ਲੇਖ਼ਕ

Wednesday, 14 October 2009 16:46

34 - ਸਾਕੇ ਨੀਲੇ ਤਾਰੇ ਦਾ ਸੇਕ

Written by
Rate this item
(3 votes)

ਜੂਨ 1984 ਦੀ ਤਿੰਨ ਤਾਰੀਖ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਉਸੇ ਦਿਨ ਮੇਰੀ ਪਤਨੀ ਦੇ ਚਚੇਰੇ ਭਰਾ ਦਾ ਵਿਆਹ ਸੀ। ਮੇਰਾ ਛੋਟਾ ਭਰਾ ਭਜਨ ਸਿੰਘ ਵੀ ਉਸੇ ਘਰ ਵਿਆਹਿਆ ਹੋਇਐ। ਭਜਨ ਆਪਣੇ ਸਾਲੇ ਦੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਚਲਾ ਗਿਆ ਸੀ। ਉਹਨੀਂ ਦਿਨੀਂ ਪੰਜਾਬ ਵਿੱਚ ਅਣਹੋਣੀਆਂ ਵਰਤ ਰਹੀਆਂ ਸਨ। ਨਾ ਘੋਨੇ ਸਿਰਾਂ ਵਾਲਿਆਂ ਦੀ ਖ਼ੈਰ ਸੀ ਤੇ ਨਾ ਕੇਸਾਂ ਵਾਲਿਆਂ ਦੀ। ਬੇਕਸੂਰੇ ਬੰਦੇ ਬੱਸਾਂ `ਚੋਂ ਲਾਹ ਕੇ ਮਾਰੇ ਜਾ ਰਹੇ ਸਨ। ਮੌਤ ਕਿਤੇ ਵੀ ਤੇ ਕਿਸੇ ਨੂੰ ਵੀ ਆ ਸਕਦੀ ਸੀ। ਭਜਨ ਨੂੰ ਡਰ ਸੀ ਕਿਤੇ ਅਮਰੀਕਾ ਜਾਣਾ ਵਿਚੇ ਨਾ ਰਹਿਜੇ। ਉਹਦੇ ਵੀਜ਼ੇ ਦੀ ਮਿਆਦ ਵੀ ਥੋੜ੍ਹੀ ਹੀ ਰਹਿੰਦੀ ਸੀ। ਉਹਦੀ ਗ਼ੈਰ ਹਾਜ਼ਰੀ `ਚ ਸਾਡਾ ਵਾਹਵਾ ਮੇਲ ਵਿਆਹ ਵਿੱਚ ਗਿਆ। ਜੰਨ ਕਿਲਾ ਰਾਇਪੁਰ ਜਾਣੀ ਸੀ। ਵੇਲੇ ਨਾਲ ਅਨੰਦ ਕਾਰਜ ਹੋ ਗਏ ਤੇ ਜਾਨੀਆਂ ਦਾ ਖਾਣ ਪੀਣ ਵੀ ਹੋ ਗਿਆ। ਡੋਲੀ ਲੈ ਕੇ ਮੁੜ ਰਹੇ ਸਾਂ ਕਿ ਨਾਰੰਗਵਾਲ ਲੰਘ ਕੇ ਨਹਿਰ ਦੇ ਪੁਲ ਉਤੇ ਕੁੱਝ ਜਾਨੀ ਪਾਣੀ ਧਾਣੀ ਪੀਣ ਉਤਰੇ। ਉਥੇ ਹੀ ਕਿਸੇ ਨੇ ਦੱਸਿਆ ਕਿ ਅੱਜ ਰੇਡੀਓ ਤੋਂ ਇੰਦਰਾ ਗਾਂਧੀ ਬੋਲੀ ਸੀ। ਲੱਗਦੈ ਕੁਛ ਹੋਊਗਾ।

ਜੰਨ ਜੋਧਾਂ-ਮਸੂਰਾਂ ਵਿੱਚ ਦੀ ਚੌਕੀ ਮਾਨ ਪਰਤ ਆਈ। ਇਹ ਗੱਲ ਕਿਸੇ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਰਾਤੋ ਰਾਤ ਪੰਜਾਬ `ਚ ਕਰਫਿਊ ਲੱਗ ਜਾਵੇਗਾ ਤੇ ਜਿਥੇ ਕੋਈ ਹੋਵੇਗਾ ਉਥੇ ਈ ਘਿਰ ਜਾਵੇਗਾ। ਰਿਸ਼ਤੇਦਾਰਾਂ ਨੇ ਅਗਲੇ ਦਿਨ ਆਪੋ ਆਪਣੇ ਘਰੀਂ ਪਰਤਣਾ ਸੀ। ਸਵੇਰੇ ਪਤਾ ਲੱਗਾ ਕਿ ਸੜਕਾਂ `ਤੇ ਆਵਾਜਾਈ ਬੰਦ ਹੈ ਤੇ ਕੋਈ ਬੱਸ ਜਾਂ ਰੇਲ ਗੱਡੀ ਨਹੀਂ ਚੱਲ ਰਹੀ। ਨਾ ਅਖ਼ਬਾਰ ਆਏ ਸਨ ਤੇ ਨਾ ਰੇਡੀਓ ਤੋਂ ਕੋਈ ਖ਼ਬਰ ਆ ਰਹੀ ਸੀ। ਜਿਹੜਾ ਕੋਈ ਚੌਕੀ ਮਾਨ ਦੇ ਬੱਸ ਅੱਡੇ `ਤੇ ਜਾਂਦਾ ਉਹ ਖੱਜਲ ਖੁਆਰ ਹੋ ਕੇ ਮੁੜਦਾ। ਫੌਜੀ ਉਹਨੂੰ ਬੰਦੂਕਾਂ ਵਿਖਾ ਕੇ ਭੈੜੇ ਬੋਲ ਬੋਲਦੇ ਤੇ ਪਿੱਛੇ ਮੋੜ ਦਿੰਦੇ। ਜੇ ਕੋਈ ਜ਼ਰੂਰੀ ਕੰਮ ਜਾਣ ਦਾ ਵਾਸਤਾ ਪਾਉਂਦਾ ਤਾਂ ਕੰਨ ਫੜਾ ਕੇ ਬੈਠਕਾਂ ਕਢਾਉਂਦੇ। ਸਾਈਕਲਾਂ ਵਾਲਿਆਂ ਦੇ ਗਲਾਂ `ਚ ਸਾਈਕਲ ਪੁਆ ਕੇ ਗੇੜੇ ਕਢਾਏ ਜਾਂਦੇ। ਜੰਗਲ ਪਾਣੀ ਜਾਣਾ ਹੀ ਮੁਹਾਲ ਹੋ ਗਿਆ ਸੀ। ਲੋਕਾਂ ਨੂੰ ਪਸ਼ੂਆਂ ਲਈ ਪੱਠੇ ਲਿਆਉਣੇ ਔਖੇ ਹੋ ਗਏ। ਇਹੋ ਅਫ਼ਵਾਹਾਂ ਉਡੀ ਗਈਆਂ ਕਿ ਫਲਾਣੇ ਥਾਂ ਗੋਲੀ ਚੱਲੀ ਐ ਤੇ ਫਲਾਣੇ ਥਾਂ ਫਲਾਣਾ ਮਾਰਿਆ ਗਿਐ। ਫਿਰ ਰੇਡੀਓ ਤੋਂ ਬੀ.ਬੀ.ਸੀ.ਦੀ ਖ਼ਬਰ ਆਈ ਕਿ ਫੌਜ ਨੇ ਦਰਬਾਰ ਸਾਹਿਬ `ਤੇ ਹੱਲਾ ਬੋਲ ਦਿੱਤੈ। ਲੋਕ ਸਕਤੇ ਵਿੱਚ ਆ ਗਏ ਤੇ ਰੋਸ ਨਾਲ ਭਰ ਗਏ। ਪਰ ਕਰਫਿਊ ਦੀ ਕਰੜਾਈ ਕਾਰਨ ਕੋਈ ਬਾਹਰ ਨਹੀਂ ਸੀ ਨਿਕਲ ਸਕਦਾ।

