ਮੈਨੂੰ, …ਮੈਨੂੰ ਨਹੀਂ… ਸਾਡੀ ਧੀ ‘ਕਵਿਤਾ’ ਨੂੰ ਅੱਜ ਗੱਡੀ ਚਾਹੀਦੀ ਹੈ। ਧੀ ਨੂੰ ਗੱਡੀ ਇਸ ਲਈ ਚਾਹੀਦੀ ਹੈ ਕਿ ਉਸਨੇ ‘ਟਿਪਟਨ’ ਦੇ ਇੱਕ ਸਕੂਲ ਵਿੱਚ ਜਾ ਕੇ ਇਸ ਟਰਮ ਦੀ ‘ਟੀਚਿੰਗ ਪ੍ਰੈਕਟਿਸ’ ਕਰਨੀ ਹੈ। ਸਕੂਲ ਬਰਮਿੰਘਮ ਤੋਂ ਦੂਰ ਹੈ। ਰਾਤੀਂ ਇੱਕ ਘੰਟੇ ਦਾ ਸਫ਼ਰ ਕਰਕੇ ਟਿਪਟਨ ਦਾ ਸਕੂਲ ਵੇਖ ਆਏ ਹਾਂ। ਇਲਾਕੇ ਦੀ ‘ਗਾਈਡ’ ਕੋਲ ਹੋਣ ਦੇ ਬਾਵਜ਼ੂਦ ਸਾਨੂੰ ਸਕੂਲ ਲੱਭਣ ਵਿੱਚ ਬੜਾ ਸਮਾਂ ਲੱਗਾ ਪਰ ਗ਼ਨੀਮਤ ਹੈ ਕਿ ਆਖ਼ਿਰ ਮਿਲ ਗਿਆ। ਜੇਕਰ ਰਾਤੀਂ ਜਾ ਕੇ ਸਕੂਲ ਨਾ ਵੇਖ ਆਉਂਦੇ ਤਾਂ ਅੱਜ ਸਵੇਰੇ, ਬੇਟੀ ਨੂੰ ਸਕੂਲ ਪੁੱਜਣ ਵਿੱਚ ਬਹੁਤ ਔਖ ਹੋਣੀ ਸੀ। ਦੇਰ ਵੀ ਹੋ ਜਾਣ ਦਾ ਡਰ ਸੀ। ਅਤੇ ਮੇਰੀ ਦੇਰੀ? ਮੇਰੀ ਦਿੱਕਤ? ਇਹ ਤੇ ਹੁਣ ਇੱਕ ਦਿਨ ਦਾ ਕੰਮ ਨਹੀਂ ਰਹਿਣਾ ਪੂਰੀ ਟਰਮ ਦੀ ਦਿੱਕਤ ਹੋਵੇਗੀ।
ਆਪਣੀ ਸੰਤਾਨ ਦੇ ਲਈ, ਬੰਦਾ ਵਸ ਲੱਗਦੇ ਕੀ ਕੁੱਝ ਨਹੀਂ ਕਰ ਜਾਂਦਾ? ਆਪਣੀ ਬੇਬਸੀ ਅੱਗੇ ਗੋਡੇ ਟੇਕ ਕੇ ਵੀ ਬਿਨਾਂ ਕਿਸੇ ਹੀਲ-ਹੁੱਜਤ ਦੇ ਸਿਰ ਸੁੱਟੀ ਆਪਣੀ ਸੰਤਾਨ ਦੀ ਖੁਸ਼ੀ ਵਾਸਤੇ ਬੰਦਾ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਰਹਿੰਦਾ ਹੈ। ਸੰਤਾਨ ਦਾ ਮੋਹ ਹੀ ਅਜਿਹਾ ਹੈ। ਪਰ ਧੀ ਨੂੰ ਗੱਡੀ ਚਾਹੀਦੀ ਹੈ… ਹੁਣ ਮੈਂ ਸਕੂਲ ਕਿਵੇਂ ਜਾਵਾਂਗਾ? ਮੈਂ ਝੁੰਝਲਾਂਦਿਆਂ ਫ਼ਿਕਰਮੰਦ ਹਾਂ। ਫਿਰ ਅੱਜ ਤਾਂ ਮੇਰਾ ‘ਡੀਊਟੀ ਡੇ’ ਵੀ ਹੈ। ਅੱਜ ਤਾਂ ਮੇਰਾ ਸਕੂਲ ਵਿੱਚ ਸਾਢੇ ਸੱਤ ਵਜੇ ਤੱਕ ਪਹੁੰਚਣਾ ਜ਼ਰੂਰੀ ਹੈ। ਹਰ ਰੋਜ਼ ਕੀ ਕਰਾਂਗਾ?
ਫਿਰ ਸਮੱਸਿਆ ਦਾ ਹੱਲ ਭਾਲ਼ਦਿਆਂ ਧੀ ਨੂੰ ਕਹਿੰਦਾ ਹਾਂ, ਟਿਪਟਨ ਜਾਂਦੀ ਹੋਈ ਮੈਂਨੂੰ ਰੋਜ਼ ਹੀ ਸਕੂਲ ਦੇ ਬਾਹਰ ਸੜਕ ਤੇ ਲਾਹ ਦਿਆ ਕਰੇ। ਛੁੱਟੀ ਵੇਲੇ ਆਪੇ ਹੀ ਤੁਰ ਕੇ ਜਾਂ ਦੋ ਬਸਾਂ ਰਾਹੀਂ ਘਰ ਪਹੁੰਚ ਜਾਇਆ ਕਰਾਂਗਾ। ਅੱਜ ਪਹਿਲਾ ਦਿਨ ਹੈ, ਉਹ ਇੰਝ ਹੀ ਕਰਦੀ ਹੈ। ਬੇਟੀ ਨੂੰ ਨਵੇਂ ਸਕੂਲ ਵਿੱਚ ਹੋਣ ਵਾਲੀ ਟੀਚਿੰਗ ਪ੍ਰੈਕਟਿਸ ਲਈ ਸ਼ੁਭ ਇੱਛਾਵਾਂ ਦਿੰਦਾ ਹਾਂ ਅਤੇ ਆਖਦਾ ਹਾਂ: ਫਿਕਰ ਨਾ ਕਰੀਂ। ਪਰ ਮੈਂ ਫਿਕਰਮੰਦ ਹਾਂ ਉਸ ਲਈ ਵੀ ਅਤੇ ਸ਼ਾਇਦ ਆਪਣੇ ਆਪ ਲਈ ਵੀ।
