You are here:ਮੁਖ ਪੰਨਾ»ਰਚਨਾ ਅਧਿਐਨ»ਦੋ ਆਰ ਦੀਆਂ, ਦੋ ਪਾਰ ਦੀਆਂ…

ਲੇਖ਼ਕ

Saturday, 27 September 2025 13:32

ਦੋ ਆਰ ਦੀਆਂ, ਦੋ ਪਾਰ ਦੀਆਂ…

Written by
Rate this item
(0 votes)

ਮੈਂ ਮੰਟੋ ਨੂੰ ਪੜ੍ਹ ਰਿਹਾ ਹਾਂ। ਮੈਂ ਮੰਟੋ ਨੂੰ ਇਸ ਲਈ ਨਹੀਂ ਪੜ੍ਹ ਰਿਹਾ ਕਿ ਮੈਂ ਹਾਲਾਂ ਤਕ ਮੰਟੋ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ ਹੈ। ਮੈਂ ਮੰਟੋ ਨੂੰ ਥੋੜ੍ਹਾ ਜਿਹਾ ਪਹਿਲਾਂ ਵੀ ਪੜ੍ਹਿਆ ਹੋਇਆ ਹੈ ਪਰ ਦੋਬਾਰਾ ਚਟਖਾਰੇ ਲੈ ਕੇ ਪੜ੍ਹਦਿਆਂ ਜੋ ਮਜ਼ਾ ਆ ਰਿਹਾ ਹੈ, ਉਸਦੀ ਰੀਸ ਨਹੀਂ। ਦੋਬਾਰਾ ਪੜ੍ਹਨ ਦਾ ਮਜ਼ਾ ਜਾਂ ਜ਼ਾਇਕਾ ਇੱਕ ਤਰ੍ਹਾਂ ਨਾਲ ਦਿਮਾਗ਼ੀ ਇਆਸ਼ੀ ਹੈ। ਭੁੱਸ ਹੈ, ਕੱਚੀ ਮਿੱਟੀ ਖਾਣ ਵਾਲੇ ਭੁੱਸ ਵਰਗਾ।

‘ਬਾਬੂ ਗੋਪੀ ਨਾਥ’ ਵਾਲੀ ਕਹਾਣੀ ਵਿੱਚ ਮੰਟੋ ਤਾਂ ਗੋਪੀ ਨਾਥ ਨੂੰ ਪੁੱਛਦਾ ਹੈ:

‘ਰੰਡੀ ਦਾ ਕੋਠਾ ਤੇ ਤਕੀਆ ਤੁਹਾਨੂੰ ਕਿਉਂ ਪਸੰਦ ਹਨ?

ਗੋਪੀ ਨਾਥ, ਸਿਰ ਖੁਰਕਦਿਆਂ ਸੋਚਦਾ ਹੈ ਅਤੇ ਕੁੱਝ ਚਿਰ ਸੋਚਣ ਮਗਰੋਂ ਜਵਾਬ ਦਿੰਦਾ ਹੈ:

‘ਇਸ ਲਈ ਕਿ ਇਹਨਾਂ ਥਾਂਵਾਂ ‘ਤੇ ਫ਼ਰਸ਼ ਤੋਂ ਲੈ ਕੇ ਅਰਸ਼ ਤਕ ਧੋਖਾ ਹੀ ਧੋਖਾ ਹੈ।’ ਇਹਨਾਂ ਥਾਂਵਾਂ ‘ਤੇ ਦਿਨੇ ਧੋਖਾ ਹੈ, ਰਾਤ ਨੂੰ ਧੋਖਾ ਹੈ, ਪਲ ਪਲ ਧੋਖਾ ਹੈ, ਗੱਲ-ਗੱਲ ਵਿੱਚ ਧੋਖਾ ਹੈ।’

ਅਤੇ ਗੋਪੀ ਨਾਥ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦਾ ਹੈ:

‘ਜਿਹੜਾ ਬੰਦਾ ਆਪਣੇ ਆਪ ਨੂੰ ਧੋਖਾ ਦੇਣਾ ਚਾਹੇ, ਉਹਦੇ ਲਈ ਇਸ ਤੋਂ ਚੰਗੀ ਥਾਂ ਹੋਰ ਕਿਹੜੀ ਹੋ ਸਕਦੀ ਹੈ?’

