You are here:ਮੁਖ ਪੰਨਾ»ਰਚਨਾ ਅਧਿਐਨ»ਕੈਨੇਡਾ ਆ ਰਹੇ ਪੰਜਾਬੀ ਪੜ੍ਹਨਹਾਰੇ ਨੂੰ ਦਰਪੇਸ਼ ਚੁਣੌਤੀਆਂ! ਮਾਪਿਆਂ ਲਈ ਅਹਿਮ ਨੁਕਤੇ
Coming soon: A new and improved Global Punjabi site!!!

ਲੇਖ਼ਕ

Wednesday, 17 September 2025 11:16

ਕੈਨੇਡਾ ਆ ਰਹੇ ਪੰਜਾਬੀ ਪੜ੍ਹਨਹਾਰੇ ਨੂੰ ਦਰਪੇਸ਼ ਚੁਣੌਤੀਆਂ! ਮਾਪਿਆਂ ਲਈ ਅਹਿਮ ਨੁਕਤੇ

Written by
Rate this item
(0 votes)

ਪੰਜਾਬ ਵਿੱਚ ਰੁਜ਼ਗਾਰ, ਵਿਪਾਰ, ਅਤੇ ਅਮਨ-ਕਾਨੂੰਨ ਦੇ ਸੰਭਾਵਤ ਧੁੰਦਲ਼ੇ ਭਵਿਖ ਤੋਂ ਤ੍ਰਭਕੇ ਹੋਏੇ ਮਾਪੇ, ਆਪਣੇ ਬੱਚਿਆਂ ਨੂੰ ਹਰ ਹੀਲੇ ਕਨੇਡਾ ਵਿੱਚ ਪੜ੍ਹਨ ਲਈ ਭੇਜਣ ਵਾਸਤੇ ਉਤਸੁਕ ਹਨ। ਜਿੱਥੇ ਪੰਜਾਬੀ ਬੱਚਿਆਂ ਦਾ ਕੈਨੇਡਾ ਵਿੱਚ ਏਡੀ ਵੱਡੀ ਗਿਣਤੀ ਵਿੱਚ ਆਉਣਾ ਹਾਂ-ਪੱਖੀ ਰੁਝਾਨ ਹੈ ਓਥੇ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਕਿ ਅਨੇਕਾਂ ਵਿਦਿਆਰਥੀ ਕੈਨੇਡਾ ਵਿੱਚ ਆ ਕੇ ਵੱਡੇ ਸੰਕਟਾਂ ਵਿੱਚੋਂ ਵੀ ਗੁਜ਼ਰ ਰਹੇ ਹਨ। ਇਹਨਾਂ ਵਿੱਚੋਂ ਕੁਝ ਸੰਕਟ ਬੱਚਿਆਂ ਦੀ ਪਰਵਰਿਸ਼ ਦੇ ਵਖਰੇਵੇਂ ਅਤੇ ਤਰੁਟੀਆਂ ਕਾਰਨ ਆਉਂਦੇ ਹਨ, ਤੇ ਕੁਝ, ਬੱਚਿਆਂ ਅੰਦਰ, ਕੈਨੇਡਾ ਦੇ ਕਲਚਰਲ ਮਹੌਲ ਵਿਚ ਸਲੀਕੇ ਨਾਲ ਵਿਚਰ ਸਕਣ ਦੀ ਜਾਚ ਦੀ ਅਣਹੋਂਦ ਕਾਰਨ। ਇਹਨਾਂ ਅਣਕਿਆਸੇ ਕਾਰਨਾਂ ਤੋਂ ਭਾਰਤ ਰਹਿੰਦੇ ਮਾਪੇ ਬੇਖ਼ਬਰ ਹੁੰਦੇ ਹਨ।

ਮਾਪਿਆਂ ਦੀ ਜਾਣਕਾਰੀ ਲਈ ਮੈਂ ਕੁਝ ਕੁ ਨੁਕਤੇ ਉਹਨਾਂ ਨਾਲ ਸਾਂਝੇ ਕਰ ਰਿਹਾ ਹਾਂ ਜਿਨ੍ਹਾਂ ਦੀ ਜਾਣਕਾਰੀ, ਬੱਚਿਆਂ ਨੂੰ ਅਗਾਊਂ-ਤਿਆਰ ਕਰਨ ਲਈ ਅਤੇ ਬੱਚਿਆਂ ਦੀ ਕਾਮਯਾਬੀ ਲਈ ਸਹਾਈ ਹੋ ਸਕਦੀ ਹੈ।