ਅੱਜ ਮੈਂ ਸਕੂਲ ਵਿੱਚ, ਪਹਿਲਾਂ ਨਾਲੋਂ ਵੀ ਬਹੁਤ ਸਮਾਂ ਪਹਿਲਾਂ ਹੀ ਪੁੱਜ ਜਾਂਦਾ ਹਾਂ। ਸਿੱਧਾ ਸਟਾਫ਼ ਰੂਮ ਵਿੱਚ ਜਾਂਦਾ ਹਾਂ। ਸੋਚਦਾ ਹਾਂ ਮੈਂ ਅੱਜ ਇਕੱਲਾ ਹੀ ਪਹਿਲਾ ਅਧਿਆਪਕ ‘ਸਟਾਫ਼ ਰੂਮ’ ਵਿੱਚ ਹੋਵਾਂਗਾ। ਪਰ ਨਹੀਂ, ਸਟਾਫ਼ ਰੂਮ ਵਿੱਚ ਮੈਥੋਂ ਵੀ ਪਹਿਲਾਂ ਅਧਿਆਪਕ ਪੁੱਜੇ ਹੋਏ ਹਨ। ਖੂੰਜੇ ਵਿੱਚ ਮਿਸੇਜ਼ ਮਾਰਟਿਨ ਹੈ—ਗਣਿਤ ਦੀ ਅਧਿਆਪਕਾ ਅਤੇ ਸਟਾਫ਼ ਦੇ ਦੂਜੇ ਕੋਣੇ ਵਿੱਚ ਹੈ: ਮਿਸਟਰ ਵਾਕਰ। ਦੋਵੇਂ ਅਧਿਆਪਕ ਸਟਾਫ ਦੇ ਦੋ ਖੂੰਜਿਆਂ ਵਿੱਚ ਇੰਝ ਬੈਠੇ ਆਪਣੇ ਆਪਣੇ ਕੰਮ ਵਿੱਚ ਮਸਤ ਨੇ ਜਿਵੇਂ ਇੱਕ ਦੂਜੇ ਤੋਂ ਕੋਹਾਂ ਦੂਰ ਬੈਠੇ ਹੋਣ। ਮੈਂ ਦੋਹਾਂ ਨੂੰ ਹੀ ਰਸਮੀ ‘ਗੁੱਡ-ਮਾਰਨਿੰਗ’ ਆਖਦਾ ਹਾਂ। ਅਤੇ ਫਿਰ ਮੈਂ ਮਿਸਟਰ ਵਾਕਰ ਵਲਾਂ ਜਾਂਦਾ ਹਾਂ। ਮੈਂ ਮਿ: ਵਾਕਰ ਨੂੰ ਮਿਸਟਰ ਵਾਕਰ ‘ਜੀ’ ਕਹਿ ਕੇ ਬੁਲਾਇਆ ਕਰਦਾ ਹਾਂ। ਮਿਸਟਰ ਵਾਕਰ ਪਿਛਲੇ ਦੋ ਵਰ੍ਹਿਆਂ ਤੋਂ ਮੈਥੋਂ ਹਿੰਦੀ-ਪੰਜਾਬੀ ਬੋਲਣਾ ਤੇ ਲਿਖਣਾ ਸਿੱਖ ਰਿਹਾ ਹੈ। ਇਸ ਕਾਰਨ ਹੀ ਅਸੀਂ ਇਕੱਲਿਆਂ ਹੋਣ ‘ਤੇ ਇੱਕ ਦੂਜੇ ਨੂੰ ਗੁੱਡ ਮਾਰਨਿੰਗ ਦੀ ਥਾਂ ‘ਨਮਸਤੇ’ ਜਾਂ ‘ਸਤਿ ਸ੍ਰੀ ਅਕਾਲ’ ਹੀ ਕਹਿ ਕੇ ਬੁਲਾਉਂਦੇ ਹਾਂ। ਇਸ ਵਰ੍ਹੇ ਤਾਂ ਉਸ ਨੇ ਕ੍ਰਿਸਮਿਸ ਦੇ ਕਾਰਡ ਵਿੱਚ ਵੀ ਨਵੇਂ ਵਰ੍ਹੇ ਦੀਆਂ ਸ਼ੁਭ-ਇਛਾਵਾਂ’ ਪੰਜਾਬੀ ਵਿੱਚ ਲਿਖ ਕੇ ਦਿੱਤੀਆਂ ਸਨ। ਉਹ ਪੰਜਾਬੀ ਦੇ ਅੱਖਰ ਬੜੇ ਹੀ ਚਾਅ ਨਾਲ ਟਾਈਪ ਹੋਏ ਅੱਖਰਾਂ ਵਾਂਗ ਹੀ ਮੋਤੀਆਂ ਜਿਹੀ ਲਿਖਾਈ ਵਿੱਚ ਲਿਖਦਾ ਹੈ। ਉਸਦੀ ਪੰਜਾਬੀ ਲਿਖਤ ਵੇਖ ਕੇ ਮੈਨੂੰ ਅਕਸਰ ਆਪਣੀ ਲਿਖਾਈ ਉਤੇ ਬੜੀ ਸ਼ਰਮਿੰਦਗੀ ਹੁੰਦੀ ਹੈ।
ਮੈਂ ਮਿਸਟਰ ਵਾਕਰ ਪਾਸ ਜਾਕੇ ਨਮਸਤੇ ਆਖਦਾ ਹਾਂ ਪਰ ਉਸਦੀ ਜਵਾਬੀ ਨਮਸਤੇ ਅੱਜ ਬੜੀ ਠੰਢੀ ਤੇ ਖਰ੍ਹਵੀ ਜਿਹੀ ਲੱਗਦੀ ਹੈ। ਲਹਿਜ਼ੇ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਗੁੱਸੇ ਵਿੱਚ ਹੈ। ਉਸਦੇ ਲਾਗੇ ਪਈ ਕੁਰਸੀ ਤੇ ਮੈਂ ਬੈਠ ਕੇ ਉਸ ਦੀਆਂ ਐਨਕਾਂ ਲੱਗੀਆਂ ਅੱਖਾਂ ਵਲਾਂ ਵੇਖਦਾ ਹਾਂ। ਮੈਨੂੰ ਭਾਸਦਾ ਹੈ ਕਿ ਉਹ ਅੱਗ ਵਰ੍ਹਾਉਣ ਵਾਲਾ ਹੈ। ਮੇਰੀ ਤੱਕਣੀ ਦੇ ਜਵਾਬ ਵਿੱਚ ਉਹ ਮੂੰਹ ਖੋਲ੍ਹਦਾ ਹੈ: ‘ਅੱਜ ਸਟੀਵਨ ਦੇ ਨਾਲ ਮੇਰੀ ਜੰਗ ਹੋਣ ਵਾਲੀ ਹੈ।’
‘ਜੰਗ, ਮਤਲਬ ਲੜਾਈ? ਬਦਕਲਾਮੀ?’
‘ਹਾਂ, ਲੜਾਈ, ਆਰਗੂਮੈੰਟਸ।’
‘ਕਿਉਂ?
ਤੈਂਨੂੰ ਨਹੀਂ ਪਤਾ ਕਿਉਂ?’