ਧੋਖਾ? ਹਾਂ ਧੋਖਾ। ਧੋਖਾ ਖਾਣਾ ਜ਼ਿੰਦਗੀ ਲਈ ਬੇ-ਹੱਦ ਜ਼ਰੂਰੀ ਹੈ। ਧੋਖਾ ਖਾਧੇ ਬਿਨਾਂ ਬੰਦੇ ਦਾ ਜੀਉਣਾ ਹੀ ਕੀ ਹੈ? ਧੋਖਾ ਖਾਧੇ ਬਿਨਾਂ ਮਨੁੱਖ ਇੱਕ ਪਲ ਲਈ ਵੀ ਜੀਉਂਦਾ ਨਹੀਂ ਰਹਿ ਸਕਦਾ। ਕਿਉਂਕਿ ਮਨੁੱਖ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਹੀ ਧੋਖੇ ਵਿੱਚ ਕੱਜਿਆ ਹੋਇਆ ਹੈ।

***

“ਅਸੀਂ ਚਾਨਣ ਹਾਂ… ਖ਼ਲੀਲ ਜਿਬਰਾਨ ਕੂਕਦਾ ਹੈ।

ਅਸੀਂ ਚਾਨਣ ਹਾਂ ਜੇਕਰ ਅਸੀਂ ਚਾਨਣ ਹਾਂ ਤਾਂ ਚਾਨਣ ਨੂੰ ਕੌਣ ਧੋਖਾ ਦੇਵੇ?

ਆਹੰਦੇ ਨੇ ਇੱਕ ਦਿਨ ਖ਼ਲੀਲ ਜਿਬਰਾਨ ਦੇ ਇੱਕ ਪਾਤਰ ਨੇ ਆਪਣੇ ਸਾਥੀਆਂ ਸਮੇਤ ਉਸ ਬਗੀਚੇ ਵਿੱਚ ਪ੍ਰਵੇਸ਼ ਕੀਤਾ ਜਦੋਂ ਸੂਰਜ ਨੇ ਹਾਲਾਂ ਆਪਣੀਆਂ ਪਹਿਲੀਆਂ ਕਿਰਨਾਂ ਹੀ ਖਿਲਾਰੀਆਂ ਸਨ। ਉਸਨੇ ਪੂਰਬ ਵੱਲਾਂ ਦੇਖਿਆ ਅਤੇ ਫਿਰ ਇੱਕ ਪਾਸੇ ਸੰਕੇਤ ਕਰਕੇ ਕਿਹਾ-

‘ਇੱਕ ਤ੍ਰੇਲ ਦੀ ਬੂੰਦ ਵਿੱਚ ਸਵੇਰੇ ਦੇ ਸੂਰਜ ਦਾ ਪ੍ਰਤਿਬਿੰਬ ਜੀਵਨ ਨਾਲੋਂ ਘੱਟ ਨਹੀਂ ਹੈ।’

ਫੁੱਲ-ਪੱਤੀਆਂ ‘ਤੇ ਸਵੇਰ ਵੇਲੇ ਪਈ ਤ੍ਰੇਲ ਦੇ ਤੁਪਕੇ ਸੂਰਜ ਦੇ ਪ੍ਰਕਾਸ਼ ਨੂੰ ਪ੍ਰਤਿਬਿੰਬਤ ਕਰਦੇ ਹੋਏ, ਸੂਰਜ ਦੇ ਪ੍ਰਕਾਸ਼ ਦੀ ਸ਼ੋਭਾ ਵਧਾਉਂਦੇ ਹਨ। ਜੇਕਰ ਇਹ ਕਹਿ ਲਿਆ ਜਾਵੇ ਤਾਂ ਹੋਰ ਵੀ ਉਚਿਤ ਹੋਵੇਗਾ ਕਿ ਤ੍ਰੇਲ ਦੀ ਬੂੰਦ ਵਿੱਚ ਸੂਰਜ ਦਾ ਪ੍ਰਕਾਸ਼ ਆ ਟਿੱਕਿਆ ਹੈ। ਇੰਝ ਹੀ ਜੀਵਨ ਵੀ ਤੁਹਾਨੂੰ ਸਾਨੂੰ ਪ੍ਰਤਿਬਿੰਬਤ ਕਰਦਾ ਹੈ।

ਕੀ ਇਹ ਵੀ ਫਿਰ ਧੋਖਾ ਹੀ ਹੈ? ਕੀ ਇਹ ਕੇਵਲ ਮਨ ਨੂੰ ਹੀ ਸਮਝਾਉਣ ਲਈ ਧੋਖੇ ਭਰਿਆ ਦ੍ਰਿਸ਼ਟਾਂਤ ਹੈ?

