You are here:ਮੁਖ ਪੰਨਾ»ਸਫ਼ਰਨਾਮਾ»ਹਿਸਾਬ ਵਿਸ਼ੇ ਦੇ ਅਧਿਆਪਕ ਦੀ ਤੀਜੀ ਅੱਖ
Coming soon: A new and improved Global Punjabi site!!!

ਲੇਖ਼ਕ

Thursday, 21 August 2025 12:42

ਹਿਸਾਬ ਵਿਸ਼ੇ ਦੇ ਅਧਿਆਪਕ ਦੀ ਤੀਜੀ ਅੱਖ

Written by
Rate this item
(0 votes)

ਉਦੋਂ ਮੈਂ ਨੌਂਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਦੂਜੇ ਵਿਸ਼ਿਆਂ ਦੇ ਮੁਕਾਬਲੇ ਹਿਸਾਬ ਦਾ ਵਿਸ਼ਾ ਥੋੜ੍ਹਾ ਜਿਹਾ ਔਖਾ ਲੱਗਦਾ ਸੀ। ਸਾਡੇ ਹਿਸਾਬ ਵਿਸ਼ੇ ਦੇ ਅਧਿਆਪਕ ਥੋੜ੍ਹੇ ਮਿਹਨਤੀ ਘੱਟ ਸਨ। ਜੇਕਰ ਕੋਈ ਬੱਚਾ ਉਨ੍ਹਾਂ ਨੂੰ ਹਿਸਾਬ ਦਾ ਸਵਾਲ ਦੁਬਾਰਾ ਸਮਝਾਉਣ ਲਈ ਕਹਿ ਦਿੰਦਾ ਤਾਂ ਉਹ ਅੱਗੋਂ ਉਸ ਬੱਚੇ ਨੂੰ ਇਹ ਕਹਿਕੇ ਬਿਠਾ ਦਿੰਦੇ ਕਿ ਤੈਨੂੰ ਇੱਕ ਵਾਰ ਸਮਝਾਉਣ ’ਤੇ ਸਮਝ ਕਿਉਂ ਨਹੀਂ ਆਈ, ਜਮਾਤ ਦੇ ਕਿਸੇ ਬੱਚੇ ਤੋਂ ਸਮਝ ਲੈ। ਦੂਜੀ ਵਾਰ ਵੀ ਕਹਿਣ ’ਤੇ ਵੀ ਉਹ ਬੱਚਿਆਂ ਦੀ ਗੱਲ ਨਹੀਂ ਸੁਣਦੇ ਸਨ। ਮੈਂ ਇੱਕ ਦਿਨ ਪਿਤਾ ਜੀ ਨੂੰ ਕਿਹਾ ਕਿ ਸਾਡਾ ਗਣਿਤ ਅਧਿਆਪਕ ਬਹੁਤਾ ਮਿਹਨਤੀ ਨਹੀਂ, ਦੂਜੇ ਸੈਕਸ਼ਨ ਦਾ ਗਣਿਤ ਅਧਿਆਪਕ ਬਹੁਤ ਮਿਹਨਤੀ ਹੈ। ਸਕੂਲ ਮੁਖੀ ਸਾਡੀ ਦੁਕਾਨ ’ਤੇ ਆਉਂਦੇ ਰਹਿੰਦੇ ਹਨ, ਤੁਸੀਂ ਉਨ੍ਹਾਂ ਨੂੰ ਕਹਿਕੇ ਮੇਰਾ ਸੈਕਸ਼ਨ ਹੀ ਬਦਲਾ ਦਿਓ। ਪਿਤਾ ਜੀ ਨੇ ਅੱਗੋਂ ਕਿਹਾ, “ਕਾਕਾ, ਤੇਰੀ ਜਮਾਤ ਦੇ ਬਾਕੀ ਬੱਚੇ ਵੀ ਤਾਂ ਉਸੇ ਜਮਾਤ ਵਿੱਚ ਪੜ੍ਹਦੇ ਹਨ। ਮਿਹਨਤ ਤੂੰ ਆਪ ਨਹੀਂ ਕਰਦਾ, ਨੁਕਸ ਅਧਿਆਪਕ ਵਿੱਚ ਕੱਢ ਰਿਹਾ ਹੈਂ। ਜੇਕਰ ਪੜ੍ਹਨ ਨੂੰ ਦਿਲ ਨਹੀਂ ਕਰਦਾ ਤਾਂ ਪੜ੍ਹਾਈ ਛੱਡਕੇ ਦੁਕਾਨ ’ਤੇ ਬੈਠ।”

ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਮੈਂ ਪਿਤਾ ਜੀ ਅੱਗੇ ਬੋਲ ਸਕਦਾ। ਕੋਈ ਹੱਲ ਨਿਕਲਦਾ ਨਾ ਵੇਖ ਮੈਂ ਮਾਂ ਨੂੰ ਕਿਹਾ ਕਿ ਉਹ ਪਿਤਾ ਜੀ ਨੂੰ ਮੇਰਾ ਸੈਕਸ਼ਨ ਬਦਲਾਉਣ ਲਈ ਕਹਹਣ। ਮਾਂ ਨੇ ਅੱਗੋਂ ਕਿਹਾ, “ਬੇਟਾ, ਤੂੰ ਕਿਸੇ ਨਾ ਕਿਸੇ ਢੰਗ ਨਾਲ ਨੌਂਵੀਂ ਜਮਾਤ ਪਾਸ ਕਰ ਲੈ, ਮੈਂ ਦਸਵੀਂ ਜਮਾਤ ਵਿੱਚ ਤੇਰਾ ਸੈਕਸ਼ਨ ਬਦਲਾਉਣ ਲਈ ਕਹਿ ਦਿਆਂਗੀ।”

ਮਾਂ ਦੀ ਗੱਲ ਮੇਰੇ ਮਨ ਨੂੰ ਜਚ ਗਈ। ਮੈਂ ਸੈਕਸ਼ਨ ਬਦਲਣ ਦਾ ਵਿਚਾਰ ਛੱਡ ਦਿੱਤਾ। ਮੈਂ ਹਿਸਾਬ ਦੇ ਵਿਸ਼ੇ ਦੀ ਟਿਉਸ਼ਨ ਰੱਖਣ ਬਾਰੇ ਸੋਚ ਰਿਹਾ ਸਾਂ। ਪਿਤਾ ਜੀ ਨੇ ਮੇਰੀ ਸਮੱਸਿਆ ਹੱਲ ਕਰਨ ਲਈ ਹਿਸਾਬ ਦੇ ਵਿਸ਼ੇ ਦੀ ਟਿਉਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ। ਸਾਡੀ ਸਤੰਬਰ ਮਹੀਨੇ ਦੀ ਪ੍ਰੀਖਿਆ ਖਤਮ ਹੋ ਚੁੱਕੀ ਸੀ।

ਸਾਨੂੰ ਸਾਰੇ ਵਿਸ਼ਿਆਂ ਦੇ ਪਰਚੇ ਮਿਲ ਗਏ ਸਨ ਪਰ ਹਿਸਾਬ ਦਾ ਪਰਚਾ ਨਹੀਂ ਮਿਲ ਰਿਹਾ ਸੀ ਤੇ ਨਾ ਹੀ ਉਸ ਵਿਸ਼ੇ ਦਾ ਪੀਰੀਅਡ ਲੱਗ ਰਿਹਾ ਸੀ। ਇੱਕ ਦਿਨ ਬੱਚੇ ਆਪਣੀ ਸਮੱਸਿਆ ਲੈ ਕੇ ਸਕੂਲ ਮੁਖੀ ਦੇ ਦਫਤਰ ਵਿੱਚ ਪਹੁੰਚ ਗਏ। ਸਕੂਲ ਮੁਖੀ ਨੇ ਦੱਸਿਆ, “ਬੱਚਿਓ, ਮੈਨੂੰ ਤੁਹਾਡੀ ਪੜ੍ਹਾਈ ਦਾ ਫਿਕਰ ਹੈ ਤੁਹਾਡੇ ਹਿਸਾਬ ਅਧਿਆਪਕ ਦੀ ਬਦਲੀ ਹੋ ਚੁੱਕੀ ਹੈ ਤੇ ਨਵੇਂ ਅਧਿਆਪਕ ਇੱਕ ਦੋ ਦਿਨਾਂ ਵਿੱਚ ਆਉਣ ਵਾਲੇ ਹਨ।”

