You are here:ਮੁਖ ਪੰਨਾ»ਲੇਖ਼»ਜੇ ਤੂੰ ਆਪਣਾ ਆਪ ਪਛਾਤਾ
Coming soon: A new and improved Global Punjabi site!!!

ਲੇਖ਼ਕ

Monday, 06 October 2025 09:48

ਜੇ ਤੂੰ ਆਪਣਾ ਆਪ ਪਛਾਤਾ

Written by
Rate this item
(1 Vote)

ਜੇ. ਕ੍ਰਿਸ਼ਨਾ ਮੂਰਤੀ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: “ਅਸੀਂ ਸਾਰੇ ‘ਸੱਤ ਬਚਨ’ ਮਹਾਰਾਜ ਕਹਿਣ ਵਾਲੇ ਹਾਂ। ਆਪਣੀ ਪ੍ਰਵਿਰਤੀ ‘ਤੇ ਵਸ਼ਿਸ਼ਟ ਮਨੋ-ਅਰਚਨਾ ਦੇ ਅਨੁਸਾਰ ਅਸੀਂ ਸਾਰੇ ਸਭ ਕੁੱਝ ਪ੍ਰਵਾਨ ਕਰੀ ਜਾ ਰਹੇ ਹਾਂ। ਅਸੀਂ ਸਦਾ ਹੀ ਆਰਥਿਕ ਤੇ ਸਾਂਸਕ੍ਰਿਤਿਕ ਪਰੰਪਰਾਵਾਂ ਅਤੇ ਸਮਾਜਕ ਪ੍ਰਭਾਵਾਂ ਨੂੰ ਚੁੱਪ-ਚਾਪ ਅੰਗੀਕਾਰ ਕਰੀ ਜਾ ਰਹੇ ਹਾਂ। ਅਸੀਂ ਕਦੇ ਵੀ ਉਹਨਾਂ ਵਿਰੁੱਧ ਖੜੇ ਨਹੀਂ ਹੋਏ। ਜੇਕਰ ਕਦੇ ਖੜੇ ਹੋਏ ਵੀ ਹਾਂ ਤਾਂ ਲਾਚਾਰੀ ਵਿੱਚ ਖੜੇ ਹੋਏ ਹਾਂ, ਸਮਝ ਸੋਚ ਕੇ ਕਦੇ ਵੀ ਨਹੀਂ। ਸਾਡੀ ਖੋਜ ਵਿੱਚ ਵੀ ਸਦਾ ਡਰ ਮਿਲਿਆ ਰਹਿੰਦਾ ਹੈ। ਸਾਡੀ ਭਾਲ ਵਿੱਚ ਵੀ ਸੁਵਿਅਵਸਥਿਤ ਭਵਿੱਖ ਦੀ ਆਸ਼ਾ ਲੁਕੀ ਰਹਿੰਦੀ ਹੈ। (‘ਨਵਨੀਤ’, ਸਤੰਬਰ 1962 ਵਿੱਚੋਂ)

ਦਰਅਸਲ ਗੱਲ ਇਹ ਹੈ ਕਿ ‘ਧਰਮ’ ਆਪਣੇ ਆਪ ਵਿੱਚ ਇੱਕ ਬਹੁਤ ਹੀ ਪਵਿੱਤਰ ਅਵੱਸਥਾ ਹੈ ਪਰ ਧਰਮ ਦਾ ਵਰਤਮਾਨ ਸਮੁੱਚਾ ਢਾਂਚਾ ਨਿਰਾਰਥਕ ‘ਤੇ ਹਾਨੀਕਾਰਕ ਹੋ ਗਿਆ ਹੈ। ਅਸੀਂ ਮਜਬੂਰ ਹੋ ਕੇ ਵੀ ਖੋਜੀ ਬਣ ਸਕਦੇ ਹਾਂ। ਹਾਲਾਤ ਸਾਥੋਂ ਤੁਹਾਥੋਂ ਨਾਂਹ ਕਰਵਾ ਸਕਦੇ ਹਨ। ਪਰ ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਸਮਝ ਸੋਚ ਕੇ ਬਿਨਾਂ ਕਿਸੇ ਮਕਸਦ ਦੇ, ਫਲ਼ ਜਾਂ ਦੰਡ ਦੀ ਆਸ਼ਾ ਜਾਂ ਡਰ ਦੀ ਆਸ਼ੰਕਾ ਤੋਂ ਬਿਨਾਂ ਹੀ ਨਾਂਹ ਕਹਿਣਾ ਇੱਕ ਬਹੁਤ ਹੀ ਵੱਖਰੀ ਤੇ ਹੌਸਲਾਕੁਨ ਅਵੱਸਥਾ ਹੈ।