ਅਲਮੁਸਤਫ਼ਾ ਕਹਿੰਦਾ ਹੈ:

“ਜਦੋਂ ਤੁਸੀਂ ਚੌਹਾਂ ਪਾਸਿਆਂ ਤੋਂ ਹਨੇਰੇ ਵਿੱਚ ਘਿਰ ਚੁੱਕੇ ਹੋਵੇ ਤਾਂ ਵੀ ਸੋਚੋ-ਆਖੋ ਕਿ ਹਾਲਾਂ ਤਕ ਹਨੇਰੇ ਦਾ ਜਨਮ ਹੀ ਨਹੀਂ ਹੋਇਆ।”

ਕਿਉਂ?

ਇਸ ਲਈ ਕਿ ਕੰਵਲ ਦੇ ਫੁੱਲ ਦੀ ਛਾਂ ਹੇਠ ਆਪਣੇ ਆਕਾਰ ਨੂੰ ਗੋਲ ਕਰਦੀ ਹੋਈ ਤ੍ਰੇਲ ਦੀ ਬੂੰਦ, ਮਨੁੱਖ ਦੇ ਹਿਰਦੇ ਵਿੱਚ ਰੱਬ ਦੀ ਹੋਂਦ ਦੇ ਜਮ੍ਹਾ ਹੋ ਜਾਣ ਤੋਂ ਵੀ ਵੱਖਰੀ ਗੱਲ ਨਹੀਂ।

ਕੀ ਇਹ ਧੋਖਾ ਨਹੀਂ? ਬਿਲਕੁਲ ਫਰੇਬ ਵਾਲੀ ਹੀ ਗੱਲ ਹੈ। ਤ੍ਰੇਲ ਦੀ ਬੂੰਦ ਵੀ ਧੋਖਾ ਖਾ ਸਕਦੀ ਹੈ ਅਤੇ ਮਨੁੱਖ ਵੀ। ਹੁਣ ਜੇਕਰ ਇੱਕ ਤ੍ਰੇਲ ਦੀ ਬੂੰਦ ਧੋਖਾ ਖਾਂਦਿਆਂ ਆਖੇ ਕਿ ਮੈਂ ਅਨੰਤਾਂ-ਅਨੰਤਾਂ ਤੋਂ ਕੇਵਲ ਤ੍ਰੇਲ ਦੀ ਬੂੰਦ ਹੀ ਹਾਂ, ਤਾਂ ਉਸਨੂੰ ਕਿਵੇਂ ਸਮਝਾਇਆ ਜਾਵੇ? ਮਨੁੱਖੀ ਜੀਵਨ, ਜੇਕਰ ਇਹੋ ਹੀ ਕਹੇ ਕਿ ਉਸਦਾ ਜੀਵਨ ਕੇਵਲ ਇੱਕ ਮਨੁੱਖੀ ਜੀਵਨ ਹੀ ਹੈ, ਤਾਂ ਤ੍ਰੇਲ ਅਤੇ ਮਨੁੱਖੀ ਜੀਵਨ ਵਿੱਚ ਕੀ ਅੰਤਰ ਹੋਇਆ? ਜਦ ਕਿ ਅਸੀਂ ਚਾਹੁੰਦੇ ਹਾਂ ਕਿ ਤ੍ਰੇਲ ਅਤੇ ਮਨੁੱਖੀ ਜੀਵਨ, ਸਾਡੇ ਫ਼ਰੇਬ ਨੂੰ ਨਾ ਸਮਝਦਿਆਂ ਇਸ ਗੱਲ ਨਾਲ ਸਹਿਮਤ ਹੋ ਜਾਣ ਕਿ ਉਹਨਾਂ ਦੀ ਕੁੱਖ ਵਿੱਚ ਕੇਵਲ ਚਾਨਣ ਹੀ ਚਾਨਣ ਹੈ। ਇਹ ਖਿਆਲ ਵੀ ਇੱਕ ਸੁੰਦਰ ਫ਼ਰੇਬ ਹੈ, ਧੋਖਾ ਹੈ।

