ਰਵਿੰਦਰ ਸ਼ਰਮਾ ਪੰਜਾਬੀ ਦਾ ਟੀਚਰ ਹੈ। ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਲੱਗਦੀਆਂ ਕਲਾਸਾਂ ਵਾਸਤੇ, ਉਸਨੂੰ ਇਹ ਕਮਰਾ ਮਿਲਿਆ ਹੋਇਆ ਹੈ। ਪਰ ਇਸ ਕਮਰੇ ਨੂੰ ਕਮਰਾ ਕਹਿਣਾ ਉਨਾਂ ਹੀ ਠੀਕ ਹੈ ਜਿਵੇਂ ਕਿਸੇ ਟਪਰੀ-ਵਾਸ ਦੀ ਝੌਂਪੜੀ ਨੂੰ ਕੋਠੀ ਕਹਿਣਾ। ਇਹ ਕਮਰਾ ਲਕੜੀ ਦਾ ਬਣਿਆ ਹੋਇਆ ਹੈ। ਲਕੜੀ ਦਾ ਖੋਖਾ, ਠੀਕ ਲਗਪਗ ਉਵੇਂ ਦਾ ਹੀ ਜਿਵੇਂ ਭਾਰਤ ਦੀਆਂ ਖੋਖਿਆਂ ਵਾਲੀਆਂ ਦੁਕਾਨਾਂ ਦਾ ਹੁੰਦਾ ਹੈ। ਢਾਬਿਆਂ ਦਾ ਹੁੰਦਾ ਹੈ। ਇਹ ‘ਖੋਖਾ’ ਸਕੂਲ ਦੀ ਮੁੱਖ ਇਮਾਰਤ ਦੇ ਬਾਹਰ-ਵਾਰ ਇੰਝ ਹੈ ਜਿਵੇਂ ਕਿਸੇ ਅਨਪੜ੍ਹ, ਗੰਵਾਰ ਦੇ ਸਿਰ ਤੇ ਕੀਤਾ ਗਿਆ ਭੱਦਾ ਜੂੜਾ ਹੋਵੇ। ਇਹ ਕਮਰੇ-ਨੁਮਾ ‘ਹੱਟਸ’, ਲਕੜੀ ਦੇ ਬਣੇ ਤਿੰਨ ਝੌਂਪੜ ਹਨ। ਕੈਦਖਾਨਿਆਂ ਵਿੱਚ ਕੈਦ ਕੀਤੇ ਗਏ ਕੈਦੀਆਂ ਵਾਂਗ ਹੀ ਇਹਨਾਂ ਝੌਂਪੜਾਂ ਦੇ ਨੰਬਰ ਹਨ: ਨੌਂ ਸੌ ਇੱਕ, ਨੌਂ ਸੌ ਦੋ ਅਤੇ ਨੌਂ ਸੌ ਤਿੰਨ। ਪੰਜਾਬੀ ਪੜ੍ਹਨ ਵਾਲੇ ਬੱਚੇ ਨੌਂ ਸੌ ਇੱਕ ਨੰਬਰ ਦੇ ਝੌਂਪੜ ਵਿੱਚ ਪੈਂਤੀ ਮਿੰਨਟ ਦੇ ਪੀਰੀਅਡ ਲਈ, ਵੱਖ ਵਖੱ ਕਲਾਸਾਂ ਦੇ ਰੂਪ ਵਿੱਚ ਆਉਂਦੇ ਹਨ। ਨੌਂ ਸੌ ਇੱਕ ਨੰਬਰ ਦਾ ਝੌਂਪੜ, ਤਿੰਨਾਂ ਹੀ ਝੌਂਪੜਾਂ ਵਿਚੋਂ ਸਭ ਤੋਂ ਵੱਧ ਭੈੜਾ, ਗੰਦਾ ਅਤੇ ਕੁਚੱਜਾ ਹੈ। ਅਧਿਆਪਕ ਸ਼ਰਮਾ ਸੋਚਦਾ ਹੈ: ਗੋਰੇ, ਮਲਟੀ-ਕਲਚਰਲ ਸੁਸਾਇਟੀ ਦੀਆਂ ਮੰਗਾਂ ਦੇ ਆਧਾਰ ਤੇ ਦੇਸੀ ਮਾਂ ਬੋਲੀਆਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਇਸਤੋਂ ਵੱਧ ਹੋਰ ਕਰ ਵੀ ਕੀ ਸਕਦੇ ਹਨ?
‘ਠੱਕ ਠੱਕ’ ਦੀ ਆਵਾਜ਼ ਸੁਣ ਸ਼ਰਮਾ ਤ੍ਰਭਕਿਆ। ਮੂੰਹ ਚੁੱਕ ਜਦ ਉਸਨੇ ਤੱਕਿਆ ਤਾਂ ਝੌਂਪੜ ਦੇ ਬਾਹਰ ਦਰਵਾਜ਼ੇ ਨੇੜੇ, ਅਗਲੇ ਪੀਰੀਅਡ ਲਈ ਆਏ, ਪੰਜਾਬੀ ਕਲਾਸ ਦੇ ਬੱਚੇ ਖੜੇ ਸਨ। ਸ਼ਰਮਾ ਨੇ ਬਾਰਾਂ ਬੱਚਿਆਂ ਦੀ ਇਸ ਛੋਟੀ ਜਿਹੀ ਕਲਾਸ ਨੂੰ ਅੰਦਰ ਆ ਜਾਣ ਦੀ ਆਗਿਆ ਦਿੱਤੀ। ਸੋਚ ਵਿੱਚ ਗੁਆਚੀ ਨਜ਼ਰੀਂ ਜਦ ਉਸਨੇ ਬਲੈਕ-ਬੋਰਡ ਤੇ ਝਾਤੀ ਮਾਰੀ ਤਾਂ ਉਸਨੂੰ ਆਪਣੇ ਆਪ ਉਤੇ ਬੜੀ ਖਿਝ ਆਈ: ‘ਇੰਝ ਕਿਵੇਂ ਚਲੇਗਾ?’ ਉਸਨੇ ਤਾਂ ਬੋਰਡ ਉਤੇ ਅੱਜ ਦਾ ਦਿਨ ਅਤੇ ਤਰੀਕ ਵੀ ਨਹੀਂ ਸੀ ਲਿਖੀ।
ਉਹ ‘ਚਾਕ’ ਚੁੱਕ ਕੇ ਬਲੈਕ-ਬੋਰਡ ਵੱਲ ਵੱਧਦਾ ਹੈ ਕਿ ਡੈਸਕ ਉਤੇ ਕਿਤਾਬਾਂ ਰੱਖਦੀ ਮਨਜੀਤ ਬੋਲ ਪੈਂਦੀ ਹੈ: “ਸਰ! ਜੇਕਰ ਬੁਰਾ ਨਾ ਮੰਨਾਉ ਤਾਂ ਕੀ ਮੈਂ ਇੱਕ ਗੱਲ ਆਖ ਸਕਦੀ ਹਾਂ?” ਮਨਜੀਤ ਨੇ, ਅੰਗਰੇਜੀ ਵਾਕ ‘ਸਰ! ਇਫ਼ ਯੂ ਡੋਂਟ ਮਾਈਂਡ, ਮੇ ਆਈ ਸੇ ਸੰਮਥਿੰਗ?’ ਦਾ ਪੰਜਾਬੀ ਵਿੱਚ ਅੰਗਰੇਜੀ ਵਾਕ ਵਾਂਗ ਹੀ ਹੂ-ਬ ਹੂ ਤਰਜਮਾ ਕਰ ਦਿੱਤਾ।
ਮਿਸਟਰ ਸ਼ਰਮਾ ਜਾਣਦਾ ਹੈ ਕਿ ਫ਼ੌਰਥ ਈਅਰ ਵਿੱਚ ਪੜ੍ਹਦੀ ਮਨਜੀਤ ਇੱਕ ਬਹੁਤ ਹੀ ਜ਼ਹੀਨ, ਮੂੰਹ-ਫੱਟ ਅਤੇ ਜ਼ਿੱਦੀ ਕੁੜੀ ਹੈ। ਵਿਰੋਧ ਅਤੇ ਆਲੋਚਨਾ ਕਰਨ ਦੀ ਸਮਰਥਾ ਰੱਖਦੀ ਮਨਜੀਤ ਨੇ ਆਪਣੇ ਦਿਲ ‘ਚ ਆਈ ਗੱਲ ਨੂੰ ਲੁਕਾ ਕੇ ਰੱਖਣਾ ਨਹੀਂ ਸਿੱਖਿਆ। ਉਸ ਪਾਸ ਸਿਵਾਇ ‘ਹਾਂ’ ਕਹਿਣ ਦੇ ਹੋਰ ਚਾਰਾ ਹੀ ਨਹੀਂ ਸੀ। ਇਸ ਲਈ ਉਸਨੇ ‘ਹਾਂ’ ਕਰਨਾ ਹੀ ਉਚਿਤ ਸਮਝਿਆ। ਪਰ ਮਨਜੀਤ ਸਣੇ ਹੋਰ ਵਿਦਿਆਰਥੀਆਂ ਨੇ ਵੀ ਸ਼ਰਮਾ ਦੀ ‘ਹਾਂ’ ਤੋਂ ਅੰਦਾਜ਼ਾ ਲਗਾਇਆ ਕਿ ਉਹਨਾਂ ਦਾ ਟੀਚਰ ਅੱਜ ਢਿੱਲੇ ਮੂਡ ਵਿੱਚ ਹੈ।
ਮਿਸਟਰ ਸ਼ਰਮਾ ਵਲੋਂ ਆਗਿਆ ਮਿਲ ਜਾਣ ਤੇ ਮਨਜੀਤ ਬੋਲੀ: “ਅੱਜ ਅਸੀਂ, ਅੱਜ ਦੇ ‘ਲੈਸਨ’ ਵਿੱਚ ਪੰਜਾਬੀ ਨਹੀਂ ਪੜ੍ਹਨੀ।”
ਅਧਿਆਪਕ ਨੇ ਤਿੱਖੀ ਨਜ਼ਰੇ ਭਾਂਪ ਲਿਆ ਕਿ ਮਨਜੀਤ ਸਾਰੀ ਕਲਾਸ ਦੀ ਹੀ ਪ੍ਰਤੀਨਿੱਧਤਾ ਕਰ ਰਹੀ ਹੈ। ਉਸਨੇ ਆਪਣੇ ਆਪ ਉਤੇ ਜ਼ਬਤ ਰੱਖਦਿਆਂ ਪੁੱਛਿਆ: “ਪੰਜਾਬੀ ਨਹੀਂ ਪੜ੍ਹਨੀ? ਪਰ ਪੰਜਾਬੀ… ਕਿਉਂ ਨਹੀਂ ਪੜ੍ਹਨੀ?”