ਸਾਨੂੰ ਚੌਕੀ ਮਾਨ ਘਿਰਿਆਂ ਨੂੰ ਚਾਰ ਤਾਰੀਖ ਵੀ ਲੰਘ ਗਈ ਤੇ ਪੰਜ ਵੀ ਲੰਘ ਗਈ। ਕਰਫਿਊ ਜਾਰੀ ਸੀ ਜਿਸ ਨਾਲ ਜਾਨ ਅਕਲਕਾਂਦ ਹੋਈ ਪਈ ਸੀ। ਵਿਆਹ ਦਾ ਮੇਲ ਇਕੋ ਥਾਂ ਬੱਝਿਆ ਬੈਠਾ ਸੀ। ਅਸੀਂ ਰੇਡੀਓ ਨਾਲ ਕੰਨ ਲਾ ਕੇ ਬੀ.ਬੀ.ਸੀ.ਦੀਆਂ ਖ਼ਬਰਾਂ ਸੁਣਦੇ। ਅਖ਼ਬਾਰ ਬੰਦ ਸਨ ਤੇ ਅਫ਼ਵਾਹਾਂ ਦਾ ਬਜ਼ਾਰ ਗਰਮ ਸੀ। ਖ਼ਬਰਾਂ ਆ ਰਹੀਆਂ ਸਨ ਕਿ ਦਰਬਾਰ ਸਾਹਿਬ ਉਤੇ ਟੈਂਕ ਚਾੜ੍ਹ ਦਿੱਤੇ ਗਏ ਹਨ ਤੇ ਅਕਾਲ ਤਖਤ ਨੂੰ ਤੋਪਾਂ ਨਾਲ ਢਾਹ ਢੇਰੀ ਕਰ ਦਿੱਤਾ ਗਿਐ। ਅਜਿਹੀਆਂ ਖ਼ਬਰਾਂ ਨਾਲ ਸਿੱਖਾਂ ਦੇ ਹਿਰਦੇ ਛਲਣੀ ਹੋ ਗਏ ਸਨ ਤੇ ਕਈ ਕਰਫਿਊ ਦੀ ਪਰਵਾਹ ਨਾ ਕਰਦੇ ਵਾਹੋ ਦਾਹ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਸਨ। ਪਰ ਫੌਜਾਂ ਥਾਓਂ ਥਾਈਂ ਤਾਇਨਾਤ ਸਨ ਜਿਹੜੀਆਂ ਉਨ੍ਹਾਂ ਨੂੰ ਰੋਕ ਰਹੀਆਂ ਸਨ। ਛੇ ਜੂਨ ਨੂੰ ਮੈਂ ਤੇ ਮੇਰਾ ਭਰਾ ਅਰਜਨ ਪੈਦਲ ਹੀ ਮਾਨਾਂ ਤੋਂ ਸੋਹੀਆਂ ਦੇ ਖੇਤਾਂ ਵਿੱਚ ਦੀ ਹੁੰਦੇ ਹੋਏ ਆਪਣੇ ਪਿੰਡ ਨੂੰ ਚੱਲ ਪਏ। ਉਦੋਂ ਸਾਡੇ ਪਿੰਡ ਟੈਲੀਫੂਨ ਨਹੀਂ ਸੀ। ਚਕਰ ਵਾਲਿਆਂ ਨੂੰ ਫਿਕਰ ਸੀ ਕਿ ਸਾਡੇ ਨਾਲ ਕੀ ਬੀਤਦੀ ਹੋਊ ਤੇ ਸਾਨੂੰ ਚਿੰਤਾ ਸੀ ਕਿ ਪਿੰਡ ਵਾਲਿਆਂ ਦਾ ਕੀ ਹਾਲ ਹੋਊ? ਖੇਤਾਂ ਵਿੱਚ ਕੰਮ ਕਰਦਾ ਕੋਈ ਟਾਵਾਂ ਟੱਲਾ ਬੰਦਾ ਹੀ ਨਜ਼ਰੀਂ ਪੈ ਰਿਹਾ ਸੀ। ਪਿੰਡਾਂ ਵਿੱਚ ਵੀ ਸੁੰਨ ਸਾਨ ਸੀ।

