41. ਗੈਲੀਲੀਓ
ਪਤਾ ਨਹੀਂ ਉਹਦੇ ਹੱਥ ਜ਼ਹਿਰ ਸੀ
ਜਾਂ ਸਿਰ ਤਲਵਾਰ ਸੀ
ਮਰਿਆ ਨਹੀਂ ਪਰ ਮਰਨ ਲਈ ਤਿਆਰ ਸੀ
ਗੈਲੀਲੀਓ ਆਪਣੇ ਸਮੇਂ ਦਾ ਸੁਕਰਾਤ ਸੀ
ਪੱਲੇ ਜਿਉਂਦੀ ਜਗਦੀ ਬਾਤ ਸੀ
ਬਾਤ ਸੀ ਕਿ-
ਇਹ ਜੋ ਧਰਤੀ ਮਾਂ ਹੈ
ਮਾਂ ਆਪਣੀ ਥਾਂ ਹੈ
ਬ੍ਰਹਿਮੰਡ ਤਾਂ ਕੀ
ਸੂਰਜੀ ਪਰਿਵਾਰ ਦਾ ਵੀ ਕੇਂਦਰ ਨਹੀਂ
ਪਰ ਸਾਥੋਂ ਬਾਤ ਅੱਗੇ ਨਾ ਤੁਰੀ
ਅਸੀਂ ਤਾਂ ਜੀਵੰਤ ਸੰਸਾਰ ਦੇ
ਜਾਂ ਛੋਟੇ ਵੱਡੇ ਪਾਸਾਰ ਦੇ
ਕੇਂਦਰ ਹੋਣ ਦਾ ਭਰਮ ਕਰਦੇ ਹਾਂ
ਕੇਂਦਰ ਬਣਨ ਲਈ ਕਰਮ ਕਰਦੇ ਹਾਂ
ਕੇਂਦਰ ਹੀ ਰਹਿਣਾ ਲੋਚਦੇ ਹਾਂ
ਇਸ ਤਰ੍ਹਾਂ ਦਾ ਸੋਚਦੇ ਹਾਂ
ਕਿ ਬੱਸ
ਹੰਕਾਰ ਲੋਭ ਤੇ ਕ੍ਰੋਧ ਦੇ ਜ਼ਹਿਰ ਦੀ
ਕਾਕਟੇਲ ਪੀਂਦੇ ਹਾਂ
ਮਰਨੋਂ ਬਹੁਤ ਡਰਦੇ ਹਾਂ
ਪਰ ਕਹਿ ਨਹੀਂ ਸਕਦੇ ਕਿ ਜੀਂਦੇ ਹਾਂ
ਅਜੇ ਅਸੀਂ
ਧਰਤੀ ਮਾਂ ਦੇ
ਜਿਉਂਣ ਜੋਗੇ ਧੀਆਂ ਪੁੱਤ ਬਣਨਾ ਹੈ
ਤਾਂ ਖ਼ੁਦ ਨੂੰ ਥਾਂ ਸਿਰ ਸਮਝਣਾ
ਥਾਂ ਸਿਰ ਕਰਨਾ ਹੈ
ਤਾਂ ਕਿਤੇ
ਜਿਉਂਦੀ ਜਗਦੀ ਬਾਤ ਨੇ
ਅੱਗੇ ਤੁਰਨਾ ਹੈ
42. ਬੰਦਾ
ਮੈਂ ਦਰਿਆ ਨੂੰ ਪੁੱਛਿਆ
ਕਿਵੇਂ ਵਗ ਲੈਂਦਾ ਹੈਂ ਲਗਾਤਾਰ?
ਅੱਗੋਂ ਦਰਿਆ ਨੇ ਪੁੱਛਿਆ
ਵਗਣਾ ਕੀ ਹੁੰਦਾ?