ਤੁਰੰਤ ਹੀ ਉਸ ਦੇ ਕੰਨੀ ਅੰਗਰੇਜੀ ਮਿਸ਼ਰਤ ਪੰਜਾਬੀ ਦੇ ਬੋਲ ਪਏ: “ਅਸੀਂ ਇੱਕ ਪਰਾਜੈਕਟ, ‘ਕੌਂਨਸੈਪਟ ਆਫ ਅਰੇਂਜਡ ਮੈਰੇਜਿਸ ਬਾਈ ਏਸ਼ੀਅਨਜ਼ ਇਨ ਦੀ ਬਰਿਟਸ਼ ਅਇਲੈਂਡ,’ ਉਤੇ ਕੰਮ ਕਰ ਰਹੇ ਹਾਂ। ਸਾਨੂੰ ਇਸ ‘ਪਰਾਜੈਕਟ’ ਲਈ ਤੁਹਾਡੇ ਪਾਸੋਂ ਬਹੁਤ ਸਾਰੀ ‘ਹੈਲਪ’ ਅਤੇ ‘ਇੰਨਫਰਮੇਸ਼ਨ’ ਚਾਹੀਦੀ ਹੈ। ਅਸੀਂ ਤੁਹਾਡਾ ਇੰਟਰਵੀਊ ਵੀ ਲੈਣਾ ਹੈ।”
ਰਵਿੰਦਰ ਸ਼ਰਮਾ ਨੇ ਇੱਕ ਪਲ ਲਈ, ਲਕੜੀ ਦੇ ਝੌਂਪੜ ਦੇ ਬਾਹਰ ਝਾਕਦਿਆਂ ਵਿਸ਼ੇ ਦੀ ਗੰਭੀਰਤਾ ਨੂੰ ਤੋਲਿਆ। ਹਾਂ, ਨਾਂਹ ਦੀ ਜਕੋ-ਤੱਕੀ ਵਿੱਚ, ਉਸਨੇ ਮਨ ਹੀ ਮਨ ਪਹਿਲਾਂ ਗੋਰੇ ਅਧਿਆਪਕਾਂ ਅਤੇ ਬਰਤਾਨਵੀ ਐਜੂਕੇਸ਼ਨਲ ਸਿਸਟਮ ਨੂੰ ਦਾਦ ਦਿੱਤੀ ਜਿਹੜਾ ਹਰ ਹੀਲੇ ਏਸ਼ੀਅਨ ਬੱਚਿਆਂ ਨੂੰ ਸਵੈ-ਹੀਣਤਾ ਦੀ ਦਲਦਲ ਵਿੱਚ ਧੱਕਣ ਲਈ, ਆਵਾਸੀਆਂ ਦੀਆਂ ਭੈੜੀਆਂ ਰਸਮਾਂ-ਰਵਾਇਤਾਂ ਦਾ ਜ਼ਿਕਰ ਕਰਕੇ, ਨਵੀਂ ਪੀੜ੍ਹੀ ਦੇ ਬੱਚਿਆਂ ਨੂੰ, ਉਹਨਾਂ ਦੀਆਂ ਜੱਦੀ ਸਭਿਆਚਾਰਕ ਕਦਰਾਂ ਕੀਮਤਾਂ ਤੋਂ ਬਦਜ਼ਨ ਕਰਨ ਦੇ ਯਤਨ ਵਿੱਚ ਸਦਾ ਹੀ ਰੁਝਿਆ ਰਹਿੰਦਾ ਹੈ। ਭਲਾ, ‘ਮਾਡਰਨਾਈਜੇਸ਼ਨ’ ਦੀ ਆੜ ਵਿੱਚ ਰਹਿਤਲ ਦੇ ਚੰਗੇ ਅੰਗਾਂ ਨੂੰ ਕਿਵੇਂ ਤਿਆਗ ਦਿੱਤਾ ਜਾਵੇ? ਹਾਂ, ਬੁਰਿਆਈਆਂ ਤਾਂ ਛੱਡਣੀਆਂ ਹੀ ਚਾਹੀਦੀਆਂ ਹਨ। ਫਿਰ ਸ਼ਰਮਾ ਦੇ ਜ਼ਿਹਨ ਵਿੱਚ ਇੱਕ ਡਰ ਉੱਭਰਿਆ: ਜਦੋਂ ਘਰ ਜਾ ਕੇ ਇਹਨਾਂ ਬੱਚਿਆਂ ਨੇ ਉਸ ਵਲੋਂ ਪ੍ਰਗਟਾਏ ਵਿਚਾਰ ਦੱਸੇ ਤਾਂ ਮਾਪਿਆਂ ਦਾ ਕੀ ਪ੍ਰਤੀਕਰਮ ਹੋਵੇਗਾ? ਪਰ … ਮਨਜੀਤ ਮੰਨਣ ਵਾਲੀ ਨਹੀਂ। ਉਹ ਬੋਲਦੀ ਗਈ: “ਸਾਡੇ ਇੰਗਲਿਸ਼ ਟੀਚਰ ਦਾ ਕਹਿਣਾ ਹੈ ਕਿ ਮਿਸਟਰ ਸ਼ਰਮਾ ਆਪੂੰ ਵੀ ਇੱਕ ਏਸ਼ੀਅਨ ਹੈ, ਮਾਪਾ ਵੀ ਹੈ। ਉਸਦੇ ਬੱਚੇ ਵੀ ਇੰਗਲੈਂਡ ਵਿੱਚ ਹੀ ਪੜ੍ਹੇ-ਪਲੇ ਹੋਣਗੇ। ਇਸ ਲਈ ਉਹ ਅਰੇਂਜਡ ਮੈਰੇਜਿਸ ਦੇ ਹੱਕ ਅਤੇ ਵਿਰੋਧ ਵਿੱਚ ਆਪਣੇ ਤਜਰਬੇ ਦੇ ਆਧਾਰ ਉਤੇ ਜ਼ਿਆਦਾ ਦੱਸ ਸਕਣਗੇ।”
…ਤਾਂ ਫਿਰ ਇਹ ਅੰਗਰੇਜੀ ਦੇ ਅਧਿਆਪਕ ਦੀ ਕਰਤੂਤ ਹੈ? ਦਿਲ ਹੀ ਦਿਲ ਵਿੱਚ ਸ਼ਰਮਾ ਨੇ ਸੋਚਿਆ ਪਰ ਕਿਸੇ ਡਰ ਅਧੀਨ ਮਨਜੀਤ ਵਲਾਂ ਵੇਹੰਦਿਆਂ ਉਹ ਕੇਵਲ ਇੰਨਾ ਹੀ ਕਹਿ ਸਕਿਆ: “ਹਾਂ, ਇਹ ਤਾਂ ਸਹੀ ਹੈ ਕਿ ਮੈਂ ਏਸ਼ੀਅਨ ਵੀ ਹਾਂ ਅਤੇ ਮਾਪਾ ਵੀ। ਪਰ ਅੱਜ ਦੇ ਪੰਜਾਬੀ ਪਾਠ ਦਾ ਕੀ ਬਣੇਗਾ…?”
ਇਸਤੋਂ ਪਹਿਲਾਂ ਕਿ ਸ਼ਰਮਾ ਆਪਣਾ ਵਾਕ ਪੂਰਾ ਕਰਦਾ, ਮਨਜੀਤ ਨੇ ਉਸਦੀ ਗੱਲ ਟੋਕਦਿਆਂ ਕਿਹਾ: “ਮਿਸਟਰ ਸ਼ਰਮਾ! ਪੰਜਾਬੀ ਦੇ ‘ਲੈਸਨ’ ਵਿੱਚ ਹੀ ਤਾਂ ਆਉਂਦਾ ਹੈ, ਪੰਜਾਬੀ ਕਲਚਰ, ਪੰਜਾਬੀ/ਏਸ਼ੀਅਨ ਰਹੁ-ਰਵਾਇਤਾਂ, ਧਰਮ ਅਤੇ ਸੁਭਾਅ। ਸਾਨੂੰ ਤੁਸੀਂ ਆਪਣੇ ‘ਵੀਊਜ਼’ ਜ਼ਰੂਰ ਦੱਸੋ। ਅਸੀਂ ਤੁਹਾਡੇ ਨਾਲ ਆਪਣੀਆਂ ‘ਪਰਾਬਲਮਜ਼’ ਬਾਰੇ ਜ਼ਰੂਰੀ ਗਲਬਾਤ ਕਰਨਾ ਚਾਹੁੰਦੇ ਹਾਂ।”
ਰਵਿੰਦਰ ਸ਼ਰਮਾ ਨੇ ਜੱਦ ਮਨਜੀਤ ਵਲੋਂ ਆਪਣੇ ਲਈ ਵਰਤੀਂਦਾ ਸੰਬੋਧਨ: ‘ਸਰ’ ਦੀ ਥਾਂ ‘ਮਿਸਟਰ ਸ਼ਰਮਾ’ ਅਤੇ ‘ਤੁਹਾਡੇ’ ਦੀ ਥਾਂ ‘ਤੇਰੇ’ ਸ਼ਬਦ ਦੀ ਵਰਤੋਂ ਸੁਣੀ ਤਾਂ ਉਹ ਮਨ ਹੀ ਮਨ ਬੌਖਲਾ ਗਿਆ: ਕਿਆ ਸਾਲਾ ਦੇਸ਼ ਹੈ ਜਿੱਥੇ ਬੱਚੇ ਆਪਣੇ ਮਾਪਿਆਂ ਦੀ ਉੱਮਰ ਦੇ ਅਧਿਆਪਕਾਂ ਨੂੰ ਵੀ ਉਹਨਾਂ ਦਾ ਨਾਂ ਲੈ ਕੇ ਸੰਬੋਧਨ ਕਰਦੇ ਹਨ। ਉਸਨੇ ਮਨਜੀਤ ਦੀ ਮੰਗ ਸਵੀਕਾਰਦਿਆਂ ਅਤੇ ਆਪਣੇ ਆਪ ਨੂੰ ਹਰ ਸਵਾਲ ਲਈ ਤਿਆਰ ਕਰਦਿਆਂ ਆਖਿਆ: “ਦੱਸੋ, ਤੁਸੀਂ ਮੈਥੋਂ ਕੀ ਪੁੱਛਣਾ ਚਾਹੁੰਦੇ ਹੋ?”
