ਲੇਖ਼ਕ

Wednesday, 14 October 2009 16:48

35 - ਅਕਾਲ ਪੁਰਖ ਦਾ ਸੱਦਾ

Written by
Rate this item
(1 Vote)

ਦਹਿਸ਼ਤ ਦੇ ਦਿਨ ਸਨ। ਪੁਲਿਸ ਨੌਜੁਆਨ ਮੁੰਡੇ ਚੁੱਕ ਰਹੀ ਸੀ ਤੇ ਦਹਿਸ਼ਤੀ ਫਿਰੌਤੀ ਦੀਆਂ ਚਿੱਠੀਆਂ ਲਿਖ ਰਹੇ ਸਨ। ਠਾਣੇਦਾਰ ਸੁਨੇਹਾ ਭੇਜਦਾ ਸੀ, “ਮੁੰਡਾ ਤੁਹਾਡਾ ਕਤਲ ਮੰਨੀ ਬੈਠੈ। ਐਨੇ ਪੈਸੇ ਲੈ ਆਓ, ਨਹੀਂ ਤਾਂ ਮੁਕਾਬਲਾ ਤਿਆਰ ਈ ਐ।” ਦਹਿਸ਼ਤੀਆਂ ਦਾ ਲਿਖਿਆ ਹੁੰਦਾ ਸੀ, “ਸਾਨੂੰ ਹਥਿਆਰਾਂ ਦੀ ਲੋੜ ਐ। ਐਨੇ ਪੈਸੇ ਫਲਾਣੀ ਥਾਂ ਧਰ ਦਿਓ, ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ।”

ਮੈਨੂੰ ਜਰਨੈਲ ਸਿੰਘ ਹਲਵਾਰਾ ਦੇ ਦਸਖਤਾਂ ਵਾਲੀ ਚਿੱਠੀ ਮਿਲੀ ਕਿ ਸਾਢੇ ਉਣਤਾਲੀ ਹਜ਼ਾਰ ਰੁਪਏ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਚੜ੍ਹਦੇ ਪਾਸੇ ਰੱਖੋ। ਉਥੇ ਜਗਰਾਓਂ ਨੂੰ ਜਾਣ ਵਾਲੇ ਬਾਬਾ ਨੰਦ ਸਿੰਘ ਮਾਰਗ ਦਾ ਬੋਰਡ ਲੱਗਾ ਹੈ। ਉਹਦੇ ਹੇਠੋਂ ਤਿੰਨ ਇੱਟਾਂ ਪੁੱਟਣੀਆਂ ਤੇ ਰੁਪਏ ਰੱਖ ਕੇ ਇੱਟਾਂ ਚਿਣ ਦੇਣੀਆਂ। ਬੋਰਡ `ਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਦੇਣਾ। ਜੇ ਕਿਸੇ ਨੂੰ ਦੱਸਿਆ ਤਾਂ ਸਾਰੇ ਪਰਿਵਾਰ ਨੂੰ ਸੋਧ ਦਿੱਤਾ ਜਾਊ। ਚਿੱਠੀ ਉਤੇ ਨਕਸ਼ਾ ਬਣਾ ਕੇ ਸਮਝਾਇਆ ਹੋਇਆ ਸੀ ਕਿ ਪੈਸੇ ਇਸ ਜਗ੍ਹਾ ਰੱਖਣੇ ਹਨ। ਚਿੱਠੀ ਬਰੰਗ ਸੀ ਜੋ ਘਰ ਦਿਆਂ ਨੇ ਦੂਣੇ ਪੈਣੇ ਦੇ ਕੇ ਛੁਡਾਈ ਸੀ।

ਪੱਕੀ ਤਾਰੀਖ ਤਾਂ ਯਾਦ ਨਹੀਂ ਪਰ ਮਹੀਨਾ ਮਈ 1986 ਦਾ ਸੀ। ਉਸ ਸਾਲ ਮੈਂ ਨਵਾਂ ਸਕੂਟਰ ਲਿਆ ਸੀ। ਮੈਂ ਮਸਾਂ ਸਾਈਕਲ ਤੋਂ ਸਕੂਟਰ ਉਤੇ ਪੁੱਜਾ ਸਾਂ। ਅਸੀਂ ਟ੍ਰੈਕਟਰ ਨਾਲ ਚੱਲਣ ਵਾਲੀ ਕੰਬਾਈਨ ਲੈ ਰੱਖੀ ਸੀ। ਜਦੋਂ ਕੰਬਾਈਨ ਦੀ ਵਾਢੀ ਆਈ ਤਾਂ ਮੇਰਾ ਭਰਾ ਅਰਜਨ ਮੈਥੋਂ ਸਕੂਟਰ ਲੈ ਗਿਆ ਤਾਂ ਜੋ ਕੰਬਾਈਨ ਦੇ ਨਾਲ ਰੱਖਿਆ ਜਾ ਸਕੇ। ਕੰਬਾਈਨ ਚਲਾਉਂਦਿਆਂ ਤੁਰਤ ਫੁਰਤ ਦੇ ਕੰਮ ਪੈਣੇ ਸਨ ਜੋ ਸਕੂਟਰ ਨਾਲ ਛੇਤੀ ਹੋ ਜਾਣੇ ਸਨ। ਪਰ ਸਕੂਟਰ ਏਡੀ ਵੱਡੀ ਬਿਪਤਾ ਖੜ੍ਹੀ ਕਰ ਦੇਵੇਗਾ ਇਹਦਾ ਕਿਸੇ ਨੂੰ ਚਿਤ ਚੇਤਾ ਹੀ ਨਹੀਂ ਸੀ।