ਇੱਕ ਸੱਚਾ-ਸੁੱਚਾ ਤੇ ਧਾਰਮਕ ਮਨ ਸਾਡੀਆਂ ਸਭ ਸਮੱਸਿਆਵਾਂ ਨੂੰ ਸੁਲਝਾ ਸਕਦਾ ਹੈ। ਧਰਮ ਵਿੱਚ ਸਭ ਕੁੱਝ ਹੀ ਆ ਜਾਂਦਾ ਹੈ। ਉਸਦੇ ਦਾਇਰੇ ਤੋਂ ਪਰੇ ਕੋਈ ਵੀ ਵਸਤੂ ਜਾਂ ਕੋਈ ਵੀ ਅਵੱਸਥਾ ਨਹੀਂ। ‘ਧਰਮ’ ਕੋਈ ਪੂਰਨ ਨਿਸਚਿਤ ਸਿਧਾਂਤਾਂ ਨੂੰ ਮੁੱਖ ਰੱਖਕੇ ਫੂਕ-ਫੂਕ ਕੇ ਕਦਮ ਨਹੀਂ ਰੱਖਦਾ ਸਗੋਂ ਧਰਮ ਕੇਵਲ ਅਸਲੀਅਤ ਤੋਂ ਸੱਚ ਨੂੰ ਵੇਖਦਾ ਹੈ। ਉਹ ਕੇਵਲ ਉੱਪਰਲੀ ਪੱਧਰ ‘ਤੇ ਹੀ ਸੱਚ ਨੂੰ ਨਹੀਂ ਦੇਖਦਾ ਸਗੋਂ ਅੰਦਰਲੀ ਤਹਿ ਭਾਵ ਆਤਮਾ ਤੱਕ ਜਾ ਪੁੱਜਦਾ ਹੈ। ਉਹ, ਉਸਦੇ ਪਰਦੇ ਪਿੱਛੇ ਲੁਕੇ ਹੋਏ ਸਾਰੇ ਭੇਦਾਂ ਪਿੱਛੇ ਕੰਮ ਕਰ ਰਹੇ ਸਿਧਾਂਤਾਂ ਤੇ ਸ਼ਕਤੀ ਨੂੰ ਗਹੁ ਨਾਲ ਵੇਖਦਾ-ਵਿਚਾਰਦਾ ਹੈ। ਉਹ ਸਾਰਿਆਂ ਭਾਵਾਂ ਨੂੰ ਸਮਝਣ ਮਗਰੋਂ ਖੋਜ ਉਪਰੰਤ ਜਿਸ ਅਵੱਸਥਾ ਤੇ ਭੂਮਿਕਾ ਨੂੰ ਪੁੱਜਦਾ ਹੈ, ਉਹੀ ਇੱਕ ਨਵਾਂ ਮਨ ਹੈ, ਧਾਰਮਕ ਮਨ ਹੈ, ਨਹੀਂ … ਨਹੀਂ, ਸ਼ੁੱਧ ਧਾਰਮਕ ਮਨ ਹੈ।