“ਬਹੁਤ ਕੁੱਝ, ਜਿਵੇਂ ਕਿ ਇੱਕ ਏਸ਼ੀਅਨ ਮਾਪਾ ਹੋਣ ਦੇ ਨਾਤੇ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਖੁੱਲ੍ਹ ਦਿੱਤੀ ਹੋਈ ਹੈ? ਤੁਸੀਂ ਉਹਨਾਂ ਦੀਆਂ ‘ਮੈਰੇਜਿਸ’ ਲਈ ਕੀ ਕੀਤਾ? ‘ਅਰੇਂਜਡ ਮੈਰਿਜਸ, ਮਿਕਸਡ ਮੈਰਿਜਸ ਅਤੇ ਲਵ ਮੈਰਿਜਸ’ ਬਾਰੇ ਤੁਹਾਡੇ ਕੀ ਵਿਚਾਰ ਹਨ?” ਮਨਜੀਤ ਨੇ ਬਿੱਲੀ ਥੈਲਿਉਂ ਬਾਹਰ ਕੱਢਦਿਆਂ ਢੇਰ ਸਾਰੇ ਸਵਾਲ ਕਰ ਮਾਰੇ।
ਰਵਿੰਦਰ ਸ਼ਰਮਾ ਦਾ ਦਿਲ ਇੰਨੇ ਸਾਰੇ ਸੁਆਲ ਸੁਣ ਕੇ ਕੰਬ ਜਿਹਾ ਗਿਆ। ਉਸ ਨੂੰ ਆਪਣੀ ਔਕਾਤ ਨਹੀਂ ਭੁੱਲੀ। ਇੱਕ ਉਹ ਹਿੰਦੂ, ਦੂਜਾ ਉਹ ਬ੍ਰਾਹਮਣ ਅਤੇ ਤੀਜਾ ਉਹ ਹਿੰਦੂ-ਬ੍ਰਾਹਮਣ ਹੁੰਦਿਆਂ ਪੰਜਾਬੀ ਪੜ੍ਹਾਉਣ ਦੀ ਜੁੱਰਅਤ ਕਰ ਰਿਹਾ ਹੈ। ਉਂਝ ਏਸ਼ੀਅਨ ਭਾਇਚਾਰੇ ਦੇ ਤਥਾ-ਕਥਿਤ ਬਹੁਤ ਸਾਰੇ ਮੁਖੀ ਅਤੇ ਮੈਂਬਰ ਭਾਵੇਂ ਜਾਣਦੇ ਸਨ ਕਿ ਉਹ ਸਕੂਲ ਵਿੱਚ ਪਹਿਲਾਂ ਗਣਿਤ ਵਰਗਾ ਸ਼ਾਹੀ ਵਿਸ਼ਾ ਹੀ ਪੜ੍ਹਾਇਆ ਕਰਦਾ ਸੀ ਅਤੇ ਉਸ ਨੇ ਹੀ ਹਿੰਮਤ ਕਰਕੇ ਦੁਪਹਿਰ ਦੇ ਭੋਜਨ ਅਤੇ ਸਕੂਲ ਦੀ ਛੁੱਟੀ ਤੋਂ ਬਾਅਦ ਦੇ ਸਮੇਂ ਵਿੱਚ ਵਾਲੰਟਰੀ ਤੌਰ ਤੇ ਪੰਜਾਬੀ ਪੜ੍ਹਾਉਣੀ ਆਰੰਭੀ ਸੀ ਅਤੇ ਫਿਰ ਕਾਫੀ ਜਦੋ-ਜਹਿਦ ਮਗਰੋਂ ਜਦੋਂ ਸਕੂਲਾਂ ਦੇ ਟਾਈਮ-ਟੇਬਲ ਉਤੇ ਏਸ਼ਿਆਈ ਬੋਲੀਆਂ ਪੜ੍ਹਾਉਣ ਲਈ ਪਰਵਾਨਗੀ ਮਿਲ ਗਈ ਤਾਂ ਉਸ ਨੇ ‘ਮੈਥੇਮੈਟਿਕਸ’ ਦਾ ਵਿਸ਼ਾ ਛੱਡ ਕੇ ਪੰਜਾਬੀ ਪੜ੍ਹਾਉਣੀ ਪਰਵਾਨ ਕਰ ਲਈ ਸੀ।
ਉਸ ਸਮੇਂ ਵੀ ਕਈ ਪਾਸਿਆਂ ਤੋਂ ਉਸਦੀ ਵਿਰੋਧਤਾ ਹੋਈ ਸੀ। ਕਈ ਆਖ ਰਹੇ ਸਨ ਪੰਜਾਬੀ ਦਾ ਅਧਿਆਪਕ ਸਿੱਖ ਹੀ ਚਾਹੀਦਾ ਹੈ, ਇੱਕ ਹਿੰਦੂ, ਪੰਜਾਬੀ ਕਿਵੇਂ ਪੜ੍ਹਾਏਗਾ? ਉਹੀ ਹਿੰਦੂ ਜਿਸਦੇ ਭਾਈਬੰਦਾਂ ਪੰਜਾਬ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਈ ਸੀ। ਹਾਲਾਂ ਕਿ ਸ਼ਹਿਰ ਵੱਸਦੇ ਬਹੁਤੇ ਏਸ਼ਿਆਈਆਂ ਨੂੰ ਇਹ ਇਲਮ ਵੀ ਸੀ ਕਿ ਰਵਿੰਦਰ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦੀ ਪਰੀਖਿਆ ਵੀ ਪਾਸ ਕੀਤੀ ਹੋਈ ਹੈ। ਕਈ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਸਨ ਕਿ ਰਵਿੰਦਰ ਸ਼ਰਮਾ ਨੂੰ ਸਾਰਾ ਸੁਖਮਨੀ ਸਾਹਿਬ ਜ਼ਬਾਨੀ ਯਾਦ ਸੀ ਅਤੇ ਉਹ ਘਰੋਂ ਸਕੂਲ ਤਕ ਡੇਢ ਘੰਟੇ ਵਿੱਚ ਤੁੱਰ ਕੇ ਪੁੱਜਦਾ ਸੀ ਅਤੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਪੂਰਾ ਕਰਕੇ ਹੀ ਸਕੂਲ ਵੜਦਾ ਸੀ। ਪਰ…
ਪਰ ਉਹ ਸਾਰੀ ਵਿਰੋਧਤਾ ਸਹਿੰਦਿਆਂ ਵੀ ਪੰਜਾਬੀ ਲਈ ਯਤਨਸ਼ੀਲ ਹੀ ਰਿਹਾ। ਫਿਰ ਚੌਰਾਸੀ ਦੇ ਘਲੂਘਾਰੇ ਨੇ ਤਾਂ ਉਸ ਨੂੰ ਬਹੁਤ ਹੀ ਲਹੂ-ਲੁਹਾਣ ਕਰ ਦਿੱਤਾ। ਪੰਜਾਬ ਵਿੱਚ ਵਰਤੀਂਦੇ ਭਾਣੇ ਸਬੰਧੀ ਗੱਲਬਾਤ ਕਰਦਿਆਂ ਉਸਨੇ ਤਾਂ ਇੱਕ ਵਾਰੀ ਸਾਧਾਰਨ ਇੰਨਾ ਹੀ ਕਿਹਾ ਸੀ: ਗਊ ਗਰੀਬ ਦੀ ਰੱਖਿਆ ਕਰਨ ਵਾਲੇ ਸਿੱਖਾਂ ਨੂੰ ਗਰੀਬ ਮਾਰ ਨਹੀਂ ਕਰਨੀ ਚਾਹੀਦੀ। ਅੱਤਵਾਦ ਦਾ ਰਾਹ ਅਪਣਾ ਕੇ ਹੈਂਕੜਬਾਜ ਸਰਕਾਰ ਦੇ ਹੱਥ ਮਜ਼ਬੂਤ ਕਰਨ ਦੀ ਥਾਂ ਚਾਹੀਦਾ ਹੈ ਕਿ ਸ਼ਾਂਤੀ-ਪੂਰਵਕ ਅੰਦੋਲਨ ਕੀਤੇ ਜਾਣ ਤਾਂ ਜੋ ਕੇਂਦਰੀ ਸਰਕਾਰ, ਪੰਜਾਬ ਦੀਆ ਸਮੱਸਿਆਵਾਂ ਦਾ ਰਾਜਨੀਤਕ ਹੱਲ ਲੱਭਣ ਦੇ ਰਾਹ ਪਵੇ ਅਤੇ ਸਹੀ ਫੈਸਲਾ ਲੈਣ ਲਈ ਮਜ਼ਬੂਰ ਹੋ ਜਾਵੇ।
ਬੱਸ, ਸਮਾਂ ਗਰਮੀ ਦਾ ਸੀ। ਸ਼ਰਮਾ ਦੀ ਕਹੀ ਹੋਈ ਗੱਲ ਦੇ ਅਰਥ ਹੋਰ ਦੇ ਹੋਰ ਹੋ ਗਏ। ਸਕੂਲ ਅਥਾਰਟੀ ਪਾਸ ਉਸ ਦੀਆਂ ਸ਼ਕਾਇਤਾਂ ਹੋਈਆਂ। ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਥੋਪੇ ਗਏ। ‘ਐਜੂਕੇਸ਼ਨ ਅਥਾਰਟੀਜ਼’ ਪਾਸ ਪੇਸ਼ੀਆਂ ਹੋਈਆਂ ਅਤੇ ਸੌ-ਸੌ ਸਫ਼ਾਈਆਂ ਪੇਸ਼ ਕਰਨ ਬਾਅਦ ਮਸਾਂ ਹੀ ਉਹਦੀ ਨੌਕਰੀ ਬਚੀ ਸੀ। ਕਈ ਕੌਂਸਲਰ ਤਾਂ ਹਾਲਾਂ ਵੀ ਇਸੇ ਕਾਰਨ ਉਸ ਨਾਲ ਲੱਗਦੇ ਸਨ।
ਸ਼ਰਮਾ ਨੇ ਸੋਚਿਆ: ਸ਼ਾਇਦ ਅੱਜ ਦੀ ਗਲਬਾਤ ਨੇ ਵੀ ਉਸਦੀ ਹਾਲਤ ਚੌਰਾਸੀ ਵਰਗੀ ਹੀ ਬਨਾਉਣੀ ਹੋਵੇ। ਉਸ ਨੇ ਆਪਣੇ ਸਿਰ ਨੂੰ ਇੱਕ ਝਟਕਾ ਦਿੰਦਿਆਂ ਹਰ ਤਰ੍ਹਾਂ ਦੀ ਹੋਣੀ ਨਾਲ ਟਕਰਾਉਣ ਦਾ ਫੈਸਲਾ ਕੀਤਾ: ਜੋ ਹੋਣਾ ਹੈ ਹੋ ਜਾਵੇ। ਉਹ ਬੱਚਿਆਂ ਦੇ ਸੁਆਲਾਂ ਦਾ ਉੱਤਰ ਆਪਣੀ ਸਮਝ ਅਨੁਸਾਰ ਠੀਕ ਹੀ ਦੇਵੇਗਾ। ਉਸ ਨੇ ਮਨਜੀਤ ਨੂੰ ਪਰਵਾਨਗੀ ਦੇਂਦਿਆਂ ਕਿਹਾ: “ਚੰਗਾ! ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?”
