You are here:ਮੁਖ ਪੰਨਾ»ਕਵਿਤਾਵਾਂ»ਪੰਜਾਬੀ ਕਵਿਤਾਵਾਂ -ਭਾਗ ਚੌਥਾ

ਲੇਖ਼ਕ

Friday, 15 August 2025 10:04

ਪੰਜਾਬੀ ਕਵਿਤਾਵਾਂ -ਭਾਗ ਚੌਥਾ

Written by
Rate this item
(0 votes)

31. ਨਦੀਏ ਨੀਂ

ਨਦੀਏ ਨੀਂ ਪਿਆਰੀਏ ਨਦੀਏ

ਮਿਲਣ ਤੈਨੂੰ ਜਦ ਆਵਾਂ

ਮੈਂ ਤੇਰੇ ਤੋਂ ਤੈਨੂੰ ਮੰਗਾਂ

ਤੂੰ ਮੈਥੋਂ ਸਿਰਨਾਵਾਂ

ਨਾ ਹਿਰਖਾਂ ਨਾ ਚੀਕ ਪੁਕਾਰਾਂ

ਨੀਰ ਤੇਰੇ ਦੇ ਛਿੱਟੇ ਮਾਰਾਂ

ਚੋਭੀ ਅੱਖ ਹਵਾਵਾਂ

ਹਰ ਥਲ ਦਾ ਕੋਈ ਤਲ ਹੁੰਦਾ

ਮੇਰਾ ਆਪਾ ਜਲ ਥਲ ਹੁੰਦਾ

ਜਦ ਤੇਰੇ ਵਿਚ ਨ੍ਹਾਵਾਂ

ਬਦਨ ਤੇਰੀ ਰੂਹ ਦਾ ਪਹਿਰਾਵਾ

ਇਹ ਪਹਿਰਾਵਾ ਨਹੀਂ ਛਲਾਵਾ

ਹੱਥ ਲਾਵਾਂ ਕਿ ਨਾ ਲਾਵਾਂ

ਤੂੰ ਤੇ ਮੈਂ ਨਾ ਭਾਵੇਂ ਹਾਣੀਂ

ਪਾਣੀ ਜੇਡ ਪਿਆਸ ਪੁਰਾਣੀ

ਪੀਵਾਂ ਕਿ ਮਰ ਜਾਵਾਂ

ਕੀ ਲੈਣਾ ਜਾ ਪਰਲੇ ਕੰਢੇ

ਹਰ ਕੰਢਾ ਜੋੜੇ ਤੇ ਵੰਡੇ

ਮੈਂ ਵਿਚ ਡੁੱਬਣਾ ਚਾਹਵਾਂ

ਆਦਿ ਅੰਤ ਬਿਨ ਤੂੰ ਲਮੇਰੀ

ਡੂੰਘੀ ਰਾਤ ਦੇ ਵਾਂਗ ਡੂੰਘੇਰੀ

ਮੈਂ ਇੱਕ ਕਿਣਕਾ ਗਾਵਾਂ

ਨਦੀਏ ਨੀਂ ਪਿਆਰੀਏ ਨਦੀਏ

ਮਿਲਣ ਤੈਨੂੰ ਜਦ ਆਵਾਂ

ਮੈਂ ਤੇਰੇ ਤੋਂ ਤੈਨੂੰ ਮੰਗਾਂ

ਤੂੰ ਮੈਥੋਂ ਸਿਰਨਾਵਾਂ

32. ਰੱਬ

ਨਿਰੀਆਂ ਵਸਤਾਂ ਦਾ ਰੱਬ ਵਸਤ ਹੈ

ਜਿਉਂਦਿਆਂ ਦਾ ਰੱਬ ਜਿਉਂਦਾ

ਮਸਤਾਂ ਦਾ ਰੱਬ ਮਸਤ ਹੈ

ਭੋਲ਼ੇ ਦਾ ਰੱਬ ਭੋਲ਼ਾ

ਚੁਸਤਾਂ ਦਾ ਰੱਬ ਚੁਸਤ ਹੈ

ਲੋਭੀ ਦਾ ਰੱਬ ਚੜ੍ਹਾਵੇਖੋਰਾ

ਦਇਆਵਾਨ ਦਾ ਰੱਬ ਦਿਆਲੂ

ਬਲ਼ੀਆਂ ਮੰਗਦਾ ਜ਼ਾਲਮ ਦਾ ਰੱਬ

ਮਿਹਰਬਾਨ ਦਾ ਰੱਬ ਕ੍ਰਿਪਾਲੂ

ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ

ਹੱਸਦਿਆਂ ਦਾ ਰੱਬ ਆਪੇ ਰਾਜ਼ੀ

ਮਾੜੇ ਦਾ ਰੱਬ ਨਹੀਂ ਸੁਰੱਖਿਅਤ

ਜੈਸੀ ਜਿੰਦ ਤੈਸਾ ਗੋਬਿੰਦ

ਜੇਹੀ ਜਾਨ ਤੇਹਾ ਭਗਵਾਨ

ਸਭ ਕੋਈ ਰੱਬ ਹੈ ਆਪੇ

ਰੱਬ ਹੀ ਸਭ ਹੈ ਆਪੇ

ਹਰ ਕੋਈ ਹਰਿ ਹੈ

ਹਰ ਇਕ ਦਾ ਇਕ ਹਰਿ ਹੈ

ਛੋਟੇ ਬੰਦੇ ਦਾ ਰੱਬ ਛੋਟਾ

ਵੱਡੇ ਦਾ ਰੱਬ ਵੱਡਾ

ਸਭ ਤੇ ਵੱਡਾ ਨਾਨਕ ਸ਼ਾਇਰ

ਨਾਨਕ ਦਾ ਰੱਬ ਸਭ ਤੋਂ ਵੱਡਾ

33. ਵੇ ਰਾਂਝਣਾ

ਜਿਹੜੇ ਰੰਗ ਵਿਚ ਤੂੰ ਰੰਗਿਆ ਏਂ

ਅਸੀਂ ਵੀ ਓਸੇ ਰੰਗ ਦੇ ਹਾਂ

ਜਿਹੜੇ ਡੰਗ ਦਾ ਤੂੰ ਡੰਗਿਆ ਏਂ

ਡੰਗੇ ਓਸੇ ਡੰਗ ਦੇ ਹਾਂ

ਰੱਬ ਕੋਲੋਂ ਤੂੰ ਸਾਨੂੰ ਮੰਗਦਾ

ਅਸੀਂ ਵੀ ਤੈਨੂੰ ਮੰਗਦੇ ਹਾਂ

ਤੇਰੇ ਵਡੇਰੇ ਜੇ ਤਖ਼ਤ ਹਜ਼ਾਰੇ

ਅਸੀਂ ਵੀ ਪਿੱਛਿਓਂ ਝੰਗ ਦੇ ਹਾਂ

34. ਦੇਵ-ਨੀਤੀ ਦਾ ਖਰੜਾ

ਚਾਚਾ ਦੇਵਨੀਤ ਸਿਆਂ

ਕਿਸੇ ਧੀ ਪੁੱਤ ਦੀ ਸਹੁੰ ਤਾਂ ਨਹੀਂ ਖਾਂਦਾ

ਮੇਰੇ ਜਿਉਂਦੇ ਜੀਅ ਤਾਂ

ਤੂੰ ਮਰ ਨਹੀਂ ਸਕਦਾ

ਇੱਕ ਵਾਰ ਚੁੰਗੀ ਵਾਲੇ ਢਾਬੇ ’ਤੇ

ਤੂੰ ਦੇਵ-ਨੀਤੀ ਉਚਾਰੀ

ਅਖੇ-

ਕਵੀ ਦੀ ਸੁਰਤ

ਅੜੇ-ਇਨਾਮ ’ਚ ਅੜੀ ਨਾ ਹੋਵੇ

ਕਿਸੇ ਦਾ ਸੜਾ-ਸਨਮਾਨ ਹੁੰਦਾ ਦੇਖ

ਸੜਨ ਦੀ ਲੋੜ ਨ੍ਹੀਂ

ਗੱਲਾਂ ਕਰਨਾ ਸੁਣਨਾ ਵੱਡੀ ਗੱਲ ਹੈ

ਗੱਲਾਂ ਤੋਂ ਵੱਡਾ ਇਨਾਮ ਸਨਮਾਨ ਕੀ ਹੋਣੈ

ਅੱਜ ਮੇਰੇ ਪੁੱਤ ਗੁਰਪ੍ਰੀਤ ਨੇ ਤੇ ਜ਼ਫ਼ਰ ਨੇ

ਮੇਰੀਆਂ ਕਵਿਤਾਵਾਂ ਬਾਰੇ ਗੱਲਾਂ ਕੀਤੀਆਂ

