You are here:ਮੁਖ ਪੰਨਾ»ਵਿਚਾਰਨਾਮਾ»ਕਿਰਦਾਰ ਦਾ ਵੀ ਇੱਕ ਮਿਆਰ ਹੁੰਦਾ ਹੈ
Coming soon: A new and improved Global Punjabi site!!!

ਲੇਖ਼ਕ

Tuesday, 02 September 2025 10:24

ਕਿਰਦਾਰ ਦਾ ਵੀ ਇੱਕ ਮਿਆਰ ਹੁੰਦਾ ਹੈ

Written by
Rate this item
(0 votes)

ਆਪਣੇ ਕਿਰਦਾਰ ਨੂੰ ਨਿਭਾਓ ਕੁਝ ਇਸ ਤਰ੍ਹਾਂ ਕਿ ਜ਼ਿੰਦਗੀ ਦਾ ਪਰਦਾ ਡਿਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ।’ ਜੇਕਰ ਮਨੁੱਖ ਇਨ੍ਹਾਂ ਸਤਰਾਂ ਦੇ ਅਰਥ ਸਮਝਕੇ ਉਨ੍ਹਾਂ ਨੂੰ ਆਪਣੇ ਲੜ ਬੰਨ੍ਹ ਲਵੇ ਤਾਂ ਉਸ ਨੂੰ ਜ਼ਿੰਦਗੀ ਜਿਊਣ ਦੇ ਅਰਥ ਬਹੁਤ ਛੇਤੀ ਸਮਝ ਆ ਜਾਣਗੇ, ਉਸ ਨੂੰ ਜ਼ਿੰਦਗੀ ਜਿਊਣ ਦਾ ਮਕਸਦ ਸਮਝ ਆ ਜਾਵੇਗਾ। ਉਹ ਕਿਸੇ ਨਾਲ ਬੇਈਮਾਨੀ, ਹੇਰਾਫੇਰੀ, ਜਾਹਲਸਾਜ਼ੀ, ਧੋਖਾਧੜੀ, ਨੌਸਰਬਾਜ਼ੀ, ਧੱਕੇਸ਼ਾਹੀ ਅਤੇ ਹੈਂਕੜਬਾਜ਼ੀ ਕਰਨ ਲੱਗਿਆਂ ਸੌ ਵਾਰ ਸੋਚੇਗਾ। ਸਾਡੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਆਪਣੀ ਇੱਕ ਪੁਸਤਕ ਵਿੱਚ ਮਨੁੱਖ ਦੇ ਕਿਰਦਾਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਗੱਲ ਮਾਇਨਾ ਨਹੀਂ ਰੱਖਦੀ ਕਿ ਉਸਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਹੋਈ ਹੈ, ਉਹ ਆਲੀਸ਼ਾਨ ਜ਼ਿੰਦਗੀ ਜਿਊਂਦਾ ਹੈ, ਉਸਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਹੈ,ਮਾਇਨਾ ਇਹ ਗੱਲ ਰੱਖਦੀ ਹੈ ਕਿ ਉਸਦਾ ਕਿਰਦਾਰ ਕਿਹੋ ਜਿਹਾ ਹੈ। ਉਸਨੇ ਧਨ ਦੌਲਤ ਦੀ ਅਮੀਰੀ ਹਾਸਲ ਕਰਨ ਲਈ ਆਪਣੀ ਜ਼ਮੀਰ ਨੂੰ ਕਿੰਨਾ ਕੁ ਜਾਗਦਾ ਰੱਖਿਆ ਹੈ। ਉਸਨੇ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਕਿਹੋ ਜਿਹੇ ਸਾਧਨਾਂ ਦਾ ਸਹਾਰਾ ਲਿਆ ਹੈ। ਸਰਕਾਰੇ ਦਰਬਾਰੇ ਪਹੁੰਚਣ ਲਈ ਸਿਆਸੀ ਲੋਕਾਂ ਦੀ ਕਿੰਨੀ ਜੀ ਹਜ਼ੂਰੀ ਕੀਤੀ ਹੈ। ਕੋਈ ਵੀ ਬੰਦਾ ਆਪਣੇ ਕਿਰਦਾਰ ਨੂੰ ਮਾੜਾ ਕਹਿਣ ਲਈ ਤਿਆਰ ਨਹੀਂ ਹੁੰਦਾ ਪਰ ਮਨੁੱਖ ਦੇ ਕਿਰਦਾਰ ਦੇ ਮਿਆਰ ਦੀ ਨਿਸ਼ਾਨਦੇਹੀ ਉਦੋਂ ਹੁੰਦੀ ਹੈ ਜਦੋਂ ਉਹ ਕਿਸੇ ਨਾਲ ਹੋ ਰਹੀ ਬੇਇਨਸਾਫੀ ਨੂੰ ਵੇਖਕੇ ਚੁੱਪ ਰਹਿੰਦਾ ਹੈ ਜਾਂ ਉਸ ਬੇਇਨਸਾਫ਼ੀ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ। ਅਮੀਰ, ਤਾਕਤਵਾਰ, ਸਰਕਾਰਾਂ ਤਕ ਪਹੁੰਚ ਰੱਖਣ ਵਾਲੇ ਤੇ ਅਸਰ ਰਸੂਖ ਰੱਖਣ ਵਾਲੇ ਲੋਕ ਚਾਹੇ ਜਿੰਨੇ ਮਰਜ਼ੀ ਗਲਤ ਕੰਮ ਕਰੀ ਜਾਣ, ਕਿਸੇ ਨਾਲ ਜਿੰਨਾ ਮਰਜ਼ੀ ਧੱਕਾ ਕਰੀ ਜਾਣ, ਜਿੰਨੀਆਂ ਵੀ ਮਰਜ਼ੀ ਮਨਮਰਜ਼ੀਆਂ ਕਰੀ ਜਾਣ, ਲੋਕ ਉਨ੍ਹਾਂ ਦੇ ਵਿਰੁੱਧ ਇਹ ਸੋਚਕੇ ਗਵਾਹੀ ਦੇਣ, ਬੋਲਣ ਅਤੇ ਉਨ੍ਹਾਂ ਨੂੰ ਬੁਰਾ ਕਹਿਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਧਰੇ ਉਨ੍ਹਾਂ ਲੋਕਾਂ ਨਾਲ ਕੰਮ ਨਾ ਪੈ ਜਾਵੇ। ਇਹੋ ਜਿਹੇ ਲੋਕਾਂ ਨਾਲ ਕਾਹਦੇ ਲਈ ਬਿਗਾੜਨੀ ਹੈ ਪਰ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜ਼ਮੀਰ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ, ਉਹ ਕਿਸੇ ’ਤੇ ਹੋਣ ਵਾਲੇ ਜ਼ੁਲਮ ਅਤੇ ਕਿਸੇ ਨਾਲ ਹੋਣ ਵਾਲੇ ਅਨਿਆਂ ਨੂੰ ਵੇਖਕੇ ਨਾ ਆਪਣਾ ਮੂੰਹ ਬੰਦ ਰੱਖ ਸਕਦੇ ਹਨ ਤੇ ਨਾ ਹੀ ਅੱਖਾਂ ਮੀਟ ਸਕਦੇ ਹਨ।