***

ਧੋਖਾ, ਚਾਨਣ ਦਾ ਵੀ ਹੈ। ਧੋਖਾ ਹੈ ਧਰਮ ਦੇ ਚਾਨਣ ਦਾ। ਧਰਮ ਦੇ ਚਾਨਣ ਦੇ ਭਰਮ ਦਾ। ਧਰਮ ਦੇ ਭਰਮ ਦਾ ਧੋਖਾ ਵੀ ਬੜਾ ਹੀ ਪ੍ਰਬਲ ਹੈ।

ਹੁਣ ਜੇਕਰ ਕੋਈ ਰੱਬ ਹੈ ਅਤੇ ਉਹ ਵੀ ਸਾਰੀ ਕਾਇਨਾਤ ਦਾ ਕੇਵਲ ਇੱਕ ਹੀ ਰੱਬ ਹੈ, ਤਾਂ ਫਿਰ ਉਸਦੇ ਬਣਾਏ ਹੋਏ ਸੰਸਾਰ ਦੇ ਸਾਰੇ ਹੀ ਇਸਤ੍ਰੀ-ਮਰਦ, ਜੀਵ-ਜੰਤੂ ਵੀ ਉਸਦੀ ਹੀ ਕੁਦਰਤ ਹਨ। ਜੇਕਰ ਇਹ ਸਹੀ ਹੈ ਤਾਂ ਫਿਰ ਉਸਦੇ ਬਣਾਏ ਹੋਏ ਇਨਸਾਨ ਧੋਖਾ ਕਿਉਂ ਅਤੇ ਕਿਵੇਂ ਖਾ ਰਹੇ ਹਨ?

‘ਗਿਆਨ ਅਤੇ ਧਰਮ’ ਦਾ ਕਰਤਾ ਪ੍ਰੇਮਾਨੰਦ ਲਿਖਦਾ ਹੈ: ‘ਧਰਮ ਸਭ ਦਾ ਇੱਕੋ ਹੀ ਹੈ। ਸੰਸਾਰ ਵਿੱਚ ਧਰਮ ਬਹੁਤੇ ਨਹੀਂ ਹਨ। ਧਰਮ, ਬਹੁਤੇ ਹੋ ਹੀ ਕਿਵੇਂ ਸਕਦੇ ਹਨ? ਧਰਮ, ਬਹੁਤੇ ਤਾਂ ਰਾਜਨੀਤੀ ਨੇ ਬਣਾ ਦਿੱਤੇ ਹਨ। ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ, ਅਸੀਂ ਮਾਡਰਨ ਹੋਣ ਦੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਹਾਂ ਅਤੇ ਦਮਗਜੇ ਮਾਰਦੇ ਹਾਂ ਕਿ ਅਸੀਂ ਅਗਾਂਹ-ਵਧੂ ਹਾਂ। ਤਾਂ ਸੁਣੋ! ਜੱਦ ਸਾਰੇ ਸੰਸਾਰ ਵਿੱਚ ਵਿਗਿਆਨ ਇੱਕ ਹੈ, ਵਿਗਿਆਨਕ ਸੱਚ ਇੱਕ ਹੈ ਤਾਂ ਧਰਮ ਕਿਵੇਂ ਬਹੁਤੇ ਹੋ ਸਕਦੇ ਹਨ?’

