ਬਰਤਾਨੀਆ ਤੋਂ ਛਪਦੇ ਊਰਦੂ ਦੇ ਸਪਤਾਹਕ ਪੱਤਰ ‘ਅਖ਼ਬਾਰੇ-ਜਹਾਂ’ ਵਿੱਚ ਐਮ. ਆਰ. ਚੁਗਤਾਈ ਲਿਖਦਾ ਹੈ: ‘ਅਸਾਂ ਤਾਂ ਪਿਛਲੇ ਸਾਰੇ ਵਰ੍ਹਿਆਂ ਵਿੱਚ ਗੁਆਇਆ ਹੀ ਗੁਆਇਆ ਹੈ, ਖੱਟਿਆ ਕੁੱਝ ਵੀ ਨਹੀਂ ਹੈ।’
ਇਹ ਬਿਆਨ, ਇਹ ਸੱਚ ਸਾਡੇ ਸਾਰਿਆਂ ਉੱਤੇ ਹੀ ਲਾਗੂ ਹੋ ਸਕਣ ਦੀ ਸਮਰਥਾ ਰੱਖਦਾ ਹੈ। ਜੇਕਰ ਅਸੀਂ ਸਾਧਾਰਨ ਤੌਰ ‘ਤੇ ਹੀ ਆਪਣੇ ਆਪੇ ਦੀ ਘੋਖ ਕਰੀਏ ਤਾਂ ਸਾਡੀ ਪਰਖ ਤੋਂ ਸਪਸ਼ਟ ਹੋ ਜਾਵੇਗਾ ਕਿ ਅਸੀਂ ਹੁਣ ਤਕ ਗੁਆਇਆ ਹੀ ਗੁਆਇਆ ਹੈ, ਕੁੱਝ ਵੀ ਸਾਰਥਕ ਪ੍ਰਾਪਤ ਨਹੀਂ ਕੀਤਾ। ਅਸੀਂ ਲੋਕਾਂ ਪ੍ਰਤੀ ਹਮਦਰਦੀ ਦਾ ਰਵੱਈਆ ਗੁਆ ਬੈਠੇ ਹਾਂ। ਸਾਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਅਤੇ ਸਿੱਟੇ ਵਜੋਂ ਕਿਸੇ ਨੂੰ ਸਾਡੇ ਨਾਲ ਕੀ ਹਮਦਰਦੀ ਹੋ ਸਕਦੀ ਹੈ? ਅਸੀਂ ਏਕਤਾ ਸੰਬੰਧੀ ਗੱਲ ਕਰਨਾ ਤਾਂ ਜਾਣਦੇ ਹਾਂ ਪਰੰਤੂ ਏਕੇ ਦੀ ਲੜੀ ਵਿੱਚ ਪ੍ਰੋ ਹੋਣਾ ਨਹੀਂ ਜਾਣਦੇ। ਇਹ ਸਾਡੀ ਆਦਤ ਤੋਂ ਬਾਹਰ ਦੀ ਗੱਲ ਹੈ। ਅਸੀਂ ਪਿਆਰ ਨਾਲ ਨਾ ਤਾਂ ਖੁਦ ਹੀ ਜਿਉਂਦੇ ਰਹਿਣਾ ਜਾਣਦੇ ਹਾਂ ਅਤੇ ਨਾ ਹੀ ਕਿਸੇ ਦੂਜੇ ਨੂੰ ਜਿਉਂਦੇ ਰਹਿਣ ਦੇਣਾ ਚਾਹੁੰਦੇ ਹਾਂ। ਸਾਡਾ ਸੁਭਾ ਹੈ: ਸਭ ਕੁੱਝ ਗੁਆ ਦੇਣਾ, ਸੁਆਹ ਕਰ ਲੈਣਾ।
