ਲੇਖ਼ਕ

Wednesday, 14 October 2009 15:15

31 - ਮੇਰੀ ਖੇਡ ਪੱਤਰਕਾਰੀ

Written by
Rate this item
(1 Vote)

ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਦੀ ਪੱਤਰਕਾਰੀ ਵੀਹਵੀਂ ਸਦੀ ਦੇ ਦੂਜੇ ਅੱਧ `ਚ ਸ਼ੁਰੂ ਹੋਈ ਸੀ। ਪਹਿਲਾਂ ਭਲਵਾਨਾਂ ਤੇ ਮੱਲਾਂ ਦੀਆਂ ਗੱਲਾਂ ਮੂੰਹੋਂ-ਮੂੰਹ ਹੀ ਹੁੰਦੀਆਂ ਸਨ ਜੋ ਅਤਿਕਥਨੀਆਂ ਬਣ ਜਾਂਦੀਆਂ। ਕਿੱਕਰ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਤੇ ਖੂਹ ਅੱਗੇ ਜੁੜ ਕੇ ਤਿੰਨ-ਤਿੰਨ ਘੁਮਾਂ ਪੈਲੀ ਸਿੰਜ ਦਿੰਦਾ ਸੀ। ਉਹ ਪੱਥਰ ਦਾ ਭਾਰਾ ਪੁੜ ਗਲ `ਚ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਤਕ ਦੌੜਦਾ ਸੀ ਜਿਸ ਨਾਲ ਉਹਦੀ ਧੌਣ `ਤੇ ਕੰਨ੍ਹਾ ਪੈ ਗਿਆ ਸੀ। ਉਸ ਨੇ ਕਿੱਕਰ ਦਾ ਰੁੱਖ ਹੱਥਾਂ ਨਾਲ ਖਿੱਚ ਕੇ ਪੁੱਟ ਦਿੱਤਾ ਸੀ ਜਿਸ ਕਰਕੇ ਲੋਕ ਉਸ ਨੂੰ ਪ੍ਰੇਮ ਸਿੰਘ ਦੀ ਥਾਂ ਕਿੱਕਰ ਸਿੰਘ ਕਹਿਣ ਲੱਗ ਪਏ ਸਨ। ਗੁੱਜਰਾਂਵਾਲੇ ਦਾ ਗਾਮਾ ਸਵਾਰੀਆਂ ਸਣੇ ਯੱਕਾ ਆਪਣੇ ਮੋਢਿਆਂ `ਤੇ ਚੁੱਕ ਲੈਂਦਾ ਸੀ ਤੇ ਉਹ ਯੱਕਾ ਪਹਿਲਵਾਨ ਵੱਜਣ ਲੱਗ ਪਿਆ ਸੀ। ਬਾਬਾ ਫਤਿਹ ਸਿੰਘ ਨੇ ਖੂਹ `ਚ ਡਿੱਗੀ ਡਾਚੀ `ਕੱਲੇ ਨੇ ਹੀ ਬਾਹਰ ਖਿੱਚ ਲਈ ਸੀ। ਸਦੀਕਾ ਅੰਬਰਸਰੀਆ ਏਨਾ ਤਕੜਾ ਸੀ ਕਿ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇੱਕ ਮੀਲ ਤੁਰ ਸਕਦਾ ਸੀ। ਉਹਨੇ ਇੱਕ ਵਾਰ ਖੋਤੇ ਦੇ ਸਿਰ `ਚ ਏਨੇ ਜ਼ੋਰ ਦੀ ਮੁੱਕਾ ਮਾਰਿਆ ਕਿ ਖੋਤਾ ਥਾਏਂ ਮਰ ਗਿਆ!

ਖ਼ਲੀਫ਼ਾ ਚਰਾਗ-ਉਦੀਨ ਦੇਵੇ-ਹਿੰਦ ਦਾ ਕੱਦ ਸਾਢੇ ਸੱਤ ਫੁੱਟ ਸੀ ਤੇ ਮੁਹੰਮਦ ਰਮਜ਼ਾਨ ਜੀਹਨੂੰ ਰਮਜ਼ੀ ਕਿਹਾ ਜਾਂਦਾ ਸੀ ਅੱਠ-ਫੁੱਟਾ ਭਲਵਾਨ ਸੀ। ਉਹ ਰੋਜ਼ ਦੋ ਸੇਰ ਘਿਓ, ਦੋ ਸੇਰ ਮੱਖਣ, ਦੋ ਸੇਰ ਬਦਾਮ ਤੇ ਸੁੱਚੇ ਮੋਤੀਆਂ ਦੀ ਇੱਕ ਪੁੜੀ ਖਾਂਦਾ ਸੀ। ਉਤੋਂ ਤੀਹ ਸੇਰ ਮਾਸ ਦੀ ਯਖਣੀ ਪੀਂਦਾ ਸੀ! ਅਬਦੁੱਰਹੀਮ ਨਿੱਤ ਪੱਚੀ ਸੇਰ ਮਾਸ ਦੀ ਯਖਣੀ ਪੀਂਦਾ ਸੀ ਜਿਸ ਨੂੰ ਅੱਧ ਸੇਰ ਘਿਓ ਦਾ ਤੜਕਾ ਲੱਗਦਾ ਸੀ। ਇਸ ਤੋਂ ਬਿਨਾਂ ਇੱਕ ਸੇਰ ਮੱਖਣ, ਪੰਜ ਸੇਰ ਦੁੱਧ ਦੀ ਰਬੜੀ, ਇੱਕ ਸੇਰ ਬਦਾਮਾਂ ਦੀ ਸ਼ਰਦਾਈ ਤੇ ਸੁੱਚੇ ਮੋਤੀਆਂ ਦੀ ਇੱਕ ਪੁੜੀ ਉਹਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਸੀ। ਰਾਹ ਜਾਂਦਿਆਂ ਉਹਨੇ ਇੱਕ ਰੁੱਖ ਪੁੱਟ ਦਿੱਤਾ ਸੀ ਜਿਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਪਹਿਲਵਾਨ ਦੀਆਂ ਨਿੱਜੀ ਵਸਤਾਂ ਦੇ ਦਰਸ਼ਨ ਕਰਾਏ ਜਾਂਦੇ ਹਨ।