ਫਿਰ ਇੱਕ ਦਿਨ ਹਿਸਾਬ ਦੇ ਵਿਸ਼ੇ ਦਾ ਨਵਾਂ ਅਧਿਆਪਕ ਆ ਗਿਆ। ਉਸਨੇ ਜਮਾਤ ਵਿੱਚ ਆਉਂਦਿਆਂ ਹੀ ਪਹਿਲੇ ਅਧਿਆਪਕ ਵੱਲੋਂ ਕਰਵਾਏ ਸਿਲੇਬਸ ਬਾਰੇ ਪੁੱਛ ਕੇ ਸਾਡੀ ਜਮਾਤ ਨੂੰ 20 ਨੰਬਰ ਦਾ ਟੈਸਟ ਪਾ ਦਿੱਤਾ। ਦੂਜੇ ਦਿਨ ਵੇਖੇ ਹੋਏ ਟੈਸਟ ਬੱਚਿਆਂ ਨੂੰ ਦੇਣ ਤੋਂ ਬਾਅਦ ਉਸ ਅਧਿਆਪਕ ਨੇ ਸਾਡੀ ਜਮਾਤ ਨੂੰ ਤਿੰਨ ਵਰਗਾਂ ਵਿੱਚ ਵੰਡਕੇ ਅੱਡ ਅੱਡ ਕਤਾਰਾਂ ਵਿੱਚ ਬਿਠਾ ਦਿੱਤਾ ਤੇ ਨਾਲ ਹੀ ਆਖ ਦਿੱਤਾ ਕਿ ਤੁਸੀਂ ਮੇਰੀ ਜਮਾਤ ਵਿੱਚ ਹਰ ਰੋਜ਼ ਇਸ ਤਰ੍ਹਾਂ ਹੀ ਬੈਠਣਾ ਹੈ। ਤੁਹਾਡੇ ਵਿੱਚੋਂ ਪਹਿਲਾ ਵਰਗ ਬਹੁਤ ਹੀ ਮਿਹਨਤੀ ਬੱਚਿਆਂ ਦਾ ਹੈ, ਜੋ ਆਪਣੇ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਦੇ ਹਨ ਤੇ ਉਸ ਉੱਤੇ ਅਮਲ ਕਰਦੇ ਹਨ। ਇਸੇ ਲਈ ਉਨ੍ਹਾਂ ਦੇ ਟੈਸਟ ਵਿੱਚੋਂ ਸਭ ਤੋਂ ਵੱਧ ਅੰਕ ਆਏ ਹਨ। ਦੂਜਾ ਵਰਗ ਉਨ੍ਹਾਂ ਬੱਚਿਆਂ ਦਾ ਹੈ ਜੋ ਬੱਚੇ ਘੱਟ ਮਿਹਨਤੀ ਘੱਟ ਤੇ ਲਾਪਰਵਾਹ ਹਨ। ਤੀਜੇ ਵਰਗ ਵਿੱਚ ਉਹ ਬੱਚੇ ਹਨ ਜੋ ਸਕੂਲ ਕੇਵਲ ਜਮਾਤਾਂ ਪਾਸ ਕਰਨ ਹੀ ਆਉਂਦੇ ਹਨ, ਉਨ੍ਹਾਂ ਨੂੰ ਮਿਹਨਤ ਕਰਨ ਦਾ ਅਰਥ ਹੀ ਨਹੀਂ ਪਤਾ। ਜਿਹੜੇ ਬੱਚੇ ਅੱਠਵੀਂ ਜਮਾਤ ਪਾਸ ਕਰ ਗਏ, ਉਹ ਨਲਾਇਕ ਨਹੀਂ ਹੋ ਸਕਦੇ। ਤੁਹਾਨੂੰ ਤੀਜੇ ਵਰਗ ਤੋਂ ਦੂਜੇ ਵਰਗ ਵਿਚ ਦੂਜੇ ਵਰਗ ਤੋਂ ਪਹਿਲੇ ਵਰਗ ਵਿੱਚ ਆਉਣ ਲਈ ਆਪਣੀ ਤੀਜੀ ਅੱਖ ਖੋਲ੍ਹਣੀ ਪਵੇਗੀ। ਉਹ ਤੀਜੀ ਅੱਖ ਮਿਹਨਤ ਕਰਨ ਅਤੇ ਲਾਪਰਵਾਹੀ ਬੰਦ ਕਰਨ ਦੀ ਹੁੰਦੀ ਹੈ। ਮੈਂ ਪੱਥਰਾਂ ਨੂੰ ਵੀ ਹਿਸਾਬ ਪੜ੍ਹਾਉਣ ਵਾਲਾ ਅਧਿਆਪਕ ਹਾਂ। ਮੈਂ ਆਪਣੀ ਜਮਾਤ ਦੇ ਕਿਸੇ ਵੀ ਬੱਚੇ ਨੂੰ ਟਿਉਸ਼ਨ ਨਹੀਂ ਪੜ੍ਹਨ ਦਿੰਦਾ ਪਰ ਜਿਹੜਾ ਬੱਚਾ ਪੜ੍ਹਦਾ ਨਹੀਂ, ਉਸ ਬੱਚੇ ਨਾਲ ਮੈਂ ਬਹੁਤ ਸਖ਼ਤੀ ਨਾਲ ਪੇਸ਼ ਆਉਂਦਾ ਹਾਂ।”