ਸੋਹੀਆਂ, ਗਗੜਾ ਤੇ ਕੋਠੇ ਲੰਘ ਕੇ ਅਸੀਂ ਜਗਰਾਓਂ ਤੋਂ ਰਾਏਕੋਟ ਜਾਣ ਵਾਲੀ ਸੜਕ ਲੰਘਣੀ ਸੀ। ਸਾਨੂੰ ਡਰ ਸੀ ਕਿ ਉਹਦੇ ਉਤੇ ਵੀ ਫੌਜ ਦਾ ਪਹਿਰਾ ਹੋਵੇਗਾ। ਆਸਾ ਪਾਸਾ ਵੇਖ ਕੇ ਅਸੀਂ ਸਾਇੰਸ ਕਾਲਜ ਕੋਲੋਂ ਸੜਕ ਪਾਰ ਕੀਤੀ ਤੇ ਡੱਲੇ ਨੂੰ ਜਾਣ ਵਾਲੀ ਲਿੰਕ ਸੜਕ ਉਤੇ ਜਾ ਚੜ੍ਹੇ। ਅਰਜਨ ਉਥੋਂ ਚਕਰ ਨੂੰ ਚਲਾ ਗਿਆ ਤੇ ਮੈਂ ਸੂਏ ਪੈ ਕੇ ਢੁੱਡੀਕੇ ਨੂੰ ਤੁਰ ਪਿਆ। ਅਗਾਂਹ ਫੌਜੀ ਗੱਡੀ ਵੇਖ ਕੇ ਮੈਂ ਕੌਂਕਿਆਂ ਨੂੰ ਮੁੜਨਾ ਮੁਨਾਸਿਬ ਸਮਝਿਆ। ਕੌਂਕੀਂ ਢੁੱਡੀਕੇ ਕਾਲਜ ਦਾ ਇੱਕ ਵਿਦਿਆਰਥੀ ਮਿਲਿਆ ਜੋ ਮੈਨੂੰ ਆਪਣੇ ਘਰ ਲੈ ਗਿਆ ਤੇ ਚਾਹ ਪਾਣੀ ਪਿਲਾਇਆ। ਉਥੇ ਮੈਂ ਕੁੱਝ ਸਮਾਂ ਅਰਾਮ ਕੀਤਾ। ਉਸ ਨੇ ਮੈਨੂੰ ਢੁੱਡੀਕੇ ਜਾਣ ਲਈ ਆਪਣਾ ਸਾਈਕਲ ਦੇ ਦਿੱਤਾ। ਜਦੋਂ ਮੈਂ ਵੱਡੇ ਕੌਂਕਿਆਂ ਤੋਂ ਚੂਹੜਚੱਕ ਨੂੰ ਜਾ ਰਿਹਾ ਸਾਂ ਤਾਂ ਗੁਰੂਸਰ ਕੌਂਕਿਆਂ ਵੱਲ ਫਾਇਰਿੰਗ ਹੋਈ। ਬਾਅਦ ਵਿੱਚ ਪਤਾ ਲੱਗਾ ਕਿ ਉਥੇ ਰਾਹ ਜਾਂਦੇ ਤਿੰਨ ਚਾਰ ਬੰਦੇ ਮਾਰੇ ਗਏ ਸਨ। ਇਹ ਓਹੀ ਜਗ੍ਹਾ ਸੀ ਜਿਥੇ ਮੈਂ ਬਚਪਨ ਵਿੱਚ ਰੇਲ ਗੱਡੀ ਮੂਹਰੇ ਬੋਤੇ ਤੋਂ ਡਿੱਗਣੋ ਬਚਿਆ ਸਾਂ। ਮੈਂ ਸ਼ੁਕਰ ਕੀਤਾ ਕਿ ਓਧਰਲੇ ਰਾਹ ਨਹੀਂ ਸਾਂ ਪਿਆ! ਓਦੋਂ ਦਾ ਬਚਿਆ ਅੱਜ ਵੀ ਬਚ ਗਿਆ ਸਾਂ।

ਢੁੱਡੀਕੇ ਪਹੁੰਚਿਆ ਤਾਂ ਉਥੇ ਵੀ ਕਰਫਿਊ ਵਰਗਾ ਮਾਹੌਲ ਸੀ। ਸਵੇਰੇ ਉਠਦਿਆਂ ਖ਼ਬਰਾਂ ਮਿਲੀਆਂ ਕਿ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀ ਸ਼ਹੀਦੀਆਂ ਪਾ ਗਏ ਹਨ। ਦਰਬਾਰ ਸਾਹਿਬ ਦੇ ਕੰਪਲੈਕਸ `ਤੇ ਫੌਜ ਦਾ ਕਬਜ਼ਾ ਹੋ ਗਿਆ ਹੈ ਪਰ ਗੋਲੀਆਂ ਅਜੇ ਵੀ ਰੁਕ ਰੁਕ ਕੇ ਚੱਲੀ ਜਾਂਦੀਆਂ ਹਨ। ਬੀ.ਬੀ.ਸੀ.ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਇੰਗਲੈਂਡ ਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਮੁਜ਼ਾਹਰੇ ਕਰ ਰਹੇ ਹਨ ਤੇ ਭਾਰਤੀ ਫੌਜਾਂ ਵਿੱਚ ਸਿੱਖ ਰਜਮੈਂਟਾਂ ਨੇ ਬਗ਼ਾਵਤ ਕਰ ਦਿੱਤੀ ਹੈ। ਰੇਡੀਓ ਤੋਂ ਮੁਜ਼ਾਹਰਾਕਾਰੀਆਂ ਦੀਆਂ ਆਵਾਜ਼ਾਂ ਸੁਣਦੀਆਂ ਸਨ ਜੋ ਬੜੀਆਂ ਰੋਹ ਭਰੀਆਂ ਸਨ। ਖੂੰਨ ਦਾ ਬਦਲਾ ਖੂੰਨ ਦੇ ਨਾਹਰੇ ਲੱਗ ਰਹੇ ਸਨ।