ਮੈਨੂੰ, ਸੋਚਣ ਦੀ ਕੋਸ਼ਿਸ਼ ਕਰਦਿਆਂ, ਵੇਖ ਕੇ ਉਸਨੇ ਚੇਤੇ ਕਰਾਇਆ: ‘ਕੱਲ੍ਹ ਉਸਨੇ ਸਟਾਫ਼ ਦੀ ਹਫ਼ਤਾਵਾਰੀ ਮੀਟਿੰਗ ਵਿੱਚ ਮੇਰੇ ਵਲੋਂ ਪੇਸ਼ ਕੀਤੀ ਜਾ ਰਹੀ ਰੀਪੋਰਟਿੰਗ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਮੇਰਾ ਸਮਾਂ ਰਹਿੰਦਿਆਂ ਵੀ ਵਿੱਚੇ ਹੀ ਟੋਕ ਕੇ ਮੈਨੂੰ ਬੈਠਣ ਲਈ ਮਜ਼ਬੂਰ ਕਰ ਦਿੱਤਾ ਅਤੇ ਕੋਈ ਵੀ ਦਲੀਲ ਨਾ ਸੁਣੀ।’
ਮੈਨੂੰ ਯਾਦ ਆਉਂਦਾ ਹੈ। ਕੱਲ੍ਹ ‘ਟੀਚਰਜ਼ ਡੇ’ ਸੀ। ਜਦੋਂ ਅਸੀਂ ਸਵੇਰ ਦਾ ਸੈਸ਼ਨ ਸਮਾਪਤ ਕਰਕੇ, ਦੁਪਹਿਰ ਦੀ ਰੋਟੀ ਮਗਰੋਂ ਅਗਲੇ ਸੈਸ਼ਨ ਲਈ ਪਹੁੰਚੇ ਸਾਂ ਤਾਂ ਹਰ ‘ਈਅਰ’ ਗਰੁੱਪ ਦੇ ਮੁਖੀ ਨੂੰ ਅੱਠ-ਅੱਠ ਮਿੰਟ ਵਿੱਚ ਆਪਣੀ ਰੀਪੋਰਟ ਦਲੀਲਾਂ ਸਮੇਤ ਦੇਣ ਲਈ ਆਖਿਆ ਗਿਆ ਸੀ। ਪਤਾ ਨਹੀਂ ਕਿਉਂ, ‘ਸਟੀਵਨ’ ਨੇ ‘ਵਾਕਰ’ ਨੂੰ ਪੰਜ ਮਿੰਟ ਵੀ ਬੋਲਣ ਨਾ ਦਿੱਤਾ। ਉਹ ਵਿਚਾਰਾ ਆਪਣੀ ਪੂਰੀ ਗੱਲ ਵੀ ਨਾ ਕਰ ਸਕਿਆ ਅਤੇ ਨਾ ਹੀ ਆਪਣੇ ਗਰੁੱਪ ਦਾ ਸਾਰਾ ਕੇਸ ਦਲੀਲਾਂ ਸਮੇਤ ਦੇ ਸਕਿਆ। ਮਿਸਟਰ ਵਾਕਰ ਗੁੱਸੇ ਵਿੱਚ ਤਿਲਮਿਲਾਂਦਾ ਸ਼ਿਸ਼ਟਾਚਾਰ ਦੇ ਨਾਤੇ ਉਸ ਸਮੇਂ ਬੈਠ ਗਿਆ।
ਇਸ ਮੌਕੇ ਸਟੀਵਨ ਨੇ ਮਾਂ ਬੋਲੀਆਂ ਦੀ ਪੜ੍ਹਾਈ ਕਰਵਾਏ ਜਾਣ ਸਬੰਧੀ ਉਸ ਨੇ ਮੈਨੂੰ ਵੀ ਟੋਕਦਿਆਂ ਬੋਲਣ ਨਹੀਂ ਸੀ ਦਿੱਤਾ। ਸ਼ਾਇਦ ਮੇਰੇ ਨਰਮ, ਡਰੂ ਅਤੇ ਹਊ-ਪਰੇ ਕਰਨ ਵਾਲੇ ਸੁਭਾ ਦੇ ਕਾਰਣ। ਸਮਾਂ ਦਿੱਤੇ ਜਾਣਦੇ ਬਾਵਜੂਦ, ਮੇਰੀ ਕੋਈ ਵੀ ਦਲੀਲ ਸੁਣਨ ਤੋਂ ਪਹਿਲਾਂ ਹੀ, ਸਾਰੇ ਸਕੂਲ ਵਿੱਚ ਪੰਜਾਬੀ ਦੀਆਂ ਕਲਾਸਾਂ ਲਈ ਹਫ਼ਤੇ ਦੇ ਚਾਰ-ਚਾਰ ‘ਪੀਰੀਅਡਜ਼’ ਦੀ ਥਾਂ ਦੋ-ਦੋ ਕਰ ਦਿੱਤੇ ਜਾਣ ਦਾ ਫੈਸਲਾ ਹੋ ਗਿਆ। ਮੇਰਾ ਬੋਲਣਾ-ਟੋਕਣਾ ਅਤੇ ਦਲੀਲਾਂ ਧਰੀਆਂ ਦੀ ਧਰਿਆਂ ਰਹਿ ਗਈਆਂ। ਹੋਰ ਕੀ ਕਰਦਾ? ਉਹਨਾਂ ਦਾ ਸਿਰ ਪਾੜਦਾ? ਕਿਵੇਂ? ਜੱਦ ਕਿ ਏਸ਼ੀਅਨ ਮਾਪਿਆਂ ਜਾਂ ਏਸ਼ੀਅਨ ਸੰਸਥਾਵਾਂ ਵਲੋਂ ਵੀ ਇਸ ਸਬੰਧੀ ਕੋਈ ਪਿੱਠ ਠੋਕਵੀਂ ਸਹਾਇਤਾ ਨਹੀਂ ਸੀ ਮਿਲ ਰਹੀ। ਮਾਪਿਆਂ ਅਤੇ ਸੰਸਥਾਵਾਂ ਦੀ ਹਮਾਇਤ ਹੁੰਦੀ ਤਾਂ ਉਸ ਦੇ ਬਲ-ਬੂਤੇ ਕੋਈ ਝਗੜਾ ਵੀ ਸਹੇੜ ਸਕਦਾ। ਬਸ, ਤਿਲਮਲਾਉਂਦਾ ਰਹਿ ਗਿਆ। ਪਰ ‘ਵਾਕਰ’ ਇਸ ਮੀਟਿੰਗ ਵਿੱਚ ਹੋਈ ਬੇ-ਇਜ਼ਤੀ ਨੂੰ ਹਾਲਾਂ ਵੀ ਭੁਲਿਆ ਨਹੀਂ ਸੀ।
ਕਿਸੇ ਅਨਹੋਣੀ ਹੋਣ ਦੇ ਡਰੋਂ ਮੈਂ ਮਿਸਟਰ ਵਾਕਰ ਨੂੰ ਠੰਡਾ ਕਰਦਿਆਂ ਸਲਾਹ ਦਿੰਦਾ ਹਾਂ: ‘ਬੜੇ ਹੀ ਠੰਢੇ ਦਿਮਾਗ ਨਾਲ ਗੱਲ ਕਰੀਂ, ਗੁੱਸੇ ਵਿੱਚਾ ਨਾ ਆਵੀਂ।’
ਪਰ ਉਹ ਆਖਦਾ ਹੈ: ‘ਅੱਜ ਤਾਂ ਇੱਕ ਖੂਨ ਹੋ ਜਾਵੇਗਾ।’
‘ਖੂਨ?’