1) ਭਾਰਤ ਬੈਠੇ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਕੈਨਡਾ ਭੂਗੋਲਿਕ ਤੌਰ ‘ਤੇ ਬਹੁਤ ਹੀ ਵਿਸ਼ਾਲ ਮੁਲਕ ਹੈ: ਐਡਾ ਵਿਸ਼ਾਲ ਕਿ ਏਥੇ ਛੇ ਟਾਈਮ ਜ਼ੋਨ ਹਨ। ਦੇਸ਼ ਦੇ ਪੂਰਬੀ ਕੋਨੇ ਤੋਂ ਪੱਛਮੀ ਤੀਕ ਫਾਸਲਾ 7300 ਕਿਲੋਮੀਟਰ ਹੈ। ਜਦੋਂ ਪੂਰਬੀ ਤਟ ਉੱਤੇ ਦੁਪਹਿਰ ਦੇ ਬਾਰਾਂ ਵੱਜੇ ਹੁੰਦੇ ਹਨ ਤਾਂ ਮੱਧ-ਕਨੇਡਾ (ਟਰਾਂਟੋ) ਵਿੱਚ ਸਵੇਰ ਦੇ ਨੌਂ, ਵਿੰਨਾਪੈੱਗ ਵਿੱਚ ਸਵੇਰ ਦੇ ਸੱਤ ਅਤੇ ਪੱਛਮੀ ਤਟ ਉੱਤੇ ਵੈਨਕੂਵਰ ਵਿੱਚ ਤੜਕੇ ਦੇ ਛੇ। ਬਹੁਤੇ ਮਾਪਿਆਂ ਲਈ ਕੈਨੇਡਾ ਵਿੱਚ ਪਹੁੰਚ ਜਾਣ ਦਾ ਮਤਲਬ ਹੈ ਕਿ ਸਭ ਕੁਝ ਹੁਣ ‘ਅੱਛਾ ਹੀ ਅੱਛਾ’ ਹੋ ਜਾਵੇਗਾ, ਪ੍ਰੰਤੂ ਅਸਲੀਅਤ ਕੁਝ ਹੋਰ ਹੈ।