ਉਸ ਅਧਿਆਪਕ ਨੇ ਮੈਨੂੰ ਤੀਜੇ ਵਰਗ ਵਿੱਚ ਰੱਖਿਆ ਹੋਇਆ ਸੀ। ਸਾਡੀ ਜਮਾਤ ਦਾ ਨਵਾਂ ਹਿਸਾਬ ਅਧਿਆਪਕ ਪਹਿਲੇ ਅਧਿਆਪਕ ਨਾਲੋਂ ਬਿਲਕੁਲ ਅੱਡ ਸੀ। ਉਸਨੇ ਆਉਂਦਿਆਂ ਹੀ ਸਾਡੀ ਜਮਾਤ ਦੇ ਬੱਚਿਆਂ ਤੋਂ ਪੁਸਤਕਾਂ ਚੁਕਾ ਦਿੱਤੀਆਂ। ਉਹ ਬੱਚਿਆਂ ਨੂੰ ਕਹਿੰਦਾ ਵੀ ਕੁਝ ਨਹੀਂ ਸੀ ਪਰ ਸਖ਼ਤ ਵੀ ਬਹੁਤ ਸੀ। ਉਹ ਜਮਾਤ ਵਿੱਚ ਜੋ ਪੜ੍ਹਾ ਦਿੰਦਾ ਸੀ, ਦੂਜੇ ਦਿਨ ਉਹ ਅੱਗੇ ਤਾਂ ਪੜ੍ਹਾਉਂਦਾ ਸੀ, ਜਦੋਂ ਪਹਿਲੇ ਦਾ ਟੈਸਟ ਲੈ ਲੈਂਦਾ ਸੀ। ਆਪ ਨੂੰ ਤੀਜੇ ਵਰਗ ਵਿੱਚ ਪਿਆ ਵੇਖ ਮੈਨੂੰ ਆਪਣੇ ਪਿਤਾ ਜੀ ਦੀ ਗੱਲ ਯਾਦ ਆ ਗਈ ਕਿ ਪੜ੍ਹਦਾ ਤਾਂ ਤੂੰ ਆਪ ਨਹੀਂ, ਨੁਕਸ ਤੂੰ ਆਪਣੇ ਅਧਿਆਪਕ ਵਿੱਚ ਕੱਢ ਰਿਹਾ ਹੈਂ। ਹੁਣ ਤਾਂ ਪਿਤਾ ਜੀ ਨੂੰ ਆਪਣਾ ਸੈਕਸ਼ਨ ਬਦਲਣ ਲਈ ਵੀ ਨਹੀਂ ਕਿਹਾ ਜਾ ਸਕਦਾ ਸੀ। ਅਧਿਆਪਕ ਦੀਆਂ ਗੱਲਾਂ ਨੇ ਸਾਡੀ ਜਮਾਤ ਦੇ ਬੱਚਿਆਂ ਦੀ ਤੀਜੀ ਅੱਖ ਖੋਲ੍ਹ ਦਿੱਤੀ। ਬੱਚੇ ਜਦੋਂ ਵੇਖੋ ਹਿਸਾਬ ਦਾ ਵਿਸ਼ਾ ਪੜ੍ਹਦੇ ਨਜ਼ਰ ਆਉਣ ਲੱਗ ਪਏ। ਇੱਕ ਦਿਨ ਹਿਸਾਬ ਅਧਿਆਪਕ ਨੂੰ ਸਾਡੀ ਜਮਾਤ ਦੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਤੰਬਰ ਪ੍ਰੀਖਿਆ ਦਾ ਹਿਸਾਬ ਵਿਸ਼ੇ ਦਾ ਪਰਚਾ ਨਹੀਂ ਮਿਲਿਆ। ਅਧਿਆਪਕ ਨੇ ਅੱਗੋਂ ਕਿਹਾ, “ਬੱਚਿਓ, ਦਸੰਬਰ ਮਹੀਨੇ ਵਿੱਚ ਤੁਹਾਡਾ ਟੈਸਟ ਹੋਵੇਗਾ। ਉਸਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿਓ। ਓਹੀ ਟੈਸਟ ਤੁਹਾਡਾ ਸਤੰਬਰ ਟੈਸਟ ਹੋਵੇਗਾ। ਉਸ ਟੈਸਟ ਦੇ ਅਧਾਰ ’ਤੇ ਹੀ ਬੱਚਿਆਂ ਦਾ ਦੂਜਾ ਤੇ ਤੀਜਾ ਵਰਗ ਬਦਲਿਆ ਜਾਵੇਗਾ।” ਉਸ ਅਧਿਆਪਕ ਦਾ ਜਵਾਬ ਸੁਣਕੇ ਜਮਾਤ ਦੇ ਬੱਚੇ ਹੈਰਾਨ ਹੋ ਗਏ।