ਹੁਣ ਮੈਨੂੰ ਮਾਂਹ ਸਾਬਤ ਦਾ

ਹਰੇਕ ਦਾਣਾ

ਨਸ਼ੇ ਨਾਲ ਭਰਿਆ ਲੱਗਦਾ

ਮੈਂ ਨੱਚੀ ਜਾਨਾਂ ਅੰਦਰੇ ਅੰਦਰ

ਨਸ਼ੇ ਦੀ ਸਿਖ਼ਰੋਂ

ਤੇਰੀ ਬਜ਼ੁਰਗੀ ਬੋਲੀ-

ਗੁੱਸਾ ਨਾ ਕਰੀਂ ਪੁੱਤ

ਤੇਰੀ ਇੱਕ ਗ਼ਲਤੀ ਬੜੀ ਰੜਕਦੀ ਹੈ ਮੈਨੂੰ

ਤੂੰ ਲਿਖਿਆ ਭਾਈ ਘਨੱਈਏ ਵਾਲੀ ਕਵਿਤਾ ’ਚ

ਬਈ

ਸੀਸ ਦਾ ਬਹੁਵਚਨੀ ਸ਼ਬਦ ਨਹੀਂ ਹੁੰਦਾ

ਇਸ ਵਿੱਚ ਦੁਹਰਾਓ ਹੈ ਬੇਲੋੜਾ

ਲਿਖਣਾ ਚਾਹੀਦਾ ਸੀ-

ਸੀਸ ਦਾ ਬਹੁਵਚਨ ਨਹੀਂ ਹੁੰਦਾ

ਬੱਸ

ਬੇਲੋੜਾ ਸ਼ਬਦ

ਸ਼ਬਦ ਦਾ ਨਿਰਾਦਰ ਹੁੰਦਾ

ਸ਼ਬਦਾਂ ਦੀ ਫ਼ਜ਼ੂਲ-ਖ਼ਰਚੀ

ਫ਼ਜ਼ੂਲ ਕਿਸਮ ਦੇ ਬੰਦੇ ਕਰਦੇ ਹੁੰਦੇ ਆ

ਮੇਰਾ ਖੱਬਾ ਕੰਨ ਲਾਲ ਹੋ ਗਿਆ ਸੀ

ਜਿਵੇਂ ਤੂੰ ਸੱਜੇ ਹੱਥ ਨਾਲ ਖਿੱਚਿਆ ਹੋਵੇ

ਇਸ ਲਾਲੀ ਨੂੰ ਮੈਂ

ਉਮਰ ਭਰ ਸਾਂਭ ਕੇ ਰੱਖਾਂਗਾ

ਤੇ ਮੇਰੇ ਜਿਉਂਦੇ ਜੀਅ

ਤੂੰ ਕਿਵੇਂ ਮਰ ਸਕਦੈਂ

ਚਾਚਾ ਦੇਵਨੀਤ ਸਿਆਂ

35. ਬੁਰਕੀ

ਸਿਆਣੇ ਦੀ ਤਾਕਤ ਆਖਦੀ ਹੈ

ਨਹੀਂ ਸੱਚ

ਤਕੜੇ ਦੀ ਸਿਆਣਪ ਆਖਦੀ ਹੈ

ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ

ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ

ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ

ਸ਼ਮਸ਼ੀਰ ਦੀ

ਲੋੜ ਨਹੀਂ ਹੁੰਦੀ

ਬੱਸ ਘੁਰਕੀ ਚਾਹੀਦੀ ਹੈ

ਗੱਲ ਨਾ ਬਣੇ

ਤਾਂ ਬੁਰਕੀ ਚਾਹੀਦੀ ਹੈ

ਬੁਰਕੀ ਨਾਲ

ਉੱਠੇ ਹੋਏ ਹੱਥ ਹਿੱਲਦੀ ਪੂਛ ਬਣ ਜਾਂਦੇ ਹਨ