ਸਾਰੇ ਹੀ ਬੱਚਿਆਂ ਨੇ ਪਹਿਲਾਂ ਹੀ ਤਿਆਰ ਕੀਤੇ ਗਏ ਪ੍ਰਸ਼ਨਾਂ ਵਾਲੇ ਪਰਚੇ ਕੱਢੇ ਅਤੇ ਵਾਰੋ ਵਾਰੀ ਪ੍ਰਸ਼ਨ ਕਰਨੇ ਆਰੰਭ ਦਿੱਤੇ:
“ਤੁਸੀਂ ਕੌਣ ਹੋ?”
ਰਵਿੰਦਰ ਸ਼ਰਮਾ ਕਹਿਣਾ ਚਾਹੁੰਦਾ ਸੀ ਇੱਕ ਇਨਸਾਨ। ਪਰ ਉਸ ਜਵਾਬ ਦਿੱਤਾ: “ਮੈਂ ਧਰਮ ਤੋਂ ਹਿੰਦੂ ਬ੍ਰਾਹਮਣ ਹਾਂ। ਪਰ ਮੈਂ ਮੰਦਰ ਵੀ ਜਾਂਦਾ ਹਾਂ ਅਤੇ ਗੁਰਦੁਵਾਰੇ ਵੀ।”
“ਇਹ ਕਿਵੇਂ? ਕੀ ਤੁਹਾਡੇ ਦੋ ਧਰਮ ਹਨ?”
“ਨਹੀਂ ਦੋ ਧਰਮ ਨਹੀਂ। ਮੇਰੇ ਤਾਇਆ ਜੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਸਨ। ਉਹਨਾਂ ਦਾ ਪਰਵਾਰ ਸਿੱਖ ਹੈ ਅਤੇ ਸਾਡਾ ਪਰਵਾਰ ਹਿੰਦੂ। ਇਸ ਲਈ ਅਸੀਂ ਸਾਰੇ ਮੰਦਰ ਵੀ ਜਾਂਦੇ ਹਾਂ ਅਤੇ ਗੁਰਦਵਾਰੇ ਵੀ।”
ਬੱਚਿਆਂ ਦੀ ਕੁੱਝ ਸਮਝ ਪਿਆ ਜਾ ਨਹੀਂ ਪਰ ਇਸ ਵਾਰ ਸਰਬਜੀਤ ਬੋਲੀ: “ਇਸਦਾ ‘ਮਤਬਲ’ ਏ ਕਿ ਤੁਸੀਂ ਬੋਦੀਆਂ ਵਾਲੇ ਕੱਟੜ ਹਿੰਦੂ ਨਹੀਂ ਜਿਸ ਤਰ੍ਹਾਂ ਦੇ ਹਿੰਦੂਆਂ ਬਾਰੇ ਸਾਡੇ ਘਰ ਗੱਲਾਂ ਹੁੰਦੀਆਂ ਹਨ। ਤੁਸੀਂ ‘ਬਰਾਡ-ਮਾਈਂਡਡ ਲਿਬਰਲ’ ਹਿੰਦੂ ਹੋ।”
ਸ਼ਰਮਾ ਨੂੰ ‘ਬੋਦੀ’ ਵਾਲਾ ਸੁਣਕੇ ਦੁੱਖ ਹੋਇਆ ਕਿ ਬੱਚਿਆਂ ਨੂੰ ਘਰ ਕਿਹੋ ਜਿਹੀ ਸਿੱਖ-ਮੱਤ ਮਿਲ ਰਹੀ ਹੈ? ਪਰ ਉਸ ਨੇ ਬੁੱਲ੍ਹਾਂ ਉਤੇ ਮੁਸਕਾਨ ਲਿਆਉਂਦਿਆਂ ਜਵਾਬ ਦਿੱਤਾ: “ਤੁਸੀਂ ਜਿਵੇਂ ਵੀ ਸਮਝੋ ਲਿੱਖ ਸਕਦੇ ਹੋ।”
“ਤੁਹਾਡਾ ਵਿਆਹ ਇੰਡੀਆ ਵਿੱਚ ਹੋਇਆ ਕਿ ਇੱਥੇ ਬਰਤਾਨੀਆ ਵਿੱਚ?”
“ਇੰਡੀਆ ਵਿੱਚ।”
ਚੰਦਰਾ ਨੇ ਸ਼ਰਮਾਂਦਿਆਂ ਪੁਛਿੱਆ: “ਤੁਹਾਡੀ ਲਵ ਮੈਰਿਜ ਹੋਈ ਸੀ ਕਿ ਅਰੇਂਜਡ ਮੈਰਿਜ?”
ਇਸਤੋਂ ਪਹਿਲਾਂ ਕਿ ਰਵਿੰਦਰ ਸ਼ਰਮਾ ਕੁੱਝ ਜਵਾਬ ਦਿੰਦਾ, ਰਜਨੀ ਭੁੜਕ ਪਈ: “ਇੰਡੀਅਨ ਕੀ ਜਾਨਣ ਲਵ ਮੈਰਿਜ ਕੀ ਹੁੰਦੀ ਏ।”
“ਨਹੀਂ, ਐਸੀ ਕੋਈ ਗੱਲ ਨਹੀਂ, ਇੰਡੀਆ ਵਿੱਚ ਵੀ ‘ਲਵ ਮੈਰਿਜਜ਼’ ਹੁੰਦੀਆਂ ਹਨ।”
ਪਰ ਰਜਨੀ ਹਾਲਾਂ ਵੀ ਡਟੀ ਹੋਈ ਸੀ: “ਹਾਂ, ਫਿ਼ਲਮਾਂ ਵਿੱਚ ‘ਲਵ ਮੈਰਿਜਜ਼’ ਹੁੰਦੀਆਂ ਜ਼ਰੂਰ ਦਿਖਾਉਂਦੇ ਹਨ।”
“ਨਹੀਂ, ਸਿਰਫ਼ ਫ਼ਿਲਮਾਂ ਵਿੱਚ ਹੀ ਨਹੀਂ ਉਂਝ ਵੀ ਹੁੰਦੀਆਂ ਹਨ।”
ਸਰਬਜੀਤ ਨੇ ਰਜਨੀ ਨੂੰ ਹੋਰ ਕਹਿਣ ਦਾ ਮੌਕਾ ਦਿੱਤੇ ਬਿਨਾਂ ਹੀ ਰਵਿੰਦਰ ਸ਼ਰਮਾ ਨੂੰ ਪੁੱਛਿਆ: “ਸਰ! ਤਾਂ ਕੀ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਸੀ? ਕੀ ਤੁਹਾਡੀ ਸ਼ਾਦੀ ਉਸੇ ਕੁੜੀ ਨਾਲ ਹੋਈ?”
ਰਵਿੰਦਰ ਨੂੰ ਅਜਿਹੇ ਸਵਾਲ ਦੀ ਆਸ ਨਹੀਂ ਸੀ। ਉਸਦਾ ਖਿਆਲ ਸੀ ਬੱਚੇ ਪੁੱਛਣਗੇ: ਤੁਸੀਂ ਆਪਣੇ ਬੱਚਿਆਂ ਲਈ ਕੀ ਸੋਚਦੇ ਹੋ? ਤੁਸੀਂ ਉਹਨਾਂ ਤੋਂ ਕੀ ਕੀ ਚਾਹੁੰਦੇ ਹੋ? ਤੁਸੀਂ ਉਹਨਾਂ ਨੂੰ ਕਿੰਨੀ ਕੁ ਖੁੱਲ੍ਹ ਦਿੱਤੀ ਹੋਈ ਹੈ? ਕੀ ਉਹ ਡਿਸਕੋ ਜਾਂਦੇ ਹਨ? ਕੀ ਉਹ ਆਪਣੀ ਮਰਜ਼ੀ ਨਾਲ ਜਿੱਥੇ ਜਾਣਾ ਚਾਹੁਣ ਜਾ ਸਕਦੇ ਹਨ? ਕੀ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ? ਤੁਸੀਂ ਉਹਨਾਂ ਦੀਆਂ ਮੈਰੇਜਿਜ਼ ਲਈ ਕੀ ਕੀਤਾ? ਅਰੇਂਜਡ ਮੈਰਿਜਜ਼, ਮਿਕਸਡ ਮੈਰਿਜਜ਼ ਅਤੇ ਲਵ ਮੈਰਿਜਜ਼ ਬਾਰੇ ਤੁਹਾਡੇ ਕੀ ਵਿਚਾਰ ਹਨ?