ਆਉ, ਇਸ ਸੰਬੰਧੀ ਜ਼ਰਾ ਹੋਰ ਵਿਚਾਰ ਵਧਾਈਏ। ਕੀ ਹਿੰਦੂਆਂ ਦਾ ਭੌਤਕ-ਵਿਗਿਆਨ, ਮੁਸਲਮਾਨਾਂ ਦੇ ਭੌਤਿਕ ਵਿਗਿਆਨ ਨਾਲੋਂ ਵੱਖਰਾ ਹੁੰਦਾ ਹੈ? ਕੀ ਅੰਗ੍ਰੇਜ਼ਾਂ ਦਾ ਰਸਾਇਣ-ਵਿਗਿਆਨ, ਸਿੱਖਾਂ ਦੇ ਰਸਾਇਣ-ਵਿਗਿਆਨ ਤੋਂ ਵਖਰੇ ਨਤੀਜੇ ਪ੍ਰਗਟ ਕਰਦਾ ਹੈ? ਜੇਕਰ ਅੰਤਮ ਸੱਚ: ਪਰਮਾਤਮਾ ਹੈ ਅਤੇ ਉਹ ਵੀ ਇੱਕ ਹੀ ਹੈ; ਵਿਗਿਆਨ ਹੈ ਅਤੇ ਉਹ ਵੀ ਇੱਕ ਹੀ ਹੈ; ਤਾਂ ਫਿਰ ਕੀ ਇਹ ਧੋਖਾ ਖਾਣ ਵਾਲੀ ਗੱਲ ਨਹੀਂ ਕਿ ਕੋਈ ਆਖੇ ਕਿ ‘ਆਹ’ ਮੁਸਲਮਾਨੀ ਭੌਤਕ-ਵਿਗਿਆਨ ਹੈ, ਅਤੇ ‘ਇਹ’ ਹਿੰਦੂ ਰਸਾਇਣ-ਵਿਗਿਆਨ ਹੈ, ਅਤੇ ‘ਔਹ’ ਸਿੱਖਾਂ ਦਾ ਵਿਗਿਆਨ ਹੈ।

‘ਧਰਮ’ ਤਾਂ ਦਰਅਸਲ ‘ਧਾਰਮਿਕਤਾ’ ਪਾਲਣ ਦੀ ਗੱਲ ਹੈ। ਧਰਮ ਧੋਖਾ ਦੇਣ ਜਾਂ ਧੋਖਾ ਖਾਣ ਲਈ ਨਹੀਂ ਹੁੰਦਾ। ‘ਧਰਮ’ ਤਾਂ ਧੁਰਾ ਹੇ, ਸਹਿਜ ਅਵਸਥਾ ਹੈ, ਸੂਖਸ਼ਮ ਪਲ ਹੈ। ਧੋਖਾ ਅਤੇ ਫਰੇਬ ਤਾਂ ਧਰਮ ਦੇ ਨੇੜੇ ਇੱਕ ਪਲ ਲਈ ਵੀ ਟਿਕਣੇ ਨਹੀਂ ਚਾਹੀਦੇ। ਕਿਉਂਕਿ ਧਰਮ ਅਤੇ ਧੋਖਾ ਇੱਕੋ ਹੀ ਅਰਥ ਨਹੀਂ ਰੱਖਦੇ, ਸਗੋਂ ਇੱਕ ਦੂਜੇ ਦੇ ਵਿਪ੍ਰੀਤ ਵਿਰੋਧੀ ਅਵਸਥਾਵਾਂ ਹਨ। ਇਸਦੇ ਉਲਟ ਧੋਖਾ ਅਤੇ ਰਾਜਨੀਤੀ ਦਾ, ਦਾਮਨ-ਚੋਲੀ ਦਾ ਸੰਬੰਧ ਹੈ। ਪਰ ਇਸ ਤੇ ਕੌਣ ਵਿਸ਼ਵਾਸ ਕਰੇ ਅਤੇ ਕਿਉਂ ਕਰੇ?

***

ਧੋਖੇ ਅਤੇ ਫ਼੍ਰੇਬ ਦੀ ਗੱਲ ਇੱਕ ਹੋਰ ਢੰਗ ਨਾਲ ਵੀ ਵਿਚਾਰਨ ਦੀ ਕੋਸ਼ਿਸ਼ ਹੋ ਸਕਦੀ ਹੈ।

‘ਕਾਦੰਬਨੀ’ ਵਿੱਚ ਸ੍ਰੀ ਰਾਜਿੰਦਰ ਅਵਸਥੀ ਨੇ ਇੱਕ ਬਹੁਤ ਹੀ ਮਜੇਦਾਰ ਪ੍ਰਸੰਗ ਪੇਸ਼ ਕੀਤਾ ਹੈ: ‘ਸੱਜੇ ਹੱਥ ਵਿੱਚ ਅੰਕਿਤ ਭਾਗ ਲਕੀਰਾਂ ਅਤੇ ਗੱਡੇ ਹੋਏ ਮੀਲ ਪੱਥਰ ਵਾਂਗੁਰ, ਸਦਾ ਜੀਣਾ ਹੀ ਤਾਂ ਹੈ।’ ਪ੍ਰਸੰਗ ਕੁੱਝ ਇੰਝ ਹੈ:

… ਮੁਸਾਫਰਾਂ ਦਾ ਇੱਕ ਕਾਫ਼ਲਾ ਪੈਦਲ ਜਾ ਰਿਹਾ ਸੀ। ਸਫ਼ਰ ਤੈਅ ਕਰਦਿਆਂ-ਕਰਦਿਆਂ ਰਾਹ ਵਿੱਚ ਹੀ ਹਨੇਰਾ - ਘੁੱਪ ਹਨੇਰਾ ਹੋ ਗਿਆ। ਕਾਫਲੇ ਨੂੰ, ਜਿਵੇਂ ਕਿ ਆਮ ਲੋਕ-ਕਥਾਵਾਂ ਵਿੱਚ ਹੋਇਆ ਹੀ ਕਰਦਾ ਹੈ, ਬੀਆਬਾਨ ਜੰਗਲ ਵਿੱਚ ਠਹਿਰਨਾ ਪਿਆ। ਜੰਗਲ ਵਿੱਚ ਪੜਾਅ ਕਰਦਿਆਂ ਹੀ, ਕੁੱਝ ਸਫ਼ਰ ਦੀ ਥਕਾਨ ਕਾਰਨ ਚੂਰ-ਚੂਰ ਹੋ ਕੇ ਅਤੇ ਕੁੱਝ ਮੁਸਾਫ਼ਰ, ਸੋਣ ਦਾ ਮੌਕਾ ਮਿਲਦਿਆਂ ਹੀ ਤੁਰੰਤ ਸੌਂ ਗਏ। ਪਰ ਕੁੱਝ ਮੁਸਾਫ਼ਰ ਅਜਿਹੇ ਵੀ ਸਨ ਜਿਹਨਾਂ ਦੀਆਂ ਪਲਕਾਂ ਵਿੱਚ ਆਈ ਹੋਈ ਨੀਂਦ ਵੀ ਉਡਾਰੀਆਂ ਲਾ ਗਈ। ਉਹ ਲੰਮੇ ਜਰੂਰ ਪਏ ਪਰ ਲਗਦਾ ਸੀ ਕਿ ਨੀਂਦ ਰਾਣੀ ਕਿਸੇ ਅਨਾੜੀ ਬਾਲਕ ਦੀ ਤਰ੍ਹਾਂ ਉਹਨਾਂ ਨਾਲ ਲੁਕਣ-ਮੀਟੀ ਹੀ ਖੇਡ ਰਹੀ ਹੋਵੇ।

ਆਖਿਰ ਕਿਉਂ? ਕੀ ਤੁਸੀਂ ਸੋਚਣ ਦੀ ਜ਼ਹਿਮਤ ਗਵਾਰਾ ਕਰੋਗੇ ਕਿ ਕਾਫ਼ਲੇ ਵਿਚੋਂ ਕੁੱਝ ਮੁਸਾਫਰ ਮੌਕਾ ਮਿਲਦਿਆਂ ਹੀ ਕਿਉਂ ਸੌਂ ਗਏ? ਅਤੇ ਕਾਫ਼ਲੇ ਵਿਚੋਂ ਕੁੱਝ ਮੁਸਾਫ਼ਰ ਮੌਕਾ ਮਿਲਣ ‘ਤੇ ਵੀ ਕਿਉਂ ਨਾ ਸੌਂ ਸਕੇ?