ਛਾਤੀ ‘ਤੇ ਹੱਥ ਰੱਖ ਕੇ ਸੱਚ-ਸੱਚ ਦੱਸਣਾ ਕਿ ਕੀ ਅਸੀਂ ਸਾਰੇ ਹੀ ਧਰਮ ਨੂੰ ਕੇਵਲ ਇੱਕ ਸ਼ਬਦ ਹੀ ਨਹੀਂ ਸਮਝਦੇ? ਕੀ ਸਾਡੇ ਲਈ ਧਰਮ, ਕੇਵਲ ਇੱਕ ਪ੍ਰਤੀਕ ਹੀ ਨਹੀਂ? ਸਾਡੇ ਪਰੰਪਰਾਗਤ ਵਿਚਾਰਾਂ ਦਾ ਸਿੱਟਾ ਹੀ ਨਹੀਂ? ਸਾਡੇ ਵਿੱਚੋਂ, ਅਸੀਂ ਸਾਰੇ ਹੀ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਯਹੂਦੀ ਆਦਿ ਇਸ ਲਈ ਹਾਂ ਕਿਉਂਕਿ ਸਾਨੂੰ ਬਚਪਨ ਵਿੱਚ ਹੀ ਇਹ ਦੱਸਿਆ ਗਿਆ ਹੈ ਕਿ ਅਸੀਂ ਇਹਨਾਂ ਵਿੱਚੋਂ ਇੱਕ ਹਾਂ। ਸਾਨੂੰ ਮੁੱਢ ਤੋਂ ਹੀ ਸਾਡੇ ਧਰਮ ਜਾਂ ਤਥਾਕਥਿਤ ਧਰਮ ਦੀਆਂ ਸਾਰੀਆਂ ਹੀ ਸਹੀ ਤੇ ਗ਼ਲਤ ਗੱਲਾਂ ਦੱਸ ਦਿੱਤੀਆਂ ਗਈਆਂ ਹਨ। ਸਾਨੂੰ ਸਾਰੇ ਹੀ ਵਿਸ਼ਵਾਸ, ਅੱਧ-ਵਿਸ਼ਵਾਸ਼ ਅਤੇ ਅੰਧ -ਵਿਸ਼ਵਾਸ ਦੇ ਦਿੱਤੇ ਗਏ ਹਨ। ਅਸੀਂ ਇਹਨਾਂ ਨੂੰ ਆਪਣੇ ਨਿੱਜੀ ਅਨੁਭਵ ਦੇ ਆਧਾਰ ‘ਤੇ ਨਹੀਂ ਸਗੋਂ ਦਿੱਤੇ ਗਏ ਰੂਪ ਵਿੱਚ ਹੀ ਪ੍ਰਵਾਨ ਕਰ ਲਿਆ ਹੈ। ਸਪੱਸ਼ਟ ਕਰਨ ਹਿੱਤ ਉਦਾਹਰਣ ਲਈ ਅਸੀਂ ‘ਗੁਰੂ ਰਾਮ ਦਾਸ ਆਸ਼ਰਮ’ ਦੇ ‘ਅਮਰੀਕਨ ਸਿੰਘਾਂ’ ਅਤੇ ‘ਹਰੇ ਕ੍ਰਿਸ਼ਨਾ ਮੂਵਮੈੰਟ’ ਦੇ ਗੋਰੇ ਕਾਲੇ ਮੈਂਬਰਾਂ ਨੂੰ ਲੈਂਦੇ ਹਾਂ। ਇਹ ਦੋਵੇਂ ਗਰੁੱਪ ਜੱਦੀ ਧਾਰਮਕ ਵਿਸ਼ਵਾਸ ਨਾਲ ਸੰਪਰਕ ਨਹੀਂ ਰੱਖਦੇ ਪਰੰਤੂ ਜੇਕਰ ਅਸੀਂ ਇਹਨਾਂ ਦੇ ਵਿਵਹਾਰ ਨੂੰ ਦੇਖੀਏ ਤਾਂ ਸਾਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਏਗਾ ਕਿ ਇਨ੍ਹਾਂ ਦੋਹਾਂ ਗਰੁੱਪਾਂ ਦੇ ਮੈਂਬਰ ਆਪਣੇ ਨਿੱਜੀ ਅਨੁਭਵ ਦੇ ਆਧਾਰ ‘ਤੇ ਵਿਚਰ ਰਹੇ ਹਨ ਅਤੇ ਇਹਨਾਂ ਲਈ ‘ਸਿੱਖ’ ਜਾਂ ‘ਹਿੰਦੂ’ ਧਰਮ ਦਾ ਅਰਥ, ਇਹਨਾਂ ਧਰਮਾਂ ਵਿੱਚ ਜਨਮੇ ਮਨੁੱਖਾਂ ਨਾਲੋਂ ਨਿਸਚੇ ਹੀ ਵੱਖਰਾ ਹੈ, ਡੂੰਘਾ ਹੈ, ਬਿਬੇਕੀ ਅਤੇ ਗੰਭੀਰ ਹੈ। ਅਸੀਂ ਹਿੰਦੂ ਜਾਂ ਸਿੱਖ ਹਾਂ ਕਿਉਂਕਿ ਅਸੀਂ ਅਜਿਹੇ ਧਾਰਮਕ ਸਮਾਜ ਵਿੱਚ ਜਨਮ ਲਿਆ ਹੈ, ਇਹ ‘ਹਿੰਦੂ’ ਜਾਂ ‘ਸਿੱਖ’ ਹਨ ਕਿਉਂਕਿ ਇਹਨਾਂ ਦਾ ਅਨੁਭਵ ਹੈ।