ਅਸੀਂ ਚੰਗੀਆਂ ਆਦਤਾਂ ਅਤੇ ਚੰਗੇ ਨਿੱਘੇ-ਮਿੱਠੇ ਸੁਭਾ ਦੀ ਸੁੰਦਰਤਾ ਤੋਂ ਬੇਮੁੱਖ ਹੋਕੇ, ਸੁੰਦਰ-ਸਾਊ ਵਿਉਹਾਰ ਦੇ ਜਾਦੂ ਭਰੇ ਅਸਰ ਨੂੰ ਕਬੂਲਣ ਤੋਂ ਇਨਕਾਰੀ ਹੋ ਗਏ ਹਾਂ। ਸਾਡੀ ਜ਼ਹਿਨੀਅਤ ਨਿਕੰਮੀ ਅਤੇ ਜ਼ਹਿਰ ਉਗਲਣ ਵਾਲੀ ਹੋ ਗਈ ਹੈ। ਅਸੀਂ ਤਾਂ ‘ਵਿਸ-ਘੋਲਦੇ ਸਪੋਲੀਏ’ ਬਣ ਬੈਠੇ ਹਾਂ। ਅਸੀਂ ਤਾਂ ਆਪਣੀ ਨਜ਼ਰ ਵਿੱਚ ਗਿਰਨਾ ਨਹੀਂ ਸਿੱਖਿਆ, ਉਂਝ - ਸਾਰੇ ਸੰਸਾਰ ਦੀਆਂ ਨਜ਼ਰਾਂ ਵਿੱਚ ਅਸੀਂ ਭਾਵੇਂ ਗਿਰ ਜਾਈਏ। ਕਹਿਣ ਨੂੰ ਤਾਂ ਨਿਰਸੰਦੇਹ ਅਸੀਂ ਇਨਸਾਨ ਹਾਂ ਪਰ ਕਾਲੀਆਂ ਹੈਵਾਨੀ ਕਰਤੂਤਾਂ ਕਾਰਨ ਤਾਂ ਅਸੀਂ ਹੈਵਾਨਾਂ ਨੂੰ ਵੀ ਮਾਤ ਪਾ ਗਏ ਹਾਂ। ਇਨਸਾਨ ਤੋਂ ਸ਼ੈਤਾਨ ਬਣੇ ਅਸੀਂ ਕੁੱਝ ਸਿੱਕਿਆਂ ਲਈ ਆਪਣਾ ਧਰਮ, ਈਮਾਨ, ਆਚਰਣ, ਵਿਸ਼ਵਾਸ਼ ਅਤੇ ਸਦਾਚਾਰੀ ਗੁਣ ਵੇਚਣ ਲਈ ਤਿਆਰ ਅਤੇ ਸਦਾ ਤਿਆਰ ਰਹਿੰਦੇ ਹਾਂ। ਅਸੀਂ ਦੂਜੇ ਦੇ ਘਰ ਨੂੰ ਤਬਾਹ-ਬਰਬਾਦ ਕਰਨ ਦੀ ਜ਼ਿੱਦ ਵਿੱਚ ਆਪਣੇ ਘਰ ਦੀਆਂ ਨੀਹਾਂ ਤਕ ਹਿਲਾਉਣਾ ਵਾਜਬ ਸਮਝਦੇ ਹਾਂ। ਅਸੀਂ ਕੀ ਸਾਂ, ਕੀ ਬਣ ਗਏ?