ਕਾਰਨ ਸ਼ਾਇਦ ਤੁਸੀਂ ਜਾਣ ਗਏ ਹੋਵੋ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਹਾਲਾਂ ਤੀਕਰ ਕਾਰਨ ਦਾ ਨਾ ਪਤਾ ਹੋਵੇ। ਸ਼ਾਇਦ ਸੌਣ ਵਾਲਿਆਂ ਨੂੰ ਵੀ ਇਸਦਾ ਕਾਰਨ ਨਾ ਪਤਾ ਹੋਵੇ ਕਿ ਉਹ ਕਿਉਂ ਸੌਂ ਗਏ। ਸ਼ਾਇਦ ਨਾ ਸੌਣ ਵਾਲਿਆਂ ਨੂੰ ਵੀ ਇਹ ਪਤਾ ਨਾ ਹੋਵੇ ਕਿ ਉਹ ਕਿਉਂ ਨਾ ਸੌਂ ਸਕੇ। ਇਸਦਾ ਕਾਰਨ ਇਹ ਹੈ ਕਿ ਸਾਡੇ ਮਨ ਦੀ ਇਸ ਅਵਸਥਾ ਦੀ ਗੁੱਥੀ ਸੁਲਝਾਉਣ ਦਾ ਕੰਮ ਕਿਸੇ ਵੀ ‘ਸਮਝ’ ਤੋਂ ਬਾਹਰ ਦੀ ਗੱਲ ਹੈ।

ਜਾਗੇ ਹੋਏ ਵਿਅਕਤੀ ਸ਼ਾਇਦ ਡਰ ਦਾ ਸ਼ਿਕਾਰ ਸਨ। ਸ਼ਾਇਦ ਉਹਨਾਂ ਨੂੰ ਜੰਗਲ ਦਾ ਡਰਾਉਣਾ ਮਾਹੌਲ ਅਤੇ ਹਨੇਰਾ, ਨਿਹੱਥੇ ਹੋਣ ਦੀ ਹੀਣਤਾ ਅਤੇ ਖੂੰ-ਖ਼ਾਰ ਜਾਨਵਰਾਂ ਦਾ ਭੈ, ਸੌਣ ਨਹੀਂ ਸੀ ਦੇ ਰਿਹਾ।

ਅਤੇ ਬਾਕੀ ਜੋ ਸੌਂ ਗਏ? ਸ਼ਾਇਦ ਉਹ ਆਪਣੀਆਂ ਸਾਰੀਆਂ ਹੀ ਚਿੰਤਾਵਾਂ ਦਾ ਬੋਝ ਦੂਜਿਆਂ, ਨਾ ਸੌਂ ਸਕਣ ਵਾਲਿਆਂ ਦੇ ਮੋਢਿਆਂ ਉਤੇ ਰੱਖਕੇ, ਨਿਸਚਿੰਤ ਹੋ, ਸੌਂ ਗਏ।

ਅਜਿਹੇ ਹੀ ਡਰ ਦਾ ਬੋਝ ਸ਼ਾਇਦ ਸਾਨੂੰ ਚੈਨ ਨਾਲ ਸੌਣ ਨਹੀਂ ਦਿੰਦਾ ਅਤੇ ਸਾਡੇ ਵਿੱਚੋਂ ਕੁੱਝ ਨੂੰ ਸੌਣ ਦਿੰਦਾ ਹੈ। ਤੁਹਾਡਾ-ਸਾਡਾ, ਸੱਚ ਦੀ ਭਾਲ ਵਿੱਚ, ਅੰਤਿਮ ਸੱਚ ਦੀ ਭਾਲ ਵਿੱਚ ਵਿਚਰਦਾ ਸੁਚੇਤ ਮਨ ਹੀ ਸ਼ਾਇਦ ਇਹ ਫ਼ੈਸਲਾ ਦੇ ਸਕੇ ਕਿ ਅਸੀਂ-ਤੁਸੀਂ ਕਾਫ਼ਲੇ ਦੇ ਕਿਸ ਵਰਗ ਵਿੱਚ ਸ਼ਾਮਲ ਹਾਂ: ਸੌਣ ਵਾਲਿਆਂ ਵਿੱਚ ਜਾਂ ਨਾ ਸੌਂ ਸਕਣ ਵਾਲਿਆਂ ਵਿੱਚ।

***

(‘ਸ਼ੇਰੇ ਪੰਜਾਬ’ ਯੂ. ਕੇ.ਅਤੇ ‘ਗੁਲਚਮਨ’, ਲੁਧਿਆਣਾ ਦੇ ਧੰਨਵਾਦ ਨਾਲ)

Read 460 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