ਇਕ ਦਿਨ ਸਾਡੀ ਕੰਬਾਈਨ ਮੱਲ੍ਹੇ ਦੇ ਖੇਤਾਂ ਵਿੱਚ ਚੱਲ ਰਹੀ ਸੀ ਕਿ ਘਰੋਂ ਕੋਈ ਚੀਜ਼ ਵਸਤ ਲਿਆਉਣ ਦਾ ਕੰਮ ਪੈ ਗਿਆ। ਅਰਜਨ ਸਕੂਟਰ ਲੈ ਕੇ ਚਕਰ ਨੂੰ ਚੱਲ ਪਿਆ। ਜਿਥੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰਦਵਾਰਾ ਸੰਤੋਖਸਰ ਬਣਵਾਇਆ ਹੈ ਉਥੇ ਉਦੋਂ ਉਜਾੜ ਜਗ੍ਹਾ ਪਈ ਸੀ। ਉਧਰੋਂ ਦੋ ਬੰਦੇ ਆਏ ਤੇ ਚਕਰ ਵਾਲੇ ਰਾਹ ਉਤੇ ਆਣ ਖੜ੍ਹੇ ਹੋਏ। ਉਨ੍ਹਾਂ ਨੇ ਅਰਜਨ ਨੂੰ ਹੱਥ ਦੇ ਕੇ ਰੋਕਿਆ। ਅਰਜਨ ਨੇ ਸਮਝਿਆ ਸ਼ਾਇਦ ਢਿੱਲੇ ਮੱਠੇ ਅਮਲੀ ਹੋਣ ਤੇ ਸਕੂਟਰ `ਤੇ ਚੜ੍ਹਨਾ ਚਾਹੁੰਦੇ ਹੋਣ। ਉਸ ਨੇ ਸਕੂਟਰ ਰੋਕ ਲਿਆ ਪਰ ਕਲੱਚ ਤੇ ਬਰੇਕ ਨੱਪੀ ਸਟਾਰਟ ਹੀ ਰੱਖਿਆ। ਉਸ ਨੇ ਆਪ ਹੀ ਕਿਹਾ, “ਮੈਂ ਚਕਰ ਤਕ ਚੱਲਿਆਂ, ਬਹਿਣਾ ਤਾਂ ਪਿੱਛੇ ਬਹਿ-ਜੋ।”

ਪਰ ਉਨ੍ਹਾਂ ਦਾ ਇਰਾਦਾ ਸਕੂਟਰ ਖੋਹਣ ਦਾ ਸੀ। ਇੱਕ ਜਣੇ ਨੇ ਝੋਲੇ `ਚ ਹੱਥ ਪਾਇਆ ਤੇ ਦੂਜਾ ਸਕੂਟਰ ਨੂੰ ਹੱਥ ਪਾਉਣ ਲੱਗਾ ਤਾਂ ਅਰਜਨ ਉਨ੍ਹਾਂ ਕੋਲੋਂ ਸਕੂਟਰ ਦੌੜਾ ਲਿਆਇਆ। ਸੂਏ ਦੇ ਪੁਲ ਉਤੇ ਪਿੰਡ ਦੇ ਕੁੱਝ ਬੰਦੇ ਤਾਸ਼ ਖੇਡ ਰਹੇ ਸਨ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਹ `ਚ ਲੁਟੇਰੇ ਉਸ ਦਾ ਸਕੂਟਰ ਖੋਹਣ ਪੈ ਗਏ ਸਨ। ਉਸੇ ਵੇਲੇ ਕਈ ਬੰਦੇ `ਕੱਠੇ ਹੋ ਗਏ ਤੇ ਜੀਪ ਲੈ ਕੇ ਲੁਟੇਰਿਆਂ ਨੂੰ ਲੱਭਣ ਲੱਗੇ। ਉਹ ਦੋ ਘੰਟੇ ਜੀਪ ਘੁਮਾਈ ਫਿਰੇ ਪਰ ਲੁਟੇਰੇ ਹੱਥ ਨਾ ਆਏ।

ਕੁਝ ਦਿਨ ਅਰਜਨ ਦੀ ਬਹਾਦਰੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਬਈ ਉਸ ਨੇ ਲੁਟੇਰਿਆਂ ਦਾ ਭੈਅ ਨਹੀਂ ਸੀ ਮੰਨਿਆ। ਕੋਈ ਡਰੂ ਬੰਦਾ ਹੁੰਦਾ ਤਾਂ ਚੁੱਪ ਕਰ ਕੇ ਸਕੂਟਰ ਫੜਾ ਦੇਣਾ ਸੀ ਬਈ ਅਗਲੇ ਖਾੜਕੂ ਹੋਣਗੇ। ਲੁਟੇਰਿਆਂ ਦਾ ਖਾੜਕੂਆਂ ਕਰਕੇ ਈ ਡਰ ਸੀ। ਉਹ ਝੋਲੇ `ਚ ਹੱਥ ਪਾ ਕੇ ਪਿਸਤੌਲ ਦਾ ਡਰਾਵਾ ਦਿੰਦੇ ਤੇ ਮੋਟਰ ਸਾਈਕਲ ਖੋਹ ਕੇ ਤਿੱਤਰ ਹੋ ਜਾਂਦੇ। ਮੈਂ ਵੀ ਅਰਜਨ ਦੇ ਇਸ ਕਾਰਨਾਮੇ ਨੂੰ ਸਲਾਹ ਰਿਹਾ ਸਾਂ ਤੇ ਸੋਚ ਰਿਹਾ ਸਾਂ ਕਿ ਉਹਦੀ ਖ਼ਬਰ ਅਖ਼ਬਾਰਾਂ ਨੂੰ ਭੇਜਣੀ ਚਾਹੀਦੀ ਹੈ ਤਾਂ ਜੋ ਲੋਕ ਖਾੜਕੂਆਂ ਦੇ ਭੇਸ `ਚ ਫਿਰਦੇ ਲੁਟੇਰਿਆਂ ਤੋਂ ਨਾ ਡਰਨ।

ਕੁਝ ਦਿਨਾਂ ਬਾਅਦ ਢੁੱਡੀਕੇ `ਚ ਇੱਕ ਖ਼ਾਸ ਘਟਨਾ ਵਾਪਰ ਗਈ। ਮੇਰੀ ਡਿਊਟੀ ਸਾਇੰਸ ਕਾਲਜ ਜਗਰਾਓਂ ਦੇ ਇਮਤਿਹਾਨੀ ਸੈਂਟਰ ਵਿੱਚ ਸੀ। ਤਦ ਤਕ ਸਕੂਟਰ ਮੇਰੇ ਪਾਸ ਪੁੱਜ ਗਿਆ ਸੀ। ਛੇ ਕੁ ਵਜੇ ਮੈਂ ਚੂਹੜਚੱਕ ਵਿੱਚ ਦੀ ਢੁੱਡੀਕੇ ਆਇਆ। ਬਾਹਰ ਫਿਰਨੀ ਉਤੇ ਪੁਲਿਸ ਨੇ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਦੋ ਸਿਪਾਹੀਆਂ ਨੇ ਮੇਰੇ ਸਕੂਟਰ ਦੀ ਤਲਾਸ਼ੀ ਲਈ ਤੇ ਪੂਰੀ ਪੁੱਛ ਗਿੱਛ ਕਰ ਕੇ ਪਿੰਡ `ਚ ਜਾਣ ਦਿੱਤਾ।

