਤੇਰੀ ਯਾਦਾਂ ਦੀ ਭਰੀ ਕਿਤਾਬ ਵਿੱਚੋਂ

ਜਦ ਕਿਸੇ ਵੀ ਵਰਕੇ ਤੋਂ ਵਾਕ ਲਈਏ।

ਚਾਹੁਣ ਫੁੱਲ ਛੋਹ ਤੇਰੇ ਪੋਟਿਆਂ ਦੀ

ਤੇ ਬੁੱਲ੍ਹੀਂ ਮੁਸਕਾਨ ਦਾ ਵਾਸਾ ਰਹੇ

ਇਨ੍ਹਾਂ ਨੈਣਾਂ ਦੇ ਡੂੰਘੇ ਸਰਵਰਾਂ ਦਾ

ਪ੍ਰੀਤ-ਹੰਸ ਨਾ ਕੋਈ ਪਿਆਸਾ ਰਹੇ।

ਤੇਰੇ ਨਿਰਮਲ ਨੀਰ ਦੇ ਪੱਤਣਾਂ ’ਤੇ

ਗੀਤ ਗੂੰਜਦੇ ਤੇ ਘੜੇ ਰਹਿਣ ਭਰਦੇ

ਚੰਚਲ ਚੁਸਤ ਖਿਆਲਾਂ ਦੇ ਮਿਰਗ ਆਵਣ

ਸਫ਼ੈਦ ਬੱਤਖਾਂ ਜਹੇ ਖ਼ਵਾਬ ਤਰਦੇ।

ਸੀਨਾ ਜਜ਼ਬੇ ਨਾਲ ਭਰਪੂਰ ਹੋਵੇ

ਸਿਰ ਨੂੰ ਹੌਸਲਾ ਕਰੀ ਬੁਲੰਦ ਰੱਖੇ

ਸਦਾ ਧੜਕਣਾਂ ’ਚੋਂ ਅਨਹਦ ਸੁਣੇ

ਸਾਹਾਂ ਨੂੰ ਮਹਿਕਾਈ ਸੁਗੰਧ ਰੱਖੇ।

ਕਦਮ ਧਰਤ ਮੱਥੇ ਬ੍ਰਹਿਮੰਡ ਸਾਰਾ

ਬਾਹੀਂ ਕੁਲ ਲੋਕਾਈ ਸਮਾਈ ਹੋਵੇ

ਦਿਨ ਚੜ੍ਹੇ ਦੀ ਲਾਲੀ ਦਾ ਤੇਜ ਹੋਵੇ

ਢਲਦੀ ਸ਼ਾਮ ਦੀ ਟਿਕ ਟਿਕਾਈ ਹੋਵੇ।

ਨਿੰਮਲ ਅਰਸ਼ ਸਤਰੰਗੀ ਦਾ ਭਾਗ ਹੋਵੇ

ਸ਼ੁਭ ਹਸਰਤਾਂ ਨੂੰ ਸਦਾ ਨਸੀਬ ਹੋਵੇਂ

ਸਭ ਰੰਗਾਂ ’ਚੋਂ ਤੇਰਾ ਹੀ ਰੰਗ ਦਿਸੇ

ਦੂਰ ਹੋ ਕੇ ਵੀ ਸਦਾ ਕਰੀਬ ਹੋਵੇਂ।

8.