ਬੁਰਕੀ ਨਾਲ

ਦੁਸ਼ਮਣ ਅੰਦਰੋਂ ਦੁਸ਼ਮਣੀ ਤਾਂ ਕੀ

ਹੋਰ ਵੀ ਬੜਾ ਕੁਝ ਮਾਰ ਜਾਂਦਾ ਹੈ

ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ

ਤਕੜੇ ਦੀ ਸਿਆਣਪ ਆਖਦੀ ਹੈ

36. ਯਾਤਰੂ

ਅਸਲ ਯਾਤਰੂ ਲਈ

ਬੱਸ ਪੈਰ ਬਥੇਰੇ, ਦੂਰ ਦੇ ਘੇਰੇ

ਮਿਲਦੇ ਜਾ ਲੋਕਾਂ, ਜਗਾਉਂਦੇ ਜੋਤਾਂ

ਦੋਮੇਲ ਤਕ ਨਦਰਾਂ, ਹਾਲੇ ਤਕ ਕਦਰਾਂ

ਸਦਾ ਲਈ ਜਿਉਂਦੇ

ਧਰਤੀ ਉਨ੍ਹਾਂ ਨੂੰ

ਯਾਦ ਹੈ ਕਰਦੀ, ਲੰਮੇ ਸਾਹ ਭਰਦੀ

ਹੋ ਕੇ ਵੈਰਾਗਣ, ਜਿਵੇਂ ਕੋਈ ਰਾਗਣ

ਪਿਆਰ ਵਿੱਚ ਗਾਵੇ, ਪੇਸ਼ ਨਾ ਜਾਵੇ

ਤੇ ਕਹਿੰਦੀ ਸਦਕੇ

ਅਸੀਂ ਬਣੇ ਯਾਤਰੂ ਨਾ

ਭਾਵੇਂ ਕੋਲ ਗੱਡੀਆਂ, ਸਪੀਡੀਂ ਛੱਡੀਆਂ

ਘਸਣ ਲੱਖ ਟਾਇਰ, ਫੈਲਾਈਏ ਜ਼ਹਿਰ

ਤੇਲ ਖੂਹ ਮੁੱਕਣੇ, ਧਰਤ ਪਈ ਸੁੱਕਣੇ

ਬੇਸਬਰੇ ਹੋਏ

ਵਿੱਚ ਘੁੰਮਣਘੇਰੀ ਦੇ

ਗੇੜੀਆਂ ਖਾਈਏ, ਕਿਤੇ ਨਾ ਜਾਈਏ

ਜੀ ਧੂੜਾਂ ਪੱਟੀਏ, ਦੱਸੋ ਕੀ ਖੱਟੀਏ

ਸਾਰੇ ਰਾਹ ਮੱਲੇ, ਸੂਤ ਨਾ ਚੱਲੇ

ਜੀ ਚੀਖ ਚਿਹਾੜਾ।

37. ਹਾਇਕੂ

ਬਹਾਰ

ਪੰਛੀ ਲੱਗੇ ਗੌਣ

ਫੁੱਲ ਖਿੜੇ ਤੂੰ ਹੱਸੇਂ

ਆਈ ਦਿਸੇ ਬਹਾਰ

ਫੁੱਲ

ਤਾਰਿਆਂ ‘ਤੇ ਬਾਬੇ ਬੈਠੇ

ਮਾਈਆਂ ਚੰਨ ‘ਤੇ ਕੱਤਣ ਚਰਖਾ

ਬੱਚੇ ਫੁੱਲ ਖਿੜੇ ਧਰਤੀ ‘ਤੇ

ਸੌਗਾਤ

ਚੰਦਾ ਮਾਮਾ ਅੰਬਰੋਂ

ਚਾਨਣੀ ਸੌਗਾਤ ਭੇਜੇ

ਖੁਸ਼ ਰੱਖੇ ਬੱਚੇ

ਦਰੀ

ਮਾਂ ਨੇ ਦਰੀ ਵਿਛਾਈ

ਚਿੜੀਆਂ ਤੋਤਿਆਂ ਵਾਲ਼ੀ

ਬੱਚਾ ਸੁਪਨੇ ਅੰਦਰ ਉੱਡੇ

ਇਕਮਿਕ

ਪੰਛੀਆਂ ਦੇ ਗੌਣ