ਘਰ ਪਹੁੰਚਿਆ ਤਾਂ ਪਤਨੀ ਨੇ ਦੱਸਿਆ ਕਿ ਦਿਨੇ ਇੱਕ ਮੁੰਡਾ ਆਪਣੇ ਘਰ ਆਇਆ ਸੀ। ਉਹ ਡਰਿਆ ਹੋਇਆ ਸੀ ਤੇ ਕਹਿੰਦਾ ਸੀ ਮੈਂ ਚਕਰੋਂ ਆਂ। ਘਰ ਉਦੋਂ ਮੇਰੀ ਭਤੀਜੀ ਤੇ ਦੋਵੇਂ ਪੁੱਤਰ ਹੀ ਸਨ। ਉਹ ਅੱਧੀ ਛੁੱਟੀ ਵੇਲੇ ਰੋਟੀ ਖਾਣ ਆਏ ਸਨ। ਪਰ ਪਤਨੀ ਅਜੇ ਸਕੂਲ ਵਿੱਚ ਹੀ ਸੀ। ਉਸ ਨੇ ਬੱਚਿਆਂ ਤੋਂ ਲੋਪੋਂ ਜਾਣ ਵਾਲੀ ਬੱਸ ਦਾ ਟਾਈਮ ਪੁੱਛਿਆ ਤੇ ਜਗਵਿੰਦਰ ਨੂੰ ਬੱਸ ਅੱਡੇ ਤਕ ਨਾਲ ਈ ਤੋਰ ਲਿਆ। ਜਾਂਦਾ ਹੋਇਆ ਉਹ ਆਪਣੀ ਨਵੀਂ ਜੁੱਤੀ ਲਾਹ ਗਿਆ ਤੇ ਘਰ ਪਈਆਂ ਚਪਲਾਂ ਪਾ ਗਿਆ। ਕਹਿ ਗਿਆ ਕਿ ਜਦੋਂ ਪਿੰਡ ਗਏ ਤਾਂ ਜੁੱਤੀ ਸਾਡੇ ਘਰ ਪੁਚਾ ਦਿਓ ਤੇ ਚਪਲਾਂ ਲੈ ਆਇਓ। ਚਪਲਾਂ ਉਹਨੇ ਇਹ ਕਹਿੰਦਿਆਂ ਪਾਈਆਂ ਸਨ ਕਿ ਜੁੱਤੀ ਉਹਦੇ ਲੱਗਦੀ ਸੀ। ਪਰ ਮੈਂ ਨਵੀਂ ਜੁੱਤੀ ਵੇਖ ਕੇ ਸੋਚੀਂ ਪੈ ਗਿਆ ਕਿ ਵਿਚੋਂ ਕੋਈ ਹੋਰ ਗੱਲ ਨਾ ਹੋਵੇ?

ਗੱਲ ਸੱਚਮੁੱਚ ਹੀ ਹੋਰ ਸੀ। ਪਤਾ ਲੱਗਾ ਕਿ ਦੋ ਖਾੜਕੂਆਂ ਨੇ ਚਕਰ ਦੇ ਉਸ ਨੌਜੁਆਨ ਦਾ ਸਕੂਟਰ ਫੜ ਲਿਆ ਸੀ ਤੇ ਉਸ ਨੂੰ ਨਾਲ ਈ ਸਕੂਟਰ `ਤੇ ਬਿਠਾ ਲਿਆ ਸੀ। ਢੁੱਡੀਕੇ ਦੀ ਫਿਰਨੀ `ਤੇ ਸਕੂਟਰ ਗਰਮ ਹੋ ਕੇ ਬੰਦ ਹੋ ਗਿਆ। ਉਹ ਤਿੰਨੇ ਜਣੇ ਉੱਤਰੇ ਤੇ ਸਕੂਟਰ ਨੂੰ ਰੋੜ੍ਹਨ ਲੱਗੇ। ਸਕੂਟਰ ਦੀ ਟੋਕਰੀ `ਚ ਉਨ੍ਹਾਂ ਦੇ ਹਥਿਆਰ ਲਕੋਏ ਸਨ। ਚੂਹੜਚੱਕ ਦੇ ਮੋੜ `ਤੇ ਅੱਗੋਂ ਆਉਂਦੇ ਦੋ ਸਿਪਾਹੀ ਸਹਿਜ ਭਾਅ ਈ ਟੱਕਰ ਪਏ। ਉਹ ਵੈਸੇ ਹੀ ਪੁੱਛ ਬੈਠੇ ਕਿ ਤੁਸੀਂ ਤਿੰਨ ਜਣੇ ਸਕੂਟਰ ਨਾਲ ਕਿਵੇਂ? ਇਹ ਤਾਂ ਪਿੱਛੋਂ ਪਤਾ ਲੱਗਾ ਕਿ ਉਨ੍ਹਾਂ `ਚ ਇੱਕ ਜਰਨੈਲ ਸਿੰਘ ਹਲਵਾਰਾ ਸੀ ਤੇ ਦੂਜਾ ਵੀ ਕੋਈ ਮਸ਼ਹੂਰ ਖਾੜਕੂ ਸੀ। ਉਨ੍ਹਾਂ ਦੋਵਾਂ ਨੇ ਹਥਿਆਰ ਚੁੱਕੇ ਤੇ ਹਵਾ `ਚ ਫਾਇਰ ਕਰਦੇ ਉਡੰਤਰ ਹੋਏ। ਸਕੂਟਰ ਵਾਲਾ ਨੌਜੁਆਨ ਸਕੂਟਰ ਛੱਡ ਕੇ ਪਿੰਡ ਦੀਆਂ ਬੀਹੀਆਂ `ਚ ਪੈ ਗਿਆ। ਉਹਦੇ ਮਗਰ ਸਿਪਾਹੀ ਲੱਗ ਗਏ।