ਇੱਕ ਵਾਰ ਇੱਕ ਸਕੂਲ ਮੁਖੀ ਵਿਰੁੱਧ ਕੁਝ ਮੌਕਾਪ੍ਰਸਤ ਅਤੇ ਕੰਮਚੋਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਝੂਠੀ ਸ਼ਿਕਾਇਤ ਕਰਕੇ ਉਸਦੇ ਵਿਰੁੱਧ ਇਨਕੁਆਰੀ ਖੁੱਲ੍ਹਵਾ ਦਿੱਤੀ, ਕਿਉਂਕਿ ਉਹ ਉਨ੍ਹਾਂ ਕੰਮਚੋਰ ਅਧਿਆਪਕਾਂ ਨੂੰ ਕੰਮ ਕਰਨ ਲਈ ਮਜਬੂਰ ਕਰ ਰਿਹਾ ਸੀ। ਉਨ੍ਹਾਂ ਕੰਮਚੋਰ ਅਧਿਆਪਕਾਂ ਦੀ ਸਿਆਸੀ ਪਹੁੰਚ ਵੀ ਕਾਫੀ ਸੀ। ਇਨਕੁਆਰੀ ਕਰਨ ਆਏ ਅਧਿਕਾਰੀਆਂ ਨੂੰ ਸਿਆਸੀ ਪੱਧਰ ਉੱਤੇ ਇਸ਼ਾਰਾ ਕੀਤਾ ਗਿਆ ਸੀ ਕਿ ਸਕੂਲ ਮੁਖੀ ਵਿਰੁੱਧ ਲਿਖਕੇ ਉਸਦੀ ਉਸ ਸਕੂਲ ਤੋਂ ਬਦਲੀ ਕਰਨੀ ਹੈ। ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀ ਨੂੰ ਗੱਲਾਂ ਗੱਲਾਂ ਵਿੱਚ ਇਸ਼ਾਰਾ ਵੀ ਕੀਤਾ ਕਿ ਉਸਦੇ ਵਿਰੁੱਧ ਕੋਈ ਦੋਸ਼ ਨਹੀਂ ਬਣਦਾ ਪਰ ਉਹ ਉਸਦੇ ਵਿਰੁੱਧ ਲਿਖਣ ਲਈ ਮਜਬੂਰ ਹਨ। ਚੰਗਾ ਹੋਵੇਗਾ ਕਿ ਜੇਕਰ ਉਹ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ਨਾਲ ਸਮਝੌਤਾ ਕਰ ਲਵੇ। ਸਕੂਲ ਮੁਖੀ ਨੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਿਧਾਂਤ ਨਾਲ ਕਦੇ ਸਮਝੌਤਾ ਨਹੀਂ ਕੀਤਾ, ਇਨ੍ਹਾਂ ਕੰਮਚੋਰ ਅਧਿਆਪਕਾਂ ਨਾਲ ਤਾਂ ਸਮਝੌਤਾ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਤੁਸੀਂ ਜੋ ਕੁਝ ਲਿਖਣਾ ਚਾਹੋ, ਲਿਖ ਸਕਦੇ ਹੋ।”

ਉਹ ਉੱਚ ਸਿੱਖਿਆ ਅਧਿਕਾਰੀ ਅਜੇ ਗੱਲਾਂ ਕਰ ਰਹੇ ਸਨ ਕਿ ਸਕੂਲ ਦੀਆਂ ਦੋ ਅਧਿਆਪਕਾਵਾਂ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਆ ਕੇ ਕਹਿਣ ਲੱਗੀਆਂ, “ਸਰ, ਤੁਸੀਂ ਉਨ੍ਹਾਂ ਕੰਮਚੋਰ ਅਧਿਆਪਕਾਂ ਦੀ ਗੱਲ ਤਾਂ ਸੁਣ ਲਈ, ਬਾਕੀ ਸਟਾਫ ਦੀ ਗੱਲ ਵੀ ਸੁਣ ਲਓ। ਬੜੇ ਸਮੇਂ ਬਾਅਦ ਸਕੂਲ ਨੂੰ ਇੱਕ ਮਿਹਨਤੀ ਸਕੂਲ ਮੁਖੀ ਮਿਲਿਆ ਹੈ।”

ਉੱਚ ਸਿੱਖਿਆ ਅਧਿਕਾਰੀਆਂ ਨੂੰ ਗੱਲ ਸਮਝ ਆ ਗਈ। ਉਨ੍ਹਾਂ ਨੇ ਬਾਕੀ ਸਟਾਫ ਦੀ ਵੀ ਗੱਲ ਸੁਣੀ। ਉਹ ਕੰਮਚੋਰ ਅਧਿਆਪਕ ਸਕੂਲ ਮੁਖੀ ਦਾ ਕੁਝ ਨਹੀਂ ਬਿਗਾੜ ਸਕੇ। ਉਸ ਸਕੂਲ ਮੁਖੀ ਅਤੇ ਉਨ੍ਹਾਂ ਅਧਿਆਪਕਾਵਾਂ ਦੇ ਕਿਰਦਾਰ ਦੇ ਮਿਆਰ ਦੀ ਮਨੋ ਸ਼ਲਾਘਾ ਕਰਨੀ ਬਣਦੀ ਹੈ।