ਜੇ. ਕ੍ਰਿਸ਼ਨਾਮੂਰਤੀ ਦੇ ਕਹਿਣ ਅਨੁਸਾਰ ਇੱਕ ਹੋਰ ਗੱਲ ਵੀ ਹੈ ਕਿ ਜਿਵੇਂ ਜਵਾਨੀ ਦੇ ਦਿਨਾਂ ਵਿੱਚ ਇੱਕ ਸਾਮਵਾਦੀ ਮੰਨ ਲੈਂਦਾ ਹੈ ਕਿ ਪਰਮਾਤਮਾ ਨਹੀਂ ਹੈ, ਤਿਵੇਂ ਹੀ ਅਸੀਂ-ਤੁਸੀਂ ਵੀ ਮੰਨ ਲਿਆ ਹੈ ਕਿ ਈਸ਼ਵਰ ਹੈ। ਇਸ ਲਈ ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਤੁਹਾਡੇ-ਸਾਡੇ ਵਿੱਚ ਅਤੇ ਈਸ਼ਵਰ ਨੂੰ ਨਾ ਮੰਨਣ ਵਾਲੇ ਬੰਦੇ ਵਿੱਚ ਕੋਈ ਅੰਤਰ ਨਹੀਂ, ਕਿਉਂਕਿ ਅਸੀਂ-ਤੁਸੀਂ ਦੋਵੇਂ ਹੀ ਆਪਣੇ ਆਪਣੇ ਸੰਸਕਾਰਾਂ ਦੇ ਸਿੱਟੇ ਹਾਂ।

ਇਹ ਬਿਲਕੁਲ ਨਾ ਸਮਝਣਾ ਕਿ ਮੈਂ ਨਾਸਤਕ ਹਾਂ ਜਾਂ ਮੈਂ ਕਿਸੇ ਧਰਮ ‘ਤੇ ਆਰੋਪ ਲਗਾ ਰਿਹਾ ਹਾਂ, ਜਾਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਤੁਲਨਾ ਕਰਦਿਆਂ ਸਿੱਟੇ ਕੱਢ ਰਿਹਾ ਹਾਂ। ਗੱਲ ਧਰਮ ਤੋਂ ਅੱਗੇ ਧਾਰਮਕਤਾ ਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਡਾ ਵਰਤਮਾਨ ਵਰਤੀਂਦਾ ਧਰਮ ਦੂਜਿਆਂ ਦੀ ਅਨੁਭੂਤੀ ਦਾ ਸਿੱਟਾ ਹੈ, ਇਹ ਸਾਡਾ ਆਪਣਾ ਅਨੁਭਵ ਨਹੀਂ। ਇਸ ਲਈ ਜੱਦੀ ਪ੍ਰਾਪਤ ਰੂੜੀਗਤ ਸੰਸਕਾਰਾਂ ਤੋਂ ਮੁਕਤੀ ਪਾਏ ਬਿਨਾਂ ਬੰਦਾ ਕਿਵੇਂ ਖੋਜ ਕਰ ਸਕੇਗਾ ਕਿ ਕੀ ਹੈ ਅਤੇ ਕੀ ਨਹੀਂ ਹੈ? ਸੱਚ ਜਾਣਨਾ, ਮਨ ਨੂੰ ਇਸ ਤਰ੍ਹਾਂ ਦੇ ਸੰਸਕਾਰਾਂ ਤੋਂ ਮੁੱਕਤੀ ਦਿਲਵਾ ਚੁੱਕਣ ਤੋਂ ਪਹਿਲਾਂ ਹੀ ਇਹ ਕਹਿਣਾ ਕਿ ਮੈਂ ਧਾਰਮਕ ਹਾਂ, ਹਿੰਦੂ ਹਾਂ, ਮੁਸਲਮਾਨ ਹਾਂ, ਸਿੱਖ ਹਾਂ, ਬੋਧੀ ਜਾਂ ਇਸਾਈ ਹਾਂ ਕੀ ਬਿਲਕੁਲ ਬੇਅਰਥ ਨਹੀਂ ਲੱਗਦਾ? ਇਸ ਤਰ੍ਹਾਂ ਦਾ ਮਨ ਧਾਰਮਕ ਮਨ ਨਹੀਂ, ਪਰੰਪਰਾਗਤ ਮਨ ਹੈ। ਡਰਿਆ ਹੋਇਆ ਮਨ ਕਦੇ ਵੀ ਇਹ ਪਤਾ ਨਹੀਂ ਲਗਾ ਸਕਦਾ ਕਿ ਦਿਮਾਗ਼ ਦੀ ਪਹੁੰਚ ਤੋਂ ਪਰੇ ਵੀ ਕੋਈ ਵਸਤੂ ਹੈ ਜਾਂ ਨਹੀਂ। ਕਿਰਪਾ ਕਰਕੇ ਮੇਰੀ ਗੱਲ: ਬੇਸ਼ੱਕ ਨਾ ਸੁਣੋ, ਪਰੰਤੂ ਏਕਾਂਤ ਵਿੱਚ ਬੈਠ ਕੇ ਇਕੱਲਿਆਂ ਕਦੇ ਸਿਰਫ਼ ਆਪਣੇ ਮਨ ਦੀ ਹਰਕਤ ਵੀ ਸੁਣੋ, ਕਿਉਂਕਿ ਆਪਣੇ ਦਿਲ ਦੀ ਹਰਕਤ ਨੂੰ ਸੁਣਨਾ ਵੀ ਇੱਕ ਕਲਾ ਹੈ, ਇੱਕ ਤਜਰਬਾ ਹੈ। ਪੂਰੇ ਮਨ ਨਾਲ ਸੁਣਨਾ ਹੈ, ਅੱਧੇ ਮਨ ਨਾਲ ਨਹੀਂ, ਦੁ-ਚਿੱਤੇ ਮਨ ਨਾਲ ਨਹੀਂ। ਦਰਅਸਲ ਅਸੀਂ ਆਮ ਤੌਰ ‘ਤੇ ਕੇਵਲ ਅੱਧੇ ਮਨ ਨਾਲ ਹੀ ਸੁਣਨ ਦੇ ਆਦੀ ਹਾਂ: ਤੋਲਦੇ ਹੋਏ, ਡਰਦੇ ਹੋਏ, ਖੰਡਨ ਕਰਦੇ ਹੋਏ। ਅਸੀਂ ਸੁਣਦੇ ਹਾਂ ਅਤੇ ਨਾਲ ਹੀ ਇਹ ਵੀ ਸੋਚਦੇ ਹਾਂ ਕਿ ਜੋ ਕੁੱਝ ਸੁਣ ਰਹੇ ਹਾਂ ਉਸ ਨਾਲ ਸਹਿਮਤ ਹੋਇਆ ਜਾਵੇ ਕਿ ਨਾ।