ਢੁੱਡੀਕੇ ਦੀਆਂ ਬੀਹੀਆਂ ਤੋਂ ਅਣਜਾਣ ਉਹ ਨੌਜੁਆਨ ਇੱਕ ਬੀਹੀ `ਚ ਜਾ ਘਿਰਿਆ ਜੋ ਅੱਗੋਂ ਬੰਦ ਸੀ। ਸਿਪਾਹੀ ਵੀ ਕਿਸੇ ਹੋਰ ਬੀਹੀ ਪੈ ਗਏ। ਉਥੇ ਉਸ ਨੌਜੁਆਨ ਨੇ ਇੱਕ ਬੰਦੇ ਨੂੰ ਦੱਸਿਆ ਕਿ ਉਹਦਾ ਸਕੂਟਰ ਖੋਹਿਆ ਗਿਆ ਸੀ। ਸਿਪਾਹੀ ਉਹਦੇ ਮਗਰ ਐਵੇਂ ਈ ਪਏ ਹੋਏ ਨੇ ਤੇ ਉਹਦੀ ਜਾਨ ਖ਼ਤਰੇ ਵਿੱਚ ਹੈ। ਉਸ ਨੇ ਆਪਣਾ ਪਿੰਡ ਚਕਰ ਦੱਸਿਆ। ਆਖਿਆ ਬਈ ਕੋਈ ਉਹਨੂੰ ਬਚਾ ਲਵੇ। ਉਹ ਬੰਦਾ ਪੁਰਾਣਾ ਫੌਜੀ ਸੀ। ਉਸ ਨੇ ਕਿਹਾ ਕਿ ਏਥੇ ਥੋਡੇ ਪਿੰਡ ਦਾ ਪ੍ਰੋਫੈਸਰ ਰਹਿੰਦੈ। ਚੱਲ ਮੈਂ ਤੈਨੂੰ ਉਹਨਾਂ ਦੇ ਘਰ ਛੱਡ ਆਉਨਾਂ।

ਉਹ ਮੇਰੀ ਤੇ ਪਤਨੀ ਦੀ ਗ਼ੈਰ ਹਾਜ਼ਰੀ ਵਿੱਚ ਸਾਡੇ ਘਰ ਆ ਗਿਆ। ਆਪਣੇ ਪਿੰਡ ਬਾਰੇ ਦੱਸ ਦਿੱਤਾ। ਭਤੀਜੀ ਨੇ ਪਿੰਡ ਦੇ ਮੁੰਡੇ ਲਈ ਚਾਹ ਬਣਾਈ ਪਰ ਡਰ ਦੇ ਮਾਰੇ ਉਸ ਤੋਂ ਚਾਹ ਪੀਤੀ ਨਾ ਗਈ। ਚੌਦਾਂ ਕੁ ਸਾਲਾਂ ਦੇ ਮੇਰੇ ਪੁੱਤਰ ਜਗਵਿੰਦਰ ਨੂੰ ਉਹਨੇ ਮੂਹਰੇ ਤੋਰ ਲਿਆ ਤੇ ਆਪ ਮਗਰ ਤੁਰ ਪਿਆ। ਅਜੀਤਵਾਲ ਵੱਲ ਦੇ ਬੱਸ ਅੱਡੇ `ਤੇ ਨਾਕਾ ਲੱਗਾ ਹੋਇਆ ਸੀ। ਪੁਲਿਸ ਪਿੰਡ ਨੂੰ ਘੇਰਾ ਪਾ ਰਹੀ ਸੀ ਤੇ ਵਾਹਣਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਲੋਪੋਂ ਵੱਲੋਂ ਮੋਗੇ ਨੂੰ ਜਾਣ ਵਾਲੀ ਬੱਸ, ਅੱਡੇ ਉਤੇ ਖੜ੍ਹੀ ਹੋਈ ਤਾਂ ਦੋ ਸਿਪਾਹੀ ਇਹ ਪੁੱਛਣ ਲਈ ਪਿਛਲੀ ਬਾਰੀ ਚੜ੍ਹੇ ਕਿ ਢੁੱਡੀਕੇ ਤੋਂ ਤਾਂ ਨੀ ਕੋਈ ਚੜ੍ਹਿਆ? ਸਿਪਾਹੀਆਂ ਦੇ ਮਗਰ ਹੀ ਉਹ ਨੌਜੁਆਨ ਬੱਸ `ਤੇ ਚੜ੍ਹ ਗਿਆ ਤੇ ਅਛੋਪਲੇ ਜਿਹੇ ਮਗਰਲੀ ਸੀਟ `ਤੇ ਬਹਿ ਗਿਆ। ਸਿਪਾਹੀਆਂ ਨੂੰ ਕੋਈ ਪਤਾ ਨਾ ਲੱਗਾ। ਇਓਂ ਉਹ ਵੀ ਬਚ ਕੇ ਨਿਕਲ ਗਿਆ। ਘੇਰਾ ਪਿੰਡ ਨੂੰ ਦਿਨ ਛਿਪਦੇ ਤਕ ਪਿਆ ਰਿਹਾ ਤੇ ਘਰਾਂ ਦੀਆਂ ਤਲਾਸ਼ੀਆਂ ਵੀ ਹੁੰਦੀਆਂ ਰਹੀਆਂ। ਸਾਡਾ ਘਰ ਤਲਾਸ਼ੀ ਤੋਂ ਬਚ ਗਿਆ ਨਹੀਂ ਤਾਂ ਸੰਭਵ ਸੀ ਬੱਚੇ ਨਵੀਂ ਜੁੱਤੀ ਬਾਰੇ ਦੱਸ ਬਹਿੰਦੇ।