ਸਾਨੂੰ ਆਪਣੇ ਨਾਲ ਪਿਆਰ ਨਹੀਂ, ਕਿਸੇ ਦੂਜੇ ਲਈ ਕੋਈ ਪਿਆਰ ਸਤਿਕਾਰ ਨਹੀਂ। ਅਸੀਂ ਮਤਲਬੀ, ਦਗੇਬਾਜ਼ ਅਤੇ ਚੌਧਰਾਂ ਦੇ ਭੁੱਖੇ, ਆਪਣੀ ਪਵਿੱਤਰ ਧਰਤੀ ‘ਤੇ ਪੈਦਾ ਹੋ ਚੁੱਕੇ ਰਾਮ-ਰਹੀਮ, ਈਸਾ-ਮੁਹੰਮਦ, ਨਾਨਕ-ਬੁੱਧ ਦੀ ਕਰਨੀ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਅਸਾਂ ਤਾਂ ਮਨੁੱਖ-ਦੇਸ਼-ਕੌਮ ਤੋਂ ਮਰ-ਮਿਟਣ ਵਾਲੇ ਸ਼ਹੀਦਾਂ ਦੀਆਂ ਮਾਵਾਂ ਦੇ ਹੰਝੂਆਂ ਦੀ ਬੇਕਦਰੀ ਕਰਦਿਆਂ, ਗੁੰਗੀਆਂ, ਗਊ-ਭੈਣਾਂ-ਧੀਆਂ ਦੀ ਅਜ਼ਮਤ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ। ਅਸਾਂ ਤਾਂ ਆਪਣਾ ਇਤਿਹਾਸ ਗੁਆ ਲਿਆ ਹੈ, ਭੂਤ ਗੁਆ ਲਿਆ ਹੈ। ਵਰਤਮਾਨ ਗੁਆ ਲਿਆ ਹੈ, ਅਤੇ ਭਵਿੱਖ ਨੂੰ ਵੀ ਸੂਲੀ ‘ਤੇ ਟੰਗ ਦਿੱਤਾ ਹੈ।
ਫਿਰ ਵੀ ਅਸੀਂ ਹਿੱਕ ਤਾਣੀ ਦਾਅਵਾ ਕਰਨ ਦੀ ਜੁਰਅਤ ਕਰਦੇ ਹਾਂ ਕਿ ਅਸੀਂ ਇਨਸਾਨ ਹਾਂ। ਅਜਿਹੇ ਇਨਸਾਨ ਤੋਂ ਕੀ ਲੈਣਾ, ਜਿਹੜਾ ਸਾਨੂੰ ਕੇਵਲ ਗੁਆਉਣਾ ਹੀ ਸਿਖਾਉਂਦਾ ਹੈ?
***
‘ਮੈਂ ਤੇ ਇੱਕ ਦਿਨ ਦਾ ਜੀਵਨ ਚਾਹੁੰਦਾ ਹਾਂ’ ਯਸੂਹ ਦੀ ਮੌਤ ਤੋਂ 30 ਵਰ੍ਹੇ ਪਹਿਲਾਂ ਰੋਮਨ ਕਵੀ ਹੋਰੈਸ (Roman poet Horace. His full name was Quintus Horatius Flaccus) ਵੱਲੋਂ ਲਿਖੀਆਂ ਗਈਆਂ ਇਹ ਸਤਰਾਂ ਅੱਜ ਵੀ ਸੱਚ ਹੀ ਤਾਂ ਕਹਿ ਰਹੀਆਂ ਹਨ:
‘ਪ੍ਰਸੰਨ ਹੈ ਉਹ ਮਨੁੱਖ, ਅਤੇ ਪ੍ਰਸੰਨ ਹੈ ਉਹ ਇਕੱਲਾ,
ਜਿਹੜਾ ਅੱਜ ਦੇ ਦਿਨ ਨੂੰ ਆਪਣਾ ਕਹਿ ਸਕੇ।
ਉਹੀ ਸੁਰੱਖਿਅਤ ਹੈ, ਜੋ ਕਹਿ ਸਕੇ …
ਕੱਲ੍ਹ, ਜੋ ਬੁਰਾ ਹੋਣ ਵਾਲਾ ਹੈ, ਹੋਵੇ
ਮੈਂ ਤਾਂ ਅੱਜ ਜੀ ਲਿਆ ਹੈ।’
ਯਸੂਹ ਦਾ ਇਹ ਕਹਿਣਾ ਵੀ ਕੁਥਾਏਂ ਨਹੀਂ:
ਹੇ ਪ੍ਰਭੂ! ਮੈਂਨੂੰ ਅੱਜ ਦੇ ਦਿਨ ਲਈ ਰੋਟੀ ਦੇ।
ਕਿਉਂ?