ਸੁੱਕੀ ਬਾਉਲੀ

ਸੂਰਜ ਢਲਣ ਦੇ ਪਿੱਛੋਂ

ਨ੍ਹੇਰਾ ਤਾਂ ਹੋ ਜਾਂਦਾ

ਪਰ ਰਾਤ ਨਹੀਂ ਪੈਂਦੀ

ਫਿਰ ਲੋਅ ਹੋਣ ਦੇ ਮਗਰੋਂ

ਚੜ੍ਹ ਪੈਂਦਾ ਏ ਸੂਰਜ

ਪਰ ਦਿਨ ਕਦੀ ਨਾ ਚੜ੍ਹਦਾ

ਸਮਾਂ ਤਾਂ ਚਲਦਾ ਆਪਣੀ ਤੋਰੇ

ਪਰ ਜ਼ਿੰਦਗੀ ਰੁਕ ਜਾਂਦੀ।

ਡੁੱਬਣ ਮਰਨ ਲਈ ਉਤਰ ਜਾਂਦਾ

ਬੰਦਾ ਆਪਣੇ ਅੰਦਰਲੀ

ਬਾਉਲੀ ਦੀ ਹਨੇਰੀ ਪੌੜੀ

ਪਰ ਉੱਥੇ ਡੁੱਬਣ ਲਈ ਤਾਂ ਕੀ

ਅੱਖੀਂ ਛਿੱਟੇ ਮਾਰਨ ਜੋਗਾ

ਪਾਣੀ ਵੀ ਨਾ ਹੁੰਦਾ

ਤੇ ਬਾਹਰ ਵਾਪਸ ਪਰਤਣ ਜੋਗੀ

ਹਿੰਮਤ ਨਾ ਬਚਦੀ।

ਅੱਖਾਂ ਖੋਲ੍ਹਣ ’ਤੇ

ਨ੍ਹੇਰਾ ਹੀ ਨ੍ਹੇਰਾ ਦਿਸਦਾ

ਬੰਦ ਕੀਤਿਆਂ ਅੱਖਾਂ

ਮੱਚਦੇ ਭਾਂਬੜ ਦਿਸਦੇ

ਨ੍ਹੇਰੇ ਵਿੱਚ ਗੁਆਚ ਕੇ ਪੂਰਾ

ਸੜਨਾ ਚਾਹੁੰਦਾ ਬੰਦਾ

ਪਰ ਅੱਗ ਤੇ ਨ੍ਹੇਰਾ

’ਕੱਠੇ ਕਦੋਂ ਨੇ ਹੁੰਦੇ।

ਗਾਉਂਦੇ ਜੋਗੀ ਸੁਣਦੇ ਦੂਰ ਕਿਤੇ

ਪਰ ਸਮਝ ਨਾ ਪੈਂਦੇ ਬੋਲ ਉਨ੍ਹਾਂ ਦੇ

ਕੋਲ ਖੜੋਤਾ ਰੋਂਦਾ ਕੁੱਤਾ

ਗੱਲਾਂ ਕਰਦਾ ਲੱਗਦਾ।

ਕੁੱਲ ਦੁਨੀਆਂ ਦੀਆਂ ਪਗਡੰਡੀਆਂ ਪਹੀਆਂ

ਛੋਟੀਆਂ ਵੱਡੀਆਂ ਸੜਕਾਂ

ਧੁੰਨੀ ਵਿੱਚੋਂ ਦਾਖਲ ਹੋ ਕੇ

ਸੀਨੇ ਵਿੱਚ ਅਲੋਪ ਹੋ ਜਾਵਣ।

ਸਮਾਂ ਤਾਂ ਚਲਦਾ ਰਹਿੰਦਾ

ਪਰ ਸੈੱਲ ਮੁੱਕਣ ’ਤੇ

ਘੜੀ ਰੁਕ ਜਾਂਦੀ।

9.