ਸਾਡੇ ਪਿੰਡ ਦਾ ਉਹ ਨੌਜੁਆਨ ਉਸ ਦਿਨ ਤਾਂ ਪੁਲਿਸ ਦੇ ਹੱਥ ਆਉਣੋਂ ਬਚ ਗਿਆ ਪਰ ਬਾਅਦ ਵਿੱਚ ਫੜਿਆ ਗਿਆ ਤੇ ਜੁਆਨੀ ਦੇ ਕਈ ਵਰ੍ਹੇ ਜੇਲ੍ਹ ਵਿੱਚ ਗਾਲ ਕੇ ਰਿਹਾਅ ਹੋਇਆ। ਉਸ ਦੇ ਸਕੂਟਰ ਵਿਚੋਂ ਉਹਦੇ ਕਾਗਜ਼ ਪੱਤਰ ਨਿਕਲ ਆਏ ਸਨ ਜਿਨ੍ਹਾਂ ਤੋਂ ਉਸ ਦੇ ਸਿਰਨਾਵੇਂ ਦਾ ਪਤਾ ਲੱਗ ਗਿਆ ਸੀ। ਪੁਲਿਸ ਚਕਰ ਗਈ ਤਾਂ ਘਰ ਵਾਲੇ ਵੀ ਪਰੇਸ਼ਾਨ ਹੋ ਗਏ। ਉਹ ਆਪਣੇ ਲੜਕੇ ਬਾਰੇ ਪੁਲਿਸ ਤੋਂ ਪੁੱਛ ਰਹੇ ਸਨ ਤੇ ਪੁਲਿਸ ਘਰ ਦਿਆਂ ਤੋਂ ਲੜਕੇ ਬਾਰੇ ਪੁੱਛ ਰਹੀ ਸੀ। ਅਗਲੇ ਦਿਨ ਮੈਂ ਉਹਦੀ ਜੁੱਤੀ ਲੈ ਕੇ ਪਿੰਡ ਗਿਆ ਕਿ ਉਹਨਾਂ ਦੇ ਘਰ ਦੇ ਆਵਾਂ। ਪਰ ਪਿੰਡ `ਚ ਤਾਂ ਉਸ ਨੌਜੁਆਨ ਬਾਰੇ ਡੌਂਡੀ ਪਿੱਟੀ ਪਈ ਸੀ। ਕੋਈ ਪਤਾ ਨੀ ਸੀ ਕਿ ਉਹ ਜਿਊਂਦਾ ਸੀ ਜਾਂ ਮਾਰ ਦਿੱਤਾ ਗਿਆ ਸੀ। ਕਹਾਣੀ ਹੋਰ ਹੀ ਬਣਦੀ ਵੇਖ ਕੇ ਮੈਂ ਜੁੱਤੀ ਸਕੂਟਰ ਦੀ ਡਿੱਕੀ `ਚ ਪਾਈ ਤੇ ਵਾਪਸ ਮੋੜ ਲਿਆਇਆ। ਜੇ ਮੈਂ ਜੁੱਤੀ ਦੇਣ ਘਰ ਚਲਾ ਜਾਂਦਾ ਤਾਂ ਖੁਦ ਫਸ ਜਾਣਾ ਸੀ ਕਿ ਦੱਸ ਹੁਣ ਉਹ ਨੌਜੁਆਨ ਕਿਥੇ ਹੈ?

ਮੈਨੂੰ ਡਰ ਖਾਣ ਲੱਗਾ ਕਿ ਪੁਲਿਸ ਮੇਰੀ ਪੁੱਛ ਗਿੱਛ ਕਰ ਸਕਦੀ ਹੈ ਕਿ ਉਹ ਨੌਜੁਆਨ ਤੁਹਾਡੇ ਘਰ ਕਿਵੇਂ ਆਇਆ ਸੀ? ਢੁੱਡੀਕੇ ਦੇ ਕਈ ਬੰਦਿਆਂ ਨੂੰ ਇਸ ਗੱਲ ਦਾ ਪਤਾ ਸੀ ਤੇ ਗੱਲ ਪੁਲਿਸ ਤਕ ਵੀ ਜਾ ਸਕਦੀ ਸੀ। ਮੈਂ ਸਾਰੀ ਗੱਲ ਜਸਵੰਤ ਸਿੰਘ ਕੰਵਲ ਨੂੰ ਜਾ ਦੱਸੀ ਤੇ ਪੁੱਛਿਆ, “ਹੁਣ ਕੀ ਕਰਾਂ?”

ਉਸ ਨੇ ਸੋਚ ਵਿਚਾਰ ਕੇ ਆਖਿਆ ਕਿ ਆਪਾਂ ਖੁਦ ਈ ਮਹਿਣੇ ਠਾਣੇ ਜਾ ਕੇ ਪੁਲਿਸ ਨੂੰ ਸਾਰੀ ਗੱਲ ਦਿੰਨੇ ਆਂ ਤੇ ਜੁੱਤੀ ਵੀ ਓਥੇ ਈ ਜਮ੍ਹਾਂ ਕਰਾ ਆਉਨੇ ਆਂ। ਚਕਰ ਦੇ ਮੁੰਡੇ ਦਾ ਪਤਾ ਤਾਂ ਪੁਲਿਸ ਨੂੰ ਲੱਗ ਈ ਗਿਐ। ਸ਼ਾਇਦ ਇਹਦੇ ਵਿੱਚ ਈ ਉਹਦਾ ਭਲਾ ਹੋਵੇ। ਅਸੀਂ ਜੁੱਤੀ ਡਿੱਕੀ `ਚ ਪਾਈ ਤੇ ਸਕੂਟਰ ਉਤੇ ਮਹਿਣੇ ਚਲੇ ਗਏ। ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਜੁੱਤੀ ਠਾਣੇ ਜਮ੍ਹਾਂ ਕਰਾ ਦਿੱਤੀ। ਕੰਵਲ ਦਾ ਰਿਵਾਲਵਰ ਵੈਬਲੇ ਸਕਾਟ ਵੀ ਠਾਣੇ ਜਮ੍ਹਾਂ ਕਰਾਇਆ ਹੋਇਆ ਸੀ। ਉਹ ਵੀ ਵੇਖ ਲਿਆ ਕਿ ਹੈਗਾ। ਤੁਰਨ ਲੱਗੇ ਤਾਂ ਠਾਣੇਦਾਰ ਨੇ ਕਿਹਾ, “ਮੈਂ ਹਨ੍ਹੇਰੇ ਪਏ ਢੁੱਡੀਕੇ ਆਵਾਂਗਾ। ਪ੍ਰੋਫੈਸਰ ਸਾਹਿਬ ਦੇ ਬੱਚਿਆਂ ਤੋਂ ਇੱਕ ਫੋਟੋ ਦੀ ਸ਼ਨਾਖ਼ਤ ਕਰਾਉਣੀ ਐਂ।” ਕੰਵਲ ਨੇ ਕਿਹਾ, “ਆ ਜਾਣਾ। ਪਰ ਪ੍ਰੋਫੈਸਰ ਸਾਹਿਬ ਵੱਲ ਜਾਣ ਦੀ ਥਾਂ ਮੇਰੇ ਵੱਲ ਆਉਣਾ।”