ਇਸ ਲਈ ਕਿ ਅੱਜ ਦੀ ਰੋਟੀ ਹੀ ਇੱਕ ਐਸੀ ਰੋਟੀ ਹੈ ਜਿਸਨੂੰ ਅੱਜ ਹੀ ਖਾਣਾ ਸੰਭਵ ਹੈ। ਕੱਲ੍ਹ ਦਾ ਕੀ ਪਤਾ ਆਵੇ ਹੀ ਨਾ। ਕੱਲ੍ਹ ਦਾ ਫ਼ਿਕਰ ਨਾ ਕਰ। ਕੱਲ੍ਹ ਦੀ ਫ਼ਿਕਰ, ਕੱਲ੍ਹ ਆਪਣੇ ਆਪ ਕਰੇਗਾ। ਅੱਜ ਲਈ ਹੀ ਕਰਨ ਵਾਲੇ ਕਾਰਜ ਬਹੁਤ ਹਨ।
ਇੱਕ ਕਾਰਜ ਪਕੜ: ਸਰਬ ਸਾਂਝਾ ਪਿਆਰ। ਇਸਨੂੰ ਮੁਕੰਮਲ ਕਰ। ਫਿਰ ਦੂਜੇ ਕਾਰਜ ਨੂੰ ਪਕੜ ਅਤੇ ਇਸ ਨੂੰ ਪਹਿਲਾਂ ਬਣਾ: ਏਕਾ। ਅਤੇ ਇੰਝ ਹੀ ਅੱਗੇ ਤੁਰਿਆ ਚੱਲ।
***
ਡੇਲ ਕਾਰਨੇਗੀ ਨੇ ਇੱਕ ਥਾਂ ਕਿਸੇ ਹੋਰ ਹੀ ਸੰਦਰਭ ਵਿੱਚ ਸਮਾਂ ਦਸਣ ਵਾਲੀ ਰੇਤ-ਘੜੀ ਦਾ ਜ਼ਿਕਰ ਕੀਤਾ ਹੈ, ਜਿਹੜਾ ਕਿ ਅਤਿ ਸੁੰਦਰ ਹੈ। ਰੇਤ-ਘੜੀ ਵਿੱਚ ਹਜ਼ਾਰਾਂ ਲੱਖਾਂ ਹੀ ਰੇਤ ਦੇ ਕਣ ਹਨ। ਇਹਨਾਂ ਸਭਨਾਂ ਨੇ ਹੌਲੀ ਹੌਲੀ, ਸੁਭਾਵਕ ਹੀ ਘੜੀ ਦੀ ਤੰਗ ਗਰਦਨ ਰਾਹੀਂ ਹੇਠਾਂ ਡਿੱਗਣਾ ਹੈ। ਸ਼ੀਸ਼ੇ ਨੂੰ ਤੋੜਨ ਜਾਂ ਹੋਰ ਬਾਹਰੀ ਦਖਲ ਦਿੱਤੇ ਬਿਨਾਂ ਕੋਈ ਐਸਾ ਕਰਮ ਨਹੀਂ ਜਿਸ ਰਾਹੀਂ ਇੱਕ ਕਣ ਤੋਂ ਵੱਧ, ਇੱਕ ਸਮੇਂ ਹੇਠਾਂ ਡਿੱਗ ਸਕੇ। ਅਸੀਂ ਤੁਸੀਂ ਇਸ ਰੇਤ-ਘੜੀ ਵਾਂਗ ਹੀ ਹਾਂ। ਜਦੋਂ ਅਸੀਂ ਸਵੇਰੇ ਉਠਦੇ ਹਾਂ, ਸਾਡੇ ਸਾਹਮਣੇ ਹਜ਼ਾਰਾਂ-ਲੱਖਾਂ ਹੀ ਨੇਪਰੇ ਚਾੜ੍ਹਨ ਵਾਲੇ ਕਾਰਜ ਹੋ ਸਕਦੇ ਹਨ, ਹੁੰਦੇ ਹਨ। ਇਹ ਸਾਰੇ ਅਸੀਂ ਅੱਜ ਹੀ ਪੂਰੇ ਕਰਨੇ ਚਾਹੁੰਦੇ ਹਾਂ। ਸਾਰਿਆਂ ਨੂੰ ਇਕੱਠਿਆਂ ਹੀ ਛੋਹਿਆਂ ਪੂਰੇ ਹੋਣ ਦੀ ਸੰਭਾਵਨਾ ਬਿਲਕੁਲ ਹੀ ਨਹੀਂ ਹੈ। ਹਾਂ, ਸੋਚ ਵਿਚਾਰ ਕੇ ਤਰਤੀਬ ਨਾਲ ਇੱਕ-ਇੱਕ ਕਰਕੇ ਸਾਰੇ ਕਾਰਜ ਪੂਰਿਆਂ ਕੀਤੇ ਜਾ ਸਕਦੇ ਹਨ।
ਹਰ ਕੋਈ ਅੱਜ ਦੇ ਦਿਨ ਦਾ ਕਾਰਜ, ਭਾਵੇਂ ਇਹ ਕਿੰਨਾ ਹੀ ਔਖਾ ਅਤੇ ਸਖ਼ਤ ਕਿਉਂ ਨਾ ਹੋਵੇ, ਪੂਰਾ ਕਰਨ ਦੀ ਸਮਰਥਾ ਰਖਦਾ ਹੈ। ਕੋਈ ਵੀ ਬੰਦਾ ਇੱਕ ਦਿਨ ਲਈ, ਪਿਆਰ ਨਾਲ, ਸਬਰ ਨਾਲ, ਸਪਸ਼ਟਤਾ ਨਾਲ, ਬਿਨਾਂ ਕਿਸੇ ਦਾ ਦਿਲ ਦੁਖਾਏ, ਜਦੋਂ ਤੱਕ ਕਿ ਸੂਰਜ ਡੁੱਥ ਨਾ ਜਾਏ, ਰਾਤ ਨਾ ਪੈ ਜਾਏ, ਜੀਅ ਸਕਦਾ ਹੈ। ਇਹੋ ਹੀ ਤਾਂ ਜੀਵਨ ਹੈ … ਇੱਕ ਦਿਨ ਦਾ ਜੀਵਨ, ਫਿਰ ਇੱਕ ਦਿਨ ਦਾ ਅਤੇ ਫਿਰ ਇੱਕ ਦਿਨ ਦਾ।
***
ਸਵਾਮੀ ਕ੍ਰਿਸ਼ਨਾਨੰਦ ਇੱਕ ਰੋਗੀ ਇਸਤ੍ਰੀ ਦਾ ਜ਼ਿਕਰ ਕਰਦੇ ਹਨ:
‘ਉਹ ਬਿਮਾਰ ਸੀ ਅਤੇ ਨਿਰਾਸ਼। ਸਮਾਂ ਉਸ ਤੋਂ ਕੱਟਿਆ ਨਹੀਂ ਜਾ ਰਿਹਾ ਸੀ। ਇੱਕ ਦਿਨ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਜੀਅ-ਪਰਚਾਵੇ ਲਈ ਕੁੱਝ ਸ਼ਬਦ ਇਕੱਠੇ ਕਰੇਗੀ। ਉਸਨੇ ਇੱਕ ਨੋਟ ਬੁੱਕ ਲਈ ਅਤੇ ਇੱਕ ਪੈਂਸਲ। ਸਭ ਤੋਂ ਪਹਿਲਾਂ ਸ਼ਬਦ ਲਿਖਿਆ: ਪ੍ਰਸੰਨਤਾ।
