ਜਿਵੇਂ ਸੰਸਾਰਪੁਰ ਨੂੰ ਹਾਕੀ ਖਿਡਾਰੀਆਂ ਦਾ ਪਿੰਡ ਕਿਹਾ ਜਾਂਦੈ ਉਵੇਂ ਢੁੱਡੀਕੇ ਨੂੰ ਲਿਖਾਰੀਆਂ ਦਾ ਪਿੰਡ ਕਿਹਾ ਜਾ ਸਕਦੈ। ਇਸ ਪਿੰਡ ਨਾਲ ਸੰਬੰਧਿਤ ਦਰਜਨ ਕੁ ਲੇਖਕ ਹਨ ਜਿਨ੍ਹਾਂ ਦੀਆਂ ਡੇਢ ਸੌ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਲੰਮਾ ਸਮਾਂ ਢੁੱਡੀਕੇ ਰਹਿਣ ਕਾਰਨ ਮੈਨੂੰ ਵੀ ਢੁੱਡੀਕੇ ਦਾ ਹੀ ਸਮਝਿਆ ਜਾਂਦਾ ਹੈ। ਮੇਰੀਆਂ ਲਿਖਤਾਂ ਉਤੇ ਢੁੱਡੀਕੇ ਦੇ ਪੌਣ ਪਾਣੀ ਦਾ ਖਾਸਾ ਪ੍ਰਭਾਵ ਹੈ। ਐਨ ਉਵੇਂ ਜਿਵੇਂ ਰਾਮਪੁਰੀ ਸ਼ਾਇਰਾਂ `ਤੇ ਨਹਿਰ ਸਰਹੰਦ ਦੇ ਪਾਣੀ ਦਾ ਅਸਰ ਹੈ। ਇਹ ਗੱਲ ਉਹ ਖ਼ੁਦ ਕਹਿੰਦੇ ਹਨ। ਕਹਿੰਦੇ ਹਨ ਕਿ ਜਿਹੜਾ ਰਾਮਪੁਰ ਦਾ ਪਾਣੀ ਪੀ ਲਵੇ ਉਹ ਸ਼ਾਇਰ ਬਣ ਈ ਜਾਂਦੈ। ਇਓਂ ਈ ਕਹਿ ਸਕਦੇ ਆਂ ਕਿ ਜਿਹੜਾ ਢੁੱਡੀਕੇ ਦੀ ਹਵਾ `ਚ ਸਾਹ ਲੈ ਲਵੇ ਉਹ ਮਾੜਾ ਮੋਟਾ ਲੇਖਕ ਬਣ ਈ ਜਾਂਦੈ।
1865 ਵਿੱਚ ਢੁੱਡੀਕੇ ਦੇ ਕੱਚੇ ਕੋਠੇ `ਚ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ ਸੀ। ਉਸ ਨੇ ਰਾਜਨੀਤਕ ਸਰਗਰਮੀਆਂ ਦੇ ਨਾਲ ਕਈ ਕਿਤਾਬਾਂ ਵੀ ਲਿਖੀਆਂ। ਉਸ ਨੂੰ ਢੁੱਡੀਕੇ ਦਾ ਪਹਿਲਾ ਲੇਖਕ ਕਹਿ ਸਕਦੇ ਹਾਂ। ਉਹ ਬੁਲਾਰਾ ਵੀ ਬਹੁਤ ਤਕੜਾ ਸੀ। 1919 `ਚ ਜਸਵੰਤ ਸਿੰਘ ਗਿੱਲ ਦਾ ਜਨਮ ਹੋਇਆ ਜੀਹਨੇ ਆਪਣੇ ਨਾਂ ਨਾਲ ‘ਕੰਵਲ’ ਦਾ ਤਖ਼ੱਲਸ ਜੋੜਿਆ। ਏਸੇ ਸਾਲ ਅੰਮ੍ਰਿਤਾ ਜੰਮੀ ਜੀਹਦੇ ਨਾਂ ਨਾਲ ਪ੍ਰੀਤਮ ਜੁੜਿਆ। ਇੰਦਰਾ ਵੀ ਇਸੇ ਸਾਲ ਜੰਮੀ ਸੀ ਜੋ ਮਗਰੋਂ ਇੰਦਰਾ ਗਾਂਧੀ ਬਣੀ। ਉਹ ਤਾਂ ਰੱਬ ਨੂੰ ਪਿਆਰੀਆਂ ਹੋ ਗਈਆਂ ਹਨ ਪਰ ਕੰਵਲ ਅਜੇ ਕਾਇਮ ਹੈ। ਉਸ ਨੇ 1940 ਦੇ ਆਸ ਪਾਸ ਲਿਖਣਾ ਸ਼ੁਰੂ ਕੀਤਾ ਸੀ ਤੇ ਹੁਣ ਤਕ ਲਿਖੀ ਜਾਂਦਾ ਹੈ। ਉਸ ਦੀਆਂ ਕਿਤਾਬਾਂ ਦੀ ਗਿਣਤੀ ਸੱਠਾਂ ਤੋਂ ਟੱਪ ਗਈ ਹੈ। ਕਿਹਾ ਜਾਂਦੈ ਕਿ ਉਹ ਪੰਜਾਬੀ ਵਿੱਚ ਸਭ ਤੋਂ ਵੱਧ ਰਾਇਲਟੀ ਕਮਾਉਣ ਵਾਲਾ ਲੇਖਕ ਹੈ।
2007 ਦੀ ਗੱਲ ਹੈ। ਲਾਹੌਰ ਬੁੱਕ ਸ਼ਾਪ ਵਾਲੇ ਜੀਵਨ ਸਿੰਘ ਦਾ ਲੜਕਾ ਤੇਜਿੰਦਰਬੀਰ ਸਿੰਘ ਮੈਨੂੰ ਕਹਿਣ ਲੱਗਾ, “ਪਾਪਾ ਜੀ ਨੇ ਕੰਵਲ ਸਾਹਿਬ ਦੇ ਕੁੱਝ ਨਾਵਲ ਛਾਪੇ ਸਨ। ਫਿਰ ਪਤਾ ਨਹੀਂ ਕੀ ਗੱਲ ਹੋਈ ਕਿ ਉਨ੍ਹਾਂ ਨੇ ਕੋਈ ਹੋਰ ਕਿਤਾਬ ਛਪਣੀ ਨਹੀਂ ਦਿੱਤੀ। ਰੱਬ ਜਾਣੇ ਕੀ ਰੋਸ ਸੀ? ਪਾਪਾ ਜੀ ਤਾਂ ਗੁਜ਼ਰ ਗਏ ਹਨ। ਅਸੀਂ ਚਾਹੁਨੇ ਆਂ ਕਿ ਕੰਵਲ ਸਾਹਿਬ ਨੂੰ ਫਿਰ ਛਾਪੀਏ। ਇਸ ਕੰਮ `ਚ ਤੁਸੀਂ ਸਾਡੀ ਮਦਦ ਕਰੋ। ਰਾਇਲਟੀ ਬਾਰੇ ਜਿਵੇਂ ਉਹ ਕਹਿਣਗੇ ਕਰ ਲਵਾਂਗੇ।”
ਤੇਜਿੰਦਰਬੀਰ ਨੂੰ ਕਿਤੋਂ ਪਤਾ ਲੱਗ ਚੁੱਕਾ ਸੀ ਕਿ ਕੰਵਲ ਨੇ ਨਵੀਂ ਪੁਸਤਕ ‘ਪੁੰਨਿਆ ਦਾ ਚਾਨਣ’ ਲਿਖੀ ਹੈ। ਉਹ ਅਗਾਊਂ ਰਾਇਲਟੀ ਦੇਣ ਨੂੰ ਤਿਆਰ ਸੀ। ਅਸੀਂ ਨਾਵਲਕਾਰ ਸ਼ਿਵਚਰਨ ਜੱਗੀ ਦੀ ਮਾਤਾ ਦੇ ਭੋਗ ਉਤੇ ਕੁੱਸੇ ਨੂੰ ਜਾਣਾ ਸੀ। ਮੈਂ ਕਿਹਾ, “ਚਲ ਮੁੜਦੇ ਹੋਏ ਕੰਵਲ ਸਾਹਿਬ ਨੂੰ ਵੀ ਮਿਲਦੇ ਆਵਾਂਗੇ।” ਉਸ ਨੇ ਪੈਸੇ ਜ਼ੇਬ `ਚ ਪਾਏ ਤੇ ਕਾਰ ਕੁੱਸੇ ਨੂੰ ਤੋਰ ਲਈ। ਮੁੜ ਕੇ ਢੁੱਡੀਕੇ ਆਏ ਤਾਂ ਕੰਵਲ ਘਰ ਹੀ ਸੀ। ਰਸਮੀ ਗੱਲਾਂ ਬਾਤਾਂ ਤੋਂ ਬਾਅਦ ਬੀਰ ਨੇ ਪਹਿਲੀ ਐਡੀਸ਼ਨ ਦਾ ਸੱਠ ਹਜ਼ਾਰ ਦੇਣ ਦੀ ਗੱਲ ਕੀਤੀ। ਕੰਵਲ ਨੇ ਕਿਹਾ, “ਮੈਂ ਕਿਸੇ ਹੋਰ ਨੂੰ ਹਾਂ ਕਰੀ ਬੈਠਾਂ। ਪਹਿਲਾਂ ਉਸ ਨੂੰ ਪੁੱਛਣਾ ਪਏਗਾ।” ਬੀਰ ਨੇ ਉਦੋਂ ਹੀ ਆਪਣਾ ਸੈੱਲ ਫੋਨ ਮਿਲਾ ਦਿੱਤਾ ਪਰ ਅੱਗੋਂ ਉਸ ਨਾਲ ਗੱਲ ਨਾ ਹੋ ਸਕੀ। ਬੀਰ ਪੇਸ਼ਗੀ ਵੀਹ ਹਜ਼ਾਰ ਨਾਲ ਮੱਥਾ ਟੇਕਣਾ ਚਾਹੁੰਦਾ ਸੀ। ਕੰਵਲ ਨੇ ਸਮਾਂ ਮੰਗਿਆ ਤੇ ਕਿਹਾ, “ਮੈਂ ਖੁਦ ਲੁਧਿਆਣੇ ਦੁਕਾਨ `ਤੇ ਆਵਾਂਗਾ।” ਬੀਰ ਮਗਰ ਪਿਆ ਰਿਹਾ ਤੇ ‘ਪੁੰਨਿਆ ਦਾ ਚਾਨਣ’ ਪ੍ਰਕਾਸ਼ਤ ਕਰ ਕੇ ਪਿੱਛੋਂ ਲਿਹਾ। ਮੈਂ ਮਨ `ਚ ਕਿਹਾ, “ਕੌਣ ਕਹਿੰਦੈ ਪੰਜਾਬੀ ਸਾਹਿਤਕਾਰਾਂ ਨੂੰ ਕੋਲੋਂ ਪੈਸੇ ਦੇ ਕੇ ਕਿਤਾਬਾਂ ਛਪਾਉਣੀਆਂ ਪੈਂਦੀਐਂ? ਪਰ ਸ਼ਰਤ ਐ ਕਿ ਕਲਮ `ਚ ਜਾਨ ਹੋਵੇ।”
ਫਿਰ ਮੈਂ ਸੋਚਣ ਲੱਗਾ ਕਿ ਕੰਵਲ ਦੇ ਨਾਵਲਾਂ ਨੂੰ ਤਾਂ ਬਹੁਤ ਰਾਇਲਟੀ ਮਿਲੀ ਹੋਵੇਗੀ। ਖ਼ਾਸ ਕਰ ਕੇ ‘ਪੂਰਨਮਾਸ਼ੀ’ ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਵਰਗੇ ਨਾਵਲਾਂ ਨੂੰ, ਜਿਨ੍ਹਾਂ ਦੀਆਂ ਕਈ ਕਈ ਐਡੀਸ਼ਨਾਂ ਛਪੀਆਂ ਹਨ। ਸਾਨੂੰ ਢੁੱਡੀਕੇ ਕਾਲਜ ਦੇ ਪ੍ਰੋਫੈਸਰਾਂ ਨੂੰ ਉਦੋਂ ਇਨਕਮ ਟੈਕਸ ਨਹੀਂ ਸੀ ਲੱਗਦਾ ਜਦੋਂ ਕੰਵਲ ਨੂੰ ਰਾਇਲਟੀ ਦਾ ਲੱਗਦਾ ਸੀ। ਕੰਵਲ ਨੇ ਖੇਤੀ ਕਰਨੀ ਬਹੁਤ ਪਹਿਲਾਂ ਛੱਡ ਦਿੱਤੀ ਸੀ। ਉਸ ਨੇ ਕਲਮ ਦੇ ਸਿਰੋਂ ਆਪਣੀਆਂ ਚਾਰੇ ਲੜਕੀਆਂ ਨੂੰ ਚੰਡੀਗੜ੍ਹ ਦੇ ਹੋਸਟਲਾਂ ਵਿੱਚ ਭੇਜ ਕੇ ਐੱਮ.ਐੱਸ ਸੀ.ਤਕ ਦੀ ਪੜ੍ਹਾਈ ਕਰਾਈ, ਵਿਆਹੀਆਂ ਵਰੀਆਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ। ਇਹ ਵੱਖਰੀ ਗੱਲ ਹੈ ਕਿ ਸੰਤ ਸਿੰਘ ਸੇਖੋਂ ਦੇ ਲੜਕੇ ਵਾਂਗ ਕੰਵਲ ਦਾ ਲੜਕਾ ਸਰਬਜੀਤ ਸਿੰਘ ਵੀ ਦਸਵੀਂ ਤੋਂ ਅਗਾਂਹ ਨਹੀਂ ਲੰਘ ਸਕਿਆ। ਲੰਘ ਜਾਂਦਾ ਤਾਂ ਭਾਵੇਂ ਪੀ ਐੱਚ.ਡੀ ਤਕ ਪੜ੍ਹੀ ਜਾਂਦਾ।
ਸਿਆਣੇ ਕਹਿੰਦੇ ਹਨ ਕਿ ਸੰਗਤ ਦਾ ਬੰਦੇ `ਤੇ ਬੜਾ ਪ੍ਰਭਾਵ ਪੈਂਦੈ। ਢੁੱਡੀਕੇ ਰਹਿੰਦਿਆਂ ਮੇਰੇ ਉਤੇ ਕਈ ਲੇਖਕਾਂ ਦੀ ਸੰਗਤ ਦਾ ਪ੍ਰਭਾਵ ਪਿਆ। ਢੁੱਡੀਕੇ ਦੀ ਸਾਹਿਤ ਸਭਾ ਕਾਫੀ ਸਰਗਰਮ ਸੀ। ਉਸ ਦੀਆਂ ਮਹੀਨੇਵਾਰ ਬੈਠਕਾਂ ਵਿੱਚ ਸਥਾਨਕ ਲੇਖਕਾਂ ਦੇ ਨਾਲ ਉੱਘੇ ਲੇਖਕ ਵੀ ਆਉਂਦੇ ਸਨ। ਕੰਵਲ ਹਰ ਸਾਲ ਕਿਤਾਬ ਛਪਵਾਉਂਦਾ ਸੀ ਅਤੇ ਕਿਤਾਬ ਦੇ ਮੁਖ ਬੰਦ ਥੱਲੇ ਲਿਖਦਾ ਸੀ ਤੁਹਾਡਾ ਬਾਈ-ਜਸਵੰਤ ਸਿੰਘ ਕੰਵਲ, ਪਿੰਡ ਤੇ ਡਾਕ ਘਰ ਢੁੱਡੀਕੇ, ਤਹਿਸੀਲ ਮੋਗਾ, ਜ਼ਿਲਾ ਫਿਰੋਜ਼ਪੁਰ। ਉਸ ਦੇ ਸਿਰਨਾਵੇਂ `ਤੇ ਉਸ ਨੂੰ ਚਿੱਠੀਆਂ ਵੀ ਬਹੁਤ ਆਉਂਦੀਆਂ। ਉਹ ਵੀ ਪੋਸਟ ਕਾਰਡ ਉਤੇ ਕੁੱਝ ਸਤਰਾਂ ਵਿੱਚ ਉੱਤਰ ਦਿੰਦਾ। ਇਓਂ ਉਸ ਦਾ ਪਾਠਕਾਂ ਨਾਲ ਸੰਪਰਕ ਵਧਦਾ ਰਹਿੰਦਾ। ਪਾਠਕ ਤੇ ਲੇਖਕ ਕੰਵਲ ਨੂੰ ਮਿਲਣ ਢੁੱਡੀਕੇ ਆਉਂਦੇ ਰਹਿੰਦੇ। ਉਨ੍ਹਾਂ `ਚੋਂ ਕਈਆਂ ਨਾਲ ਮੇਰਾ ਵੀ ਮੇਲ ਹੋ ਜਾਂਦਾ। ਢੁੱਡੀਕੇ ਇੱਕ ਤਰ੍ਹਾਂ ਲੇਖਕਾਂ ਦਾ ਸਕੂਲ ਬਣਿਆ ਰਿਹਾ ਤੇ ਲੇਖਕ ਵਧਦੇ ਗਏ।
ਕੰਵਲ ਤੋਂ ਬਿਨਾਂ ਡਾ.ਜਸਵੰਤ ਗਿੱਲ, ਕਵੀ ਦਰਸ਼ਨ ਗਿੱਲ, ਡਾ.ਅਜੀਤ ਸਿੰਘ ਦਿੱਲੀ, ਹਰੀ ਸਿੰਘ ਢੁੱਡੀਕੇ, ਨਰਿੰਦਰਪਾਲ ਸ਼ਰਮਾ, ਜੋਗਿੰਦਰ ਨਹਿਰੂ, ਪ੍ਰੋ.ਕੰਵਲਜੀਤ ਸਿੰਘ, ਮਾਸਟਰ ਗੁਰਚਰਨ ਸਿੰਘ, ਅੱਛਰ ਸਿੰਘ ਤੇ ਸੰਦੇਸ਼ੀ ਸਭ ਢੁੱਡੀਕੇ ਦੇ ਹਨ। ‘ਢੁੱਡੀਕੇ ਦੇ ਗਦਰੀ ਬਾਬੇ’ ਲਿਖਣ ਵਾਲਾ ਪ੍ਰਿੰ.ਧਰਮ ਸਿੰਘ ਸਹੋਤਾ ਤੇ ਮਾਰਕਸਵਾਦੀ ਲੇਖਕ ਪ੍ਰੋ.ਗੁਰਮੀਤ ਸਿੰਘ ਟਿਵਾਣਾ ਵੀ ਢੁੱਡੀਕੇ ਦੇ ਆਖੇ ਜਾਂਦੇ ਹਨ। ਕੁੱਝ ਨਵੇਂ ਉਠਦੇ ਲੇਖਕ ਵੀ ਹਨ। ਕਹਾਣੀਕਾਰ ਸੁਜਾਨ ਸਿੰਘ ਸਾਹਿਤ ਸਭਾ ਢੁੱਡੀਕੇ ਵਿੱਚ ਆਉਂਦਾ ਰਿਹਾ ਤੇ ਫਿਰ ਲਾਜਪਤ ਰਾਏ ਕਾਲਜ ਦਾ ਪ੍ਰਿੰਸੀਪਲ ਲੱਗਾ ਰਿਹਾ। ਉਹਦੇ ਵੇਲੇ ਢੁੱਡੀਕੇ `ਚ ਲੇਖਕਾਂ ਦਾ ਆਉਣ ਜਾਣ ਹੋਰ ਵੀ ਵਧ ਗਿਆ ਸੀ। ਸੰਤੋਖ ਸਿੰਘ ਧੀਰ ਤੋਂ ਲੈ ਕੇ ਜਗਜੀਤ ਸਿੰਘ ਅਨੰਦ ਤਕ ਸਭ ਆਉਂਦੇ ਜਾਂਦੇ ਸਨ। ਗੁਰਸ਼ਰਨ ਸਿੰਘ ਨੇ ਕਈ ਡਰਾਮੇ ਢੁੱਡੀਕੇ `ਚ ਸਟੇਜ ਕੀਤੇ। ਉਥੇ ਕਵੀ ਦਰਬਾਰ ਲੱਗਦੇ ਤੇ ਗੋਸ਼ਟੀਆਂ ਹੁੰਦੀਆਂ। ਕਹਿੰਦੇ ਕਹਾਉਂਦੇ ਲੇਖਕ ਤੇ ਪ੍ਰਕਾਸ਼ਕ ਕੰਵਲ ਨੂੰ ਮਿਲਣ ਆਉਂਦੇ।
ਜਦੋਂ ਆਤਮ ਹਮਰਾਹੀ ਨੱਥੂਵਾਲੇ ਰਹਿੰਦਾ ਸੀ ਤਾਂ ਢੁੱਡੀਕੇ ਉਸ ਦਾ ਪੱਕਾ ਅੱਡਾ ਹੁੰਦਾ ਸੀ। ਗੋਲ ਮੋਲ ਜੁੱਸੇ ਨਾਲ ਉਹ ਤੁਰਦਾ ਨਹੀਂ ਰੁੜ੍ਹਦਾ ਲੱਗਦਾ ਸੀ। ਮੋਗੇ ਦਾ ਦੇਸ ਰਾਜ ਮੋਗੇ ਦੀ ਲਿਖਾਰੀ ਸਭਾ ਦੇ ਮੈਂਬਰ ਆਪਣੇ ਨਾਲ ਲਿਆਉਂਦਾ। ਜਗਰਾਓਂ ਤੋਂ ਕੇਸਰ ਸਿੰਘ ਨੀਰ ਆਪਣੇ ਸਾਥੀਆਂ ਨੂੰ ਲੈ ਆਉਂਦਾ। ਦੌਧਰ ਦਾ ਭਾਗ ਸਿੰਘ ਉਪਾਸ਼ਕ ਤਾਂ ਸੀ ਹੀ ਗੁਆਂਢੀ। ਕਰਮਜੀਤ ਕੁੱਸਾ ਢੁੱਡੀਕੇ ਦੇ ਗੇੜੇ ਕੱਢਦਾ ਰਹਿੰਦਾ। ਜਗਤਾਰ ਪਪੀਹਾ, ਸ਼ਿਵ ਕੁਮਾਰ, ਤਰਸੇਮ ਪੁਰੇਵਾਲ, ਸ਼ੇਰ ਜੰਗ ਜਾਂਗਲੀ, ਨਿਰੰਜਣ ਤਸਨੀਮ, ਜਗਤਾਰ ਸਿੰਘ ਬਰਨਾਲਾ ਤੇ ਹਰ ਵੇਲੇ ਈ ਇੱਕ ਅੱਖ ਮੀਚੀ ਰੱਖਣ ਵਾਲਾ ਫੋਟੋਗਰਾਫਰ ਹਰਭਜਨ ਬਟਾਲਵੀ ਸ਼ੌਕ ਨਾਲ ਕੰਵਲ ਨੂੰ ਮਿਲਣ ਆਉਂਦੇ। ਬਲਰਾਜ ਸਾਹਨੀ ਦਾ ਜ਼ਿਕਰ ਮੈਂ ਕਰ ਈ ਚੁੱਕਾਂ। ਕੰਵਲ ਨੇ ਇੱਕ ਵਾਰ ਢੁੱਡੀਕੇ `ਚ ਲੇਖਕਾਂ ਦੀ ਕਾਨਫਰੰਸ ਕੀਤੀ ਸੀ ਜਿਸ ਵਿੱਚ ਗਿਆਨੀ ਹੀਰਾ ਸਿੰਘ ਦਰਦ ਤੇ ਸੰਤ ਸਿੰਘ ਸੇਖੋਂ ਤੋਂ ਲੈ ਕੇ ਪੰਜਾਬੀ ਦੇ ਉੱਘੇ ਲੇਖਕ ਢੁੱਡੀਕੇ ਦੀ ਇੱਕ ਧਰਮਸ਼ਾਲਾ `ਚ `ਕੱਠੇ ਹੋਏ ਸਨ। ਉਨ੍ਹਾਂ ਨੇ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਸੀ। ਕੰਵਲ ਕਰਕੇ ਢੁੱਡੀਕੇ ਸਾਹਿਤਕ ਸਰਗਰਮੀਆਂ ਦਾ ਗੜ੍ਹ ਰਿਹਾ ਜਿਸ ਨਾਲ ਨਵੇਂ ਲੇਖਕਾਂ ਨੂੰ ਕਾਫੀ ਕੁੱਝ ਸਿੱਖਣ ਦਾ ਮੌਕਾ ਮਿਲਿਆ।