ਪਰ ਮਨਜੀਤ ਨੇ ਬਿੱਲੀ ਥੈਲਿਉਂ ਬਾਹਰ ਕੱਢਦਿਆਂ ਢੇਰ ਸਾਰੇ ਸਵਾਲਾਂ ਵਿੱਚੋਂ ਸਵਾਲਾਂ ਦਾ ਸਵਾਲ ਪੁੱਛ ਕੇ ਰਵਿੰਦਰ ਨੂੰ ਝੰਝੋੜ ਦਿੱਤਾ: ਦੇਖ! ਇਹ ਵਲਾਇਤ ਦੇ ਜੰਮ-ਪਲ ਬੱਚੇ ਤੈਂਨੂੰ ਕੀ ਪੁੱਛ ਰਹੇ ਨੇ? ਇਹ ਪੱਛਮ ਹੈ। ਕੇਵਲ ਪੱਛਮ ਦੇ ਬੱਚੇ ਹੀ ਆਪਣੇ ਅਧਿਆਪਕਾਂ ਨੂੰ ਅਜਿਹੇ ਪ੍ਰਸ਼ਨ ਕਰ ਸਕਦੇ ਨੇ।
ਰਵਿੰਦਰ ਦੀ ਸੋਚ ਵਿੱਚ ਬੰਗਾਲਣ ਕੁੜੀ ‘ਲੂਣਾ ਚੈਟਰਜੀ’ ਦੀ ਤਸਵੀਰ ਆ ਵਸੀ। ਉਸ ਨੂੰ ਜਾਪਿਆ ਕਿ ਉਸਦਾ ਸੰਘ ਸੁੱਕ ਰਿਹਾ ਹੈ। ਬੁੱਲ੍ਹਾਂ ਤੇ ਜੀਭ ਫੇਰਦਿਆਂ ਜੱਕੋ-ਤੱਕੀ ਵਿੱਚ ਉਸ ਕਿਹਾ: “ਹਾਂ, ਕਰਦਾ ਤਾਂ ਸੀ।”
“ਤੁਹਾਡੇ ਜੁੱਤੀਆਂ ਨਹੀਂ ਪਈਆਂ? ਇੱਥੇ ਇੰਗਲੈਂਡ ਵਿੱਚ ਤਾਂ ਕਿਸੇ ਏਸ਼ਿਆਈ ਮਾਪੇ ਨੂੰ ਆਪਣੇ ਮੁੰਡੇ-ਕੁੜੀ ਬਾਰੇ ਮਾੜਾ ਜਿਹਾ ਵੀ ਪਤਾ ਲੱਗੇ ਤਾਂ ਮਾਪਿਆਂ ਦੇ ਮਾਪੇ ਮਰ ਜਾਂਦੇ ਨੇ।”
‘ਮਾਪਿਆਂ ਦੇ ਮਾਪੇ ਮਰ ਜਾਂਦੇ ਨੇ’…ਕਿਆ ਬਾਤ ਹੈ। ਇੰਨੀ ਪਿਆਰੀ ਪੰਜਾਬੀ ਸੁਣਕੇ, ਰਵਿੰਦਰ, ਸਰਬਜੀਤ ਦੀ ਟਿੱਪਣੀ ਉਤੇ ਪ੍ਰਸੰਨ ਹੋਇਆ ਬੋਲਿਆ: “ਨਹੀਂ, ਜੁੱਤੀਆਂ ਤਕ ਦੀ ਨੌਬਤ ਤਾਂ ਨਹੀਂ ਆਈ ਪਰ ਹਾਂ ਮੇਰੇ ਮਾਪਿਆਂ ਨੇ ਇਸ ਗੱਲ ਦਾ ਬੁਰਾ ਬਹੁਤ ਮੰਨਾਇਆ।”
ਰਜਨੀ ਨੇ ਫਿਰ ਚੋਟ ਕਰਦਿਆਂ, ਪ੍ਰਸ਼ਨ ਨਾਲੋਂ ਵੱਧ ਆਪਣਾ ਫਤਵਾ ਦੇਂਦਿਆਂ ਪੁੱਛਿਆ: “ਅਤੇ ਜਿਵੇਂ ਇੰਡੀਅਨ ਫਿ਼ਲਮਾਂ ਵਿੱਚ ਵਿਖਾਂਦੇ ਨੇ, ਤੁਹਾਡਾ ਵਿਆਹ ਉਸ ਕੁੜੀ ਨਾਲ ਨਹੀਂ ਹੋਇਆ, ਕਿਸੇ ਹੋਰ ਨਾਲ ਹੋ ਗਿਆ?”
“ਹਾਂ, ਇਹ ਗੱਲ ਵੀ ਠੀਕ ਏ।”
“ਤੁਹਾਨੂੰ ਬੁਰਾ ਨਹੀਂ ਲੱਗਾ, ਤੁਹਾਡਾ ਦਿਲ ਨਹੀਂ ਦੁਖਿਆ?”
“ਹਾਂ ਬੁਰਾ ਵੀ ਲੱਗਿਆ ਅਤੇ ਦਿਲ ਵੀ ਦੁਖਿਆ।”
“ਤਾਂ ਫਿਰ ਕੀ ਤੁਸੀਂ ਆਪਣੀ ਮਨ-ਪਸੰਦ ਕੁੜੀ ਨਾਲ ਘਰੋਂ ਨਹੀਂ ਦੌੜੇ?”
“ਨਹੀਂ।”
“ਕੀ ਤੁਹਾਨੂੰ ਉਸ ਕੁੜੀ ਦੀ ਮੁੜ ਕਦੇ ਯਾਦ ਨਹੀਂ ਆਈ?”
“ਹਾਂ, ਯਾਦ ਤਾਂ ਆਈ…”
“ਫਿਰ…?”
“ਫਿਰ ਕੀ? ਪਿਆਰ ਦਾ ਅਰਥ ਜੋ ਯੂਰਪ ਵਾਲੇ ਲੈਂਦੇ ਹਨ ਅਸੀਂ ਪੰਜਾਬੀ-ਭਾਰਤੀ ਨਹੀਂ ਲੈਂਦੇ। ਅਸੀਂ ਪਿਆਰ ਨੂੰ ਬਹੁਤ ਹੀ ਅਮੋਲਕ ਸ਼ੈ ਸਮਝਦੇ ਹਾਂ। ਪਿਆਰ ਦਾ ਮਤਲਬ ਇਹ ਜ਼ਰੂਰੀ ਨਹੀਂ ਕਿ ਜਿਸ ਨਾਲ ਪਿਆਰ ਕਰੋ ਉਸ ਨਾਲ ਵਿਆਹ ਵੀ ਹੋ ਜਾਵੇ। ਪਿਆਰ ਦਾ ਅਰਥ ਆਪਣੇ ਪਿਆਰੇ ਉਤੇ ਕਬਜ਼ਾ ਕਰਨਾ ਨਹੀਂ।”
ਰਵਿੰਦਰ ‘ਪਿਆਰ ਕਬਜ਼ਾ ਨਹੀਂ’ ਦੀ ਸਾਰੀ ਫਿਲਾਸਫ਼ੀ ਦੁਹਰਾਉਣੀ ਚਾਹੁੰਦਾ ਸੀ ਪਰ ਉਸਨੂੰ ਬੱਚਿਆਂ ਦੀ ਏਸ਼ਿਆਈ ਸਮਝ-ਪਹੁੰਚ ਦਾ ਆਭਾਸ ਸੀ, ਇਸ ਲਈ ਕੇਵਲ ਇੰਨਾ ਹੀ ਕਹਿ ਸਕਿਆ। ਪਰ ਕਿਤੇ ਦੂਰੋਂ ਉਸਦੇ ਦਿਲ-ਖੂਹ ਤੋਂ ਆਵਾਜ਼ ਆਈ: ਅੰਗੂਰ ਖੱਟੇ ਸਨ।
ਜਸਬੀਰ ਨੇ ਅਗਲਾ ਸਵਾਲ ਕੀਤਾ: “ਤੁਹਾਡੇ ਕਿੰਨੇ ਨਿਆਣੇ ਨੇ?”
“ਤਿੰਨ, ਦੋ ਮੁੰਡੇ ਅਤੇ ਇੱਕ ਕੁੜੀ।”
“ਕੋਈ ਵਿਆਹਿਆ ਵੀ ਹੈ?”
“ਹਾਂ, ਦੋ ਮੁੰਡੇ।”
“ਅਤੇ ਕੁੜੀ?”
“ਕੁੜੀ ਹਾਲਾਂ ਵਿਆਹੁਣ ਵਾਲੀ ਏ।”
“ਕੀ ਤੁਸੀਂ ਆਪਣੇ ਮੁੰਡਿਆਂ ਦੇ ਵਿਆਹ ‘ਅਰੇਂਜ’ ਕੀਤੇ ਸਨ?”
“ਇੱਕ ਦਾ ਵਿਆਹ ਆਪ ਕੁੜੀ ਲੱਭ ਕੇ ਅਰੇਂਜ ਕੀਤਾ ਸੀ ਅਤੇ ਦੂਜੇ ਮੁੰਡੇ ਨੇ ਲਵ-ਮੈਰਿਜ ਕੀਤੀ ਸੀ।”
‘ਲਵ-ਮੈਰਿਜ’ ਦਾ ਸ਼ਬਦ ਸੁਣ ਕੇ ਸਾਰੇ ਹੀ ਬੱਚਿਆਂ ਦੇ ਮੂੰਹ ਅਵਿਸ਼ਵਾਸ਼ ਨਾਲ ਟੱਡੇ ਰਹਿ ਗਏ। ਕਿਸੇ ਨੂੰ ਵੀ ਰਵਿੰਦਰ ਸ਼ਰਮਾ ਦੀ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ। ਪਰ ਸ਼ਰਮਾ ਨੇ ਵਿਸਥਾਰ ਦਿੱਤਾ: “ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਮੈਂ ਹਿੰਦੂ ਹਾਂ ਅਤੇ ਪੰਜਾਬ ਦਾ ਰਹਿਣ ਵਾਲਾ ਹਾਂ। ਮੇਰੇ ਇੱਕ ਮੁੰਡੇ ਨੇ ਇੱਕ ਹਿੰਦੂ ਗੁਜਰਾਤਣ ਕੁੜੀ ਨਾਲ ਲਵ-ਮੈਰਿਜ ਕਰਨੀ ਚਾਹੀ। ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਜ਼ਰਾ ਘਬਰਾਏ ਕਿ ਸ਼ਾਇਦ ਇਹ ਵਿਆਹ ਹੋਣਾ ਸੰਭਵ ਨਾ ਹੋਵੇ। ਫਿਰ ਮੈਂ ਹੌਸਲਾ ਕਰਕੇ ਆਪ ਕੁੜੀ ਦੇ ਮਾਪਿਆਂ ਨੂੰ ਮਿਲਿਆ। ਧੀਰਜ ਨਾਲ ਸਾਰੀ ਗਲਬਾਤ ਕੀਤੀ। ਲੰਬੀ ਸੋਚ-ਵਿਚਾਰ ਮਗਰੋਂ ਕੁੜੀ ਦੇ ਮਾਪੇ ਇਸ ਵਿਆਹ ਲਈ ਰਾਜ਼ੀ ਹੋ ਗਏ। ਵਿਆਹ ਹੋ ਗਿਆ।“
“ਕੀ ਤੁਹਾਡੇ ਰਿਸ਼ਤੇਦਾਰਾਂ ਨੇ ਰੌਲਾ-ਰੱਪਾ ਨਹੀਂ ਪਾਇਆ?”