ਦਰਿਆ ਨਾਲ ਤੁਰਦਿਆਂ
ਸਮੁੰਦਰ ਕੋਲ ਪੁੱਜਿਆ
ਜੋ ਚੰਦ ਵੱਲ ਦੇਖ ਕੇ ਹੱਸ ਰਿਹਾ ਸੀ
ਓਸ ਨੂੰ ਪੁੱਛਿਆ-
ਏਨਾ ਗਹਿਰਾ ਕਿਵੇਂ ਹੋਇਆ?
ਸਮੁੰਦਰ ਪੁੱਛਣ ਲੱਗਾ
ਗਹਿਰਾਈ ਕੀ ਹੁੰਦੀ?
ਫਿਰ ਮੈਂ ਚੰਦ ਨੂੰ ਪੁੱਛਿਆ-
ਏਨਾ ਸ਼ਾਂਤ ਕਿਉਂ ਹੈਂ?
ਚੰਦ ਨੇ ਹੈਰਾਨ ਹੋ ਪੁੱਛਿਆ-
ਇਹ ਸ਼ਾਂਤੀ ਕੀ ਚੀਜ਼ ਹੋਈ?
ਮੇਰੇ ਸੁਪਨੇ ‘ਚ
ਦਰਿਆ ਸਮੁੰਦਰ ਤੇ ਚੰਦ ਆਉਂਦੇ ਹਨ
ਆਖਦੇ ਹਨ-
ਬੰਦਾ ਬਣ
ਮੈਥੋਂ ਪਰਤ ਕੇ ਪੁੱਛ ਨਹੀਂ ਹੁੰਦਾ
ਇਹ ਬੰਦਾ ਕੀ ਹੁੰਦਾ?
43. ਮਕਾਨ ਬਣਾਉਂਦਿਆਂ
ਪਾਣੀ ਸੁੱਕੀਆ ਇੱਟਾਂ ਤੇ ਪੈਂਦਾ
ਇੱਟਾਂ ਤਰ ਹੋ ਮੁਸਕ੍ਰਾਉਂਦੀਆਂ
ਪਾਣੀ ਰੇਤੇ ਚੂਨੇ ਤੇ ਪੈਂਦਾ
ਉਹ ਖੁਸ਼ ਹੁੰਦੇ
ਪਰ ਪਾਣੀ ਮੈਨੂੰ ਉਦਾਸ ਲੱਗਦਾ
ਉਸ ਨੂੰ ਬੜੀ ਦੇਰ ਹੋਈ
ਸਮੁੰਦਰ ਤੋਂ ਆਇਆਂ
ਮੱਛੀਆਂ ਤੋਂ ਵਿਛੜਿਆਂ
ਪਾਣੀ ਮੱਛੀਆਂ ਨੂੰ ਮਿਲਣਾ ਚਾਹੁੰਦਾ
44. ਪਤਾ ਨਹੀਂ
ਰਾਤ ਪੈਂਦੀ ਹੈ
ਦਿਨ ਚੜ੍ਹਦਾ ਹੈ
ਕਦੇ ਦਿਨ ਨਹੀਂ ਪੈਂਦਾ
ਰਾਤ ਨਹੀਂ ਚੜ੍ਹਦੀ
ਕਦੇ ਰਾਤ ਨਹੀਂ ਪੈਂਦਾ
ਦਿਨ ਨਹੀਂ ਚੜ੍ਹਦੀ
ਇਹ ਕਾਦਰ ਦੀ ਕੁਦਰਤ ਹੈ
ਕਿ ਮਰਦਾਨਵੀ ਸਿਆਸਤ ਹੈ
ਸਾਜਿਸ਼ ਦੀ ਭਾਸ਼ਾ ਹੈ
ਕਿ ਭਾਸ਼ਾ ਦੀ ਸਾਜਿਸ਼ ਹੈ