ਕੁੱਝ ਧਾਰਮਕ ਲੋਕ ਜੇਕਰ ਤਰਕਹੀਨ ਹਨ ਤਾਂ ਉਹ ਮਾਨਸਿਕ ਦ੍ਰਿਸ਼ਟੀ ਤੋਂ ਜ਼ਰੂਰ ਹੀ ਬਿਮਾਰ ਹੁੰਦੇ ਹਨ। ਤਰਕ ਜ਼ਰੂਰੀ ਹੈ, ਖੋਜ ਜ਼ਰੂਰੀ ਹੈ। ਬਿਨਾਂ ਤਰਕ ਜਾਂ ਖੋਜ ਦੇ, ਪ੍ਰਵਾਨਗੀ ਵਿੱਚ ਡਰ ਮਿਲਿਆ ਹੁੰਦਾ ਹੈ। ਧਾਰਮਕ ਮਨ ਕਦੇ ਵੀ ਕਿਸੇ ਮਾਨਤਾ ਵਿੱਚ ਬੱਝਿਆ ਨਹੀਂ ਹੁੰਦਾ, ਉਹ ਤਾਂ ਸਾਡੇ ਸੰਸਕਾਰਾਂ ਦੀ ਚੀਰ-ਫਾੜ ਕਰਕੇ ਸੱਚ ਪ੍ਰਗਟ ਕਰਨ ਦੀ ਕੋਸ਼ਿਸ ਕਰਦਾ ਹੈ। ਝੂਠ ਨੂੰ ਬੇਨਕਾਬ ਕਰਦਾ ਹੈ। ਸਾਰੇ ਪਰਦੇ ਲਾਹ ਦਿੰਦਾ ਹੈ।

ਪਰ ਅਕਸਰ ਅਸੀਂ ਸੰਸਕਾਰ ਨਹੀਂ ਤੋੜਦੇ, ਤੋੜਨ ਦਾ ਯਤਨ ਵੀ ਨਹੀਂ ਕਰਦੇ ਅਤੇ ਨਾ ਹੀ ਤੋੜਨ ਦੀ ਹਿੰਮਤ ਹੀ ਕਰਦੇ ਹਾਂ। ਕਿਉਂ ਭਲਾ? ਇਸ ਲਈ ਕਿ ਕਿਤੇ ਸਾਡੀ ਇੱਜ਼ਤ ਨਾ ਜਾਂਦੀ ਰਹੇ। ਇਸੇ ਇੱਜ਼ਤਦਾਰ ਸਮਾਜ ਵਿੱਚ, ਜਿਹੜਾ ਕਿ ਅਕਸਰ ਗੰਦਾ ਜਾਂ ਗੰਧਲਾ ਰਹਿੰਦਾ ਹੈ, ਮਨੁੱਖ ਕਦੇ ਵੀ ਸਮੁੱਚੇ ਤੌਰ ‘ਤੇ ਮਰਿਆਦਾਵਾਂ ਨੂੰ ਨਹੀਂ ਤੋੜਦਾ। ਇਸਦਾ ਇਹ ਅਰਥ ਨਹੀਂ ਕਿ ਉਹ ਤੋੜ ਨਹੀਂ ਸਕਦਾ। ਜ਼ਰੂਰ ਤੋੜ ਸਕਦਾ ਹੈ, ਉਹ ਸਮਰੱਥ ਹੈ ਪਰੰਤੂ ਉਹ ਸਮਾਜ ਦੇ ਡਰੋਂ, ਭਲਾ ਬੁਰਾ ਆਖੇ ਜਾਣ ਦੇ ਡਰੋਂ ਜਾਂ ਡਰਪੋਕ ਹੋਣ ਕਾਰਨ ਨਹੀਂ ਤੋੜਦਾ ਜਾਂ ਤੋੜਨ ਦਾ ਸਾਹਸ ਨਹੀਂ ਕਰਦਾ। ਸਮਝਣ ਵਾਲੀ ਗੱਲ ਹੈ ਕਿ ਜਦ ਤੱਕ ਮਨ ਵਿੱਚ ਦਵੰਦ ਨਹੀਂ ਚਲਦਾ, ਕਿੰਤੂ-ਪਰੰਤੂ ਕਰਨ ਦੀ ਭਾਵਨਾ ਨਹੀਂ ਜਾਗਦੀ, ਸੱਚ ਹੱਥ ਕਿਵੇਂ ਆਵੇਗਾ?