ਸੱਠਵਿਆਂ ਵਿੱਚ ਬਲਬੀਰ ਸਿੰਘ ਕੰਵਲ ਨੇ ‘ਭਾਰਤ ਦੇ ਪਹਿਲਵਾਨ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਸੀ ਜਿਸ ਵਿੱਚ ਮੱਲਾਂ ਦੀਆਂ ਅਜਿਹੀਆਂ ਅਨੇਕਾਂ ਅਤਿਕਥਨੀਆਂ ਦਾ ਬੜਾ ਦਿਲਚਸਪ ਵਰਣਨ ਹੈ। ਇਸ ਨੂੰ ਪੰਜਾਬੀ ਦੀ ਪਹਿਲੀ ਖੇਡ ਪੁਸਤਕ ਕਿਹਾ ਜਾ ਸਕਦੈ। ਇਸ ਦੇ ਪ੍ਰਕਾਸ਼ਤ ਹੋਣ ਨਾਲ ਪੰਜਾਬੀ ਦੇ ਅਖ਼ਬਾਰਾਂ ਰਸਾਲਿਆਂ ਵਿੱਚ ਵੀ ਪਹਿਲਵਾਨਾਂ ਦੀ ਚਰਚਾ ਹੋਣ ਲੱਗ ਪਈ।

ਮੈਂ 1966 ਤੋਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਤੇ ਛਪਣ ਲੱਗਾ। ਉਦੋਂ ਮੈਂ ਭਰ ਜੁਆਨੀ ਵਿੱਚ ਸਾਂ ਤੇ ਖ਼ੁਦ ਖਿਡਾਰੀ ਸਾਂ। ਮੈਂ ਜਿੱਡਾ ਵੱਡਾ ਖਿਡਾਰੀ ਬਣਨਾ ਚਾਹੁੰਦਾ ਸਾਂ ਉੱਡਾ ਬਣ ਨਹੀਂ ਸਾਂ ਸਕਿਆ। ਹਾਰ ਕੇ ਮੈਂ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ। ਮੈਂ ਉਨ੍ਹਾਂ ਦੀਆਂ ਜਿੱਤਾਂ ਵਿਚੋਂ ਹੀ ਆਪਣੀਆਂ ਜਿੱਤਾਂ ਮਹਿਸੂਸ ਕਰਨ ਲੱਗਾ। ਉਨ੍ਹਾਂ ਦੀਆਂ ਅੱਖਾਂ ਨਾਲ ਕੌਮੀ ਖੇਡਾਂ, ਵਿਸ਼ਵ ਕੱਪ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵੇਖਣ ਲੱਗ ਪਿਆ। ਪਹਿਲਾਂ ਪਹਿਲ ਮੈਂ ‘ਆਰਸੀ’ `ਚ ਖਿਡਾਰੀਆਂ ਦੇ ਰੇਖਾ ਚਿੱਤਰ ਛਪਵਾਏ ਤੇ ਫਿਰ ਹੋਰਨਾਂ ਰਸਾਲਿਆਂ ਵਿੱਚ ਵੀ ਛਪਿਆ। ਮੈਥੋਂ ਕੁੱਝ ਸਾਲ ਛੋਟੇ ਵਰਿਆਮ ਸਿੰਘ ਸੰਧੂ ਹੋਰੀਂ ਅੱਜ ਵੀ ਮੈਨੂੰ ਯਾਦ ਕਰਾਉਂਦੇ ਹਨ ਕਿ ਉਦੋਂ ਉਹ ਖਿਡਾਰੀਆਂ ਦੇ ਰੇਖਾ ਚਿੱਤਰ ਉਡੀਕਦੇ ਹੁੰਦੇ ਸਨ ਪਈ ਵੇਖੀਏ ਐਤਕੀਂ ਕੀਹਦੇ ਬਾਰੇ ਕਿਹੋ ਜਿਹਾ ਲਿਖਦੈ? ਮੈਨੂੰ ਲੇਖਕ ਬਣਾਉਣ ਵਿੱਚ ਪਾਠਕਾਂ ਦੀ ਪਲੇਠੀ ਹੱਲਾਸ਼ੇਰੀ ਬਹੁਤ ਸਹਾਈ ਹੋਈ। ਮੈਂ ਮਹਿਸੂਸ ਕਰਦਾ ਹਾਂ ਕਿ ਨਵੇਂ ਲੇਖਕਾਂ ਨੂੰ ਬਣਦੀ ਸਰਦੀ ਹੱਲਾਸ਼ੇਰੀ ਜ਼ਰੂਰ ਮਿਲਣੀ ਚਾਹੀਦੀ ਹੈ ਨਹੀਂ ਤਾਂ ਉਹ ਆਪਣੀ ਚੰਗੇ ਲੇਖਕ ਬਣਨ ਦੀ ਹੋਣਹਾਰੀ ਨੂੰ ਅੱਧ ਵਿਚਕਾਰੇ ਵੀ ਛੱਡ ਸਕਦੇ ਹਨ।

ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਕਿਸੇ ਨੂੰ ਪੰਪ ਮਾਰ ਕੇ ਏਨਾ ਟੀਸੀ `ਤੇ ਚੜ੍ਹਾ ਦਿਓ ਕਿ ਉਹ ਚੜ੍ਹਦਾ ਹੀ ਡਿੱਗ ਪਵੇ। ਐਨ ਉਵੇਂ ਜਿਵੇਂ ਸਾਡੇ ਗੁਆਂਢੀ ਪਿੰਡ ਕੁੱਸੇ ਦਾ ਕਰਮਜੀਤ ਕੁੱਸਾ ਡਿੱਗਿਆ। ਉਹਦੇ ਨਾਵਲ ‘ਰਾਤ ਦੇ ਰਾਹੀ’ ਉਤੇ ਹਾਈ ਸਕੂਲ ਬੌਡੇ ਵਿੱਚ ਗੋਸ਼ਟੀ ਹੋਈ ਤਾਂ ਕੁੱਝ ਬੁਲਾਰੇ ਉਹਨੂੰ ਗੁਰਦਿਆਲ ਸਿੰਘ ਤੋਂ ਵੀ ਅਗਾਂਹ ਸ਼ੋਲੋਖ਼ੋਵ ਕਹੀ ਜਾਣ। ਮੈਂ ਆਖਿਆ, “ਖੇਡ ਮੈਦਾਨ `ਚ ਜਿਹੜੇ ਖਿਡਾਰੀ ਨੂੰ ਖ਼ਤਮ ਕਰਨਾ ਹੋਵੇ ਉਹਨੂੰ ਆਖੀਦੈ, ਹੋਰ ਉਤੋਂ ਦੀ ਗੇੜਾ ਕੱਢ। ਹੁਣ ਤੂੰ ਨੀ ਕਿਸੇ ਦੇ ਲੈਣ ਦਾ! ਪਤਾ ਓਦੋਂ ਈ ਲੱਗਦੈ ਜਦੋਂ ਉਹ ਹੋਰ ਉਤੋਂ ਦੀ ਗੇੜਾ ਕੱਢਦਾ ਲੱਤ ਤੁੜਵਾ ਬਹਿੰਦੈ। ਕੁੱਸੇ ਨੂੰ ਏਨਾ ਨਾ ਚੁੱਕੋ ਕਿ ਇਹ ਹੋਣਹਾਰ ਨਾਵਲਕਾਰ ਪੈਰਾਂ ਤੋਂ ਈ ਚੁੱਕਿਆ ਜਾਵੇ ਤੇ ਅਖ਼ੀਰ ਨੂੰ ਪਾਡੇ ਖਿਡਾਰੀ ਵਾਂਗ ਮੂਧੇ ਮੂੰਹ ਜਾ ਡਿੱਗੇ।”