ਰਾਤ ਢੁੱਡੀਕੇ ਕੱਟ ਕੇ ਮੈਂ ਅਗਲੇ ਦਿਨ ਚਕਰ ਚਲਾ ਗਿਆ। ਸਾਡਾ ਘਰ ਗੁਰਦਵਾਰੇ ਦੇ ਨੇੜੇ ਹੀ ਹੈ। ਮੈਂ ਸਵੇਰੇ ਸਾਹਜਰੇ ਉਠਿਆ ਤਾਂ ਮੂੰਹ ਹਨ੍ਹੇਰੇ `ਚ ਵੇਖਿਆ ਕਿ ਘਰ ਤੋਂ ਗੁਰਦੁਆਰੇ ਦੇ ਵਿਚਕਾਰ ਖਾਲੀ ਪਈ ਥਾਂ `ਤੇ ਫੌਜੀ ਮੋਰਚੇ ਮੱਲੀ ਬੈਠੇ ਸਨ। ਉਨ੍ਹਾਂ ਨੇ ਗੋਡਣੀਆਂ ਲਾ ਕੇ ਬੰਦੂਕਾਂ ਸਿੰਨ੍ਹੀਆਂ ਹੋਈਆਂ ਸਨ। ਮੈਂ ਬਾਹਰ ਨੂੰ ਜੰਗਲ ਪਾਣੀ ਜਾਂਦਾ ਰੁਕ ਗਿਆ। ਦਿਨ ਦਾ ਚਾਨਣ ਹੋਇਆ ਤਾਂ ਚਾਰ ਚੁਫੇਰੇ ਫੌਜ ਈ ਫੌਜ ਸੀ। ਏਨੀ ਫੌਜ ਤਾਂ ਮੈਂ ਹਿੰਦ-ਪਾਕਿ ਦੀਆਂ ਲੜਾਈਆਂ ਸਮੇਂ ਵੀ ਨਹੀਂ ਸੀ ਵੇਖੀ। ਰਾਤੋ ਰਾਤ ਟਰੱਕਾਂ ਦੇ ਟਰੱਕ ਪਿੰਡ `ਚ ਆਣ ਵੜੇ ਸਨ। ਸਾਡੇ ਪਿੰਡ ਦਾ ਗੁਰਦੁਆਰਾ ਇਤਿਹਾਸਕ ਹੋਣ ਕਾਰਨ ਉਹਨੂੰ ਘੇਰਾ ਪਾਇਆ ਗਿਆ ਸੀ ਪਰ ਉਥੇ ਕੋਈ ਖਾੜਕੂ ਨਹੀਂ ਸੀ।

ਕੁਝ ਦਿਨ ਮੈਂ ਚਕਰ ਹੀ ਰਿਹਾ। ਇੱਕ ਰਾਤ ਅਜੇ ਵੱਡਾ ਤੜਕਾ ਸੀ ਕਿ ਲਾਊਡ ਸਪੀਕਰ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਪਈ ਕੋਈ ਬੰਦਾ ਘਰੋਂ ਬਾਹਰ ਨਾ ਨਿਕਲੇ। ਬਾਹਰ ਫੌਜ ਨੇ ਪਿੰਡ ਨੂੰ ਘੇਰਾ ਪਾਇਆ ਹੋਇਐ। ਫੌਜ ਨੇ ਕੁੱਝ ਚਾਨਣ ਦੇ ਗੋਲੇ ਵੀ ਅਸਮਾਨ `ਚ ਛੱਡੇ ਸਨ। ਫਿਰ ਲਾਊਡ ਸਪੀਕਰ ਤੋਂ ਆਵਾਜ਼ਾਂ ਦੇ ਕੇ ਲਸੰਸੀਏ ਬੁਲਾਏ ਜਾਣ ਲੱਗੇ ਤੇ ਉਨ੍ਹਾਂ ਦਾ ਅਸਲਾ ਜਮ੍ਹਾਂ ਕਰਾਇਆ ਜਾਣ ਲੱਗਾ। ਕੁੱਝ ਇਕਨਾਂ ਨੂੰ ਫੌਜੀ ਗੱਡੀਆਂ ਉਤੇ ਬਿਠਾ ਕੇ ਜਗਰਾਓਂ ਲੈ ਗਏ ਤੇ ਕਈ ਦਿਨ ਹਿਰਾਸਤ ਵਿੱਚ ਰੱਖਿਆ। ਕਈਆਂ ਦੀ ਕੁੱਟ ਮਾਰ ਵੀ ਹੋਈ। ਲੋਕ ਹੈਰਾਨ ਪਰੇਸ਼ਾਨ ਸਨ ਕਿ ਇਹ ਜੱਗੋਂ ਤੇਰ੍ਹਵੀਂ ਕਾਹਤੋਂ ਕੀਤੀ ਜਾ ਰਹੀ ਹੈ? ਸਾਡੇ ਪਿੰਡ ਵਾਲਿਆਂ ਦਾ ਕੀ ਕਸੂਰ ਸੀ? ਵਿਚੇ ਪੰਚ ਫੜੇ ਜਾ ਰਹੇ ਸਨ ਤੇ ਵਿਚੇ ਸਰਪੰਚ। ਨਾਲੇ ਅਕਾਲ ਤਖਤ ਢਾਹ ਦਿੱਤਾ ਸੀ। ਮੈਂ ਇਸ ਨੂੰ ਨਾਦਰਸ਼ਾਹੀ ਸਮਝ ਰਿਹਾ ਸਾਂ। ਮੇਰੇ ਮਨ `ਚ ਰੋਹ ਉੱਠ ਰਿਹਾ ਸੀ ਕਿ ਫੌਜੀ ਅਫਸਰਾਂ ਤੋਂ ਪੁੱਛਾਂ ਤਾਂ ਸਹੀ ਪਈ ਇਹ ਹਨ੍ਹੇਰਗਰਦੀ ਕਿਉਂ ਕਰਦੇ ਓਂ? ਘਰ ਦੇ ਮੈਨੂੰ ਰੋਕ ਰਹੇ ਸਨ ਕਿ ਉਹ ਤੈਨੂੰ ਵੀ ਢਾਹ ਲੈਣਗੇ। ਫੌਜੀਆਂ ਮੂਹਰੇ ਨਾ ਕੋਈ ਅਪੀਲ ਸੀ ਨਾ ਦਲੀਲ ਸੀ।