ਹੁਣ ਜਦੋਂ ਮੈਂ ਢੁੱਡੀਕੇ ਤੋਂ ਦੂਰ ਟੋਰਾਂਟੋ `ਚ ਬੈਠਾ ਹਾਂ ਤਾਂ ਮੈਨੂੰ ਨਾਵਲ ‘ਲਹੂ ਦੀ ਲੋਅ’ ਯਾਦ ਆ ਰਿਹੈ। ਕੰਵਲ ਨੇ ਨਾਵਲ ‘ਲਹੂ ਦੀ ਲੋਅ’ ਲਿਖਿਆ ਤਾਂ ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਸੀ ਤੇ ਕੋਈ ਪ੍ਰਕਾਸ਼ਕ ਉਸ ਨੂੰ ਛਾਪਣ ਦਾ ਜੇਰਾ ਨਹੀਂ ਸੀ ਕਰ ਰਿਹਾ। ਕੰਵਲ ਨੇ ਇੱਕ ਛਾਪੇਖਾਨੇ `ਚ ਚੋਰੀ ਛਿਪੇ ਕੁੱਝ ਸਫ਼ੇ ਕੰਪੋਜ਼ ਕਰਾਉਣੇ ਤੇ ਪਰੂਫ ਸਾਂਭ ਲੈਣੇ। ਫਿਰ ਸਾਰੇ ਨਾਵਲ ਦੇ ਪਰੂਫ ਦੋ ਤਿੰਨ ਫਾਈਲਾਂ `ਚ ਲੁਕੋ ਕੇ ਮਲਾਇਆ ਨੂੰ ਚਾਲੇ ਪਾ ਦਿੱਤੇ। ਮਲਾਇਆ ਵਿੱਚ ਇੱਕ ਚੀਨੇ ਦੇ ਛਾਪੇਖਾਨੇ ਤੋਂ ਪਰੂਫਾਂ ਦੀਆਂ ਪਲੇਟਾਂ ਨਾਲ ‘ਲਹੂ ਦੀ ਲੋਅ’ ਛਾਪੀ ਗਈ। ਗਿਣਤੀ ਦੀਆਂ ਕੁੱਝ ਕਿਤਾਬਾਂ ਭਾਰਤ ਵਿੱਚ ਸਮੱਗਲ ਹੋਈਆਂ ਪਰ ਬਹੁਤੀਆਂ ਵਿਦੇਸ਼ਾਂ ਵਿੱਚ ਭੇਜੀਆਂ ਗਈਆਂ। ਕੰਵਲ ਨੇ ਘਰ ਦਿਆਂ ਨੂੰ ਕਹਿ ਰੱਖਿਆ ਸੀ ਕਿ ਉਸ ਨੂੰ ਕਿਸੇ ਵੇਲੇ ਵੀ ਜੇਲ੍ਹ ਜਾਣਾ ਪੈ ਸਕਦੈ। ਪਰ ਉਸ ਦੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਐਮਰਜੈਂਸੀ ਚੁੱਕੀ ਗਈ।
ਐਮਰਜੈਂਸੀ ਹਟੀ ਤਾਂ ਆਰਸੀ ਪਬਲਿਸ਼ਰਜ਼ ਨੇ ‘ਲਹੂ ਦੀ ਲੋਅ’ ਪ੍ਰਕਾਸ਼ਿਤ ਕੀਤੀ ਜਿਸ ਦੀ ਰਿਕਾਰਡ ਤੋੜ ਵਿਕਰੀ ਹੋਈ। ਮਲਾਇਆ ਵਾਲੀ ਛਾਪ ਦਾ ਮੁੱਲ ਤੀਹ ਰੁਪਏ ਸੀ ਜਦ ਕਿ ਆਰਸੀ ਨੇ ਕੀਮਤ ਪੰਦਰਾਂ ਰੁਪਏ ਰੱਖੀ ਸੀ। ਮੈਨੂੰ ਉਹ ਦ੍ਰਿਸ਼ ਯਾਦ ਹੈ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ‘ਲਹੂ ਦੀ ਲੋਅ’ ਲੈਣ ਵਾਲਿਆਂ ਦਾ ਧੱਕਾ ਪੈ ਰਿਹਾ ਸੀ। ਕਈਆਂ ਨੇ ਤੀਹ ਤੀਹ ਰੁਪਏ ਹੱਥਾਂ `ਚ ਫੜੇ ਹੋਏ ਸਨ। ਜਦੋਂ ਸਟਾਲ ਵਾਲੇ ਤੀਹਾਂ ਦੀ ਥਾਂ ਪੰਦਰਾਂ ਰੁਪਿਆਂ `ਚ ਕਿਤਾਬ ਦਿੰਦੇ ਤਾਂ ਉਹ ਪੁੱਛਦੇ, “ਇਹ ਅਸਲੀ ‘ਲਹੂ ਦੀ ਲੋਅ’ ਐ?” ਉਨ੍ਹਾਂ ਭਾਣੇ ਅਸਲੀ ਦਾ ਮੁੱਲ ਤਾਂ ਤੀਹ ਰੁਪਏ ਸੀ। ਇਹ ਪੰਦਰਾਂ ਵਾਲੀ ਕਿਤੇ ਨਕਲੀ ਨਾ ਹੋਵੇ!