ਆਖ਼ਰ ਉਹੀ ਕੁੱਝ ਹੋਇਆ ਜੀਹਦਾ ਮੈਂ ਡਰ ਪਰਗਟ ਕੀਤਾ ਸੀ। ਉਹਦਾ ਵੱਡਅਕਾਰੀ ਨਾਵਲ ‘ਜ਼ਖਮੀ ਦਰਿਆ’ ਉਹਨੂੰ ਸ਼ੋਲੋਖ਼ੋਵ ਬਣਾਉਂਦਾ ਬਣਾਉਂਦਾ ਸ਼ਰਾਬ ਵਿੱਚ ਡੋਬ ਗਿਆ ਕਿਉਂਕਿ ਉਹਦੀ ‘ਰਾਤ ਦੇ ਰਾਹੀ’ ਵਾਂਗ ਵਡਿਆਈ ਨਹੀਂ ਸੀ ਹੋਈ। ਉਸ ਦੀ ਤਿੱਖੀ ਆਲੋਚਨਾ ਹੋ ਗਈ ਸੀ ਤੇ ਉਹ ਡਿਪਰੈਸ਼ਨ `ਚ ਚਲਾ ਗਿਆ ਸੀ। ਦੌਧਰ ਸਕੂਲ ਵਾਲੀ ਗੋਸ਼ਟੀ ਪਿੱਛੋਂ ਉਹਨੂੰ ਸ਼ਰਾਬ ਪੀ ਕੇ ਰਸੂਲਪੁਰ ਦੇ ਰਾਹ `ਚ ਡਿੱਗੇ ਪਏ ਨੂੰ ਮਸਾਂ ਮੱਲ੍ਹੇ ਪੁਚਾਇਆ ਗਿਆ ਸੀ। ਉਹ ਇਹੋ ਰੋਣਾ ਰੋਂਦਾ ਰਿਹਾ ਸੀ ਕਿ ਆਲੋਚਕਾਂ ਨੂੰ ਨਾਵਲ ਦੀ ਸਮਝ ਨਹੀਂ। ਜਿਵੇਂ ‘ਰਾਤ ਦੇ ਰਾਹੀ’ ਤੇ ‘ਰੋਹੀ ਬੀਆਬਾਨ’ ਦੀ ਲੋੜੋਂ ਵੱਧ ਵਡਿਆਈ ਨੇ ਉਹਨੂੰ ਲੋੜੋਂ ਵੱਧ ਉਭਾਰਿਆ ਉਵੇਂ ‘ਜ਼ਖਮੀ ਦਰਿਆ’ ਦੀ ਬੇਕਿਰਕ ਆਲੋਚਨਾ ਨੇ ਉਹਨੂੰ ਨਾ ਸਿਰਫ ਜ਼ਖਮੀ ਕੀਤਾ ਬਲਕਿ ਸ਼ਰਾਬ ਦੇ ਖੂਹ ਵਿੱਚ ਡੋਬ ਦਿੱਤਾ। ਇਓਂ ਉਹ ਵੀ ਸ਼ਿਵ ਕੁਮਾਰ ਬਟਾਲਵੀ ਤੇ ਸੰਤ ਰਾਮ ਉਦਾਸੀ ਵਾਂਗ ਵੇਲਿਓਂ ਪਹਿਲਾਂ ਵਿਗੋਚਾ ਦੇ ਗਿਆ।

ਨਵੇਂ ਲੇਖਕਾਂ, ਕਲਾਕਾਰਾਂ ਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਜ਼ਰੂਰ ਦੇਣੀ ਚਾਹੀਦੀ ਹੈ ਪਰ ਪਰਸੰਸਾ ਹਿਸਾਬ ਕਿਤਾਬ ਨਾਲ ਹੀ ਕਰਨੀ ਚਾਹੀਦੀ ਹੈ। ਆਲੋਚਨਾ ਵੀ ਐਸੀ ਨਾ ਹੋਵੇ ਕਿ ਅਗਲੇ ਦਾ ਘਾਣ ਈ ਕਰ ਧਰੇ। ਅਸਲ ਵਿੱਚ ਬੇਲੋੜਾ ਵਡਿਆਉਣਾ ਤੇ ਛੁਟਿਆਉਣਾ ਦੁਧਾਰੇ ਹਥਿਆਰ ਨੇ ਜਿਨ੍ਹਾਂ ਦੀ ਵਰਤੋਂ ਸੰਭਲ ਕੇ ਹੋਵੇ ਤਦ ਹੀ ਚੰਗੇ ਨਤੀਜੇ ਨਿਕਲਦੇ ਨੇ।

ਖਿਡਾਰੀਆਂ ਬਾਰੇ ਪਹਿਲੇ ਦਸ ਬਾਰਾਂ ਸਾਲ ਮੈਂ ਮੈਗਜ਼ੀਨਾਂ ਵਿੱਚ ਹੀ ਲਿਖਿਆ। 1978 ਵਿੱਚ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਇਆ ਤਾਂ ਇਸ ਦੇ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੇ ਮੈਨੂੰ ਆਪਣੇ ਅਖ਼ਬਾਰ ਲਈ ਲਿਖਣ ਲਾ ਲਿਆ। ਉਸ ਨੇ ਹਫ਼ਤੇ `ਚ ਇੱਕ ਪੰਨਾ ਖੇਡਾਂ ਲਈ ਰਾਖਵਾਂ ਰੱਖਿਆ ਤੇ ਮੈਂ ਉਹਦੇ ਲਈ ਲਗਾਤਾਰ ਆਰਟੀਕਲ ਲਿਖਣ ਲੱਗਾ। ਹੁਣ ਤਕ ਮੇਰੇ ਸੈਂਕੜੇ ਆਰਟੀਕਲ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪ ਚੁੱਕੇ ਹਨ। ਬਿਨਾਂ ਸ਼ੱਕ ਇਸ ਅਖ਼ਬਾਰ ਦਾ ਮੈਥੋਂ ਖੇਡ ਪੱਤਰਕਾਰੀ ਕਰਾਉਣ `ਚ ਸਭ ਤੋਂ ਵੱਧ ਰੋਲ ਹੈ।