ਰਾਤ ਨੂੰ ਠਾਣੇਦਾਰ ਕੰਵਲ ਕੋਲ ਆਇਆ। ਕੰਵਲ ਨੇ ਉਸ ਕੋਲੋਂ ਫੋਟੋ ਲੈ ਕੇ ਸਾਡੇ ਘਰ ਦਾ ਬੂਹਾ ਆ ਖੜਕਾਇਆ। ਬੱਚੇ ਅਜੇ ਜਾਗਦੇ ਸਨ। ਫੋਟੋ ਵੇਖਣਸਾਰ ਬੱਚਿਆਂ ਨੇ ਦੱਸ ਦਿੱਤਾ ਕਿ ਏਹੋ ਨੌਜੁਆਨ ਸੀ ਜਿਹੜਾ ਉਸ ਦਿਨ ਘਰ ਆਇਆ ਸੀ। ਠਾਣੇਦਾਰ ਦੀ ਤਸੱਲੀ ਹੋ ਗਈ ਤੇ ਸਾਰੀ ਕਹਾਣੀ ਸਮਝ ਵਿੱਚ ਆ ਗਈ। ਸਾਡੇ ਪਿੰਡ ਦਾ ਉਹ ਨੌਜੁਆਨ ਬੇਕਸੂਰਾ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਹੁਣ ਹੈ ਕਿਥੇ? ਉਧਰ ਨੌਜੁਆਨ ਕੋਲ ਪੁਲਿਸ ਮਗਰ ਲੱਗੀ ਵੇਖ ਕੇ ਲੁਕੇ ਰਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪੁਲਿਸ ਦੇ ਹੱਥ ਆ ਜਾਂਦਾ ਤਾਂ ਪਤਾ ਨੀ ਕੀ ਕਰਦੇ? ਸਮਾਂ ਬੜਾ ਭੈੜਾ ਸੀ। ਘਰ ਬੈਠਿਆਂ ਦੇ ਸਿਰ ਕਤਲ ਪੈ ਰਹੇ ਸਨ।

ਮੈਂ ਅਜੇ ਪਹਿਲੀ ਬਿਪਤਾ ਤੋਂ ਛੁਟਕਾਰਾ ਪਾਇਆ ਹੀ ਸੀ ਕਿ ਦੂਜੀ ਹੋਰ ਵੀ ਵੱਡੀ ਬਿਪਤਾ ਆ ਪਈ। ਇਹ ਇੱਕ ਤਰ੍ਹਾਂ ਮੌਤ ਦੇ ਵਰੰਟ ਸਨ। ਮੇਰੇ ਭਰਾ ਦਰਸ਼ਨ ਨੇ ਇੱਕ ਬਰੰਗ ਲਫਾਫ਼ੇ ਵਾਲੀ ਚਿੱਠੀ ਮੈਨੂੰ ਲਿਆ ਦਿੱਤੀ। ਕਹਿਣ ਲੱਗਾ, “ਬਹੁਤ ਮਾੜੀ ਖ਼ਬਰ ਐ, ਪੜ੍ਹ ਕੇ ਦੇਖ ਲੈ।” ਚਿੱਠੀ ਤਾਸ਼ ਦੀ ਡੱਬੀ ਕੁ ਜਿੱਡੇ ਪਕੌੜੀਆਂ ਪਾਉਣ ਵਰਗੇ ਲਫਾਫ਼ੇ ਵਿੱਚ ਬੰਦ ਸੀ। ਉਤੇ ਮੇਰੇ ਨਾਂ ਨਾਲ ਪ੍ਰੋਫੈਸਰ ਲਿਖ ਕੇ ਘਰ ਗੁਰਦੁਆਰੇ ਦੇ ਕੋਲ ਲਿਖਿਆ ਸੀ। ਪਿੰਡ ਤੇ ਡਾਕਖਾਨਾ ਖ਼ਾਸ ਚਕਰ ਸੀ। ਸਿਰਨਾਵੇਂ ਦਾ ਕੋਈ ਭੁਲੇਖਾ ਨਹੀਂ ਸੀ। ਡਾਕੀਏ ਨੇ ਬਰੰਗ ਲਫਾਫ਼ੇ ਦੇ ਪੈਸੇ ਲਏ ਸਨ। ਭਰਾ ਚਿੱਠੀ ਪੜ੍ਹਨ ਸਾਰ ਹੀ ਮੇਰੇ ਕੋਲ ਢੁੱਡੀਕੇ ਪਹੁੰਚ ਗਿਆ ਸੀ।