‘ਹਾਂ ਖੂਨ!’
ਮੈਂ ਸਮਝ ਸਕਦਾ ਹਾਂ ਕਿ ਅੰਗਰੇਜਾਂ ਦਾ ਗੁੱਸੇ ਵਿੱਚ ਆਕੇ ਜਾਂ ਆਮ ਇੱਕ ਤਕੀਆ ਕਲਾਮ ਹੈ: ਖੂਨ ਹੋ ਜਾਵੇਗਾ। ਜਾਂ ਖੂਨ ਕਰ ਦਿਆਂਗਾ।
ਪਰ ਖੂਨ ਦੀ ਕਲਪਨਾ ਨਾਲ ਹੀ ਮੈਂ ਕੰਬ ਜਾਂਦਾ ਹਾਂ।
ਮੇਜ਼ ਤੇ ਪਈ ਹਫ਼ਤਾਵਾਰੀ ਅਖਬਾਰ ‘ਟੀਚਰਜ਼’ ਚੁੱਕਦਾ ਹਾਂ ਤਾਂ ਜੋ ਮਿਸਟਰ ਵਾਕਰ ਦੇ ਗੁੱਸੇ ਵਾਲੇ ਕਲਾਮ ਤੋ ਬੱਚ ਸਕਾਂ। ਸੋਚਦਾ ਹਾਂ ਹੋਰ ਉਸ ਨਾਲ ਕੀ ਗੱਲ ਕਰਾਂ? ਪੰਨੇ ਉਲੱਦਦਾ ਹਾਂ ਪਰ ਉਂਝ ਸਮਝਦਾ ਹਾਂ ਕਿ ਜੇਕਰ ਮੈਂ ਮਿਸਟਰ ਵਾਕਰ ਨਾਲ ਹੋਰ ਕੁੱਝ ਗੱਲ ਕੀਤੇ ਬਿਨਾਂ ਅਖਬਾਰ ਪੜ੍ਹਨ ਜਾਂ ਹੋਰ ਕੰਮ ਕਰਨ ਲੱਗ ਪਿਆ ਤਾਂ ਮੇਰੇ ਮੱਥੇ ਉਤੇ ਅਸੱਭਯ ਹੋਣ ਦਾ ਕਲੰਕ ਲੱਗ ਜਾਵੇਗਾ। ਉਸ ਨੂੰ ਕੁੱਝ ਕਹਿਣ ਦੀ ਲੋੜ ਵੀ ਨਹੀਂ ਪਵੇਗੀ, ਉਸਦੀਆਂ ਅੱਗ ਵਰ੍ਹਾਉਂਦੀਆਂ ਅੱਖਾਂ ਤੋਂ ਹੀ ਸਭ ਕੁੱਝ ਸਪਸ਼ਟ ਹੋ ਜਾਵੇਗਾ।
ਮੈਂ ਗਲਬਾਤ ਦਾ ਰੁਖ ਬਦਲਣ ਲਈ ਕਹਿੰਦਾ ਹਾਂ: ‘ਮਿਸਟਰ ਵਾਕਰ! ਮਾਸਕੋ ਵਿੱਚ ਪੜ੍ਹਨ ਵਾਲੇ ਤੇਰੇ ਪੁੱਤਰ ‘ਡੇਵਿਡ’ ਦਾ ਕੀ ਹਾਲ ਹੈ?’ ਮੈਂ ਜਾਣਦਾ ਹਾਂ ਕਿ ਹਰ ਮਾਪੇ ਵਾਂਗ ਹੀ ਡੇਵਿਡ ਆਪਣੇ ਪੁੱਤਰ ਦਾ ਨਾਂ ਸੁਣ ਕੇ ਪਰਸੰਨ ਹੋਵੇਗਾ।
ਡੇਵਿਡ ਦਾ ਨਾਂ ਸੁਣਦਿਆਂ ਹੀ ਉਸਦੇ ਚਿਹਰੇ ਉਤੇ ਮੁਸਕਾਨ ਵਿਖਰ ਜਾਂਦੀ ਹੈ। ਉਹ ਕਹਿੰਦਾ ਹੈ: ‘ਮਿਸਟਰ ਕਪੂਰ! ਅੱਜ ਸਵੇਰੇ ਹੀ ਡੇਵਿਡ ਨਾਲ ਫੋਨ ਉਤੇ ਗੱਲ ਹੋਈ। ਤੈਂਨੂੰ ਪਤਾ ਅੱਜ ਹੀ ਉਹ ਆਪਣੀ ‘ਰਸ਼ੀਅਨ’ ਦੋਸਤ ਕੁੜੀ ਨਾਲ ਢਾਈ ਵਜੇ ਬਾਅਦ ਦੁਪਹਿਰ ‘ਰਜਿਸਟਰਡ ਮੈਰਿਜ’ ਕਰ ਰਿਹਾ ਹੈ। ਕੱਲ੍ਹ ਸਵੇਰੇ ਚਰਚ ਵਿੱਚ ਵਿਆਹ ਹੋਵੇਗਾ।’
ਇਹ ਤਾਂ ਬਹੁਤ ਹੀ ਪਰਸੰਨਤਾ ਦੀ ਗੱਲ ਹੈ। ਤੈਨੂੰ ਬਹੁਤ-ਬਹੁਤ ਵਧਾਈ ਹੋਵੇ।’
‘ਸ਼ੁਕਰੀਆ! ਮੈਂ ਤਾਂ ਆਪ ਵੀ ਵਿਆਹ ਤੇ ਪਹੁੰਚਣਾ ਚਾਹੁੰਦਾ ਸੀ ਪਰ ਮੈਂਨੂੰ ਸਮੇਂ ਸਿਰ ਵੀਜ਼ਾ ਨਾ ਮਿਲ ਸਕਿਆ।’ ਉਸਦੀ ਆਵਾਜ਼ ਵਿੱਚ ਦੁੱਖ ਅਤੇ ਲਾਚਾਰੀ ਝਲਕੀ। ਉਂਝ ਮੈਨੂੰ ਉਸਨੇ ਪਹਿਲਾਂ ਵੀ ਦੱਸਿਆ ਸੀ ਕਿ ਉਹ ਵੀ ਕੁੱਝ ਦਿਨਾਂ ਲਈ ਰੂਸ ‘ਮਾਸਕੋ’ ਜਾਣਾ ਚਾਹੁੰਦਾ ਸੀ ਅਤੇ ਇਸੇ ਕਾਰਨ ਹੀ ਸਕੂਲ ਤੋਂ ਬਾਅਦ ਦੇ ਸਮੇਂ ਉਹ ਟੈਕਸੀ ਚਲਾ ਕੇ ਕਰਾਏ ਲਈ ਪੈਸੇ ਵੀ ਇਕੱਠੇ ਕਰ ਰਿਹਾ ਸੀ।
ਮੈਂ ਉਸਨੂੰ ਮੁੜ ਚੰਗੀ ਰੌਂ ਵਿੱਚ ਲਿਆਉਣ ਲਈ ਪੁੱਛਿਆ: ‘ਕੀ ਤੂੰ ਆਪਣੀ ਹੋਣ ਵਾਲੀ ਨੂੰਹ ਵੇਖੀ ਹੈ?’