ਇੱਕ ਦਿਨ ਸਾਡੇ ਅਧਿਆਪਕ ਨੇ ਜਮਾਤ ਨੂੰ ਕਿਹਾ, “ਸਾਰੇ ਬੱਚੇ ਸਕੂਲ ਲੱਗਣ ਤੋਂ ਇੱਕ ਘੰਟਾ ਪਹਿਲਾਂ ਸਕੂਲ ਆਇਆ ਕਰਨਗੇ। ਤੁਹਾਡੀ ਹਿਸਾਬ ਦੇ ਵਿਸ਼ੇ ਦੀ ਕਲਾਸ ਲੱਗਿਆ ਕਰੇਗੀ।”

ਕਿਸੇ ਬੱਚੇ ਦੀ ਕੀ ਮਜ਼ਾਲ ਸੀ ਕਿ ਉਹ ਸਵੇਰ ਦੀ ਕਲਾਸ ਵਿੱਚ ਨਾ ਆਉਂਦਾ। ਸਾਡੇ ਨਾਲ ਦਸਵੀਂ ਜਮਾਤ ਵੀ ਹੁੰਦੀ। ਅਧਿਆਪਕ ਦੋਹਾਂ ਜਮਾਤਾਂ ਨੂੰ ਦਸੰਬਰ ਟੈਸਟ ਦੀ ਤਿਆਰੀ ਕਰਵਾਉਂਦਾ। ਨਾਲ ਦੀ ਨਾਲ ਟੈੱਸਟ ਚੈੱਕ ਕਰਕੇ ਦੇ ਦਿੱਤੇ ਜਾਂਦੇ। ਜਿਹੜੇ ਬੱਚੇ ਦੇ ਨੰਬਰ ਘੱਟ ਹੁੰਦੇ ਉਸ ਨੂੰ ਹੁਸ਼ਿਆਰ ਬੱਚੇ ਸਵਾਲ ਸਮਝਾਉਂਦੇ। ਹੌਲੀ ਹੌਲੀ ਉਸ ਅਧਿਪਾਪਕ ਨੇ ਬੱਚਿਆਂ ਦੇ ਮਨਾਂ ਵਿੱਚੋਂ ਹਿਸਾਬ ਵਿਸ਼ੇ ਦਾ ਡਰ ਕੱਢ ਦਿੱਤਾ। ਇੱਕ ਦਿਨ ਜਮਾਤ ਦੇ ਮਨੀਟਰ ਨੇ ਦੋ ਤਿੰਨ ਬੱਚਿਆਂ ਦੇ ਨਾਂ ਲੈ ਕੇ ਅਧਿਆਪਕ ਨੂੰ ਦੱਸਿਆ ਕਿ ਉਹ ਕਿਸੇ ਅਧਿਆਪਕ ਕੋਲ ਟਿਉਸ਼ਨ ਪੜ੍ਹਦੇ ਹਨ। ਅਧਿਆਪਕ ਨੇ ਉਨ੍ਹਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ। ਉਹ ਬੱਚੇ ਇਹ ਸੋਚਕੇ ਬਹੁਤ ਡਰੇ ਹੋਏ ਸਨ ਕਿ ਅਧਿਆਪਕ ਤੋਂ ਉਨ੍ਹਾਂ ਨੂੰ ਸਜ਼ਾ ਮਿਲੇਗੀ। ਅਧਿਆਪਕ ਨੇ ਉਨ੍ਹਾਂ ਬੱਚਿਆਂ ਨੂੰ ਜੋ ਕੁਝ ਆਖਿਆ ਉਹ ਸਜ਼ਾ ਨਾਲੋਂ ਵੀ ਜ਼ਿਆਦਾ ਸੀ। ਅਧਿਆਪਕ ਨੇ ਕਿਹਾ, “ਬੱਚਿਓ, ਜਿਸ ਅਧਿਆਪਕ ਦੇ ਪੜ੍ਹਾਏ ਹੋਏ ਬੱਚਿਆਂ ਨੂੰ ਟਿਉਸ਼ਨ ਦੀ ਲੋੜ ਪਵੇ ਇਸਦਾ ਮਤਲਬ ਇਹ ਹੋਇਆ ਕਿ ਜਾਂ ਤਾਂ ਉਸ ਅਧਿਆਪਕ ਨੂੰ ਪੜ੍ਹਾਉਣਾ ਨਹੀਂ ਆਉਂਦਾ ਜਾਂ ਫੇਰ ਉਹ ਬੱਚੇ ਪੜ੍ਹਨਾ ਨਹੀਂ ਚਾਹੁੰਦੇ। ਤੁਸੀਂ ਆਪਣੇ ਟਿਉਸ਼ਨ ਵਾਲੇ ਪੈਸੇ ਬਚਾ ਕੇ ਰੱਖੋ। ਜੋ ਕੁਝ ਤੁਹਾਨੂੰ ਸਮਝ ਨਹੀਂ ਆਉਂਦਾ, ਉਹ ਕੁਝ ਮੇਰੇ ਕੋਲੋਂ ਜਿੰਨੀ ਵਾਰ ਮਰਜ਼ੀ ਪੁੱਛੋ।”