ਮੈਂ ਚਿੱਠੀ ਖੋਲ੍ਹੀ ਤਾਂ ਲਿਖਤੁਮ ਜਰਨੈਲ ਸਿੰਘ ਹਲਵਾਰਾ ਲਿਖਿਆ ਹੋਇਆ ਸੀ। ਲਿਖਿਆ ਸੀ ਕਿ ਤੁਹਾਡੇ ਭਰਾ ਨੇ ਸਾਨੂੰ ਸਕੂਟਰ ਨਹੀਂ ਸੀ ਦਿੱਤਾ ਤੇ ਉਲਟਾ ਜੀਪ ਸਾਡੇ ਮਗਰ ਲਾਈ ਸੀ। ਅਸੀਂ ਪਿੜਾਂ ਵਿੱਚ ਲੁਕ ਛਿਪ ਕੇ ਮਸਾਂ ਜਾਨ ਬਚਾਈ। ਲੁਕਦਿਆਂ ਛਿਪਦਿਆਂ ਸਾਡੇ ਤਿੰਨ ਹਥਿਆਰ ਪਿੜਾਂ `ਚ ਰਹਿਗੇ ਜਿਨ੍ਹਾਂ ਦੀ ਕੀਮਤ ਸਾਢੇ ਉਣਤਾਲੀ ਹਜ਼ਾਰ ਰੁਪਏ ਬਣਦੀ ਹੈ। ਸਜ਼ਾ ਤਾਂ ਤੁਹਾਨੂੰ ਵੱਡੀ ਦੇਣੀ ਸੀ ਪਰ ਗੁਰੂ ਰਾਖਾ। ਅਸੀਂ ਢੁੱਡੀਕੇ ਤੁਹਾਡੇ ਦੋਹਾਂ ਪੁੱਤਰਾਂ ਨੂੰ ਮਾਰਨ ਗਏ ਸੀ ਪਰ ਉਸ ਦਿਨ ਸਕੂਟਰ ਦਗ਼ਾ ਦੇ ਗਿਆ। ਅਕਾਲ ਪੁਰਖ ਨੇ ਈ ਤੁਹਾਡੇ ਬੱਚੇ ਬਚਾਏ ਐ। ਹੁਣ ਘੱਟ ਸਜ਼ਾ ਏਹੋ ਐ ਕਿ ਤਿੰਨ ਹਥਿਆਰ ਜਾਂ ਸਾਢੇ ਉਣਤਾਲੀ ਹਜ਼ਾਰ ਰੁਪਏ ਨਾਨਕਸਰ ਦੇ ਗੁਰਦੁਆਰੇ ਕੋਲ ਬਾਬਾ ਨੰਦ ਸਿੰਘ ਮਾਰਗ ਦੇ ਬੋਰਡ ਹੇਠਾਂ ਰੱਖ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ। ਜੇ ਕੋਈ ਚੁਸਤੀ ਚਲਾਕੀ ਕੀਤੀ ਤਾਂ ਸਾਰੇ ਪਰਿਵਾਰ ਨੂੰ ਸੋਧ ਦਿੱਤਾ ਜਾਵੇਗਾ।

ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਮੇਰਾ ਕੀ ਹਾਲ ਹੋਇਆ ਹੋਵੇਗਾ? ਸੱਚਮੁੱਚ ਹੀ ਮੈਂ ਬਹੁਤ ਡਰ ਗਿਆ ਸਾਂ। ਖਾਣਾ ਪੀਣਾ ਵਿਸਰ ਗਿਆ ਸੀ। ਏਨਾ ਸ਼ੁਕਰ ਸੀ ਕਿ ਬੱਚੇ ਬਚ ਗਏ ਸਨ। ਜੇ ਉਸ ਦਿਨ ਸਕੂਟਰ ਨਾ ਵਿਗੜਦਾ ਤਾਂ …। ਮਨ `ਚ ਬੜੇ ਬੁਰੇ ਖ਼ਿਆਲ ਆਉਣ ਲੱਗੇ। ਕੀ ਪਿੰਡ ਦਾ ਮੁੰਡਾ ਬੱਚਿਆਂ ਦੀ ਸ਼ਨਾਖਤ ਕਰਨ ਲਈ ਨਾਲ ਲਿਆਂਦਾ ਹੋਊ? ਪਰ ਬੱਚੇ ਤਾਂ ਸਗੋਂ ਉਸ ਨੂੰ ਬਚਾਉਣ ਵਿੱਚ ਸਹਾਈ ਹੋਏ। ਵਾਹ ਰੱਬਾ! ਕੀ ਨੇ ਤੇਰੀਆਂ ਕੁਦਰਤਾਂ! !

ਮੈਂ ਚਿੱਠੀ ਲੈ ਕੇ ਮਹਿਣੇ ਠਾਣੇ ਗਿਆ। ਠਾਣੇਦਾਰ ਨੇ ਚਿੱਠੀ ਪੜ੍ਹ ਕੇ ਉਪਰਲੇ ਅਫਸਰਾਂ ਨੂੰ ਮਿਲਣ ਨੂੰ ਕਿਹਾ ਤੇ ਰਾਖੀ ਲਈ ਠਾਣਿਓਂ ਹਥਿਆਰ ਦੇਣ ਦੀ ਪੇਸ਼ਕਸ਼ ਕੀਤੀ। ਫਿਰ ਮੈਂ ਫਰੀਦਕੋਟ ਦੇ ਐੱਸ.ਐੱਸ.ਪੀ.ਨੂੰ ਮਿਲਣ ਚਲਾ ਗਿਆ। ਉਹ ਉਥੇ ਹੈ ਨਹੀਂ ਸੀ ਪਰ ਮੈਨੂੰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਭੂਪਿੰਦਰ ਸਿੰਘ ਮਿਲ ਗਿਆ। ਉਹ ਸਾਡੇ ਕਾਲਜ ਵਿੱਚ ਆਇਆ ਸੀ ਜਿਸ ਕਰਕੇ ਕੁੱਝ ਜਾਣ ਪਛਾਣ ਹੋ ਗਈ ਸੀ। ਮੇਰੀਆਂ ਗੱਲਾਂ ਸੁਣ ਕੇ ਤੇ ਚਿੱਠੀ ਪੜ੍ਹ ਕੇ ਉਸ ਨੇ ਇੱਕ ਹੋਰ ਗੱਲ ਦੱਸੀ। ਫਰੀਦਕੋਟ ਦੀ ਸੀ.ਆਈ.ਡੀ.ਇਸ ਸਿੱਟੇ `ਤੇ ਪਹੁੰਚੀ ਸੀ ਕਿ ਜਿਹੜੇ ਖਾੜਕੂ ਢੁੱਡੀਕੇ ਤੋਂ ਭੱਜੇ ਸਨ ਉਹ ਅਸਲ ਵਿੱਚ ਉਸੇ ਦਿਨ ਲੋਪੋਂ ਦੇ ਇੱਕ ਸਮਾਗਮ ਵਿੱਚ ਜਾਣ ਵਾਲੇ ਮੰਤਰੀ ਮਲਕੀਤ ਸਿੰਘ ਸਿੱਧੂ ਤੇ ਮੰਡੀਬੋਰਡ ਦੇ ਚੇਅਰਮੈਨ ਜਥੇਦਾਰ ਤੋਤਾ ਸਿੰਘ `ਤੇ ਹਮਲਾ ਕਰਨ ਚੱਲੇ ਸਨ। ਸਕੂਟਰ ਖਰਾਬ ਹੋ ਜਾਣ ਕਾਰਨ ਹਮਲਾ ਨਹੀਂ ਹੋ ਸਕਿਆ। ਚਿੱਠੀ ਨੂੰ ਨੀਝ ਨਾਲ ਵੇਖਦਿਆਂ ਉਸ ਨੇ ਕਿਹਾ ਇਹ ਜਾਅ੍ਹਲੀ ਲੱਗਦੀ ਐ।