ਦਸੰਬਰ-ਜਨਵਰੀ 1981-82 ਵਿੱਚ ਪੰਜਵਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਬੰਬਈ ਵਿਖੇ ਹੋਇਆ ਸੀ। ਬਰਜਿੰਦਰ ਸਿੰਘ ਨੇ ਉਹ ਕੱਪ ‘ਪੰਜਾਬੀ ਟ੍ਰਿਬਿਊਨ’ ਲਈ ਕਵਰ ਕਰਨ ਵਾਸਤੇ ਮੈਨੂੰ ਬੰਬਈ ਭੇਜਿਆ। ਉਹਨੀਂ ਦਿਨੀਂ ਨਾ ਫੈਕਸ ਆਈ ਸੀ ਤੇ ਨਾ ਪੰਜਾਬੀ ਦੀ ਟੈਲੀਪ੍ਰਿੰਟਰ ਸੀ। ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਅੰਗਰੇਜ਼ੀ ਵਿੱਚ ਪ੍ਰੈੱਸ ਨੋਟ ਮਿਲੀ ਜਾਂਦੇ ਤੇ ਉਹ ਆਪੋ ਆਪਣੇ ਅਖ਼ਬਾਰਾਂ ਨੂੰ ਆਪਣੀਆਂ ਸਟੋਰੀਆਂ ਟੈਲੀਪ੍ਰਿੰਟਰ `ਤੇ ਚਾੜ੍ਹ ਦਿੰਦੇ। ਮੈਂ ਪਹਿਲਾਂ ਮੈਚ ਵੇਖਦਾ, ਫਿਰ ਉਹਦਾ ਹਾਲ ਹਵਾਲ ਲਿਖਦਾ, ਰੌਚਿਕਤਾ ਭਰਦਾ, ਨਿੱਜੀ ਤੇ ਸਾਹਿਤਕ ਛੋਹਾਂ ਦੇ ਕੇ ਦੋ ਸਫ਼ੇ ਤਿਆਰ ਕਰਦਾ ਤੇ ਡਾਕਖਾਨੇ ਚਲਾ ਜਾਂਦਾ। ਉਥੇ ਸਪੀਡ ਪੋਸਟ ਦੀਆਂ ਟਿਕਟਾਂ ਲਾ ਕੇ ਲਫਾਫ਼ਾ ਮੇਲ ਕਰਦਾ ਜੋ ਅਗਲੇ ਦਿਨ ਐਡੀਟਰ ਨੂੰ ਮਿਲਦਾ। ਚੌਥੇ ਦਿਨ ਮੈਨੂੰ ਮੇਰੀ ਛਪੀ ਰਿਪੋਟ ਪੜ੍ਹਨ ਨੂੰ ਮਿਲਦੀ ਜੀਹਦੇ ਵਿੱਚ ਮੈਂ ਵਰਲਡ ਕੱਪ ਕਵਰ ਕੀਤਾ ਹੁੰਦਾ। ਮੈਨੂੰ ਇਸ ਗੱਲ ਦਾ ਜ਼ਿੰਮੇਵਾਰੀ ਭਰਿਆ ਅਹਿਸਾਸ ਸੀ ਕਿ ਅਸੀਂ ਪੰਜਾਬੀ ਦੀ ਖੇਡ ਪੱਤਰਕਾਰੀ ਦੀਆਂ ਨੀਹਾਂ ਰੱਖ ਰਹੇ ਹਾਂ। ਅੰਗਰੇਜ਼ੀ ਦੇ ਪੱਤਰਕਾਰਾਂ ਨਾਲੋਂ ਮੇਰਾ ਕੰਮ ਕਿਤੇ ਕਠਨ ਸੀ। ਵਾਹੀਆਂ ਨਾਲੋਂ ਬੰਜਰਾਂ ਆਬਾਦ ਕਰਨੀਆਂ ਹਮੇਸ਼ਾਂ ਈ ਔਖੀਆਂ ਹੁੰਦੀਐਂ।

ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਪ੍ਰੇਰਕਾਂ ਨੂੰ ਅਗਲਿਆਂ ਨੇ ਹੋਟਲਾਂ ਵਿੱਚ ਠਹਿਰਾਇਆ ਹੋਇਆ ਸੀ। ਪਰ ਮੈਂ ਪਹਿਲਾਂ ਆਪਣੇ ਵਿਦਿਆਰਥੀ ਜਗਜੀਤ ਚੂਹੜਚੱਕ ਦੇ ਡੇਰੇ ਅਤੇ ਪਿੱਛੋਂ ਆਪਣੇ ਮਿੱਤਰ ਬੂਟਾ ਸਿੰਘ ਸ਼ਾਦ ਦੇ ਬੰਗਲੇ `ਚ ਰਿਹਾ। ਜਗਜੀਤ ਉਦੋਂ ‘ਪੁੱਤ ਜੱਟਾਂ ਦੇ’ ਫਿਲਮ ਬਣਾ ਰਿਹਾ ਸੀ ਤੇ ਬਲਦੇਵ ਖੋਸੇ ਕੋਲ ਰਹਿ ਰਿਹਾ ਸੀ। ਉਹਦੇ ਘਰ ਵਿੱਚ ਆਇਆਂ ਗਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਮੇਰਾ ਉਥੇ ਰਹਿਣਾ ਬੇਆਰਾਮੀ ਸਮਝ ਕੇ ਜਗਜੀਤ ਮੈਨੂੰ ਇੱਕ ਫਿਲਮੀ ਲੇਖਕ ਕੋਲ ਛੱਡ ਆਇਆ। ਉਹ ਅੱਗੇ ਕਿਸੇ ਹੋਰ ਦੇ ਕਮਰੇ `ਤੇ ਨਜਾਇਜ਼ ਈ ਕਬਜ਼ਾ ਕਰੀ ਬੈਠਾ ਸੀ। ਜਦੋਂ ਅਗਲੇ ਨੇ ਪੁਲਿਸ ਸੱਦੀ ਤਾਂ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਟਿੰਡ ਫਹੁੜੀ ਤੇ ਫਿਲਮੀ ਡਾਇਲਾਗਾਂ ਵਾਲੀ ਕਾਪੀ ਲੈ ਕੇ ਚਲਦਾ ਬਣਿਆ। ਕਾਬੂ ਆਉਣ ਦੇ ਡਰੋਂ ਮੈਂ ਵੀ ਪੰਜੀਰੀ ਵਾਲਾ ਡੱਬਾ ਲੈ ਕੇ ਤਿੱਤਰ ਹੋ ਗਿਆ ਤੇ ਬੂਟਾ ਸਿੰਘ ਸ਼ਾਦ ਨਾਲ ਜਾ ਫੋਨ ਮਿਲਾਇਆ।