45. ਸੰਯੋਗ-ਵਿਯੋਗ
ਮੈਂ ਆਇਆ ਤੈਥੋਂ ਦੂਰ ਜਦ
ਉਹ ਆਇਆ ਮੇਰੇ ਕੋਲ ਤਦ
ਜੋ ਕਰਦਾ ਤੇਰੇ ਕੋਲ ਕੋਲ
ਜਦ ਹੁੰਨਾਂ ਤੇਥੋਂ ਦੂਰ ਦੂਰ
ਮੈਂ ਆਇਆ ਤੈਥੋਂ ਦੂਰ ਜਦ
ਉਹ ਹੋਇਆ ਮੈਥੋਂ ਦੂਰ ਤਦ
ਜੋ ਰਹਿੰਦਾ ਮੇਰੇ ਨਾਲ ਨਾਲ
ਤੇ ਕਰਦਾ ਤੇਥੋਂ ਦੂਰ ਦੂਰ
ਜਦ ਹੁੰਨਾਂ ਤੇਰੇ ਕੋਲ ਕੋਲ
ਬਿੱਗ ਕਰੰਚ ਤੇ ਬਿੱਗ ਬੈਂਗ ਦੀਆਂ
ਸਮਝਾਂ ਲੱਗੀਆਂ ਪੈਣ ਪੈਣ
46. ਕਾਮ ਸਮਾਧੀ
ਸੀਮਾ ਘੇਰਾ
ਘੇਰੇ ਅੰਦਰ ਡੇਰਾ
ਡੇਰੇ ਨੇ ਕਰਾਈ ਬੱਸ
ਚੱਲ ਜਾਣੀਏ ਰਹੱਸ
ਅਸੀਮਤ ਸਮਾਨ ਨਾ
ਸੀਮਤ ਅਸਮਾਨ ਨਾ
ਗਿਣੀ ਮਿਣੀ ਦੇਹ
ਅਣਮਿਣੀ ਤੇਹ
ਮਾਰ ਲਿਆ ਝੱਖ
ਬੰਦ ਕਰ ਅੱਖ
ਲੌਜਿਕ ਲਗਾਮ
ਘੋੜਿਆ ਗੁਲਾਮ
ਖੋਪਿਆਂ ਤੋਂ ਪਾਰ
ਨਹੀਂ ਪਾਰਾਵਾਰ
ਕਾਮ ਕਾਮਨਾ ਅਮੁੱਕ
ਸਕਦੇ ਨਾ ਸੁੱਕ
ਗੁਰੂਤਾ ਨੁੰ ਛੱਡੀਏ
ਪੁਲਾਡ ਵਿਚ ਉਡੀਏ
ਏਸ ਛਿਣ ਹੁਣੇ ਅੰਤ
ਆਉਣ ਵਾਲੇ ਨੇ ਬੇਅੰਤ
ਏੇਸ ਨਾਲ ਲੜੀਏ
ਆਉਣ ਵਾਲੇ ਫੜੀਏ
ਅਣਮੁੱਕ ਨੂੰ ਮੁਕਾਈਏ
ਅਦਿਸਦੇ ਨੂੰ ਪਾਈਏ
ਅਵਾਪਰੇ ਨੂੰ ਜਾਣੀਏ
ਅਨੰਤਤਾ ਨੂੰ ਮਾਣੀਏ
ਘੇਰੇ ਤੋਂ ਮੁਕਤੀ
ਲੜਾਓ ਕੋਈ ਜੁਗਤੀ
47. ਸਮੂਹਿਕ ਵਿਆਹ
ਸਮੂਹਿਕ ਵਿਆਹ
ਸਿਰਫ਼ ਨਾਮਧਾਰੀਆਂ
ਤੇ ਗਰੀਬ ਬੱਚੀਆਂ ਦੇ ਹੀ ਨਹੀਂ ਹੁੰਦੇ