ਹੋਰ ਦੱਸੋ ਕੀ ਚਾਹੀਦਾ

ਪੰਜਾਬ ਦੀ ਜ਼ਮੀਨ ਸਭ ਤੋਂ ਉਪਜਾਊ

ਧਰਤੀ ਪੱਧਰੀ

ਪੌਣ ਪਾਣੀ, ਰੁੱਤਾਂ, ਮੌਸਮ ਸਭ ਤੋਂ ਵਧੀਆ

ਹਰ ਖੇਤਰ ਦੇ ਮਾਹਿਰ

ਮਿਹਨਤੀ ਲੋਕ

ਗੁਰੂਆਂ, ਪੈਗੰਬਰਾਂ, ਰਿਸ਼ੀਆਂ, ਮੁਨੀਆਂ

ਮਾਤਾ ਰਾਣੀ, ਬਾਲਕ ਨਾਥ, ਗੁੱਗੇ ਪੀਰ

ਸਭ ਦੀ ਕਿਰਪਾ ਇਥੇ

ਲੱਖ ਦੇ ਕਰੀਬ ਗੁਰਦਵਾਰੇ

ਟਕਸਾਲਾਂ ਡੇਰੇ ਵੱਖਰੇ

ਹਜ਼ਾਰਾਂ ਮੰਦਰ

ਗਿਰਜੇ ਮਸੀਤਾਂ ਵੀ ਗੁਜ਼ਾਰੇ ਜੋਗੇ

ਕਿੰਨੇ ਸਾਰੇ ਪਵਿੱਤਰ ਨਗਰ

ਕਿਸੇ ਨੂੰ ਬਿਜਲੀ ਮੁਫਤ ਕਿਸੇ ਨੂੰ ਪਾਣੀ

ਕਿਸੇ ਨੂੰ ਆਟਾ ਦਾਲ, ਕਿਸੇ ਨੂੰ ਸਾਈਕਲ, ਕਿਸੇ ਨੂੰ ਵਿਆਹ ਫ੍ਰੀ

ਲੋਹੜੇ ਦੀਆਂ ਗਰਾਂਟਾਂ ਸਬਸਿਡੀਆਂ

ਬਜ਼ੁਰਗਾਂ ਨੂੰ ਮੌਜਾਂ

ਮੁਲਾਜਮਾਂ ਨੂੰ ਕਿੰਨੀਆਂ ਸਰਕਾਰੀ ਛੁੱਟੀਆਂ

ਹਜ਼ਾਰ ਤੋਂ ਵੱਧ ਇੰਜਨੀਅਰਿੰਗ, ਨਰਸਿੰਗ, ਬੀ ਐੱਡ, ਮੈਨੇਜਮੈਂਟ ਕਾਲਜ

ਥਾਂ ਥਾਂ ਸਿਰੇ ਦੀਆਂ ਨਵੀਆਂ ਯੁਨੀਵਰਸਿਟੀਆਂ

ਗਰੀਬਾਂ ਨੂੰ ਵੀ ਉਪਰੋਂ ਚਾਰ ਪੈਸੇ ਬਣਾਉਣ ਲਈ

ਆਈ ਰਹਿੰਦੀ ਸਾਲ 'ਚ ਇਕ ਅੱਧ ਇਲੈਕਸ਼ਨ

ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ

ਸਾਰੀਆਂ ਪਾਰਟੀਆਂ ਦੇ ਹਰ ਸਾਈਜ਼ ਦੇ ਲੀਡਰਾਂ ਦੀਆਂ

ਪੈਰ ਪੈਰ ਤੇ ਹਸਦੀਆਂ ਮੁਸਕ੍ਰਾਉਂਦੀਆਂ ਤਸਵੀਰਾਂ

ਸਾਰੇ ਸਿਆਸੀ ਆਗੂ ਕਿੰਨੇ ਤਿਆਗੀ

ਅਣਥੱਕ, ਇਮਾਨਦਾਰ ਅਤੇ ਸੁਹਿਰਦ

ਕਿੰਨੀਆਂ ਚੰਗੀਆਂ ਸਾਰੀਆਂ ਪਾਰਟੀਆਂ

ਕਿੰਨੀ ਚੰਗੀ ਇਹਨਾਂ ਦੀ ਪਛਾਣ:

ਬਾਦਲ ਸਾਹਿਬ ਦਾ ਅਕਾਲੀ ਦਲ : ਗੁਰਸਿੱਖਾਂ ਦੀ ਪਾਰਟੀ

ਕੈਪਟਨ ਸਾਹਿਬ ਦੀ ਕਾਂਗਰਸ : ਦੇਸ਼ ਭਗਤਾਂ ਦੀ ਪਾਰਟੀ

ਮੋਦੀ ਜੀ ਦੀ ਬੀ.ਜੇ.ਪੀ. : ਅੱਛੇ ਦਿਨਾਂ ਲਈ ਵਚਨਬੱਧ

ਕੇਜਰੀਵਾਲ ਜੀ ਦੀ ਪਾਰਟੀ : ਆਮ ਆਦਮੀ ਦੇ ਹਿੱਤਾਂ ਲਈ

ਕਮਿਊਨਿਸਟ ਪਾਰਟੀਆਂ : ਮਜ਼ਦੂਰਾਂ ਕਿਸਾਨਾਂ ਕਿਰਤੀਆਂ ਲਈ

ਫਿਰ ਵੀ ਮਰੂੰ ਮਰੂੰ ਕਰੀ ਜਾਂਦਾ ਪੰਜਾਬ, ਉੱਲੂ ਦਾ ਪੱਠਾ

ਪੰਜਾਬ ਪੰਜਾਬੀਆਂ ਦਾ ਹੋਣ ਦੇ ਬਾਵਜੂਦ

ਬਾਹਰ ਭੱਜੀ ਜਾਂਦੇ ਪੰਜਾਬੀ, ਬੇਵਕੂਫ

10.