ਕਨੇਡਾ ਦੇ ਕਾਲਜਾਂ ਵਿੱਚ ਦਾਖ਼ਲਾ ਭਾਵੇਂ ਨੈੱਟ ਰਾਹੀਂ ਕਾਲਜ ਨਾਲ ਸਿੱਧਾ ਸੰਪਰਕ ਕਰ ਕੇ ਵੀ ਲਿਆ ਜਾ ਸਕਦਾ ਹੈ, ਪ੍ਰੰਤੂ ਹਰ ਕਾਲਜ ਨੇ ਦਾਖ਼ਲੇ ਦਵਾਉਣ ਲਈ ਅਜੰਟ ਵੀ ਰੱਖੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਬੈਠੇ ਅਣਭੋਲ ਵਿਦਿਆਰਥੀਆਂ ਨੂੰ ਉਸ ਕਾਲਜ ਵਿੱਚ ਦਾਖ਼ਲਾ ਦਵਾਇਆ ਜਾਵੇ ਜਿਸ ਤੋਂ ਅਜੰਟਾਂ ਨੂੰ ਵਧੇਰੇ ਕਮਿਸ਼ਨ ਮਿਲਦਾ ਹੋਵੇ। ਇਸ ਤਰ੍ਹਾਂ, ਓਪਰੇ ਮੁਲਕ ਵਿੱਚ ਬੱਚਿਆਂ ਦੀਆਂ ਸੰਭਾਵਤ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਦਿਆਂ, ਲਾਲਚੀ ਅਜੰਟ ਦਾਖ਼਼ਲਾ ਐਸੀ ਜਗ੍ਹਾ ਦੁਆ ਦਿੰਦੇ ਹਨ ਜਿੱਥੇ ਰਹਿਣ ਲਈ ਕਮਰੇ ਦਾ ਇੰਤਜ਼ਾਮ ਕਰਨਾ ਹੀ ਮੁਹਾਲ ਹੁੰਦਾ ਹੈ ਤੇ ਪਾਰਟ ਟਾਈਮ ਕੰਮ ਲੱਭਣਾ ਵੀ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਇਸ ਲਈ ਦੋ ਤਜਵੀਜ਼ਾਂ ਹਨ: ਇਕ ਤਾਂ ਦਾਖ਼ਲਾ, ਅਜੰਟ ਦੀ ਬਜਾਏ, ਸਿੱਧਾ ਨੈੱਟ ਰਾਹੀਂ ਲਿਆ ਜਾਵੇ। ਦੂਜਾ, ਦਾਖ਼ਲਾ ਅਗਰ ਟਰਾਂਟੋ ਦੇ ਹੰਬਰ ਕਾਲਜ ਨੋਰਥ ਕੈਂਪਸ, ਸ਼ੈਰੀਡਨ ਕਾਲਜ ਬਰੈਂਪਟਨ, ਜਾਂ ਸੈਨਕਾ ਕਾਲਜ ਦੇ ਯੋਰਕ ਯੂਨੀਵਰਸਿਟੀ ਵਿੱਚ ਹੋਵੇ ਤਾਂ ਕੰਮ ਲੱਭਣ ਅਤੇ ਰਹਾਇਸ਼ ਲੱਭਣ ਵਿੱਚ ਆਸਾਨੀ ਰਹਿੰਦੀ ਹੈ ਕਿਉਂਕਿ ਇਹ ਉਹ ਕਾਲਜ-ਯੂਨੀਵਰਸਿਟੀਆਂ ਹਨ ਜਿੱਥੋਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲ਼ੇ ਬਰੈਂਪਟਨ, ਮਾਲਟਨ, ਵੁੱਡਬਰਿੱਜ, ਕਾਨਕੋਰਡ, ਵੈਸਟਨ, ਇਟੋਬੀਕੋਅ, ਰੈਕਸਡੇਲ ਆਦਿਕ ਸ਼ਹਿਰ ਬਹੁਤ ਨੇੜੇ ਹਨ। ਅੱਜ ਕੱਲ ਨੈੱਟ ਦਾ ਯੁਗ ਹੈ; ਇਸ ਲਈ ਕਾਲਜ ਦੀ ਚੋਣ ਕਰਨ ਵੇਲੇ ਵਿਦਿਆਰਥੀ ਖੁਦ ਹੀ ਗੂਗਲ ਰਾਹੀਂ ਇਹ ਪਤਾ ਜ਼ਰੂਰ ਕਰ ਲੈਣ ਕਿ ਜਿਸ ਜਗ੍ਹਾ ਉਹਨਾ ਨੂੰ ਦਾਖ਼ਲਾ ਮਿਲ ਰਿਹਾ ਹੈ, ਉਹ ਇਨ੍ਹਾਂ ਇਲਾਕਿਆਂ ਤੋਂ ਕਿੰਨੀ ਦੂਰ ਹਨ।

2) ਜਦੋਂ ਕਿ ਕੈਨੇਡਾ ਪਹੁੰਚੇ ਵੱਡੀ ਗਿਣਤੀ ਪੰਜਾਬੀ ਬੱਚੇ ਪੜ੍ਹਾਈ ਵਿੱਚ ਵੀ ਅਤੇ ਕੰਮ ਵਿੱਚ ਵੀ ਹੱਡ-ਭੰਨਵੀਂ ਮਿਹਨਤ ਕਰਦੇ ਹਨ, ਅਨੇਕਾਂ ਬੱਚੇ ਉਹ ਵੀ ਹਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਕੰਮ ਕੀਤਾ ਹੀ ਨਹੀਂ ਹੁੰਦਾ। ਕੈਨੇਡਾ ਵਿੱਚ ਕੰਮ ਦੇ ਮੁਕਾਮ ਉੱਤੇ ਵਾਸ਼ਰੂਮ-ਟਾਇਲਟ ਦੀ ਸਫ਼ਾਈ ਕਰਨਾ, ਝਾੜੂ ਮਾਰਨਾ, ਡਸਟਿੰਗ ਕਰਨੀ ਆਦਿਕ ਚੀਜ਼ਾਂ ਕੰਮ ਦਾ ਹਿੱਸਾ ਹੁੰਦੇ ਹਨ, ਅਤੇ ਕੰਮ ਦੇ ਮਾਲਕ ਇਹ ਕੰਮ ਆਪ ਵੀ ਕਰਦੇ ਹਨ। ਪਰ ਪੰਜਾਬ ਦੇ ਵੱਖਰੇ ਸਮਾਜਕ ਮਹੌਲ ਵਿੱਚੋਂ ਆਏ ਬੱਚੇ ਕਈ ਵਾਰ ਝਾੜੂ ਮਾਰਨ, ਪੋਚਾ ਲਾਉਣ, ਵਾਸ਼ਰੂਮ ਦੀ ਸਫ਼ਾਈ ਆਦਿਕ ਨੂੰ “ਘਟੀਆ” ਸਮਝਣ ਦੀ ਗ਼ਲਤੀ ਕਰ ਬੈਠਦੇ ਹਨ ਅਤੇ ਇਹਨਾਂ ਕੰਮਾਂ ਤੋਂ ਪਾਸਾ ਵੱਟ ਕੇ ਆਪਣੀ ਜਾਬ ਵੀ ਗੁਆ ਬੈਠਦੇ ਹਨ।

ਉਂਜ ਵੀ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਨੇ ਕੰਮ ਕਰਨ ਦੀ ਆਦਤ ਹੀ ਨਹੀਂ ਪਾਈ ਹੁੰਦੀ, ਉਹਨਾਂ ਨੂੰ ਕੰਮ ਕਰਨਾ ਔਖਾ ਵੀ ਲਗਦਾ ਹੈ। ਇਸ ਲਈ ਉਹ ਰਿਹਾਇਸ਼ ਦੇ ਕਿਰਾਏ, ਗਰੋਸਰੀ, ਬੱਸਾਂ ਦੇ ਕਿਰਾਏ ਅਤੇ ਹੋਰ ਫੁਟਕਲ ਖ਼ਰਚਿਆਂ ਲਈ ਆਪਣੇ ਮਾਪਿਆਂ ਉੱਤੇ ਹੀ ਨਿਰਭਰ ਹੋ ਜਾਂਦੇ ਹਨ। ਅਜੇਹੇ ਬੱਚਿਆਂ ਲਈ ਕੈਨੇਡਾ ਵਿੱਚ ਕਾਮਯਾਬ ਹੋਣਾ ਔਖਾ ਹੁੰਦਾ ਹੈ। ਇਸ ਲਈ ਮਾਪਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੀ ਨਿਆਣੀ ਉਮਰ ਤੋਂ ਹੀ ਕੰਮ ਕਰਨ ਦੀ ਆਦਤ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਉਹ ਕੰਮਚੋਰ ਅਤੇ ਆਲਸੀ ਹੋ ਜਾਣਗੇ।

3) ਮਾਪਿਆਂ ਨੂੰ ਚਾਹੀਦਾ ਹੈ ਕਿ ਕਨੇਡਾ ਆ ਰਹੇ ਬੱਚਿਆਂ ਨੂੰ ਇਸ ਗੱਲੋਂ ਆਗਾਹ ਕਰ ਕੇ ਹੀ ਬਾਹਰ ਘੱਲਣ ਕਿ ਉਹਨਾਂ ਨੂੰ ਬਾਹਰਲੇ ਮੁਲਕ ਵਿੱਚ ਆਪਣੀ ਰਿਹਾਇਸ਼ ਦਾ ਕਿਰਾਇਆ ਅਤੇ ਜੇਬ ਖ਼ਰਚਾ, ਪਾਰਟ ਟਾਈਮ ਕੰਮ ਕਰ ਕੇ ਆਪ ਕਮਾਉਣਾ ਪੈਣਾ ਹੈ। ਜਿਨ੍ਹਾਂ ਮਾਪਿਆਂ ਨੂੰ ਇਹ ਪਤਾ ਹੈ ਕਿ ਉਹਨਾਂ ਦੇ ਬੱਚੇ ਕੰਮ ਕਰਨ ਤੋਂ ਟਲ਼ਦੇ ਹਨ, ਆਲਸੀ ਹਨ, ਅਤੇ ਪੰਜਾਬੀ ਸਭਿਆਚਾਰ ਵਿੱਚ ਕੁਝ ਕੰਮਾਂ ਨੂੰ “ਘਟੀਆ” ਸਮਝਣ ਦਾ ਕੂੜਾ ਆਪਣੇ ਨਾਲ਼ ਹੀ ਚੁੱਕੀ ਫ਼ਿਰਦੇ ਹਨ, ਉਹਨਾਂ ਲਈ ਬਿਹਤਰ ਕਿ ਉਹ ਪੈਸਾ ਬਰਬਾਦ ਕਰਨ ਦਾ ਰਿਸਕ ਨਾ ਲੈਣ ਅਤੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰਨ। ਉਂਜ ਇਹ ਗੱਲ ਵੀ ਨੋਟ ਕਰਨ ਵਾਲ਼ੀ ਹੈ ਕਿ ਬਹੁਤੇ ਬੱਚੇ ਐਨੇ ਮਿਹਨਤੀ ਅਤੇ ਦੂਰਦਰਸ਼ੀ ਹੁੰਦੇ ਹਨ ਕਿ ਰਾਤਾਂ ਨੂੰ ਕੰਮ ਕਰ ਕੇ ਅਤੇ ਦਿਨੇ ਪੜ੍ਹਾਈ ਵਿੱਚ ਮਸਰੂਫ਼ ਰਹਿ ਕੇ ਆਪਣੀਆਂ ਫੀਸਾਂ ਵੀ ਆਪ ਕਮਾਅ ਲੈਂਦੇ ਹਨ।

4) ਕੈਨੇਡਾ ਦਾ ਸਮਾਜਕ ਮਹੌਲ ਭਾਰਤ ਨਾਲੋਂ ਬਿਲਕੁਲ ਹੀ ਵੱਖਰਾ ਹੈ। ਇਥੇ ਮੁੰਡੇ ਕੁੜੀਆਂ ਨੂੰ ਮਿਲਣ-ਗਿਲਣ ਦੀ ਸੰਪੂਰਨ ਆਜ਼ਾਦੀ ਹੁੰਦੀ ਹੈ। ਕਨੇਡਾ ਦੇ ਜੰਮਪਲ ਬੱਚੇ ਇਸ ਮਹੌਲ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ ਅਤੇ ਢੁਕਵੀਂ ਵਿੱਥ ਰੱਖ ਕੇ ਆਪਸ ਵਿੱਚ ਦੋਸਤੀਆਂ ਰਖਦੇ ਹਨ। ਪਰ ਪੰਜਾਬੋਂ ਆਏ ਅਨੇਕਾਂ ਬੱਚੇ ਇਸ ਖੁਲ੍ਹੇ-ਡੁਲ੍ਹੇ ਮਹੌਲ ਵਿੱਚ ਸੰਗੀਨ ਗਲਤੀਆਂ ਵੀ ਕਰ ਬੈਠਦੇ ਹਨ ਜਿਨ੍ਹਾਂ ਦਾ ਮਾਰੂ ਅਸਰ ਉਹਨਾਂ ਦੀ ਪੜ੍ਹਾਈ ਉੱਤੇ ਵੀ ਪੈਂਦਾ ਹੈ ਅਤੇ ਸਮਾਜਕ ਵਰਤਾਰੇ ਉੱਤੇ ਵੀ।

5) ਉਹ ਮਾਪੇ ਆਪਣੇ ਬੱਚਿਆਂ ਨੂੰ ਕੈਨਡਾ ਭੇਜਣ ਤੋਂ ਪਹਿਲਾਂ ਡੂੰਘੀ ਸੋਚ-ਵਿਚਾਰ ਜ਼ਰੂਰ ਕਰਨ ਜਿਨ੍ਹਾਂ ਦਾ ਕੈਨੇਡਾ ਵਿੱਚ ਕੋਈ ਜਾਣਕਾਰ ਨਾ ਹੋਵੇ। ਨਹੀਂ ਤਾਂ ਕੈਨੇਡਾ ਪਹੁੰਚਣ ਉੱਤੇ ਉਹਨਾਂ ਦਾ ਬੱਚਾ ਰਿਹਾਇਸ਼ ਦੇ ਇੰਤਜ਼ਾਮ ਲਈ ਡਾਢੀ ਪ੍ਰੇਸ਼ਾਨੀ ਵਿੱਚੋਂ ਗੁਜ਼ਰੇਗਾ। ਅਗਰ ਕੋਈ ਜਾਣਕਾਰ, ਬੱਚੇ ਨੂੰ ਹਵਾਈ ਅੱਡੇ ਤੋਂ ਚੁੱਕ ਕੇ ਆਪਣੇ ਘਰ ਲੈ ਆਵੇਗਾ ਤਾਂ ਬੱਚਾ ਵੱਡੀ ਪ੍ਰੇਸ਼ਾਨੀ ਤੋਂ ਬਚ ਸਕਦਾ ਹੈ।