ਬੂਟਾ ਸਿੰਘ ਸ਼ਾਦ ਯਾਰਾਂ ਦਾ ਯਾਰ ਹੈ। ਜਦੋਂ ਮੈਂ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਣ ਲੱਗਾ ਸੀ ਤਾਂ ਉਹ ਸਿਧਵਾਂ ਕੁੜੀਆਂ ਦੇ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਆ ਲੱਗਾ ਸੀ। ਹੋਸਟਲ ਦੀਆਂ ਕੁੜੀਆਂ ਬਾਰੀਆਂ `ਚੋਂ ਬਣਦੇ ਤਣਦੇ ਬੂਟੇ ਸ਼ਾਦ ਵੇਖਦੀਆਂ। ਪਿੱਛੋਂ ਉਹ ਮੰਡੀ ਗੋਨੇਆਣੇ ਕੋਲ ਦਾਨ ਸਿੰਘ ਵਾਲੇ ਦਾ ਹੈ। ਉਹ ਢੁੱਡੀਕੇ ਦੀ ਸਾਹਿਤ ਸਭਾ `ਚ ਆਉਂਦਾ ਤਾਂ ਅਸੀਂ ਸਭਾ ਤੋਂ ਪਿੱਛੋਂ ਖੁੱਲ੍ਹੀਆਂ ਗੱਲਾਂ ਕਰਦੇ। ਜਦੋਂ ਮੇਰੀ ਕਹਾਣੀ ‘ਨਿਧਾਨਾ ਸਾਧ ਨਹੀਂ’ ਆਰਸੀ ਵਿੱਚ ਛਪੀ ਤਾਂ ਉਹਦੀ ਕਹਾਣੀ ‘ਮੋਰਨੀ’ ਵੀ ਆਰਸੀ ਵਿੱਚ ਛਪੀ ਸੀ। ਉਹ ਕਹਾਣੀ ਏਨੀ ਚਰਚਿਤ ਹੋਈ ਕਿ ਸ਼ਾਦ ਮੋਰਨੀ ਵਾਲਾ ਕਿਹਾ ਜਾਣ ਲੱਗਾ। ਬਾਅਦ ਵਿੱਚ ਨਾਵਲ ‘ਅੱਧੀ ਰਾਤ ਪਹਿਰ ਦਾ ਤੜਕਾ’ ਨੇ ਉਸ ਦੀ ਹੋਰ ਬੱਲੇ ਬੱਲੇ ਕਰਵਾਈ ਤੇ ‘ਕੁੱਤਿਆਂ ਵਾਲੇ ਸਰਦਾਰ’ ਨਾਵਲ ਨੂੰ ਕੁੜੀਆਂ ਸਿਰ੍ਹਾਣੇ ਰੱਖ ਕੇ ਸੌਂਦੀਆਂ ਰਹੀਆਂ। ਉਹਨੀਂ ਦਿਨੀਂ ਉਹਦੀ ਕਹਾਣੀ ‘ਡਬਲੀ ਪੈਸਾ’ ਵੀ ਬੜੀ ਚੜ੍ਹੀ ਸੀ। ਉਹਦੀ ਬੋਲੀ ਤੇ ਸ਼ੈਲੀ `ਚ ਮਾਲਵਾ ਤੇ ਖ਼ਾਸ ਕਰ ਕੇ ਬਠਿੰਡੇ ਦਾ ਆਲਾ ਦੁਆਲਾ ਬੋਲਦਾ ਸੀ। ਉਹਦੇ ਵਿੱਚ ਨਹਿਰ ਸਰਹੰਦ ਦੀਆਂ ਵਗਦੀਆਂ ਧਾਰਾਂ ਵਾਲੀ ਰਵਾਨੀ ਸੀ।

ਇਕੇਰਾਂ ਉਹ ਸਿੱਧਵਾਂ ਤੋਂ ਚੌਕੀ ਮਾਨ ਦੇ ਰੇਲਵੇ ਸਟੇਸ਼ਨ ਉਤੇ ਪਰਚਿਆਂ ਦੇ ਬੰਡਲ ਪਾਰਸਲ ਕਰਾਉਣ ਆਇਆ। ਅਚਾਨਕ ਸਾਡਾ ਮੇਲ ਹੋ ਗਿਆ ਤੇ ਮੈਂ ਉਸ ਨੂੰ ਆਪਣੇ ਸਹੁਰੇ ਘਰ ਲੈ ਗਿਆ। ਸਹੁਰੇ ਘਰ ਮੀਟ ਪਰੋਸਿਆ ਗਿਆ ਤਾਂ ਉਹ ਕਹਿਣ ਲੱਗਾ, “ਮੈਂ ਦੇਖਣ ਨੂੰ ਤਾਂ ਇਓਂ ਲੱਗਦਾਂ ਜਿਵੇਂ ਕੱਟਾ ਵੀ ਨਾ ਛੱਡਦਾ ਹੋਵਾਂ ਪਰ ਹੈਗਾ ਮੈਂ ਵੈਸ਼ਨੂੰ।” ਬੰਬਈ ਵਿੱਚ ਉਹ ਵੈਸ਼ਨੂੰ ਨਹੀਂ ਸੀ। ਉਹ ਮੈਨੂੰ ਆਪਣੇ ਸਾਤ ਬੰਗਲਾ ਦੇ ਫਲੈਟ ਵਿੱਚ ਲੈ ਗਿਆ ਜਿਸ ਵਿੱਚ ਕਦੇ ਗੀਤਾ ਬਾਲੀ ਰਹਿੰਦੀ ਸੀ। ਜਦ ਮੈਂ ਨ੍ਹਾਉਣ ਲੱਗਦਾ ਤਾਂ ਉਹ ਕਹਿੰਦਾ, “ਏਸੇ ਗੁਸਲਖਾਨੇ `ਚ ਗੀਤਾ ਬਾਲੀ ਨ੍ਹਾਉਂਦੀ ਹੁੰਦੀ ਸੀ! ਆਹ ਸ਼ੀਸ਼ਾ ਓਦੋਂ ਦਾ ਈ ਲੱਗਿਆ ਹੋਇਐ। ਕਿਉਂ ਆਉਂਦਾ ਨ੍ਹਾਉਣ ਦਾ ਸੁਆਦ ਕਿ ਨਹੀਂ?”