ਫੁੱਲਾਂ ਦੇ ਰੰਗਾਂ ਚ ਤੇਰਾ ਹਾਸਾ

ਮੈਂ ਨਹੀਂ ਇਕੱਲਾ

ਧਰਤੀ ਮਾਂ

ਨੀਲੇ ਪਾਣੀ ਤਾਲ ਦੇ

ਹਰੇ ਬਿਰਖ ਦਾ ਬਿੰਬ –

ਧਰਤੀ ਮਾਤ ਸੁਜਿੰਦ

ਸ਼ੁਭ ਪਰਭਾਤ

ਘੁੰਮਦਾ ਫਿਰਦਾ ਸੂਰਜ

ਹਰ ਦਰ ਦਸਤਕ ਦੇਵੇ

‘ਗੁੱਡ ਮੌਰਨਿੰਗ’

ਸੁਜਿੰਦ

ਧਰਤੀ ਮਾਤ ਸੁਜਿੰਦ…

ਨੀਲੇ ਪਾਣੀ ਤਾਲ ਦੇ

ਹਰੇ ਬਿਰਖ ਦਾ ਬਿੰਬ

ਸਾਵਣ

ਸਾਵਣ ਆਇਆ

ਧਰਤ ਕੁੜੀ ਨੇ ਸਿਰ ਤੇ

ਬੱਦਲ ਮਟਕਾ ਚਾਇਆ

38. ਸੈਕੂਲਰ

ਕੌਣ ਬਚਿਆ ਹੈ ਸੈਕੂਲਰ ਅੱਜ ਕੱਲ

ਯਾਰ ?

ਅਖ਼ਬਾਰ ?

ਸਰਕਾਰ ?

ਪਰਚਾਰ ?

ਕਿ ਹਥਿਆਰ ?

ਸੈਕੂਲਰ ਤਾਂ ਲਗਦੇ ਨੇ ਸਿਰਫ਼

ਰੁੱਖ

ਦੁੱਖ

ਸੁੱਖ

ਭੁੱਖ

ਤੇ ਜਾਂ ਕੁੱਖ !

39. ਨੌ-ਜਵਾਨ ਭਗਤ ਸਿੰਘ

ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰ੍ਹਿਆਂ ਦਾ ਸੀ

ਸ਼ਹੀਦੀ ਖੂਨ ਨਾਲ਼ ਭਿੱਜੀ

ਜਲ੍ਹਿਆਂ ਵਾਲ਼ੇ ਬਾਗ਼ ਦੀ ਮਿੱਟੀ ਨਮਸਕਾਰਦਾ

ਦਾਦਾ ਬਾਰਾਂ ਵਰ੍ਹਿਆਂ ਦਾ ਹੋਇਆ

ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਤੇਰਾ ਸ਼ਹੀਦੀ ਵੇਲਾ ਸੀ

ਦਾਦਾ ਗੱਭਰੂ ਹੋਇਆ ਤਾਂ ਵੀ ਤੂੰ

24 ਸਾਲਾ ਭਰ ਜਵਾਨ ਗੱਭਰੂ ਸੀ

ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ

ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ

ਤਾਂ ਵੀ ਤੂੰ

24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ24,26,27.......37 ਸਾਲ ਦਾ ਹੋਇਆ