ਇਸ ਪਿੱਛੋਂ ਉਸਨੇ ਪ੍ਰਸੰਨਤਾ ਨਾਲ ਮਿਲਦੇ ਜੁਲਦੇ ਅਰਥਾਂ ਦੇ ਸ਼ਬਦ ਲਭਦਿਆਂ ਇੱਕ ਸੂਚੀ ਬਣਾਈ… ਪ੍ਰਸੰਨਤਾ: ਪ੍ਰਫੁੱਲਤਾ, ਹਰਸ਼, ਖ਼ੂਬੀ, ਉਤਸ਼ਾਹ, ਜ਼ਿੰਦਾਦਿਲੀ, ਉਲਾਸ, ਸੁਹਾਵਣਾਪਨ, ਅਨੰਦ, ਆਸ਼ਾ।
ਫਿਰ ਉਸ ਰੋਗਣ ਨੇ ਇਹਨਾਂ ਸ਼ਬਦਾਂ ਨੂੰ ਉੱਚੀ ਉੱਚੀ ਪੜ੍ਹਿਆ ਤਾਂ ਜੋ ਦੇਖ ਸਕੇ ਕਿ ਕੀ ਇਹ ਠੀਕ ਵੀ ਹਨ। ਫਿਰ ਉਸ ਸੋਚਿਆ ਕਿ ਜੇਕਰ ਇਹਨਾਂ ਸਾਰੇ ਸ਼ਬਦਾਂ ਦਾ ਅਰਥ ਉਸ ਦੇ ਜੀਵਨ ਵਿੱਚ ਉਤਰ ਜਾਵੇ ਤਾਂ ਫਿਰ ਉਸਦਾ ਸੁਭਾ ਕਿਵੇਂ ਦਾ ਬਣ ਜਾਵੇਗਾ?
ਕੁੱਝ ਸ਼ਬਦ ਦੇ ਰਿਹਾ ਹਾਂ: ਹਿੰਮਤ, ਧੀਰਜ, ਸ਼ਾਂਤੀ, ਈਮਾਨਦਾਰੀ, ਸਿਹਤ ਆਦਿ ਇਹਨਾਂ ਵਿੱਚ ਵਾਧਾ ਕਰਕੇ ਅਜ਼ਮਾਇਆ ਜਾ ਸਕਦਾ ਹੈ।
ਯੂਨਾਨੀ ਦਾਰਸ਼ਨਿਕ ਹਿਰਾਕਲਿਟਸ ਕਹਿੰਦਾ ਹੈ: ‘ਦਰਿਆ (ਵਗਦਾ ਪਾਣੀ) ਜਿਵੇਂ ਹਰ ਪਲ ਬਦਲਦਾ ਹੈ, ਤਿਵੇਂ ਹੀ ਆਦਮੀ ਵੀ। ਤੁਸੀਂ ਇੱਕ ਹੀ ਦਰਿਆ (ਪਾਣੀ) ਵਿੱਚ ਮੁੜ-ਮੁੜ ਪੈਰ ਨਹੀਂ ਰੱਖ ਸਕਦੇ।’
ਤਾਂ ਫਿਰ! ਕੀ ਇਹ ਚੰਗਾ ਨਾ ਹੋਵੇਗਾ ਜੇਕਰ ਅੱਜ ਨੂੰ ਹੀ ਫੜ ਲਿਆ ਜਾਵੇ?
ਐਵੇਂ ਅੱਜ ਦੀ ਸੁੰਦਰਤਾ ਨੂੰ ਬੀਤ ਚੁੱਕੇ ‘ਕੱਲ੍ਹ’ ਅਤੇ ਆਉਣ ਵਾਲੇ ‘ਕੱਲ੍ਹ’ ਦੀਆਂ ਯਾਦਾਂ-ਚਿੰਤਾਵਾਂ ਨਾਲ ਤਬਾਹ ਕਿਉਂ ਕਰੀਏ?
(24.2.1980)