ਲਾਲਾ ਹਰਦਿਆਲ ਜੀ, ‘ਬੌਧਿਕ ਸਭਿਆਚਾਰ’ ਲੇਖ ਵਿੱਚ ਲਿਖਦੇ ਹਨ: ‘ਇਹ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਆਪਣੇ ਮਨ ਦਾ ਵਿਕਾਸ ਕਰੋ, ਇਸਨੂੰ ਸਿਖਾਓ ਅਤੇ ਉੱਨਾਂ ਗਿਆਨ ਪ੍ਰਾਪਤ ਕਰੋ ਜਿੰਨਾ ਤੁਸੀਂ ਸੰਭਾਵਿਤ ਪ੍ਰਾਪਤ ਕਰ ਸਕਦੇ ਹੋਵੋ। ਗਿਆਨ ਇੱਕ ਖੂਹ ਵਾਂਗ ਹੈ ਜਿਸਨੂੰ ਨਿਰੰਤਰ ਚਸ਼ਮੇ ਭਰਦੇ ਹਨ ਅਤੇ ਤੁਹਾਡਾ ਮਨ ਇੱਕ ਬਾਲਟੀ ਦੀ ਤਰ੍ਹਾਂ ਹੈ ਜਿਸਨੂੰ ਤੁਸੀਂ ਇਸ ਵਿੱਚ ਸੁੱਟ ਸਕੋ ਅਤੇ ਉਨਾਂ ਗਿਆਨ ਪ੍ਰਾਪਤ ਕਰ ਸਕੋ ਜਿੰਨਾ ਤੁਸੀਂ ਪ੍ਰਾਪਤ ਕਰ ਸਕਦੇ ਹੋਵੋ। … ਗਿਆਨ ਅਤੇ ਮਾਨਸਿਕ ਆਤਮ-ਸਭਿਅਤਾ ਤੁਹਾਨੂੰ ਬੇਹਿਸਾਬ ਆਸ਼ੀਰਵਾਦ ਪ੍ਰਦਾਨ ਕਰਨਗੇ। ਤੁਸੀਂ ਧਰਮ ਅਤੇ ਸਿਆਸਤ ਵਿੱਚ ਅੰਧ-ਵਿਸ਼ਵਾਸ ਅਤੇ ਭੜਕਾਹਟ ਦਾ ਸ਼ਿਕਾਰ ਨਹੀਂ ਹੋਵੋਗੇ। -’ਤਰਕ ਬੋਧ’, ਜੁਲਾਈ-ਅਗਸਤ 1972, ਵਿਚੋਂ।

ਦਰਅਸਲ ਕਿਸੇ ਦਾ ਪਿੱਛਾ ਕਰਨਾ ਆਪਣੇ ਵਿਚਾਰਾਂ ਨੂੰ ਆਪਣੀ ਸੁਤੰਤਰਤਾ ਨੂੰ ਨਸ਼ਟ ਕਰਨਾ ਹੈ। ਫ਼ਾਰਸੀ ਦਾ ਕਵੀ ‘ਸ਼ੇਖ ਸਾਅਦੀ’ ਉਪਦੇਸ਼ ਦੇਂਦਿਆਂ ਕਹਿੰਦਾ ਹੈ: ‘ਆਦਮੀ ਨੂੰ ਗਿਆਨ ਦੇ ਪਿੱਛੇ ਮੋਮਬੱਤੀ ਦੀ ਤਰ੍ਹਾਂ ਪਿਘਲ ਜਾਣਾ ਚਾਹੀਦਾ ਹੈ। ਇਹ ਤੁਹਾਡਾ ਫ਼ਰਜ਼ ਹੈ ਭਾਵੇਂ ਕਿ ਤੁਹਾਨੂੰ ਇਸਦੀ ਪ੍ਰਾਪਤੀ ਲਈ ਸਾਰੀ ਧਰਤੀ ਉਪਰੋਂ ਹੀ ਕਿਉਂ ਨਾ ਲੰਘਣਾ ਪਵੇ।’