‘ਨਹੀਂ, ਕੇਵਲ ਤਸਵੀਰ ਹੀ ਵੇਖੀ ਹੈ। ਅੱਜ ਫੋਨ ਉਤੇ ਉਸ ਨਾਲ ਵੀ ਗੱਲ ਹੋਈ ਸੀ, ਬੜੀ ਭਲੀ ਕੁੜੀ ਲੱਗਦੀ ਹੈ। ਕਾਸ਼… ਮੈਂ ਵੀ ਵਿਆਹ ਦੇ ਵੇਲੇ ਉੱਥੇ ਪੁੱਜ ਸਕਦਾ।’
ਮੈਂ ਜਾਣਦਾ ਹਾਂ ਕਿ ਮਿਸਟਰ ਵਾਕਰ ਤਲਾਕ-ਸ਼ੁਦਾ ਹੈ ਅਤੇ ਉਸਦੀ ਪਤਨੀ ਨੇ ਹੋਰ ਵਿਆਹ ਕਰਵਾ ਲਿਆ ਹੈ ਪਰ ਉਸਨੇ ਆਪਣੇ ਪੁੱਤਰ ਅਤੇ ਧੀ ਨੂੰ ਆਪੂੰ ਹੀ ਪਾਲ਼ਿਆ ਅਤੇ ਮੁੜ ਕਦੇ ਵਿਆਹ ਨਾ ਕਰਵਾਇਆ।
‘ਕੋਈ ਗੱਲ ਨਹੀਂ, ਬੱਚੇ ਜਿੱਥੇ ਵੀ ਰਹਿਣ ਖੁਸ਼ ਰਹਿਣ, ਮਾਪੇ ਤਾਂ ਇਹੋ ਹੀ ਚਾਹੁੰਦੇ ਹਨ।’
‘ਹਾਂ, ਮਿਸਟਰ ਕਪੂਰ ਤੂੰ ਠੀਕ ਆਖਦਾ ਹੈਂ। ਉਂਝ ਡੇਵਿਡ ਨੇ ਪੱਤਰ ਲਿਖਿਆ ਸੀ ਕਿ ਉਹ ਵਿਆਹ ਕਰਵਾਉਣ ਬਾਅਦ ਅਤੇ ਪੜ੍ਹਾਈ ਸਮਾਪਤ ਹੋਣ ਤੇ ਇੱਕ ਵਾਰ ਇੰਗਲੈਂਡ ਜ਼ਰੂਰ ਆਵੇਗਾ। ਵੇਖੀਏ ਕਦੋਂ ਆਉਂਦੇ ਨੇ?’
‘ਇਹ ਤਾਂ ਬਹੁਤ ਚੰਗੀ ਗੱਲ ਹੈ। ਸਾਰੇ ਮਿਲ ਬੈਠ ਕੇ ਤੁਸੀਂ ਕਿੰਨਾ ਖੁਸ਼ ਹੋਵੋਗੇ?’
ਮਿਸਟਰ ਵਾਕਰ ਹੁਣ ਕੁੱਝ ਆਮ ਹਾਲਤ ਵਿੱਚ ਆ ਗਿਆ। ਉਸਦੇ ਚਿਹਰੇ ਤੇ ਰੌਣਕ ਮੁੜ ਆਈ। ਮੈਨੂੰ ਪਰਸੰਨਤਾ ਹੋਈ ਕਿ ਮੈਂ ਉਸਦਾ ਮੂਡ ਠੀਕ ਕਰਨ ਵਿੱਚ ਸਫ਼ਲ ਰਿਹਾ। ਇਹ ਬੰਦੇ ਦਾ ਮਨ ਵੀ ਕਿਹੋ ਜਿਹੀ ਸ਼ੈ ਹੈ? ਇਸਨੂੰ ਪਰਸੰਨ ਜਾਂ ਦੁਖੀ ਹੁੰਦਿਆਂ ਦੇਰ ਨਹੀਂ ਲੱਗਦੀ। ਇਹ ਮਨ ‘ਪਲ ‘ਚ ਤੋਲਾ ਪਲ ‘ਚ ਮਾਸਾ’ ਹੋ ਜਾਂਦਾ ਹੈ। ਜਦੋਂ ਮਨ ਪਰਸੰਨ ਹੁੰਦਾ ਹੈ ਤਾਂ ਉਹ ਬੜੀਆਂ ਤੋਂ ਬੜੀਆਂ ਮੁਸੀਬਤਾਂ ਨੂੰ ਵੀ ਨਾਚੀਜ ਸਮਝਦਾ ਹੈ। ਜਦੋਂ ਅਪਰਸੰਨ ਹੋਵੇ, ਗੁੱਸੇ ਹੋਵੇ ਤਾਂ ਰਾਈ ਦਾ ਵੀ ਪਹਾੜ ਬਣ ਜਾਂਦਾ ਹੈ। ਆਦਮੀ ਭੁੜਕ ਪੈਂਦਾ ਹੈ। ਤਾਂ ਫਿਰ … ਕੀ ਚੁੱਪ ਕੀਤਾ ਅਤੇ ਕਿਸੇ ਨਾਲ ਵੀ ਔਖਾ ਨਾ ਹੋਣ ਵਾਲਾ ਬੰਦਾ ਬਹਾਦਰ ਹੁੰਦਾ ਹੈ ਕਿ ਬੁਜ਼ਦਿਲ? ਬਹਾਦਰ ਚੰਗਾ ਕਿ ਬੁਜ਼ਦਿਲ?