ਸਾਕਾ ਨੀਲਾ ਤਾਰਾ ਤੋਂ ਬਾਅਦ ਜੋ ਕੁਛ ਹੋਇਆ ਉਹਦੇ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕੈ। ਮੈਂ ਆਪਣੇ ਪਿੰਡ ਦੇ ਕੁੱਝ ਭਲੇ ਪੁਰਸ਼ਾਂ ਦੀ ਹੱਡਬੀਤੀ ਦੱਸਦਾਂ। ਦੋ ਜੂਨ ਨੂੰ ਚਕਰ ਦੇ ਤਿੰਨ ਬਜ਼ੁਰਗ ਬਿਸ਼ਨ ਸਿੰਘ, ਬਚਿੱਤਰ ਸਿੰਘ ਤੇ ਮਿਸਤਰੀ ਦਲੀਪ ਸਿੰਘ ਪਿੰਡ ਦੇ ਗੁਰਦੁਆਰੇ ਦੀ ਜ਼ਮੀਨ ਦੇ ਸੰਬੰਧ ਵਿੱਚ ਅੰਮ੍ਰਿਤਸਰ ਗਏ ਸਨ। ਦਰਬਾਰ ਸਾਹਿਬ ਦੇ ਆਲੇ ਦੁਆਲੇ ਕਰਫਿਊ ਲੱਗਾ ਹੋਇਆ ਸੀ ਜਿਸ ਕਰਕੇ ਰਾਤ ਉਨ੍ਹਾਂ ਨੂੰ ਗੁਰਦੁਆਰਾ ਸ਼ਹੀਦਾਂ ਵਿੱਚ ਕੱਟਣੀ ਪਈ। ਤਿੰਨ ਤਾਰੀਖ਼ ਨੂੰ ਕਰਫਿਊ ਖੁੱਲ੍ਹਾ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲੇ। ਜ਼ਮੀਨ ਦਾ ਕੇਸ ਸੁਣ ਕੇ ਉਸ ਨੇ ਸਲਾਹ ਦਿੱਤੀ ਕਿ ਅੱਜ ਏਥੇ ਸਰਾਂ ਵਿੱਚ ਈ ਰੁਕ ਜਾਵੋ। ਅੱਜ ਐਤਵਾਰ ਹੋਣ ਕਰਕੇ ਦਫਤਰ ਬੰਦ ਹੈ। ਭਲਕੇ ਤੁਹਾਨੂੰ ਮੁਖਤਿਆਰਨਾਮਾ ਬਣਾ ਕੇ ਦੇ ਦੇਵਾਂਗੇ ਤੇ ਤੁਸੀਂ ਜਗਰਾਓਂ ਜਾ ਕੇ ਵਕੀਲ ਰਾਹੀਂ ਕੇਸ ਦਰਜ ਕਰਾ ਦੇਣਾ। ਇਹ ਗੱਲਾਂ ਮੈਨੂੰ ਦਲੀਪ ਸਿੰਘ ਨੇ ਖ਼ੁਦ ਦੱਸੀਆਂ ਸਨ ਜਦੋਂ ਉਹ ਸਾਕੇ ਨੀਲੇ ਤਾਰੇ `ਚੋਂ ਬਚ ਕੇ ਮਹੀਨੇ ਕੁ ਪਿੱਛੋਂ ਵਾਪਸ ਪਿੰਡ ਮੁੜਿਆ ਸੀ।

ਉਸ ਨੇ ਦੱਸਿਆ ਸੀ, “ਅਸੀਂ ਫੇਰ ਰਾਤ ਨੂੰ ਓਥੇ ਈ ਰਹਿ-ਪੇ। ਗੁਰੂ ਰਾਮ ਦਾਸ ਸਰਾਂ `ਚ ਸਾਨੂੰ ਥਾਂ ਨਾ ਮਿਲੀ। ਉਹ ਪਹਿਲਾਂ ਈ ਗੁਰਪੁਰਬ `ਤੇ ਆਏ ਸ਼ਰਧਾਲੂਆਂ ਨਾਲ ਭਰੀ ਹੋਈ ਸੀ। ਅਸੀਂ ਆਖਿਆ ਹੁਣ ਕਿਹੜਾ ਸਿਆਲ ਐ? ਲੰਗਰ ਦੇ ਤੇ ਮੰਜੀ ਸਾਹਿਬ ਦੇ ਸੰਨ੍ਹ `ਚ ਜਿਹੜੀ ਖਾਲੀ ਥਾਂ ਸੀ ਅਸੀਂ ਓਥੇ ਈ ਪਰਨੇ ਵਿਛਾ ਕੇ ਪੈ-ਗੇ। ਓਥੇ ਹੋਰ ਵੀ ਬਥੇਰੇ ਪਏ ਸੀ। ਗੁਰਪੁਰਬ ਕਰਕੇ ਸੰਗਤ ਵੀ ਬੇਸ਼ੁਮਾਰ ਸੀ। ਕਿਸੇ ਨੂੰ ਕੀ ਪਤਾ ਸੀ ਬਈ ਭਲਕੇ ਕੀ ਹੋ ਜਾਣਾ? ਸਾਨੂੰ ਕੋਈ ਖ਼ਬਰ ਨੀ ਸੀ ਬਈ ਸਾਰੇ ਪੰਜਾਬ `ਚ ਕਰਫੂ ਲੱਗ ਗਿਐ। ਮੈਂ ਤੜਕੇ ਉਠਿਆ ਤੇ ਸਰੋਵਰ `ਚ ਇਸ਼ਨਾਨ ਕਰਨ ਚਲਾ ਗਿਆ। ਫੇਰ ਨਾਲ ਦਿਆਂ ਨੂੰ ਆ ਜਗਾਇਆ। ਉਹ ਕਹਿਣ ਲੱਗੇ, ਅਸੀਂ ਤਾਂ ਦਿਨ ਚੜ੍ਹੇ ਉਠਾਂਗੇ। ਕਮੇਟੀ ਦਾ ਦਫ਼ਤਰ ਤਾਂ ਨੌਂ ਵਜੇ ਖੁੱਲ੍ਹਣਾ, ਪਹਿਲਾਂ ਆਪਾਂ ਕੀ ਕਰਨਾ? ਓਦੋਂ ਚਾਰ ਸਵਾ ਚਾਰ ਦਾ ਟੈਮ ਹੋਊ ਜਦੋਂ ਠਾਹ ਠਾਹ ਗੋਲੀਆਂ ਚੱਲਣ ਲੱਗੀਆਂ। ਅਸੀਂ ਕੋਡੇ ਕੋਡੇ ਭੱਜ ਕੇ ਸਰਾਂ `ਚ ਜਾ ਵੜੇ। ਸਰਾਂ ਅੰਦਰ ਅਸੀਂ ਦਬਕੇ ਹੋਏ ਗੋਲੀਆਂ ਦੇ ਫੈਰ ਸੁਣੀ ਗਏ।”