ਤੂੰ 24 ਸਾਲ ਦਾ ਭਰ ਜਵਾਨ ਗੱਭਰੂ ਹੀ ਰਿਹਾ

ਮੈਂ ਹਰ ਜਨਮ ਦਿਨ ‘ਤੇ

ਬੁਢਾਪੇ ਵਲ ਇਕ ਕਦਮ ਵਧਦਾ ਹਾਂ

ਤੂੰ ਹਰ ਸ਼ਹੀਦੀ ਦਿਨ ‘ਤੇ

24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈਂ

ਉਂਜ ਅਸੀਸ ਤਾਂ ਸਾਰੀਆਂ ਮਾਂਵਾਂ ਦਿੰਦੀਆਂ ਨੇ

“ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇ”

ਪਰ ਤੂੰ ਸੱਚਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ

ਸਦਾ ਜਵਾਨੀਆਂ ਮਾਣਦਾ ਹੈਂ

ਜਿਨ੍ਹਾਂ ਅਜੇ ਵੀ ਪੈਦਾ ਹੋਣਾ ਹੈ

ਉਨ੍ਹਾਂ ਗੱਭਰੂਆਂ ਦੇ ਵੀ ਹਾਣਦਾ ਹੈਂ

40. ਖ਼ੂਨ ਪਸੀਨਾ ਸਿਆਹੀ

ਮਜ਼ਦੂਰ ਇੱਟਾਂ ਵੱਟੇ ਢੋਅ ਰਹੇ

ਰਾਜ ਚਿਣ ਰਹੇ

ਮੇਰਾ ਸਿਆਹੀ ਦੀ ਕਮਾਈ ਨਾਲ

ਮਕਾਨ ਬਣ ਰਿਹਾ ਹੌਲੀ ਹੌਲੀ

ਨਾਲ ਨਾਲ ਮੈਂ ਵੀ ਬਣ ਰਿਹਾਂ

ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ

ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ

ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ

ਮੈਨੂੰ ਦੱਸਿਆ

ਕਿ ਕਿਰਾਏ ਦੇ ਮਕਾਨ ਦੀ ਕੰਧ ਵਿਚ

ਕਿੱਲ ਠੋਕਣ ਤੇ

ਮਾਲਕ ਮਕਾਨ ਦਾ ਸੀਨਾ ਕਿਓੰ ਪਾਟਦਾ ਸੀ

ਉਸ ਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ

ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ‘ਤੇ

ਪਤਨੀ ਦੀਆਂ ਅੱਖਾਂ ‘ਚੋਂ

ਪਰਲ ਪਰਲ ਅੱਥਰੂ ਵਗਦੇ

ਤਾਂ ਮੈਂ ਖਿਝਦਾ

ਕਿ ਰੋਣ ਵਾਲੀ ਕਿਹੜੀ ਗੱਲ ਹੋਈ

ਪਰ ਹੁਣ ਮੈਂ ਖਿਝਦਾ ਤਾਂ ਮੈਨੂੰ ਸਮਝਾਉਂਦਾ

ਸਿਆਹੀ ਦੀ ਕਮਾਈ ਨਾਲ ਬਣਦਾ ਮਕਾਨ

ਕਿ ਖਿਝ ਨਾ ਭਲਿਆ ਮਾਣਸਾ

ਬੱਚੇ ਮਾਵਾਂ ਦੇ ਖ਼ੂਨ ਦੀ ਕਮਾਈ ਨਾਲ ਬਣੇ ਹਨ

ਬਣਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ

ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ

Read 395 times