ਜਿਥੇ ਵੀ ਵਿਆਹ ਹੋ ਰਿਹਾ ਹੋਵੇ ਮੁੰਡੇ ਤੇ ਕੁੜੀ ਦਾ
ਹੋ ਰਹੇ ਹੁੰਦੇ ਉਥੇ ਹੋਰ ਕਿੰਨੇ ਸਾਰੇ ਵਿਆਹ
ਦਿਸਦੇ ਅਣਦਿਸਦੇ
ਇਸਤਰੀ-ਲਿੰਗਾਂ ਪੁਲਿੰਗਾਂ ਦੇ ਜੋੜਿਆਂ ਦੇ
ਮਸਲਨ
ਦਾਜ ਤੇ ਜਾਇਦਾਦ ਦਾ
ਸੁਹੱਪਣ ਤੇ ਕਮਾਈ ਦਾ
ਕਾਰੋਬਾਰ ਤੇ ਲਿਆਕਤ ਦਾ
ਟੌਹਰ ਤੇ ਸੁਆਗਤ ਦਾ
ਰੁਤਬੇ ਤੇ ਸੇਵਾ ਦਾ
ਸੁਰੱਖਿਆ ਤੇ ਬੰਧਨ ਦਾ
ਮਜਬੂਰੀ ਤੇ ਸਮਝੌਤੇ ਦਾ
—– ਤੇ —– ਦਾ
—————
—————
ਜਿਥੇ ਵੀ ਹੋ ਰਿਹਾ ਹੋਵੇ ਵਿਆਹ
ਸਮੂਹਿਕ ਵਿਆਹ ਹੀ ਹੁੰਦਾ
ਜਿਓਂ ਜਿਓਂ ਮਨੁੱਖ ਚੜ੍ਹਦਾ ਜਾਏ
ਸਭਿਅਤਾ ਦੀਆਂ ਪੌੜੀਆਂ
ਸਮੂਹਿਕ ਵਿਆਹ ਦੇ ਮੰਡਪ ਵਿਚ
ਵਧਦੀ ਜਾਏ ਇਹਨਾਂ ਜੋੜਿਆਂ ਦੀ ਗਿਣਤੀ
48. ਸ਼ਹੀਦੀ ਸ਼ਤਾਬਦੀ
ਸ਼ਾਂਤਮਈ ਦੇ ਪੁੰਜ
ਸ਼ਹੀਦਾਂ ਦੇ ਸਿਰਤਾਜ
ਤਪਦੀ ਤਵੀ ਨੂੰ ਠਾਰਦੇ
ਬਾਣੀ ਉਚਾਰਦੇ-
‘ਬ੍ਰਹਮ ਗਿਆਨੀ ਕਾ ਧੀਰਜ ਏਕ’
ਮੀਆਂਮੀਰ ਕੁਰਲਾ ਰਿਹਾ
ਬੇਵਸੀ ਦੇ ਅੱਥਰੂ ਵਹਾ ਰਿਹਾ
ਹਿੰਦੂ ਸੁਆਣੀ ਨਿਢਾਲ ਹੈ
ਗੱਚ ਭਰਿਆ ਬੁਰਾ ਹਾਲ ਹੈ
ਪਾਤਸ਼ਾਹ ਧੀਰਜ ਧਰਾਉਂਦੇ
ਤੇ ਸਮਝਾਉਂਦੇ
‘ਸਾਧ ਸੰਗਿ ਦੁਸਮਨ ਸਭਿ ਮੀਤ’
ਸ਼ਾਂਤ ਚਿੱਤ ਮਨ ਸੀਤ
‘ਗੁਰ ਪੂਰੇ ਵੈਰੀ ਮਿਤਰ ਸਮਾਨ’
ਉਚਰੀ ਬਾਣੀ ਨਿਭੈ ਪ੍ਰਾਣ