ਉਹ `ਕੱਲਾ ਈ ਰਹਿੰਦਾ ਸੀ ਤੇ ਉਹਦਾ ਨੌਕਰ ਖਾਣਾ ਤਿਆਰ ਕਰ ਦਿੰਦਾ ਸੀ। ਉਹਨੀਂ ਦਿਨੀਂ ਉਹਦੀ ਫਿਲਮ ‘ਨਿਸ਼ਾਨ’ ਬਣ ਰਹੀ ਸੀ। ਇੱਕ ਦੋ ਹਾੜੇ ਲਾ ਕੇ ਉਹ ਤਰਾਰੇ `ਚ ਹੋ ਜਾਂਦਾ ਤੇ ਕਹਿੰਦਾ, “ਕਿਸੇ ਦਿਨ ਵਿਹਲ ਕੱਢੀਂ। ਮੈਂ ਤੈਨੂੰ ਨਿਸ਼ਾਨ ਦੀ ਹੀਰੋਇਨ ਰੇਖਾ ਨਾਲ ਮਿਲਾਊਂ। ਬੜੀ ਪਿਆਰੀ ਕੁੜੀ ਐ।” ਪਰ ਰੇਖਾ ਦੀ ਥਾਂ ਉਸ ਨੇ ਮੈਨੂੰ ਮੋਟੀ ਟੁਨਟੁਨ ਨਾਲ ਜਾ ਮਿਲਾਇਆ ਜੋ ਆਪਣੀ ਹਸਾਉਣੀ ਅਦਾਕਾਰੀ ਵਾਂਗ ਹੱਸਣੋਂ ਹੀ ਨਾ ਹਟੀ। ਮੈਨੂੰ ਸਮਝ ਨਾ ਆਵੇ ਕਿ ਉਹ ਮੇਰੇ `ਤੇ ਹੱਸਦੀ ਐ ਜਾਂ ਆਪਣੇ ਆਪ `ਤੇ? ਉਥੇ ‘ਆਏ ਹਾਏ’ ਕਰਦਾ ਮਿਹਰ ਮਿੱਤਲ ਵੀ ਮਿਲਿਆ ਜੀਹਦੀਆਂ ਦੋ ਗੁੱਤਾਂ ਕੀਤੀਆਂ ਹੋਈਆਂ ਸਨ ਤੇ ਸੁਰਖੀ ਬਿੰਦੀ ਲਾਈ ਜਾ ਰਹੀ ਸੀ। ਉਹਤੋਂ ਸ਼ਾਇਦ ਖੁਸਰੇ ਦਾ ਰੋਲ ਕਰਾਉਣਾ ਹੋਵੇ। ਉਹਨੂੰ ਵੇਖ ਕੇ ਹਾਸਾ ਨਾ ਆਉਂਦਾ ਤਾਂ ਹੋਰ ਕੀ ਆਉਂਦਾ? ਵਿਸ਼ਵ ਹਾਕੀ ਕੱਪ ਦੇ ਨਾਲ ਉਥੇ ਮੈਨੂੰ ਫਿਲਮੀ ਦੁਨੀਆਂ ਦੇ ਵੀ ਦਰਸ਼ਨ ਹੋ ਗਏ ਤੇ ਕਈ ਫਿਲਮੀ ਸਿਤਾਰਿਆਂ ਨਾਲ ਹੱਥ ਮਿਲਾਇਆ ਗਿਆ। ਰੇਖਾ ਮੈਨੂੰ ਇਕੋ ਵਾਰ ਦਿਸੀ ਤੇ ਉਹ ਵੀ ਬਿਨਾਂ ਮੇਕ ਅੱਪ ਤੋਂ। ਮੈਂ ਹੈਰਾਨ ਸਾਂ ਕਿ ਕਿਥੇ ਫਿਲਮਾਂ ਵਾਲੀ ਰੇਖਾ ਤੇ ਕਿਥੇ ਆਹ ਮਰੀਅਲ ਜਿਹੀ ਕੁੜੀ?

ਸਵੇਰੇ ਖਾਣਾ ਖਾ ਕੇ ਸ਼ਾਦ ਸ਼ੂਟਿੰਗ ਵਾਲੀ ਜਗ੍ਹਾ `ਤੇ ਚਲਾ ਜਾਂਦਾ ਤੇ ਮੈਂ ਚਰਚ ਗੇਟ ਦੇ ਵਾਨਖਾੜੇ ਸਟੇਡੀਅਮ ਵਿੱਚ ਵਰਲਡ ਹਾਕੀ ਕੱਪ ਦੇ ਮੈਚ ਵੇਖਦਾ। ਮੁੰਬਈ ਨੂੰ ਉਦੋਂ ਬੰਬਈ ਕਹਿੰਦੇ ਸਨ। ਅੱਜ ਇਹ ਸਤਰਾਂ ਲਿਖਦਿਆਂ ਮੇਰੇ ਸੱਜੇ ਮੋਢੇ ਉਤੇ ਪਏ ਹੁਲਾਸਮਈ ਹੱਥੜ ਦੀ ਮਿੱਠੀ ਕਸਕ ਮੁੜ ਯਾਦ ਆ ਗਈ ਹੈ। ਇਹ ਸੁਆਦਲਾ ਕੌਤਕ ਉਦੋਂ ਵਰਤਿਆ ਜਦੋਂ ਜਰਮਨੀ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ। ਸਟੇਡੀਅਮ ਦੀਆਂ ਪੌੜੀਆਂ `ਤੇ ਚੰਦ-ਤਾਰੇ ਵਾਲੇ ਪਾਕਿਸਤਾਨੀ ਪਰਚਮ ਲਹਿਰਾਏ ਜਾ ਰਹੇ ਸਨ, ਪਟਾਕੇ ਚੱਲ ਰਹੇ ਸਨ ਤੇ ‘ਪਾਕਿਸਤਾਨ ਜ਼ਿੰਦਾਬਾਦ’ ਦਾ ਸ਼ੋਰ ਗੂੰਜ ਰਿਹਾ ਸੀ।