ਗੁਰਧਾਨੀ

ਨੌਵੇਂ ਗੁਰਾਂ ਦਾ ਕੱਟਿਆ ਸੀਸ

ਜਦ ਰਾਜਧਾਨੀ ਤੋਂ ਆਇਆ ਸੀ

ਪੱਤਾ ਪੱਤਾ ਜ਼ੱਰਾ ਜ਼ੱਰਾ ਗੁਰਧਾਨੀ ਦਾ

ਰੋਹ ਤੇ ਰੋਸ ਨਾਲ ਥਰਥਰਾਇਆ ਸੀ

ਆਸਾ ਦੀ ਵਾਰ ਨਾਲ ਦਿਨ ਚੜ੍ਹਨ ਲੱਗੇ

ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ

ਸਬਰ ਤੇ ਸ਼ੁਕਰ ਦੀ ਦੇਗ ਵਰਤਦੀ ਸੀ

ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ

ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ

ਬੇਦਿਲੀ ਤਜ ਹਿੰਮਤ ਅਪਣਾਉਂਦਾ

ਮਨ ਅਡੋਲ ਕਰ ਮੋਹਕਮ ਅਖਵਾਉਂਦਾ

ਸਿੰਘ ਸੁਣਦਾ ਸਾਹਿਬ ਫੁਰਮਾਉਂਦਾ-

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

ਗੁਰ ਚੇਰਾ ਇਕ ਰੂਹ ਇਕ ਰੂਪ ਸਨ

ਇਕੱਲਾ ਸਵਾ ਲੱਖ ਬਰੋਬਰ ਤੁਲਦਾ ਸੀ

ਖੰਡੇ ਦੇ ਬੀਰ ਨੀਰ ਅੰਦਰ

ਮੁਹੱਬਤ ਦਾ ਪਤਾਸਾ ਘੁਲਦਾ ਸੀ

ਹੋਲਾ ਰਾਂਗਲਾ ਬਾਂਕਾ ਮਹੱਲਾ ਜੁੜਦਾ ਸੀ

ਸੁਰੀਲੀ ਫਿਜ਼ਾ ਅੰਦਰ

ਸੁਰਤ ਦਾ ਬਾਜ ਉਡਦਾ ਸੀ

ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ

ਘੋੜੇ ਦਗੜਦੇ ਡੌਲੇ ਫਰਕਦੇ ਸਨ

ਦੁਨੀਂ ਚੰਦਾਂ ਦੀ ਦੁਨੀਆਂਦਾਰੀ

ਡੁੱਬ ਮਰਦੀ ਸੀ

ਸੋਹਣੀ ਸਿੱਖੀ ਪੱਕੇ ਸਿਦਕ ਸਹਾਰੇ

ਲਹੂ ਦੀ ਸ਼ੂਕਦੀ ਨਦੀ ਤਰਦੀ ਸੀ

ਸੂਰੇ ਜੋ ਬਚਿਤਰ ਚਰਿਤਰ ਦੇ ਸਨ

ਏਸ ਮੈਦਾਨੇ ਓਹੀ ਨਿਤਰਦੇ ਸਨ

ਹਊਮੈ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ

ਨਿਸਚੈ ਕਰ ਜੀਤ ਦਾ ਗੀਤ ਗਾਉਂਦੇ

ਜੋਗੇ ਸਨ

ਮੱਤ ਵਿਚ ਜਤ ਸਤ ਦੇ ਜੋਗ ਵਾਲੇ

ਜੜੋਂ ਮਾਰੇ ਹੋਏ ਕਿਟਾਣੂੰ

ਲੋਭ ਤੇ ਮੋਹ ਦੇ ਰੋਗ ਵਾਲੇ

ਪਿਆਰਾ ਵਿਸਰਨ ਵਾਲੀ ਮਸਨਦੀ ਰੀਤ ਨੂੰ

ਗੁਰੁ ਨੇ ਹੱਥੀਂ ਸਾੜਿਆ ਸੀ

ਪਿਆਰ ਦੇ ਖਿੱਚਿਆਂ ਪਰਤਿਆਂ ਨੂੰ

ਹਿੱਕ ਨਾਲ ਲਾਇਆ ਬੇਦਾਵਾ ਪਾੜਿਆ ਸੀ

ਇਥੇ ਜਦ ਮੌਤ ਨੱਚ ਹਟਦੀ ਸੀ

ਜ਼ਿੰਦਗੀ ਤਾੜੀ ਮਾਰ ਹੱਸਦੀ ਸੀ

ਕੋਈ ਵੈਰੀ ਬਿਗਾਨਾ ਨਹੀਂ ਸੀ

ਬਹੁੜਦਾ ਗੁਰੂ ਸਭ ਨੂੰ

ਘਨੱਈਆ ਬਣ ਜੀਵਨ-ਜਲ ਛਕਾਉਂਦਾ ਸੀ

ਜ਼ਖ਼ਮਾਂ 'ਤੇ ਮੱਲਮ ਲਾਉਂਦਾ ਸੀ

ਸਤਲੁਜ ਵਿਚ ਚੌਪਈ ਦੇ

ਤੇ ਯਮੁਨਾ ਵਿਚ ਜਾਪੁ ਦੇ

ਬੋਲ ਲਰਜ਼ਦੇ ਸਨ

ਗਗਨੀਂ ਸਾਂਝੀਵਾਲਤਾ ਦੇ

ਦਮਾਮੇ ਗਰਜਦੇ ਸਨ

ਛਲਕਦੇ ਇਲਮ ਇਬਾਦਤ ਕਾਵਿ ਤੇ ਰਾਗ ਦੇ ਸਰਵਰ

ਰਾਜ ਸੱਤਾ ਤੋਂ ਜਰ ਨਹੀਂ ਹੋਏ

ਪਰ ਇਖ਼ਲਾਕ ਦੇ ਉੱਚੇ ਕਿਲੇ

ਓਸ ਤੋਂ ਸਰ ਨਹੀਂ ਹੋਏ

ਬਾਗੀ ਜਜ਼ਬਿਆਂ ਦੇ ਬਾਣ

ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ

ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ

ਲਹਿਰਾਂ ਤੇ ਸੰਘਰਸ਼ਾਂ ਦੀਆਂ

ਨੀਹਾਂ ਵਿਚ

ਚਿਣੇ ਜਾਣ ਲਈ ਜੰਮੇ ਸਨ

Read 502 times