ਉਨ੍ਹਾਂ ਬੱਚਿਆਂ ਨੇ ਆਪਣੀ ਗਲਤੀ ਮੰਨਕੇ ਟਿਉਸ਼ਨ ਪੜ੍ਹਨੀ ਛੱਡ ਦਿੱਤੀ ਤੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਸਾਡਾ ਦਸੰਬਰ ਟੈਸਟ ਹੋਇਆ। ਅਧਿਆਪਕ ਨੇ ਸਤੰਬਰ ਅਤੇ ਦਸੰਬਰ ਦੋਨੋਂ ਟੈਸਟ ਚੈੱਕ ਕਰਕੇ ਦਿੰਦੇ ਹੋਏ ਕਿਹਾ, ਬੱਚਿਓ, “ਦੋਵੇਂ ਟੈਸਟ ਤੁਸੀਂ ਹੀ ਕੀਤੇ ਹੋਏ ਹਨ। ਦੋਹਾਂ ਟੈਸਟਾਂ ਵਿੱਚ ਫਰਕ ਤੁਹਾਡੀ ਮਿਹਨਤ ਦਾ ਹੀ ਹੈ।”

ਜਿਸ ਦਿਨ ਬੱਚਿਆਂ ਨੂੰ ਇਹ ਫਰਕ ਸਮਝ ਆ ਜਾਂਦਾ ਹੈ, ਉਸ ਦਿਨ ਉਨ੍ਹਾਂ ਨੂੰ ਹਿਸਾਬ ਦਾ ਵਿਸ਼ਾ ਔਖਾ ਨਹੀਂ ਲੱਗਦਾ। ਇਹ ਫਰਕ ਮੈਨੂੰ ਮੇਰੇ ਹਿਸਾਬ ਅਧਿਆਪਕ ਨੇ ਸਮਝਾਇਆ ਸੀ। ਦਸੰਬਰ ਟੈਸਟ ਵਿੱਚ ਹੀ ਸਾਡੀ ਜਮਾਤ ਦਾ ਤੀਜਾ ਵਰਗ ਖਤਮ ਹੋ ਗਿਆ। ਦੂਜੇ ਵਰਗ ਦੇ ਕਈ ਬੱਚੇ ਪਹਿਲੇ ਵਰਗ ਵਿੱਚ ਚਲੇ ਗਏ।

ਫਿਰ ਇੱਕ ਦਿਨ ਉਹ ਅਧਿਆਪਕ ਲੋਕ ਸੇਵਾ ਕਮਿਸ਼ਨ ਦਾ ਟੈਸਟ ਪਾਸ ਕਰਕੇ ਕਾਲਜ ਅਧਿਆਪਕ ਬਣਕੇ ਚਲਾ ਗਿਆ ਪਰ ਉਹ ਸਾਡੇ ਸਕੂਲ ਦੇ ਗਣਿਤ ਅਧਿਆਪਕਾਂ ਅਤੇ ਬੱਚਿਆਂ ਨੂੰ ਸਮਝਾ ਗਿਆ ਕਿ ਹਿਸਾਬ ਦਾ ਵਿਸ਼ਾ ਔਖਾ ਨਹੀਂ ਹੁੰਦਾ, ਨੁਕਸ ਪੜ੍ਹਨ ਪੜ੍ਹਾਉਣ ਵਿੱਚ ਹੀ ਹੁੰਦਾ ਹੈ।

ਉਸ ਤੋਂ ਬਾਅਦ ਨਾ ਮੈਂ ਆਪਣਾ ਸੈਕਸ਼ਨ ਬਦਲਿਆ ਤੇ ਨਾ ਹੀ ਮੈਨੂੰ ਹਿਸਾਬ ਦਾ ਵਿਸ਼ਾ ਔਖਾ ਲੱਗਿਆ।

Read 594 times
ਪ੍ਰਿੰ. ਵਿਜੈ ਕੁਮਾਰ

Phone: 91 - 98726 - 27136

Email: vijaykumarbehki@gmail.com