ਉੱਦਣ ਮੈਂ ਪਾਕਿਸਤਾਨੀ ਪੱਤਰਪ੍ਰੇਰਕਾਂ ਵਿਚਕਾਰ ਸੀਟ ਮੱਲੀ ਹੋਈ ਸੀ। ਮੇਰੇ ਪਿਛਲੇ ਪਾਸੇ ਕਰਾਚੀ ਤੋਂ ਆਈ ਪ੍ਰੈੱਸ ਰਿਪੋਰਟਰ ਬੈਠੀ ਸੀ ਜੋ ਨਿੱਗਰ ਜੁੱਸੇ ਤੇ ਮਰਦਾਵੀਂ ਸਲਵਾਰ ਕਮੀਜ਼ ਨਾਲ ਮਰਦਾਂ ਵਰਗੀ ਹੀ ਲੱਗ ਰਹੀ ਸੀ। ਉਹਦਾ ਇਤਰ ਫੁਲੇਲ ਮਹਿਕ ਰਿਹਾ ਸੀ ਤੇ ਉਹ ਸਿਗਰਟ ਨਹੀਂ ਸੀ ਬੁਝਣ ਦੇ ਰਹੀ। ਉਹ ਧੂੰਏਂ ਦੇ ਲਹਿਰੀਏ ਛੱਡਦੀ ਲਗਾਤਾਰ ਆਪਣੀ ਟੀਮ ਨੂੰ ਲਲਕਾਰ ਰਹੀ ਸੀ। ਜਦੋਂ ਜਰਮਨੀ ਦੀ ਟੀਮ ਨੇ ਮੈਚ ਦੇ ਆਰੰਭ ਵਿੱਚ ਹੀ ਪਾਕਿਸਤਾਨੀ ਟੀਮ ਸਿਰ ਗੋਲ ਦਾਗ ਦਿੱਤਾ ਤਾਂ ਉਹ ਸਿਗਰਟ ਦੇ ਕਸ਼ ਲਾਉਣੇ ਭੁੱਲ ਗਈ ਤੇ ਨਾਲ ਹੀ ਉਹਦੇ ਲਲਕਾਰੇ ਵੀ ਬੰਦ ਹੋ ਗਏ। ਉਹਦਾ ਰੰਗ ਲਾਲੀ ਤੋਂ ਜ਼ਰਦੀ ਵਿੱਚ ਬਦਲ ਗਿਆ ਸੀ।

ਫਿਰ ਜਦੋਂ ਹਸਨ ਸਰਦਾਰ ਨੇ ਗੋਲ ਲਾਹਿਆ ਤਾਂ ਉਹ ਮੁੜ ਜੋਸ਼ ਵਿੱਚ ਕੂਕੀ ਤੇ ਨਵੀਂ ਸਿਗਰਟ ਸੁਲਘਾਉਣ ਲੱਗੀ। ਅਜੇ ਉਹਨੇ ਪਹਿਲਾ ਸੂਟਾ ਹੀ ਭਰਿਆ ਸੀ ਕਿ ਮਨਜ਼ੂਰ ਅਹਿਮਦ ਨੇ ਦੂਜਾ ਗੋਲ ਦਾਗ ਦਿੱਤਾ। ਉਧਰ ਫੱਟਾ ਖੜਕਿਆ ਤੇ ਏਧਰ ਗੋਰੀ ਲੰਮੀ ਸਿੰਧਣ ਨੇ ਜੋਸ਼ ਤੇ ਹੁਲਾਸ ਵਿੱਚ ਮੇਰੇ ਮੋਢੇ `ਤੇ ਅਜਿਹਾ ਜ਼ੋਰ ਦਾ ਹੱਥੜ ਮਾਰਿਆ ਕਿ ਉਹਦੀ ਮਿੱਠੀ ਕਸਕ ਹਾਲਾਂ ਵੀ ਯਾਦ ਆ ਜਾਂਦੀ ਹੈ।

ਜਿੱਦਣ ਭਾਰਤੀ ਹਾਕੀ ਟੀਮ ਹਾਰੀ ਉਹਦੀ ਮੰਦੀ ਹਾਲਤ ਬਿਆਨੋਂ ਬਾਹਰ ਸੀ। ਸੁਰਜੀਤ ਤੇ ਰਾਜਿੰਦਰ ਤਾਂ ਹਾਕੀਆਂ ਭੁੰਜੇ ਸੁੱਟ ਕੇ ਉਥੇ ਹੀ ਢਹਿ ਪਏ ਸਨ। ਸੁਰਿੰਦਰ ਸੋਢੀ, ਮੁਹੰਮਦ ਸ਼ਾਹਿਦ ਤੇ ਕੌਸ਼ਿਕ ਵਰਗੇ ਬੈਂਚਾਂ ਤਕ ਪਹੁੰਚ ਤਾਂ ਗਏ ਪਰ ਉਨ੍ਹਾਂ ਨੇ ਹਾਰ ਦੀ ਨਮੋਸ਼ੀ ਦਾ ਭਾਰ ਹਾਕੀਆਂ ਉਤੇ ਠੋਡੀਆਂ ਧਰ ਕੇ ਝੱਲਿਆ। ਕਈਆਂ ਨੇ ਸਿਰ ਹੱਥਾਂ `ਚ ਫੜ ਲਏ ਤੇ ਕਈ ਉਂਜ ਈ ਸਿਰ ਗੋਡਿਆਂ `ਚ ਦੇ ਕੇ ਬਹਿ ਗਏ। ਮੈਂ ਵੇਖਿਆ ਕਿ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਡੱਕੀਆਂ ਹੋਈਆਂ ਸਨ। ਅਸੀਂ ‘ਹਾਰਡ ਲੱਕ’ ਕਹਿੰਦਿਆਂ ਹੱਥ ਮਿਲਾਏ ਤਾਂ ਸੱਤਰ ਮਿੰਟਾਂ ਦੀ ਧੂੰਆਂਧਾਂਰ ਖੇਡ ਖੇਡਣ ਪਿੱਛੋਂ ਵੀ ਉਨ੍ਹਾਂ ਦੇ ਹੱਥ ਠੰਢੇਠਾਰ ਪਏ ਸਨ।