“ਹਾਂ, ਥੋੜਾ ਬਹੁਤ ਰੌਲਾ-ਰੱਪਾ ਤਾਂ ਪਿਆ ਪਰ ਮਗਰੋਂ ਸਭ ਸਾਡੇ ਫੈਸਲੇ ਨੂੰ ਮੰਨ ਗਏ।”
ਕੁੱਝ ਚਿਰ ਲਈ ਸਾਰੀ ਕਲਾਸ ਲਵ-ਮੈਰਿਜ ਦੀ ਗੱਲ ਨੂੰ ਹਜ਼ਮ ਕਰਨ ਵਿੱਚ ਲੱਗੀ ਰਹੀ। ਫਿਰ ਅਚਾਨਕ ਕਾਫ਼ੀ ਸਮੇਂ ਤੋਂ ਚੁੱਪ-ਚਾਪ ਬੈਠਾ ਬਲਵਿੰਦਰ ਬੋਲਿਆ: “ਕਿੱਡਾ ਚੰਗਾ ਹੋਵੇ ਕਿ ਸਾਡੇ ਮਾਪੇ ਵੀ ਤੁਹਾਡੇ ਵਾਂਗ ਹੀ ‘ਅੰਡਰਸਟੈਂਡਿੰਗ’ ਹੋਣ।”
ਰਵਿੰਦਰ ਸ਼ਰਮਾ ਕੀ ਜਵਾਬ ਦਿੰਦਾ? ਸਿਰ ਪਈ ਤੇ ਸਭ ਕੁੱਝ ਕਰ ਹੋ ਜਾਂਦਾ ਹੈ।
“ਕੀ ਤੁਹਾਡੇ ਪੁੱਤਰ ਆਪਣੀ ਆਪਣੀ ਸ਼ਾਦੀ ਤੇ ਖੁਸ਼ ਹਨ?”
“ਹਾਂ, ਖੁਸ਼ ਹੀ ਲੱਗਦੇ ਹਨ, ਪਰ…।”
“ਪਰ ਕੀ?”
“ਮੇਰਾ ਬੜਾ ਲੜਕਾ ਮੇਰੇ ਨਾਲ ਜ਼ਰਾ ਨਾਰਾਜ਼ ਹੈ ਕਿ ਮੈਂ ਉਸਨੂੰ, ਉਸਦੀ ਪਸੰਦ ਦੀ ਲੜਕੀ ਚੁਣਨ ਦੀ ਖੁੱਲ੍ਹ ਨਹੀਂ ਦਿੱਤੀ।”
“ਤਾਂ ਕੀ ਤੁਸੀਂ ਆਪਣੇ ਬੜੇ ਮੁੰਡੇ ਦਾ ਵਿਆਹ ਉਸ ਦੀ ਸਲਾਹ ਨਾਲ ਨਹੀਂ ਕੀਤਾ?”
“ਨਹੀਂ, ਦਰਅਸਲ ਉਸ ਦੇ ਵਿਆਹ ਲਈ ਵਚੋਲਿਆਂ ਰਾਹੀਂ ਕਈ ਰਿਸ਼ਤੇ ਆਏ। ਜਦੋਂ ਗੱਲ ਸਿਰੇ ਲੱਗਦੀ ਦਿਸੀ ਤਾਂ ਮੁੰਡੇ ਨੂੰ ਕੁੜੀ ਦਿਖਾਕੇ, ਉਸਦੀ ਸਲਾਹ ਲਈ ਗਈ। ਮੁੰਡੇ-ਕੁੜੀ ਨੇ ਆਪਸ ਵਿੱਚ ਗਲਬਾਤ ਕਰਕੇ ਇੱਕ ਦੂਜੇ ਨੂੰ ਪਸੰਦ ਕੀਤਾ। ਮੁੰਡੇ ਨੇ ਹਾਂ ਕੀਤੀ ਤਾਂ ਹੀ ਉਸਦਾ ਵਿਆਹ ਕੀਤਾ।”
“ਤੁਹਾਡੇ ਛੋਟੇ ਮੁੰਡੇ ਦੀ ਗੁਜ਼ਰਾਤਣ ਵਹੁਟੀ ਕੀ ਤੁਹਾਡੇ ਪਰਵਾਰ ਵਿੱਚ ‘ਐਡਜਸਟ’ ਹੋ ਗਈ?”
“ਹਾਂ ਇੱਕ ਤਰ੍ਹਾਂ ਨਾਲ ਤਾਂ ਹੋ ਗਈ। ਕਿਉਂਕਿ ਅਸੀਂ ਵੀ ਹਿੰਦੂ ਹਾਂ ਅਤੇ ਉਹ ਵੀ ਹਿੰਦੂ।”
“ਕੀ ਮਤਬਲ?” ਨਿਰਮਲ ਨੇ ਮਤਲਬ ਨੂੰ ਮਤਬਲ ਕਹਿੰਦਿਆਂ ਪੁੱਛਿਆ।
“ਮਤਲਬ ਇਹ ਕਿ ਇਹ ਗੱਲ ਤਾਂ ਸਹੀ ਹੈ ਕਿ ਸਾਡੀ ਗੁਜ਼ਰਾਤਣ ਨੂੰਹ ਵੀ ਹਿੰਦੂ ਏ ਅਤੇ ਅਸੀਂ ਵੀ ਹਿੰਦੂ। ਪਰ ਸਾਡੇ ਪੰਜਾਬੀਆਂ ਦੇ ਰਹਿਣ-ਸਹਿਣ ਅਤੇ ਗੁਜ਼ਰਾਤੀਆਂ ਦੇ ਰਹਿਣ-ਸਹਿਣ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਏ। ਦੋਹਾਂ ਧਿਰਾਂ ਦੇ ਰੀਤੀ-ਰਵਾਜ, ਬੋਲ ਚਾਲ, ਕਦਰਾਂ ਕੀਮਤਾਂ, ਪਹਿਰਾਵੇ ਅਤੇ ਇੱਥੋਂ ਤਕ ਕਿ ਖੁਰਾਕ ਵਿੱਚ ਵੀ ਅੰਤਰ ਏ। ਸ਼ਾਇਦ ਇਸੇ ਕਾਰਣ ਹੀ ਸਾਡੀ ਗੁਜਰਾਤਣ ਨੂੰਹ ਸਾਡੇ ਵਿੱਚ ਭਿੱਝਦੀ ਨਹੀਂ।”
ਜਤਿੰਦਰ ਨੇ ਪੁੱਛਿਆ: “ਤੁਸੀਂ ਆਪਣੀ ਧੀ ਬਾਰੇ ਕੀ ਸੋਚਿਆ? ਕੀ ਉਸਦੀ ‘ਅਰੇਂਜਡ ਮੈਰਿਜ’ ਕਰੋਗੇ ਕਿ ਉਸਨੂੰ, ਜੇਕਰ ਉਹ ਚਾਹੇ ਤਾਂ ‘ਲਵ ਮੈਰਿਜ’ ਕਰਨ ਦੀ ਆਜ਼ਾਦੀ ਦਿਉਗੇ?”
ਜਤਿੰਦਰ ਦੇ ਸਵਾਲ ਨੇ ਰਵਿੰਦਰ ਦੇ ਸਿਰ ਜਿਵੇਂ ਸੌ ਘੜੇ ਠੰਢਾ ਪਾਣੀ ਡੋਲ੍ਹ ਦਿੱਤਾ ਹੋਵੇ। ਸੁੰਨ ਹੋਇਆ ਉਹ ਹਿਚਕਚਾਇਆ। ਸਕਤੇ ਵਿੱਚ ਆ ਗਿਆ। ਧੀ ਬਾਰੇ ਤਾਂ ਹਾਲਾਂ ਤੱਕ ਉਸ ਸੋਚਿਆ ਹੀ ਨਹੀਂ ਸੀ। ਉਹ ਬੋਲਿਆ: “ਹਾਂ, ਪਰ…।”
“ਪਰ ਕੀ…?”