ਮੈਂ ਮਿਸਟਰ ਵਾਕਰ ਵਲਾਂ ਵੇਖਦਾ ਹਾਂ। ਹੁਣ ਉਸਦਾ ਧਿਆਨ ਮੇਰੇ ਵਲਾਂ ਨਹੀਂ। ਉਹ ਕੁੱਝ ਲਿਖਣ ਵਿੱਚ ਰੁੱਝ ਜਾਂਦਾ ਹੈ। ਮੈਂ ਵੇਖਿਆ ਮਿਸਟਰ ਵਾਕਰ ਹੁਣੇ ਗੁੱਸੇ ਵਿੱਚ ਸੀ, ਹੁਣ ਉਹ ਸ਼ਾਂਤ ਹੈ। ਹੁਣੇ ਦੁਖੀ ਸੀ ਹੁਣ ਪਰਸੰਨ ਹੈ। ਸੋਚਦਿਆਂ ਸੋਚਦਿਆਂ ਹੱਥ ‘ਚ ਫੜੇ ਹਫ਼ਤਾਵਾਰੀ ‘ਟੀਚਰਜ਼’ ਦੇ ਪੰਨੇ ਫਰੋਲਣ ਲੱਗਦਾ ਹਾਂ। ਐਚ.ਐਮ.ਆਈ. ਇੰਨਸਪੈਕਟਰਾਂ ਉਤੇ ਇੱਕ ਮਜ਼ਾਕੀਆ ਲੇਖ ਤੇ ਨਜ਼ਰ ਪਈ। ਕੁੱਝ ਸਤਰਾਂ ਪੜ੍ਹੀਆਂ ਦਿਲਚਸਪ ਲੱਗੀਆਂ। ਇੱਕ ਹੋਰ ਲੇਖ ਪੜ੍ਹਦਿਆਂ ਨੋਟਸ ਲੈਂਦਾ ਹਾਂ। ਇਸ ਲੇਖ ਵਿੱਚ ਅਧਿਆਪਕਾਂ ਨੂੰ ਕੁੱਝ ਸਲਾਹਾਂ ਦਿੱਤੀਆਂ ਗਈਆਂ ਹਨ। ਸਲਾਹਾਂ ਚੰਗੀਆਂ ਭਾਸੀਆਂ:
‘ਸਦਾ ਸਹੀ ਅਤੇ ਯੋਗ ਪ੍ਰਸ਼ਨ ਹੀ ਕਰਨਾ ਚਾਹੀਦਾ ਹੈ। ਕਿਪਲਿੰਗ ਦਾ ਇਹ ਆਖਾ ਹਰ ਇੱਕ ਅਧਿਆਪਕ ਨੂੰ ਹੀ ਨਹੀਂ ਸਗੋਂ ਹਰ ਇੱਕ ਬੰਦੇ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ। ਉਹ ਆਖਦਾ ਹੈ ਕਿ ਆਪਣੇ ਸੱਤ ਈਮਾਨਦਾਰ ਸਲਾਹਕਾਰ ਸਾਥੀ ਸਦਾ ਹੀ ਆਪਣੇ ਨਾਲ ਰੱਖੋ। ਇਹ ਸਾਥੀ ਹਨ: ਕੀ? ਕੌਣ? ਕਿਉਂ? ਕਿਵੇਂ? ਕਦੋਂ? ਕਿੱਥੇ? ਅਤੇ ਕਿਸ? ਇਹਨਾਂ ਨਾਲ ਬਣੇ ਅਤੇ ਕੀਤੇ ਜਾਣ ਵਾਲੇ ਸੁਆਲਾਂ ਨਾਲ ਤੁਸੀਂ ਕਦੇ ਵੀ ਧੋਖਾ ਨਹੀਂ ਖਾ ਸਕਦੇ।’
ਅਗਾਂਹ ਚੱਲ ਕੇ ਲਿਖਿਆ ਹੈ: ‘ਸਦਾ ਹੀ ਦੂਜੇ ਦੇ ਹਾਂ ਵਾਚਕ ਗੁਣਾਂ ਦੀ ਹੀ ਗੱਲ ਕਰੋ। ਦੂਜੇ ਦੀਆਂ ਕਮਜ਼ੋਰੀਆਂ ਤਾਂ ਸਾਰੇ ਹੀ ਵੇਖ ਲੈਂਦੇ ਹਨ ਪਰ ਸੁਆਦ ਤਾਂ, ਤਾਂ ਹੀ ਹੈ ਜੇਕਰ ਦੂਜੇ ਦੀਆਂ ਕਮਜ਼ੋਰੀਆਂ ਨੂੰ ਅਣਗੌਲਿਆਂ ਕਰਕੇ ਉਸਦੇ ਕੁੱਝ ਸਦ-ਗੁਣਾਂ ਨੂੰ ਵੀ ਵੇਖ-ਭਾਂਪ ਸਕੀਏ। ਇਹ ਕੀ ਕਿ ਆਪਣੇ ਆਪ ਨੂੰ ਹੀ ਮਹੱਤਵ ਦਿੰਦੇ ਰਹੀਏ। ਦੂਜਿਆਂ ਨੂੰ ਵੀ ਮਹੱਤਵ ਦੇਣਾ ਬਣਦਾ ਹੈ। ਦੂਜਿਆਂ ਦੇ ਵਿਚਾਰ ਵੀ ਸੁਣੋ। ਉਹਨਾਂ ਨੂੰ ਉਤਸਾਹਿਤ ਕਰੋ। ਬਣਦੀ ਪਰਸੰਸਾ ਵੀ ਕਰੋ। ਪਰਸੰਸਾ ਕਰਨ ਦਾ ਅਰਥ ਚਾਪਲੂਸੀ ਜਾਂ ਚਮਚਾਗਿਰੀ ਨਹੀਂ ਹੁੰਦਾ। ਤਰਕ-ਵਿਤਰਕ ਕਰਦਿਆਂ ਆਪਣੀ ਹੁੰਦੀ ਆਲੋਚਨਾ ਨੂੰ ਵੀ ਸਹਿਨ ਕਰਨ ਦਾ ਯਤਨ ਕਰੋ।’
ਡਾ: ਸੈਮੀਊਲ ਜੌਨਸਨ ਨੇ ਠੀਕ ਹੀ ਤਾਂ ਕਿਹਾ ਹੈ ਕਿ ਆਪਣੇ ਬੋਲੇ ਨੂੰ ਤਾਂ ਬੋਲਣ ਤੋਂ ਪਹਿਲਾਂ ਵਿਚਾਰੋ ਹੀ ਪਰ ਜਦੋਂ ਵੀ ਆਪਣੇ ਲਿਖੇ ਨੂੰ ਮੁੜ ਪੜ੍ਹੋ ਅਤੇ ਪੜ੍ਹਦਿਆਂ ਤੁਸੀਂ ਕਿਸੇ ਅਜਿਹੀ ਸਤਰ ਜਾਂ ਪੈਰਾਗਰਾਫ ਤੇ ਪੁੱਜੋ ਜਿਸ ਸਬੰਧੀ ਤੁਹਾਨੂੰ ਲੱਗੇ ਕਿ ਇਹ ਬਹੁਤ ਚੰਗਾ ਹੈ ਤਾਂ ਉਸ ਨੂੰ ਤੁਰੰਤ ਹੀ ਕੱਟ ਦਿਉ। ਮੇਰੀ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ ਅਤੇ ਸ਼ਾਇਦ ਲੇਖਕ ਦਾ ਮੰਤਵ ਇਹੋ ਹੀ ਹੋਵੇ ਕਿ ਉਸਦੀ ਗੱਲ ਨੁੰ ਪੜ੍ਹਨ ਵਾਲਾ ਸਮਝ ਹੀ ਨਾ ਪਾਵੇ।
ਮੈਂ ਬਚਾਵੀਂ ਨਜ਼ਰੇ ਮਿਸਟਰ ਵਾਕਰ ਵਲਾਂ ਤੱਕਦਾ ਹਾਂ। ਉਹ ਲਿਖਣ ਵਿੱਚ ਵਿਅਸਤ ਹੈ। ਮੈਂ ਲੇਖ ਦੇ ਅਗਲੇ ਭਾਗ ਵਲਾਂ ਹੁੰਦਾ ਹਾਂ। ਲਿਖਿਆ ਹੈ: ‘ਆਪਣੇ ਕਦਮ ਸੰਤੁਲਿਤ ਕਰੋ। ਭਾਵੇਂ ਤੁਸੀਂ ਸੋਚ ਸਮਝ ਕੇ ਸਭ ਕੁੱਝ ਸਹੀ ਤੈ ਕੀਤਾ ਹੋਵੇ ਤਾਂ ਵੀ ਉਸ ਤੈ ਕੀਤੇ ਹੋਏ ਫੈਸਲੇ ਤੱਕ ਤੁਹਾਨੂੰ ਹੀ ਪਹੁੰਚਣਾ ਪਵੇਗਾ। ਬਹੁਤ ਘੱਟ ਲੋਕੀਂ ਇਹ ਜਾਣ ਪਾਂਦੇ ਨੇ ਕਿ ਹਰ ਇੱਕ ਛੋਟੀ ਤੋਂ ਛੋਟੀ ਸਫ਼ਲਤਾ ਦੇ ਲਈ ਬੰਦੇ ਨੂੰ ਆਪਣੀ ਸੰਤੁਲਿਤ ਸ਼ਕਤੀ ਦਾ ਹੀ ਪਰਯੋਗ ਕਰਨਾ ਪਵੇਗਾ। ਇਸਦੇ ਲਈ, ਸਮਾਂ, ਕੋਸ਼ਿਸ਼ ਅਤੇ ਨਿਅੰਤਰਿਣ ਦੀ ਲੋੜ ਹੈ।’ ਮੈਂਨੂੰ ਇਹ ਲੇਖ ਚੰਗਾ ਲੱਗਦਾ ਹੈ। ਛੇਤੀਂ ਛੇਤੀਂ ਆਪਣੀ ਆਦਤ ਅਨੁਸਾਰ ਸਵੈ-ਸੋਧ ਲਈ ਸਹਾਇਕ ਬਣ ਸਕਣ ਵਾਲੀ ਵਿਚਾਰ ਆਪਣੀ ਡਾਇਰੀ ਵਿੱਚ ਲਿਖੀ ਜਾਂਦਾ ਹਾਂ।
ਅਗਾਂਹ ਕੁੱਝ ਅਜਿਹਾ ਦਰਜ ਹੈ: ‘ਜੇਕਰ ਹੋ ਸਕੇ ਤਾਂ ਆਪਣੇ ਮਿੱਤਰ ਵਾਹਲੇ ਬਣਾਉ।’
ਮੈਂ ਸੋਚਦਾ ਹਾਂ: ਮੇਰੇ ਤਾਂ ਮਿੱਤਰ ਹੀ ਕੋਈ ਨਹੀਂ। ਕਿਉਂ ਨਹੀਂ? ਕਦੇ ਸੋਚਿਆ ਹੀ ਨਹੀਂ।
ਅਗਾਂਹ ਦਰਜ ਹੈ: ‘ਪਰ ਇਸ ਵਿੱਚ ਤੁਹਾਨੂੰ ਬਹੁਤੀ ਸਫ਼ਲਤਾ ਨਹੀਂ ਮਿਲੇਗੀ। ਚਲੋ ਨਾ ਮਿਲੇ ਪਰ ਘੱਟੋ ਘੱਟ ਵੈਰੀ ਤਾਂ ਘੱਟ ਹੀ ਬਣਾਉ ਨਾ। ਪਰ ਵੈਰੀ ਵੀ ਆਪਣੇ ਆਪ ਹੀ ਬਣਦੇ ਜਾਣਗੇ। ਬਿਨਾਂ ਕਿਸੇ ਕੋਸ਼ਿਸ਼ ਦੇ। ਆਪਣੇ ਨਿੱਤ ਦੇ ਵਿਉਹਾਰ ਸਮੇਂ, ਆਪਣੇ ਆਪ ਉਤੇ ਵੀ ਹੱਸਣ ਦੀ ਕਲਾ ਸਿਖਣੀ ਚਾਹੀਦੀ ਹੈ। ਆਪਣੇ ਮਿੱਤਰਾਂ ਦੇ ਹੀ ਨਹੀਂ ਸਗੋਂ ਆਪਣੇ ਵੈਰੀਆਂ ਦੇ ਵਿਚਾਰਾਂ ਤੋਂ ਵੀ ਜੇਕਰ ਕੁੱਝ ਸਿਖਿਆ ਜਾ ਸਕੇ ਤਾਂ ਦੇਰ ਨਹੀਂ ਕਰਨੀ ਚਾਹੀਦੀ।’
ਮੈਂ ਤੇਜ਼ ਰਫ਼ਤਾਰ ਨਾਲ ਪੜ੍ਹ ਰਿਹਾ ਹਾਂ ਅਤੇ ਨੋਟਸ ਵੀ ਤਿਆਰ ਕਰ ਰਿਹਾ ਹਾਂ। ਲੇਖ ਲੰਬਾ ਹੈ ਜਿਨਾਂ ਕੁ ਪੜ੍ਹ ਸਕਿਆ ਹੁਣ ਪੜ੍ਹ ਲਵਾਂਗਾ ਬਾਕੀ ਫਿਰ ਸਹੀ। ਫਿਰ ਅੱਜ ਡੀਊਟੀ ਡੇ ਵੀ ਹੈ। ਹਾਲਾਂ ਕੁੱਝ ਸਮਾਂ ਹੋਰ ਬਾਕੀ ਹੈ ਕਿ ਤਿੱਖੀ, ਤਲਖ਼ ਅਤੇ ਰੋਅਬ ਭਰੀ ਚੀਕਵੀਂ ਆਵਾਜ਼ ਕੰਨੀ ਪੈਂਦੀ ਹੈ:
“ਮਿਸਟਰ ਕਪੂਰ! ਡੌਂਟ ਈਊ ਨੋ ਈਊ ਆਰ ਆਨ ਡੀਊਟੀ ਟੂ ਡੇ?’
ਮੈਂ ਤ੍ਰਭਕ ਜਾਂਦਾ ਹਾਂ। ਇੰਝ ਦੀ ਆਵਾਜ਼ ਵਿੱਚ ਤਾਂ ਅਸਾਂ ਅਧਿਆਪਕਾਂ ਨੂੰ ਕਦੇ ਸਕੂਲ ਦੇ ਬੱਚਿਆਂ ਨਾਲ ਵੀ ਬੋਲਣ ਦੀ ਆਗਿਆ ਨਹੀਂ ਅਤੇ ਇਹ ਕੁਰੱਖਤ ਬੋਲ …?