ਪਰ ਜਾਣਕਾਰ ਤੋਂ ਐਡੀ ਵੱਡੀ ਤਵੱਕੋ ਨਾ ਰੱਖੀ ਜਾਵੇ ਕਿ ਉਹ ਓਪਰੇ ਬੱਚੇ ਨੂੰ ਮੁਫ਼ਤ ਵਿੱਚ ਆਪਣੇ ਪਾਸ ਕਈ ਦਿਨ ਰੱਖ ਸਕੇਗਾ। ਏਥੇ ਹਰ ਚੀਜ਼ ਮੁੱਲ ਦੀ ਹੈ, ਪਾਣੀ ਵੀ, ਘਰਾਂ ਨੂੰ ਗਰਮ ਠੰਢਾ ਰੱਖਣ ਵਾਲਾ ਸਿਸਟਮ ਵੀ, ਦੁੱਧ ਵੀ, ਖਾਣ ਦੀਆਂ ਵਸਤਾਂ ਵੀ। ਇਸ ਲਈ ਬੱਚਿਆਂ ਨੂੰ ਇਹ ਅਹਿਸਾਸ ਕਰਾ ਕੇ ਘੱਲਣਾ ਜ਼ਰੂਰੀ ਹੈ ਕਿ ਜਿਸ ਘਰ ਵਿੱਚ ਬੱਚੇ ਨੂੰ ਕੁਝ ਦਿਨਾਂ ਲਈ “ਪਨਾਂਹ” ਮਿਲੀ ਹੋਵੇ, ਉਸ ਪਰਵਾਰ ਨੂੰ ਘੱਟ ਤੋਂ ਘੱਟ ਤਕਲੀਫ਼ ਦਿੱਤੀ ਜਾਵੇ। ਮਸਲਨ ਭਾਰਤ ਤੋਂ ਆਏ ਬੱਚੇ ਨਹਾਉਣ ਲੱਗਿਆਂ ਨਾਲ਼ੇ ਤਾਂ ਨਿੱਘੇ ਪਾਣੀ ਵਾਲ਼ਾ ਸ਼ਾਵਰ (ਫੁਹਾਰਾ) ਛੱਡ ਲੈਂਦੇ ਹਨ, ਅਤੇ ਨਾਲ ਹੀ ਸਾਬਣ ਲਾ ਕੇ ਲੰਮਾਂ ਸਮਾਂ ਸਾਬਣ ਨੂੰ ਵੀ ਤੇ ਪਾਣੀ ਨੂੰ ਵੀ ਜ਼ਾਇਆ ਕਰੀ ਜਾਂਦੇ ਹਨ। ਸਿਆਣੇ ਲੋਕ ਅੱਧਾ ਮਿੰਟ ਸ਼ਾਵਰ ਛੱਡ ਕੇ ਸਰੀਰ ਨੂੰ ਤਰ ਕਰ ਲੈਂਦੇ ਹਨ ਅਤੇ ਫ਼ਿਰ ਸ਼ਾਵਰ ਨੂੰ ਬੰਦ ਕਰ ਕੇ ਸਾਬਣ ਲਾਉਂਦੇ ਹਨ। ਅਖੀਰ ਸਾਬਣ ਨੂੰ ਉਤਾਰਨ ਲਈ ਇੱਕ ਡੇਢ ਮਿੰਟ ਲਈ ਸ਼ਾਵਰ ਛੱਡ ਕੇ ਪਾਣੀ ਨੂੰ ਜ਼ਾਇਆ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਘਰ ਵਾਲਿਆਂ ਦੀ ਖ਼ਾਮੋਸ਼ ਖਿਝ ਤੋਂ ਬਚੇ ਰਹਿੰਦੇ ਹਨ।

