ਚਿੰਤਾ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਹ ਮਨੁੱਖ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ ਹੀ ਅੰਦਰ ਖੋਖਲਾ ਕਰ ਦਿੰਦੀ ਹੈ। …ਰਾਜਿੰਦਰ ਆਵਸਥੀ, ‘ਕਾਦੰਬਨੀ’
ਚਿੰਤਾ ਜਾਂ ਫ਼ਿਕਰ ਦਰਸਾਉਂਦਾ ਹੈ ਕਿ ਮਨੁੱਖ ਮਨ ਕਰਕੇ ਡਾਂਵਾ-ਡੋਲ ਹੈ, ਵਿਚਲਿਤ ਹੈ। ਉਸਦੇ ਮਨ-ਮਸਤਿਕ ਅੰਦਰ ਕੋਈ ਕਸ਼ਮਕਸ਼ ਹੈ। ਸੁੱਕੀ ਅਤੇ ਜਲ਼ਦੀ ਧਰਤੀ ‘ਤੇ ਮੀਂਹ ਰਾਹੀਂ ਪਾਣੀ ਦੀ ਫੁਹਾਰ ਪੈਂਦੀ ਹੈ ਅਤੇ ਧਰਤੀ ਦੀ ਕੁੱਖ ਤੋਂ ਹਰੀ-ਬਨਸਪਤੀ ਮੌਲਦੀ ਹੈ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਹਰੀ-ਬਨਸਪਤੀ ਦਾ ਜਨਮ-ਸਰੋਤ ਪਾਣੀ ਹੈ। ਪਰ ਮਨ-ਮਸਤਿਕ ਦੇ ਵਿੱਚੋਂ ਉਗਮਣ ਵਾਲੀ ਚਿੰਤਾ ਦਾ ਸਰੋਤ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ, ਕੀ ਹੈ?
ਚਲੋ ਚਿੰਤਾ ਦੇ ਸਰੋਤ ਦਾ ਪਤਾ ਨਾ ਸਹੀ, ਪਰ ਗਿਆਨ ਦਾ ਸਰੋਤ ਕੀ ਹੈ? ਗਿਆਨ ਦੇ ਨਾਂ ਉੱਤੇ ਨਿਸਚੇ ਹੀ ਕਿਹਾ ਜਾ ਸਕਦਾ ਹੈ ਕਿ ਗਿਆਨ ਡਰ ਤੋਂ ਉਤਪੰਨ ਹੁੰਦਾ ਹੈ, ਹੋ ਸਕਦਾ ਹੈ। ਜਿਵੇਂ ਗਿਆਨ ਦਾ ਥਾਹ ਨਹੀਂ, ਤਿਵੇਂ ਹੀ ਡਰ ਦਾ ਵੀ ਥਾਹ ਨਹੀਂ।
***
ਬੱਚਿਆਂ ਦਾ ਹਿਰਦਾ ਡਰ ਤੋਂ ਮੁਕਤ ਹੋਣਾ ਚਾਹੀਦਾ ਹੈ। ਪਰ ਗਿਆਨ ਰਹਿਤ-ਬਾਲਕ ਵੱਡਾ ਹੋਕੇ ਕੀ ਕਰੇਗਾ? ਗਿਆਨ ਦਾ ਸਰੋਤ ਜੇਕਰ ਡਰ ਹੈ ਤਾਂ ਇਹ ਡਰ ਬਾਲਕ ਲਈ ਕਿਵੇਂ ਸਹਾਇਕ ਹੋਵੇ? ਬੱਚੇ ਦੀ ਸੋਚ ਕੱਚੀ ਮਿੱਟੀ ਦੀ ਤਰ੍ਹਾਂ ਨਰਮ ਹੁੰਦੀ ਹੈ। ਕੱਚੀ ਨਰਮ ਮਿੱਟੀ ਨੂੰ ਪੱਥਣਾ ਅਤੇ ਲੋੜ ਅਨੁਸਾਰ ਆਕਾਰ ਦੇਣਾ ਸਹਿਜ ਹੁੰਦਾ ਹੈ। ਬੱਚੇ ਦੀ ਅੰਤਹਕਰਣ ਢਲੀ ਹੋਈ ਮੋਮ ਵਰਗੀ ਹੁੰਦੀ ਹੈ, ਉਸਨੂੰ ਲੋੜੀਂਦੀ ਆਕ੍ਰਿਤੀ ਦੇਣੀ ਔਖੀ ਨਹੀਂ। ਜਿਵੇਂ ਨਵੇਂ ਅਤੇ ਕੱਚੇ ਘੜੇ ਉੱਤੇ ਖਿੱਚੀਆਂ ਹੋਈਆਂ ਲਕੀਰਾਂ, ਘੜੇ ਦੇ ਪੱਕਣ ਉਪਰੰਤ ਘੜੇ ਦੇ ਭੱਜ ਜਾਣ ਤੱਕ ਕਾਇਮ ਰਹਿੰਦੀਆਂ ਹਨ, ਤਿਵੇਂ ਹੀ ਬੱਚਿਆਂ ਦੇ ਨਿਰਮਲ ਅੰਤਹਕਰਣ ਉੱਤੇ ਉਕਰੇ ਹੋਏ ਚੰਗੇ ਸੰਸਕਾਰ ਵੀ ਜੀਵਨ ਦੇ ਅੰਤਮ ਦਿਨ ਤਕ ਕਾਇਮ ਰਹਿੰਦੇ ਹਨ।
ਬਾਂਸ ਬੜੇ ਹੀ ਕੰਮ ਦੀ ਚੀਜ਼ ਹੈ। ਸੁੱਕੇ ਬਾਂਸ ਆਪਸ ਵਿੱਚ ਖਹਿ-ਖਹਿ ਪੈਦਾ ਕੀਤੀ ਗਰਮੀ ਨਾਲ ਅੱਗ ਵਰ੍ਹਾਉਂਦੇ, ਜੰਗਲਾਂ ਦੇ ਜੰਗਲ ਸੁਆਹ ਕਰ ਦਿੰਦੇ ਹਨ। ਪਰ ਬਾਂਸ ਤੋਂ ਹੀ ‘ਕਮਾਨ’ ਵੀ ਬਣਦੀ ਹੈ। ਬਾਂਸ ਤੋਂ ਬਣੀ ਕਮਾਨ ਨਾਲ ਜਦੋਂ ਤੱਕ ਡੋਰ ਨਹੀਂ ਲੱਗਦੀ, ਡੋਰ ਖਿੱਚ ਕੇ ਚਿੱਲਾ ਨਹੀਂ ਚਾੜ੍ਹਿਆ ਜਾਂਦਾ ਅਤੇ ਨਿਸ਼ਾਨਾ ਸਾਧ ਕੇ ਤੀਰ ਨਹੀਂ ਛੱਡਿਆ ਜਾਂਦਾ ਤੀਰ ਆਪਣੇ ਨਿਸ਼ਾਨੇ ‘ਤੇ ਨਹੀਂ ਲੱਗ ਸਕਦਾ। ਕਮਾਨ, ਰੱਸੀ ਤੋਂ ਬਿਨਾਂ ਅਤੇ ਬਾਲਕ, ਗੁਣ-ਗਿਆਨ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਗਿਆਨ ਦੀ ਪ੍ਰਾਪਤੀ ਬਾਲਕ-ਮਨੁੱਖ ਲਈ ਅਤਿ ਲੋੜੀਂਦੀ ਹੈ। ਗਿਆਨ ਅਤੇ ਡਰ ਇੱਕ ਦੂਜੇ ਦੇ ਪੂਰਕ ਹਨ।
***
ਗੱਲ ਡਰ ਅਤੇ ਗਿਆਨ ਦੀ ਕਰ ਰਹੇ ਸਾਂ। ਹੁਣ ਗੱਲ ਸੰਕਲਪ ਦੀ ਕਰਨੀ ਹੈ, ਸਿੰਧੂ ਦੀ ਕਰਨੀ ਹੈ ਅਤੇ ਬਿੰਦੂ ਦੀ ਵੀ। ਮੰਨਿਆ ਜਾਂਦਾ ਹੈ ਕਿ ਰੱਬ ਨੇ ਸੰਕਲਪ ਕੀਤਾ ਤੇ ਸੰਸਾਰ ਦੀ ਉਤਪਤੀ ਕਰ ਦਿੱਤੀ। ਇੰਝ ਹੀ ਅਸੀਂ ਮਨੁੱਖ ਵੀ ਸੰਕਲਪ ਕਰਦੇ ਹਾਂ ਅਤੇ ਆਪਣੇ ਘਰ, ਆਪਣੇ ਪਰਵਾਰ ਅਤੇ ਕੰਮ ਕਿੱਤਿਆਂ ਦੀ ਰਚਨਾ ਕਰਦੇ ਹਾਂ। ਇੰਝ ਅਸੀਂ ਵੀ ਇੱਕ ਪ੍ਰਕਾਰ ਨਾਲ ਰੱਬ ਹੀ ਹਾਂ। ਕੀ ਕੋਈ ਅੰਤਰ ਹੈ? ਜ਼ਰੂਰ ਹੈ। ਰੱਬ ‘ਸਿੰਧੂ’ ਭਾਵ ਸਾਗਰ ਹੈ ਅਤੇ ਅਸੀਂ ਕੇਵਲ ਇੱਕ ‘ਬਿੰਦੂ’ ਹਾਂ। ਮਨੁੱਖ ਅਤੇ ਰੱਬ ਦੀ ਤਾਕਤ ਵਿੱਚ ਅੰਤਰ ਹੈ। ਵਗਦੇ ਪਾਣੀ ਵਿੱਚੋਂ ਭਰ ਕੇ ਲਿਆਂਦੇ ਗਏ ਘੜੇ ਵਿੱਚ ਵੀ ਪਾਣੀ ਹੀ ਹੈ ਪਰ ਘੜੇ ਦੇ ਪਾਣੀ ਵਿੱਚ ਕਿਸ਼ਤੀਆਂ ਨਹੀਂ ਚੱਲ ਸਕਦੀਆਂ, ਭਾਵੇਂ ਕਿ ਦੋਹਾਂ ਵਿੱਚ ਇੱਕ ਹੀ ਪਰਕਾਰ ਦਾ ਜਲ ਹੈ। ਜਿਵੇਂ ਦੋਹਾਂ ਹੀ ਪਾਣੀਆਂ ਵਿੱਚ ਅੰਤਰ ਹੈ, ਇੰਝ ਮਨੁੱਖ ਅਤੇ ਕਾਇਨਾਤ ਦੇ ਰਚਨਹਾਰ ਦੀ ਤਾਕਤ ਵਿੱਚ ਅੰਤਰ ਹੈ।
ਆਪਨੂੰ ਸਹਿਜੇ ਹੀ ‘ਅਵਤਾਰਵਾਦ’ ਦੇ ਸਿਧਾਂਤ ਦੀ ਇੱਕ ਨਾਮ-ਮਾਤਰ ਝਲਕ ਦਿਖਾ ਰਿਹਾ ਹਾਂ। ਕੀ ਸਹੀ ਹੈ, ਕੀ ਗ਼ਲਤ ਹੈ? ਇਸ ਚੱਕਰ ਵਿੱਚ ਨਹੀਂ ਪੈ ਰਿਹਾ। ਈਸ਼ਵਰ ਹੈ ਜਾਂ ਨਹੀਂ, ਇਸ ਸਵਾਲ ਵਿੱਚ ਨਾ ਹੀ ਉਲਝਿਆ ਜਾਵੇ ਤਾਂ ਬਿਹਤਰ ਹੈ। ਚੱਲੋ ਇੱਕ ਪੱਲ ਲਈ ਸੋਚ ਲਈਏ: ‘ਹਾਂ ਰੱਬ ਹੈ।’ ਉਸਦੇ ਰੂਪ? ਉਹ ਸਾਕਾਰ ਵੀ ਹੈ ਅਤੇ ਨਿਰਾਕਾਰ ਵੀ ਹੈ। ਮਨ, ਆਤਮਾ ਅਤੇ ਸਰੀਰ ਇੱਕ ਹਨ। ਜੇਕਰ ਆਤਮਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਤੁਸੀਂ ਜਾਂ ਮੈਂ, ਅਸੀਂ ਸਭ ਨਿਰਾਕਾਰ ਹਾਂ। ਜੇਕਰ ਸਰੀਰ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਅਸੀਂ ਸਭ ਸਾਕਾਰ ਹਾਂ। ਇਸ ਵਿਚਾਰ ਨਾਲ ਤੁਰਨ ਕਾਰਨ ਕੀ ਕੰਮ ਸੰਵਰੇਗਾ ਜਾਂ ਵਿਗੜੇਗਾ?