ਸ਼ਹੀਦੀ ਦ੍ਰਿਸ਼ ਦਾ ਚਿਤਰ
ਵੱਡੇ ਪੰਡਾਲ ਦੇ ਵੱਡੇ ਮੰਚ ਪਿੱਛੇ ਲਗਾਇਆ ਗਿਆ
ਪਾਤਸ਼ਾਹ ਦੀ ਕ੍ਰਿਸ਼ਮਈ ਘਾਲ
ਸ਼ਬਦ ਗੁਰੂ ਸੁਸ਼ੋਭਿਤ ਕਰਾਇਆ ਗਿਆ
ਸ਼ਰਧਾਂਜਲੀ ਸਮਾਰੋਹ ਜਾਰੀ ਸੀ
ਪੰਥਕ ਮੁੱਖੀ ਦੇ ਭਾਸ਼ਨ ਦੀ ਵਾਰੀ ਸੀ
ਜ਼ਮਾਨਤੀ ਰਿਹਾਈ ਕਈ ਕੇਸਾਂ ‘ਚ ਖੁਆਰੀ ਸੀ
ਅਖੇ-
ਚੋਣਾਂ ਨੇੜੇ ਆ ਰਹੀਆਂ
ਅਸੀਂ ਕੁਰਸੀ ਤੇ ਬਵਾਂਗੇ
ਗਿਣ ਗਿਣ ਬਦਲੇ ਲਵਾਂਗੇ
ਬੋਲੇ ਸੋ ਨਿਹਾਲ
ਚਾਪਲੂਸ ਮੂੰਹ ਚੋਂ ਜੈਕਾਰਾ ਆਇਆ
ਪਾਤਸ਼ਾਹ ਮੁਸਕਰਾ ਰਹੇ
ਤੇ ਮੀਆਂ ਮੀਰ ਕੁਰਲਾ ਰਿਹਾ
49. ਗੋਆ ਬੀਚ
ਕੋਈ ਗਿਆਨ ਮੁਦਰਾ
ਤੇ ਕੋਈ ਧਿਆਨ ਮੁਦਰਾ ‘ਚ
ਅਰਧ ਅਲਪ ਨਿਰ ਵਸਤਰ
ਸਮੁੰਦਰ ਕਿਨਾਰੇ ਲੇਟੀਆਂ
ਮਾਵਾਂ ਭੈਣਾਂ ਪਤਨੀਆਂ
ਸਹੇਲੀਆਂ ਬਹੂ ਬੇਟੀਆਂ
ਲੰਮੇ ਸਾਹ ਭਰਦੀਆਂ
ਤਨਾਂ ਮਨਾਂ ਨੂੰ ਸੁਰ ਕਰਦੀਆਂ
ਬੰਦ ਨੈਣ ਪੂਰਨ ਵਿਸ਼ਰਾਮ
ਪ੍ਰਾਣਾਯਾਮ
ਧਿਆਨ ਧਰਦੀਆਂ
ਕੁਝ ਕਿਤਾਬਾਂ ਪੜ੍ਹਦੀਆਂ
ਸ਼ਬਦਾਂ ਦੇ ਵਹਿਣੀ ਹੜ੍ਹਦੀਆਂ
ਸਾਲ ਛਿਮਾਹੀ ਦੇ ਥਕੇਵੇਂ ਧੋਂਦੀਆਂ
ਅਕੇਵੇਂ ਨਿਚੋੜਦੀਆਂ
ਤੀਰਥ ਯੋਗ ਪਾਉਂਦੀਆਂ
ਰੋਮਾਂ ਥਾਣੀਂ ਧੁੱਪ ਕਣ ਰਚਾਉਂਦੀਆਂ
ਅਬੋਲ ਸੂਰਯਾ ਨਮਸਕਾਰ ਗਾਉਂਦੀਆਂ
ਕੁਝ ਲਹਿਰਾਂ ਨਾਲ ਲਹਿਰਦੀਆਂ