“ਪਰ…” ਰਵਿੰਦਰ ਇਸ ਸਵਾਲ ਦੇ ਜਵਾਬ ਲਈ ਕੋਈ ਆਸਾਨ ਰਾਹ ਲੱਭ ਰਿਹਾ ਸੀ। ਫਿਰ ਉਸਨੂੰ ਇੱਕ ਰਸਤਾ ਨਜ਼ਰ ਆਇਆ। ਰਾਹ ਸੀ: ਜ਼ਾਤ-ਪਾਤ ਦਾ। ਜ਼ਾਤਾਂ-ਪਾਤਾਂ ਦੇ ਪਰੰਪਰਾਗਤ ਵਖਰੇਵੇਂ ਦਾ। ਉਸ ਕਹਿਣਾ ਆਰੰਭਿਆ: “ਦੇਖੋ, ਤੁਸੀਂ ਮੈਂਨੂੰ ਕਿਤੇ ਗਲਤ ਨਾ ਸਮਝਣਾ ਪਰ ਮੈਂ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕੁੱਝ ਹੋਰ ਵੇਰਵਾ ਦੇਣਾ ਚਾਹੁੰਦਾ ਹਾਂ।”
“ਹਾਂ, ਦਸੋ, ਸਾਡੇ ਪਰਾਜੈਕਟ ਲਈ ਤੁਹਾਡੀਆਂ ਗੱਲਾਂ ਬਹੁਤ ਲਾਹੇ ਵਾਲੀਆਂ ਹਨ।” ਸਰਬਜੀਤ ਬੋਲੀ।
“ਦੇਖੋ, ਹੁਣੇ ਹੀ ਤੁਹਾਨੂੰ ਮੈਂ ਆਪਣੀ ਗੁਜ਼ਰਾਤਣ ਨੂੰਹ ਦੇ ਬਾਰੇ ਵਿੱਚ ਦੱਸਿਆ ਸੀ ਕਿ ਉਹ ਸਾਡੇ ਪਰਵਾਰ ਵਿੱਚ ਨਹੀਂ ਭਿੱਜਦੀ। ਭਾਵੇਂ ਕਿ ਉਹ ਵੀ ਹਿੰਦੂ ਏ ਅਤੇ ਅਸੀਂ ਵੀ ਹਿੰਦੂ। ਦਰਅਸਲ, ਪਰਮਾਤਮਾ ਦੀ ਨਜ਼ਰ ਵਿੱਚ ਤਾਂ ਸਾਰੇ ਹੀ ਬਰਾਬਰ ਹਨ ਪਰ ਫਿਰ ਵੀ ਹਰ ਇੱਕ ਜ਼ਾਤ-ਬਰਾਦਰੀ ਦੀਆਂ ਆਪਣੀਆਂ ਆਪਣੀਆਂ ਰਹੁ-ਰੀਤਾਂ ਅਤੇ ਰਵਾਇਤਾਂ ਹੁੰਦੀਆਂ ਹਨ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਸਾਡੀ ਗੁਜ਼ਰਾਤਣ ਨੂੰਹ ਗੁਜ਼ਰਾਤ ਦੀ। ਪੰਜਾਬ ਅਤੇ ਗੁਜ਼ਰਾਤ ਭਾਰਤ ਦੇ ਦੋ ਵੱਖ-ਵੱਖ ਸੂਬੇ ਹਨ। ਹਿੰਦੂ ਹੋਣ ਦੇ ਬਾਵਜ਼ੂਦ ਦੋਹਾਂ ਹੀ ਥਾਵਾਂ ਦੇ ਲੋਕਾਂ ਦਾ ਰਹਿਣ-ਸਹਿਣ ਅਤੇ ਰਸਮ-ਰਵਾਜ਼ ਵੱਖਰੇ-ਵੱਖਰੇ ਹਨ। ‘ਐਡਜਸਟਮੈਂਟ’ ਕਰਨੀ ਬਹੁਤ ਔਖੀ ਹੈ।”
“ਮਿਸਟਰ ਸ਼ਰਮਾ! ਤਾਂ ਕੀ ਤੁਸੀਂ ਕਾਸਟ-ਸਿਸਟਮ ਨੂੰ ਮੰਨਦੇ ਹੋ? ਕੀ ਤੁਸੀਂ ਸਾਫ਼-ਸਾਫ਼ ਗੱਲ ਕਰੋਗੇ?”
“ਨਹੀਂ, ਮੈਂ ਜ਼ਾਤਾਂ-ਪਾਤਾਂ ਨੂੰ ਨਹੀਂ ਮੰਨਦਾ। ਜ਼ਾਤਾਂ-ਪਾਤਾਂ ਸਾਡੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਹਨ ਪਰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਹਰ ਇੱਕ ਜ਼ਾਤ-ਬਰਾਦਰੀ ਦਾ ਰਹਿਣ-ਸਹਿਣ ਆਪਣੇ-ਆਪਣੇ ਢੰਗ ਦਾ ਹੁੰਦਾ ਹੈ ਅਤੇ ਪਿਆਰ ਵਿਆਹਾਂ ਵਿੱਚ ਅਕਸਰ ਮੁੰਡੇ-ਕੁੜੀ ਨੂੰ ਬਹੁਤ ਔਕੜਾਂ ਆਉਂਦੀਆਂ ਹਨ। ਦੂਜੀ ਗੱਲ ਇਹ ਹੈ ਕਿ ਸਾਡੇ ਏਸ਼ਿਆਈ ਸਮਾਜ ਵਿੱਚ ਵਿਆਹ ਕੇਵਲ ਕੁੜੀ ਤੇ ਮੁੰਡੇ ਦਾ ਹੀ ਨਹੀਂ ਹੁੰਦਾ ਸਗੋਂ ਦੋਹਾਂ ਪਰਵਾਰਾਂ ਦਾ ਵੀ ਹੁੰਦਾ ਹੈ। ਕਿਉਂਕਿ ਦੋਹਾਂ ਪਰਵਾਰਾਂ ਨੇ ਵੀ ਇੱਕ ਦੂਜੇ ਦੀ ਖੁਸ਼ੀ-ਗ਼ਮੀ ਵਿੱਚ ਹਿੱਸਾ ਲੈਣਾ ਹੁੰਦਾ ਹੈ।”
ਰਵਿੰਦਰ ਇੱਕ ਪੱਲ ਰੁਕਿਆ। ਉਸ ਨੇ ਸਰਸਰੀ ਨਜ਼ਰੇ ਦੇਖਿਆ ਕਿ ਸਾਰੇ ਬੱਚੇ ਉਸਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਨੋਟਸ ਲੈ ਰਹੇ ਹਨ। ਇੱਕ ਬੱਚੀ ਤਾਂ ਛੋਟੇ ਟੇਪ-ਰੀਕਾਰਡਰ ਉਤੇ ਸਾਰੀ ਗਲਬਾਤ ਰੀਕਾਰਡ ਵੀ ਕਰੀ ਜਾ ਰਹੀ ਹੈ। ਰਵਿੰਦਰ ਨੇ ਭਾਰਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦਿਆਂ ਆਪਣੀ ਗੱਲ ਫਿਰ ਆਰੰਭੀ: “ਅੱਜ ਇੰਡੀਆ ਵਿੱਚ ਵੀ ਕਾਨੂੰਨੀ ਤੌਰ ਤੇ ਕੋਈ ਬੰਦਾ ਕਿਸੇ ਦੂਜੇ ਬੰਦੇ ਨਾਲ ਜ਼ਾਤ-ਪਾਤ ਜਾਂ ਬਰਾਦਰੀ ਦੇ ਆਧਾਰ ਤੇ ਵਿਤਕਰਾ ਨਹੀਂ ਕਰ ਸਕਦਾ।”
“ਵਿਤਕਰਾ, ਇਹ ਵਿਤਕਰਾ ਕੀ ਹੁੰਦਾ ਹੈ?” ਸੰਦੀਪ ਨਾ ਪੁੱਛਿਆ।
“ਵਿਤਕਰੇ ਦਾ ਅਰਥ ਹੈ ‘ਡਿਸਕਰੀਮੀਨੇਸ਼ਨ’ ਜਾਂ ਪੱਖਪਾਤ। ਉਂਝ ਕਾਨੂੰਨ ਤਾਂ ਬਣ ਗਿਆ ਪਰ ਲੋਕਾਂ ਦਾ ਦਿਲ ਬਦਲਣ ਵਿੱਚ ਸਮਾਂ ਲਗੇਗਾ” ਰਵਿੰਦਰ ਸ਼ਰਮਾ ਨੇ ਸਪਸ਼ਟ ਕੀਤਾ।
“ਠੀਕ ਉਵੇਂ ਹੀ ਜਿਵੇਂ ਇੰਗਲੈਂਡ ਵਿੱਚ ਵੀ ‘ਰੇਸ਼ੀਅਲ ਡਿਸਕਰੀਮੀਨੇਸ਼ਨ’ ਕਰਨ ਵਿਰੁੱਧ ਕਾਨੂੰਨ ਬਣਿਆ ਹੋਇਆ ਹੈ ਪਰ ਫਿਰ ਵੀ ਗੋਰਿਆਂ ਵਲੋਂ, ਏਸ਼ੀਅਨਾਂ ਨਾਲ ਆਏ ਦਿਨ ਵਿਤਕਰਾ ਕੀਤੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ।” ਸਰਬਜੀਤ ਨੇ ਮਿਸਟਰ ਸ਼ਰਮਾ ਦੀ ਗੱਲ ਦਾ ਹੋਰ ਵਿਸਥਾਰ ਦੇਂਦਿਆਂ ਇੰਗਲੈਂਡ ਅਤੇ ਭਾਰਤ ਦੇ ਕਾਨੂੰਨ ਦਾ ਮੁਕਾਬਲਾ ਕਰਦਿਆਂ ਕਿਹਾ।
“ਸਰਬਜੀਤ ਨੇ ਬਿਲਕੁਲ ਠੀਕ ਕਿਹਾ।”
“ਪਰ ਹੁਣ ਤਾਂ ਅਸੀਂ ਭਾਰਤ ਛੱਡ ਕੇ ਇੱਥੇ ਰਹਿੰਦੇ ਹਾਂ। ਸਾਰੀਆਂ ਹੀ ਜ਼ਾਤਾਂ-ਗੋਤਾਂ ਦੇ ਏਸ਼ਿਆਈ ਬੱਚੇ ਸਕੂਲਾਂ, ਕਾਲਜਾਂ, ਪੋਲੀਟੈਕਨੀਕਾਂ ਅਤੇ ਯੂਨੀਵਰਸਿਟੀਆਂ ਵਿੱਚ ਇਕੱਠੇ ਪੜ੍ਹਦੇ ਹਨ। ਅਸੀਂ ਇੰਗਲੈਂਡ ਵਿੱਚ ਰਹਿੰਦਿਆਂ ਜੱਟ, ਤਰਖਾਣ, ਛੀਂਬੇ, ਸੁਨਿਆਰੇ, ਘੁਮਿਆਰ, ਬ੍ਰਾਹਮਣ, ਨਾਈ ਆਦਿ ਅਤੇ ਕਾਲੇ-ਗੋਰੇ ਦੇ ਚੱਕਰ ਵਿੱਚ ਕਦੋਂ ਤਕ ਪਏ ਰਹਾਂਗੇ?” ਸਰਬਜੀਤ ਦੀ ਪ੍ਰਸ਼ਨ ਭਰੀ ਚੁਨੌਤੀ ਨੇ ਇੱਕ ਬਾਰ ਮੁੜ ਰਵਿੰਦਰ ਸ਼ਰਮਾ ਨੂੰ ਚਕਰਾ ਦਿੱਤਾ।
ਰਵਿੰਦਰ ਕੁੱਝ ਕਹਿੰਦਾ ਕਿ ਬਲਬੀਰ ਨੇ ਆਪਣੀ ਬਰਾਦਰੀ ਉਤੇ ਫ਼ਖਰ ਕਰਦਿਆਂ ਸਵਾਲ ਕੀਤਾ: “ਮੈਂ ਚਮਿਆਰ ਹਾਂ ਅਤੇ ਮੈਂਨੂ ਚਮਿਆਰ ਹੋਣ ਦਾ ਕੋਈ ਦੁੱਖ ਨਹੀਂ ਅਤੇ ਨਾ ਹੀ ਮੈਂ ਆਪਣੇ ਆਪ ਨੂੰ ਕਿਸੇ ਹੋਰ ਨਾਲੋਂ ਘਟੀਆ ਹੀ ਸਮਝਦਾ ਹਾਂ। ਪਰ ਕੀ ਤੁਸੀਂ ਮੈਂਨੂੰ ਘਟੀਆ ਸਮਝਦੇ ਹੋ?”