ਲਹੂ ਦੀ ਲੋਅ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਇਨਾਮ ਐਲਾਨਿਆ ਤਾਂ ਖ਼ਬਰ ਪੜ੍ਹ ਕੇ ਕਾਲਜ ਦੇ ਪ੍ਰੋਫੈਸਰ ਕੰਵਲ ਕੋਲੋਂ ਪਾਰਟੀ ਲੈਣ ਗਏ। ਪਰ ਉਹ ਤਾਂ ਇਨਾਮ ਸਵੀਕਾਰ ਕਰਨ ਤੋਂ ਇਨਕਾਰ ਕਰਨ ਦਾ ਪ੍ਰੈੱਸ ਨੋਟ ਲਿਖੀ ਬੈਠਾ ਸੀ। ਉਸ ਨੇ ਸਾਫ ਕਿਹਾ ਕਿ ਜਿਹੜੀ ਸਰਕਾਰ ਨੌਜੁਆਨਾਂ ਦੀ ਕਾਤਲ ਹੈ ਮੈਂ ਉਸ ਦਾ ਇਨਾਮ ਕਿਵੇਂ ਲੈ ਸਕਦਾਂ? ਭਾਸ਼ਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਕਹਿਣ `ਤੇ ਵੀ ਉਹ ਇਨਾਮ ਲੈਣ ਲਈ ਨਾ ਮੰਨਿਆ। ਇਸ ਬਾਰੇ ਅਖ਼ਬਾਰਾਂ `ਚ ਬਹਿਸ ਚਲਦੀ ਰਹੀ। ਕਈਆਂ ਨੇ ਕੰਵਲ ਦੇ ਸਟੈਂਡ ਨੂੰ ਠੀਕ ਕਿਹਾ ਤੇ ਕਈਆਂ ਨੇ ਗ਼ਲਤ। ਇੱਕ ਲੇਖ ਮੈਂ ਵੀ ਲਿਖਿਆ ‘ਲਹੂ ਦੀ ਲੋਅ ਕੋਲੋਂ’ ਜੋ ਨਵਾਂ ਜ਼ਮਾਨਾ ਵਿੱਚ ਛਪਣ ਨਾਲ ਬਹਿਸ ਮੁੱਕੀ।
ਪੰਜਾਬੀ ਸਾਹਿੱਤ ਅਕਾਡਮੀ ਨੇ ਕੰਵਲ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਣ ਦਾ ਫੈਸਲਾ ਕਰ ਲਿਆ ਪਰ ਐਲਾਨ ਇਸ ਲਈ ਨਾ ਕੀਤਾ ਕਿਤੇ ਭਾਸ਼ਾ ਵਿਭਾਗ ਦੇ ਇਨਾਮ ਵਾਂਗ ਠੁਕਰਾ ਨਾ ਦੇਵੇ। ਅਕਾਡਮੀ ਦੇ ਸਕੱਤਰ ਪ੍ਰੋ.ਪਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਸਵੱਖਤੇ ਈ ਮੇਰੇ ਕੋਲ ਢੁੱਡੀਕੇ ਆਏ ਕਿ ਚਲੋ ਕੰਵਲ ਨੂੰ ਮਿਲਣੈ। ਕੰਵਲ ਦੇ ਘਰ ਗਏ ਤਾਂ ਉਹ ਘਰ ਨਹੀਂ ਸੀ। ਅਗਲੇ ਦਿਨ ਪੁਰਸਕਾਰ ਭੇਟਾ ਕੀਤੇ ਜਾਣੇ ਸਨ। ਮੇਰੀ ਡਿਊਟੀ ਲੱਗੀ ਕਿ ਕੰਵਲ ਨੂੰ ਲੈ ਕੇ ਲੁਧਿਆਣੇ ਪੁੱਜਣਾ ਹੈ। ਕੰਵਲ, ਡਾ.ਜਸਵੰਤ ਗਿੱਲ ਤੇ ਮੈਂ ਸਮੇਂ ਸਿਰ ਅਕਾਡਮੀ ਦੇ ਦਫਤਰ ਵਿੱਚ ਜਾ ਪੁੱਜੇ। ਜਦੋਂ ਪਤਾ ਲੱਗਾ ਕਿ ਪੁਰਸਕਾਰ ਪੰਜਾਬ ਦੇ ਗਵਰਨਰ ਹੱਥੋਂ ਦੁਆਏ ਜਾਣੇ ਹਨ ਤਾਂ ਕੰਵਲ ਫਿਰ ਵਿਟਰ ਗਿਆ ਕਿ ਉਹ ਵੀ ਸਰਕਾਰ ਦਾ ਮੁਖੀ ਹੈ। ਉਦੋਂ ਪ੍ਰੋ.ਪ੍ਰੀਤਮ ਸਿੰਘ ਅਕਾਡਮੀ ਦੇ ਪ੍ਰਧਾਨ ਸਨ। ਕੰਵਲ ਨੂੰ ਮਸਾਂ ਮਨਾਇਆ ਗਿਆ ਕਿ ਇਨਾਮ ਲੈ ਲਓ, ਗਵਰਨਰ ਸਰਕਾਰ ਦਾ ਮੁਖੀ ਨਹੀਂ ਹੁੰਦਾ, ਸੰਵਿਧਾਨਕ ਮੁਖੀ ਹੁੰਦੈ।
ਮੈਨੂੰ ਡਾ.ਜਸਵੰਤ ਗਿੱਲ ਵੀ ਯਾਦ ਆ ਰਹੀ ਹੈ। ਉਹ ਵੀਹ ਸਾਲ ਦੇ ਕਰੀਬ ਢੁੱਡੀਕੇ ਰਹੀ। ਉਹ ਚੰਡੀਗੜ੍ਹ ਲਾਗੇ ਸਰਕਾਰੀ ਡਿਸਪੈਂਸਰੀ ਵਿੱਚ ਡਾਕਟਰ ਸੀ। ਪੰਜਾਹਵਿਆਂ ਸੱਠਵਿਆਂ ਵਿੱਚ ਕਿਸੇ ਲੜਕੀ ਦਾ ਐੱਮ.ਬੀ.ਬੀ.ਐੱਸ.