ਛੱਲਾਂ ਨਾਲ ਛਲਕਦੀਆਂ
ਕਦੇ ਲਾਉਣ ਟੁੱਭੀਆਂ
ਕਦੇ ਤਲ ਤੇ ਤਰਦੀਆਂ
ਮਾਰਨ ਕਿਲਕਾਰੀਆਂ
ਹਸੀ ਯੋਗ ਕਰਦੀਆਂ
ਮੈਂ ਜੋ ਮੁੰਡੀਹਰ ਬਣ
ਮੇਲਾ ਵੇਹਣ ਆਇਆ ਸੀ
ਮਨ ਖਚਰ ਅੱਖ ਲਚਰ
ਭਰ ਕੇ ਲਿਆਇਆ ਸੀ
ਗਿਆਨ ਧਿਆਨ ਯੋਗ ਦਾ
ਸ਼ਿਵਰ ਤੱਕ ਕੇ ਜਾ ਰਿਹਾਂ
ਕੇਸੀਂ ਪਾਣੀ ਖਾਰਾ
ਚੱਪਲੀਂ ਰੇਤਾ
ਮਨ ‘ਚ
ਸ਼ਰਮਿੰਦਗੀ ਲਿਜਾ ਰਿਹਾਂ
50. ਕਵੀ ਦਾ ਭ੍ਰਿਸ਼ਟਾਚਾਰ
ਕਿੰਨੇ ਰਸਤਿਆਂ ਤੋਂ
ਕਿੰਨੀਆਂ ਗਰਮੀਆਂ ਸਰਦੀਆਂ
ਦ੍ਰਿਸ਼ ਤੇ ਆਵਾਜ਼ਾਂ
ਅਨੁਭਵ ਬੋਧ
ਸੁਆਦ ਸੋਹਜ
ਕਵੀ ਤੱਕ ਆਉਂਦੇ
ਰਲ਼ਕੇ ਓਸ ਤੋਂ ਕਵਿਤਾ ਲਿਖਵਾਉਂਦੇ
ਕਵੀ ਇਕੱਲਾ ਕਵਿਤਾ ਨਹੀਂ ਲਿਖਦਾ
ਜੋ ਸਭ ਕਾਸੇ ਨੂੰ ਆਪਣੇ ਤੱਕ ਆਉਣ ਦਿੰਦਾ
ਆਪਣੇ ਰਾਹੀਂ ਕਵਿਤਾ ਲਿਖਣ ਦਿੰਦਾ
ਕਵੀ ਅਖਵਾਉਂਦਾ
ਉਜ ਕਵੀ ਇਕੱਲਾ ਕਵਿਤਾ ਨਹੀਂ ਲਿਖਦਾ
ਕਵੀ ਜਦ ਕਵਿਤਾ ਗਾਉਂਦਾ
ਸੁਣਾਉਂਦਾ
ਪੜ੍ਹਾਉਂਦਾ
ਸ਼ਾਬਾਸ਼ੇ ਦਾਦ ਪ੍ਰਸੰਸਾ ਸ਼ੁਭ ਕਾਮਨਾਵਾਂ ਪਾਉਂਦਾ
ਜੇ ਇਸ ਸਭ ਕਾਸੇ ਨੂੰ
ਉਹਨਾਂ ਸਾਰਿਆਂ ਤੱਕ ਨਹੀ ਪਹੁੰਚਾਉਂਦਾ
ਜੋ ਉਸ ਨਾਲ ਰਲਕੇ ਕਵਿਤਾ ਰਚਦੇ
ਤਾਂ ਕਵੀ
ਸਭ ਤੋਂ ਵੱਧ ਭਰਿਸ਼ਟਾਚਾਰੀ ਹੈ
ਇਸ ਭਰਿਸ਼ਟਾਚਾਰ ਦੀ ਖਬਰ
ਕਿਸੇ ਅਖ਼ਬਾਰ ਵਿਚ ਨਹੀਂ ਛਪਦੀ