ਇਸ ਸਮਾਜ ਵਿੱਚ ਵਿਚਰਦਿਆਂ ਸਾਡਾ ਤਿੰਨ ਕਿਸਮ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਇੱਕ ਕਿਸਮ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਦੂਜਿਆਂ ਦੀ ਤਰੱਕੀ ਨੂੰ ਵੇਖਕੇ ਮਨੋ ਖੁਸ਼ ਹੁੰਦੇ ਹਨ। ਉਨ੍ਹਾਂ ਵੱਲੋਂ ਤਰੱਕੀ ਲਈ ਕੀਤੇ ਯਤਨਾਂ ਲਈ ਉਨ੍ਹਾਂ ਦੀ ਪਿੱਠ ਥਾਪੜਕੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ। ਅਜਿਹੇ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਮੰਨਿਆ ਜਾਂਦਾ ਹੈ। ਦੂਜੀ ਕਿਸਮ ਦੇ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਦੀ ਤਰੱਕੀ ਵੇਖਕੇ ਵਿਖਾਵਾ ਤਾਂ ਖੁਸ਼ ਹੋਣ ਦਾ ਕਰਦੇ ਹਨ ਪਰ ਮਨੋ ਮਨੀ ਉਹ ਸੜ ਰਹੇ ਹੁੰਦੇ ਹਨ। ਤੀਜੀ ਕਿਸਮ ਦੇ ਉਹ ਵਿਹਲੜ ਤੇ ਨਿਕੰਮੇ ਲੋਕ ਹੁੰਦੇ ਹਨ ਜੋ ਆਪ ਤਾਂ ਕੁਝ ਨਹੀਂ ਕਰ ਸਕਦੇ ਪਰ ਦੂਜਿਆਂ ਵੱਲੋਂ ਕੀਤੀ ਤਰੱਕੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਉਹ ਉਨ੍ਹਾਂ ਮਿਹਨਤੀ ਲੋਕਾਂ ਦੀ ਆਲੋਚਨਾ ਕਰਨ ਦੀ ਕੋਈ ਕਸਰ ਨਹੀਂ ਛੱਡਦੇ। ਉਨ੍ਹਾਂ ਦੀ ਤਰੱਕੀ ਦੇ ਰਾਹ ਵਿੱਚ ਸੌ ਤਰ੍ਹਾਂ ਦੇ ਅੜਿੱਕੇ ਵੀ ਖੜ੍ਹੇ ਕਰਦੇ ਹਨ। ਇੱਕ ਪਿੰਡ ਦੇ ਸਰਪੰਚ ਨੇ ਆਪਣੇ ਪਿੰਡ ਦੇ ਬਜ਼ੁਰਗਾਂ ਦੇ ਬੈਠਣ-ਉੱਠਣ ਲਈ ਪੰਚਾਇਤ ਦੀ ਜਗ੍ਹਾ ਵਿੱਚ ਦਾਨੀ ਸੱਜਣਾਂ ਤੋਂ ਦਾਨ ਲੈ ਕੇ ਇੱਕ ਆਲੀਸ਼ਾਨ ਕਮਰਾ ਬਣਾਇਆ। ਬਜ਼ੁਰਗਾਂ ਦੇ ਮਨੋਰੰਜਨ ਲਈ ਉਸ ਵਿੱਚ ਟੈਲੀਵਿਜ਼ਨ ਲਗਵਾਇਆ ਤੇ ਪੜ੍ਹਨ ਲਈ ਅਖ਼ਬਾਰ ਵੀ ਲਗਵਾ ਦਿੱਤੀ। ਪਿੰਡ ਵਿਚ ਉਸ ਸਰਪੰਚ ਦੀ ਪ੍ਰਸ਼ੰਸਾ ਹੋਣ ਲੱਗੀ। ਸਰਪੰਚ ਦੀ ਵਿਰੋਧੀ ਪਾਰਟੀ ਵਾਲੇ ਉਸਦੀ ਪ੍ਰਸ਼ੰਸਾ ਸਹਿ ਨਾ ਸਕੇ। ਉਨ੍ਹਾਂ ਨੇ ਪਿੰਡ ਵਿੱਚ ਉਸਦੇ ਵਿਰੁੱਧ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਕਮਰਾ ਬਣਾਉਣ ਲਈ ਇਕੱਠੇ ਕੀਤੇ ਦਾਨ ਦੇ ਪੈਸੇ ਖਾ ਗਿਆ। ਉਹ ਕੁਝ ਦੇਰ ਤਾਂ ਚੁੱਪ ਰਿਹਾ ਪਰ ਜਦੋਂ ਵਿਰੋਧੀਆਂ ਵੱਲੋਂ ਉਸਦੇ ਵਿਰੁੱਧ ਬੋਲੇ ਜਾਂਦੇ ਝੂਠ ਦੀ ਹੱਦ ਹੋ ਗਈ ਤਾਂ ਉਸਨੇ ਪੰਚਾਇਤ ਦਾ ਆਮ ਇਜਲਾਸ ਬੁਲਾਕੇ ਆਪਣੀ ਵਿਰੋਧੀ ਪਾਰਟੀ ਦੇ ਲੋਕਾਂ ਸਮੇਤ ਸਾਰੇ ਪਿੰਡ ਨੂੰ ਸੱਦਾ ਦਿੱਤਾ। ਉਸ ਇਜਲਾਸ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਹਾਜ਼ਰ ਹੋਏ। ਸਰਪੰਚ ਦੇ ਵਿਰੋਧੀ ਵੀ ਉਸ ਇਜਲਾਸ ਵਿੱਚ ਹਾਜ਼ਰ ਸਨ। ਸਰਪੰਚ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, “ਭਰਾਵੋ, ਮੇਰੇ ਵੱਲੋਂ ਬਣਾਏ ਗਏ ਕਮਰੇ ਦੇ ਹਿਸਾਬ ਦਾ ਰਜਿਸਟਰ ਇਹ ਪਿਆ ਹੈ। ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। ਤੁਸੀਂ ਇਹ ਸਾਬਤ ਕਰ ਦਿਓ ਕਿ ਮੈਂ ਪੈਸੇ ਖਾਧੇ ਹਨ, ਮੈਂ ਹੁਣੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਆਂਗਾ। ਵਿਰੋਧੀ ਪਾਰਟੀ ਵਾਲੇ ਤਾਂ ਅਜੇ ਬੋਲਣ ਦੀ ਤਿਆਰੀ ਹੀ ਕਰ ਰਹੇ ਸਨ, ਇੰਨੇ ਨੂੰ ਦੋ ਬਜ਼ੁਰਗ ਪੁਰਾਣੇ ਹਾਰੇ ਹੋਏ ਸਰਪੰਚ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿਣ ਲੱਗੇ, “ਭਾਈ ਸਾਹਿਬ, ਤੁਸੀਂ ਦਸ ਸਾਲ ਸਰਪੰਚ ਰਹੇ ਹੋ, ਤੁਸੀਂ ਦੱਸੋ, ਤੁਸੀਂ ਪਿੰਡ ਵਿੱਚ ਕਿਹੜਾ ਕੰਮ ਕੀਤਾ ਹੈ? ਇਸ ਸਰਪੰਚ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਅਸੀਂ ਤੁਹਾਨੂੰ ਐਨੇ ਪੈਸੇ ਦਿੰਦੇ ਹਾਂ, ਤੁਸੀਂ ਐਨਾ ਆਲੀਸ਼ਾਨ ਕਮਰਾ ਬਣਵਾ ਦਿਓ। ਇਸ ਸਰਪੰਚ ਨੇ ਬਜ਼ੁਰਗਾਂ ਨੂੰ ਜਿਊਣ ਜੋਗਾ ਕਰ ਦਿੱਤਾ ਹੈ। ਪਿਛਲੀ ਵੇਰ ਤਾਂ ਅਸੀਂ ਤੁਹਾਡੀ ਮਦਦ ਕੀਤੀ ਸੀ ਪਰ ਇਸ ਵੇਰ ਅਸੀਂ ਇਸ ਨੂੰ ਹੀ ਪਿੰਡ ਦਾ ਸਰਪੰਚ ਬਣਾਵਾਂਗੇ। ਇਹ ਚੁੱਕੋ ਰਜਿਸਟਰ, ਕਰੋ ਹਿਸਾਬ ਚੈੱਕ।”

ਉਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਕੇ ਪਿੰਡ ਦੇ ਬਾਕੀ ਲੋਕ ਵੀ ਪਿੰਡ ਦੇ ਨਵੇਂ ਸਰਪੰਚ ਦੇ ਹੱਕ ਵਿੱਚ ਬੋਲ ਪਏ। ਵਿਰੋਧੀ ਪਾਰਟੀ ਦੇ ਲੋਕ ਕੁਝ ਨਾ ਬੋਲ ਸਕੇ। ਉਸ ਸਰਪੰਚ ਅਤੇ ਉਨ੍ਹਾਂ ਬਜ਼ੁਰਗਾਂ ਦੇ ਕਿਰਦਾਰ ਦੇ ਮਿਆਰ ਅੱਗੇ ਹਰ ਇੱਕ ਵਿਅਕਤੀ ਦਾ ਸਿਰ ਝੁਕਦਾ ਹੈ।

ਸਵਾਰਥ, ਲਾਲਚ, ਮੌਕਾ ਪ੍ਰਸਤੀ ਤੇ ਖੁਦਗਰਜ਼ੀ ਦੀ ਵਹਿਣ ਵਿੱਚ ਵਹਿਣ ਵਾਲੇ ਲੋਕਾਂ ਨੂੰ ਕਿਰਦਾਰ ਦੇ ਮਿਆਰ ਦਾ ਕਦੇ ਵੀ ਅਹਿਸਾਸ ਨਹੀਂ ਹੁੰਦਾ। ਉਨ੍ਹਾਂ ਨੂੰ ਇਸ ਗੱਲ ਦੀ ਕਦੇ ਪ੍ਰਵਾਹ ਨਹੀਂ ਹੁੰਦੀ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ। ਕੋਈ ਸਮਾਂ ਸੀ ਜਦੋਂ ਸਿਆਸਤ ਦੇ ਖੇਤਰ ਵਿੱਚ ਵਿਚਰਦਿਆਂ ਸਿਆਸੀ ਲੋਕ ਆਪਣੀ ਸਾਰੀ ਜ਼ਿੰਦਗੀ ਹੀ ਇੱਕ ਸਿਆਸੀ ਪਾਰਟੀ ਨਾਲ ਜੁੜੇ ਰਹਿਕੇ ਗੁਜ਼ਾਰ ਦਿੰਦੇ ਸਨ। ਉਹ ਸਿਆਸੀ ਪਾਰਟੀ ਦੀ ਸੱਤਾ ਨਾਲ ਨਹੀਂ, ਸਗੋਂ ਵਿਚਾਰਧਾਰਾ ਨਾਲ ਜੁੜੇ ਹੁੰਦੇ ਸਨ। ਪਰ ਅਜੋਕੇ ਸਮੇਂ ਵਿੱਚ ਸਿਆਸੀ ਲੋਕ ਪਾਰਟੀ ਦੀ ਵਿਚਾਰਧਾਰਾ ਨਹੀਂ, ਸਗੋਂ ਉਸਦੀ ਸੱਤਾ ਵੇਖਕੇ ਉਸ ਵਿੱਚ ਰਹਿੰਦੇ ਹਨ। ਇਸੇ ਲਈ ਉਹ ਕਈ ਕਈ ਪਾਰਟੀਆਂ ਬਦਲ ਲੈਂਦੇ ਹਨ। ਇੱਕ ਆਜ਼ਾਦ ਰੂਪ ਵਿੱਚ ਚੋਣ ਜਿੱਤੇ ਵਿਧਾਇਕ ਨੂੰ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਆ ਜਾਵੇ, ਅਸੀਂ ਉਸ ਨੂੰ ਉਪ ਮੁੱਖ ਮੰਤਰੀ ਬਣਾ ਦਿਆਂਗੇ। ਉਸ ਅਜ਼ਾਦ ਵਿਧਾਇਕ ਨੇ ਉਸ ਮੁੱਖ ਮੰਤਰੀ ਨੂੰ ਕਿਹਾ, “ਮੁੱਖ ਮੰਤਰੀ ਸਾਹਿਬ, ਲੋਕਾਂ ਨੇ ਤੁਹਾਡੀ ਪਾਰਟੀ ਦੇ ਵਿਰੁੱਧ ਫਤਵਾ ਦੇ ਕੇ ਮੈਨੂੰ ਵਿਧਾਇਕ ਬਣਾਇਆ ਹੈ, ਮੈਂ ਆਪਣੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਤੋੜ ਦਿਆਂ? ਰਹੀ ਗੱਲ ਉਪ ਮੁੱਖ ਮੰਤਰੀ ਬਣਨ ਦੀ, ਉਪ ਮੁੱਖ ਮੰਤਰੀ ਦੇ ਅਹੁਦੇ ਨਾਲੋਂ ਲੋਕਾਂ ਦੇ ਵਿਸ਼ਵਾਸ ਦਾ ਅਹੁਦਾ ਵੱਡਾ ਹੈ।” ਉਸ ਅਜ਼ਾਦ ਵਿਧਾਇਕ ਦੇ ਕਿਰਦਾਰ ਦੇ ਮਿਆਰ ਤੋਂ ਸਿਆਸੀ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ। ਇਸ ਮਿਆਰ ਨਾਲ ਹੀ ਲੋਕਤੰਤਰ ਦਾ ਮਿਆਰ ਉੱਚਾ ਹੋਵੇਗਾ। ਬੇਜ਼ੁਬਾਨੇ, ਦੋਗਲੇ, ਮਨ ਦੇ ਕਾਲੇ ਅਤੇ ਝੂਠੇ ਲੋਕਾਂ ਦੇ ਕਿਰਦਾਰ ਦਾ ਮਿਆਰ ਕਦੇ ਵੀ ਉੱਚਾ ਨਹੀਂ ਹੋ ਸਕਦਾ। ਜਿਨ੍ਹਾਂ ਲੋਕਾਂ ਦੇ ਕਿਰਦਾਰ ਦਾ ਮਿਆਰ ਉੱਚਾ ਹੁੰਦਾ ਹੈ, ਲੋਕ ਉਨ੍ਹਾਂ ਦੀ ਜਿੰਨੀ ਮਰਜ਼ੀ ਆਲੋਚਨਾ ਕਰੀ ਜਾਣ ਪਰ ਉਹ ਲੋਕਾਂ ਦੇ ਮਨਾ ਵਿੱਚ ਵਸੇ ਰਹਿੰਦੇ ਹਨ। ਉਹ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ।

Read 719 times
ਪ੍ਰਿੰ. ਵਿਜੈ ਕੁਮਾਰ

Phone: 91 - 98726 - 27136

Email: vijaykumarbehki@gmail.com