ਮੈਂ ਮਿਸਤਰੀ ਤੋਂ ਪੁੱਛਿਆ ਸੀ, “ਪਹਿਲਾਂ ਕਿਸੇ ਨੇ ਐਲਾਨ ਨੀ ਕੀਤਾ ਬਈ ਜਿਹੜੇ ਸ਼ਰਧਾਲੂ ਗੁਰਪੁਰਬ ਉਤੇ ਆਏ ਆ ਉਹ ਹੱਥ ਖੜ੍ਹੇ ਕਰ ਕੇ ਬਾਹਰ ਆ ਜਾਣ?” ਦਲੀਪ ਸਿੰਘ ਨੇ ਸਪੱਸ਼ਟ ਦੱਸਿਆ ਸੀ, “ਬਿਨਾਂ ਐਲਾਨ ਤੋਂ ਫਾਇਰਿੰਗ ਸ਼ੁਰੂ ਹੋਈ ਸੀ ਤੇ ਸਾਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਨੀ ਦਿੱਤਾ ਗਿਆ। ਜੇ ਸਾਨੂੰ ਬਾਹਰ ਨਿਕਲਣ ਨੂੰ ਕਹਿੰਦੇ ਤਾਂ ਅਸੀਂ ਅੰਦਰ ਕੀ ਕਰਨਾ ਸੀ? ਚਾਰ ਤਰੀਕ ਦਾ ਸਾਰਾ ਦਿਨ ਤੇ ਸਾਰੀ ਰਾਤ ਅਸੀਂ ਭੁੱਖੇ ਤਿਹਾਇਆਂ ਕੱਟੀ। ਜਿਹੜੇ ਜੁਆਕ ਸੀ ਉਹਨਾਂ ਦਾ ਤਾਂ ਬਾਹਲਾ ਈ ਬੁਰਾ ਹਾਲ ਸੀ। ਅਗਲਾ ਦਿਨ ਵੀ ਓਵੇਂ ਈ ਨੰਘਿਆ। ਅਸੀਂ ਜਹਾਜ਼ ਵਰਗੀਆਂ ਗੂੰਜਾਂ ਸੁਣੀਆਂ ਤੇ ਅਏਂ ਲੱਗਾ ਜਿਵੇਂ ਜਹਾਜ਼ਾਂ ਤੋਂ ਬੰਬ ਡਿਗਦੇ ਹੋਣ। ਗਰਮੀ ਤੇ ਤੇਹ ਨਾਲ ਸਾਡੀ ਜਾਨ ਨਿਕਲੀ ਜਾਂਦੀ ਸੀ। ਅਸੀਂ ਮੁੜ੍ਹਕੇ ਆਲੇ ਲੀੜੇ ਨਿਚੋੜ ਕੇ ਮੂੰਹ ਗਿੱਲਾ ਕਰਦੇ ਸੀ। ਜੁਆਕਾਂ ਦਾ ਹਾਲ ਦੇਖ ਕੇ ਜਰਿਆ ਨੀ ਸੀ ਜਾਂਦਾ। ਬਾਹਰ ਗੋਲੀਆਂ ਚੱਲੀ ਜਾਂਦੀਆਂ ਸੀ। ਰਾਤ ਨੂੰ ਸਰਾਂ `ਚ ਵੀ ਫੌਜੀ ਆਣ ਵੜੇ। ਉਹਨਾਂ ਨੇ ਗਰਨੇਡ ਸਿੱਟੇ ਤੇ ਗੋਲੀਆਂ ਚਲਾਈਆਂ। ਬੱਸ ਫੇਰ ਕੀ ਸੀ ਰੋਣ ਕਰਲਾਉਣ ਤੇ ਮਰਗੇ ਮਾਰਤੇ ਦੀ ਕੁਰਲਾਹਟ ਮੱਚ-ਗੀ। ਦਿਨ ਦੇ ਚੜ੍ਹਾਅ ਨਾਲ ਉਹਨਾਂ ਨੇ ਲਾਊਡ ਸਪੀਕਰ ਤੋਂ ਆਖਿਆ ਬਈ ਜਿਹੜੇ ਜਿਊਂਦੇ ਆ ਉਹ ਹੱਥ ਖੜ੍ਹੇ ਕਰ ਕੇ ਬਾਹਰ ਆ ਜਾਣ। ਨਹੀਂ ਤਾਂ ਅੰਦਰੇ ਭੁੰਨ ਦਿਆਂਗੇ। ਅਸੀਂ ਬਾਹਰ ਆਉਣ ਲੱਗੇ ਤਾਂ ਬਾਹਰੋਂ ਛੇ ਸੱਤ ਬੰਦੇ ਭੱਜੇ ਭੱਜੇ ਅੰਦਰ ਆਏ। ਉਹਨਾਂ ਨੇ ਰੌਲਾ ਪਾਇਆ ਬਈ ਕੋਈ ਬਾਹਰ ਨਾ ਨਿਕਲੇ, ਬਾਹਰ ਚੌਂਕ `ਚ ਬੰਦੇ ਮਾਰੀ ਜਾਂਦੇ ਆ, ਅਸੀਂ ਮਸਾਂ ਬਚ ਕੇ ਆਏ ਆਂ। ਉਹਨਾਂ ਦਾ ਰੌਲਾ ਸੁਣ ਕੇ ਅਸੀਂ ਅੰਦਰੇ ਈ ਦੜ ਵੱਟ-ਗੇ।