ਦਿਲਬਰੀਆਂ ਤੇ ਦਿਲਾਸਿਆਂ ਪਿੱਛੋਂ ਭਾਰਤੀ ਟੀਮ ਸਟੇਡੀਅਮ ਤੋਂ ਬਾਹਰ ਜਾਣ ਲੱਗੀ ਤਾਂ ਉਪਰੋਂ ਇੱਕ ਛੋਕਰੇ ਨੇ ਖਿਡਾਰੀਆਂ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹਨੇ ਮਿਹਣਾ ਮਾਰਿਆ, “ਅਰੇ ਸੁਸਰੋ, ਅਬ ਗੁੱਲੀ ਡੰਡਾ ਖੇਲਨੇ ਲੱਗ ਜਾਓ।” ਤਾਂ ਕਈਆਂ ਤੋਂ ਡੱਕੇ ਹੋਏ ਹੰਝੂ ਹੋਰ ਨਾ ਡੱਕੇ ਜਾ ਸਕੇ ਤੇ ਉਹ ਆਖ਼ਰਕਾਰ ਡੁੱਲ੍ਹ ਹੀ ਗਏ।

ਅਸੀਂ ਸਟੇਡੀਅਮ ਤੋਂ ਬਾਹਰ ਨਿਕਲੇ ਤਾਂ ਪਾਕਿਸਤਾਨੀ ਦਰਸ਼ਕਾਂ ਦੀ ਇੱਕ ਢਾਣੀ ਮਸੋਸੀ ਖੜ੍ਹੀ ਸੀ। ਸਾਡੇ ਕੋਲ ਉਹ ਭਾਰਤੀ ਟੀਮ ਦੇ ਹਾਰ ਜਾਣ ਦਾ ਅਫਸੋਸ ਕਰਨ ਲੱਗੇ। ਇਹ ਅਜੀਬ ਗੱਲ ਸੀ। ਹਾਰਿਆ ਭਾਰਤ, ਨਮੋਸ਼ੀ ਭਾਰਤੀਆਂ ਦੀ ਹੋਈ ਪਰ ਉਹ ਸਾਡੇ ਸ਼ਰੀਕ, ਖ਼ੁਸ਼ ਹੋਣ ਦੀ ਥਾਂ ਉਲਟਾ ਸਾਡੇ ਗ਼ਮ `ਚ ਭਿੱਜੇ ਖੜ੍ਹੇ ਸਨ। ਸ਼ਰੀਕ ਦਾ ਰਿਸ਼ਤਾ ਵੀ ਕਿਆ ਰਿਸ਼ਤਾ ਹੈ! ਅਪਣੱਤ ਵੀ ਰੱਜ ਕੇ ਬੇਗਾਨਗੀ ਵੀ ਪੁੱਜ ਕੇ। ਨਾ ਸ਼ਰੀਕ ਜਿੰਨਾ ਕੋਈ ਮੋਹ ਪਾਲ ਸਕਦਾ ਹੈ ਤੇ ਨਾ ਉਹਦੇ ਜਿੰਨਾ ਕੋਈ ਵੈਰ ਪੁਗਾ ਸਕਦਾ ਹੈ। ਉਹ ਲਹੌਰੀਏ ਭਾਊ ਮੁੜ ਮੁੜ ਆਂਹਦੇ, “ਧੁਆਡੀ ਟੀਮ ਭਾਅ ਜੀ ਤਕੜੀ ਸੀ। ਬੱਸ ਕਿਸਮਤ ਦਗ਼ਾ ਦੇ ਗਈ। ਅਹੀਂ ਤਾਂ ਲਾਅ੍ਹੌਰੋਂ ਚੱਲੇ ਈ ‘ਆਪਣੀਆਂ’ ਟੀਮਾਂ ਦਾ ਫਾਈਨਲ ਮੈਚ ਵੇਖਣ ਸੀ। ਕਿਧਰੇ ਫਾਈਨਲ ਮੈਚ ਹਿੰਦੁਸਤਾਨ ਤੇ ਪਾਕਿਸਤਾਨ ਦਾ ਹੁੰਦਾ ਤਾਂ ਨਜ਼ਾਰੇ ਬੱਝ ਜਾਂਦੇ। ਹੁਣ ਤੇ ਮਜ਼ਾ ਈ ਕਿਰਕਿਰਾ ਹੋ ਗਿਐ।”

ਅਖੀਰਲੇ ਦਿਨ ਜਦੋਂ ਸੁਨਹਿਰੀ ਕੱਪ ਸਟੇਡੀਅਮ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਦਰਸ਼ਕ ਉਸ ਨੂੰ ਹੱਥ ਲਾ ਲਾ ਵੇਖ ਰਹੇ ਸਨ। ਜਿਸ ਬੱਸ ਵਿੱਚ ਪਾਕਿਸਤਾਨ ਦੀ ਟੀਮ ਨੇ ਬਹਿਣਾ ਸੀ ਮੈਂ ਅਗਾਊਂ ਉਹਦੀ ਬਾਰੀ ਕੋਲ ਜਾ ਖੜ੍ਹਾ ਹੋਇਆ। ਜਦੋਂ ਕੱਪ ਮੇਰੇ ਮੂਹਰ ਦੀ ਲੰਘਣ ਲੱਗਾ ਤਾਂ ਮੈਥੋਂ ਵੀ ਉਹਦਾ ਸਿਰ ਪਲੋਸਣੋਂ ਨਾ ਰਿਹਾ ਗਿਆ। ਮੈਂ ਆਪਣਾ ਸੱਜਾ ਹੱਥ ਉਪਰ ਚੁੱਕਿਆ ਤੇ ਸੋਨੇ-ਚਾਂਦੀ ਦੇ ਚਮਕਦੇ ਗਲੋਬ ਉਤੇ ਪੋਲਾ ਜਿਹਾ ਛੁਹਾਇਆ। ਉਹਦੀ ਕੂਲੀ ਸੁਨਹਿਰੀ ਛੋਹ ਮੈਨੂੰ ਅੱਜ ਵੀ ਕਿਸੇ ਰੰਗੀਨ ਸੁਫ਼ਨੇ ਵਾਂਗ ਯਾਦ ਹੈ। ਤੇ ਯਾਦ ਹੈ ਉਹ ਮਿੱਠੀ ਕਸਕ ਜਿਹੜੀ ਇੱਕ ਪਰਦੇਸਣ ਨੇ ਆਪਣੇ ਵਤਨ ਦੀ ਟੀਮ ਜਿੱਤਦੀ ਵੇਖ ਕੇ ਮੈਨੂੰ ਬਖਸ਼ੀ ਸੀ।

Additional Info

  • Writings Type:: A single wirting
Read 3701 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।