ਤੁਸੀਂ, ਅਸੀਂ ਨਿਰਾਕਾਰ ਹਾਂ ਪਰ ਅਸੀਂ ਸਾਕਾਰ ਬਣਦੇ ਹਾਂ ਕਿ ਨਹੀਂ? ਸਾਡੇ ਵਿੱਚ ਹੀ ਸਾਡੇ ਧੀਆਂ-ਪੁੱਤਰ ਸਮਾਏ ਹੋਏ ਹਨ। ਆਤਮਾ ਕਰਕੇ, ਇੱਧਰ ਅਸੀਂ ਨਿਰਾਕਾਰ ਹਾਂ ਅਤੇ ਦੂਜੇ ਬੰਨੇ ਅਸੀਂ ਸਾਕਾਰ ਬਣਕੇ ਜਨਮ ਲੈ ਰਹੇ ਹਾਂ।
ਸ਼ੰਕਰਾਚਾਰੀਆ ਦੇ ਪ੍ਰਬਚਨਾਂ ਵਿੱਚੋਂ ਇੱਕ ਦ੍ਰਿਸ਼ਟਾਂਤ ਦੇਣਾ ਬਣਦਾ ਹੈ: ਇੱਕ ਪਹਿਲਵਾਨ ਸੀ। ਚੰਗੀ ਖੁਰਾਕ ਖਾਂਦਾ ਸੀ। ਰੋਜ਼ ਕਸਰਤ ਕਰਦਾ ਅਤੇ ਇੱਕ ਅੰਬ ਦੀ ਮੋਟੀ ਟਹਿਣੀ ਨੂੰ ਇੱਕ ਹੱਥ ਦੇ ਜ਼ੋਰ ਨਾਲ ਖਿੱਚ੍ਹ ਕੇ ਜ਼ਮੀਨ ਉੱਤੇ ਲਾ ਦਿੰਦਾ। ਪਹਿਲਵਾਨ ਦਾ ਵਿਆਹ ਹੋ ਗਿਆ। ਸਮਾਂ ਪਾ ਕੇ ਬਾਲ-ਬੱਚੇ ਹੋ ਗਏ। ਇੱਕ ਦਿਨ ਪਤੀ-ਪਤਨੀ ਬੱਚਿਆਂ ਸਮੇਤ ਸੈਰ ਕਰਦੇ ਕਰਦੇ ਅੰਬ ਦੇ ਦਰੱਖਤ ਵੱਲਾਂ ਆ ਨਿਕਲੇ। ਆਖ਼ਿਰ ਪਹਿਲਵਾਨ ਹੀ ਸੀ ਨਾ। ਅੰਬ ਦੇ ਨੇੜੇ ਪੁੱਜ ਕੇ ਮੁੜ ਅੰਬ ਦੀ ਟਹਿਣੀ ਨੂੰ ਝੁਕਾਉਣ ਦਾ ਵਿਚਾਰ ਆਇਆ। ਛਾਲ ਮਾਰ ਕੇ ਮੋਟੀ ਟਹਿਣੀ ਨੂੰ ਜਾ ਜੱਫਾ ਮਾਰਿਆ, ਪਰ ਇਹ ਕੀ ਪੂਰਾ ਜ਼ੋਰ ਲਗਾਉਣ ‘ਤੇ ਵੀ ਪਹਿਲਵਾਨ ਟਹਿਣੀ ਨੂੰ ਹੇਠਾਂ ਨਾ ਖਿੱਚ ਸਕਿਆ। ਪਹਿਲਵਾਨ ਨੂੰ ਬੜਾ ਦੁੱਖ ਲੱਗਾ ਅਤੇ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਵਾਨ ਇਸ ਗੱਲ ਦੇ ਗ਼ਮ ਕਾਰਨ ਬਿਮਾਰ ਪੈ ਗਿਆ। ਪਤਨੀ ਨੂੰ ਕੋਸਣ ਲੱਗ ਪਿਆ। ਪਤਨੀ ਨੇ ਸੁਝਾਅ ਦਿੱਤਾ ਕਿਉਂ ਨਾ ਆਪਣੇ ਗਿਆਨ-ਦਾਤਾ ਪਾਸ ਪੁੱਜ ਕੇ ਇਸ ਗੱਲ ਦਾ ਨਿਰਣਾ ਕਰ ਲਿਆ ਜਾਵੇ। ਸਾਰੀ ਵਿਥਿਆ ਸੁਣਨ ਉਪਰੰਤ ਸ਼ੰਕਰਾਚਾਰੀਆ ਜੀ ਪਤੀ-ਪਤਨੀ ਅਤੇ ਬੱਚਿਆਂ ਨੂੰ ਲੈ ਕੇ ਉਸੇ ਹੀ ਅੰਬ ਦੇ ਦਰਖ਼ਤ ਪਾਸ ਪੁੱਜੇ। ਉਨ੍ਹਾਂ ਨੇ ਪਰਵਾਰ ਦੇ ਸਾਰਿਆਂ ਜੀਆਂ ਨੂੰ ਕਿਹਾ: ‘‘ਇਸ ਅੰਬ ਦੀ ਟਹਿਣੀ ਨੂੰ ਫੜੋ ਅਤੇ ਹੇਠਾਂ ਜ਼ਮੀਨ ਉਤੇ ਖਿੱਚ ਕੇ ਲਗਾਉ।’ ਟਹਿਣੀ ਜ਼ਮੀਨ ‘ਤੇ ਲਗ ਗਈ। ਪਹਿਲਵਾਨ ਬੋਲਿਆ: ‘‘ਪਹਿਲਾਂ ਤਾਂ ਮੈਂ ਇੱਕਲਾ ਹੀ ਟਹਿਣੀ ਨੂੰ ਖਿਚ ਕੇ ਜ਼ਮੀਨ ਉਤੇ ਲਗਾ ਦਿਆ ਕਰਦਾ ਸੀ, ਹੁਣ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਇਕੱਠਾ ਜ਼ੋਰ ਲਗਾਇਆ ਹੈ।” ਸ਼ੰਕਰਾਚਾਰੀਆ ਜੀ ਬੋਲੇ: “ਇਹ ਬਾਲ-ਬੱਚੇ ਵੀ ਤਾਂ ਤੇਰੇ ਹੀ ਹਨ। ਤੇਰੀ ਤਾਕਤ ਹੀ ਹਨ।”
ਚਿੰਤਾ ਕਿਸ ਗੱਲ ਦੀ ਹੈ? ਇਹ ਤੋਖਲਾ ਤਾਂ ਜਾਨ ਲੇਵਾ ਸਾਬਤ ਹੋ ਸਕਦਾ ਹੈ। ਇਸ ਡਰ ਤੋਂ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ।
***
ਮਨੁੱਖ ਨੂੰ ਤਰਕਸ਼ੀਲ ਹੋਣਾ ਚਾਹੀਦਾ ਹੈ। ਜਿਹੜਾ ਵੀ ਕੋਈ ਆਪਣੇ ਵਿਸ਼ਵਾਸ਼ਾਂ ਸੰਬੰਧੀ ਕਿਸੇ ਨੂੰ ਕਿੰਤੂ-ਪਰੰਤੂ ਕਰਨ, ਬਹਿਸ-ਮੁਬਾਹਸਾ ਕਰਨ ਅਤੇ ਪਰਖ-ਪੜਚੋਲ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਧੱਕੇ ਨਾਲ ਆਪਣੀ ਸੋਚ ਦੂਜੇ ਉਤੇ ਠੋਸਦਾ ਹੈ, ਉਹ ਨਿਸਚੈ ਹੀ, ਧਰਮ ਸੰਬੰਧੀ ਗ਼ਲਤ-ਫਹਿਮੀਆਂ ਨੂੰ ਜਨਮ ਦਿੰਦਾ ਹੋਇਆ ਸਚਾਈ ਤਕ ਪੁੱਜਣ ਲਈ ਸਮਾਜਕ ਤਰੱਕੀ ਦੇ ਦਰਵਾਜ਼ੇ ਬੰਦ ਕਰਦਾ ਹੈ। ਅਜਿਹੀ ਸੋਚਣੀ ਨਿਸਚੇ ਹੀ ਡਰਾਉਣੀ ਸੂਝ ਦਾ ਸਹਾਰਾ ਲੈਂਦੀ ਹੈ।
‘ਵਿਗਿਆਨਕ ਵਿਚਾਰ’ ਦੀ ਇੱਕ ਟੂਕ ਦੇਣੀ ਜ਼ਰੂਰੀ ਬਣਦੀ ਹੈ:
ਜੇ ਧਰਮ ਹੀ ਲੋਕਾਂ ਦੀ ਹੋਣੀ ਨੂੰ ਨਿਸ਼ਚਿਤ ਕਰਦਾ ਹੋਵੇ ਤਾਂ ਇਹ ਕਿਵੇਂ ਵਾਪਰ ਸਕਦਾ ਹੈ ਕਿ ਇੱਕ ਪਾਸੇ (ਇੱਕ) ਧਰਮ ਨਾਲ ਸੰਬੰਧਤ ਸਰਮਾਏਦਾਰ-ਬਿਰਲੇ ਦੇ ਮੁਨਾਫ਼ਿਆਂ ਵਿੱਚ ਅਰਬਾਂ ਦਾ ਵਾਧਾ ਹੋਈ ਜਾਵੇ ਤੇ ਦੂਜੇ ਪਾਸੇ ਇਸੇ ਧਰਮ ਨੂੰ ਮੰਨਣ ਵਾਲੇ ਕਰੋੜਾਂ ਮਜ਼ਦੂਰਾਂ ਕੋਲ ਸਿਰ ਢੱਕਣ ਲਈ ਛੱਤ ਨਾ ਹੋਵੇ?
ਕੋਈ ਆਖਦਾ ਹੈ:
‘ਧਰਮ ਮਨ ਦਾ ਭੂਤ ਹੈ ਜਿਹੜਾ ਇਨਸਾਨ ਨੂੰ ਕਮਜ਼ੋਰ ਕਰ ਦਿੰਦਾ ਹੈ। ਈਸ਼ਵਰ ਦਾ ਆਧਾਰ ਅੰਧ-ਵਿਸ਼ਵਾਸ਼ ਹੈ ਅਤੇ ਇਸ ਅੰਧ-ਵਿਸ਼ਵਾਸ਼ ਵਿੱਚ ਪੈਣ ਨਾਲ ਤਾਂ ਰਹਿੰਦੀ-ਖੂਹੰਦੀ ਅਕਲ ਵੀ ਮਾਰੀ ਜਾਂਦੀ ਹੈ।’ (ਸ਼ਿਵਰਾਣੀ ਦੇਵੀ)
‘ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਸਚਾਈ ਹੈ, ਅਕਲਮੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਝੂਠ, ਅਤੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਇੱਕ ਫ਼ਾਇਦੇਮੰਦ ਚੀਜ਼ ਹੈ।’
‘ਰੱਥ ਵਿੱਚ ਵਿਸ਼ਵਾਸ਼ ਰੱਖਣਾ ਗ਼ੁਲਾਮੀ ਵੱਲ ਇੱਕ ਕਦਮ ਹੈ ਅਤੇ ਇਹ ਅਗਿਆਨਤਾ ਅਤੇ ਅੰਧ-ਵਿਸ਼ਵਾਸ਼ ਨੂੰ ਜਨਮ ਦਿੰਦਾ ਹੈ।’
‘ਨੇਕੀ ਕਰਨੀ ਚੰਗੀ ਹੈ, ਨੇਕੀ ਰੱਬ ਉੱਤੇ ਅਧਾਰਿਤ ਨਹੀਂ, ਇਹ ਤਾਂ ਇੱਕ ਸਮਾਜਿਕ ਲੋੜ ਹੈ।’
ਤਰਕਸ਼ੀਲ ਕਹਿੰਦਾ ਹੈ:
ਰੱਬ ਨੇ ਮਨੁੱਖ ਨੂੰ ਨਹੀਂ, ਮਨੁੱਖ ਨੇ ਰੱਬ ਨੂੰ ਬਣਾਇਆ ਹੈ। ਇਨਸਾਨੀਅਤ ਦੇ ਨਾਤੇ ਕਿਸੇ ਦਾ ਭਲਾ ਕਰਨਾ ਦਲੇਰੀ ਤੇ ਸੂਝ ਵਾਲਾ ਕੰਮ ਹੈ।
***
ਹਾਤਿਮਤਾਈ ਇੱਕ ਵਾਰੀ ਆਪਣੀ ਪਰਦੇਸ ਯਾਤਰਾ ਲਈ ਜਾਣ ਲੱਗੇ ਤਾਂ ਆਪਣੀ ਪਤਨੀ ਨੂੰ ਪੁੱਛ ਬੈਠੇ, ਤੇਰੇ ਲਈ ਖਾਣ-ਪੀਣ ਦੇ ਕਿੰਨੇ ਕੁ ਸਾਮਾਨ ਦਾ ਪ੍ਰਬੰਧ ਕਰ ਜਾਵਾਂ?