“ਏਨੇ ਨੂੰ ਫੌਜੀ ਸਰਾਂ ਦੇ ਬਾਰ ਮੂਹਰੇ ਆ ਖੜੋਤੇ। ਉਹਨਾਂ ਨੇ ਲਾਊਡ ਸਪੀਕਰ ਤੋਂ ਆਖਿਆ, ਸਾਰੇ ਜਣੇ ਕਪੜੇ ਉਤਾਰ ਕੇ ਤੇ ਹੱਥ ਖੜ੍ਹੇ ਕਰ ਕੇ ਵਾਰੀ ਵਾਰੀ ਬਾਹਰ ਨਿਕਲ ਆਉਣ ਨਹੀਂ ਤਾਂ ਬੰਬ ਮਾਰ ਕੇ ਸਾਰਿਆਂ ਨੂੰ ਅੰਦਰ ਈ ਭੁੰਨ ਦਿਆਂਗੇ। ਜਿਵੇਂ ਫੌਜੀਆਂ ਨੇ ਆਖਿਆ, ਅਸੀਂ ਓਵੇਂ ਈ ਕੀਤਾ। ਅਸੀਂ ਲੀੜੇ ਲਾਹ ਕੇ ਤੇ ਹੱਥ ਖੜ੍ਹੇ ਕਰ ਕੇ ਬਾਹਰ ਨਿਕਲੀ ਗਏ ਤੇ ਉਹ ਸਾਨੂੰ ਵਿਹੜੇ ਵਿੱਚ ਪਾਣੀ ਦੀਆਂ ਟੂਟੀਆਂ ਕੋਲ ਬਿਠਾਈ ਗਏ। ਵਰਾਂਡਿਆਂ ਵਿੱਚ ਲਾਸ਼ਾਂ ਈ ਲਾਸ਼ਾਂ ਪਈਆਂ ਸੀ। ਟੂਟੀਆਂ ਤੋਂ ਸਾਨੂੰ ਪਾਣੀ ਨਾ ਪੀਣ ਦਿੱਤਾ ਗਿਆ। ਤੇਹ ਨਾਲ ਸਾਡੀ ਜਾਨ ਨਿਕਲੀ ਜਾਂਦੀ ਸੀ ਤੇ ਅਸੀਂ ਨਾਲੀ `ਚੋਂ ਲਹੂ-ਪਾਣੀ ਦੀਆਂ ਘੁੱਟਾਂ ਭਰੀਆਂ। ਉਹਨਾਂ ਨੇ ਸਾਨੂੰ ਖਾਸਾ ਚਿਰ ਓਥੇ ਬਿਠਾਈ ਰੱਖਿਆ। ਫੇਰ ਛੱਤ ਤੋਂ ਗਰਨੇਡ ਡਿੱਗਿਆ ਤੇ ਸਾਹਮਣੇ ਵੱਡੇ ਬਾਰ `ਚੋਂ ਮਸ਼ੀਨ ਗੰਨ ਚੱਲ-ਪੀ। ਬਿਸ਼ਨ ਸਿਓਂ ਦੀ ਪੁੜਪੁੜੀ `ਚ ਗੋਲੀ ਵੱਜੀ ਤੇ ਉਹ ਮੇਰੇ `ਤੇ ਡਿੱਗ ਪਿਆ। ਬਚਿੱਤਰ ਸਿਓਂ ਦਾ ਮੈਨੂੰ ਪਤਾ ਨਾ ਲੱਗਾ। ਮੇਰੇ ਉਤੇ ਹੋਰ ਲਾਸ਼ਾਂ ਵੀ ਆ ਡਿੱਗੀਆਂ। ਫੇਰ ਮੈਨੂੰ ਕੋਈ ਸੁਰਤ ਨੀ ਬਈ ਕਿੰਨਾ ਚਿਰ ਗੋਲੀ ਚੱਲੀ। ਜਦੋਂ ਲਾਸ਼ਾਂ ਚੱਕੀਆਂ ਜਾਣ ਲੱਗੀਆਂ ਤਾਂ ਮੈਨੂੰ ਸੁਰਤ ਆਈ। ਮੈਂ ਅੱਖਾਂ ਖੋਲ੍ਹੀਆਂ ਤਾਂ ਫੌਜੀ ਖੜ੍ਹੇ ਦੇਖ ਕੇ ਫੇਰ ਬੰਦ ਕਰ ਲਈਆਂ। ਫੇਰ ਮੈਂ `ਵਾਜ ਸੁਣੀ ਬਈ ਜਿਹੜੇ ਜਿਉਂਦੇ ਆ ਉਹ ਉਠ ਖੜ੍ਹੇ ਹੋਣ ਨਹੀਂ ਤਾਂ ਲਾਸ਼ਾਂ ਦੇ ਨਾਲ ਈ ਸਾੜ ਦਿੱਤੇ ਜਾਣਗੇ। ਅਸੀਂ ਸੱਤ ਜਣੇ ਜਿਉਂਦੇ ਖੜ੍ਹੇ ਹੋਏ। ਛੇ ਬੰਦੇ ਸੀ ਤੇ ਸੱਤਵੀਂ ਬੁੜ੍ਹੀ ਸੀ। ਸਾਡੇ ਨਾਂ ਪਤੇ ਲਿਖ ਕੇ ਸਾਨੂੰ ਮਿਲਟਰੀ ਦੀ ਗੱਡੀ `ਚ ਬਿਠਾ ਲਿਆ। ਬਾਹਰ ਇੱਕ ਨਿਆਣਾ ਆਪਣੀ ਮਾਂ ਦੀ ਲਾਸ਼ ਉਤੇ ਲਿਟਿਆ ਰੋਈ ਜਾਂਦਾ ਸੀ। ਸਾਡੇ ਦੇਖਦਿਆਂ ਇੱਕ ਫੌਜੀ ਨੇ ਉਹਦੇ ਸਿਰ `ਚ ਬੱਟ ਮਾਰਿਆ ਜਿਸ ਨਾਲ ਉਹ ਲਾਸ਼ ਤੋਂ ਰੁੜ੍ਹ ਗਿਆ ਤੇ ਰੋਣੋਂ ਹਟ ਗਿਆ!

“ਫੇਰ ਸਾਨੂੰ ਉਹ ਇੱਕ ਬਿਲਡਿੰਗ `ਚ ਲੈ-ਗੇ। ਓਥੇ ਉਹਨਾਂ ਨੇ ਕਾਲੀਆਂ ਦਾੜ੍ਹੀਆਂ ਆਲੇ ਅੱਡ ਕੱਢ-ਲੇ ਤੇ ਸਾਨੂੰ ਬੁੜ੍ਹਿਆਂ ਨੂੰ ਕਮਰਿਆਂ `ਚ ਤਾੜ-`ਤਾ। ਸਾਡੇ ਤੇੜ ਬੱਸ `ਕੱਲੇ ਕਛਹਿਰੇ ਈ ਸੀ। ਓਥੇ ਸਾਨੂੰ ਪੰਦਰਾਂ ਸੋਲਾਂ ਦਿਨ ਰੱਖਿਆ। ਇੱਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ ਸੀ ਤੇ ਦੂਜੇ ਵੇਲੇ ਸੁੱਕੀਆਂ ਰੋਟੀਆਂ। ਦੋ ਵਾਰ ਸਾਨੂੰ ਟੂਟੀਆਂ ਤੋਂ ਪਾਣੀ ਪਿਆਉਂਦੇ ਸੀ। ਓਥੇ ਉਹਨਾਂ ਨੇ ਸਾਡੇ ਪੰਜਿਆਂ ਦੇ ਨਿਸ਼ਾਨ ਲਏ ਤੇ ਮੁੜ-ਮੁੜ ਪੁੱਛਦੇ ਰਹੇ ਬਈ ਅੰਬਰਸਰ ਕਿਉਂ ਆਏ ਸੀ? ਬਾਰੀਆਂ ਸਾਡੀਆਂ ਬੰਦ ਰਹਿੰਦੀਆਂ ਸੀ।”

ਮੈਂ ਦਲੀਪ ਸਿੰਘ ਤੋਂ ਪੁੱਛਿਆ ਸੀ, “ਨਾਲ ਦੇ ਦੋਹਾਂ ਸਾਥੀਆਂ ਦਾ ਪਤਾ ਲੱਗਾ ਕੁਝ?” ਉਸ ਨੇ ਦੱਸਿਆ ਸੀ, “ਬਿਸ਼ਨ ਸਿੰਘ ਤਾਂ ਮੇਰੇ ਸਾਹਮਣੇ ਈ ਸ਼ਹੀਦੀ ਪਾ ਗਿਆ ਸੀ। ਬਚਿੱਤਰ ਸਿੰਘ ਦਾ ਕੋਈ ਪਤਾ ਨੀ ਲੱਗਾ।”

ਬਾਅਦ ਵਿੱਚ ਮੈਨੂੰ ਪਿੰਡ ਦੇ ਬੰਦਿਆਂ ਤੋਂ ਪਤਾ ਲੱਗਾ ਕਿ ਬਚਿੱਤਰ ਸਿੰਘ ਵੀ ਦਲੀਪ ਸਿੰਘ ਵਾਂਗ ਬਚ ਗਿਆ ਸੀ। ਸਾਕਾ ਨੀਲੇ ਤਾਰੇ ਤੋਂ ਕੁੱਝ ਦਿਨਾਂ ਬਾਅਦ ਪੁਲਿਸ ਪਿੰਡ `ਚ ਪੁੱਛਣ ਆਈ ਸੀ ਕਿ ਦਲੀਪ ਸਿੰਘ ਤੇ ਬਚਿੱਤਰ ਸਿੰਘ ਪਿੰਡ `ਚ ਕੀ ਕਰਦੇ ਸਨ? ਪਰ ਬਿਸ਼ਨ ਸਿੰਘ ਬਾਰੇ ਉਨ੍ਹਾਂ ਨੇ ਕੁਛ ਨਹੀਂ ਸੀ ਪੁੱਛਿਆ। ਲੋਕ ਤਾਂ ਉਦੋਂ ਹੀ ਸਮਝ ਗਏ ਸਨ ਕਿ ਬਿਸ਼ਨ ਸਿੰਘ ਮਾਰਿਆ ਗਿਐ ਹੋਣੈ। ਦਲੀਪ ਸਿੰਘ ਤੇ ਬਚਿੱਤਰ ਸਿੰਘ ਫੜੇ ਹੋਏ ਹੋਣਗੇ ਤਾਂ ਹੀ ਉਨ੍ਹਾਂ ਬਾਰੇ ਪੁੱਛਦੇ ਨੇ।

ਦਲੀਪ ਸਿੰਘ ਤੋਂ ਮੈਂ ਰਿਹਾਅ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਸੀ, “ਪੰਦਰਾਂ ਵੀਹ ਦਿਨਾਂ ਪਿੱਛੋਂ ਉਹਨਾਂ ਨੇ ਸਾਨੂੰ ਆਪੋ ਆਪਣੇ ਜ਼ਿਲ੍ਹੇ ਦੀਆਂ ਜੇਲ੍ਹਾਂ `ਚ ਭੇਜ-`ਤਾ ਸੀ। ਦਸ ਬਾਰਾਂ ਦਿਨ ਲੁਧਿਆਣੇ ਜੇਲ੍ਹ `ਚ ਰੱਖਿਆ ਤੇ ਪੁੱਛਦੇ ਰਹੇ ਬਈ ਪਿੰਡ `ਚ ਕੀਹਨੇ ਕੀਹਨੇ ਅੰਮ੍ਰਿਤ ਛਕਿਐ ਤੇ ਕੀਹਦੇ ਕੀਹਦੇ ਕੋਲ ਹਥਿਆਰ ਐ? ਮੈਥੋਂ ਵਾਰ ਵਾਰ ਪੁੱਛਦੇ ਬਈ ਤੂੰ ਸੰਤ ਜਰਨੈਲ ਸਿੰਘ ਦਾ ਚੇਲਾ ਤਾਂ ਨੀ? ਜਦੋਂ ਉਹਨਾਂ ਦੀ ਤਸੱਲੀ ਹੋ-ਗੀ ਬਈ ਇਹ ਮਿਸਤਰੀ ਤਾਂ ਊਂਈਂ ਆ ਫਸਿਐ ਤਾਂ ਉਹਨਾਂ ਨੇ ਮੈਨੂੰ ਰਿਹਾਅ ਕਰ-`ਤਾ।”

“ਤੈਨੂੰ ਰਿਹਾਅ ਕਰਨ ਵੇਲੇ ਪੁਲਿਸ ਨੇ ਕੋਈ ਤਾਕੀਦ ਤਾਂ ਨੀ ਕੀਤੀ?” ਮੈਂ ਆਖ਼ਰੀ ਗੱਲ ਪੁੱਛੀ ਸੀ। ਉਸ ਨੇ ਦੁਖੀ ਦਿਲ ਨਾਲ ਦੱਸਿਆ ਸੀ, “ਕੀਤੀ ਸੀ ਬਈ `ਗਾਹਾਂ ਕੋਈ ਵੱਧ ਘੱਟ ਗੱਲ ਨਾ ਕਰੀਂ। ਪਰ ਹੱਡੀਂ ਬੀਤੀਆਂ ਕਦੋਂ ਭੁੱਲਦੀਐਂ?”

Additional Info

  • Writings Type:: A single wirting
Read 3439 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।