“ਨਹੀਂ, ਮੈਂ ਤਾਂ ਇਹ ਗੱਲ ਨਹੀਂ ਕਹੀ ਕਿ ਕੋਈ ਵੀ ਜ਼ਾਤ-ਪਾਤ ਕਰਕੇ ਕਿਸੇ ਨਾਲੋਂ ਘਟੀਆ ਜਾਂ ਵਧੀਆ ਹੈ।” ਰਵਿੰਦਰ ਸ਼ਰਮਾ ਨੇ ਸਪਸ਼ਟੀਕਰਣ ਦਿੱਤਾ।
“ਤਾਂ ਫਿਰ ਕੀ ਮੈਂ ਚਮਿਆਰ ਹੋਣ ਦੇ ਨਾਤੇ ਵੀ ਜਿੱਥੇ ਮਰਜ਼ੀ ਆਪਣੀ ਮਨ-ਪਸੰਦ ਕੁੜੀ ਨਾਲ ਇੰਟਰ-ਕਾਸਟ ਅਤੇ ਲਵ-ਮੈਰਿਜ ਕਰਵਾ ਸਕਦਾ ਹਾਂ?” ਬਲਬੀਰ ਨੇ ਜਾਨਣਾ ਚਾਹਿਆ।
ਮਿਸਟਰ ਸ਼ਰਮਾ ਨੂੰ ਲੱਗਿਆ ਜਿਵੇਂ ਇਹ ਮੁੰਡਾ ਸ਼ਾਇਦ ਉਸਦੀ ਆਪਣੀ ਧੀ ਦੀ ਹੀ ਗੱਲ ਕਰ ਰਿਹਾ ਹੋਵੇ। ਕੀ ਉਹ ਆਪਣੀ ਧੀ ਨੂੰ ਅਜਿਹਾ ਕਰਨ ਦੀ ਆਗਿਆ ਦੇ ਸਕੇਗਾ? ਰਵਿੰਦਰ ਸ਼ਰਮਾ ਨੇ ਆਪਣੇ ਆਪ ਉਤੇ ਕਾਬੂ ਰੱਖਦਿਆਂ ਜਵਾਬ ਦਿੱਤਾ: “ਜੇਕਰ ਲੜਕਾ ਅਤੇ ਲੜਕੀ ਇੱਕ ਦੂਜੇ ਨੂੰ ਸਚਮੁੱਚ ਹੀ ਪਿਆਰ ਕਰਦੇ ਹੋਣ ਅਤੇ ਉਹਨਾਂ ਦੇ ਇਰਾਦੇ ਗੰਭੀਰ ਹੋਣ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਦੂਜੇ ਦੇ ਪਰਵਾਰਾਂ ਦੇ ਧਰਮਾਂ, ਰਸਮਾਂ,ਰਵਾਜ਼ਾਂ, ਰਹੁ-ਰੀਤਾਂ, ਕਦਰਾਂ-ਕੀਮਤਾਂ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਸਤਿਕਾਰਨਾ ਸਿੱਖਣਾ ਚਾਹੀਦਾ ਹੈ। ਇਸ ਪਿਛੋਂ ਹਰ ਹੀਲੇ ਉਹਨਾਂ ਨੂੰ ਆਪਣੇ ਆਪਣੇ ਮਾਤਾ-ਪਿਤਾ ਨੂੰ ਪਿਆਰ, ਸਤਿਕਾਰ ਅਤੇ ਦਲੀਲ ਨਾਲ ਪ੍ਰੇਰ ਕੇ ਉਹਨਾਂ ਪਾਸੋਂ ਉਹਨਾਂ ਦੀ ਪਰਵਾਨਗੀ ਅਤੇ ਆਸ਼ੀਰਵਾਦ ਲੈਣੀ ਚਾਹੀਦੀ ਹੈ।”
“ਤੁਸੀਂ ਆਸ਼ੀਰਵਾਦ ਦੀ ਗੱਲ ਕਰਦੇ ਹੋ, ਮਾਪੇ ਪੂਰੀ ਗੱਲ ਤਾਂ ਮਗਰੋਂ ਸੁਣਦੇ ਹਨ ਪਰ ਕੁੱਟਣ ਮਾਰਨ ਜਾਂ ਵੱਢਣ ਲਈ ਪਹਿਲੋਂ ਤਿਆਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਮੁੰਡਾ-ਕੁੜੀ ਘਰੋਂ ਨੱਸਣ ਨਾ ਤਾਂ ਹੋਰ ਕੀ ਕਰਨ?”
“ਮੁੰਡੇ-ਕੁੜੀ ਨੂੰ ਘਰੋਂ ਨੱਸਣ ਦੀ ਗ਼ਲਤੀ ਕਦੇ ਨਹੀਂ ਕਰਨੀ ਚਾਹੀਦੀ। ਕਿਉਂਕਿ ਇੰਝ ਕਰਨ ਨਾਲ ਉਹਨਾਂ ਦੇ ਮਾਤਾ-ਪਿਤਾ ਆਪਣੇ ਏਸ਼ਿਆਈ ਭਾਈਚਾਰੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਇਸ ਲਈ ਹਰ ਹੀਲੇ ਮਾਤਾ-ਪਿਤਾ ਦੀ ਰਜ਼ਾਮੰਦੀ ਜ਼ਰੂਰ ਪਰਾਪਤ ਕਰਨੀ ਚਾਹੀਦੀ ਹੈ।“ ਰਵਿੰਦਰ ਸ਼ਰਮਾ ਨੇ ਸਮਝੌਤੀ ਦੇਣ ਦੇ ਮੂਡ ਵਿੱਚ ਲੈਕਚਰ ਝਾੜ ਦਿੱਤਾ।
“ਜੇਕਰ ਮਾਤਾ-ਪਿਤਾ ਕਿਸੇ ਤਰ੍ਹਾਂ ਵੀ ਨਾ ਮੰਨਣ ਤਾਂ ਫਿਰ?”
“ਤਾਂ ਫਿਰ ਮੇਰੇ ਵਿਚਾਰ ਨਾਲ ਅਜਿਹੇ ਮੁੰਡੇ-ਕੁੜੀ ਨੂੰ ਕਦੇ ਵੀ ਆਪਣੇ ਮਾਤਾ-ਪਿਤਾ ਤੋਂ ਬਾਹਰਾ ਹੋ ਕੇ ਵਿਆਹ ਨਹੀਂ ਕਰਵਾਉਣਾ ਚਾਹੀਦਾ।“ ਮਿਸਟਰ ਰਵਿੰਦਰ ਸ਼ਰਮਾ ਨੇ ‘ਕਿਸੇ ਹੋਰ ਅਨਹੋਣੀ’ ਦੇ ਡਰ ਸਾਹਵੇਂ ਗੋਡੇ ਟੇਕਦਿਆਂ ਸਮਝੌਤੀ ਦਿੱਤੀ।
ਗੁੱਸੇ ਵਿੱਚ ਭਰਿਆ-ਪੀਤਾ ਮੁੰਡਾ ਲਗਪਗ ਚੀਖਦਿਆਂ ਕੂਕਿਆ: “ਆਈ ਥਿੰਕ ਯੂ ਆਰ ਸਟੂਪਿਡ ਟੂ ਸੁਜੈਸਟ ਦੈਟ। ਇੱਟ ਇਜ਼ ਨੀਅਰਲੀ ਦੀ ਐੰਡ ਆਫ ਟਵੰਟੀਅਥ ਸੈਂਚਰੀ, ਐਂਡ ਯੂ ਆਰ ਲਿਵਿੰਗ ਇਨ ਦੀ ਨਾਈਨਟੀਅਥ ਸੈਂਚਰੀ।”
ਰਵਿੰਦਰ ਸ਼ਰਮਾ ਨੇ ਆਵਾਕ ਹੋ ਸੋਚਿਆ: ਸ਼ਾਇਦ ਸਚਮੁੱਚ ਹੀ ਉਹ ‘ਸਟੂਪਿਡ’ ਹੈ। ਘੰਟੀ ਬੱਜੀ, ਬੱਚੇ ਆਪਣੀਆਂ ਕਿਤਾਬਾਂ-ਕਾਪੀਆਂ ਇਕੱਠੀਆਂ ਕਰਕੇ ਅਗਲੇ ‘ਪੀਰੀਅਡ’ ਲਈ ਤੁਰ ਪਏ। ਸਰਬਜੀਤ ਨੇ ਉਸਦਾ ਧੰਨਵਾਦ ਕਰਿਦਆਂ ਬਾਕੀ ਸਵਾਲ ਕਿਸੇ ਅਗਲੇ ਪੰਜਾਬੀ ਦੇ ਪੀਰੀਅਡ ਵਿੱਚ ਕਰਨ ਲਈ ਆਗਿਆ ਮੰਗੀ। ਖੋਖੇ ਨੁਮਾ ਕਲਾਸ ਰੂਮ, ਰਵਿੰਦਰ ਸ਼ਰਮਾ ਦੇ ਮਨ ਵਾਂਗ ਹੀ ਖਾਲੀ ਹੋ, ਇਕਾਂਤ ਨਾਲ ਭਰ ਗਿਆ। ਉਸਨੂੰ ਇਕਾਂਤ ਅਤੇ ਅਤੀਤ ਵਿੱਚ ਇੱਕ ਸਾਂਝ ਨਜ਼ਰ ਆਈ ਪਰ ਉਸਨੂੰ ‘ਸਟੂਪਿਡ’ ਸ਼ਬਦ ਬਹੁਤ ਹੀ ਤੰਗ ਕਰ ਰਿਹਾ ਸੀ।