ਹੋਣਾ ਮਹਿਣੇ ਰੱਖਦਾ ਸੀ। ਸਰਕਾਰੀ ਨੌਕਰੀ `ਚ ਆ ਕੇ ਵੀ ਉਸ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਨਾਵਲ ‘ਰਾਤ ਬਾਕੀ ਹੈ’ ਪੜ੍ਹ ਕੇ ਕੰਵਲ ਨਾਲ ਚਿੱਠੀ ਪੱਤਰ ਸ਼ੁਰੂ ਕਰ ਲਿਆ ਸੀ। ਕੁੱਝ ਸਾਲਾਂ ਬਾਅਦ ਨੌਕਰੀ ਛੱਡ ਕੇ ਉਹ ਕੰਵਲ ਕੋਲ ਹੀ ਢੁੱਡੀਕੇ ਰਹਿਣ ਲੱਗ ਪਈ ਸੀ। ਉਸ ਨੇ ਸਿਹਤ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਜੋ ਬੜੀਆਂ ਮਕਬੂਲ ਹੋਈਆਂ। ਉਹ ਸਾਲਾਂ ਬੱਧੀ ‘ਪ੍ਰੀਤ ਲੜੀ’ ਵਿੱਚ ਲਿਖਦੀ ਰਹੀ ਸੀ। ਉਸ ਦਾ ਰੰਗ ਗੋਰਾ ਸੀ, ਕੱਦ ਸਮੱਧਰ ਸੀ ਤੇ ਬੋਲ ਬਾਣੀ ਬੜੀ ਮਿੱਠੀ ਸੀ। ਕੰਵਲ ਦੀ ਕਿਤਾਬ ‘ਪੁੰਨਿਆ ਦਾ ਚਾਨਣ’ ਡਾ.ਜਸਵੰਤ ਗਿੱਲ ਬਾਰੇ ਹੀ ਹੈ ਜਿਸ ਵਿੱਚ ਉਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸਥਾਰ ਹੈ।
ਇਕ ਦਿਨ ਕਹਾਣੀਕਾਰ ਗੁਰਦੇਵ ਰੁਪਾਣਾ ਦਿੱਲੀ ਤੋਂ ਢੁੱਡੀਕੇ ਮਿਲਣ ਆ ਗਿਆ। ਉਸ ਨੇ ਕਈ ਕਹਾਣੀਆਂ ਕਮਾਲ ਦੀਆਂ ਲਿਖੀਆਂ ਹਨ। ਜਦੋਂ ਮੈਂ ਦਿੱਲੀ ਸਾਂ ਤਾਂ ਉਹਦੇ ਨਾਲ ਮੇਰੀ ਚੰਗੀ ਆੜੀ ਸੀ। ਅਸੀਂ ਇੱਕ ਦੂਜੇ ਦੀਆਂ ਲਿਖਤਾਂ ਪੜ੍ਹਦੇ ਸੁਣਦੇ ਸਾਂ ਤੇ ਹੱਸਦੇ ਖੇਡਦੇ ਸਾਂ। ਉਹਦੇ ਕੋਲ ਹਾਸੇ ਮਜ਼ਾਕ ਦਾ ਬੇਅੰਤ ਮਸਾਲਾ ਸੀ ਜਿਸ ਨਾਲ ਜਿਥੇ ਜਾਂਦਾ ਛਹਿਬਰ ਲਾ ਦਿੰਦਾ। ਹਸਦੇ ਹਸਾਉਂਦੇ ਦੀਆਂ ਅੱਖਾਂ ਮਿਚ ਜਾਂਦੀਆਂ। ਅੱਧੀਆਂ ਗੱਲਾਂ ਤਾਂ ਉਹ ਕਰਦਾ ਹੀ ਅੱਧੀਆਂ ਅੱਖਾਂ ਮੀਚ ਕੇ ਸੀ। ਦਾਰੂ ਪੀ ਕੇ ਸੂਟਾ ਲਾਉਂਦਾ ਤਾਂ ਧੂੰਏਂ ਦੇ ਕੁੰਡਲ ਬਣਾ ਦਿੰਦਾ। ਤੁਰਦਾ ਤਾਂ ਇਓਂ ਲੱਗਦਾ ਜਿਵੇਂ ਖਿਡੌਣਾ ਚਾਬੀ ਦੇ ਕੇ ਛੱਡਿਆ ਹੋਵੇ। ਨਿੱਕੇ ਨਿੱਕੇ ਪੈਰ ਤੇ ਨਿੱਕੇ ਨਿੱਕੇ ਕਦਮ। ਸੁਣਿਐਂ ਹੁਣ ਬੁੱਢੇ ਬਾਰੇ ਮੁੜ ਕੇ ਰੁਪਾਣੇ ਆ ਗਿਐ। ਜਿੱਦਣ ਢੁੱਡੀਕੇ ਆਇਆ ਸੀ ਤਾਂ ਆਉਂਦਾ ਈ ਪੁੱਛਣ ਲੱਗ ਪਿਆ ਸੀ, “ਹੈਗੀ ਆ ਘੁੱਟ?” ਘੁੱਟ ਪੀਣ ਦੀ ਦੇਰ ਸੀ ਕਿ ਤਰਾਰੇ `ਚ ਹੋ ਕੇ ਕਹਿਣ ਲੱਗਾ, “ਚਲ ਵਿਖਾ ਹੁਣ ਲੇਖਕਾਂ ਦਾ ਪਿੰਡ।”
ਮੈਂ ਸਕੂਟਰ `ਤੇ ਬਿਠਾ ਕੇ ਢੁੱਡੀਕੇ ਦਾ ਗੇੜਾ ਕੱਢਿਆ। ਫਿਰ ਆਪਣੇ ਪਿੰਡ ਚਕਰ ਨੂੰ ਲੈ ਤੁਰਿਆ। ਜਿਥੇ ਕਿਤੇ ਨਲਕਾ ਆਉਂਦਾ ਉਥੇ ਘੁੱਟ ਹੋਰ ਲੱਗ ਜਾਂਦੀ। ਚਕਰ ਦਾ ਨਿਸ਼ਾਨ ਸਾਹਿਬ ਵੇਖ ਕੇ ਆਖੀ ਜਾਵੇ, “ਬੱਲੇ ਬੱਲੇ ਕਿੰਨਾ ਉੱਚਾ!” ਮੈਂ ਸੋਚਾਂ, “ਮੂਡ `ਚ ਐ, ਕਿਤੇ ਉਤੇ ਚੜ੍ਹਨ ਨੂੰ ਨਾ ਆਖ ਦੇਵੇ!” ਪਿੰਡੋਂ ਮੁੜਦਿਆਂ ਮੱਲ੍ਹੇ ਆਏ ਤਾਂ ਕਰਮਜੀਤ ਕੁੱਸਾ ਮਿਲ ਗਿਆ। ਉਹ ਵੀ ਅੱਗੋਂ ਟੱਲੀ ਸੀ। ਹੋਰ ਪੀ ਕੇ ਜਦੋਂ ਉਹ ਘਿਲਬਿੱਲੀਆਂ ਬੁਲਾਉਣ ਲੱਗੇ ਤਾਂ ਰੁਪਾਣੇ ਨੂੰ ਮੈਂ ਸਕੂਟਰ `ਤੇ ਬਿਠਾਲ ਲਿਆ। ਰਸੂਲਪੁਰ ਤੇ ਦੌਧਰ ਵਿਚਾਲੇ ਬਹੁਤ ਭਾਰਾ ਬੋਹੜ ਆਉਂਦੈ। ਰੁਪਾਣਾ ਆਖੇ, “ਸਕੂਟਰ ਰੋਕ, ਮੈਂ ਇਹਨੂੰ ਜੱਫੀ ਪਾਉਣੀ ਐਂ। ਇਹੋ ਜਿਹਾ ਬੋਹੜ ਦੇਖੇ ਨੂੰ ਤਾਂ ਮੁੱਦਤਾਂ ਈ ਹੋ ਗਈਆਂ। ਮੈਂ ਬੋਹੜ ਨੂੰ ਜੱਫੀ ਪਾਉਨਾਂ ਤੂੰ ਫੋਟੋ ਖਿੱਚ।”
ਫੋਟੋਆਂ ਖਿੱਚਦੇ ਖਿਚਾਉਂਦੇ ਜਦੋਂ ਨਹਿਰ `ਤੇ ਆਏ ਤਾਂ ਕਹਿੰਦਾ, “ਨਹਿਰ `ਚ ਛਾਲਾਂ ਲਾਈਏ।” ਨਹਿਰ ਉਤੇ ਰੁਕਣਾ ਮੈਂ ਖ਼ਤਰੇ ਤੋਂ ਖਾਲੀ ਨਾ ਸਮਝਿਆ। ਮਾਰਧਾੜ ਦਾ ਦੌਰ ਸੀ। ਕੋਈ ਸਕੂਟਰ ਖੋਹ ਕੇ ਨਹਿਰ `ਚ ਰੋੜ੍ਹ ਸਕਦਾ ਸੀ। ਢੁੱਡੀਕੇ ਪਹੁੰਚੇ ਤਾਂ ਰੋਟੀ ਟੁੱਕ ਤਿਆਰ ਸੀ। ਪਰ ਉਹ ਕੁੱਝ ਵੀ ਖਾਣ ਪੀਣ ਜੋਗਾ ਨਹੀਂ ਸੀ ਰਿਹਾ।
ਕਰਮਜੀਤ ਕੁੱਸਾ ਬੜਾ ਹੋਣਹਾਰ ਨਾਵਲਕਾਰ ਸੀ। ਉਹ ਅਕਸਰ ਮੇਰੇ ਕੋਲ ਢੁੱਡੀਕੇ ਆਉਂਦਾ ਸੀ ਤੇ ਮੈਂ ਵੀ ਕੁੱਸੇ ਜਾ ਆਉਂਦਾ ਸਾਂ। ਜਦੋਂ ਮੈਂ ਚਕਰ ਰਹਿਣ ਲੱਗਾ ਤਾਂ ਗੁਆਂਢੀ ਪਿੰਡ ਦਾ ਹੋਣ ਕਾਰਨ ਆਉਣਾ ਜਾਣਾ ਹੋਰ ਵੀ ਸੁਖਾਲਾ ਹੋ ਗਿਆ। ਉਹਦੀ ਪੀਣੀ ਖਰਾਬ ਸੀ ਜੋ ਉਸ ਨੂੰ ਛੇਤੀ ਹੀ ਲੈ ਬੈਠੀ। ਇੱਕ ਸ਼ਾਮ ਮੈਂ ਸੈਰ ਨੂੰ ਨਿਕਲਿਆ ਤਾਂ ਕਿਸੇ ਨੇ ਦੱਸਿਆ ਕਿ ਕੁੱਸਾ ਖਾਲੇ `ਚ ਟੇਢਾ ਹੋਇਆ ਪਿਐ। ਮੈਂ ਤੁਰਤ ਉਹਦੇ ਕੋਲ ਪੁੱਜਾ। ਉਹਦਾ ਸਕੂਟਰ ਇੱਕ ਪਾਸੇ ਸਟੈਂਡ `ਤੇ ਖੜ੍ਹਾ ਸੀ ਤੇ ਆਪ ਉਹ ਸੁੱਕੇ ਖਾਲੇ `ਚ ਮੂਧੇ ਮੂੰਹ ਪਿਆ ਸੀ। ਹਿਲਾਇਆ ਜੁਲਾਇਆ ਤਾਂ ਉਸ ਨੇ ਅੱਧੀਆਂ ਕੁ ਅੱਖਾਂ ਪੁੱਟੀਆਂ ਪਰ ਮੈਨੂੰ ਸਿਆਣਨ ਤੋਂ ਸਿਰ ਫੇਰ ਦਿੱਤਾ। ਉਸੇ ਮੌਕੇ ਹਠੂਰ ਚੌਕੀ ਦੀ ਪੁਲਿਸ ਪਾਰਟੀ ਆ ਗਈ। ਠਾਣੇਦਾਰ ਨੇ ਪੁੱਛਗਿੱਛ ਕੀਤੀ ਤਾਂ ਉਹ ਕਹਿਣ ਲੱਗਾ, “ਮੈਂ ਕਰਮਜੀਤ ਕੁੱਸਾਂ!” ਠਾਣੇਦਾਰ ਠਾਣੀਦਾਰੀ `ਤੇ ਆਇਆ ਤਾਂ ਕੁੱਸੇ ਨੇ ਹੌਲੀ ਦੇਣੇ ਮੈਨੂੰ ਕਿਹਾ, “ਏਸ ਬਲਾਅ ਤੋਂ ਬਚਾਅ।” ਮੈਂ ਠਾਣੇਦਾਰ ਨੂੰ ਆਖਿਆ, “ਇਹਨੂੰ ਮੰਦੇ ਬੋਲ ਨਾ ਬੋਲੋ। ਇਹ ਸਾਡਾ ਬਹੁਤ ਵੱਡਾ ਨਾਵਲਕਾਰ ਐ। ਇਹਦੇ ਨਾਵਲ ਐੱਮ.ਏ.`ਚ ਪੜ੍ਹਾਏ ਜਾਂਦੇ ਆ। ਤੁਸੀਂ ਜਾਓ, ਮੈਂ ਇਹਨੂੰ ਸੰਭਾਲ ਲਵਾਂਗਾ।”
ਉੱਦਣ ਤਾਂ ਮੈਂ ਉਹਨੂੰ ਸੰਭਾਲ ਲਿਆ ਪਰ ਉਹ ਆਪਣੇ ਆਪ ਨੂੰ ਸੰਭਾਲਣ ਜੋਗਾ ਨਾ ਹੋ ਸਕਿਆ ਤੇ ਛੇਤੀ ਹੀ ਕੂਚ ਕਰ ਗਿਆ। ਬਾਅਦ ਵਿੱਚ ਉਹਦੀ ਪਤਨੀ ਸਤਵਿੰਦਰ ਕੁੱਸਾ ਨੇ ਉਹਦੇ ਬਾਰੇ ਇੱਕ ਕਿਤਾਬ ਲਿਖੀ ਜਿਸ ਦਾ ਨਾਂ `ਚਾਰੇ ਕੂੰਡਾਂ ਢੂੰਡੀਆਂ’ ਰੱਖਿਆ।