6) ਜਿਹੜੇ ਬੱਚੇ ਆਪਣੇ ਕਿਸੇ ਵਾਕਫ਼ ਦੇ ਘਰ ਆਏ ਹੁੰਦੇ ਹਨ, ਉਹਨਾਂ ਲਈ ਮੇਰੀ ਸਲਾਹ ਹੈ ਕਿ ਸਕੂਲ ਸ਼ੁਰੂ ਹੋਣ ‘ਤੇ ਉਹ ਇਹ ਕੋਸ਼ਿਸ਼ ਕਰਨ ਕਿ ਜਲਦੀ ਤੋਂ ਜਲਦੀ ਆਪਣਾ ਟਿਕਾਣਾ ਆਪ ਬਣਾਇਆ ਜਾਵੇ। ਪੰਜਾਬ ਵਿੱਚ ਪਲ਼ੇ ਬਹੁਤੇ ਬੱਚੇ ਆਪਣੇ ਪਰਵਾਰਾਂ ਵਿੱਚ ਖਾਣੇ ਤੋਂ ਬਾਅਦ ਆਪਣੇ ਬਰਤਨ ਚੁੱਕ ਕੇ ਸਿੰਕ ਵਿੱਚ ਰੱਖਣ ਦੀ ਆਦਤ ਵੀ ਨਹੀਂ ਸਿੱਖੇ ਹੁੰਦੇ, ਬਰਤਨ ਸਾਫ਼ ਕਰਨ ਦੀ ਗੱਲ ਤਾਂ ਦੂਰ ਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਕਿਸੇ ਵਾਕਫ਼ ਦੇ ਘਰ ਵਿੱਚ ਹਫ਼ਤੇ ਦੋ ਹਫ਼ਤੇ ਵਿੱਚ ਕਿਆਮ ਕਰਨ ਵਾਲ਼ੇ ਬੱਚੇ ਨੂੰ ਸਖ਼ਤ ਹਦਾਇਤ ਕਰ ਕੇ ਘੱਲਣ ਕਿ ਪਨਾਂਹ ਦੇਣ ਵਾਲੇ ਪਰਵਾਰ ਵਿੱਚ ‘ਬਰਾਤੀ’ ਬਣ ਕੇ ਨਾ ਵਿਚਰਨ ਸਗੋਂ ਬਰਤਨ ਸਫ਼ਾਈ, ਖਾਣੇ ਦੀ ਤਿਆਰੀ ਅਤੇ ਘਰ ਦੀ ਸਫ਼ਾਈ ਵਿੱਚ ਹਿੱਸਾ ਪਾਉਣ।

7) ਪੰਜਾਬ ਤੋਂ ਕਨੇਡਾ ਆਏ ਅਨੇਕਾਂ ਬੱਚੇ ਢਾਣੀਆਂ ਬਣਾ ਕੇ ਪਲਾਜ਼ਿਆਂ ਵਿੱਚ ਘੁੰਮਣ ਦੌਰਾਨ ਅਤੇ ਬੱਸਾਂ ਵਿੱਚ ਸਫ਼ਰ ਕਰਨ ਦੌਰਾਨ ਪੰਜਾਬ ਵਾਂਗ ਅਜੀਬ ਹਰਕਤਾਂ ਕਰਦੇ ਹਨ, ‘ਲਾਚੜ’ ਕੇ ਮਖ਼ੌਲ ਕਰਦੇ ਹਨ, ਸ਼ਰਾਰਤਾਂ ਕਰਦੇ ਹਨ। ਢਾਣੀਆਂ ਵਿੱਚ ਵਿਚਰਦੇ ਇਹ ਬੱਚੇ ਬਹੁਤ ਵਾਰੀ ਕਨੇਡਾ ਦੇ ਸੱਭਿਆਚਾਰ ਸਲੀਕੇ ਦੀ ਉਲੰਘਣਾ ਕਰਦੇ ਹੋਏ ਉੱਚੀ ਉੱਚੀ ਬੋਲਦੇ ਹਨ, ਅਤੇ ਕਨੇਡੀਅਨ ਲੋਕਾਂ ਦੀ ਖਿਝ ਦਾ ਕੇਂਦਰ ਬਣਦੇ ਹਨ। ਕਨੇਡਾ ਘੱਲਣ ਤੋਂ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ, ਚੁਪ-ਚਾਪ ਸਫ਼ਰ ਕਰਨ ਅਤੇ ਸਟੋਰਾਂ ਵਿੱਚ ਘੁੰਮਣ ਵੇਲੇ ਸਲੀਕਾ ਬਰਕਰਾਰ ਰੱਖਣ ਦੀ ਤਾੜਨਾ ਕਰਕੇ ਹੀ ਤੋਰਨ।

Read 697 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।