‘ਪਤਨੀ ਹੱਸ ਕੇ ਬੋਲੀ: ‘ਜਿੰਨੀ ਮੇਰੀ ਉਮਰ ਹੋਵੇ।’
‘ਤੇਰੀ ਉਮਰ ਜਾਨਣਾ ਮੇਰੇ ਵੱਸ ਦੀ ਗਲ ਨਹੀਂ, ਮੈਂ ਕੋਈ ਜੋਤਸ਼ੀ ਨਹੀਂ।’
‘ਤਾਂ ਤੇ ਫਿਰ ਮੇਰੇ ਖਾਣ-ਪੀਣ ਦਾ ਪ੍ਰਬੰਧ ਕਰਨਾ ਵੀ ਤੁਹਾਡੇ ਵੱਸ ਦੀ ਗਲ ਨਹੀਂ। ਇਹ ਕੰਮ ਜਿਸਦਾ ਹੈ ਉਸੇ ਨੂੰ ਹੀ ਕਰਨ ਦਿਉ।’
ਹਾਤਿਮਤਾਈ ਆਪਣੀ ਪਤਨੀ ਦੇ ਵਿਸ਼ਵਾਸ਼ ‘ਤੇ ਦੰਗ ਰਹਿ ਗਏ ਅਤੇ ਨਿਸਚਿੰਤ ਹੋ ਆਪਣੀ ਯਾਤਰਾ ‘ਤੇ ਤੁਰ ਪਏ।
ਇੱਕ ਗਵਾਂਢਣ ਨੇ ਵੀ ਜਦੋਂ ਹਾਤਿਮਤਾਈ ਦੀ ਪਤਨੀ ਨੂੰ ਇਹੋ ਪੁੱਛਿਆ ਤਾਂ ਪਤਨੀ ਨੇ ਉੱਤਰ ਦਿੱਤਾ, ‘ਭੈਣੇ! ਅਸੀਂ ਗ੍ਰਹਿਸਤੀ ਹਾਂ। ਇਸ ਵਿੱਚ ਰਹਿੰਦਿਆਂ ਜੇਕਰ ਸਾਧਨਾ ਦਾ ਲਾਭ ਪ੍ਰਾਪਤ ਕਰਨਾ ਹੈ ਤਾਂ ਉੱਚੇ ਆਦਰਸ਼ਾਂ ਨੂੰ ਸਾਹਮਣੇ ਰੱਖਕੇ ਹੀ ਜੀਵਨ ਨਿਰਬਾਹ ਕਰਨਾ ਪਵੇਗਾ। ਮੇਰੇ ਪਤੀ ਦੇਵ ਈਸ਼ਵਰ ਵਿੱਚ ਭਰੋਸਾ ਅਤੇ ਆਪਣੇ ਪੁਰਸ਼ਾਰਥ ਵਿੱਚ ਯਕੀਨ ਰਖਦੇ ਹੋਏ ਅਨਜਾਣ ਥਾਵਾਂ ‘ਤੇ ਲੋਕ ਹਿੱਤ ਲਈ ਜਾਂਦੇ ਹਨ ਅਤੇ ਸਫਲ ਹੁੰਦੇ ਹਨ। ਅਸੀਂ ਤੀਵੀਆਂ ਪਰਮਾਤਮਾ ਵਿੱਚ ਭਰੋਸੇ ਅਤੇ ਪੁਰਸ਼ਾਰਥ ਦੀ ਸਫ਼ਲਤਾ ਦੀ ਪੁਸ਼ਟੀ ਅਜਿਹੇ ਮੌਕਿਆ ਉਤੇ ਹੀ ਤਾਂ ਕਰ ਸਕਦੀਆਂ ਹਾਂ।’