ਮੈਂ ਵੀ ਚਿੱਠੀ ਨੀਝ ਨਾਲ ਵੇਖੀ ਪਰਖੀ। ਮੇਰੇ ਨਾਂ ਦਾ ਸੱਸਾ ਘੁੰਡੀ ਪਾ ਕੇ ਲਿਖਿਆ ਸੀ ਤੇ ਸਿੰਘ ਦਾ ਸੱਸਾ ਦੋ ਸਿੱਧੀਆਂ ਲਕੀਰਾਂ ਨੂੰ ਸਿੱਧੀ ਲਕੀਰ ਨਾਲ ਮਿਲਾ ਕੇ ਲਿਖਿਆ ਗਿਆ ਸੀ। ਜਰਨੈਲ ਦਾ ਲੱਲਾ ਹੋਰ ਤਰ੍ਹਾਂ ਪਾਇਆ ਹੋਇਆ ਸੀ ਤੇ ਹਲਵਾਰੇ ਦਾ ਹੋਰ ਤਰ੍ਹਾਂ। ਸਾਫ ਜ਼ਾਹਰ ਸੀ ਕਿ ਲਿਖਣ ਵਾਲੇ ਨੇ ਲਿਖਾਈ ਪਛਾਣੀ ਜਾਣ ਦੇ ਡਰੋਂ ਅਜਿਹਾ ਕੀਤਾ ਸੀ। ਹੋਰ ਵੀ ਕਈ ਅੱਖਰ ਕਿਤੇ ਕਿਵੇਂ ਲਿਖੇ ਸਨ ਤੇ ਕਿਤੇ ਕਿਵੇਂ। ਮੈਨੂੰ ਵੀ ਚਿੱਠੀ ਜਾਅ੍ਹਲੀ ਲੱਗਣ ਲੱਗ ਪਈ। ਮੇਰਾ ਡਰ ਭਉ ਚੁੱਕਿਆ ਗਿਆ। ਨਿਡਰ ਹੋਇਆ ਮੈਂ ਮਨ `ਚ ਆਖਣ ਲੱਗਾ, “ਲਿਖਣ ਵਾਲੇ ਪਤੰਦਰ ਨੇ ਸਾਢੇ ਉਣਤਾਲੀ ਹਜ਼ਾਰ ਇਓਂ ਲਿਖੇ ਐ ਜਿਵੇਂ ਬਾਟੇ ਦੇ ਬੂਟਾਂ ਵਾਲੇ ਰੁਪਈਆਂ ਨਾਲ ਪਚੰਨਵੇਂ ਪੈਸੇ ਲਿਖਦੇ ਐ!”

ਚਿੱਠੀ ਨੇ ਹੋਰ ਕੁਛ ਤਾਂ ਨਾ ਕੀਤਾ ਪਰ ਮੇਰਾ ਰਿਵਾਲਵਰ ਦਾ ਲਸੰਸ ਬਣਵਾ ਦਿੱਤਾ। ਰਿਵਾਲਵਰ ਖਰੀਦਣ ਬਾਰੇ ਮੈਂ ਇੱਕ ਦਿਨ ਜਸਵੰਤ ਸਿੰਘ ਕੰਵਲ ਦੀ ਸਲਾਹ ਪੁੱਛ ਬੈਠਾ। ਉਹ ਕਹਿਣ ਲੱਗਾ, “ਮੇਰਾ ਵੈਬਲੇ ਸਕਾਟ ਵਿਕਾਊ ਐ। ਤੂੰ ਹੋਰਨਾਂ ਨਾਲੋਂ ਹਜ਼ਾਰ ਘੱਟ ਦੇ ਦੇਈਂ।” ਕੰਵਲ ਦੀ ਇਸ ਉੱਛਲ ਨਾਲ ਮੈਂ ਖੁਸ਼ ਹੋ ਗਿਆ ਪਰ ਦੇਰ ਰਾਤ ਤਕ ਸੋਚਦਾ ਰਿਹਾ ਕਿ ਜਿਸ ਬਲਾਅ ਤੋਂ ਕੰਵਲ ਵਰਗਾ ਲੇਖਕ ਖਹਿੜਾ ਛੁਡਾ ਰਿਹੈ ਉਹਨੂੰ ਮੈਂ ਆਪਣੇ ਗਲ ਕਿਉਂ ਪੁਆਵਾਂ? ਸੋਚ ਵਿਚਾਰ ਕੇ ਮੈਂ ਆਪਣਾ ਲਸੰਸ ਹੀ ਰੱਦ ਕਰਵਾ ਦਿੱਤਾ। ਕੰਵਲ ਦਾ ਰਿਵਾਲਵਰ ਪਤਾ ਨਹੀਂ ਵਿਕ ਸਕਿਆ ਜਾਂ ਨਹੀਂ ਪਰ ਮੈਂ ਵੈਬਲੇ ਸਕਾਟ ਖਰੀਦ ਕੇ ਪਤਾ ਨਹੀਂ ਕਿੱਡੀ ਵੱਡੀ ਹੋਰ ਬਿਪਤਾ ਸਹੇੜਨੋਂ ਬਚ ਗਿਆ।

Additional Info

  • Writings Type:: A single wirting
Read 3327 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।