ਅਸੀਂ ਫਿਰ ਵੀ ਗ਼ਲਤ ਪਿੱਛਾ ਕਰਦੇ ਹਾਂ। ਪਿੱਛਾ ਕਿਉਂ ਕਰਦੇ ਹਾਂ ਕੁੱਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਫਲ ਹੋਣਾ ਚਾਹੁੰਦੇ ਹਾਂ। ਇਹ ਸਭ ਕਰਦਿਆਂ ਅਸੀਂ ਡਰਦੇ ਹਾਂ। ਡਰ ਸਦਾ ਸਫਲ ਸੱਚ ਦੀ ਖੋਜ ਦਾ ਵੈਰੀ ਹੈ। ਡਰਿਆ ਹੋਇਆ ਸਰੀਰ ‘ਤੇ ਡਰਿਆ ਹੋਇਆ ਮਨ ਸਭ ਵਸਤਾਂ ਵਿੱਚੋਂ ਆਰਾਮ, ਰਾਹਤ ਅਤੇ ਸੁਰੱਖਿਆ ਹੀ ਚਾਹੁੰਦਾ ਹੈ।

ਧਾਰਮਕ ਮਨ ਦਾ ਪਹਿਲਾ ਨਿਸ਼ਾਨਾ ਤਾਂ ਪਹਿਲਾਂ ਆਪਣੇ ਆਪ ਨੂੰ ਜਾਣਨਾ ਹੈ, ਪਰਮ-ਤੱਤਵ ਨੂੰ ਜਾਣਨਾ ਤਾਂ ਮਗਰੋਂ ਦੀ ਗੱਲ ਹੈ। ਧਾਰਮਕ ਵਿਚਾਰ ਕਹਿੰਦੀ ਹੈ ਕਿ ਮਨੁੱਖ ਸਰੀਰ ਅਤੇ ਆਤਮਾ ਦਾ ਬਣਿਆ ਹੋਇਆ ਹੈ। ਉਸ ਬੁੱਧੀ ਬਾਰੇ ਚੁੱਪ ਸਾਧੀ ਹੋਈ ਹੈ। ਇੰਝ ਲੱਗਦਾ ਹੈ ਕਿ ਹੁਣ ਗਿਆਨ ਦੀ ਪ੍ਰਾਪਤੀ ਲਈ ਬੁੱਧੀ ਦਾ ਯੋਗਦਾਨ ਵੀ ਜ਼ਰੂਰੀ ਹੈ। ਪਰਮ-ਚੇਤਨਾ ਨੂੰ ਅਭੋਲ ਹੀ ਨਿੱਕਾ ਜੇਹਾ ਸੰਕੁਚਿਤ ਅਤੇ ਜੜ੍ਹ ਮਨ ਕਿਵੇਂ ਤੇ ਕਦੋਂ ਜਾਣ ਸਕੇਗਾ? ਉਹ ਬੁੱਧੀ ਜਿਹੜੀ ਡਰ, ਵਿਰੋਧ, ਦੁੱਖ, ਪੀੜਾ, ਇੱਛਾਵਾਂ ਅਤੇ ਈਰਖਾ ਤੋਂ ਬਣੀ ਹੈ, ਉਹ ਅਪੁੱਜ ਤੱਕ ਕਿਵੇਂ ਪੁੱਜੇਗੀ? ਸਾਨੂੰ ਕੀ ਹੋਣਾ ਚਾਹੀਦਾ ਹੈ, ਇਹ ਜਾਣਨ ਤੋਂ ਪਹਿਲਾਂ ਇਹ ਖੋਜਣਾ ਹੀ ਪਵੇਗਾ ਕਿ ‘ਅਸੀਂ ਕੀ ਹਾਂ?’ ਅਗਿਆਨਤਾ ਲਈ ਕੋਈ ਥਾਂ ਨਹੀਂ, ਗਿਆਨਵਾਨ ਹੋਣ ਦੀ ਲਾਲਸਾ ਕਰਦਿਆਂ ਯਤਨ ਜ਼ਰੂਰੀ ਹੈ। ਗਿਆਨ, ਵਿਗਿਆਨ ਆਪਣੀ ਥਾਂ ਅਤੇ ਧਰਮ ਆਪਣੀ ਥਾਂ। ਪਰੰਤੂ ਇਹ ਵੱਖ-ਵੱਖ ਹੁੰਦੇ ਹੋਏ ਵੀ ਇੱਕ ਦੂਜੇ ‘ਤੇ ਨਿਰਭਰ ਹਨ। ਜੇਕਰ ਵਿਗਿਆਨ ਵਿੱਚ ਸਾਰਾ ਜੀਵਨ ਨਹੀਂ ਸਮੋਂਦਾ ਤਾਂ ਧਰਮ ਵਿੱਚ ਵਿਗਿਆਨੀ ਹੁੰਦਿਆਂ ਸਾਰਾ ਜੀਵਨ ਸਮੋ ਜਾਂਦਾ ਹੈ। ਧਰਮ ਤੋਂ ਅੱਗੇ, ਗਿਆਨ ਪ੍ਰਾਪਤ ਕਰ ਚੁਕਿਆ ਇੱਕ ਧਾਰਮਕ ਮਨ ਸਮੁੱਚੇ ਮਨੁੱਖ ਨੂੰ ਪਕੜਦਾ ਹੈ, ਉਸਦੇ ਕਿਸੇ ਇੱਕ ਅੰਗ ਨੂੰ ਨਹੀਂ। ਜੇਕਰ ਅਸੀਂ ਤੁਸੀਂ ਸੋਚਦੇ ਹਾਂ ‘ਮੈਨੂੰ ਘੁਮੰਡੀ ਨਹੀਂ ਹੋਣਾ ਚਾਹੀਦਾ’ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ-ਤੁਸੀਂ ਸੱਚ ਨੂੰ ਨਹੀਂ ਦੇਖਿਆ। ਅਸੀਂ-ਤੁਸੀਂ ਸਭ ਘੁਮੰਡੀ ਹਾਂ, ਮੰਨੀਏ ਭਾਵੇਂ ਨਾ। ਜ਼ਹਿਰ ਭਰਿਆ ਸੱਪ ਦੇਖ ਕੇ ਅਸੀਂ-ਤੁਸੀਂ ਇੱਕ ਦਮ ਪਰੇ ਹੱਟ ਜਾਂਦੇ ਹਾਂ। ਇੱਥੇ ਵਿਚਾਰ ਨਹੀਂ ਹੁੰਦੀ, ਤੁਰੰਤ ਕਿਰਿਆ ਹੁੰਦੀ ਹੈ। ਫਿਰ ਕੀ ਕਾਰਨ ਹੈ ਕਿ ਅਸੀਂ-ਤੁਸੀਂ ਇਹ ਤਾਂ ਜਾਣਦੇ ਹਾਂ ਕਿ ਸਾਨੂੰ ‘ਘੁਮੰਡੀ ਨਹੀਂ ਹੋਣਾ ਚਾਹੀਦਾ’ ਫਿਰ ਵੀ ਇਸ ਨੂੰ ਦੂਰ ਕਰਨ ਸੰਬੰਧੀ ਕੋਈ ਵੀ ਤੁਰੰਤ ਕਿਰਿਆ ਨਹੀਂ ਹੁੰਦੀ? ਵੇਖਣ, ਵੇਖਣ ਵਿੱਚ ਅੰਤਰ ਹੈ। ਇੱਕ ਦੇਖਣਾ ਅਜਿਹਾ ਹੈ ਜਿਸ ਵਿੱਚ ਸਮਾਂ ਲੱਗਦਾ ਹੈ, ਦੂਜਾ ਦੇਖਣਾ ਅਜਿਹਾ ਹੈ ਜਿਸ ਵਿੱਚ ਬਿਲਕੁਲ ਹੀ ਕੋਈ ਸਮਾਂ ਨਹੀਂ ਲੱਗਦਾ।

ਅਤੇ ਮੈਂ ਗੱਲ ਅਜਿਹੇ ਮਨ ਦੀ ਕਰ ਰਿਹਾ ਹਾਂ ਜਿਹੜਾ ਮਨ ਬਿਨਾਂ ਸਮੇਂ ਦੇ, ਬਿਨਾਂ ਵਿਚਾਰ ਦੇ ਦੇਖ ਸਕਦਾ ਹੈ ਅਤੇ ਕਿਰਿਆਸ਼ੀਲ ਹੋ ਸਕਦਾ ਹੈ। ਅਜਿਹਾ ਧਾਰਮਕ ਮਨ ਹੀ ਅਸੀਮ ਨੂੰ ਨਾਪਦਾ ਹੋਇਆ ‘ਉਸਨੂੰ’ ਪਕੜੇਗਾ।

Read 650 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