ਮੈਂ ਸਿਰ ਚੁੱਕ ਕੇ ਵੇਖਦਾ ਹਾਂ। ਇਹ ਮਿ: ਸਟੀਵਨ ਹੀ ਹੈ। ਮੈਂ ਜਾਣਦਾ ਹਾਂ ਹਾਲਾਂ ਵੀ ਡੀਊਟੀ ਆਰੰਭ ਹੋਣ ਵਿੱਚ ਦਸ ਮਿੰਟ ਬਾਕੀ ਰਹਿੰਦੇ ਹਨ। ਇਹ ਤਾਂ ਹੈ ਹੀ ਬਦਤਮੀਜ਼। ਇਸ ਹਰਾਮਜ਼ਾਦੇ ਦੀ ਇਹ ਜੁੱਰਅਤ? ਇਸਨੇ ਕੱਲ੍ਹ ਵੀ ਟੀਚਰਜ਼ ਡੇ ਸਮੇਂ ਮੇਰੀ ਬੇ-ਇਜ਼ਤੀ ਕੀਤੀ। ਕੱਲ੍ਹ ਮੈਨੂੰ ਬੋਲਣ ਹੀ ਨਾ ਦਿੱਤਾ। ਮੇਰੇ ਪੜ੍ਹਾਏ ਜਾਣ ਵਾਲੇ ਵਿਸ਼ੇ ‘ਪੰਜਾਬੀ’ ਨਾਲ ਵੀ ਵਧੀਕੀ ਕੀਤੀ। ਟਾਈਮ ਟੇਬਲ ਤੋਂ ਪੰਜਾਬੀ ਦੇ ਦੋ ‘ਪੀਰੀਅਡ’ ਘਟਾ ਦਿੱਤੇ। ਮੇਰੀ ਹੀ ਨਹੀਂ ਸਗੋਂ ਮਿ: ਵਾਕਰ ਦੀ ਵੀ ਬੇ-ਹੁਰਮਤੀ ਕੀਤੀ। ਮੇਰੇ ‘ਸੱਤੀਂ ਕਪੜੀਂ’ ਅੱਗ ਲੱਗ ਜਾਂਦੀ ਹੈ। ਮੇਰਾ ਰੋਹ ਜਾਗ ਜਾਂਦਾ ਹੈ ਅਤੇ ਮੇਰੇ ਬੋਲਾਂ ਵਿੱਚੋਂ ਵੀ ਅੱਗ ਦੇ ਭਾਂਬੜ ਮੱਚ ਉੱਠੇ:
‘ਈਊ ਬਲੱਡੀ ਬਾਸਟਰਡ! ਦੇਅਰ ਇਜ਼ ਸਟਿਲ ਟੈੱਨ ਮਿੰਟਸ ਲੈਫਟ ਫਾਰ ਆਊਟਸਾਈਡ ਡੀਊਟੀ। ਡੋਂਟ ਈਊ ਨੋ ਹਾਊ ਟੂ ਬੀਹੇਵ ਐਂਡ ਟੌਕ ਇਨ ਏ ਸੈਂਸੀਬਲ ਸਿਵਲਾਈਜ਼ਡ ਮੈੱਨਰ?’
ਮੈਂ ਲੱਗਭਗ ਚੀਖਦਿਆਂ ਅਤੇ ‘ਹਫ਼ਤਾਵਾਰੀ ਟੀਚਰਜ਼’ ਵਗਾਹ ਕੇ ਟੇਬਲ ਤੇ ਮਾਰਦਿਆਂ ਉਸ ਵਲਾਂ ਵਧਿਆ। ਮੈਂ ਵੇਖਿਆ ਕਿ ਮੇਰੀ ਕੜਕਵੀਂ ਆਵਾਜ਼ ਸੁਣ ਕੇ ਮਿ: ਸਟੀਵਨ ਹੱਕਾ-ਬੱਕਾ ਰਹਿ ਜਾਂਦਾ ਹੈ। ਮੇਰੇ ਲਾਗੇ ਬੈਠਾ ਮਿ: ਵਾਕਰ ਝੱਟ ਉਠਿਆ। ਉਸ ਮੇਰੀਆਂ ਅੱਖਾਂ ਵਿੱਚ ਸਚਮੁੱਚ ਹੀ ਉਤਰ ਆਏ ਖੂਨ ਨੂੰ ਪਹਿਚਾਣਦਿਆਂ ਅਚੰਭੇ ਵਿੱਚ ਵੇਖਿਆ। ਅਤੇ ਫਿਰ ਮਿਸਟਰ ਸਟੀਵਨ ਦਾ ਕਤਲ ਕਰਨ ਦਾ ਬਿਆਨ ਦੇਣ ਵਾਲੇ ਮਿਸਟਰ ਵਾਕਰ ਨੇ ਮੈਂਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਜਕੜਦਿਆਂ ਇੱਕ ਪਾਸੇ ਕਰ ਦਿੱਤਾ। ਮੈਂ ਮਹਿਸੂਸ ਕੀਤਾ ਕਿ ਮੇਰੀ ਛਾਤੀ ਤੱਣ ਚੁੱਕੀ ਹੈ ਅਤੇ ‘ਮੈਂ’ ਹੁਣ ਡਰੂ, ਬੁਜ਼ਦਿਲ ਅਤੇ ਨਰਮ ਸੁਭਾ ਦਾ ਨਹੀਂ ਰਿਹਾ।
ਮਿ: ਵਾਕਰ ਨੂੰ ਠੰਢਿਆਂ ਰਹਿਣ ਲਈ ਦਿੱਤੀਆਂ ਮੇਰੀਆਂ ਸਾਰੀਆਂ ਸਮਝੌਤੀਆਂ ਅਤੇ ਸਵੈ-ਸੋਧ ਲਈ ‘ਹਫ਼ਤਾਵਾਰੀ ਟੀਚਰਜ਼’ ਵਿਚਲੀਆ ਲਿਖੀਆਂ ਸਤਰਾਂ ਮੇਰਾ ਮੂੰਹ ਚਿੜਾਉਂਦਿਆਂ ਪੁੱਛ ਰਹੀਆਂ ਪਰਤੀਤ ਹੋਈਆਂ: ਤੂੰ ਜੀਵਨ ਵਿੱਚ ਸਫ਼ਲ ਹੈਂ ਜਾਂ ਅ-ਸਫ਼ਲ? ਆਪਣੀ ਇਸ ਸਫ਼ਲਤਾ ਜਾਂ ਅ-ਸਫ਼ਲਤਾ ਤੇ ਪਰਸੰਨ ਹੋਵੇਂਗਾ ਜਾਂ ਮਾਤਮ ਕਰੇਂਗਾ?
***